ਮਸੀਹ ਦੀ ਰਿਹਾਈ-ਕੀਮਤ—ਮੁਕਤੀ ਲਈ ਪਰਮੇਸ਼ੁਰ ਦਾ ਰਾਹ
“ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.
1, 2. ਮਨੁੱਖਜਾਤੀ ਦੇ ਸੰਬੰਧ ਵਿਚ ਪੈਦਾ ਹੋਈ ਹਾਲਤ ਦਾ ਵਰਣਨ ਕਰੋ।
ਕਲਪਨਾ ਕਰੋ ਕਿ ਤੁਹਾਨੂੰ ਅਜਿਹੀ ਬੀਮਾਰੀ ਲੱਗੀ ਹੋਈ ਹੈ ਜੋ ਤੁਹਾਡੀ ਜਾਨ ਲੈ ਲਵੇਗੀ ਜੇ ਤੁਸੀਂ ਓਪਰੇਸ਼ਨ ਨਾ ਕਰਵਾਇਆ। ਜੇਕਰ ਤੁਸੀਂ ਓਪਰੇਸ਼ਨ ਦੇ ਪੈਸੇ ਨਹੀਂ ਦੇ ਸਕਦੇ, ਤਾਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੋਗੇ? ਜੇਕਰ ਤੁਸੀਂ ਆਪਣੇ ਪਰਿਵਾਰ ਅਤੇ ਦੋਸਤ-ਮਿੱਤਰਾਂ ਦੇ ਪੈਸੇ ਮਿਲਾ ਕੇ ਵੀ ਉਸ ਓਪਰੇਸ਼ਨ ਦਾ ਖ਼ਰਚ ਪੂਰਾ ਨਹੀਂ ਕਰ ਸਕਦੇ, ਤਾਂ ਫਿਰ ਕੀ? ਅਜਿਹੀ ਜਾਨ ਲੈਣ ਵਾਲੀ ਹਾਲਤ ਦਾ ਸਾਮ੍ਹਣਾ ਕਰਨਾ ਕਿੰਨਾ ਬੁਰਾ ਹੋਵੇਗਾ!
2 ਅਜਿਹੀ ਹਾਲਤ ਮਨੁੱਖਜਾਤੀ ਦੇ ਸੰਬੰਧ ਵਿਚ ਪੈਦਾ ਹੋਈ ਹੈ। ਸਾਡੇ ਪਹਿਲੇ ਮਾਪੇ, ਆਦਮ ਅਤੇ ਹੱਵਾਹ, ਸੰਪੂਰਣ ਬਣਾਏ ਗਏ ਸਨ। (ਬਿਵਸਥਾ ਸਾਰ 32:4) ਉਨ੍ਹਾਂ ਕੋਲ ਸਦਾ ਲਈ ਜੀਉਣ ਦੀ ਅਤੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਦੀ ਸੰਭਾਵਨਾ ਸੀ ਕਿਉਂਕਿ ਉਨ੍ਹਾਂ ਨੂੰ ਕਿਹਾ ਗਿਆ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤਪਤ 1:28) ਲੇਕਿਨ, ਆਦਮ ਅਤੇ ਹੱਵਾਹ ਨੇ ਆਪਣੇ ਸ੍ਰਿਸ਼ਟੀਕਰਤਾ ਦੇ ਵਿਰੁੱਧ ਬਗਾਵਤ ਕੀਤੀ। (ਉਤਪਤ 3:1-6) ਉਨ੍ਹਾਂ ਦੀ ਅਣਆਗਿਆਕਾਰੀ ਨੇ ਸਿਰਫ਼ ਆਦਮ ਅਤੇ ਹੱਵਾਹ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦੀ ਅਣਜੰਮੀ ਸੰਤਾਨ ਨੂੰ ਵੀ ਪਾਪੀ ਬਣਾਇਆ। ਵਫ਼ਾਦਾਰ ਬੰਦੇ ਅੱਯੂਬ ਨੇ ਬਾਅਦ ਵਿਚ ਕਿਹਾ: “ਕੌਣ ਅਸ਼ੁੱਧ ਵਿੱਚੋਂ ਸ਼ੁੱਧ ਨਿਕਾਲ ਸੱਕਦਾ ਹੈ? ਪਰ ਕੋਈ ਨਹੀਂ।”—ਅੱਯੂਬ 14:4.
3. ਮੌਤ ਸਭਨਾਂ ਮਨੁੱਖਾਂ ਵਿਚ ਕਿਸ ਤਰ੍ਹਾਂ ਫੈਲ ਗਈ ਹੈ?
3 ਪਾਪ ਅਜਿਹੀ ਇਕ ਬੀਮਾਰੀ ਹੈ ਜੋ ਸਾਨੂੰ ਸਾਰਿਆਂ ਨੂੰ ਲੱਗੀ ਹੋਈ ਹੈ, ਕਿਉਂ ਜੋ ਬਾਈਬਲ ਬਿਆਨ ਕਰਦੀ ਹੈ ਕਿ “ਸਭਨਾਂ ਨੇ ਪਾਪ ਕੀਤਾ।” (ਟੇਢੇ ਟਾਈਪ ਸਾਡੇ) ਇਸ ਦਸ਼ਾ ਦੇ ਨਤੀਜੇ ਮਾਰੂ ਹਨ। ਸੱਚ-ਮੁੱਚ, “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 3:23; 6:23) ਸਾਡੇ ਵਿੱਚੋਂ ਕੋਈ ਵੀ ਇਸ ਤੋਂ ਬਚ ਨਹੀਂ ਸਕਦਾ। ਸਾਰੇ ਮਨੁੱਖ ਪਾਪ ਕਰਦੇ ਹਨ, ਇਸ ਲਈ, ਸਾਰੇ ਮਨੁੱਖ ਮਰਦੇ ਹਨ। ਆਦਮ ਦੀ ਸੰਤਾਨ ਹੋਣ ਕਰਕੇ, ਅਸੀਂ ਇਸ ਮੁਸੀਬਤ ਵਿਚ ਪੈਦਾ ਕੀਤੇ ਗਏ ਸਨ। (ਜ਼ਬੂਰ 51:5) “ਇੱਕ ਮਨੁੱਖ ਤੋਂ,” ਪੌਲੁਸ ਨੇ ਲਿਖਿਆ, “ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਕੋਲ ਬਚਣ ਦੀ ਕੋਈ ਉਮੀਦ ਨਹੀਂ ਹੈ।
ਪਾਪ ਅਤੇ ਮੌਤ ਨੂੰ ਖ਼ਤਮ ਕਰਨਾ
4. ਮਨੁੱਖ ਆਪਣੇ ਆਪ ਬੀਮਾਰੀ ਅਤੇ ਮੌਤ ਨੂੰ ਖ਼ਤਮ ਕਿਉਂ ਨਹੀਂ ਕਰ ਸਕਦਾ ਹੈ?
4 ਪਾਪ ਅਤੇ ਇਸ ਦੇ ਨਤੀਜੇ, ਮੌਤ, ਨੂੰ ਖ਼ਤਮ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੋਵੇਗੀ? ਇਹ ਸਪੱਸ਼ਟ ਹੈ ਕਿ ਇਹ ਚੀਜ਼ ਮਨੁੱਖਾਂ ਕੋਲ ਨਹੀਂ ਹੈ। ਜ਼ਬੂਰਾਂ ਦੇ ਲਿਖਾਰੀ ਨੇ ਅਫ਼ਸੋਸ ਕੀਤਾ: “ਉਨ੍ਹਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ, ਅਤੇ ਉਹ ਸਦਾ ਤੀਕ ਅਸਾਧ ਹੈ, ਭਈ ਉਹ ਅਨੰਤ ਕਾਲ ਤੀਕ ਜੀਉਂਦਾ ਰਹੇ, ਅਤੇ ਗੋਰ ਨੂੰ ਨਾ ਵੇਖੇ।” (ਜ਼ਬੂਰ 49:8, 9) ਇਹ ਸੱਚ ਹੈ ਕਿ ਅਸੀਂ ਚੰਗੀ ਖ਼ੁਰਾਕ ਅਤੇ ਡਾਕਟਰੀ ਦੇਖ-ਭਾਲ ਰਾਹੀਂ ਆਪਣੇ ਜੀਵਨ ਨੂੰ ਕੁਝ ਸਾਲਾਂ ਲਈ ਵਧਾ ਸਕਦੇ ਹਾਂ, ਲੇਕਿਨ ਸਾਡੇ ਵਿੱਚੋਂ ਕੋਈ ਵੀ ਵਿਰਸੇ ਵਿਚ ਪ੍ਰਾਪਤ ਕੀਤੀ ਗਈ ਆਪਣੀ ਪਾਪੀ ਹਾਲਤ ਦਾ ਇਲਾਜ ਨਹੀਂ ਕਰ ਸਕਦਾ। ਸਾਡੇ ਵਿੱਚੋਂ ਕੋਈ ਵੀ ਬੁਢੇਪੇ ਦੇ ਅਸਰਾਂ ਨੂੰ ਦੂਰ ਕਰ ਕੇ ਆਪਣੇ ਸਰੀਰ ਨੂੰ ਉਸ ਤਰ੍ਹਾਂ ਸੰਪੂਰਣ ਨਹੀਂ ਬਣਾ ਸਕਦਾ, ਜਿਸ ਤਰ੍ਹਾਂ ਪਰਮੇਸ਼ੁਰ ਦਾ ਮੁੱਢ ਵਿਚ ਸਾਡੇ ਲਈ ਇਰਾਦਾ ਸੀ। ਪੌਲੁਸ ਉਦੋਂ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਿਹਾ ਸੀ ਜਦੋਂ ਉਸ ਨੇ ਲਿਖਿਆ ਕਿ ਆਦਮ ਦੇ ਪਾਪ ਕਾਰਨ, ਮਨੁੱਖੀ ਸ੍ਰਿਸ਼ਟੀ “ਅਨਰਥ ਦੇ ਅਧੀਨ ਕੀਤੀ ਗਈ”—ਜਾਂ ਜਿਵੇਂ ਜਰੂਸਲਮ ਬਾਈਬਲ ਵਿਚ ਅਨੁਵਾਦ ਕੀਤਾ ਗਿਆ ਹੈ, ‘ਆਪਣਾ ਮਕਸਦ ਪੂਰਾ ਨਾ ਕਰ ਸਕੀ।’ (ਰੋਮੀਆਂ 8:20) ਲੇਕਿਨ, ਖ਼ੁਸ਼ੀ ਦੀ ਗੱਲ ਇਹ ਹੈ ਕਿ ਸ੍ਰਿਸ਼ਟੀਕਰਤਾ ਨੇ ਸਾਨੂੰ ਤਿਆਗਿਆ ਨਹੀਂ। ਉਸ ਨੇ ਪਾਪ ਅਤੇ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰਨ ਵਾਸਤੇ ਪ੍ਰਬੰਧ ਕੀਤਾ ਹੈ। ਕਿਵੇਂ?
5. ਇਸਰਾਏਲ ਨੂੰ ਦਿੱਤੇ ਗਏ ਨਿਯਮ ਨੇ ਇਨਸਾਫ਼ ਉੱਤੇ ਜ਼ੋਰ ਕਿਵੇਂ ਦਿੱਤਾ?
5 ਯਹੋਵਾਹ “ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ।” (ਜ਼ਬੂਰ 33:5) ਇਸਰਾਏਲ ਨੂੰ ਯਹੋਵਾਹ ਵੱਲੋਂ ਦਿੱਤੇ ਗਏ ਨਿਯਮ ਸੰਤੁਲਨ ਅਤੇ ਨਿਰਪੱਖ ਇਨਸਾਫ਼ ਉੱਤੇ ਜ਼ੋਰ ਦਿੰਦੇ ਹਨ। ਮਿਸਾਲ ਲਈ, ਇਨ੍ਹਾਂ ਨਿਯਮਾਂ ਵਿਚ, ਅਸੀਂ ਪੜ੍ਹਦੇ ਹਾਂ ਕਿ ‘ਜਾਨ ਦੇ ਵੱਟੇ ਜਾਨ ਦਿੱਤੀ ਜਾਣੀ ਚਾਹੀਦੀ ਹੈ।’ ਦੂਸਰੇ ਸ਼ਬਦਾਂ ਵਿਚ, ਜੇਕਰ ਇਕ ਇਸਰਾਏਲੀ ਕਿਸੇ ਦਾ ਖ਼ੂਨ ਕਰ ਦੇਵੇ, ਤਾਂ ਉਸ ਨੂੰ ਉਸ ਜਾਨ ਦੇ ਵੱਟੇ ਜੋ ਉਸ ਨੇ ਲਈ ਹੈ ਆਪਣੀ ਜਾਨ ਦੇਣੀ ਪੈਣੀ ਸੀ। (ਕੂਚ 21:23; ਗਿਣਤੀ 35:21) ਇਸ ਤਰ੍ਹਾਂ ਈਸ਼ਵਰੀ ਇਨਸਾਫ਼ ਦੀ ਤੱਕੜੀ ਦੇ ਪਲੜੇ ਬਰਾਬਰ ਹੋ ਜਾਣੇ ਸਨ।—ਕੂਚ 21:30 ਦੀ ਤੁਲਨਾ ਕਰੋ।
6. (ੳ) ਆਦਮ ਨੂੰ ਕਿਸ ਅਰਥ ਵਿਚ ਇਕ ਖ਼ੂਨੀ ਕਿਹਾ ਜਾ ਸਕਦਾ ਹੈ? (ਅ) ਆਦਮ ਨੇ ਕਿਸ ਤਰ੍ਹਾਂ ਦਾ ਜੀਵਨ ਗੁਆਇਆ ਸੀ, ਅਤੇ ਇਨਸਾਫ਼ ਦੀ ਤੱਕੜੀ ਦੇ ਪਲੜੇ ਬਰਾਬਰ ਕਰਨ ਲਈ ਕਿਸ ਤਰ੍ਹਾਂ ਦੇ ਬਲੀਦਾਨ ਦੀ ਜ਼ਰੂਰਤ ਸੀ?
6 ਜਦੋਂ ਆਦਮ ਨੇ ਪਾਪ ਕੀਤਾ, ਉਦੋਂ ਉਹ ਇਕ ਖ਼ੂਨੀ ਬਣ ਗਿਆ। ਕਿਸ ਤਰ੍ਹਾਂ? ਉਸ ਨੇ ਆਪਣੇ ਪਾਪ—ਅਤੇ ਮੌਤ—ਨੂੰ ਆਪਣੀ ਸਾਰੀ ਸੰਤਾਨ ਵਿਚ ਫੈਲਾ ਦਿੱਤਾ। ਆਦਮ ਦੀ ਅਣਆਗਿਆਕਾਰੀ ਦੇ ਕਾਰਨ ਇਸ ਵੇਲੇ ਸਾਡੇ ਸਰੀਰ ਵਿਗੜਦੇ ਜਾ ਰਹੇ ਹਨ, ਅਤੇ ਅਸੀਂ ਹੌਲੀ-ਹੌਲੀ ਮੌਤ ਵੱਲ ਵੱਧ ਰਹੇ ਹਨ। (ਜ਼ਬੂਰ 90:10) ਆਦਮ ਦੇ ਪਾਪ ਦਾ ਅਸਰ ਇਸ ਤੋਂ ਵੀ ਜ਼ਿਆਦਾ ਗੰਭੀਰ ਹੈ। ਯਾਦ ਰੱਖੋ, ਜੋ ਆਦਮ ਨੇ ਆਪਣੇ ਲਈ ਅਤੇ ਆਪਣੀ ਸੰਤਾਨ ਲਈ ਗੁਆਇਆ ਸੀ, ਉਹ ਸਿਰਫ਼ 70 ਜਾਂ 80 ਸਾਲਾਂ ਦਾ ਸਾਧਾਰਣ ਜੀਵਨ ਨਹੀਂ ਸੀ। ਉਸ ਨੇ ਸੰਪੂਰਣ ਜੀਵਨ ਗੁਆਇਆ ਸੀ—ਅਸਲੀ, ਸਦਾ ਦਾ ਜੀਵਨ। ਤਾਂ ਫਿਰ ਜੇਕਰ ‘ਜਾਨ ਦੇ ਵੱਟੇ ਜਾਨ ਦਿੱਤੀ ਜਾਣੀ ਚਾਹੀਦੀ ਹੈ,’ ਤਾਂ ਇਸ ਮਾਮਲੇ ਵਿਚ ਇਨਸਾਫ਼ ਦੀ ਤੱਕੜੀ ਦੇ ਪੱਲੜੇ ਨੂੰ ਬਰਾਬਰ ਕਰਨ ਲਈ ਕਿਸ ਤਰ੍ਹਾਂ ਦੀ ਜਾਨ ਦੇਣੀ ਪਵੇਗੀ? ਇਹ ਸਪੱਸ਼ਟ ਹੈ ਕਿ ਇਕ ਸੰਪੂਰਣ ਮਨੁੱਖੀ ਜਾਨ ਦੀ ਲੋੜ ਸੀ—ਇਕ ਅਜਿਹੀ ਜਾਨ ਜੋ ਆਦਮ ਵਾਂਗ ਸੰਪੂਰਣ ਮਨੁੱਖੀ ਸੰਤਾਨ ਪੈਦਾ ਕਰ ਸਕਦੀ ਸੀ। ਜੇਕਰ ਇਕ ਸੰਪੂਰਣ ਮਨੁੱਖੀ ਜਾਨ ਦਾ ਬਲੀਦਾਨ ਦਿੱਤਾ ਜਾਵੇ, ਤਾਂ ਨਾ ਸਿਰਫ਼ ਇਨਸਾਫ਼ ਦੀ ਤੱਕੜੀ ਦੇ ਪਲੜੇ ਬਰਾਬਰ ਕੀਤੇ ਜਾਣਗੇ, ਲੇਕਿਨ ਪਾਪ ਅਤੇ ਇਸ ਦੇ ਨਤੀਜੇ, ਮੌਤ, ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕਰਨਾ ਮੁਮਕਿਨ ਹੋ ਜਾਵੇਗਾ।
ਪਾਪ ਦੀ ਕੀਮਤ ਚੁਕਾਉਣੀ
7. ਸ਼ਬਦ “ਰਿਹਾਈ-ਕੀਮਤ” ਦੇ ਅਰਥ ਦਾ ਵਰਣਨ ਕਰੋ।
7 ਸਾਨੂੰ ਪਾਪ ਤੋਂ ਛੁਡਾਉਣ ਦੀ ਲੋੜੀਂਦੀ ਕੀਮਤ ਨੂੰ ਬਾਈਬਲ ਵਿਚ “ਰਿਹਾਈ-ਕੀਮਤ” ਕਿਹਾ ਜਾਂਦਾ ਹੈ। (ਜ਼ਬੂਰ 49:7, ਨਿ ਵ) ਇਹ ਸ਼ਬਦ ਉਸ ਰਕਮ ਨੂੰ ਸੰਕੇਤ ਕਰ ਸਕਦਾ ਹੈ ਜੋ ਇਕ ਅਗ਼ਵਾ ਕਰਨ ਵਾਲਾ ਕਿਸੇ ਅਗ਼ਵਾ ਕੀਤੇ ਗਏ ਵਿਅਕਤੀ ਦੇ ਬਦਲੇ ਮੰਗਦਾ ਹੈ। ਨਿਰਸੰਦੇਹ, ਜਿਸ ਰਿਹਾਈ-ਕੀਮਤ ਦਾ ਪ੍ਰਬੰਧ ਯਹੋਵਾਹ ਨੇ ਕੀਤਾ ਹੈ, ਉਸ ਵਿਚ ਕੋਈ ਅਗ਼ਵਾ ਨਹੀਂ ਕੀਤਾ ਗਿਆ। ਲੇਕਿਨ ਕੀਮਤ ਚੁਕਾਉਣ ਦਾ ਖ਼ਿਆਲ ਇਸ ਦੇ ਸਮਾਨ ਹੈ। ਦਰਅਸਲ, ਤਰਜਮਾ ਕੀਤੇ ਗਏ ਇਬਰਾਨੀ ਸ਼ਬਦ “ਰਿਹਾਈ-ਕੀਮਤ” ਦੀ ਕ੍ਰਿਆ ਦਾ ਸਹੀ ਅਰਥ ਹੈ “ਢਕਣਾ।” ਪਾਪ ਦਾ ਪਸ਼ਚਾਤਾਪ ਕਰਨ ਲਈ, ਰਿਹਾਈ-ਕੀਮਤ ਨੂੰ ਉਸ ਚੀਜ਼ ਦੇ ਬਰਾਬਰ ਹੋਣਾ ਚਾਹੀਦਾ ਹੈ ਜਿਸ ਦੀ ਕੀਮਤ ਉਸ ਨੇ ਚੁਕਾਉਣੀ ਹੈ—ਆਦਮ ਦਾ ਸੰਪੂਰਣ ਜੀਵਨ।
8. (ੳ) ਵਾਪਸ ਖ਼ਰੀਦਣ ਦੇ ਸਿਧਾਂਤ ਦਾ ਵਰਣਨ ਕਰੋ। (ਅ) ਪਾਪੀਆਂ ਵਜੋਂ ਵਾਪਸ ਖ਼ਰੀਦੇ ਜਾਣ ਦਾ ਸਿਧਾਂਤ ਸਾਡੇ ਉੱਤੇ ਕਿਸ ਤਰ੍ਹਾਂ ਲਾਗੂ ਹੁੰਦਾ ਹੈ?
8 ਇਹ ਮੂਸਾ ਦੀ ਬਿਵਸਥਾ ਵਿਚ ਪਾਏ ਜਾਂਦੇ ਸਿਧਾਂਤ ਦੀ ਇਕਸੁਰਤਾ ਵਿਚ ਹੈ—ਵਾਪਸ ਖ਼ਰੀਦਣ ਦਾ ਸਿਧਾਂਤ। ਜੇਕਰ ਇਕ ਇਸਰਾਏਲੀ ਕੰਗਾਲ ਹੋ ਜਾਂਦਾ ਸੀ ਅਤੇ ਆਪਣੇ ਆਪ ਨੂੰ ਕਿਸੇ ਗ਼ੈਰ-ਇਸਰਾਏਲੀ ਦੇ ਹੱਥ ਗ਼ੁਲਾਮੀ ਵਿਚ ਵੇਚ ਦਿੰਦਾ ਸੀ, ਤਾਂ ਉਸ ਦਾ ਕੋਈ ਰਿਸ਼ਤੇਦਾਰ ਉਸ ਨੂੰ ਛੁਡਾ ਸਕਦਾ ਸੀ ਜਾਂ ਕਹੋ ਕਿ ਉਸ ਲਈ ਰਿਹਾਈ-ਕੀਮਤ ਦੇ ਸਕਦਾ ਸੀ। ਉਹ ਗ਼ੁਲਾਮ ਦੀ ਕੀਮਤ ਚੁਕਾ ਕੇ ਉਸ ਨੂੰ ਵਾਪਸ ਖ਼ਰੀਦ ਸਕਦਾ ਸੀ। (ਲੇਵੀਆਂ 25:47-49) ਬਾਈਬਲ ਕਹਿੰਦੀ ਹੈ ਕਿ ਅਪੂਰਣ ਮਨੁੱਖ ਹੋਣ ਕਰਕੇ ਅਸੀਂ ਸਾਰੇ ‘ਪਾਪ ਦੇ ਗੁਲਾਮ’ ਹਾਂ। (ਰੋਮੀਆਂ 6:6; 7:14, 25) ਸਾਨੂੰ ਵਾਪਸ ਖ਼ਰੀਦਣ ਲਈ ਕਿਸ ਚੀਜ਼ ਦੀ ਲੋੜ ਹੈ? ਜਿਵੇਂ ਅਸੀਂ ਦੇਖਿਆ ਹੈ, ਸੰਪੂਰਣ ਮਨੁੱਖੀ ਜਾਨ ਨੂੰ ਗੁਆਉਣ ਦੇ ਬਦਲੇ ਕਿਸੇ ਹੋਰ ਸੰਪੂਰਣ ਮਨੁੱਖੀ ਜਾਨ ਦੀ ਜ਼ਰੂਰਤ ਹੈ—ਨਾ ਵੱਧ, ਨਾ ਘੱਟ।
9. ਯਹੋਵਾਹ ਨੇ ਪਾਪ ਦੀ ਕੀਮਤ ਚੁਕਾਉਣ ਲਈ ਕੀ ਪ੍ਰਬੰਧ ਕੀਤਾ ਹੈ?
9 ਇਹ ਸੱਚ ਹੈ ਕਿ ਮਨੁੱਖ ਅਪੂਰਣ ਪੈਦਾ ਹੁੰਦੇ ਹਨ। ਸਾਡੇ ਵਿੱਚੋਂ ਕੋਈ ਵੀ ਆਦਮ ਦੇ ਬਰਾਬਰ ਨਹੀਂ ਹੈ, ਨਾ ਹੀ ਸਾਡੇ ਵਿੱਚੋਂ ਕੋਈ ਇਨਸਾਫ਼ ਦੀ ਮੰਗ ਅਨੁਸਾਰ ਰਿਹਾਈ-ਕੀਮਤ ਨੂੰ ਚੁਕਾ ਸਕਦਾ ਹੈ। ਜਿਵੇਂ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ ਕਿ ਸਾਡੀ ਹਾਲਤ ਅਜਿਹੀ ਹੈ ਜਿਵੇਂ ਸਾਨੂੰ ਜਾਨ ਲੈਣ ਵਾਲੀ ਇਕ ਬੀਮਾਰੀ ਲੱਗੀ ਹੋਈ ਹੈ ਅਤੇ ਸਾਡੇ ਕੋਲ ਇਲਾਜ ਲਈ ਪੈਸੇ ਨਹੀਂ ਹਨ। ਅਜਿਹੀ ਦਸ਼ਾ ਵਿਚ, ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹੋਵਾਂਗੇ ਜੇਕਰ ਕੋਈ ਦਖ਼ਲ ਦੇ ਕੇ ਇਲਾਜ ਲਈ ਪੈਸੇ ਦੇ ਦੇਵੇ? ਯਹੋਵਾਹ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ ਹੈ! ਉਸ ਨੇ ਸਾਨੂੰ ਪਾਪ ਤੋਂ ਹਮੇਸ਼ਾ ਲਈ ਛੁਡਾਉਣ ਦਾ ਪ੍ਰਬੰਧ ਕੀਤਾ ਹੈ। ਜੀ ਹਾਂ, ਉਹ ਸਾਨੂੰ ਉਹ ਸਭ ਕੁਝ ਦੇਣ ਲਈ ਤਿਆਰ ਹੈ ਜੋ ਅਸੀਂ ਆਪ ਕਦੀ ਵੀ ਖ਼ਰੀਦ ਨਹੀਂ ਸਕਦੇ ਹਾਂ। ਕਿਸ ਤਰ੍ਹਾਂ? “ਪਰਮੇਸ਼ੁਰ ਦੀ ਬਖ਼ਸ਼ੀਸ਼,” ਪੌਲੁਸ ਕਹਿੰਦਾ ਹੈ, “ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਯੂਹੰਨਾ ਨੇ ਯਿਸੂ ਬਾਰੇ ਕਿਹਾ ਕਿ ਉਹ ‘ਪਰਮੇਸ਼ੁਰ ਦਾ ਲੇਲਾ ਹੈ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ।’ (ਯੂਹੰਨਾ 1:29) ਆਓ ਅਸੀਂ ਦੇਖੀਏ ਕਿ ਯਹੋਵਾਹ ਨੇ ਰਿਹਾਈ-ਕੀਮਤ ਚੁਕਾਉਣ ਵਾਸਤੇ ਆਪਣੇ ਪਿਆਰੇ ਪੁੱਤਰ ਨੂੰ ਕਿਸ ਤਰ੍ਹਾਂ ਵਰਤਿਆ।
“ਬਰਾਬਰ ਦੀ ਰਿਹਾਈ-ਕੀਮਤ”
10. “ਸੰਤਾਨ” ਦੇ ਸੰਬੰਧ ਵਿਚ ਭਵਿੱਖਬਾਣੀਆਂ ਨੇ ਯੂਸੁਫ਼ ਅਤੇ ਮਰਿਯਮ ਵੱਲ ਕਿਸ ਤਰ੍ਹਾਂ ਇਸ਼ਾਰਾ ਕੀਤਾ?
10 ਅਦਨ ਵਿਚ ਬਗਾਵਤ ਤੋਂ ਇਕਦਮ ਬਾਅਦ, ਯਹੋਵਾਹ ਨੇ ਉਸ “ਸੰਤਾਨ” ਜਾਂ ਔਲਾਦ ਨੂੰ ਪੈਦਾ ਕਰਨ ਦੇ ਆਪਣੇ ਮਕਸਦ ਬਾਰੇ ਦੱਸਿਆ, ਜੋ ਮਨੁੱਖਜਾਤੀ ਨੂੰ ਪਾਪ ਤੋਂ ਰਿਹਾ ਕਰੇਗੀ। (ਉਤਪਤ 3:15) ਈਸ਼ਵਰੀ ਦਰਸ਼ਣਾਂ ਰਾਹੀਂ ਯਹੋਵਾਹ ਨੇ ਉਸ ਪਰਿਵਾਰ ਵੱਲ ਸੰਕੇਤ ਕੀਤਾ ਜਿਸ ਵਿਚ ਇਹ ਸੰਤਾਨ ਪੈਦਾ ਹੋਵੇਗੀ। ਸਮਾਂ ਆਉਣ ਤੇ, ਇਨ੍ਹਾਂ ਦਰਸ਼ਣਾਂ ਨੇ ਯੂਸੁਫ਼ ਅਤੇ ਮਰਿਯਮ ਵੱਲ ਇਸ਼ਾਰਾ ਕੀਤਾ। ਇਨ੍ਹਾਂ ਦੋਹਾਂ ਦੀ ਮੰਗਣੀ ਹੋ ਚੁੱਕੀ ਸੀ ਅਤੇ ਉਹ ਫਲਸਤੀਨ ਵਿਚ ਰਹਿੰਦੇ ਸਨ। ਇਕ ਸੁਪਨੇ ਵਿਚ, ਯੂਸੁਫ਼ ਨੂੰ ਦੱਸਿਆ ਗਿਆ ਕਿ ਮਰਿਯਮ ਪਵਿੱਤਰ ਆਤਮਾ ਰਾਹੀਂ ਗਰਭਵਤੀ ਸੀ। ਦੂਤ ਨੇ ਕਿਹਾ: “ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀਂ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”—ਮੱਤੀ 1:20, 21.
11. (ੳ) ਯਹੋਵਾਹ ਨੇ ਆਪਣੇ ਪੁੱਤਰ ਨੂੰ ਇਕ ਸੰਪੂਰਣ ਮਨੁੱਖ ਦੇ ਰੂਪ ਵਿਚ ਪੈਦਾ ਕਰਨ ਲਈ ਕੀ ਪ੍ਰਬੰਧ ਕੀਤਾ? (ਅ) ਯਿਸੂ “ਬਰਾਬਰ ਦੀ ਰਿਹਾਈ-ਕੀਮਤ” ਕਿਸ ਤਰ੍ਹਾਂ ਬਣ ਸਕਦਾ ਸੀ?
11 ਇਹ ਕੋਈ ਆਮ ਗਰਭ ਨਹੀਂ ਸੀ, ਕਿਉਂਕਿ ਯਿਸੂ ਮਨੁੱਖ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ ਸਵਰਗ ਵਿਚ ਰਹਿੰਦਾ ਸੀ। (ਕਹਾਉਤਾਂ 8:22-31; ਕੁਲੁੱਸੀਆਂ 1:15) ਉਸ ਦੀ ਜਾਨ ਯਹੋਵਾਹ ਦੀ ਚਮਤਕਾਰੀ ਸ਼ਕਤੀ ਦੁਆਰਾ ਮਰਿਯਮ ਦੀ ਕੁੱਖ ਵਿਚ ਪਾ ਦਿੱਤੀ ਗਈ ਸੀ, ਅਤੇ ਇਸ ਤਰ੍ਹਾਂ ਪਰਮੇਸ਼ੁਰ ਦਾ ਪਿਆਰਾ ਪੁੱਤਰ ਇਕ ਮਨੁੱਖ ਦੇ ਰੂਪ ਵਿਚ ਪੈਦਾ ਹੋ ਸਕਿਆ। (ਯੂਹੰਨਾ 1:1-3, 14; ਫ਼ਿਲਿੱਪੀਆਂ 2:6, 7) ਯਹੋਵਾਹ ਨੇ ਸਭ ਕੁਝ ਇਸ ਤਰ੍ਹਾਂ ਕੀਤਾ ਕਿ ਯਿਸੂ ਆਦਮ ਦੇ ਪਾਪ ਨਾਲ ਭ੍ਰਿਸ਼ਟ ਨਾ ਹੋਵੇ। ਇਸ ਕਰਕੇ ਉਹ ਸੰਪੂਰਣ ਪੈਦਾ ਹੋਇਆ ਸੀ। ਅਤੇ ਉਸ ਕੋਲ ਉਹ ਸੀ ਜੋ ਆਦਮ ਨੇ ਗੁਆਇਆ ਸੀ—ਸੰਪੂਰਣ ਮਨੁੱਖੀ ਜਾਨ। ਹੁਣ ਇਕ ਅਜਿਹਾ ਮਨੁੱਖ ਪੈਦਾ ਹੋਇਆ ਜੋ ਪਾਪ ਦੀ ਕੀਮਤ ਚੁਕਾ ਸਕਦਾ ਸੀ! ਅਤੇ ਯਿਸੂ ਨੇ ਨੀਸਾਨ 14, 33 ਸਾ.ਯੁ. ਵਿਚ ਠੀਕ ਇਹੀ ਕੀਤਾ ਸੀ। ਉਸ ਮਹੱਤਵਪੂਰਣ ਦਿਨ ਤੇ, ਯਿਸੂ ਨੇ ਆਪਣੇ ਵਿਰੋਧੀਆਂ ਦੇ ਹੱਥੀਂ ਆਪਣੇ ਆਪ ਨੂੰ ਮਰ ਲੈਣ ਦਿੱਤਾ, ਅਤੇ ਇਸ ਤਰ੍ਹਾਂ ਉਹ “ਬਰਾਬਰ ਦੀ ਰਿਹਾਈ-ਕੀਮਤ” ਬਣਿਆ।—1 ਤਿਮੋਥਿਉਸ 2:6, ਨਿ ਵ.
ਸੰਪੂਰਣ ਮਨੁੱਖੀ ਜਾਨ ਦੀ ਕੀਮਤ
12. (ੳ) ਯਿਸੂ ਦੀ ਮੌਤ ਅਤੇ ਆਦਮ ਦੀ ਮੌਤ ਵਿਚਕਾਰ ਮਹੱਤਵਪੂਰਣ ਫ਼ਰਕ ਦਾ ਵਰਣਨ ਕਰੋ। (ਅ) ਯਿਸੂ ਆਗਿਆਕਾਰ ਮਨੁੱਖਾਂ ਲਈ “ਅਨਾਦੀ ਪਿਤਾ” ਕਿਸ ਤਰ੍ਹਾਂ ਬਣਿਆ?
12 ਯਿਸੂ ਦੀ ਮੌਤ ਅਤੇ ਆਦਮ ਦੀ ਮੌਤ ਵਿਚ ਬਹੁਤ ਫ਼ਰਕ ਹੈ—ਇਕ ਅਜਿਹਾ ਫ਼ਰਕ ਜੋ ਰਿਹਾਈ-ਕੀਮਤ ਦੇ ਮੁੱਲ ਉੱਤੇ ਜ਼ੋਰ ਪਾਉਂਦਾ ਹੈ। ਆਦਮ ਨੂੰ ਮਰਨਾ ਚਾਹੀਦਾ ਸੀ ਕਿਉਂਕਿ ਉਸ ਨੇ ਜਾਣ-ਬੁੱਝ ਕੇ ਆਪਣੇ ਸ੍ਰਿਸ਼ਟੀਕਰਤਾ ਦੀ ਅਣਆਗਿਆਕਾਰੀ ਕੀਤੀ। (ਉਤਪਤ 2:16, 17) ਇਸ ਦੀ ਤੁਲਨਾ ਵਿਚ, ਯਿਸੂ ਨੂੰ ਬਿਲਕੁਲ ਨਹੀਂ ਮਰਨਾ ਚਾਹੀਦਾ ਸੀ ਕਿਉਂਕਿ ਉਸ ਨੇ “ਕੋਈ ਪਾਪ ਨਹੀਂ ਕੀਤਾ।” (1 ਪਤਰਸ 2:22) ਇਸ ਲਈ ਜਦੋਂ ਯਿਸੂ ਮਰਿਆ, ਉਸ ਕੋਲ ਇਕ ਬਹੁਤ ਕੀਮਤੀ ਚੀਜ਼ ਸੀ ਜੋ ਪਾਪੀ ਆਦਮ ਕੋਲ ਉਸ ਦੇ ਮਰਨ ਦੇ ਸਮੇਂ ਤੇ ਨਹੀਂ ਸੀ—ਸੰਪੂਰਣ ਮਨੁੱਖੀ ਜੀਵਨ ਦਾ ਹੱਕ। ਇਸ ਲਈ, ਯਿਸੂ ਦੀ ਮੌਤ ਦੀ ਕੀਮਤ ਬਲੀਦਾਨ-ਰੂਪੀ ਸੀ। ਇਕ ਆਤਮਿਕ ਵਿਅਕਤੀ ਦੇ ਰੂਪ ਵਿਚ ਸਵਰਗ ਨੂੰ ਚੜ੍ਹਨ ਤੇ, ਉਸ ਨੇ ਆਪਣੇ ਬਲੀਦਾਨ ਦੀ ਕੀਮਤ ਯਹੋਵਾਹ ਨੂੰ ਪੇਸ਼ ਕੀਤੀ। (ਇਬਰਾਨੀਆਂ 9:24) ਇਸ ਤਰ੍ਹਾਂ ਕਰਨ ਦੁਆਰਾ, ਯਿਸੂ ਨੇ ਪਾਪੀ ਮਨੁੱਖਜਾਤੀ ਨੂੰ ਖ਼ਰੀਦ ਲਿਆ ਅਤੇ ਆਦਮ ਦੇ ਬਦਲੇ ਉਨ੍ਹਾਂ ਦਾ ਨਵਾਂ ਪਿਤਾ ਬਣ ਗਿਆ। (1 ਕੁਰਿੰਥੀਆਂ 15:45) ਇਸ ਕਰਕੇ ਯਿਸੂ ਨੂੰ “ਅਨਾਦੀ ਪਿਤਾ” ਸੱਦਣਾ ਠੀਕ ਹੈ। (ਯਸਾਯਾਹ 9:6) ਜ਼ਰਾ ਸੋਚੋ ਇਸ ਦਾ ਅਰਥ ਕੀ ਹੈ! ਇਕ ਪਾਪੀ ਪਿਤਾ, ਆਦਮ, ਨੇ ਆਪਣੀ ਸਾਰੀ ਸੰਤਾਨ ਨੂੰ ਮੌਤ ਦਿੱਤੀ। ਇਕ ਸੰਪੂਰਣ ਪਿਤਾ, ਯਿਸੂ, ਆਗਿਆਕਾਰ ਮਨੁੱਖਾਂ ਨੂੰ ਸਦੀਪਕ ਜੀਵਨ ਦੇਣ ਲਈ ਆਪਣੇ ਬਲੀਦਾਨ ਦੀ ਕੀਮਤ ਇਸਤੇਮਾਲ ਕਰਦਾ ਹੈ।
13. (ੳ) ਉਦਾਹਰਣ ਦੇ ਕੇ ਸਮਝਾਓ ਕਿ ਯਿਸੂ ਨੇ ਉਸ ਕਰਜ਼ੇ ਨੂੰ ਕਿਵੇਂ ਚੁਕਾਇਆ ਜੋ ਆਦਮ ਨੇ ਲਿਆ ਸੀ? (ਅ) ਯਿਸੂ ਦਾ ਬਲੀਦਾਨ ਸਾਡੇ ਪਹਿਲੇ ਮਾਪਿਆਂ ਦੇ ਪਾਪ ਨੂੰ ਕਿਉਂ ਨਹੀਂ ਖ਼ਤਮ ਕਰਦਾ ਹੈ?
13 ਲੇਕਿਨ, ਸਿਰਫ਼ ਇਕ ਮਨੁੱਖ ਦੀ ਮੌਤ ਅਨੇਕਾਂ ਦੇ ਪਾਪਾਂ ਨੂੰ ਕਿਸ ਤਰ੍ਹਾਂ ਖ਼ਤਮ ਕਰ ਸਕਦੀ ਸੀ? (ਮੱਤੀ 20:28) ਕੁਝ ਸਾਲ ਪਹਿਲਾਂ ਇਕ ਲੇਖ ਵਿਚ, ਅਸੀਂ ਰਿਹਾਈ-ਕੀਮਤ ਬਾਰੇ ਉਦਾਹਰਣ ਦੇ ਕੇ ਇਸ ਤਰ੍ਹਾਂ ਸਮਝਾਇਆ ਸੀ: “ਕਲਪਨਾ ਕਰੋ ਇਕ ਵੱਡੀ ਫੈਕਟਰੀ ਵਿਚ ਸੈਂਕੜੇ ਮਜ਼ਦੂਰ ਕੰਮ ਕਰਦੇ ਹਨ। ਫੈਕਟਰੀ ਦਾ ਇਕ ਬੇਈਮਾਨ ਮੈਨੇਜਰ ਕਾਰੋਬਾਰ ਦਾ ਦਿਵਾਲ਼ਾ ਕੱਢ ਦਿੰਦਾ ਹੈ; ਅਤੇ ਫੈਕਟਰੀ ਬੰਦ ਹੋ ਜਾਂਦੀ ਹੈ। ਹੁਣ ਸੈਂਕੜੇ ਲੋਕਾਂ ਕੋਲ ਨੌਕਰੀ ਨਹੀਂ ਹੈ, ਅਤੇ ਉਹ ਆਪਣਾ ਗੁਜ਼ਾਰਾ ਨਹੀਂ ਤੋਰ ਸਕਦੇ। ਉਸ ਮੈਨੇਜਰ ਦੀ ਦੁਸ਼ਟਤਾ ਦੇ ਕਾਰਨ, ਉਨ੍ਹਾਂ ਦੀਆਂ ਘਰ ਵਾਲੀਆਂ, ਨਿਆਣੇ, ਅਤੇ ਲੈਣਦਾਰ ਸਾਰੇ ਤੰਗੀਆਂ ਕੱਟਦੇ ਹਨ! ਫਿਰ ਇਕ ਅਮੀਰ ਅਤੇ ਚੰਗਾ ਮਨੁੱਖ ਆਉਂਦਾ ਹੈ ਜੋ ਕੰਪਨੀ ਦਾ ਕਰਜ਼ਾ ਚੁਕਾ ਕੇ ਫੈਕਟਰੀ ਨੂੰ ਦੁਬਾਰਾ ਖੋਲ੍ਹ ਦਿੰਦਾ ਹੈ। ਇਸ ਤਰ੍ਹਾਂ, ਉਸ ਇਕ ਕਰਜ਼ੇ ਨੂੰ ਚੁਕਾਉਣ ਨਾਲ ਕਈ ਮਜ਼ਦੂਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਲੈਣਦਾਰਾਂ ਨੂੰ ਰਾਹਤ ਮਿਲਦੀ ਹੈ। ਲੇਕਿਨ ਕੀ ਉਸ ਪਹਿਲੇ ਮੈਨੇਜਰ ਨੂੰ ਇਸ ਨਵੇਂ ਸੁਖ ਦੇ ਲਾਭ ਮਿਲਣੇ ਚਾਹੀਦੇ ਹਨ? ਨਹੀਂ, ਉਹ ਜੇਲ੍ਹ ਵਿਚ ਹੈ ਅਤੇ ਹਮੇਸ਼ਾ ਲਈ ਆਪਣੀ ਨੌਕਰੀ ਤੋਂ ਕੱਢਿਆ ਗਿਆ ਹੈ! ਇਸੇ ਤਰ੍ਹਾਂ, ਆਦਮ ਦੇ ਇਕ ਕਰਜ਼ੇ ਨੂੰ ਚੁਕਾਉਣ ਨਾਲ ਉਸ ਦੇ ਕਰੋੜਾਂ ਬੱਚਿਆਂ ਨੂੰ ਲਾਭ ਮਿਲਦੇ ਹਨ—ਲੇਕਿਨ ਆਦਮ ਨੂੰ ਨਹੀਂ।”
14, 15. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਆਦਮ ਅਤੇ ਹੱਵਾਹ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ, ਅਤੇ ਸਾਡੀ ਹਾਲਤ ਉਨ੍ਹਾਂ ਦੀ ਹਾਲਤ ਤੋਂ ਕਿਵੇਂ ਭਿੰਨ ਹੈ?
14 ਇਹ ਇਨਸਾਫ਼ ਹੈ। ਯਾਦ ਕਰੋ ਕਿ ਆਦਮ ਅਤੇ ਹੱਵਾਹ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ। ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆ ਨਾ ਮੰਨਣ ਦਾ ਫ਼ੈਸਲਾ ਕੀਤਾ ਸੀ। ਲੇਕਿਨ ਅਸੀਂ ਪਾਪ ਵਿਚ ਪੈਦਾ ਹੋਏ ਹਾਂ। ਸਾਡੇ ਕੋਲ ਕੋਈ ਚੋਣ ਨਹੀਂ ਹੈ। ਅਸੀਂ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਅਸੀਂ ਪਾਪ ਕਰਨ ਤੋਂ ਨਹੀਂ ਬਚ ਸਕਦੇ। (1 ਯੂਹੰਨਾ 1:8) ਕਦੀ-ਕਦੀ ਅਸੀਂ ਸ਼ਾਇਦ ਪੌਲੁਸ ਵਾਂਗ ਮਹਿਸੂਸ ਕਰੀਏ, ਜਿਸ ਨੇ ਲਿਖਿਆ: “ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ। ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ। ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ!”—ਰੋਮੀਆਂ 7:21-24.
15 ਫਿਰ ਵੀ, ਰਿਹਾਈ-ਕੀਮਤ ਦੇ ਕਾਰਨ, ਸਾਡੇ ਕੋਲ ਉਮੀਦ ਹੈ! ਯਿਸੂ ਉਹ ਸੰਤਾਨ ਹੈ ਜਿਸ ਰਾਹੀਂ, ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:18; ਰੋਮੀਆਂ 8:20) ਯਿਸੂ ਦਾ ਬਲੀਦਾਨ ਉਨ੍ਹਾਂ ਵਾਸਤੇ ਅਦਭੁਤ ਲਾਭ ਲਿਆਉਂਦਾ ਹੈ ਜੋ ਉਸ ਉੱਤੇ ਨਿਹਚਾ ਰੱਖਦੇ ਹਨ। ਆਓ ਅਸੀਂ ਇਨ੍ਹਾਂ ਵਿੱਚੋਂ ਕੁਝ ਲਾਭਾਂ ਉੱਤੇ ਵਿਚਾਰ ਕਰੀਏ।
ਮਸੀਹ ਦੀ ਰਿਹਾਈ-ਕੀਮਤ ਤੋਂ ਲਾਭ ਉਠਾਉਣਾ
16. ਸਾਡੀ ਪਾਪੀ ਦਸ਼ਾ ਦੇ ਬਾਵਜੂਦ, ਯਿਸੂ ਦੀ ਰਿਹਾਈ-ਕੀਮਤ ਦੇ ਕਾਰਨ ਅਸੀਂ ਕਿਨ੍ਹਾਂ ਲਾਭਾਂ ਦਾ ਆਨੰਦ ਮਾਣ ਸਕਦੇ ਹਾਂ?
16 ਬਾਈਬਲ ਦੇ ਲਿਖਾਰੀ ਯਾਕੂਬ ਨੇ ਸਵੀਕਾਰ ਕੀਤਾ ਸੀ ਕਿ “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।” (ਯਾਕੂਬ 3:2) ਫਿਰ ਵੀ, ਮਸੀਹ ਦੀ ਰਿਹਾਈ-ਕੀਮਤ ਦੇ ਕਾਰਨ ਸਾਡੀਆਂ ਗ਼ਲਤੀਆਂ ਮਾਫ਼ ਕੀਤੀਆਂ ਜਾ ਸਕਦੀਆਂ ਹਨ। ਯੂਹੰਨਾ ਲਿਖਦਾ ਹੈ: “ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ। ਅਤੇ ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ।” (1 ਯੂਹੰਨਾ 2:1, 2) ਨਿਰਸੰਦੇਹ, ਸਾਨੂੰ ਪਾਪ ਦੀ ਗੰਭੀਰਤਾ ਨੂੰ ਤੁੱਛ ਨਹੀਂ ਸਮਝਣਾ ਚਾਹੀਦਾ। (ਯਹੂਦਾਹ 4. 1 ਕੁਰਿੰਥੀਆਂ 9:27 ਦੀ ਤੁਲਨਾ ਕਰੋ।) ਲੇਕਿਨ, ਜੇ ਅਸੀਂ ਗ਼ਲਤੀ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨਾਲ ਇਸ ਭਰੋਸੇ ਨਾਲ ਦਿਲ ਖੋਲ੍ਹ ਕੇ ਗੱਲ ਕਰ ਸਕਦੇ ਹਾਂ ਕਿ ਉਹ “ਮਾਫ਼ ਕਰਨ ਲਈ ਤਿਆਰ ਹੈ।” (ਜ਼ਬੂਰ 86:5, ਨਿ ਵ; 130:3, 4; ਯਸਾਯਾਹ 1:18; 55:7; ਰਸੂਲਾਂ ਦੇ ਕਰਤੱਬ 3:19) ਇਸ ਤਰ੍ਹਾਂ ਰਿਹਾਈ-ਕੀਮਤ ਸਾਡੇ ਲਈ ਇਕ ਸ਼ੁੱਧ ਅੰਤਹਕਰਣ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਸੰਭਵ ਬਣਾਉਂਦੀ ਹੈ, ਅਤੇ ਸਾਡੇ ਲਈ ਯਿਸੂ ਮਸੀਹ ਦੇ ਨਾਂ ਰਾਹੀਂ ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਨੇੜੇ ਜਾਣਾ ਮੁਮਕਿਨ ਬਣਾਉਂਦੀ ਹੈ।—ਯੂਹੰਨਾ 14:13, 14; ਇਬਰਾਨੀਆਂ 9:14.
17. ਰਿਹਾਈ-ਕੀਮਤ ਦੇ ਕਾਰਨ, ਭਵਿੱਖ ਵਿਚ ਕਿਹੜੀਆਂ ਬਰਕਤਾਂ ਮੁਮਕਿਨ ਹਨ?
17 ਮਸੀਹ ਦੀ ਰਿਹਾਈ-ਕੀਮਤ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਲਈ ਰਾਹ ਖੋਲ੍ਹਦੀ ਹੈ—ਕਿ ਆਗਿਆਕਾਰ ਮਨੁੱਖ ਸਹੋਣੇ ਬਾਗ਼ ਵਰਗੀ ਧਰਤੀ ਉੱਤੇ ਸਦਾ ਲਈ ਜੀਉਣ। (ਜ਼ਬੂਰ 37:29) ਪੌਲੁਸ ਨੇ ਲਿਖਿਆ: “ਕਿਉਂ ਜੋ ਪਰਮੇਸ਼ੁਰ ਦੀਆਂ ਪਰਤੱਗਿਆਂ ਭਾਵੇਂ ਕਿੰਨੀਆਂ ਹੀ ਹੋਣ ਉਸ [ਯਿਸੂ] ਵਿੱਚ ਹਾਂ ਹੀ ਹਾਂ ਹੈ।” (2 ਕੁਰਿੰਥੀਆਂ 1:20) ਇਹ ਸੱਚ ਹੈ ਕਿ ਮੌਤ ਨੇ “ਰਾਜ ਕੀਤਾ” ਹੈ। (ਰੋਮੀਆਂ 5:17) ਰਿਹਾਈ-ਕੀਮਤ ਦੇ ਆਧਾਰ ਤੇ ਪਰਮੇਸ਼ੁਰ ਇਸ ‘ਛੇਕੜਲੇ ਵੈਰੀ’ ਨੂੰ ਖ਼ਤਮ ਕਰ ਸਕਦਾ ਹੈ। (1 ਕੁਰਿੰਥੀਆਂ 15:26; ਪਰਕਾਸ਼ ਦੀ ਪੋਥੀ 21:4) ਯਿਸੂ ਦੀ ਰਿਹਾਈ-ਕੀਮਤ ਉਨ੍ਹਾਂ ਨੂੰ ਵੀ ਲਾਭ ਪਹੁੰਚਾ ਸਕਦੀ ਹੈ ਜੋ ਮਰ ਗਏ ਹਨ। “ਉਹ ਘੜੀ ਆਉਂਦੀ ਹੈ,” ਯਿਸੂ ਨੇ ਕਿਹਾ, “ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:28, 29; 1 ਕੁਰਿੰਥੀਆਂ 15:20-22.
18. ਪਾਪ ਦਾ ਮਨੁੱਖ ਉੱਤੇ ਕਿਹੜਾ ਦੁਖਦਾਇਕ ਪ੍ਰਭਾਵ ਪਿਆ ਹੈ, ਅਤੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਇਹ ਕਿਸ ਤਰ੍ਹਾਂ ਖ਼ਤਮ ਕੀਤਾ ਜਾਵੇਗਾ?
18 ਜ਼ਰਾ ਸੋਚੋ ਕਿ ਉਹ ਜੀਵਨ ਜੀਉਣਾ ਜਿਸ ਲਈ ਅਸੀਂ ਬਣਾਏ ਗਏ ਸਨ ਕਿੰਨਾ ਸੁਖਦਾਇਕ ਹੋਵੇਗਾ—ਉਨ੍ਹਾਂ ਚਿੰਤਾਵਾਂ ਤੋਂ ਮੁਕਤ ਜੋ ਅੱਜ ਸਾਡੇ ਉੱਤੇ ਬੋਝ ਪਾਉਂਦੀਆਂ ਹਨ! ਪਾਪ ਨੇ ਸਾਨੂੰ ਪਰਮੇਸ਼ੁਰ ਤੋਂ ਹੀ ਦੂਰ ਨਹੀਂ ਕੀਤਾ, ਪਰ ਸਾਨੂੰ ਸਾਡੇ ਮਨਾਂ, ਦਿਲਾਂ ਅਤੇ ਸਰੀਰਾਂ ਦੀ ਸੰਪੂਰਣਤਾ ਤੋਂ ਵੀ ਦੂਰ ਕੀਤਾ ਹੈ। ਫਿਰ ਵੀ, ਬਾਈਬਲ ਵਾਅਦਾ ਕਰਦੀ ਹੈ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ, “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਜੀ ਹਾਂ, ਉਦੋਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਕਦੀ ਵੀ ਮਨੁੱਖਜਾਤੀ ਨੂੰ ਨਹੀਂ ਸਤਾਉਣਗੀਆਂ। ਕਿਉਂ? ਯਸਾਯਾਹ ਜਵਾਬ ਦਿੰਦਾ ਹੈ: “ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਓਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।”—ਯਸਾਯਾਹ 33:24.
ਰਿਹਾਈ-ਕੀਮਤ—ਪ੍ਰੇਮ ਦਾ ਇਕ ਪ੍ਰਗਟਾਵਾ
19. ਸਾਨੂੰ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ ਮਸੀਹ ਦੀ ਰਿਹਾਈ-ਕੀਮਤ ਲਈ ਕਿਵੇਂ ਕਦਰ ਦਿਖਾਉਣੀ ਚਾਹੀਦੀ ਹੈ?
19 ਪ੍ਰੇਮ ਨੇ ਯਹੋਵਾਹ ਨੂੰ ਆਪਣੇ ਪਿਆਰੇ ਪੁੱਤਰ ਨੂੰ ਭੇਜਣ ਲਈ ਪ੍ਰੇਰਿਆ। (ਰੋਮੀਆਂ 5:8; 1 ਯੂਹੰਨਾ 4:9) ਇਸੇ ਤਰ੍ਹਾਂ, ਪ੍ਰੇਮ ਨੇ ਯਿਸੂ ਨੂੰ ‘ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖਣ’ ਲਈ ਪ੍ਰੇਰਿਆ। (ਇਬਰਾਨੀਆਂ 2:9; ਯੂਹੰਨਾ 15:13) ਫਿਰ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਨੇ ਕਿਉਂ ਲਿਖਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ . . . ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।” (2 ਕੁਰਿੰਥੀਆਂ 5:14, 15) ਜੇਕਰ ਅਸੀਂ ਯਿਸੂ ਦੇ ਕੀਤੇ ਦੀ ਕਦਰ ਕਰਦੇ ਹਾਂ, ਤਾਂ ਅਸੀਂ ਵੀ ਕੁਝ ਕਰਾਂਗੇ। ਆਖ਼ਰਕਾਰ, ਰਿਹਾਈ-ਕੀਮਤ ਸਾਨੂੰ ਮੌਤ ਤੋਂ ਛੁਟਕਾਰਾ ਦਿੰਦੀ ਹੈ! ਤਾਂ ਫਿਰ ਅਸੀਂ ਜ਼ਰੂਰ ਆਪਣੇ ਕੰਮਾਂ ਰਾਹੀਂ ਇਹ ਸੰਕੇਤ ਕਰਨਾ ਚਾਹਾਂਗੇ ਕਿ ਅਸੀਂ ਯਿਸੂ ਦੇ ਬਲੀਦਾਨ ਨੂੰ ਐਵੇਂ ਨਹੀਂ ਸਮਝਦੇ।—ਇਬਰਾਨੀਆਂ 10:29.
20. ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਯਿਸੂ ਦੇ “ਬਚਨ” ਦੀ ਪਾਲਣਾ ਕਰ ਸਕਦੇ ਹਾਂ?
20 ਅਸੀਂ ਰਿਹਾਈ-ਕੀਮਤ ਲਈ ਦਿਲੋਂ ਕਦਰਦਾਨੀ ਕਿਸ ਤਰ੍ਹਾਂ ਦਿਖਾ ਸਕਦੇ ਹਾਂ? ਯਿਸੂ ਨੇ ਆਪਣੀ ਗਿਰਫ਼ਤਾਰੀ ਤੋਂ ਕੁਝ ਦੇਰ ਪਹਿਲਾਂ ਕਿਹਾ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਬਚਨ ਦੀ ਪਾਲਨਾ ਕਰੇਗਾ।” (ਯੂਹੰਨਾ 14:23) ਯਿਸੂ ਦੇ “ਬਚਨ” ਵਿਚ ਇਹ ਹੁਕਮ ਸ਼ਾਮਲ ਹੈ ਕਿ ਅਸੀਂ ਜੋਸ਼ ਨਾਲ ਇਹ ਆਦੇਸ਼ ਪੂਰਾ ਕਰੀਏ: “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ।” (ਮੱਤੀ 28:19) ਯਿਸੂ ਦੀ ਆਗਿਆ ਦੀ ਪਾਲਣਾ ਕਰਨ ਦਾ ਮਤਲਬ ਇਹ ਵੀ ਹੈ ਕਿ ਅਸੀਂ ਆਪਣੇ ਅਧਿਆਤਮਿਕ ਭੈਣਾਂ-ਭਰਾਵਾਂ ਨੂੰ ਪ੍ਰੇਮ ਕਰੀਏ।—ਯੂਹੰਨਾ 13:34, 35.
21. ਸਾਨੂੰ 1 ਅਪ੍ਰੈਲ ਨੂੰ ਸਮਾਰਕ ਸਮਾਰੋਹ ਵਿਚ ਕਿਉਂ ਹਾਜ਼ਰ ਹੋਣਾ ਚਾਹੀਦਾ ਹੈ?
21 ਰਿਹਾਈ-ਕੀਮਤ ਲਈ ਕਦਰਦਾਨੀ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਮਸੀਹ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਣਾ ਹੈ, ਜੋ ਇਸ ਸਾਲ 1 ਅਪ੍ਰੈਲ ਨੂੰ ਹੋ ਰਿਹਾ ਹੈ।a ਇਸ ਸਮਾਰਕ ਵਿਚ ਹਾਜ਼ਰ ਹੋਣਾ ਵੀ ਯਿਸੂ ਦੇ “ਬਚਨ” ਦੀ ਪਾਲਣਾ ਕਰਨੀ ਹੈ ਕਿਉਂਕਿ ਜਦੋਂ ਉਸ ਨੇ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ ਸੀ, ਉਸ ਨੇ ਆਪਣੇ ਪੈਰੋਕਾਰਾਂ ਨੂੰ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਇਸ ਮਹੱਤਵਪੂਰਣ ਸਮਾਰੋਹ ਵਿਚ ਹਾਜ਼ਰ ਹੋਣ ਦੁਆਰਾ ਅਤੇ ਮਸੀਹ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਦੁਆਰਾ, ਅਸੀਂ ਆਪਣਾ ਦ੍ਰਿੜ੍ਹ ਵਿਸ਼ਵਾਸ ਦਿਖਾਵਾਂਗੇ ਕਿ ਯਿਸੂ ਦੀ ਰਿਹਾਈ-ਕੀਮਤ ਮੁਕਤੀ ਲਈ ਪਰਮੇਸ਼ੁਰ ਦਾ ਰਾਹ ਹੈ। ਸੱਚ-ਮੁੱਚ, “ਕਿਸੇ ਦੂਏ ਤੋਂ ਮੁਕਤੀ ਨਹੀਂ” ਆ ਸਕਦੀ ਹੈ।—ਰਸੂਲਾਂ ਦੇ ਕਰਤੱਬ 4:12.
[ਫੁਟਨੋਟ]
a ਇਸ ਸਾਲ 1 ਅਪ੍ਰੈਲ, ਨੀਸਾਨ 14, 33 ਸਾ.ਯੁ. ਨਾਲ ਮੇਲ ਖਾਂਦਾ ਹੈ, ਜਿਸ ਤਾਰੀਖ਼ ਤੇ ਯਿਸੂ ਮਰਿਆ ਸੀ। ਸਮਾਰਕ ਸਮਾਰੋਹ ਦੇ ਸਮੇਂ ਅਤੇ ਉਸ ਦੀ ਜਗ੍ਹਾ ਦਾ ਪਤਾ ਕਰਨ ਲਈ ਆਪਣੇ ਨੇੜੇ ਦੇ ਯਹੋਵਾਹ ਦੇ ਗਵਾਹਾਂ ਤੋਂ ਪੁੱਛੋ।
ਕੀ ਤੁਸੀਂ ਯਾਦ ਕਰ ਸਕਦੇ ਹੋ?
◻ ਮਨੁੱਖ ਆਪਣੇ ਪਾਪਾਂ ਲਈ ਪ੍ਰਾਸਚਿਤ ਕਿਉਂ ਨਹੀਂ ਕਰ ਸਕਦੇ?
◻ ਯਿਸੂ ਕਿਸ ਤਰੀਕੇ ਵਿਚ “ਬਰਾਬਰ ਦੀ ਰਿਹਾਈ-ਕੀਮਤ” ਹੈ?
◻ ਯਿਸੂ ਨੇ ਸੰਪੂਰਣ ਮਨੁੱਖੀ ਜੀਵਨ ਦਾ ਹੱਕ ਸਾਡੇ ਫ਼ਾਇਦੇ ਲਈ ਕਿਸ ਤਰ੍ਹਾਂ ਇਸਤੇਮਾਲ ਕੀਤਾ?
◻ ਮਸੀਹ ਦੀ ਰਿਹਾਈ-ਕੀਮਤ ਦੇ ਕਾਰਨ ਮਨੁੱਖਜਾਤੀ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
[ਸਫ਼ੇ 23 ਉੱਤੇ ਤਸਵੀਰ]
ਸਿਰਫ਼ ਇਕ ਸੰਪੂਰਣ ਮਨੁੱਖ ਜੋ ਆਦਮ ਦੇ ਬਰਾਬਰ ਸੀ, ਇਨਸਾਫ਼ ਦੀ ਤੱਕੜੀ ਦੇ ਪਲੜੇ ਬਰਾਬਰ ਕਰ ਸਕਦਾ ਸੀ
[ਸਫ਼ੇ 24 ਉੱਤੇ ਤਸਵੀਰ]
ਕਿਉਂਕਿ ਯਿਸੂ ਕੋਲ ਸੰਪੂਰਣ ਮਨੁੱਖੀ ਜੀਵਨ ਦਾ ਹੱਕ ਸੀ, ਉਸ ਦੀ ਮੌਤ ਦੀ ਕੀਮਤ ਬਲੀਦਾਨ-ਰੂਪੀ ਸੀ