ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 3/1 ਸਫ਼ੇ 19-24
  • ਆਪਣੀ ਸਿੱਖਿਆ ਵੱਲ ਲਗਾਤਾਰ ਧਿਆਨ ਦਿਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਸਿੱਖਿਆ ਵੱਲ ਲਗਾਤਾਰ ਧਿਆਨ ਦਿਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕਲੀਸਿਯਾ ਦੇ ਵਿਚ ਉਪਦੇਸ਼ਕ
  • ਵਿਸ਼ਵਾਸ ਕਰਨ ਲਈ ਕਾਇਲ ਕੀਤੇ ਗਏ
  • ਆਪਣੀ ਸਿੱਖਿਆ ਵੱਲ ਧਿਆਨ ਦੇਣਾ
  • ਪਰਮੇਸ਼ੁਰ ਦੇ ਬਚਨ ਦੇ ਸਿੱਖਿਆਰਥੀ
  • ਸਿਖਾਏ ਜਾਣ ਵਾਲਿਆਂ ਲਈ ਪ੍ਰੇਮ ਅਤੇ ਆਦਰ
  • ਉਨ੍ਹਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ
  • ਜੋਸ਼ੀਲੇ ਹੋਵੋ!
  • ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਯਿਸੂ ਦੀ ਰੀਸ ਕਰ ਕੇ ਪਿਆਰ ਨਾਲ ਸਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਮਸੀਹ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਦੂਜਿਆਂ ਦੀ ਕਿਵੇਂ ਮਦਦ ਕਰੀਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 3/1 ਸਫ਼ੇ 19-24

ਆਪਣੀ ਸਿੱਖਿਆ ਵੱਲ ਲਗਾਤਾਰ ਧਿਆਨ ਦਿਓ

“ਆਪਣੇ ਆਪ ਵੱਲ ਅਤੇ ਆਪਣੀ ਸਿੱਖਿਆ ਵੱਲ ਲਗਾਤਾਰ ਧਿਆਨ ਦੇ।” “ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।”—1 ਤਿਮੋਥਿਉਸ 4:16; ਨਿ ਵ.

1, 2. ਅੱਜ ਜ਼ੋਸ਼ੀਲੇ ਉਪਦੇਸ਼ਕਾਂ ਦੀ ਕਿਉਂ ਸਖ਼ਤ ਜ਼ਰੂਰਤ ਹੈ?

“ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਇਸ ਹੁਕਮ ਨੂੰ ਧਿਆਨ ਵਿਚ ਰੱਖਦੇ ਹੋਏ ਸਾਰਿਆਂ ਮਸੀਹੀਆਂ ਨੂੰ ਉਪਦੇਸ਼ਕ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਨੇਕਦਿਲ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਵਿਚ ਮਦਦ ਦੇਣ ਲਈ ਜੋਸ਼ੀਲੇ ਉਪਦੇਸ਼ਕਾਂ ਦੀ ਜ਼ਰੂਰਤ ਹੈ। (ਰੋਮੀਆਂ 13:11) ਪੌਲੁਸ ਰਸੂਲ ਨੇ ਜ਼ੋਰ ਦਿੱਤਾ: “ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ।” (2 ਤਿਮੋਥਿਉਸ 4:2) ਇਸ ਤਰ੍ਹਾਂ ਕਰਨ ਵਾਸਤੇ ਕਲੀਸਿਯਾ ਦੇ ਅੰਦਰ ਅਤੇ ਕਲੀਸਿਯਾ ਦੇ ਬਾਹਰ ਵੀ ਸਿੱਖਿਆ ਦੇਣੀ ਜ਼ਰੂਰੀ ਹੈ। ਜੀ ਹਾਂ, ਪ੍ਰਚਾਰ ਕਰਨ ਦੇ ਹੁਕਮ ਵਿਚ ਪਰਮੇਸ਼ੁਰ ਦੇ ਸੰਦੇਸ਼ ਦਾ ਐਲਾਨ ਕਰਨ ਤੋਂ ਇਲਾਵਾ ਕੁਝ ਹੋਰ ਵੀ ਜ਼ਰੂਰੀ ਹੈ। ਜੇਕਰ ਦਿਲਚਸਪੀ ਰੱਖਣ ਵਾਲਿਆਂ ਨੇ ਚੇਲੇ ਬਣਨਾ ਹੈ ਤਾਂ ਚੰਗੀ ਸਿਖਲਾਈ ਦੀ ਜ਼ਰੂਰਤ ਹੈ।

2 ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਲੋਕਾਂ ਉੱਤੇ ਦੁਨਿਆਵੀ ਫ਼ਲਸਫ਼ਿਆਂ ਅਤੇ ਝੂਠੀਆਂ ਸਿੱਖਿਆਵਾਂ ਦਾ ਗਹਿਰਾ ਪ੍ਰਭਾਵ ਪਿਆ ਹੈ। ਕਈਆਂ “ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ” ਅਤੇ ਉਹ ‘ਸੁੰਨ ਹੋ ਗਏ’ ਹਨ। (ਅਫ਼ਸੀਆਂ 4:18, 19) ਕੁਝ ਲੋਕਾਂ ਦੇ ਦੁੱਖ-ਭਰੇ ਜਜ਼ਬਾਤੀ ਜ਼ਖ਼ਮ ਹਨ। ਜੀ ਹਾਂ, ਲੋਕ ਸੱਚ-ਮੁੱਚ ਹੀ “ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ . . . ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ” ਹਨ। (ਮੱਤੀ 9:36) ਫਿਰ ਵੀ, ਸਿੱਖਿਆ ਦੇਣ ਦੀ ਕਲਾ ਵਰਤ ਕੇ ਅਸੀਂ ਨੇਕਦਿਲ ਲੋਕਾਂ ਨੂੰ ਲੋੜੀਂਦੀਆਂ ਤਬਦੀਲੀਆਂ ਕਰਨ ਵਿਚ ਮਦਦ ਦੇ ਸਕਦੇ ਹਾਂ।

ਕਲੀਸਿਯਾ ਦੇ ਵਿਚ ਉਪਦੇਸ਼ਕ

3. (ੳ) ਸਿਖਲਾਉਣ ਬਾਰੇ ਯਿਸੂ ਦੇ ਹੁਕਮ ਵਿਚ ਕੀ ਸ਼ਾਮਲ ਹੈ? (ਅ) ਕਲੀਸਿਯਾ ਵਿਚ ਸਿਖਾਉਣ ਦੀ ਪ੍ਰਮੁੱਖ ਜ਼ਿੰਮੇਵਾਰੀ ਕਿਨ੍ਹਾਂ ਦੀ ਹੈ?

3 ਘਰਾਂ ਵਿਚ ਬਾਈਬਲ ਦਾ ਅਧਿਐਨ ਕਰਨ ਦੇ ਪ੍ਰਬੰਧ ਰਾਹੀਂ ਲੱਖਾਂ ਲੋਕ ਨਿੱਜੀ ਸਿਖਲਾਈ ਹਾਸਲ ਕਰ ਰਹੇ ਹਨ। ਲੇਕਿਨ ਨਵੇਂ ਵਿਅਕਤੀਆਂ ਦੇ ਬਪਤਿਸਮੇ ਤੋਂ ਬਾਅਦ, ਉਨ੍ਹਾਂ ਨੂੰ “ਜੜ੍ਹਾਂ ਅਤੇ ਨੀਹਾਂ ਪੱਕੀਆਂ” ਕਰਨ ਲਈ ਅਗਾਂਹ ਹੋਰ ਮਦਦ ਦੀ ਜ਼ਰੂਰਤ ਹੁੰਦੀ ਹੈ। (ਅਫ਼ਸੀਆਂ 3:17, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਿਉ-ਜਿਉਂ ਅਸੀਂ ਮੱਤੀ 28:19, 20 ਵਿਚ ਦਰਜ ਕੀਤੇ ਗਏ ਯਿਸੂ ਦੇ ਹੁਕਮ ਦੀ ਪਾਲਣਾ ਕਰਦੇ ਹਾਂ ਅਤੇ ਨਵੇਂ ਵਿਅਕਤੀਆਂ ਨੂੰ ਯਹੋਵਾਹ ਦੇ ਸੰਗਠਨ ਵੱਲ ਨਿਰਦੇਸ਼ਿਤ ਕਰਦੇ ਹਾਂ, ਉਹ ਕਲੀਸਿਯਾ ਵਿਚ ਸਿਖਲਾਈ ਹਾਸਲ ਕਰਨ ਤੋਂ ਲਾਭ ਉਠਾਉਂਦੇ ਹਨ। ਅਫ਼ਸੀਆਂ 4:11-13 ਦੇ ਅਨੁਸਾਰ, ਮਨੁੱਖਾਂ ਨੂੰ “ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ” ਗਿਆ ਹੈ “ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ।” ਕਦੀ-ਕਦੀ, ਉਨ੍ਹਾਂ ਦੀ ਸਿੱਖਿਆ ਦੇਣ ਦੀ ਕਲਾ ਵਿਚ ‘ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇਣੀ, ਤਾੜਨਾ ਅਤੇ ਤਗੀਦ ਕਰਨਾ’ ਸ਼ਾਮਲ ਹੈ। (2 ਤਿਮੋਥਿਉਸ 4:2) ਉਪਦੇਸ਼ਕਾਂ ਦਾ ਕੰਮ ਇੰਨਾ ਮਹੱਤਵਪੂਰਣ ਸੀ ਕਿ ਕੁਰਿੰਥੀਆਂ ਨੂੰ ਲਿਖਣ ਵੇਲੇ, ਪੌਲੁਸ ਨੇ ਉਪਦੇਸ਼ਕਾਂ ਦਾ ਜ਼ਿਕਰ ਰਸੂਲਾਂ ਅਤੇ ਨਬੀਆਂ ਤੋਂ ਇਕਦਮ ਬਾਅਦ ਕੀਤਾ ਸੀ।—1 ਕੁਰਿੰਥੀਆਂ 12:28.

4. ਸਿਖਾਉਣ ਦੀ ਯੋਗਤਾ ਇਬਰਾਨੀਆਂ 10:24, 25 ਵਿਚ ਦਰਜ ਕੀਤੇ ਗਏ ਪੌਲੁਸ ਦੇ ਉਪਦੇਸ਼ ਨੂੰ ਮੰਨਣ ਵਿਚ ਸਾਡੀ ਕਿਸ ਤਰ੍ਹਾਂ ਮਦਦ ਕਰਦੀ ਹੈ?

4 ਇਹ ਸੱਚ ਹੈ ਕਿ ਸਾਰੇ ਮਸੀਹੀ, ਬਜ਼ੁਰਗਾਂ ਜਾਂ ਨਿਗਾਹਬਾਨਾਂ ਵਜੋਂ ਸੇਵਾ ਨਹੀਂ ਕਰਦੇ ਹਨ। ਫਿਰ ਵੀ, “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ” ਵਾਸਤੇ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। (ਇਬਰਾਨੀਆਂ 10:24, 25) ਸਭਾਵਾਂ ਤੇ ਇਸ ਤਰ੍ਹਾਂ ਕਰਨ ਦਾ ਮਤਲਬ ਹੈ ਦਿਲੋਂ ਚੰਗੀ ਤਰ੍ਹਾਂ ਤਿਆਰ ਕੀਤੀਆਂ ਗਈਆਂ ਟਿੱਪਣੀਆਂ ਦੇਣੀਆਂ ਜੋ ਦੂਸਰਿਆਂ ਨੂੰ ਮਜ਼ਬੂਤ ਅਤੇ ਉਤਸ਼ਾਹਿਤ ਕਰ ਸਕਦੀਆਂ ਹਨ। ਤਜਰਬੇਕਾਰ ਰਾਜ ਪ੍ਰਕਾਸ਼ਕ ਵੀ ‘ਸ਼ੁਭ ਕਰਮਾਂ ਲਈ ਉਭਾਰ’ ਸਕਦੇ ਹਨ ਜਦੋਂ ਉਹ ਨਵੇਂ ਵਿਅਕਤੀਆਂ ਨਾਲ ਖੇਤਰ ਸੇਵਕਾਈ ਵਿਚ ਹਿੱਸਾ ਲੈਂਦੇ ਸਮੇਂ ਆਪਣਾ ਗਿਆਨ ਅਤੇ ਆਪਣਾ ਤਜਰਬਾ ਉਨ੍ਹਾਂ ਨਾਲ ਸਾਂਝਾ ਕਰਦੇ ਹਨ। ਅਜਿਹਿਆਂ ਅਤੇ ਹੋਰ ਸਮਿਆਂ ਤੇ ਵੀ ਕੀਮਤੀ ਸਿਖਲਾਈ ਦਿੱਤੀ ਜਾ ਸਕਦੀ ਹੈ। ਮਿਸਾਲ ਲਈ, ਸਿਆਣੀਆਂ ਔਰਤਾਂ ਨੂੰ ਉਤੇਜਿਤ ਕੀਤਾ ਗਿਆ ਹੈ ਕਿ ਉਹ “ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।”—ਤੀਤੁਸ 2:3.

ਵਿਸ਼ਵਾਸ ਕਰਨ ਲਈ ਕਾਇਲ ਕੀਤੇ ਗਏ

5, 6. (ੳ) ਸੱਚੀ ਮਸੀਹੀਅਤ ਝੂਠੀ ਉਪਾਸਨਾ ਦੇ ਉਲਟ ਕਿਸ ਤਰ੍ਹਾਂ ਹੈ? (ਅ) ਬਜ਼ੁਰਗ ਨਵੇਂ ਵਿਅਕਤੀਆਂ ਨੂੰ ਸਮਝਦਾਰ ਫ਼ੈਸਲੇ ਕਰਨ ਵਿਚ ਕਿਸ ਤਰ੍ਹਾਂ ਮਦਦ ਦਿੰਦੇ ਹਨ?

5 ਸੱਚੀ ਮਸੀਹੀਅਤ ਝੂਠੇ ਧਰਮਾਂ ਦੇ ਬਿਲਕੁਲ ਉਲਟ ਹੈ, ਕਿਉਂਕਿ ਉਨ੍ਹਾਂ ਵਿੱਚੋਂ ਕਈ ਆਪਣਿਆਂ ਮੈਂਬਰਾਂ ਦੀ ਸੋਚਣੀ ਉੱਤੇ ਕਾਬੂ ਕਰਨਾ ਚਾਹੁੰਦੇ ਹਨ। ਜਦੋਂ ਯਿਸੂ ਧਰਤੀ ਤੇ ਸੀ ਤਾਂ ਧਾਰਮਿਕ ਆਗੂ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਬੋਝਲ ਰੀਤਾਂ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਹਰੇਕ ਪਹਿਲੂ ਨੂੰ ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਸਨ। (ਲੂਕਾ 11:46) ਈਸਾਈ-ਜਗਤ ਦਿਆਂ ਪਾਦਰੀਆਂ ਨੇ ਵੀ ਅਕਸਰ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ।

6 ਲੇਕਿਨ, ਸੱਚੀ ਉਪਾਸਨਾ ਇਕ ‘ਪਵਿਤਰ ਸੇਵਾ’ ਹੈ ਜੋ ਅਸੀਂ ਆਪਣੀ “ਤਰਕ-ਸ਼ਕਤੀ” ਨਾਲ ਕਰਦੇ ਹਾਂ। (ਰੋਮੀਆਂ 12:1, ਨਿ ਵ) ਯਹੋਵਾਹ ਦੇ ਸੇਵਕ ‘ਵਿਸ਼ਵਾਸ ਕਰਨ ਲਈ ਕਾਇਲ ਕੀਤੇ ਜਾਂਦੇ’ ਹਨ। (2 ਤਿਮੋਥਿਉਸ 3:14, ਨਿ ਵ) ਲੇਕਿਨ ਕਦੀ-ਕਦੀ, ਅਗਵਾਈ ਕਰਨ ਵਾਲਿਆਂ ਨੂੰ ਸ਼ਾਇਦ ਕੁਝ ਮਾਰਗ-ਦਰਸ਼ਣ ਅਤੇ ਸਿਧਾਂਤ ਕਾਇਮ ਕਰਨੇ ਪੈਣ ਤਾਂਕਿ ਕਲੀਸਿਯਾ ਦੇ ਸਾਰੇ ਕੰਮ ਆਸਾਨੀ ਨਾਲ ਕੀਤੇ ਜਾਣ। ਫਿਰ ਵੀ, ਸੰਗੀ ਮਸੀਹੀਆਂ ਲਈ ਫ਼ੈਸਲੇ ਕਰਨ ਦੀ ਬਜਾਇ, ਬਜ਼ੁਰਗ ਉਨ੍ਹਾਂ ਨੂੰ “ਭਲੇ ਬੁਰੇ ਦੀ ਜਾਚ” ਕਰਨੀ ਸਿਖਾਉਂਦੇ ਹਨ। (ਇਬਰਾਨੀਆਂ 5:14) ਬਜ਼ੁਰਗ ਮੁੱਖ ਤੌਰ ਤੇ ਕਲੀਸਿਯਾ ਨੂੰ ‘ਨਿਹਚਾ ਅਤੇ ਚੰਗੀ ਸਿੱਖਿਆ ਦੀਆਂ ਗੱਲਾਂ’ ਦੁਆਰਾ ਪਾਲ ਕੇ ਇਸ ਤਰ੍ਹਾਂ ਕਰਦੇ ਹਨ।—1 ਤਿਮੋਥਿਉਸ 4:6.

ਆਪਣੀ ਸਿੱਖਿਆ ਵੱਲ ਧਿਆਨ ਦੇਣਾ

7, 8. (ੳ) ਜਿਨ੍ਹਾਂ ਲੋਕਾਂ ਕੋਲ ਖ਼ਾਸ ਯੋਗਤਾਵਾਂ ਨਹੀਂ ਹਨ ਉਹ ਉਪਦੇਸ਼ਕਾਂ ਵਜੋਂ ਸੇਵਾ ਕਿਸ ਤਰ੍ਹਾਂ ਕਰ ਸਕਦੇ ਹਨ? (ਅ) ਕੀ ਸੰਕੇਤ ਕਰਦਾ ਹੈ ਕਿ ਇਕ ਚੰਗਾ ਉਪਦੇਸ਼ਕ ਬਣਨ ਲਈ ਨਿੱਜੀ ਜਤਨ ਦੀ ਜ਼ਰੂਰਤ ਹੈ?

7 ਲੇਕਿਨ, ਆਓ ਆਪਾਂ ਸਿਖਾਉਣ ਦੇ ਆਪਣੇ ਆਮ ਹੁਕਮ ਵੱਲ ਧਿਆਨ ਦੇਈਏ। ਕੀ ਇਸ ਕੰਮ ਵਿਚ ਹਿੱਸਾ ਲੈਣ ਲਈ ਕਿਸੇ ਖ਼ਾਸ ਕੁਸ਼ਲਤਾ, ਵਿੱਦਿਆ, ਜਾਂ ਯੋਗਤਾ ਦੀ ਜ਼ਰੂਰਤ ਹੈ? ਇਹ ਜ਼ਰੂਰੀ ਨਹੀਂ। ਆਮ ਤੌਰ ਤੇ, ਸੰਸਾਰ ਭਰ ਵਿਚ ਸਿਖਲਾਈ ਦਾ ਇਹ ਕੰਮ ਸਾਧਾਰਣ ਲੋਕਾਂ ਦੁਆਰਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀਆਂ ਯੋਗਤਾਵਾਂ ਇੰਨੀਆਂ ਖ਼ਾਸ ਨਹੀਂ ਹਨ। (1 ਕੁਰਿੰਥੀਆਂ 1:26-29) ਪੌਲੁਸ ਸਮਝਾਉਂਦਾ ਹੈ: “ਇਹ ਖ਼ਜ਼ਾਨਾ [ਸੇਵਕਾਈ] ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ [ਅਪੂਰਣ ਸਰੀਰਾਂ] ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।” (2 ਕੁਰਿੰਥੀਆਂ 4:7) ਸੰਸਾਰ ਭਰ ਵਿਚ ਇਸ ਰਾਜ-ਪ੍ਰਚਾਰ ਦੇ ਕੰਮ ਦੀ ਵੱਡੀ ਸਫ਼ਲਤਾ ਯਹੋਵਾਹ ਦੀ ਸ਼ਕਤੀ ਦਾ ਸਬੂਤ ਹੈ।!

8 ਫਿਰ ਵੀ, ਨਿੱਜੀ ਜਤਨ ਕਰਨਾ ਪੈਂਦਾ ਹੈ ਜੇਕਰ ਅਸੀਂ ‘ਅਜਿਹਾ ਕਾਰੀਗਰ ਠਹਿਰਣਾ ਹੈ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।’ (2 ਤਿਮੋਥਿਉਸ 2:15) ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਆਪਣੇ ਆਪ ਵੱਲ ਅਤੇ ਆਪਣੀ ਸਿੱਖਿਆ ਵੱਲ ਲਗਾਤਾਰ ਧਿਆਨ ਦੇ।” “ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:16; ਨਿ ਵ) ਤਾਂ ਫਿਰ ਇਕ ਵਿਅਕਤੀ ਆਪਣੀ ਸਿੱਖਿਆ ਵੱਲ ਕਿਸ ਤਰ੍ਹਾਂ ਧਿਆਨ ਦੇ ਸਕਦਾ ਹੈ, ਚਾਹੇ ਉਹ ਕਲੀਸਿਯਾ ਦੇ ਅੰਦਰ ਜਾਂ ਬਾਹਰ ਸਿਖਾ ਰਿਹਾ ਹੋਵੇ? ਕੀ ਇਸ ਤਰ੍ਹਾਂ ਕਰਨ ਲਈ ਖ਼ਾਸ ਕੁਸ਼ਲਤਾਵਾਂ ਜਾਂ ਸਿਖਾਉਣ ਦਿਆਂ ਤਰੀਕਿਆਂ ਵਿਚ ਮਾਹਰ ਹੋਣ ਦੀ ਲੋੜ ਹੈ?

9. ਕੁਦਰਤੀ ਯੋਗਤਾਵਾਂ ਨਾਲੋਂ ਜ਼ਿਆਦਾ ਜ਼ਰੂਰੀ ਕੀ ਹੈ?

9 ਆਪਣੇ ਪ੍ਰਸਿੱਧ ਪਹਾੜੀ ਉਪਦੇਸ਼ ਵਿਚ ਯਿਸੂ ਨੇ ਸਿਖਾਉਣ ਦੇ ਤਰੀਕਿਆਂ ਵਿਚ ਖ਼ਾਸ ਸਮਝ ਦਿਖਾਈ। ਜਦੋਂ ਉਹ ਗੱਲਾਂ ਕਰ ਹਟਿਆ ਸੀ, “ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।” (ਮੱਤੀ 7:28) ਇਹ ਸੱਚ ਹੈ ਕਿ ਸਾਡੇ ਵਿੱਚੋਂ ਕੋਈ ਵੀ ਯਿਸੂ ਵਾਂਗ ਨਹੀਂ ਸਿਖਾ ਸਕਦਾ। ਫਿਰ ਵੀ, ਚੰਗਾ ਉਪਦੇਸ਼ਕ ਬਣਨ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਬਹੁਤ ਹੀ ਵਧੀਆ ਬੋਲਣ ਵਾਲੇ ਹੋਈਏ। ਅੱਯੂਬ 12:7 ਦੇ ਅਨੁਸਾਰ, ‘ਡੰਗਰ’ ਅਤੇ ‘ਪੰਛੀ’ ਵੀ ਖਾਮੋਸ਼ੀ ਨਾਲ ਸਿਖਾ ਸਕਦੇ ਹਨ! ਸਾਡੀਆਂ ਕੁਦਰਤੀ ਯੋਗਤਾਵਾਂ ਜਾਂ ਕੁਸ਼ਲਤਾਵਾਂ ਦੇ ਨਾਲ-ਨਾਲ ਇਹ ਚੀਜ਼ ਖ਼ਾਸ ਮਹੱਤਤਾ ਰੱਖਦੀ ਹੈ ਕਿ ਅਸੀਂ “ਕੇਹੋ ਜੇਹੇ” ਵਿਅਕਤੀ ਹਾਂ। ਇਸ ਦਾ ਮਤਲਬ ਹੈ ਕਿ ਸੱਚਾਈ ਵਿਚ ਸਾਡੀਆਂ ਆਦਤਾਂ ਅਤੇ ਸਾਡੇ ਗੁਣ ਅਜਿਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਰੀਸ ਸਾਡੇ ਸਿੱਖਿਆਰਥੀ ਕਰ ਸਕਣ।—2 ਪਤਰਸ 3:11; ਲੂਕਾ 6:40.

ਪਰਮੇਸ਼ੁਰ ਦੇ ਬਚਨ ਦੇ ਸਿੱਖਿਆਰਥੀ

10. ਪਰਮੇਸ਼ੁਰ ਦੇ ਬਚਨ ਦੇ ਸਿੱਖਿਆਰਥੀ ਵਜੋਂ ਯਿਸੂ ਨੇ ਇਕ ਵਧੀਆ ਮਿਸਾਲ ਕਿਸ ਤਰ੍ਹਾਂ ਕਾਇਮ ਕੀਤੀ?

10 ਸ਼ਾਸਤਰ-ਸੰਬੰਧੀ ਸੱਚਾਈਆਂ ਦੇ ਚੰਗੇ ਉਪਦੇਸ਼ਕ ਨੂੰ ਪਰਮੇਸ਼ੁਰ ਦੇ ਬਚਨ ਦਾ ਸਿੱਖਿਆਰਥੀ ਹੋਣਾ ਚਾਹੀਦਾ ਹੈ। (ਰੋਮੀਆਂ 2:21) ਇਸ ਸੰਬੰਧ ਵਿਚ ਯਿਸੂ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਆਪਣੀ ਸੇਵਕਾਈ ਦੇ ਦੌਰਾਨ, ਯਿਸੂ ਨੇ ਇਬਰਾਨੀ ਸ਼ਾਸਤਰ ਦੀਆਂ ਲਗਭਗ ਅੱਧੀਆਂ ਪੋਥੀਆਂ ਵਿੱਚੋਂ ਹਵਾਲੇ ਦਿੱਤੇ ਸਨ ਜਾਂ ਉਨ੍ਹਾਂ ਵਿੱਚੋਂ ਵਿਚਾਰ ਪੇਸ਼ ਕੀਤੇ ਸਨ।a ਬਾਰਾਂ ਸਾਲ ਦੀ ਉਮਰ ਤੇ ਪਰਮੇਸ਼ੁਰ ਦੇ ਬਚਨ ਬਾਰੇ ਉਸ ਦੀ ਜਾਣਕਾਰੀ ਜ਼ਾਹਰ ਸੀ, ਜਦੋਂ ਉਹ “ਹੈਕਲ ਵਿੱਚ ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ” ਲੱਭਿਆ ਗਿਆ ਸੀ। (ਲੂਕਾ 2:46) ਇਕ ਬਾਲਗ ਵਜੋਂ, ਯਹੂਦੀ ਸਭਾ-ਘਰ ਵਿਚ ਜਾਣਾ ਯਿਸੂ ਦਾ ਦਸਤੂਰ ਹੁੰਦਾ ਸੀ, ਜਿੱਥੇ ਪਰਮੇਸ਼ੁਰ ਦਾ ਬਚਨ ਪੜ੍ਹਿਆ ਜਾਂਦਾ ਸੀ।—ਲੂਕਾ 4:16.

11. ਉਪਦੇਸ਼ਕ ਨੂੰ ਅਧਿਐਨ ਕਰਨ ਦੀਆਂ ਕਿਹੜੀਆਂ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ?

11 ਕੀ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਚਾਹ ਨਾਲ ਪੜ੍ਹਦੇ ਹੋ? ਇਸ ਵਿਚ ਖੋਜ ਕਰਨ ਨਾਲ ਤੁਸੀਂ ‘ਯਹੋਵਾਹ ਦੇ ਭੈ ਨੂੰ ਸਮਝੋਂਗੇ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੋਗੇ।’ (ਕਹਾਉਤਾਂ 2:4, 5) ਇਸ ਲਈ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪਾਓ। ਹਰ ਰੋਜ਼ ਪਰਮੇਸ਼ੁਰ ਦੇ ਬਚਨ ਵਿੱਚੋਂ ਥੋੜ੍ਹਾ ਜਿਹਾ ਪੜ੍ਹਨ ਦੀ ਕੋਸ਼ਿਸ਼ ਕਰੋ। (ਜ਼ਬੂਰ 1:2) ਜਦੋਂ ਵੀ ਤੁਹਾਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਰਸਾਲੇ ਮਿਲਦੇ ਹਨ ਤਾਂ ਉਨ੍ਹਾਂ ਦੇ ਹਰੇਕ ਅੰਕ ਨੂੰ ਪੜ੍ਹਨ ਦੀ ਆਦਤ ਬਣਾਓ। ਕਲੀਸਿਯਾ ਦੀਆਂ ਸਭਾਵਾਂ ਉੱਤੇ ਪੂਰਾ ਧਿਆਨ ਲਾਓ। ਚੰਗੀ ਤਰ੍ਹਾਂ ਖੋਜ ਕਰਨੀ ਸਿੱਖੋ। ‘ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕਰਨੀ’ ਸਿੱਖਣ ਦੁਆਰਾ, ਤੁਸੀਂ ਸਿਖਲਾਈ ਦਿੰਦੇ ਸਮੇਂ ਵਧਾ-ਚੜ੍ਹਾ ਕੇ ਗੱਲ ਨਹੀਂ ਕਰੋਗੇ ਅਤੇ ਨਾ ਹੀ ਗ਼ਲਤ-ਮਲਤ ਗੱਲਾਂ ਸਿਖਾਓਗੇ।—ਲੂਕਾ 1:3.

ਸਿਖਾਏ ਜਾਣ ਵਾਲਿਆਂ ਲਈ ਪ੍ਰੇਮ ਅਤੇ ਆਦਰ

12. ਯਿਸੂ ਦਾ ਆਪਣੇ ਚੇਲਿਆਂ ਪ੍ਰਤੀ ਕੀ ਰਵੱਈਆ ਸੀ?

12 ਸਿਖਾਏ ਜਾਣ ਵਾਲੇ ਪ੍ਰਤੀ ਸਾਡਾ ਰਵੱਈਆ ਵੀ ਮਹੱਤਵਪੂਰਣ ਹੈ। ਫ਼ਰੀਸੀ ਯਿਸੂ ਦੀਆਂ ਗੱਲਾਂ ਸੁਣਨ ਵਾਲਿਆਂ ਲੋਕਾਂ ਨਾਲ ਨਫ਼ਰਤ ਕਰਦੇ ਸਨ। ਉਹ ਕਹਿੰਦੇ ਸਨ ਕਿ “ਲਾਨਤ ਹੈ ਇਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ ਨੂੰ ਨਹੀਂ ਜਾਣਦੇ ਹਨ!” (ਯੂਹੰਨਾ 7:49) ਲੇਕਿਨ ਯਿਸੂ ਆਪਣੇ ਚੇਲਿਆਂ ਨਾਲ ਗਹਿਰਾ ਪ੍ਰੇਮ ਰੱਖਦਾ ਸੀ ਅਤੇ ਉਨ੍ਹਾਂ ਦਾ ਆਦਰ ਕਰਦਾ ਸੀ। ਉਸ ਨੇ ਕਿਹਾ: “ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।” (ਯੂਹੰਨਾ 15:15) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਚੇਲਿਆਂ ਨੂੰ ਸਿਖਲਾਈ ਦਾ ਆਪਣਾ ਕੰਮ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ।

13. ਪੌਲੁਸ ਉਨ੍ਹਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ ਜਿਨ੍ਹਾਂ ਨੂੰ ਉਹ ਸਿਖਾਉਂਦਾ ਸੀ?

13 ਮਿਸਾਲ ਲਈ, ਪੌਲੁਸ ਨੇ ਆਪਣਿਆਂ ਸਿੱਖਿਆਰਥੀਆਂ ਨਾਲ ਇਕ ਰੁੱਖਾ ਜਾਂ ਡਾਢਾ ਰਿਸ਼ਤਾ ਨਹੀਂ ਸੀ ਰੱਖਿਆ। ਉਸ ਨੇ ਕੁਰਿੰਥੀਆਂ ਨੂੰ ਦੱਸਿਆ: “ਭਾਵੇਂ ਹੀ ਮਸੀਹ ਵਿੱਚ ਦਸ ਹਜ਼ਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ।” (1 ਕੁਰਿੰਥੀਆਂ 4:15) ਕਦੀ-ਕਦੀ ਪੌਲੁਸ ਨੇ ਉਨ੍ਹਾਂ ਨੂੰ ਰੋ ਰੋ ਕੇ ਚੇਤਾਵਨੀਆਂ ਦਿੱਤੀਆਂ, ਜਿਨ੍ਹਾਂ ਨੂੰ ਉਹ ਸਿਖਲਾ ਰਿਹਾ ਸੀ! (ਰਸੂਲਾਂ ਦੇ ਕਰਤੱਬ 20:31) ਉਸ ਨੇ ਬਹੁਤ ਧੀਰਜ ਅਤੇ ਦਿਆਲਤਾ ਵੀ ਦਿਖਾਈ। ਇਸ ਲਈ ਉਹ ਥੱਸਲੁਨੀਕੀਆਂ ਨੂੰ ਦੱਸ ਸਕਦਾ ਸੀ: “ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ [ਜਾਂ, ਕੋਮਲ] ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।”—1 ਥੱਸਲੁਨੀਕੀਆਂ 2:7.

14. ਆਪਣੇ ਬਾਈਬਲ ਦਿਆਂ ਸਿੱਖਿਆਰਥੀਆਂ ਵਿਚ ਨਿੱਜੀ ਦਿਲਚਸਪੀ ਰੱਖਣੀ ਕਿਉਂ ਮਹੱਤਵਪੂਰਣ ਹੈ? ਉਦਾਹਰਣ ਦਿਓ।

14 ਕੀ ਤੁਸੀਂ ਯਿਸੂ ਅਤੇ ਪੌਲੁਸ ਦੀ ਰੀਸ ਕਰਦੇ ਹੋ? ਸਾਡੇ ਸਿੱਖਿਆਰਥੀ ਲਈ ਸਾਡਾ ਸੱਚਾ ਪ੍ਰੇਮ, ਸਾਡੀ ਕਿਸੇ ਵੀ ਕੁਦਰਤੀ ਯੋਗਤਾ ਦੀ ਕਮੀ ਨੂੰ ਢੱਕ ਸਕਦਾ ਹੈ। ਕੀ ਸਾਡੇ ਸਿੱਖਿਆਰਥੀ ਮਹਿਸੂਸ ਕਰਦੇ ਹਨ ਕਿ ਅਸੀਂ ਉਨ੍ਹਾਂ ਵਿਚ ਨਿੱਜੀ ਤੌਰ ਤੇ ਸੱਚੀ ਦਿਲਚਸਪੀ ਰੱਖਦੇ ਹਾਂ? ਕੀ ਅਸੀਂ ਉਨ੍ਹਾਂ ਨੂੰ ਜਾਣਨ ਵਿਚ ਸਮਾਂ ਲਗਾਉਂਦੇ ਹਾਂ? ਇਕ ਮਸੀਹੀ ਭੈਣ ਆਪਣੀ ਸਿੱਖਿਆਰਥਣ ਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਮਦਦ ਦੇਣੀ ਔਖੀ ਪਾ ਰਹੀ ਸੀ। ਉਸ ਨੇ ਦਿਆਲਤਾ ਨਾਲ ਪੁੱਛਿਆ: “ਕੀ ਗੱਲ ਹੈ, ਕੀ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਹੈ?” ਉਸ ਔਰਤ ਨੇ ਦਿਲ ਖੋਲ੍ਹ ਕੇ ਗੱਲ ਕੀਤੀ, ਅਤੇ ਕਈਆਂ ਚਿੰਤਾਵਾਂ ਬਾਰੇ ਦੱਸਿਆ। ਉਸ ਔਰਤ ਦੇ ਲਈ ਉਹ ਪ੍ਰੇਮਪੂਰਣ ਗੱਲਬਾਤ ਇਕ ਮਹੱਤਵਪੂਰਣ ਮੋੜ ਸਾਬਤ ਹੋਈ। ਅਜਿਹਿਆਂ ਮਾਮਲਿਆਂ ਤੇ ਬਾਈਬਲ ਵਿੱਚੋਂ ਦਿਲਾਸੇ ਭਰੇ ਅਤੇ ਉਤਸ਼ਾਹਿਤ ਕਰਨ ਵਾਲੇ ਖ਼ਿਆਲ ਅਤੇ ਸ਼ਬਦ ਉਚਿਤ ਹਨ। (ਰੋਮੀਆਂ 15:4) ਲੇਕਿਨ, ਸਾਡੇ ਲਈ ਇਕ ਨਸੀਹਤ ਹੈ: ਭਾਵੇਂ ਕਿ ਬਾਈਬਲ ਦਾ ਕੋਈ ਸਿੱਖਿਆਰਥੀ ਛੇਤੀ ਤਰੱਕੀ ਕਰ ਰਿਹਾ ਹੋਵੇ, ਉਸ ਦੀਆਂ ਸ਼ਾਇਦ ਕੁਝ ਗ਼ੈਰ-ਮਸੀਹੀ ਆਦਤਾਂ ਹੋਣ ਜਿਨ੍ਹਾਂ ਉੱਤੇ ਉਸ ਨੇ ਅਜੇ ਕਾਬੂ ਨਹੀਂ ਪਾਇਆ ਹੋਵੇ। ਇਸ ਲਈ ਉਸ ਵਿਅਕਤੀ ਨਾਲ ਬਹੁਤ ਜ਼ਿਆਦਾ ਮਿਲਣਾ-ਵਰਤਣਾ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ। ਉਚਿਤ ਮਸੀਹੀ ਹੱਦਾਂ ਕਾਇਮ ਰੱਖੀਆਂ ਜਾਣੀਆਂ ਚਾਹੀਦੀਆਂ ਹਨ।—1 ਕੁਰਿੰਥੀਆਂ 15:33.

15. ਅਸੀਂ ਆਪਣੇ ਬਾਈਬਲ ਦਿਆਂ ਸਿੱਖਿਆਰਥੀਆਂ ਲਈ ਆਦਰ ਕਿਸ ਤਰ੍ਹਾਂ ਦਿਖਾ ਸਕਦੇ ਹਾਂ?

15 ਆਪਣੇ ਸਿੱਖਿਆਰਥੀਆਂ ਦਾ ਆਦਰ ਕਰਨ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਉਨ੍ਹਾਂ ਦੀਆਂ ਨਿੱਜੀ ਜ਼ਿੰਦਗੀਆਂ ਨੂੰ ਕੰਟ੍ਰੋਲ ਕਰਨ ਦੀ ਕੋਸ਼ਿਸ਼ ਨਾ ਕਰੀਏ। (1 ਥੱਸਲੁਨੀਕੀਆਂ 4:11) ਮਿਸਾਲ ਲਈ, ਜਿਸ ਤਰ੍ਹਾਂ ਕਿ ਕਈ ਦੇਸ਼ਾਂ ਵਿਚ ਹੈ, ਅਸੀਂ ਸ਼ਾਇਦ ਕਿਸੇ ਔਰਤ ਨਾਲ ਸਟੱਡੀ ਕਰਦੇ ਹੋਈਏ ਜੋ ਵਿਆਹ ਕੀਤੇ ਬਿਨਾਂ ਇਕ ਆਦਮੀ ਨਾਲ ਰਹਿੰਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੇ ਬੱਚੇ ਵੀ ਹੋਣ। ਪਰਮੇਸ਼ੁਰ ਬਾਰੇ ਸਹੀ ਗਿਆਨ ਹਾਸਲ ਕਰਨ ਕਾਰਨ ਔਰਤ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੇ ਸਿਧਾਤਾਂ ਅਨੁਸਾਰ ਲਿਆਉਣਾ ਚਾਹੁੰਦੀ ਹੈ। (ਇਬਰਾਨੀਆਂ 13:4) ਕੀ ਉਸ ਨੂੰ ਉਸ ਆਦਮੀ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ ਜਾਂ ਉਸ ਤੋਂ ਜੁਦਾ ਹੋ ਜਾਣਾ ਚਾਹੀਦਾ ਹੈ? ਅਸੀਂ ਸ਼ਾਇਦ ਇਸ ਤਰ੍ਹਾਂ ਮਹਿਸੂਸ ਕਰੀਏ ਕਿ ਅਜਿਹੇ ਆਦਮੀ ਨਾਲ ਵਿਆਹ ਕਰਵਾਉਣਾ, ਜਿਸ ਨੂੰ ਸੱਚਾਈ ਵਿਚ ਬਹੁਤ ਥੋੜ੍ਹੀ ਜਾਂ ਕੋਈ ਵੀ ਦਿਲਚਸਪੀ ਨਹੀਂ ਹੈ, ਉਸ ਦੀ ਤਰੱਕੀ ਵਿਚ ਰੁਕਾਵਟ ਪਾਵੇਗਾ? ਦੂਸਰੇ ਪਾਸੇ, ਅਸੀਂ ਸ਼ਾਇਦ ਬੱਚਿਆਂ ਦੀ ਭਲਾਈ ਬਾਰੇ ਫ਼ਿਕਰ ਕਰਦੇ ਹੋਏ ਸੋਚਦੇ ਹਾਂ ਕਿ ਉਨ੍ਹਾਂ ਦੀ ਖ਼ਾਤਰ ਚੰਗਾ ਹੋਵੇਗਾ ਜੇ ਉਹ ਉਸ ਨਾਲ ਵਿਆਹ ਕਰਵਾ ਲਵੇ। ਕਿਸੇ ਵੀ ਹਾਲ ਵਿਚ, ਅਜਿਹੇ ਮਾਮਲਿਆਂ ਬਾਰੇ ਸਿੱਖਿਆਰਥੀ ਦੀ ਜ਼ਿੰਦਗੀ ਵਿਚ ਦਖ਼ਲ ਦੇਣਾ ਅਤੇ ਆਪਣੀ ਰਾਇ ਮੰਨਣ ਲਈ ਉਸ ਉੱਤੇ ਜ਼ੋਰ ਪਾਉਣਾ ਉਸ ਲਈ ਆਦਰ ਅਤੇ ਪ੍ਰੇਮ ਨਹੀਂ ਦਿਖਾਉਂਦਾ। ਆਖ਼ਰਕਾਰ, ਉਸ ਨੂੰ ਹੀ ਆਪਣੇ ਫ਼ੈਸਲੇ ਦੇ ਨਤੀਜਿਆਂ ਨਾਲ ਜੀਉਣਾ ਪੈਣਾ ਹੈ। ਤਾਂ ਫਿਰ ਕੀ ਸਭ ਤੋਂ ਬਿਹਤਰ ਇਹ ਨਹੀਂ ਹੋਵੇਗਾ ਕਿ ਅਸੀਂ ਅਜਿਹੇ ਸਿੱਖਿਆਰਥੀ ਨੂੰ ਉਸ ਦੀ “ਤਰਕ-ਸ਼ਕਤੀ” ਇਸਤੇਮਾਲ ਕਰਨੀ ਅਤੇ ਖ਼ੁਦ ਆਪਣਾ ਫ਼ੈਸਲਾ ਕਰਨਾ ਸਿਖਲਾਈਏ?—ਇਬਰਾਨੀਆਂ 5:14.

16. ਪਰਮੇਸ਼ੁਰ ਦੇ ਇੱਜੜ ਲਈ ਬਜ਼ੁਰਗ ਪ੍ਰੇਮ ਅਤੇ ਆਦਰ ਕਿਸ ਤਰ੍ਹਾਂ ਦਿਖਾ ਸਕਦੇ ਹਨ?

16 ਕਲੀਸਿਯਾ ਦੇ ਬਜ਼ੁਰਗਾਂ ਲਈ ਖ਼ਾਸ ਕਰਕੇ ਮਹੱਤਵਪੂਰਣ ਹੈ ਕਿ ਉਹ ਇੱਜੜ ਨਾਲ ਪ੍ਰੇਮ ਰੱਖਣ ਅਤੇ ਉਨ੍ਹਾਂ ਦਾ ਆਦਰ ਕਰਨ। ਫਿਲੇਮੋਨ ਨੂੰ ਲਿਖਦੇ ਹੋਏ ਪੌਲੁਸ ਨੇ ਕਿਹਾ: “ਸੋ ਭਾਵੇਂ ਮਸੀਹ ਵਿੱਚ ਮੈਨੂੰ ਦਿਲੇਰੀ ਤਾਂ ਬਹੁਤ ਹੈ ਭਈ ਜੋ ਕੁਝ ਜੋਗ ਹੈ ਉਹ ਦਾ ਤੈਨੂੰ ਹੁਕਮ ਕਰਾਂ। ਪਰ ਪ੍ਰੇਮ ਦਾ ਵਾਸਤਾ ਪਾ ਕੇ ਮੈਂ . . . ਬੇਨਤੀ ਕਰਦਾ ਹਾਂ।” (ਫਿਲੇਮੋਨ 8, 9) ਕਦੀ-ਕਦੀ, ਕਲੀਸਿਯਾ ਵਿਚ ਨਿਰਾਸ਼ ਕਰਨ ਵਾਲੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਤੇ ਸ਼ਾਇਦ ਕਦੀ-ਕਦੀ ਸਖ਼ਤੀ ਦੀ ਵੀ ਜ਼ਰੂਰਤ ਪਵੇ। ਪੌਲੁਸ ਨੇ ਤੀਤੁਸ ਨੂੰ ਕਿਹਾ: “ਤੂੰ [ਗ਼ਲਤੀ ਕਰਨ ਵਾਲਿਆਂ] ਨੂੰ ਕਰੜਾਈ ਨਾਲ ਝਿੜਕ ਦੇਈਂ ਭਈ ਓਹ ਨਿਹਚਾ ਵਿੱਚ ਪੱਕੇ ਹੋਣ।” (ਤੀਤੁਸ 1:13) ਫਿਰ ਵੀ, ਨਿਗਾਹਬਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਦੀ ਵੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਬੇਰਹਿਮੀ ਨਾਲ ਗੱਲ ਨਾ ਕਰਨ। “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ” ਪੌਲੁਸ ਨੇ ਲਿਖਿਆ, “ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ।”—2 ਤਿਮੋਥਿਉਸ 2:24; ਜ਼ਬੂਰ 141:3.

17. ਮੂਸਾ ਨੇ ਕਿਹੜੀ ਗ਼ਲਤੀ ਕੀਤੀ ਸੀ, ਅਤੇ ਬਜ਼ੁਰਗ ਉਸ ਤੋਂ ਕੀ ਸਿੱਖ ਸਕਦੇ ਹਨ?

17 ਨਿਗਾਹਬਾਨਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਲਗਾਤਾਰ ਯਾਦ ਕਰਵਾਉਣ ਕਿ ਉਹ ‘ਪਰਮੇਸ਼ੁਰ ਦੇ ਇੱਜੜ’ ਦੀ ਦੇਖ-ਭਾਲ ਕਰ ਰਹੇ ਹਨ। (1 ਪਤਰਸ 5:2) ਭਾਵੇਂ ਕਿ ਮੂਸਾ ਬਹੁਤ ਨਿਮਰ ਸੀ, ਉਸ ਨੇ ਥੋੜ੍ਹੇ ਚਿਰ ਲਈ ਇਸ ਤਰ੍ਹਾਂ ਹੋਣਾ ਛੱਡ ਦਿੱਤਾ ਸੀ। ਇਸਰਾਏਲੀਆਂ ਨੇ ‘ਉਸ ਨੂੰ ਅਕਾ ਦਿੱਤਾ, ਤਾਂ ਈ ਉਸ ਨੇ ਆਪਣੇ ਬੁੱਲ੍ਹਾਂ ਤੋਂ ਕੁਵੱਲੀਆਂ ਗੱਲਾਂ ਕੱਢੀਆਂ।’ (ਜ਼ਬੂਰ 106:33) ਆਪਣੇ ਇੱਜੜ ਨਾਲ ਇਸ ਬੁਰੇ ਵਰਤਾਉ ਦੇ ਕਾਰਨ ਪਰਮੇਸ਼ੁਰ ਮੂਸਾ ਨਾਲ ਬਹੁਤ ਨਾਖ਼ੁਸ਼ ਸੀ, ਭਾਵੇਂ ਕਿ ਇਸਰਾਏਲੀ ਵੀ ਦੋਸ਼ੀ ਸਨ। (ਗਿਣਤੀ 20:2-12) ਜਦੋਂ ਬਜ਼ੁਰਗਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਅੱਜ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਸੂਝ ਅਤੇ ਦਿਆਲਤਾ ਨਾਲ ਸਿਖਾਉਣ ਅਤੇ ਹਿਦਾਇਤ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਭੈਣਾਂ-ਭਰਾਵਾਂ ਉੱਤੇ ਉਦੋਂ ਚੰਗਾ ਅਸਰ ਪੈਂਦਾ ਹੈ ਜਦੋਂ ਲਿਹਾਜ਼ ਨਾਲ ਉਨ੍ਹਾਂ ਨਾਲ ਅਜਿਹੇ ਵਿਅਕਤੀਆਂ ਵਜੋਂ ਸਲੂਕ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਨਾ ਕਿ ਅਜਿਹੇ ਵਿਅਕਤੀਆਂ ਵਜੋਂ ਜੋ ਕਦੀ ਵੀ ਨਹੀਂ ਸੁਧਰਨਗੇ। ਬਜ਼ੁਰਗਾਂ ਨੂੰ ਉਸੇ ਤਰ੍ਹਾਂ ਦਾ ਚੰਗਾ ਨਜ਼ਰੀਆ ਰੱਖਣਾ ਚਾਹੀਦਾ ਹੈ ਜੋ ਪੌਲੁਸ ਰੱਖਦਾ ਸੀ ਜਦੋਂ ਉਸ ਨੇ ਕਿਹਾ: “ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਭਈ ਜੋ ਕੁਝ ਅਸੀਂ ਹੁਕਮ ਦਿੰਦੇ ਹਾਂ ਸੋ ਤੁਸੀਂ ਕਰਦੇ ਹੋ ਨਾਲੇ ਕਰੋਗੇ ਭੀ।”—2 ਥੱਸਲੁਨੀਕੀਆਂ 3:4.

ਉਨ੍ਹਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ

18, 19. (ੳ) ਸਾਨੂੰ ਬਾਈਬਲ ਦਿਆਂ ਉਨ੍ਹਾਂ ਸਿੱਖਿਆਰਥੀਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਕਿਵੇਂ ਦੇਣਾ ਚਾਹੀਦਾ ਹੈ ਜਿਹੜੇ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ ਜਾਂ ਜਲਦੀ ਸਮਝ ਨਹੀਂ ਸਕਦੇ ਹਨ? (ਅ) ਅਸੀਂ ਉਨ੍ਹਾਂ ਸਿੱਖਿਆਰਥੀਆਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ ਜਿਨ੍ਹਾਂ ਨੂੰ ਖ਼ਾਸ ਸਿਧਾਂਤ ਸਵੀਕਾਰ ਕਰਨੇ ਔਖੇ ਲੱਗਦੇ ਹਨ?

18 ਇਕ ਚੰਗਾ ਉਪਦੇਸ਼ਕ ਆਪਣੇ ਸਿੱਖਿਆਰਥੀ ਦੀਆਂ ਯੋਗਤਾਵਾਂ ਅਤੇ ਸੀਮਾਵਾਂ ਦੇ ਅਨੁਸਾਰ ਚੱਲਣ ਲਈ ਤਿਆਰ ਹੁੰਦਾ ਹੈ। (ਯੂਹੰਨਾ 16:12 ਦੀ ਤੁਲਨਾ ਕਰੋ।) ਤੋੜਿਆਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਵਿਚ, ਮਾਲਕ ਨੇ “ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ” ਵਿਸ਼ੇਸ਼-ਅਧਿਕਾਰ ਦਿੱਤੇ ਸਨ। (ਮੱਤੀ 25:15) ਅਸੀਂ ਵੀ ਇਸ ਨਮੂਨੇ ਅਨੁਸਾਰ ਚੱਲ ਸਕਦੇ ਹਾਂ ਜਦੋਂ ਅਸੀਂ ਕਿਸੇ ਨਾਲ ਬਾਈਬਲ ਦਾ ਅਧਿਐਨ ਕਰਦੇ ਹਾਂ। ਇਹ ਸੱਚ ਹੈ ਕਿ ਅਸੀਂ ਸ਼ਾਇਦ ਥੋੜ੍ਹੇ ਹੀ ਸਮੇਂ ਵਿਚ ਇਕ ਬਾਈਬਲ-ਆਧਾਰਿਤ ਪ੍ਰਕਾਸ਼ਨ ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਲੇਕਿਨ, ਇਹ ਗੱਲ ਸਵੀਕਾਰ ਕਰਨ ਦੀ ਲੋੜ ਹੈ ਕਿ ਸਾਰੇ ਲੋਕ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ ਜਾਂ ਛੇਤੀ-ਛੇਤੀ ਨਵੀਆਂ ਗੱਲਾਂ ਸਮਝ ਨਹੀਂ ਸਕਦੇ ਹਨ। ਇਸ ਲਈ, ਜੇਕਰ ਸਾਡਾ ਸਿੱਖਿਆਰਥੀ ਤੇਜ਼ ਰਫ਼ਤਾਰ ਦੇ ਅਧਿਐਨ ਨੂੰ ਚੰਗੀ ਤਰ੍ਹਾਂ ਸਮਝਣਾ ਮੁਸ਼ਕਲ ਪਾਉਂਦਾ ਹੈ ਤਾਂ ਸਾਨੂੰ ਸਮਝ ਦਿਖਾਉਣੀ ਚਾਹੀਦੀ ਹੈ ਕਿ ਅਧਿਐਨ ਵਿਚ ਇਕ ਨੁਕਤੇ ਤੋਂ ਦੂਸਰੇ ਨੁਕਤੇ ਵੱਲ ਧਿਆਨ ਕਦੋਂ ਦੇਣਾ ਚਾਹੀਦਾ ਹੈ। ਥੋੜ੍ਹੇ ਸਮੇਂ ਵਿਚ ਕੁਝ ਸਫ਼ਿਆਂ ਜਾਂ ਪੈਰਿਆਂ ਦੀ ਪੜ੍ਹਾਈ ਕਰਨ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਸਾਡਾ ਸਿੱਖਿਆਰਥੀ ਉਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝੇ ਜੋ ਉਹ ਸਿੱਖ ਰਿਹਾ ਹੈ।—ਮੱਤੀ 13:51.

19 ਇਹ ਗੱਲ ਉਨ੍ਹਾਂ ਬਾਈਬਲ ਦਿਆਂ ਸਿੱਖਿਆਰਥੀਆਂ ਲਈ ਵੀ ਕਹੀ ਜਾ ਸਕਦੀ ਹੈ ਜਿਨ੍ਹਾਂ ਨੂੰ ਮੂਰਤੀ-ਪੂਜਾ ਜਾਂ ਧਾਰਮਿਕ ਤਿਉਹਾਰ ਵਰਗੇ ਖ਼ਾਸ ਸਿਧਾਂਤ ਸਵੀਕਾਰ ਕਰਨੇ ਔਖੇ ਲੱਗਦੇ ਹਨ। ਭਾਵੇਂ ਕਿ ਆਮ ਤੌਰ ਤੇ ਅਧਿਐਨ ਦੇ ਦੌਰਾਨ ਬਾਈਬਲ ਵਿੱਚੋਂ ਖੋਜ ਕੀਤੀਆਂ ਗਈਆਂ ਵਾਧੂ ਗੱਲਾਂ ਲਿਆਉਣੀਆਂ ਜ਼ਰੂਰੀ ਨਹੀਂ ਹਨ, ਅਸੀਂ ਸ਼ਾਇਦ ਕਦੀ-ਕਦੀ ਇਸ ਤਰ੍ਹਾਂ ਕਰ ਸਕਦੇ ਹਾਂ ਜੇਕਰ ਇਹ ਸਾਡੇ ਸਿੱਖਿਆਰਥੀ ਲਈ ਫ਼ਾਇਦੇਮੰਦ ਹੋਵੇਗਾ। ਚੰਗੀ ਸੂਝ ਵਰਤਣ ਦੀ ਜ਼ਰੂਰਤ ਹੈ ਤਾਂਕਿ ਸਿੱਖਿਆਰਥੀ ਦੀ ਤਰੱਕੀ ਵਿਚ ਬੇਲੋੜੀ ਰੁਕਾਵਟ ਨਾ ਪਵੇ।

ਜੋਸ਼ੀਲੇ ਹੋਵੋ!

20. ਪੌਲੁਸ ਨੇ ਆਪਣੀ ਸਿਖਲਾਈ ਵਿਚ ਜੋਸ਼ ਅਤੇ ਪੂਰਾ ਯਕੀਨ ਦਿਖਾਉਣ ਦੀ ਮਿਸਾਲ ਕਿਸ ਤਰ੍ਹਾਂ ਕਾਇਮ ਕੀਤੀ ਸੀ?

20 ਪੌਲੁਸ ਕਹਿੰਦਾ ਹੈ ਕਿ “ਆਤਮਾ ਵਿੱਚ ਸਰਗਰਮ ਰਹੋ।” (ਰੋਮੀਆਂ 12:11) ਜੀ ਹਾਂ, ਭਾਵੇਂ ਕਿ ਅਸੀਂ ਕਿਸੇ ਨਾਲ ਬਾਈਬਲ ਦਾ ਅਧਿਐਨ ਕਰਦੇ ਹੋਈਏ ਜਾਂ ਕਲੀਸਿਯਾ ਦੀ ਸਭਾ ਵਿਚ ਹਿੱਸਾ ਲੈ ਰਹੇ ਹੋਈਏ, ਸਾਨੂੰ ਇਹ ਜੋਸ਼ ਅਤੇ ਉਤਸ਼ਾਹ ਨਾਲ ਕਰਨਾ ਚਾਹੀਦਾ ਹੈ। ਪੌਲੁਸ ਨੇ ਥੱਸਲੁਨੀਕੀਆਂ ਨੂੰ ਦੱਸਿਆ: “ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ [ਸ਼ਕਤੀ] ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ।” (1 ਥੱਸਲੁਨੀਕੀਆਂ 1:5) ਇਸ ਲਈ ਪੌਲੁਸ ਅਤੇ ਉਸ ਦੇ ਸਾਥੀ “ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ” ਦੇਣ ਨੂੰ ਤਿਆਰ ਸਨ।—1 ਥੱਸਲੁਨੀਕੀਆਂ 2:8.

21. ਸਿਖਲਾਈ ਦੇ ਕੰਮ ਬਾਰੇ ਅਸੀਂ ਜੋਸ਼ੀਲਾ ਰਵੱਈਆ ਕਿਸ ਤਰ੍ਹਾਂ ਕਾਇਮ ਰੱਖ ਸਕਦੇ ਹਾਂ?

21 ਸੱਚਾ ਜੋਸ਼ ਉਦੋਂ ਹੀ ਦਿਖਾਇਆ ਜਾਂਦਾ ਹੈ ਜਦੋਂ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਸਾਡਿਆਂ ਸਿੱਖਿਆਰਥੀਆਂ ਲਈ ਉਨ੍ਹਾਂ ਗੱਲਾਂ ਨੂੰ ਸੁਣਨ ਦੀ ਲੋੜ ਹੈ ਜਿਹੜੀਆਂ ਅਸੀਂ ਕਹਿ ਰਿਹੇ ਹਾਂ। ਸਾਨੂੰ ਕਦੀ ਵੀ ਸਿਖਲਾਈ ਦੇ ਕੰਮ ਨੂੰ ਸਿਰਫ਼ ਆਮ ਕੰਮ ਨਹੀਂ ਸਮਝਣਾ ਚਾਹੀਦਾ। ਅਜ਼ਰਾ ਗ੍ਰੰਥੀ ਨੇ ਇਸ ਸੰਬੰਧ ਵਿਚ ਹਮੇਸ਼ਾ ਆਪਣੀ ਸਿੱਖਿਆ ਵੱਲ ਧਿਆਨ ਦਿੱਤਾ ਸੀ। ਉਸ ਨੇ “ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਨ ਤੇ ਇਸਰਾਏਲ ਨੂੰ . . . ਸਿੱਖਿਆ ਦੇਣ ਉੱਤੇ ਮਨ ਲਾਇਆ ਸੀ।” (ਅਜ਼ਰਾ 7:10) ਸਾਨੂੰ ਵੀ ਚੰਗੀ ਤਰ੍ਹਾਂ ਤਿਆਰੀ ਕਰਨ ਅਤੇ ਸਾਮੱਗਰੀ ਦੀ ਮਹੱਤਤਾ ਵੱਲ ਧਿਆਨ ਦੇਣ ਦੁਆਰਾ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਆਓ ਆਪਾਂ ਪ੍ਰਾਰਥਨਾ ਕਰੀਏ ਕਿ ਯਹੋਵਾਹ ਸਾਡੀ ਨਿਹਚਾ ਅਤੇ ਸਾਡਾ ਯਕੀਨ ਵਧਾਵੇ। (ਲੂਕਾ 17:5) ਸੱਚਾਈ ਲਈ ਸੱਚਾ ਪ੍ਰੇਮ ਪੈਦਾ ਕਰਨ ਵਿਚ ਸਾਡਾ ਜੋਸ਼ ਬਾਈਬਲ ਸਿੱਖਿਆਰਥੀਆਂ ਦੀ ਮਦਦ ਕਰੇਗਾ। ਲੇਕਿਨ, ਆਪਣੀ ਸਿੱਖਿਆ ਵੱਲ ਧਿਆਨ ਦੇਣ ਵਿਚ ਸਿਖਾਉਣ ਦੇ ਖ਼ਾਸ ਤਰੀਕੇ ਇਸਤੇਮਾਲ ਕਰਨੇ ਵੀ ਸ਼ਾਇਦ ਸ਼ਾਮਲ ਹੋਣ। ਸਾਡਾ ਅਗਲਾ ਲੇਖ ਇਨ੍ਹਾਂ ਕੁਝ ਤਰੀਕਿਆਂ ਬਾਰੇ ਗੱਲ ਕਰੇਗਾ।

[ਫੁਟਨੋਟ]

a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 1071, ਦੇਖੋ।

ਕੀ ਤੁਹਾਨੂੰ ਯਾਦ ਹੈ?

◻ ਅੱਜ ਚੰਗੇ ਮਸੀਹੀ ਉਪਦੇਸ਼ਕਾਂ ਦੀ ਕਿਉਂ ਜ਼ਰੂਰਤ ਹੈ?

◻ ਅਸੀਂ ਅਧਿਐਨ ਕਰਨ ਦੀਆਂ ਕਿਹੜੀਆਂ ਚੰਗੀਆਂ ਆਦਤਾਂ ਪਾ ਸਕਦੇ ਹਾਂ?

◻ ਜਿਨ੍ਹਾਂ ਨੂੰ ਅਸੀਂ ਸਿਖਾਉਂਦੇ ਹਾਂ ਉਨ੍ਹਾਂ ਲਈ ਪ੍ਰੇਮ ਅਤੇ ਆਦਰ ਦਿਖਾਉਣਾ ਕਿਉਂ ਮਹੱਤਵਪੂਰਣ ਹੈ?

◻ ਅਸੀਂ ਆਪਣੇ ਬਾਈਬਲ ਦਿਆਂ ਸਿੱਖਿਆਰਥੀ ਦੀਆਂ ਜ਼ਰੂਰਤਾਂ ਵੱਲ ਕਿਸ ਤਰ੍ਹਾਂ ਧਿਆਨ ਦੇ ਸਕਦੇ ਹਾਂ?

◻ ਦੂਸਰਿਆਂ ਨੂੰ ਸਿਖਾਉਂਦੇ ਸਮੇਂ ਜੋਸ਼ ਅਤੇ ਯਕੀਨ ਇੰਨੇ ਕਿਉਂ ਮਹੱਤਵਪੂਰਣ ਹਨ?

[ਸਫ਼ੇ 19 ਉੱਤੇ ਤਸਵੀਰ]

ਚੰਗੇ ਉਪਦੇਸ਼ਕ ਖ਼ੁਦ ਪਰਮੇਸ਼ੁਰ ਦੇ ਬਚਨ ਦੇ ਸਿੱਖਿਆਰਥੀ ਹੁੰਦੇ ਹਨ

[ਸਫ਼ੇ 22 ਉੱਤੇ ਤਸਵੀਰ]

ਬਾਈਬਲ ਦਿਆਂ ਸਿੱਖਿਆਰਥੀਆਂ ਵਿਚ ਨਿੱਜੀ ਦਿਲਚਸਪੀ ਰੱਖੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ