ਕੀ ਤੁਹਾਡੀਆਂ ਪ੍ਰਾਰਥਨਾਵਾਂ ‘ਸੁਗੰਧੀ ਵਾਂਙੁ ਠਹਿਰਾਈਆਂ ਹੋਈਆਂ’ ਹਨ?
“ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ।”—ਜ਼ਬੂਰ 141:2.
1, 2. ਧੂਪ ਧੁਖਾਉਣੀ ਕੀ ਸੰਕੇਤ ਕਰਦਾ ਹੈ?
ਯਹੋਵਾਹ ਪਰਮੇਸ਼ੁਰ ਨੇ ਆਪਣੇ ਨਬੀ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਦੀ ਉਪਾਸਨਾ ਦੇ ਡੇਹਰੇ ਵਿਚ ਇਸਤੇਮਾਲ ਕਰਨ ਲਈ ਪਵਿੱਤਰ ਧੂਪ ਤਿਆਰ ਕਰਵਾਏ। ਯਹੋਵਾਹ ਤੋਂ ਇਹ ਮੰਗ ਪੂਰੀ ਕਰਨ ਲਈ ਚਾਰ ਸੁਗੰਧਿਤ ਚੀਜ਼ਾਂ ਦੀ ਲੋੜ ਸੀ। (ਕੂਚ 30:34-38) ਇਹ ਧੂਪ ਸੱਚ-ਮੱਚ ਬਹੁਤ ਸੁਗੰਧਿਤ ਸਾਬਤ ਹੋਈ।
2 ਜਿਸ ਬਿਵਸਥਾ ਨੇਮ ਵਿਚ ਇਸਰਾਏਲ ਕੌਮ ਨੂੰ ਲਿਆਂਦਾ ਗਿਆ ਸੀ, ਉਸ ਵਿਚ ਰੋਜ਼ਾਨਾ ਧੂਪ ਨੂੰ ਧੁਖਾਉਣ ਦਾ ਪ੍ਰਬੰਧ ਕੀਤਾ ਗਿਆ ਸੀ। (ਕੂਚ 30:7, 8) ਕੀ ਧੂਪ ਵਰਤਣ ਦੀ ਕੋਈ ਖ਼ਾਸ ਮਹੱਤਤਾ ਸੀ? ਜੀ ਹਾਂ, ਕਿਉਂ ਜੋ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਮੇਰੀ ਪ੍ਰਾਰਥਨਾ ਤੇਰੇ [ਯਹੋਵਾਹ ਪਰਮੇਸ਼ੁਰ] ਹਜ਼ੂਰ ਸੁਗੰਧੀ ਵਾਂਙੁ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸੰਝ ਦੀ ਭੇਟ ਵਰਗਾ ਹੋਵੇ।” (ਜ਼ਬੂਰ 141:2) ਪਰਕਾਸ਼ ਦੀ ਪੋਥੀ ਵਿਚ ਯੂਹੰਨਾ ਰਸੂਲ ਨੇ ਵਰਣਨ ਕੀਤਾ ਕਿ ਜਿਹੜੇ ਪਰਮੇਸ਼ੁਰ ਦੇ ਸਵਰਗੀ ਸਿੰਘਾਸਣ ਦੇ ਆਲੇ-ਦੁਆਲੇ ਹਨ ਉਨ੍ਹਾਂ ਕੋਲ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ। “ਅਤੇ,” ਪ੍ਰੇਰਿਤ ਬਿਰਤਾਂਤ ਦੱਸਦਾ ਹੈ, “[ਧੂਪ ਦਾ ਅਰਥ] ਸੰਤਾਂ ਦੀਆਂ ਪ੍ਰਾਰਥਨਾਂ ਹਨ।” (ਪਰਕਾਸ਼ ਦੀ ਪੋਥੀ 5:8) ਤਾਂ ਫਿਰ, ਸੁਗੰਧਿਤ ਧੂਪ ਧੁਖਾਉਣੀ ਉਨ੍ਹਾਂ ਸਵੀਕਾਰਯੋਗ ਪ੍ਰਾਰਥਨਾਵਾਂ ਨੂੰ ਸੰਕੇਤ ਕਰਦਾ ਹੈ ਜੋ ਯਹੋਵਾਹ ਦੇ ਸੇਵਕਾਂ ਵੱਲੋਂ ਦਿਨ ਰਾਤ ਕੀਤੀਆਂ ਜਾਂਦੀਆਂ ਹਨ।—1 ਥੱਸਲੁਨੀਕੀਆਂ 3:10; ਇਬਰਾਨੀਆਂ 5:7.
3. ਕਿਹੜੀ ਚੀਜ਼ ਸਾਨੂੰ ‘ਆਪਣੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਦੇ ਸਾਮ੍ਹਣੇ ਸੁਗੰਧੀ ਵਾਂਙੁ ਠਹਿਰਾਉਣ’ ਵਿਚ ਮਦਦ ਕਰੇਗੀ?
3 ਜੇਕਰ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਸਵੀਕਾਰਯੋਗ ਹੋਣੀਆਂ ਹਨ, ਤਾਂ ਸਾਨੂੰ ਯਿਸੂ ਮਸੀਹ ਦੇ ਨਾਂ ਵਿਚ ਪ੍ਰਾਰਥਨਾ ਕਰਨੀ ਪਵੇਗੀ। (ਯੂਹੰਨਾ 16:23, 24) ਲੇਕਿਨ ਅਸੀਂ ਆਪਣੀਆਂ ਪ੍ਰਾਰਥਨਾਵਾਂ ਨੂੰ ਹੋਰ ਬਿਹਤਰ ਕਿਸ ਤਰ੍ਹਾਂ ਬਣਾ ਸਕਦੇ ਹਾਂ? ਕੁਝ ਬਾਈਬਲ ਮਿਸਾਲਾਂ ਉੱਤੇ ਵਿਚਾਰ ਕਰਨਾ, ਸਾਨੂੰ ਆਪਣੀਆਂ ਪ੍ਰਾਰਥਨਾਵਾਂ ਯਹੋਵਾਹ ਦੇ ਸਾਮ੍ਹਣੇ ਸੁਗੰਧੀ ਵਾਂਙੁ ਠਹਿਰਾਉਣ ਵਿਚ ਮਦਦ ਕਰੇਗਾ।—ਕਹਾਉਤਾਂ 15:8.
ਨਿਹਚਾ ਨਾਲ ਪ੍ਰਾਰਥਨਾ ਕਰੋ
4. ਨਿਹਚਾ, ਸਵੀਕਾਰਯੋਗ ਪ੍ਰਾਰਥਨਾ ਨਾਲ ਕਿਵੇਂ ਸੰਬੰਧਿਤ ਹੈ?
4 ਜੇਕਰ ਸਾਡੀਆਂ ਪ੍ਰਾਰਥਨਾਵਾਂ ਸੁਗੰਧਿਤ ਧੂਪ ਵਾਂਗ ਪਰਮੇਸ਼ੁਰ ਨੂੰ ਪਹੁੰਚਣੀਆਂ ਹਨ, ਤਾਂ ਸਾਨੂੰ ਨਿਹਚਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਇਬਰਾਨੀਆਂ 11:6) ਜਦੋਂ ਮਸੀਹੀ ਬਜ਼ੁਰਗ ਕਿਸੇ ਵਿਅਕਤੀ ਨੂੰ ਅਧਿਆਤਮਿਕ ਤੌਰ ਤੇ ਬੀਮਾਰ ਪਾਉਂਦੇ ਹਨ ਜੋ ਉਨ੍ਹਾਂ ਦੀ ਸ਼ਾਸਤਰ-ਸੰਬੰਧੀ ਮਦਦ ਨੂੰ ਕਬੂਲ ਕਰਦਾ ਹੈ, ਤਾਂ ਉਨ੍ਹਾਂ ਦੀ “ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰੀ ਨੂੰ ਬਚਾਵੇਗੀ।” (ਯਾਕੂਬ 5:15) ਨਿਹਚਾ ਨਾਲ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਅਤੇ ਪਰਮੇਸ਼ੁਰ ਦੇ ਬਚਨ ਦਾ ਪ੍ਰਾਰਥਨਾਪੂਰਣ ਅਧਿਐਨ ਸਾਡੇ ਸਵਰਗੀ ਪਿਤਾ ਨੂੰ ਪ੍ਰਸੰਨ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਕ ਵਧੀਆ ਰਵੱਈਆ ਪ੍ਰਗਟ ਕੀਤਾ ਸੀ ਜਦੋਂ ਉਸ ਨੇ ਗਾਇਆ: “ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ। ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ।” (ਜ਼ਬੂਰ 119:48, 66) ਆਓ ਅਸੀਂ ਵੀ ਨਿਮਰ ਪ੍ਰਾਰਥਨਾ ਵਿਚ ‘ਆਪਣੇ ਹੱਥ ਅੱਡੀਏ’ ਅਤੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਦੁਆਰਾ ਨਿਹਚਾ ਦਿਖਾਈਏ।
5. ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਸਾਡੇ ਵਿਚ ਬੁੱਧ ਦੀ ਕਮੀ ਹੈ?
5 ਫ਼ਰਜ਼ ਕਰੋ ਕਿ ਸਾਡੇ ਕੋਲ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ਬੁੱਧ ਦੀ ਕਮੀ ਹੈ। ਸ਼ਾਇਦ ਸਾਨੂੰ ਪੱਕਾ ਪਤਾ ਨਹੀਂ ਲੱਗਦਾ ਕਿ ਇਕ ਖ਼ਾਸ ਬਾਈਬਲ ਭਵਿੱਖਬਾਣੀ ਹੁਣ ਪੂਰੀ ਹੋ ਰਹੀ ਹੈ ਜਾਂ ਨਹੀਂ। ਆਓ ਅਸੀਂ ਬੁੱਧ ਲਈ ਪ੍ਰਾਰਥਨਾ ਕਰੀਏ ਤਾਂ ਜੋ ਇਹ ਗੱਲ ਅਧਿਆਤਮਿਕ ਤੌਰ ਤੇ ਸਾਨੂੰ ਡਾਵਾਂ-ਡੋਲ ਨਾ ਕਰੇ। (ਗਲਾਤੀਆਂ 5:7, 8; ਯਾਕੂਬ 1:5-8) ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਪਰਮੇਸ਼ੁਰ ਸਾਨੂੰ ਕਿਸੇ ਅਸਚਰਜ ਤਰੀਕੇ ਨਾਲ ਜਵਾਬ ਦੇਵੇਗਾ। ਸਾਨੂੰ ਉਹ ਕੰਮ ਕਰਨ ਦੁਆਰਾ, ਜਿਸ ਦੀ ਉਮੀਦ ਪਰਮੇਸ਼ੁਰ ਆਪਣੇ ਸਾਰਿਆਂ ਲੋਕਾਂ ਤੋਂ ਰੱਖਦਾ ਹੈ, ਦਿਖਾਉਣਾ ਚਾਹੀਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਦਿਲੋਂ ਹਨ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਦਿੱਤੇ ਗਏ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਨਿਹਚਾ-ਵਧਾਉ ਅਧਿਐਨ ਕਰੀਏ। (ਮੱਤੀ 24:45-47; ਯਹੋਸ਼ੁਆ 1:7, 8) ਸਾਨੂੰ ਪਰਮੇਸ਼ੁਰ ਦੇ ਲੋਕਾਂ ਦੀਆਂ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਦੁਆਰਾ ਵੀ ਗਿਆਨ ਵਿਚ ਵਧਣਾ ਚਾਹੀਦਾ ਹੈ।—ਇਬਰਾਨੀਆਂ 10:24, 25.
6. (ੳ) ਸਾਡੇ ਸਮਿਆਂ ਬਾਰੇ ਅਤੇ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਸਾਨੂੰ ਸਾਰਿਆਂ ਨੂੰ ਕੀ ਸਮਝਣਾ ਚਾਹੀਦਾ ਹੈ? (ਅ) ਯਹੋਵਾਹ ਦੇ ਨਾਂ ਦੇ ਪਾਕ ਮੰਨੇ ਜਾਣ ਲਈ ਪ੍ਰਾਰਥਨਾ ਕਰਨ ਤੋਂ ਇਲਾਵਾ, ਸਾਨੂੰ ਕੀ ਕਰਨ ਦੀ ਲੋੜ ਹੈ?
6 ਅੱਜ, ਕੁਝ ਮਸੀਹੀ ਨਿੱਜੀ ਦਿਲਚਸਪੀ ਅਤੇ ਕੰਮ-ਧੰਦਿਆਂ ਪਿੱਛੇ ਲੱਗੇ ਹਨ, ਜੋ ਸੰਕੇਤ ਕਰਦਾ ਹੈ ਕਿ ਉਨ੍ਹਾਂ ਨੇ ਇਹ ਗੱਲ ਭੁਲਾ ਦਿੱਤੀ ਹੈ ਕਿ ਅਸੀਂ ਹੁਣ “ਓੜਕ ਦੇ ਸਮੇਂ” ਦੇ ਅੰਤ ਵਿਚ ਜੀ ਰਹੇ ਹਾਂ। (ਦਾਨੀਏਲ 12:4) ਸੰਗੀ ਵਿਸ਼ਵਾਸੀ ਪ੍ਰਾਰਥਨਾ ਕਰ ਸਕਦੇ ਹਨ ਕਿ ਅਜਿਹੇ ਵਿਅਕਤੀ ਇਸ ਸ਼ਾਸਤਰ-ਸੰਬੰਧੀ ਸਬੂਤ ਵਿਚ ਆਪਣੀ ਨਿਹਚਾ ਨੂੰ ਦੁਬਾਰਾ ਮਜ਼ਬੂਤ ਕਰਨ ਕਿ ਮਸੀਹ ਦੀ ਮੌਜੂਦਗੀ 1914 ਵਿਚ ਸ਼ੁਰੂ ਹੋਈ ਸੀ ਜਦੋਂ ਯਹੋਵਾਹ ਨੇ ਉਸ ਨੂੰ ਸਵਰਗੀ ਰਾਜਾ ਬਣਾਇਆ ਅਤੇ ਕਿ ਉਹ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ ਰਿਹਾ ਹੈ। (ਜ਼ਬੂਰ 110:1, 2; ਮੱਤੀ 24:3) ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਅਜਿਹੀਆਂ ਪੂਰਵ-ਸੂਚਿਤ ਘਟਨਾਵਾਂ ਜਿਵੇਂ ਕਿ ਝੂਠੇ ਧਰਮ, ਯਾਨੀ ‘ਵੱਡੀ ਬਾਬੁਲ’ ਦਾ ਵਿਨਾਸ਼, ਮਾਗੋਗ ਦੇ ਗੋਗ ਵੱਲੋਂ ਯਹੋਵਾਹ ਦਿਆਂ ਲੋਕਾਂ ਉੱਤੇ ਸ਼ਤਾਨੀ ਹਮਲਾ, ਅਤੇ ਆਰਮਾਗੇਡਨ ਦੇ ਯੁੱਧ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਦੁਆਰਾ ਉਨ੍ਹਾਂ ਦਾ ਬਚਾਅ, ਹੈਰਾਨ ਕਰਨ ਵਾਲੀ ਅਚਾਨਕਤਾ ਨਾਲ ਅਤੇ ਥੋੜ੍ਹੇ ਹੀ ਸਮੇਂ ਦੇ ਅੰਦਰ-ਅੰਦਰ ਸ਼ੁਰੂ ਹੋ ਸਕਦੀਆਂ ਹਨ। (ਪਰਕਾਸ਼ ਦੀ ਪੋਥੀ 16:14, 16; 18:1-5; ਹਿਜ਼ਕੀਏਲ 38:18-23) ਤਾਂ ਫਿਰ ਆਓ ਅਸੀਂ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕਰੀਏ। ਆਓ ਅਸੀਂ ਸਾਰੇ ਜਣੇ ਯਹੋਵਾਹ ਦੇ ਨਾਂ ਦੇ ਪਾਕ ਮੰਨੇ ਜਾਣ ਲਈ, ਉਸ ਦੇ ਰਾਜ ਦੇ ਆਉਣ ਲਈ, ਅਤੇ ਉਸ ਦੀ ਮਰਜ਼ੀ ਜਿਵੇਂ ਸਵਰਗ ਵਿਚ ਪੂਰੀ ਹੋਈ ਹੈ ਧਰਤੀ ਉੱਤੇ ਵੀ ਪੂਰੀ ਹੋਣ ਲਈ ਸੱਚੇ ਦਿਲੋਂ ਪ੍ਰਾਰਥਨਾ ਕਰੀਏ। ਹਾਂ, ਆਓ ਅਸੀਂ ਨਿਹਚਾ ਕਰਦੇ ਰਹੀਏ ਨਾਲੇ ਸਬੂਤ ਦੇਈਏ ਕਿ ਸਾਡੀਆਂ ਪ੍ਰਾਰਥਨਾਵਾਂ ਦਿਲੋਂ ਹਨ। (ਮੱਤੀ 6:9, 10) ਵਾਕਈ, ਸਾਡੀ ਉਮੀਦ ਹੈ ਕਿ ਜਿਹੜੇ ਵੀ ਯਹੋਵਾਹ ਨੂੰ ਪਿਆਰ ਕਰਦੇ ਹਨ ਉਹ ਰਾਜ ਅਤੇ ਉਸ ਦੇ ਧਰਮ ਨੂੰ ਪਹਿਲਾਂ ਭਾਲਣ ਅਤੇ ਅੰਤ ਆਉਣ ਤੋਂ ਪਹਿਲਾਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਪੂਰੀ ਮਿਹਨਤ ਕਰਨ।—ਮੱਤੀ 6:33; 24:14.
ਯਹੋਵਾਹ ਦੀ ਉਸਤਤ ਅਤੇ ਉਸ ਦਾ ਧੰਨਵਾਦ ਕਰੋ
7. ਪਹਿਲਾ ਇਤਹਾਸ 29:10-13 ਵਿਚ ਦਰਜ ਕੀਤੀ ਦਾਊਦ ਦੀ ਪ੍ਰਾਰਥਨਾ ਵਿੱਚੋਂ ਤੁਹਾਨੂੰ ਕਿਹੜੀ ਗੱਲ ਪ੍ਰਭਾਵਿਤ ਕਰਦੀ ਹੈ?
7 ਪਰਮੇਸ਼ੁਰ ਦੀ ਦਿਲੋਂ ਉਸਤਤ ਅਤੇ ਧੰਨਵਾਦ ਕਰਨਾ ‘ਆਪਣੀਆਂ ਪ੍ਰਾਰਥਨਾਵਾਂ ਸੁਗੰਧੀ ਵਾਂਙੁ ਠਹਿਰਾਉਣ’ ਦਾ ਇਕ ਮਹੱਤਵਪੂਰਣ ਤਰੀਕਾ ਹੈ। ਰਾਜਾ ਦਾਊਦ ਨੇ ਅਜਿਹੀ ਪ੍ਰਾਰਥਨਾ ਕੀਤੀ ਸੀ ਜਦੋਂ ਉਸ ਨੇ ਅਤੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਹੈਕਲ ਦੀ ਉਸਾਰੀ ਲਈ ਚੰਦਾ ਦਿੱਤਾ। ਦਾਊਦ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ੁਰ, ਤੂੰ ਸਦੀਪਕਾਲ ਤੋੜੀ ਧੰਨ ਹੋ। ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ ਹੈਂ। ਅਰ ਧਨ, ਮਾਯਾ, ਨਾਲੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਰ ਤੂੰ ਸਭਨਾਂ ਦੇ ਸਿਰ ਉਤੇ ਰਾਜ ਕਰਦਾ ਹੈਂ, ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਰ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਭਨਾਂ ਨੂੰ ਬਖ਼ਸ਼ੇਂ। ਹੁਣ ਇਸ ਲਈ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ।”—1 ਇਤਹਾਸ 29:10-13.
8. (ੳ) ਜ਼ਬੂਰ 148 ਤੋਂ 150 ਵਿਚ ਉਸਤਤ ਦੇ ਕਿਹੜੇ ਸ਼ਬਦ ਤੁਹਾਡੇ ਦਿਲ ਨੂੰ ਖ਼ਾਸ ਕਰਕੇ ਛੋਂਹਦੇ ਹਨ? (ਅ) ਜੇਕਰ ਸਾਡੇ ਜਜ਼ਬਾਤ ਜ਼ਬੂਰ 27:4 ਵਿਚ ਪ੍ਰਗਟ ਕੀਤੇ ਗਏ ਜਜ਼ਬਾਤਾਂ ਵਰਗੇ ਹਨ, ਤਾਂ ਅਸੀਂ ਕੀ ਕਰਾਂਗੇ?
8 ਉਸਤਤ ਅਤੇ ਧੰਨਵਾਦ ਦੇ ਕਿੰਨੇ ਸੋਹਣੇ ਸ਼ਬਦ! ਸਾਡੀਆਂ ਪ੍ਰਾਰਥਨਾਵਾਂ ਸ਼ਾਇਦ ਇੰਨੀਆਂ ਪ੍ਰਭਾਵਕਾਰੀ ਨਾ ਹੋਣ, ਲੇਕਿਨ ਉਹ ਦਿਲੋਂ ਹੋ ਸਕਦੀਆਂ ਹਨ। ਜ਼ਬੂਰਾਂ ਦੀ ਪੋਥੀ ਧੰਨਵਾਦ ਅਤੇ ਉਸਤਤ ਦੀਆਂ ਪ੍ਰਾਰਥਨਾਵਾਂ ਨਾਲ ਭਰੀ ਹੋਈ ਹੈ। ਜ਼ਬੂਰਾਂ ਦੀ ਪੋਥੀ 148 ਤੋਂ 150 ਵਿਚ ਉਸਤਤ ਦੇ ਵਧੀਆ ਸ਼ਬਦ ਪਾਏ ਜਾਂਦੇ ਹਨ। ਅਨੇਕ ਜ਼ਬੂਰਾਂ ਵਿਚ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਂਦਾ ਹੈ। “ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ,” ਦਾਊਦ ਨੇ ਗਾਇਆ। “ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।” (ਜ਼ਬੂਰ 27:4) ਆਓ ਅਸੀਂ ਯਹੋਵਾਹ ਦੀਆਂ ਸੰਗਤਾਂ ਦਿਆਂ ਸਾਰਿਆਂ ਕੰਮਾਂ ਵਿਚ ਜੋਸ਼ ਨਾਲ ਹਿੱਸਾ ਲੈਣ ਦੁਆਰਾ ਅਜਿਹੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਕੰਮ ਕਰੀਏ। (ਜ਼ਬੂਰ 26:12) ਇਸ ਤਰ੍ਹਾਂ ਕਰਨਾ ਅਤੇ ਪਰਮੇਸ਼ੁਰ ਦੇ ਬਚਨ ਉੱਤੇ ਰੋਜ਼ ਮਨਨ ਕਰਨਾ ਸਾਨੂੰ ਯਹੋਵਾਹ ਨੂੰ ਦਿਲੋਂ ਉਸਤਤ ਅਤੇ ਧੰਨਵਾਦ ਕਰਨ ਦੇ ਕਈ ਕਾਰਨ ਦੇਵੇਗਾ।
ਨਿਮਰਤਾ ਨਾਲ ਯਹੋਵਾਹ ਦੀ ਮਦਦ ਭਾਲੋ
9. ਰਾਜਾ ਆਸਾ ਨੇ ਕਿਸ ਤਰ੍ਹਾਂ ਪ੍ਰਾਰਥਨਾ ਕੀਤੀ ਸੀ, ਅਤੇ ਇਸ ਦਾ ਕੀ ਨਤੀਜਾ ਨਿਕਲਿਆ?
9 ਜੇਕਰ ਅਸੀਂ ਯਹੋਵਾਹ ਦਿਆਂ ਗਵਾਹਾਂ ਵਜੋਂ ਉਸ ਦੀ ਸੇਵਾ ਪੂਰੇ ਦਿਲ ਨਾਲ ਕਰ ਰਹੇ ਹਾਂ, ਤਾਂ ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਸਾਡੇ ਵੱਲੋਂ ਮਦਦ ਲਈ ਕੀਤੀਆਂ ਗਈਆਂ ਪ੍ਰਾਰਥਨਾਵਾਂ ਸੁਣਦਾ ਹੈ। (ਯਸਾਯਾਹ 43:10-12) ਯਹੂਦਾਹ ਦੇ ਰਾਜਾ ਆਸਾ ਉੱਤੇ ਵਿਚਾਰ ਕਰੋ। ਉਸ ਦੇ 41 ਸਾਲ ਦੇ ਰਾਜ (977-937 ਸਾ.ਯੁ.ਪੂ.) ਦੇ ਪਹਿਲੇ 10 ਸਾਲਾਂ ਦੌਰਾਨ ਸ਼ਾਂਤੀ ਸੀ। ਫਿਰ ਜ਼ਰਹ ਕੂਸ਼ੀ ਦੀ ਦਸ ਲੱਖ ਆਦਮੀਆਂ ਦੀ ਫ਼ੌਜ ਨੇ ਯਹੂਦਾਹ ਉੱਤੇ ਹਮਲਾ ਕੀਤਾ। ਭਾਵੇਂ ਕਿ ਉਹ ਗਿਣਤੀ ਵਿਚ ਘੱਟ ਸਨ, ਆਸਾ ਅਤੇ ਉਸ ਦੇ ਆਦਮੀ ਹਮਲਾ ਕਰਨ ਵਾਲਿਆਂ ਨੂੰ ਮਿਲਣ ਚਲੇ ਗਏ। ਲੇਕਿਨ, ਲੜਾਈ ਤੋਂ ਪਹਿਲਾਂ, ਆਸਾ ਨੇ ਜੋਸ਼ੀਲੀ ਪ੍ਰਾਰਥਨਾ ਕੀਤੀ। ਉਸ ਨੇ ਯਹੋਵਾਹ ਦੀ ਬਚਾਉਣ ਦੀ ਸ਼ਕਤੀ ਨੂੰ ਸਵੀਕਾਰ ਕੀਤਾ। ਮਦਦ ਲਈ ਮਿੰਨਤ ਕਰਦੇ ਹੋਏ, ਰਾਜੇ ਨੇ ਕਿਹਾ: “ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਏਸ ਕਟਕ ਦੇ ਵਿਰੁੱਧ ਅਸੀਂ ਆਏ ਹਾਂ। ਤੂੰ, ਹੇ ਯਹੋਵਾਹ, ਸਾਡਾ ਪਰਮੇਸ਼ੁਰ ਹੈਂ। ਮਨੁੱਖ ਤੇਰੇ ਟਾਕਰੇ ਵਿੱਚ ਨਾ ਜਿੱਤੇ!” ਯਹੋਵਾਹ ਨੇ ਆਪਣੇ ਮਹਾਨ ਨਾਂ ਦੀ ਖ਼ਾਤਰ ਯਹੂਦਾਹ ਨੂੰ ਬਚਾਇਆ, ਅਤੇ ਇਸ ਕਰਕੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕੀਤੀ। (2 ਇਤਹਾਸ 14:1-15) ਭਾਵੇਂ ਪਰਮੇਸ਼ੁਰ ਸਾਨੂੰ ਕਿਸੇ ਅਜ਼ਮਾਇਸ਼ ਤੋਂ ਬਚਾਵੇ ਜਾਂ ਉਸ ਨੂੰ ਸਹਿਣ ਦੀ ਤਾਕਤ ਦੇਵੇ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਾਡੇ ਵੱਲੋਂ ਉਸ ਦੀ ਸਹਾਇਤਾ ਵਾਸਤੇ ਕੀਤੀਆਂ ਬੇਨਤੀਆਂ ਨੂੰ ਸੁਣਦਾ ਹੈ।
10. ਜਦੋਂ ਅਸੀਂ ਕਿਸੇ ਖ਼ਾਸ ਸੰਕਟ ਨਾਲ ਨਿਪਟਣਾ ਨਹੀਂ ਜਾਣਦੇ, ਤਾਂ ਰਾਜਾ ਯਹੋਸ਼ਾਫ਼ਾਟ ਦੀ ਪ੍ਰਾਰਥਨਾ ਕਿਵੇਂ ਸਹਾਇਕ ਸਾਬਤ ਹੋ ਸਕਦੀ ਹੈ?
10 ਜੇਕਰ ਅਸੀਂ ਕਿਸੇ ਖ਼ਾਸ ਸੰਕਟ ਨਾਲ ਨਿਪਟਣਾ ਨਹੀਂ ਜਾਣਦੇ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਮਦਦ ਵਾਸਤੇ ਸਾਡੀਆਂ ਬੇਨਤੀਆਂ ਸੁਣੇਗਾ। ਇਹ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦਿਆਂ ਦਿਨਾਂ ਵਿਚ ਦਰਸਾਇਆ ਗਿਆ ਸੀ, ਜਿਸ ਦਾ 25 ਸਾਲ ਦਾ ਰਾਜ 936 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ। ਜਦੋਂ ਮੋਆਬੀ, ਅੰਮੋਨੀ ਅਤੇ ਸੇਅੀਰ ਪਹਾੜ ਦਿਆਂ ਲੋਕਾਂ ਦੀਆਂ ਇਕੱਠੀਆਂ ਫ਼ੌਜਾਂ ਯਹੂਦਾਹ ਦੇ ਵਿਰੁੱਧ ਆਈਆਂ, ਤਾਂ ਯਹੋਸ਼ਾਫ਼ਾਟ ਨੇ ਬੇਨਤੀ ਕੀਤੀ: “ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਉਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦੱਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁੱਝ ਤਾਕਤ ਨਹੀਂ ਅਤੇ ਨਾ ਅਸੀਂ ਏਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ।” ਯਹੋਵਾਹ ਨੇ ਇਸ ਨਿਮਰ ਪ੍ਰਾਰਥਨਾ ਦਾ ਜਵਾਬ ਦਿੱਤਾ, ਉਹ ਯਹੂਦਾਹ ਲਈ ਲੜਿਆ, ਉਸ ਨੇ ਦੁਸ਼ਮਣਾਂ ਦੀਆਂ ਫ਼ੌਜਾਂ ਨੂੰ ਉਲਝਣ ਵਿਚ ਪਾ ਦਿੱਤਾ, ਜਿਸ ਕਰਕੇ ਉਨ੍ਹਾਂ ਨੇ ਇਕ ਦੂਸਰੇ ਨੂੰ ਮਾਰ ਦਿੱਤਾ। ਨਤੀਜੇ ਵਜੋਂ, ਆਲੇ-ਦੁਆਲੇ ਦੀਆਂ ਕੌਮਾਂ ਡਰ ਗਈਆਂ, ਅਤੇ ਯਹੂਦਾਹ ਵਿਚ ਸ਼ਾਂਤੀ ਰਹੀ। (2 ਇਤਹਾਸ 20:1-30) ਜਦੋਂ ਕਿਸੇ ਸੰਕਟ ਦਾ ਸਾਮ੍ਹਣਾ ਕਰਨ ਵਾਸਤੇ ਸਾਡੇ ਕੋਲ ਬੁੱਧ ਦੀ ਕਮੀ ਹੋਵੇ, ਤਾਂ ਯਹੋਸ਼ਾਫ਼ਾਟ ਵਾਂਗ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ: ‘ਅਸੀਂ ਨਹੀਂ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ, ਯਹੋਵਾਹ।’ ਪਵਿੱਤਰ ਆਤਮਾ ਸ਼ਾਇਦ ਸਾਨੂੰ ਉਹ ਸ਼ਾਸਤਰ-ਸੰਬੰਧੀ ਗੱਲਾਂ ਯਾਦ ਕਰਨ ਵਿਚ ਮਦਦ ਕਰੇ ਜੋ ਸਮੱਸਿਆ ਨੂੰ ਹੱਲ ਕਰਨ ਲਈ ਲੋੜੀਂਦੀਆਂ ਹਨ, ਜਾਂ ਪਰਮੇਸ਼ੁਰ ਸ਼ਾਇਦ ਸਾਨੂੰ ਉਸ ਤਰੀਕੇ ਨਾਲ ਮਦਦ ਦੇਵੇ ਜੋ ਮਨੁੱਖੀ ਤਰਕ ਤੋਂ ਕਿਤੇ ਬਿਹਤਰ ਹੈ।—ਰੋਮੀਆਂ 8:26, 27.
11. ਯਰੂਸ਼ਲਮ ਦੀ ਕੰਧ ਦੇ ਸੰਬੰਧ ਵਿਚ ਨਹਮਯਾਹ ਦੇ ਕਾਰਜਾਂ ਤੋਂ ਅਸੀਂ ਪ੍ਰਾਰਥਨਾ ਬਾਰੇ ਕੀ ਸਿੱਖ ਸਕਦੇ ਹਾਂ?
11 ਪਰਮੇਸ਼ੁਰ ਦੀ ਮਦਦ ਲਈ ਸਾਨੂੰ ਸ਼ਾਇਦ ਪ੍ਰਾਰਥਨਾ ਵਿਚ ਦ੍ਰਿੜ੍ਹ ਰਹਿਣਾ ਪਵੇ। ਨਹਮਯਾਹ ਨੇ ਯਰੂਸ਼ਲਮ ਦੀ ਬਰਬਾਦ ਕੰਧ ਅਤੇ ਯਹੂਦਾਹ ਦਿਆਂ ਨਿਵਾਸੀਆਂ ਦੀ ਨਿਰਾਸ਼ ਹਾਲਤ ਬਾਰੇ ਕਈ ਦਿਨਾਂ ਤਕ ਸੋਗ ਕੀਤਾ, ਨਾਲੇ ਉਹ ਰੋਇਆ, ਅਤੇ ਉਸ ਨੇ ਵਰਤ ਰੱਖਿਆ, ਅਤੇ ਪ੍ਰਾਰਥਨਾ ਕੀਤੀ। (ਨਹਮਯਾਹ 1:1-11) ਜ਼ਾਹਰ ਹੈ ਕਿ ਉਸ ਦੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਸੁਗੰਧਿਤ ਧੂਪ ਵਾਂਗ ਪਹੁੰਚੀਆਂ ਸਨ। ਇਕ ਦਿਨ ਫ਼ਾਰਸ ਦੇ ਰਾਜੇ ਅਰਤਹਸ਼ਸ਼ਤਾ ਨੇ ਉਦਾਸ ਨਹਮਯਾਹ ਨੂੰ ਪੁੱਛਿਆ: “ਤੂੰ ਕੀ ਚਾਹੁੰਦਾ ਹੈਂ?” ਨਹਮਯਾਹ ਕਹਿੰਦਾ ਹੈ: “ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ।” ਉਸ ਛੋਟੀ ਅਤੇ ਚੁੱਪਚਾਪ ਕੀਤੀ ਗਈ ਪ੍ਰਾਰਥਨਾ ਦਾ ਜਵਾਬ ਦਿੱਤਾ ਗਿਆ, ਕਿਉਂਕਿ ਨਹਮਯਾਹ ਨੂੰ ਆਪਣੇ ਦਿਲ ਦੀ ਇੱਛਾ ਪੂਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਕਿ ਉਹ ਯਰੂਸ਼ਲਮ ਜਾਵੇ ਅਤੇ ਉਸ ਦੀ ਬਰਬਾਦ ਕੰਧ ਨੂੰ ਦੁਬਾਰਾ ਉਸਾਰੇ।—ਨਹਮਯਾਹ 2:1-8.
ਚਲੋ ਯਿਸੂ ਤੋਂ ਪ੍ਰਾਰਥਨਾ ਕਰਨੀ ਸਿੱਖੀਏ
12. ਆਪਣੇ ਸ਼ਬਦਾਂ ਵਿਚ, ਤੁਸੀਂ ਯਿਸੂ ਦੀ ਆਦਰਸ਼ ਪ੍ਰਾਰਥਨਾ ਦੇ ਖ਼ਾਸ ਨੁਕਤਿਆਂ ਨੂੰ ਸੰਖੇਪ ਵਿਚ ਕਿਸ ਤਰ੍ਹਾਂ ਦੱਸੋਗੇ?
12 ਬਾਈਬਲ ਵਿਚ ਦਰਜ ਕੀਤੀਆਂ ਗਈਆਂ ਸਾਰੀਆਂ ਪ੍ਰਾਰਥਨਾਵਾਂ ਵਿੱਚੋਂ ਯਿਸੂ ਮਸੀਹ ਦੁਆਰਾ ਸੁਗੰਧਿਤ ਧੂਪ ਵਜੋਂ ਪੇਸ਼ ਕੀਤੀ ਗਈ ਆਦਰਸ਼ ਪ੍ਰਾਰਥਨਾ ਖ਼ਾਸ ਤੌਰ ਤੇ ਸਿੱਖਿਆਦਾਇਕ ਹੈ। ਲੂਕਾ ਦੀ ਇੰਜੀਲ ਕਹਿੰਦੀ ਹੈ: “[ਯਿਸੂ] ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ ਜਿਵੇਂ ਯੂਹੰਨਾ ਨੇ ਭੀ ਆਪਣੇ ਚੇਲਿਆਂ ਨੂੰ ਸਿਖਾਲੀ। ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ, ਹੇ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਸਾਡੀ ਰੋਜ਼ ਦੀ ਰੋਟੀ ਰੋਜ਼ ਸਾਨੂੰ ਦਿਹ, ਅਤੇ ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ।” (ਲੂਕਾ 11:1-4; ਮੱਤੀ 6:9-13) ਆਓ ਅਸੀਂ ਇਸ ਪ੍ਰਾਰਥਨਾ ਉੱਤੇ ਵਿਚਾਰ ਕਰੀਏ, ਜੋ ਮੂੰਹ-ਜ਼ਬਾਨੀ ਰਟਣ ਲਈ ਨਹੀਂ ਪਰ ਇਕ ਨਮੂਨੇ ਵਜੋਂ ਦਿੱਤੀ ਗਈ ਸੀ।
13. ਤੁਸੀਂ ਇਨ੍ਹਾਂ ਸ਼ਬਦਾਂ ਦਾ ਅਰਥ ਕਿਸ ਤਰ੍ਹਾਂ ਸਮਝਾਓਗੇ ਕਿ “ਹੇ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ”?
13 “ਹੇ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ।” ਯਹੋਵਾਹ ਨੂੰ ਪਿਤਾ ਬੁਲਾਉਣਾ ਉਸ ਦੇ ਸਮਰਪਿਤ ਸੇਵਕਾਂ ਦਾ ਇਕ ਵਿਸ਼ੇਸ਼-ਸਨਮਾਨ ਹੈ। ਜਿਵੇਂ ਬੱਚੇ ਆਪਣੇ ਦਿਆਲੂ ਪਿਤਾ ਨਾਲ ਕਿਸੇ ਵੀ ਚਿੰਤਾ ਬਾਰੇ ਗੱਲ ਕਰਦੇ ਹਨ, ਸਾਨੂੰ ਵੀ ਨਿਯਮਿਤ ਤੌਰ ਤੇ ਪਰਮੇਸ਼ੁਰ ਨੂੰ ਮਾਣ ਨਾਲ ਅਤੇ ਸ਼ਰਧਾਮਈ ਪ੍ਰਾਰਥਨਾ ਕਰਨ ਵਿਚ ਸਮਾਂ ਗੁਜ਼ਾਰਨਾ ਚਾਹੀਦਾ ਹੈ। (ਜ਼ਬੂਰ 103:13, 14) ਸਾਡੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਦੇ ਨਾਂ ਦੇ ਪਾਕ ਮੰਨੇ ਜਾਣ ਬਾਰੇ ਸਾਡੀ ਚਿੰਤਾ ਦਿਖਾਈ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਉਸ ਨਾਂ ਉੱਤੇ ਲਿਆਂਦੀ ਸਾਰੀ ਬਦਨਾਮੀ ਤੋਂ ਉਸ ਨੂੰ ਮੁਕਤ ਦੇਖਣਾ ਚਾਹੁੰਦੇ ਹਾਂ। ਜੀ ਹਾਂ, ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦਾ ਨਾਂ ਅਲੱਗ ਰੱਖਿਆ ਜਾਵੇ ਅਤੇ ਪਵਿੱਤਰ ਜਾਂ ਪਾਕ ਮੰਨਿਆ ਜਾਵੇ।—ਜ਼ਬੂਰ 5:11; 63:3, 4; 148:12, 13; ਹਿਜ਼ਕੀਏਲ 38:23.
14. ਇਹ ਪ੍ਰਾਰਥਨਾ ਕਰਨ ਦਾ ਕੀ ਅਰਥ ਹੈ ਕਿ “ਤੇਰਾ ਰਾਜ ਆਵੇ”?
14 “ਤੇਰਾ ਰਾਜ ਆਵੇ।” ਰਾਜ ਯਹੋਵਾਹ ਦੀ ਹਕੂਮਤ ਹੈ ਜੋ ਉਸ ਦੇ ਪੁੱਤਰ ਅਤੇ ਯਿਸੂ ਦੇ ਸੰਗੀ “ਸੰਤਾਂ” ਦੇ ਹੱਥਾਂ ਵਿਚ ਸਵਰਗੀ ਮਸੀਹਾਈ ਰਾਜ ਦੇ ਦੁਆਰਾ ਪ੍ਰਗਟ ਹੁੰਦੀ ਹੈ। (ਦਾਨੀਏਲ 7:13, 14, 18, 27; ਪਰਕਾਸ਼ ਦੀ ਪੋਥੀ 20:6) ਇਹ ਪਰਮੇਸ਼ੁਰ ਦੀ ਸਰਬਸੱਤਾ ਦੇ ਮਨੁੱਖੀ ਵਿਰੋਧੀਆਂ ਦੇ ਵਿਰੁੱਧ ਜਲਦੀ ‘ਆਵੇਗਾ,’ ਅਤੇ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 2:44) ਫਿਰ ਯਹੋਵਾਹ ਦੀ ਇੱਛਾ ਜ਼ਮੀਨ ਉੱਤੇ ਵੀ ਉਸੇ ਤਰ੍ਹਾਂ ਪੂਰੀ ਕੀਤੀ ਜਾਵੇਗੀ ਜਿਵੇਂ ਸਵਰਗ ਵਿਚ ਕੀਤੀ ਗਈ ਹੈ। (ਮੱਤੀ 6:10) ਇਹ ਉਨ੍ਹਾਂ ਸਾਰਿਆਂ ਇਨਸਾਨਾਂ ਨੂੰ ਕਿੰਨੀ ਖ਼ੁਸ਼ੀ ਦੇਵੇਗਾ ਜੋ ਵਿਸ਼ਵ ਦੇ ਸਰਬਸ਼ਕਤੀਮਾਨ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ!
15. ਯਹੋਵਾਹ ਤੋਂ ‘ਆਪਣੀ ਰੋਜ਼ ਦੀ ਰੋਟੀ’ ਮੰਗਣੀ ਕੀ ਸੰਕੇਤ ਕਰਦਾ ਹੈ?
15 “ਸਾਡੀ ਰੋਜ਼ ਦੀ ਰੋਟੀ ਰੋਜ਼ ਸਾਨੂੰ ਦਿਹ।” ਯਹੋਵਾਹ ਤੋਂ “ਰੋਜ਼ ਦੀ” ਰੋਟੀ ਮੰਗਣੀ, ਇਹ ਸੰਕੇਤ ਕਰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਅੰਨ-ਪਾਣੀ ਨਹੀਂ ਲੇਕਿਨ ਸਿਰਫ਼ ਆਪਣੀਆਂ ਰੋਜ਼ ਦੀਆਂ ਜ਼ਰੂਰਤਾਂ ਮੰਗਦੇ ਹਾਂ। ਭਾਵੇਂ ਕਿ ਅਸੀਂ ਪ੍ਰਬੰਧ ਕਰਨ ਲਈ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ, ਤਾਂ ਵੀ ਅਸੀਂ ਖਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਹਾਸਲ ਕਰਨ ਲਈ ਕੰਮ ਕਰਦੇ ਹਾਂ, ਜਾਂ ਹੋਰ ਕੋਈ ਸਹੀ ਤਰੀਕਾ ਇਸਤੇਮਾਲ ਕਰਦੇ ਹਾਂ। (2 ਥੱਸਲੁਨੀਕੀਆਂ 3:7-10) ਬਿਨਾਂ ਸ਼ੱਕ, ਸਾਨੂੰ ਆਪਣੇ ਸਵਰਗੀ ਦਾਤੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਪ੍ਰਬੰਧ ਉਸ ਦੇ ਪ੍ਰੇਮ, ਬੁੱਧ, ਅਤੇ ਸ਼ਕਤੀ ਦੇ ਕਾਰਨ ਮਿਲਦੇ ਹਨ।—ਰਸੂਲਾਂ ਦੇ ਕਰਤੱਬ 14:15-17.
16. ਅਸੀਂ ਪਰਮੇਸ਼ੁਰ ਤੋਂ ਮਾਫ਼ੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ?
16 “ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ।” ਕਿਉਂਕਿ ਅਸੀਂ ਅਪੂਰਣ ਅਤੇ ਪਾਪੀ ਹਾਂ, ਅਸੀਂ ਯਹੋਵਾਹ ਦਿਆਂ ਸੰਪੂਰਣ ਮਿਆਰਾਂ ਉੱਤੇ ਪੂਰੇ ਨਹੀਂ ਉੱਤਰ ਸਕਦੇ। ਇਸ ਲਈ, ਸਾਨੂੰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਯਹੋਵਾਹ ਦੀ ਮਾਫ਼ੀ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ। ਲੇਕਿਨ ਜੇਕਰ ਅਸੀਂ ਚਾਹੁੰਦੇ ਹਾਂ ਕਿ ‘ਪ੍ਰਾਰਥਨਾ ਦਾ ਸੁਣਨ ਵਾਲਾ’ ਉਸ ਬਲੀਦਾਨ ਦੇ ਲਾਭ ਸਾਡਿਆਂ ਪਾਪਾਂ ਉੱਤੇ ਲਾਗੂ ਕਰੇ, ਤਾਂ ਸਾਨੂੰ ਤੋਬਾ ਕਰਨੀ ਚਾਹੀਦੀ ਹੈ ਅਤੇ ਜੋ ਵੀ ਤਾੜਨਾ ਉਹ ਸਾਨੂੰ ਦਿੰਦਾ ਹੈ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। (ਜ਼ਬੂਰ 65:2; ਰੋਮੀਆਂ 5:8; 6:23; ਇਬਰਾਨੀਆਂ 12:4-11) ਇਸ ਦੇ ਇਲਾਵਾ, ਅਸੀਂ ਪਰਮੇਸ਼ੁਰ ਦੁਆਰਾ ਮਾਫ਼ ਕੀਤੇ ਜਾਣ ਦੀ ਸਿਰਫ਼ ਉਦੋਂ ਉਮੀਦ ਰੱਖ ਸਕਦੇ ਹਾਂ ਜੇ ਅਸੀਂ “ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ,” ਉਹ ਜੋ ਸਾਡੇ ਵਿਰੁੱਧ ਪਾਪ ਕਰਦੇ ਹਨ।—ਮੱਤੀ 6:12, 14, 15.
17. “ਸਾਨੂੰ ਪਰਤਾਵੇ ਵਿੱਚ ਨਾ ਲਿਆ” ਦਾ ਕੀ ਅਰਥ ਹੈ?
17 “ਸਾਨੂੰ ਪਰਤਾਵੇ ਵਿੱਚ ਨਾ ਲਿਆ।” ਬਾਈਬਲ ਕਦੀ-ਕਦੀ ਕਹਿੰਦੀ ਹੈ ਕਿ ਯਹੋਵਾਹ ਨੇ ਇਹ ਕੀਤਾ ਜਾ ਉਹ ਕੀਤਾ, ਜਦ ਕਿ ਅਸਲ ਵਿਚ ਉਹ ਸਿਰਫ਼ ਉਸ ਦੀ ਇਜਾਜ਼ਤ ਦਿੰਦਾ ਹੈ। (ਰੂਥ 1:20, 21) ਪਰਮੇਸ਼ੁਰ ਸਾਨੂੰ ਪਾਪ ਕਰਨ ਲਈ ਪਰਤਾਉਂਦਾ ਨਹੀਂ। (ਯਾਕੂਬ 1:13) ਦੁਸ਼ਟ ਕੰਮ ਕਰਨ ਦੇ ਪਰਤਾਵੇ ਸ਼ਤਾਨ, ਸਾਡੇ ਪਾਪੀ ਸਰੀਰ, ਅਤੇ ਇਸ ਸੰਸਾਰ ਤੋਂ ਆਰੰਭ ਹੁੰਦੇ ਹਨ। ਸ਼ਤਾਨ ਪਰਤਾਉਣ ਵਾਲਾ ਹੈ ਜੋ ਸਾਡੇ ਤੋਂ ਪਰਮੇਸ਼ੁਰ ਵਿਰੁੱਧ ਪਾਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। (ਮੱਤੀ 4:3; 1 ਥੱਸਲੁਨੀਕੀਆਂ 3:5) ਜਦੋਂ ਅਸੀਂ ਮੰਗ ਕਰਦੇ ਹਾਂ ਕਿ “ਸਾਨੂੰ ਪਰਤਾਵੇ ਵਿੱਚ ਨਾ ਲਿਆ,” ਤਾਂ ਅਸੀਂ ਪਰਮੇਸ਼ੁਰ ਨੂੰ ਪੁੱਛ ਰਹੇ ਹਾਂ ਕਿ ਉਹ ਸਾਨੂੰ ਅਸਫ਼ਲ ਨਾ ਹੋਣ ਦੇਵੇ ਜਦੋਂ ਅਸੀਂ ਉਸ ਪ੍ਰਤੀ ਅਣਆਗਿਆਕਾਰੀ ਹੋਣ ਲਈ ਪਰਤਾਏ ਜਾਂਦੇ ਹਾਂ। ਉਹ ਸਾਨੂੰ ਅਗਵਾਈ ਦੇ ਸਕਦਾ ਹੈ ਤਾਂਕਿ ਅਸੀਂ ਹਾਰ ਨਾ ਮੰਨੀਏ ਅਤੇ ਸ਼ਤਾਨ, ਯਾਨੀ ਕਿ ‘ਬੁਰੇ’ ਨਾਲ ਮਿਲ ਨਾ ਜਾਈਏ।—ਮੱਤੀ 6:13; 1 ਕੁਰਿੰਥੀਆਂ 10:13.
ਆਪਣੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਕੰਮ ਕਰੋ
18. ਇਕ ਸੁਖੀ ਵਿਆਹੁਤਾ ਅਤੇ ਪਰਿਵਾਰਕ ਜੀਵਨ ਲਈ ਆਪਣੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਅਸੀਂ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ?
18 ਯਿਸੂ ਦੀ ਆਦਰਸ਼ ਪ੍ਰਾਰਥਨਾ ਮੁੱਖ ਨੁਕਤਿਆਂ ਉੱਤੇ ਧਿਆਨ ਦਿੰਦੀ ਹੈ, ਲੇਕਿਨ ਅਸੀਂ ਕਿਸੇ ਵੀ ਮਾਮਲੇ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ। ਮਿਸਾਲ ਵਜੋਂ, ਅਸੀਂ ਸ਼ਾਇਦ ਇਕ ਸੁਖੀ ਵਿਆਹੁਤਾ ਜੀਵਨ ਦੀ ਇੱਛਾ ਬਾਰੇ ਪ੍ਰਾਰਥਨਾ ਕਰੀਏ। ਵਿਆਹ ਤਕ ਪਵਿੱਤਰਤਾ ਕਾਇਮ ਰੱਖਣ ਲਈ, ਅਸੀਂ ਸ਼ਾਇਦ ਆਤਮ-ਸੰਜਮ ਲਈ ਪ੍ਰਾਰਥਨਾ ਕਰੀਏ। ਲੇਕਿਨ ਫਿਰ ਆਓ ਅਸੀਂ ਅਨੈਤਿਕ ਸਾਹਿੱਤ ਅਤੇ ਮਨੋਰੰਜਨ ਤੋਂ ਦੂਰ ਰਹਿਣ ਦੁਆਰਾ ਆਪਣੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਕੰਮ ਕਰੀਏ। ਆਓ ਅਸੀਂ ‘ਕੇਵਲ ਪ੍ਰਭੁ ਵਿੱਚ ਹੀ ਵਿਆਹ’ ਕਰਵਾਉਣ ਲਈ ਦ੍ਰਿੜ੍ਹ ਰਹੀਏ। (1 ਕੁਰਿੰਥੀਆਂ 7:39; ਬਿਵਸਥਾ ਸਾਰ 7:3, 4) ਜਦੋਂ ਵਿਆਹ ਕਰਵਾ ਲਿਆ, ਤਾਂ ਪਰਮੇਸ਼ੁਰ ਦੀ ਸਲਾਹ ਲਾਗੂ ਕਰ ਕੇ ਸਾਨੂੰ ਸੁਖ ਲਈ ਆਪਣੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਚੱਲਣ ਦੀ ਲੋੜ ਹੈ। ਅਤੇ ਜੇਕਰ ਸਾਡੇ ਬੱਚੇ ਹੋਣ, ਤਾਂ ਸਿਰਫ਼ ਇਹ ਪ੍ਰਾਰਥਨਾ ਕਰਨੀ ਕਾਫ਼ੀ ਨਹੀਂ ਹੈ ਕਿ ਉਹ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ। ਉਨ੍ਹਾਂ ਨਾਲ ਬਾਈਬਲ ਅਧਿਐਨ ਕਰਨ, ਅਤੇ ਨਿਯਮਿਤ ਤੌਰ ਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਰਾਹੀਂ ਸਾਨੂੰ ਪਰਮੇਸ਼ੁਰ ਦੀ ਸੱਚਾਈ ਉਨ੍ਹਾਂ ਦਿਆਂ ਮਨਾਂ ਵਿਚ ਬਿਠਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਬਿਵਸਥਾ ਸਾਰ 6:5-9; 31:12; ਕਹਾਉਤਾਂ 22:6.
19. ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਅਸੀਂ ਆਪਣੀ ਸੇਵਕਾਈ ਬਾਰੇ ਪ੍ਰਾਰਥਨਾ ਕਰ ਰਹੇ ਹਾਂ?
19 ਕੀ ਅਸੀਂ ਆਪਣੀ ਸੇਵਕਾਈ ਵਿਚ ਬਰਕਤਾਂ ਹਾਸਲ ਕਰਨ ਲਈ ਪ੍ਰਾਰਥਨਾ ਕਰ ਰਹੇ ਹਾਂ? ਤਾਂ ਫਿਰ ਆਓ ਅਸੀਂ ਰਾਜ-ਪ੍ਰਚਾਰ ਕੰਮ ਵਿਚ ਚੰਗਾ ਹਿੱਸਾ ਲੈਣ ਦੁਆਰਾ ਅਜਿਹੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਕੰਮ ਕਰੀਏ। ਜੇਕਰ ਅਸੀਂ ਦੂਸਰਿਆਂ ਨੂੰ ਸਦੀਪਕ ਜੀਵਨ ਵੱਲ ਲੈ ਜਾਣ ਵਾਲੇ ਰਾਹ ਉੱਤੇ ਆਉਣ ਵਿਚ ਮਦਦ ਕਰਨ ਦਿਆਂ ਮੌਕਿਆਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਦਿਲਚਸਪੀ ਰੱਖਣ ਵਾਲਿਆਂ ਬਾਰੇ ਸਹੀ ਰਿਕਾਰਡ ਰੱਖਣ ਦੀ ਲੋੜ ਹੈ, ਅਤੇ ਬਾਈਬਲ ਅਧਿਐਨ ਕਰਨ ਲਈ ਆਪਣਿਆਂ ਕੰਮਾਂ-ਕਾਰਾਂ ਵਿੱਚੋਂ ਸਮਾਂ ਕੱਢਣ ਲਈ ਸਾਨੂੰ ਤਿਆਰ ਹੋਣਾ ਚਾਹੀਦਾ ਹੈ। ਉਦੋਂ ਕੀ ਜੇਕਰ ਪੂਰੇ ਸਮੇਂ ਲਈ ਪ੍ਰਚਾਰ ਦੇ ਕੰਮ ਵਿਚ ਪਾਇਨੀਅਰ ਵਜੋਂ ਕੰਮ ਕਰਨ ਦੀ ਸਾਡੀ ਇੱਛਾ ਹੋਵੇ? ਫਿਰ ਆਓ ਅਸੀਂ ਆਪਣੇ ਪ੍ਰਚਾਰ ਦੇ ਕੰਮ ਨੂੰ ਵਧਾਉਣ ਦੁਆਰਾ ਅਤੇ ਦੂਸਰਿਆਂ ਪਾਇਨੀਅਰਾਂ ਨਾਲ ਸੇਵਕਾਈ ਵਿਚ ਹਿੱਸਾ ਲੈਣ ਦੁਆਰਾ ਆਪਣੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਕਦਮ ਚੁੱਕੀਏ। ਅਜਿਹੇ ਕਦਮ ਚੁੱਕਣੇ ਦਿਖਾਵੇਗਾ ਕਿ ਅਸੀਂ ਆਪਣੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਕੰਮ ਕਰ ਰਹੇ ਹਾਂ।
20. ਅਗਲਾ ਲੇਖ ਕਿਸ ਚੀਜ਼ ਉੱਤੇ ਧਿਆਨ ਦੇਵੇਗਾ?
20 ਜੇਕਰ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀਆਂ ਉਨ੍ਹਾਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਜੋ ਉਸ ਦੀ ਇੱਛਾ ਦੀ ਇਕਸੁਰਤਾ ਵਿਚ ਹਨ। (1 ਯੂਹੰਨਾ 5:14, 15) ਯਕੀਨਨ, ਬਾਈਬਲ ਵਿਚ ਦਰਜ ਕੀਤੀਆਂ ਗਈਆਂ ਕੁਝ ਪ੍ਰਾਰਥਨਾਵਾਂ ਉੱਤੇ ਵਿਚਾਰ ਕਰਨ ਤੋਂ ਸਾਨੂੰ ਲਾਭਦਾਇਕ ਨੁਕਤੇ ਲੱਭੇ ਹਨ। ਸਾਡਾ ਅਗਲਾ ਲੇਖ ਉਨ੍ਹਾਂ ਲਈ ਜੋ ‘ਆਪਣੀਆਂ ਪ੍ਰਾਰਥਨਾਵਾਂ ਸੁਗੰਧੀ ਵਾਂਙੁ ਯਹੋਵਾਹ ਸਾਮ੍ਹਣੇ ਠਹਿਰਾਉਣ’ ਦੀ ਇੱਛਾ ਰੱਖਦੇ ਹਨ, ਹੋਰ ਸ਼ਾਸਤਰ-ਸੰਬੰਧੀ ਮਾਰਗ-ਦਰਸ਼ਨ ਉੱਤੇ ਧਿਆਨ ਦੇਵੇਗਾ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਸਾਨੂੰ ਨਿਹਚਾ ਨਾਲ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
◻ ਸਾਡੀਆਂ ਪ੍ਰਾਰਥਨਾਵਾਂ ਵਿਚ ਉਸਤਤ ਅਤੇ ਧੰਨਵਾਦ ਨੂੰ ਕਿਹੜੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ?
◻ ਅਸੀਂ ਭਰੋਸੇ ਨਾਲ ਪ੍ਰਾਰਥਨਾ ਵਿਚ ਯਹੋਵਾਹ ਦੀ ਮਦਦ ਕਿਉਂ ਭਾਲ ਸਕਦੇ ਹਾਂ?
◻ ਆਦਰਸ਼ ਪ੍ਰਾਰਥਨਾ ਦੇ ਕੁਝ ਮੁੱਖ ਨੁਕਤੇ ਕਿਹੜੇ ਹਨ?
◻ ਅਸੀਂ ਆਪਣੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਕਿਵੇਂ ਕੰਮ ਕਰ ਸਕਦੇ ਹਾਂ?
[ਸਫ਼ੇ 23 ਉੱਤੇ ਤਸਵੀਰ]
ਰਾਜਾ ਯਹੋਸ਼ਾਫ਼ਾਟ ਵਾਂਗ, ਸਾਨੂੰ ਵੀ ਸ਼ਾਇਦ ਕਦੀ-ਕਦੀ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਪਵੇ: ‘ਅਸੀਂ ਨਹੀਂ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ, ਯਹੋਵਾਹ’
[ਸਫ਼ੇ 24 ਉੱਤੇ ਤਸਵੀਰ]
ਕੀ ਤੁਸੀਂ ਯਿਸੂ ਦੀ ਆਦਰਸ਼ ਪ੍ਰਾਰਥਨਾ ਦੀ ਇਕਸੁਰਤਾ ਵਿਚ ਪ੍ਰਾਰਥਨਾ ਕਰਦੇ ਹੋ?