ਮੈਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ
ਫ਼ਰਾਂਟਸ ਗੁਡਲਿਕੀਸ ਦੀ ਜ਼ਬਾਨੀ
ਲਗਭਗ ਸੌ ਫ਼ੌਜੀਆਂ ਵਾਲੀ ਮੇਰੀ ਟੁਕੜੀ ਵਿੱਚੋਂ ਸਿਰਫ਼ ਚਾਰ ਜਣੇ ਹੀ ਜ਼ਿੰਦਾ ਬਚੇ ਸਨ। ਮੌਤ ਦਾ ਸਾਮ੍ਹਣਾ ਕਰਦੇ ਸਮੇਂ, ਮੈਂ ਆਪਣੇ ਗੋਡਿਆਂ ਭਾਰ ਬਹਿ ਕੇ ਪਰਮੇਸ਼ੁਰ ਨਾਲ ਵਾਅਦਾ ਕੀਤਾ, ‘ਜੇਕਰ ਮੈਂ ਯੁੱਧ ਵਿੱਚੋਂ ਜ਼ਿੰਦਾ ਬਚ ਗਿਆ, ਤਾਂ ਮੈਂ ਹਮੇਸ਼ਾ ਤੇਰੀ ਸੇਵਾ ਕਰਾਂਗਾ।’
ਮੈਂਇਹ ਵਾਅਦਾ 54 ਸਾਲ ਪਹਿਲਾਂ, ਅਪ੍ਰੈਲ 1945 ਵਿਚ ਕੀਤਾ ਸੀ ਜਦੋਂ ਮੈਂ ਜਰਮਨ ਫ਼ੌਜ ਵਿਚ ਇਕ ਫ਼ੌਜੀ ਸੀ। ਇਹ ਗੱਲ ਦੂਸਰੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਦੀ ਸੀ ਅਤੇ ਸੋਵੀਅਤ ਫ਼ੌਜ ਆਪਣੀ ਪੂਰੀ ਤਾਕਤ ਨਾਲ ਬਰਲਿਨ ਵੱਲ ਵੱਧ ਰਹੀ ਸੀ। ਸਾਡੇ ਫ਼ੌਜੀ ਬਰਲਿਨ ਤੋਂ ਕੁਝ 65 ਕਿਲੋਮੀਟਰ ਦੂਰ ਓਡਰ ਨਦੀ ਉੱਤੇ ਜ਼ੇਲੋ ਸ਼ਹਿਰ ਦੇ ਨੇੜੇ ਤੈਨਾਤ ਸਨ। ਸਾਡੇ ਉੱਤੇ ਦਿਨ-ਰਾਤ ਗੋਲਾਬਾਰੀ ਕੀਤੀ ਗਈ ਅਤੇ ਮੇਰੀ ਟੁਕੜੀ ਨੂੰ ਤਬਾਹ ਕੀਤਾ ਜਾ ਰਿਹਾ ਸੀ।
ਉਸ ਵੇਲੇ ਆਪਣੇ ਜੀਵਨ ਵਿਚ ਪਹਿਲੀ ਵਾਰ ਮੈਂ ਇਸ ਨੂੰ ਸਹਿਣ ਨਾ ਕਰ ਸਕਿਆ ਅਤੇ ਮੈਂ ਰੋ-ਰੋ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਮੈਨੂੰ ਇਕ ਬਾਈਬਲ ਪਾਠ ਯਾਦ ਆਇਆ ਜੋ ਕਿ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮੇਰੇ ਮਾਤਾ ਜੀ ਹਮੇਸ਼ਾ ਦੁਹਰਾਉਂਦੇ ਸਨ: “ਦੁਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ।” (ਜ਼ਬੂਰ 50:15) ਮੋਰਚੇਬੰਦੀ ਵਿਚ ਆਪਣੀ ਜਾਨ ਨੂੰ ਖ਼ਤਰਾ ਹੋਣ ਕਰਕੇ ਮੈਂ ਪਰਮੇਸ਼ੁਰ ਨਾਲ ਉਪਰੋਕਤ ਵਾਅਦਾ ਕੀਤਾ ਸੀ। ਮੈਂ ਇਸ ਨੂੰ ਕਿਵੇਂ ਪੂਰਾ ਕਰ ਸਕਿਆ? ਅਤੇ ਮੈਂ ਜਰਮਨ ਫ਼ੌਜ ਵਿਚ ਕਿਵੇਂ ਭਰਤੀ ਹੋਇਆ?
ਲਿਥੁਆਨੀਆ ਵਿਚ ਵੱਡਾ ਹੋਣਾ
ਸਾਲ 1918 ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ, ਲਿਥੁਆਨੀਆ ਨੇ ਆਪਣੇ ਆਜ਼ਾਦ ਹੋਣ ਦੀ ਘੋਸ਼ਣਾ ਕਰ ਦਿੱਤੀ ਅਤੇ ਲੋਕਤੰਤਰੀ ਸਰਕਾਰ ਸਥਾਪਿਤ ਕੀਤੀ। ਮੈਂ 1925 ਵਿਚ ਬਾਲਟਿਕ ਸਾਗਰ ਦੇ ਨੇੜੇ ਮੇਮਲ (ਕਲਾਈਪੇਡਾ) ਜ਼ਿਲ੍ਹੇ ਵਿਚ ਪੈਦਾ ਹੋਇਆ ਸੀ। ਮੇਰੇ ਜਨਮ ਤੋਂ ਇਕ ਸਾਲ ਪਹਿਲਾਂ ਇਸ ਜ਼ਿਲ੍ਹੇ ਨੂੰ ਲਿਥੁਆਨੀਆ ਵਿਚ ਸ਼ਾਮਲ ਕਰ ਲਿਆ ਗਿਆ ਸੀ।
ਮੇਰਾ ਅਤੇ ਮੇਰੀਆਂ ਪੰਜਾਂ ਭੈਣਾਂ ਦਾ ਬਚਪਨ ਖ਼ੁਸ਼ੀਆਂ ਭਰਿਆ ਸੀ। ਮੇਰੇ ਪਿਤਾ ਜੀ ਇਕ ਜਿਗਰੀ ਦੋਸਤ ਦੀ ਤਰ੍ਹਾਂ ਹਮੇਸ਼ਾਂ ਸਾਡੇ ਸਾਰਿਆਂ ਨਾਲ ਮਿਲ ਕੇ ਕੰਮ ਕਰਦੇ ਸਨ। ਸਾਡੇ ਮਾਤਾ-ਪਿਤਾ ਇਵੈਂਜਲੀਕਲ ਚਰਚ ਦੇ ਮੈਂਬਰ ਸਨ, ਪਰ ਉਹ ਸਭਾਵਾਂ ਵਿਚ ਹਾਜ਼ਰ ਨਹੀਂ ਹੁੰਦੇ ਸਨ, ਕਿਉਂਕਿ ਮੇਰੇ ਮਾਤਾ ਜੀ ਪਾਦਰੀਆਂ ਦੇ ਪਖੰਡ ਤੋਂ ਬਹੁਤ ਗੁੱਸੇ ਸਨ। ਪਰ ਫਿਰ ਵੀ, ਉਹ ਪਰਮੇਸ਼ੁਰ ਅਤੇ ਉਸ ਦੇ ਬਚਨ, ਬਾਈਬਲ ਨੂੰ ਪ੍ਰੇਮ ਕਰਦੇ ਸਨ, ਜਿਸ ਨੂੰ ਉਹ ਉਤਸੁਕਤਾ ਨਾਲ ਪੜ੍ਹਦੇ ਸਨ।
ਸਾਲ 1939 ਵਿਚ ਜਰਮਨੀ ਨੇ ਲਿਥੁਆਨੀਆ ਦੇ ਉਸ ਇਲਾਕੇ ਉੱਤੇ ਕਬਜ਼ਾ ਕਰ ਲਿਆ ਜਿੱਥੇ ਅਸੀਂ ਰਹਿੰਦੇ ਸੀ। ਤਦ 1943 ਦੇ ਸ਼ੁਰੂ ਵਿਚ, ਮੈਨੂੰ ਜਰਮਨ ਫ਼ੌਜ ਵਿਚ ਕੰਮ ਕਰਨ ਲਈ ਬੁਲਾਇਆ ਗਿਆ। ਇਕ ਲੜਾਈ ਵਿਚ ਮੈਂ ਜ਼ਖ਼ਮੀ ਹੋ ਗਿਆ, ਪਰ ਸੱਟਾਂ ਦੇ ਠੀਕ ਹੋਣ ਤੋਂ ਬਾਅਦ, ਮੈਂ ਪੂਰਬੀ ਮੋਰਚੇ ਤੇ ਵਾਪਸ ਆ ਗਿਆ। ਇਸ ਸਮੇਂ ਦੇ ਦੌਰਾਨ, ਲੜਾਈ ਦਾ ਰੁਖ ਬਦਲ ਗਿਆ ਸੀ ਅਤੇ ਜਰਮਨ ਫ਼ੌਜਾਂ ਨੇ ਸੋਵੀਅਤ ਫ਼ੌਜਾਂ ਦੇ ਸਾਮ੍ਹਣਿਓਂ ਮੋਰਚਾ ਛੱਡ ਦਿੱਤਾ ਸੀ। ਜਿਵੇਂ ਮੈਂ ਪਹਿਲਾਂ ਹੀ ਸ਼ੁਰੂਆਤ ਵਿਚ ਦੱਸ ਚੁੱਕਾ ਹਾਂ ਕਿ ਇਸੇ ਸਮੇਂ ਮੈਂ ਮਸਾਂ-ਮਸਾਂ ਮਰਨੋਂ ਬਚਿਆ ਸੀ।
ਆਪਣਾ ਵਾਅਦਾ ਪੂਰਾ ਕਰਨਾ
ਯੁੱਧ ਦੌਰਾਨ, ਮੇਰੇ ਮਾਤਾ-ਪਿਤਾ ਲੀਪਸਿਗ ਦੇ ਦੱਖਣ-ਪੂਰਬ ਵਿਚ ਔਸ਼ਾਟਸ, ਜਰਮਨੀ ਵਿਚ ਵਸ ਗਏ ਸਨ। ਯੁੱਧ ਤੋਂ ਬਾਅਦ, ਉਨ੍ਹਾਂ ਨੂੰ ਲੱਭਣਾ ਬਹੁਤ ਮੁਸ਼ਕਲ ਸੀ। ਪਰ ਆਖ਼ਰਕਾਰ ਅਸੀਂ ਦੁਬਾਰਾ ਮਿਲ ਕੇ ਕਿੰਨੇ ਖ਼ੁਸ਼ ਹੋਏ! ਕੁਝ ਸਮੇਂ ਬਾਅਦ, ਅਪ੍ਰੈਲ 1947 ਵਿਚ ਮੈਂ ਆਪਣੇ ਮਾਤਾ ਜੀ ਦੇ ਨਾਲ ਇਕ ਜਨਤਕ ਭਾਸ਼ਣ ਸੁਣਿਆ ਜੋ ਯਹੋਵਾਹ ਦੇ ਇਕ ਗਵਾਹ, ਮਾਕਸ ਸ਼ੂਬਰ ਨੇ ਦਿੱਤਾ ਸੀ। ਮੇਰੇ ਮਾਤਾ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਉਨ੍ਹਾਂ ਨੂੰ ਸੱਚਾ ਧਰਮ ਲੱਭ ਗਿਆ ਸੀ ਅਤੇ ਕੁਝ ਕੁ ਸਭਾਵਾਂ ਵਿਚ ਹਾਜ਼ਰ ਹੋਣ ਤੋਂ ਬਾਅਦ, ਮੈਂ ਵੀ ਉਨ੍ਹਾਂ ਵਾਂਗ ਵਿਸ਼ਵਾਸ ਕਰਨ ਲੱਗ ਪਿਆ।
ਇਸ ਤੋਂ ਥੋੜ੍ਹੀ ਦੇਰ ਬਾਅਦ, ਮੇਰੇ ਮਾਤਾ ਜੀ ਪੌੜੀਆਂ ਤੋਂ ਡਿੱਗ ਪਏ ਅਤੇ ਸੱਟਾਂ ਲੱਗਣ ਕਰਕੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਹਸਪਤਾਲ ਵਿਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ, ਉਨ੍ਹਾਂ ਨੇ ਮੈਨੂੰ ਬੜੇ ਪਿਆਰ ਨਾਲ ਉਤਸ਼ਾਹਿਤ ਕੀਤਾ: “ਮੈਂ ਅਕਸਰ ਪ੍ਰਾਰਥਨਾ ਕੀਤੀ ਕਿ ਘੱਟੋ-ਘੱਟ ਮੇਰੇ ਇਕ ਬੱਚੇ ਨੂੰ ਤਾਂ ਪਰਮੇਸ਼ੁਰ ਦੇ ਰਾਹ ਦਾ ਪਤਾ ਲੱਗ ਜਾਵੇ। ਹੁਣ ਮੈਂ ਦੇਖਦੀ ਹਾਂ ਕਿ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਗਿਆ ਹੈ ਅਤੇ ਮੈਂ ਸ਼ਾਂਤੀ ਨਾਲ ਮਰ ਸਕਦੀ ਹਾਂ।” ਮੈਂ ਉਸ ਸਮੇਂ ਨੂੰ ਕਿੰਨੀ ਤਾਂਘ ਨਾਲ ਉਡੀਕ ਰਿਹਾ ਹਾਂ ਜਦੋਂ ਮੇਰੇ ਮਾਤਾ ਜੀ ਮੌਤ ਤੋਂ ਜੀ ਉਠਣਗੇ ਅਤੇ ਦੇਖਣਗੇ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਪੂਰੀਆਂ ਹੋ ਗਈਆਂ ਹਨ!—ਯੂਹੰਨਾ 5:28.
ਭਰਾ ਸ਼ੂਬਰ ਦਾ ਭਾਸ਼ਣ ਸੁਣਨ ਤੋਂ ਸਿਰਫ਼ ਚਾਰ ਮਹੀਨਿਆਂ ਬਾਅਦ 8 ਅਗਸਤ, 1947 ਵਿਚ ਮੈਂ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਲੀਪਸਿਗ ਦੇ ਇਕ ਸੰਮੇਲਨ ਵਿਚ ਬਪਤਿਸਮਾ ਲੈ ਲਿਆ। ਆਖ਼ਰਕਾਰ ਮੈਂ ਪਰਮੇਸ਼ੁਰ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਲਦੀ ਹੀ ਮੈਂ ਇਕ ਪਾਇਨੀਅਰ ਬਣ ਗਿਆ, ਜਿਵੇਂ ਕਿ ਯਹੋਵਾਹ ਦੇ ਗਵਾਹਾਂ ਦੇ ਪੂਰਣ-ਕਾਲੀ ਸੇਵਕਾਂ ਨੂੰ ਕਿਹਾ ਜਾਂਦਾ ਹੈ। ਉਸ ਸਮੇਂ ਉਸ ਇਲਾਕੇ ਵਿਚ ਲਗਭਗ 400 ਪਾਇਨੀਅਰ ਰਹਿ ਰਹੇ ਸਨ। ਇਹ ਇਲਾਕਾ ਕੁਝ ਦੇਰ ਬਾਅਦ ਜਰਮਨ ਲੋਕਤੰਤਰੀ ਗਣਰਾਜ ਜਾਂ ਪੂਰਬੀ ਜਰਮਨੀ ਬਣ ਗਿਆ ਸੀ।
ਨਿਹਚਾ ਦੇ ਪਹਿਲੇ ਪਰਤਾਵੇ
ਔਸ਼ਾਟਸ ਵਿਚ ਇਕ ਗੁਆਂਢੀ ਨੇ ਮਾਰਕਸਵਾਦ ਵਿਚ ਮੇਰੀ ਦਿਲਚਸਪੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਮੈਨੂੰ ਪੇਸ਼ਕਸ਼ ਕੀਤੀ ਕਿ ਜੇ ਮੈਂ ਜਰਮਨੀ ਦੀ ਸਮਾਜਵਾਦੀ ਏਕਤਾ ਪਾਰਟੀ (Socialist Unity Party of Germany [SED]) ਵਿਚ ਸ਼ਾਮਲ ਹੋ ਜਾਵਾਂ, ਤਾਂ ਮੈਨੂੰ ਸਰਕਾਰੀ ਖ਼ਰਚੇ ਤੇ ਯੂਨੀਵਰਸਿਟੀ ਦੀ ਸਿੱਖਿਆ ਦਿੱਤੀ ਜਾਵੇਗੀ। ਮੈਂ ਉਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਜਿਵੇਂ ਯਿਸੂ ਨੇ ਵੀ ਸ਼ਤਾਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।—ਮੱਤੀ 4:8-10.
ਅਪ੍ਰੈਲ 1949 ਵਿਚ ਇਕ ਦਿਨ ਦੋ ਸਿਪਾਹੀ ਮੇਰੇ ਕਾਰਜ-ਸਥਾਨ ਤੇ ਆਏ ਅਤੇ ਮੈਨੂੰ ਨਾਲ ਚੱਲਣ ਲਈ ਕਿਹਾ। ਮੈਨੂੰ ਸੋਵੀਅਤ ਖੁਫ਼ੀਆ ਮਹਿਕਮੇ ਦੇ ਸਥਾਨਕ ਦਫ਼ਤਰ ਵਿਚ ਲਿਜਾਇਆ ਗਿਆ ਜਿੱਥੇ ਮੇਰੇ ਉੱਤੇ ਪੱਛਮੀ ਪੂੰਜੀਪਤੀਆਂ ਲਈ ਕੰਮ ਕਰਨ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਘਰ-ਘਰ ਪ੍ਰਚਾਰ ਕਰਨਾ ਜਾਰੀ ਰੱਖ ਕੇ ਆਪਣੀ ਬੇਗੁਨਾਹੀ ਨੂੰ ਸਾਬਤ ਕਰ ਸਕਦਾ ਸੀ ਪਰ ਮੈਨੂੰ ਉਨ੍ਹਾਂ ਲੋਕਾਂ ਦੇ ਬਾਰੇ ਦੱਸਣਾ ਪਵੇਗਾ ਜਿਹੜੇ ਸੋਵੀਅਤ ਸੰਘ ਜਾਂ SED ਦੇ ਖ਼ਿਲਾਫ਼ ਗੱਲਾਂ ਕਰਦੇ ਹਨ ਜਾਂ ਜਿਹੜੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਆਉਂਦੇ ਹਨ। ਜਦੋਂ ਮੈਂ ਸਹਿਯੋਗ ਦੇਣ ਤੋਂ ਇਨਕਾਰ ਕੀਤਾ ਤਾਂ ਮੈਨੂੰ ਇਕ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ। ਬਾਅਦ ਵਿਚ, ਮੈਨੂੰ ਇਕ ਫ਼ੌਜੀ ਅਦਾਲਤ ਸਾਮ੍ਹਣੇ ਹਾਜ਼ਰ ਕੀਤਾ ਗਿਆ। ਮੇਰੀ ਸਜ਼ਾ: ਸਾਇਬੇਰੀਆ ਵਿਚ ਬਾਮੁਸ਼ੱਕਤ 15 ਸਾਲ ਕੈਦ!
ਮੈਂ ਚੁੱਪ ਰਿਹਾ ਅਤੇ ਇਸ ਗੱਲ ਨੇ ਅਫ਼ਸਰਾਂ ਨੂੰ ਪ੍ਰਭਾਵਿਤ ਕੀਤਾ। ਤਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੀ ਸਜ਼ਾ ਚੱਲਦੀ ਰਹੇਗੀ, ਪਰ ਮੇਰੇ ਲਈ ਹਫ਼ਤੇ ਵਿਚ ਇਕ ਵਾਰੀ ਹਾਜ਼ਰੀ ਦੇਣੀ ਉਦੋਂ ਤਕ ਕਾਫ਼ੀ ਹੋਵੇਗੀ ਜਦ ਤਕ ਕਿ ਮੈਂ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਤਿਆਰ ਨਹੀਂ ਹੋ ਜਾਂਦਾ। ਹੋਰ ਜ਼ਿਆਦਾ ਪ੍ਰੌੜ੍ਹ ਗਵਾਹਾਂ ਦੀ ਸਲਾਹ ਚਾਹੁੰਦੇ ਹੋਏ, ਮੈਂ ਮੈਗਡੇਬਰਗ ਗਿਆ ਜਿੱਥੇ ਉਦੋਂ ਵਾਚ ਟਾਵਰ ਸੋਸਾਇਟੀ ਦਾ ਸ਼ਾਖਾ ਦਫ਼ਤਰ ਸਥਿਤ ਸੀ। ਸਫ਼ਰ ਕਰਨਾ ਆਸਾਨ ਨਹੀਂ ਸੀ, ਕਿਉਂਕਿ ਮੇਰੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਸੀ। ਅਰਨਸਟ ਵਾਉ, ਜੋ ਕਿ ਮੈਗਡੇਬਰਗ ਵਿਚ ਕਾਨੂੰਨੀ ਵਿਭਾਗ ਵਿਚ ਸੇਵਾ ਕਰਦਾ ਸੀ, ਉਸ ਨੇ ਮੈਨੂੰ ਕਿਹਾ: “ਲੜੇਂਗਾ, ਤਾਂ ਤੂੰ ਜਿਤੇਂਗਾ। ਸਮਝੌਤਾ ਕਰੇਂਗਾ, ਤਾਂ ਤੂੰ ਹਾਰ ਜਾਵੇਂਗਾ। ਅਸੀਂ ਨਜ਼ਰਬੰਦੀ-ਕੈਂਪ ਵਿਚ ਇਹੀ ਸਿੱਖਿਆ ਸੀ।”a ਇਸ ਸਲਾਹ ਨੇ ਮੇਰੀ ਮਦਦ ਕੀਤੀ ਕਿ ਮੈਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਾਂ।
ਪਾਬੰਦੀ ਅਤੇ ਦੁਬਾਰਾ ਗਿਰਫ਼ਤਾਰੀ
ਜੁਲਾਈ 1950 ਵਿਚ, ਮੈਨੂੰ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ। ਪਰ 30 ਅਗਸਤ ਨੂੰ ਪੁਲਸ ਨੇ ਮੈਗਡੇਬਰਗ ਵਿਚ ਸਾਡੀ ਜਗ੍ਹਾ ਤੇ ਛਾਪਾ ਮਾਰਿਆ ਅਤੇ ਸਾਡੇ ਪ੍ਰਚਾਰ ਕੰਮ ਤੇ ਪਾਬੰਦੀ ਲਾ ਦਿੱਤੀ। ਇਸ ਕਰਕੇ ਮੇਰੀ ਨਿਯੁਕਤੀ ਬਦਲ ਦਿੱਤੀ ਗਈ। ਮੈਂ ਅਤੇ ਪੌਲ ਹਿਰਸ਼ਬਰਗਰ ਨੇ ਕਰੀਬ 50 ਕਲੀਸਿਯਾਵਾਂ ਨਾਲ ਕੰਮ ਕਰਨਾ ਸੀ ਅਤੇ ਹਰ ਇਕ ਕਲੀਸਿਯਾ ਨਾਲ ਦੋ ਜਾਂ ਤਿੰਨ ਦਿਨ ਬਤੀਤ ਕਰਦੇ ਹੋਏ, ਪਾਬੰਦੀ ਦੇ ਅਧੀਨ ਵਿਵਸਥਿਤ ਤਰੀਕੇ ਨਾਲ ਪ੍ਰਚਾਰ ਦੇ ਕੰਮ ਨੂੰ ਕਰਦੇ ਰਹਿਣ ਲਈ ਸੰਗਠਿਤ ਹੋਣ ਵਿਚ ਭਰਾਵਾਂ ਦੀ ਮਦਦ ਕਰਨੀ ਸੀ। ਅਗਲੇ ਮਹੀਨਿਆਂ ਵਿਚ, ਮੈਂ ਛੇ ਵਾਰ ਪੁਲਸ ਦੇ ਹੱਥੋਂ ਗਿਰਫ਼ਤਾਰ ਹੋਣ ਤੋਂ ਬਚ ਨਿਕਲਿਆ!
ਇਕ ਵਿਅਕਤੀ ਕਲੀਸਿਯਾ ਵਿਚ ਘੁਸ ਆਇਆ, ਜਿਸ ਨੇ ਸਰਕਾਰੀ ਸੁਰੱਖਿਆ ਵਿਭਾਗ, ਸ਼ਟਾਜ਼ੀ (the State Security Service, Stasi) ਨਾਲ ਮਿਲ ਕੇ ਸਾਨੂੰ ਧੋਖਾ ਦਿੱਤਾ। ਇਸ ਲਈ, ਜੁਲਾਈ 1951 ਵਿਚ, ਪੰਜ ਬੰਦੂਕਧਾਰੀਆਂ ਨੇ ਪੌਲ ਨੂੰ ਅਤੇ ਮੈਨੂੰ ਸੜਕ ਤੇ ਗਿਰਫ਼ਤਾਰ ਕਰ ਲਿਆ। ਪਿੱਛੇ ਦੇਖਦੇ ਹੋਏ, ਅਸੀਂ ਦੇਖ ਸਕਦੇ ਸੀ ਕਿ ਅਸੀਂ ਯਹੋਵਾਹ ਦੇ ਸੰਗਠਨ ਉੱਤੇ ਉੱਨਾ ਭਰੋਸਾ ਨਹੀਂ ਕੀਤਾ ਜਿੰਨਾ ਸਾਨੂੰ ਕਰਨਾ ਚਾਹੀਦਾ ਸੀ। ਸਾਡੇ ਬਜ਼ੁਰਗ ਭਰਾਵਾਂ ਨੇ ਸਾਨੂੰ ਸਲਾਹ ਦਿੱਤੀ ਸੀ ਕਿ ਅਸੀਂ ਕਦੇ ਵੀ ਇਕੱਠੇ ਸਫ਼ਰ ਨਾ ਕਰੀਏ। ਆਪਣੇ ਤੇ ਲੋੜ ਨਾਲੋਂ ਜ਼ਿਆਦਾ ਵਿਸ਼ਵਾਸ ਕਰਨ ਕਰਕੇ ਅਸੀਂ ਆਪਣੀ ਆਜ਼ਾਦੀ ਗੁਆ ਬੈਠੇ! ਇਸ ਤੋਂ ਇਲਾਵਾ, ਅਸੀਂ ਇਸ ਬਾਰੇ ਵਿਚਾਰ ਨਹੀਂ ਕੀਤਾ ਸੀ ਕਿ ਜੇਕਰ ਅਸੀਂ ਗਿਰਫ਼ਤਾਰ ਹੋ ਗਏ, ਤਾਂ ਅਸੀਂ ਕੀ ਕਹਾਂਗੇ।
ਮੈਂ ਆਪਣੀ ਕਾਲ ਕੋਠੜੀ ਵਿਚ ਇਕੱਲਾ ਸੀ ਤੇ ਮੈਂ ਰੋਣਹਾਕਾ ਹੋ ਕੇ ਯਹੋਵਾਹ ਕੋਲੋਂ ਮਦਦ ਮੰਗੀ ਕਿ ਮੈਂ ਆਪਣੇ ਭਰਾਵਾਂ ਨਾਲ ਧੋਖਾ ਨਾ ਕਰਾਂ ਜਾਂ ਆਪਣੀ ਨਿਹਚਾ ਨਾਲ ਸਮਝੌਤਾ ਨਾ ਕਰਾਂ। ਬਾਅਦ ਵਿਚ ਮੈਂ ਸੌਂ ਗਿਆ, ਪਰ ਮੈਂ ਇਕਦਮ ਆਪਣੇ ਦੋਸਤ ਪੌਲ ਦੀ ਆਵਾਜ਼ ਨਾਲ ਜਾਗ ਪਿਆ। ਮੇਰੀ ਕਾਲ ਕੋਠੜੀ ਦੇ ਐਨ ਉੱਪਰ ਇਕ ਕਮਰਾ ਸੀ ਜਿੱਥੇ ਸ਼ਟਾਜ਼ੀ ਦੇ ਕਰਮਚਾਰੀ ਉਸ ਕੋਲੋਂ ਸਵਾਲ ਪੁੱਛ ਰਹੇ ਸਨ। ਗਰਮ ਅਤੇ ਸਿੱਲ੍ਹੀ ਰਾਤ ਹੋਣ ਕਰਕੇ, ਬਾਲਕਨੀ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਮੈਂ ਉਨ੍ਹਾਂ ਦੀ ਗੱਲ ਥੋੜ੍ਹੀ-ਥੋੜ੍ਹੀ ਸੁਣ ਸਕਦਾ ਸੀ। ਬਾਅਦ ਵਿਚ, ਜਦੋਂ ਮੈਨੂੰ ਸਵਾਲ ਪੁੱਛੇ ਗਏ, ਤਾਂ ਮੈਂ ਵੀ ਉਸੇ ਤਰ੍ਹਾਂ ਦੇ ਜਵਾਬ ਦਿੱਤੇ ਜਿਸ ਨੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ। ਮੇਰੀ ਮਾਤਾ ਜੀ ਦਾ ਮਨਪਸੰਦ ਬਾਈਬਲ ਪਾਠ, “ਦੁਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ,” ਵਾਰ-ਵਾਰ ਮੇਰੇ ਮਨ ਵਿਚ ਆ ਰਿਹਾ ਸੀ ਅਤੇ ਮੈਂ ਇਸ ਤੋਂ ਬਹੁਤ ਹੀ ਉਤਸ਼ਾਹਿਤ ਹੋਇਆ।—ਜ਼ਬੂਰ 50:15.
ਸਾਡੀ ਪੁੱਛ-ਪੜਤਾਲ ਤੋਂ ਬਾਅਦ, ਮੈਂ ਅਤੇ ਪੌਲ ਨੇ ਮੁਕੱਦਮੇ ਤੋਂ ਪਹਿਲਾਂ ਹੇਲੇ ਵਿਖੇ ਸਥਿਤ ਸ਼ਟਾਜ਼ੀ ਜੇਲ੍ਹ ਵਿਚ ਅਤੇ ਬਾਅਦ ਵਿਚ ਮੈਗਡੇਬਰਗ ਵਿਚ ਪੰਜ ਮਹੀਨੇ ਬਿਤਾਏ। ਜਦੋਂ ਮੈਂ ਮੈਡਗੇਬਰਗ ਵਿਚ ਸੀ, ਤਾਂ ਉੱਥੋਂ ਮੈਨੂੰ ਕਦੀ-ਕਦਾਈਂ ਆਪਣਾ ਸ਼ਾਖਾ ਦਫ਼ਤਰ ਦਿੱਖ ਪੈਂਦਾ ਸੀ ਜੋ ਉਸ ਸਮੇਂ ਬੰਦ ਪਿਆ ਸੀ। ਮੇਰੀ ਇੱਛਾ ਸੀ ਕਿ ਜੇਲ੍ਹ ਵਿਚ ਰਹਿਣ ਦੀ ਬਜਾਇ ਮੈਂ ਉੱਥੇ ਕੰਮ ਕਰ ਰਿਹਾ ਹੁੰਦਾ! ਫਰਵਰੀ 1952 ਵਿਚ ਸਾਨੂੰ ਸਜ਼ਾ ਸੁਣਾ ਦਿੱਤੀ ਗਈ: “10 ਸਾਲ ਕੈਦ ਅਤੇ 20 ਸਾਲ ਤਕ ਨਾਗਰਿਕ ਅਧਿਕਾਰਾਂ ਤੋਂ ਵਾਂਝਿਆਂ ਰਹਿਣਾ।”
ਕੈਦ ਵਿਚ ਨਿਹਚਾ ਬਣਾਈ ਰੱਖਣੀ
ਜਿਨ੍ਹਾਂ ਯਹੋਵਾਹ ਦੇ ਗਵਾਹਾਂ ਨੂੰ ਘੱਟੋ-ਘੱਟ ਦਸ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਕੁਝ ਸਮੇਂ ਲਈ ਇਕ ਖ਼ਾਸ ਪਛਾਣ ਚਿੰਨ੍ਹ ਲਗਾਉਣਾ ਪਿਆ। ਸਾਡੇ ਪਜਾਮੇ ਦੀ ਇਕ ਲੱਤ ਉੱਤੇ ਅਤੇ ਜੈਕਟ ਦੀ ਬਾਂਹ ਨਾਲ ਇਕ ਲਾਲ ਟੇਪ ਸੀਉਂ ਦਿੱਤੀ ਜਾਂਦੀ ਸੀ। ਨਾਲੇ ਪਹਿਰੇਦਾਰਾਂ ਨੂੰ ਚੇਤਾਵਨੀ ਦੇਣ ਲਈ ਲਾਲ ਗੱਤੇ ਦਾ ਇਕ ਛੋਟਾ ਗੋਲ ਟੁਕੜਾ ਸਾਡੀ ਕੋਠੜੀ ਦੇ ਦਰਵਾਜ਼ੇ ਦੇ ਬਾਹਰ ਲਗਾਇਆ ਗਿਆ ਕਿ ਅਸੀਂ ਖ਼ਤਰਨਾਕ ਅਪਰਾਧੀ ਸੀ।
ਅਸਲ ਵਿਚ ਅਧਿਕਾਰੀ ਸਾਨੂੰ ਸਭ ਤੋਂ ਖ਼ਤਰਨਾਕ ਅਪਰਾਧੀ ਸਮਝਦੇ ਸਨ। ਸਾਨੂੰ ਆਪਣੇ ਕੋਲ ਬਾਈਬਲ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਕਿਉਂਕਿ ਜਿਵੇਂ ਇਕ ਸਿਪਾਹੀ ਨੇ ਕਿਹਾ: “ਯਹੋਵਾਹ ਦੇ ਗਵਾਹ ਦੇ ਹੱਥ ਵਿਚ ਬਾਈਬਲ ਇਕ ਅਪਰਾਧੀ ਦੇ ਹੱਥ ਵਿਚ ਬੰਦੂਕ ਵਾਂਗ ਹੈ।” ਬਾਈਬਲ ਦੇ ਹਿੱਸਿਆਂ ਨੂੰ ਇਕੱਠਾ ਕਰਨ ਲਈ, ਅਸੀਂ ਰੂਸੀ ਲੇਖਕ ਲਿਓ ਟਾਲਸਟਾਇ ਦੀਆਂ ਕਿਤਾਬਾਂ ਪੜ੍ਹਦੇ ਸੀ ਜਿਸ ਨੇ ਅਕਸਰ ਆਪਣੀਆਂ ਕਿਤਾਬਾਂ ਵਿਚ ਬਾਈਬਲ ਪਾਠਾਂ ਦਾ ਹਵਾਲਾ ਦਿੱਤਾ। ਅਸੀਂ ਇਨ੍ਹਾਂ ਬਾਈਬਲ ਪਾਠਾਂ ਨੂੰ ਮੂੰਹਜ਼ਬਾਨੀ ਯਾਦ ਕਰ ਲਿਆ।
ਸੰਨ 1951 ਵਿਚ ਮੇਰੀ ਗਿਰਫ਼ਤਾਰੀ ਤੋਂ ਪਹਿਲਾਂ, ਮੈਂ ਐਲਜ਼ਾ ਰੀਮ ਨਾਲ ਮੰਗਿਆ ਹੋਇਆ ਸੀ। ਉਹ ਅਕਸਰ ਮੈਨੂੰ ਜੇਲ੍ਹ ਵਿਚ ਮਿਲਣ ਲਈ ਆਉਂਦੀ ਅਤੇ ਮਹੀਨੇ ਵਿਚ ਇਕ ਵਾਰੀ ਭੋਜਨ ਦਾ ਇਕ ਪੈਕਟ ਮੈਨੂੰ ਭੇਜਦੀ ਸੀ। ਉਹ ਆਪਣੇ ਪੈਕਟ ਵਿਚ ਅਧਿਆਤਮਿਕ ਭੋਜਨ ਵੀ ਲੁਕਾ ਦਿੰਦੀ ਸੀ। ਇਕ ਵਾਰ ਉਸ ਨੇ ਪਹਿਰਾਬੁਰਜ ਦੇ ਲੇਖ ਕੁਝ ਸਾਸੇਜ ਵਿਚ ਭਰ ਦਿੱਤੇ। ਸਿਪਾਹੀ ਅਕਸਰ ਸਾਸੇਜ ਨੂੰ ਕੱਟ ਕੇ ਚੈੱਕ ਕਰਦੇ ਸਨ ਕਿ ਕਿਤੇ ਕੋਈ ਚੀਜ਼ ਇਸ ਦੇ ਅੰਦਰ ਤਾਂ ਨਹੀਂ ਲੁਕੋਈ ਹੋਈ, ਪਰ ਇਸ ਵਾਰ ਪੈਕਟ ਕੰਮ ਦਾ ਦਿਨ ਖ਼ਤਮ ਹੋਣ ਤੋਂ ਕੁਝ ਦੇਰ ਪਹਿਲਾਂ ਹੀ ਆ ਗਿਆ ਅਤੇ ਇਸ ਦੀ ਚੈਕਿੰਗ ਨਹੀਂ ਕੀਤੀ ਗਈ ਸੀ।
ਉਸ ਸਮੇਂ ਇਕ ਛੋਟੀ ਜਿਹੀ ਕੋਠੜੀ ਵਿਚ ਮੇਰੇ ਅਤੇ ਕਾਰਲ ਹਾਇੰਟਸ ਕਲੇਬ ਤੋਂ ਇਲਾਵਾ ਤਿੰਨ ਗ਼ੈਰ-ਗਵਾਹ ਕੈਦੀ ਵੀ ਸਨ। ਅਸੀਂ ਪਹਿਰਾਬੁਰਜ ਨੂੰ ਉਨ੍ਹਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਕਿਸ ਤਰ੍ਹਾਂ ਪੜ੍ਹਦੇ? ਅਸੀਂ ਕਿਤਾਬ ਪੜ੍ਹਨ ਦਾ ਦਿਖਾਵਾ ਕਰਦੇ ਜਿਸ ਦੇ ਅੰਦਰ ਅਸੀਂ ਪਹਿਰਾਬੁਰਜ ਦੇ ਲੇਖ ਲੁਕਾਏ ਹੁੰਦੇ ਸੀ। ਅਸੀਂ ਜੇਲ੍ਹ ਵਿਚ ਇਹ ਵਡਮੁੱਲਾ ਅਧਿਆਤਮਿਕ ਭੋਜਨ ਸੰਗੀ ਗਵਾਹਾਂ ਨੂੰ ਅੱਗੇ ਪੜ੍ਹਨ ਲਈ ਦਿੰਦੇ ਸੀ।
ਜੇਲ੍ਹ ਵਿਚ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਦੇ ਮੌਕਿਆਂ ਦਾ ਪੂਰਾ ਲਾਭ ਉਠਾਇਆ। ਨਤੀਜੇ ਵਜੋਂ ਆਪਣੇ ਸੰਗੀ ਕੈਦੀ ਨੂੰ ਇਕ ਵਿਸ਼ਵਾਸੀ ਬਣਦੇ ਹੋਏ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।—ਮੱਤੀ 24:14.
ਪੂਰਣ-ਕਾਲੀ ਸੇਵਕਾਈ ਨੂੰ ਦੁਬਾਰਾ ਸ਼ੁਰੂ ਕਰਨਾ
ਜੇਲ੍ਹ ਵਿਚ ਛੇ ਸਾਲ ਗੁਜ਼ਾਰਨ ਤੋਂ ਬਾਅਦ ਮੈਨੂੰ 1 ਅਪ੍ਰੈਲ, 1957 ਨੂੰ ਰਿਹਾ ਕਰ ਦਿੱਤਾ ਗਿਆ। ਲਗਭਗ ਦੋ ਹਫ਼ਤਿਆਂ ਵਿਚ, ਮੈਂ ਐਲਜ਼ਾ ਨਾਲ ਵਿਆਹ ਕਰਾ ਲਿਆ। ਜਦੋਂ ਸ਼ਟਾਜ਼ੀ ਨੇ ਮੇਰੀ ਰਿਹਾਈ ਦੇ ਬਾਰੇ ਸੁਣਿਆ, ਤਾਂ ਉਹ ਮੈਨੂੰ ਜੇਲ੍ਹ ਵਿਚ ਦੁਬਾਰਾ ਲਿਆਉਣ ਲਈ ਕੋਈ ਬਹਾਨਾ ਭਾਲਣ ਲੱਗ ਪਏ। ਇਸ ਤੋਂ ਬਚਣ ਲਈ, ਮੈਂ ਅਤੇ ਐਲਜ਼ਾ ਪੱਛਮੀ ਬਰਲਿਨ ਵਿਚ ਵੱਸਣ ਲਈ ਸਰਹੱਦ ਪਾਰ ਚਲੇ ਗਏ।
ਜਦੋਂ ਅਸੀਂ ਪੱਛਮੀ ਬਰਲਿਨ ਵਿਚ ਪਹੁੰਚੇ, ਤਾਂ ਸੋਸਾਇਟੀ ਜਾਣਨਾ ਚਾਹੁੰਦੀ ਸੀ ਕਿ ਸਾਡੀਆਂ ਯੋਜਨਾਵਾਂ ਕੀ ਸਨ। ਅਸੀਂ ਦੱਸਿਆ ਕਿ ਸਾਡੇ ਵਿੱਚੋਂ ਇਕ ਜਣਾ ਪਾਇਨੀਅਰੀ ਕਰੇਗਾ ਅਤੇ ਦੂਜਾ ਨੌਕਰੀ ਕਰੇਗਾ। “ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇਗਾ ਜੇਕਰ ਤੁਸੀਂ ਦੋਵੇਂ ਹੀ ਪਾਇਨੀਅਰ ਬਣੋ?” ਉਨ੍ਹਾਂ ਨੇ ਪੁੱਛਿਆ।
ਅਸੀਂ ਜਵਾਬ ਦਿੱਤਾ ਕਿ “ਜੇਕਰ ਇਹ ਸੰਭਵ ਹੋ ਸਕਦਾ ਹੈ, ਤਾਂ ਅਸੀਂ ਇਸ ਨੂੰ ਫ਼ੌਰਨ ਸ਼ੁਰੂ ਕਰ ਦੇਵਾਂਗੇ।”
ਇਸ ਤਰ੍ਹਾਂ ਸਾਨੂੰ ਹਰ ਮਹੀਨੇ ਆਪਣਾ ਗੁਜ਼ਾਰਾ ਕਰਨ ਲਈ ਥੋੜ੍ਹਾ ਜਿਹਾ ਜੇਬ ਖ਼ਰਚ ਦਿੱਤਾ ਜਾਂਦਾ ਸੀ ਅਤੇ 1958 ਵਿਚ ਅਸੀਂ ਵਿਸ਼ੇਸ਼ ਪਾਇਨੀਅਰਾਂ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਵਿਅਕਤੀਆਂ ਨਾਲ ਅਸੀਂ ਬਾਈਬਲ ਦਾ ਅਧਿਐਨ ਕੀਤਾ ਸੀ, ਉਨ੍ਹਾਂ ਨੂੰ ਯਹੋਵਾਹ ਦੇ ਸੇਵਕ ਬਣਨ ਲਈ ਆਪਣੇ ਜੀਵਨ ਵਿਚ ਤਬਦੀਲੀਆਂ ਕਰਦੇ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਈ! ਵਿਸ਼ੇਸ਼ ਪਾਇਨੀਅਰੀ ਵਿਚ ਬਿਤਾਏ ਅਗਲੇ ਦਸ ਸਾਲਾਂ ਨੇ ਸਾਨੂੰ ਪਤੀ-ਪਤਨੀ ਵਜੋਂ ਨਜ਼ਦੀਕੀ ਤੌਰ ਤੇ ਇਕੱਠੇ ਮਿਲ ਕੇ ਕੰਮ ਕਰਨਾ ਸਿਖਾਇਆ। ਐਲਜ਼ਾ ਹਮੇਸ਼ਾ ਮੇਰੇ ਨਾਲ ਸੀ, ਇੱਥੋਂ ਤਕ ਕਿ ਉਦੋਂ ਵੀ ਜਦੋਂ ਮੈਂ ਕਾਰ ਦੀ ਮੁਰੰਮਤ ਕਰ ਰਿਹਾ ਹੁੰਦਾ ਸੀ। ਅਸੀਂ ਇਕੱਠੇ ਪੜ੍ਹਦੇ, ਅਧਿਐਨ ਕਰਦੇ ਅਤੇ ਪ੍ਰਾਰਥਨਾ ਕਰਦੇ।
ਸਾਨੂੰ 1969 ਵਿਚ ਸਫ਼ਰੀ ਕੰਮ ਲਈ ਨਿਯੁਕਤ ਕੀਤਾ ਗਿਆ ਸੀ, ਜਿਸ ਵਿਚ ਹਰ ਹਫ਼ਤੇ ਇਕ ਵੱਖਰੀ ਕਲੀਸਿਯਾ ਵਿਚ ਜਾ ਕੇ ਇਸ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਹਾਇਤਾ ਕਰਨੀ ਸ਼ਾਮਲ ਸੀ। ਯੋਜ਼ੇਫ ਬਾਰਟ, ਜਿਸ ਨੂੰ ਸਫ਼ਰੀ ਕੰਮ ਕਰਨ ਵਿਚ ਤਜਰਬਾ ਸੀ, ਨੇ ਮੈਨੂੰ ਇਹ ਸਲਾਹ ਦਿੱਤੀ: “ਜੇਕਰ ਤੂੰ ਆਪਣੀ ਨਿਯੁਕਤੀ ਵਿਚ ਸਫ਼ਲਤਾ ਪ੍ਰਾਪਤ ਕਰਨੀ ਚਾਹੁੰਦਾ ਹੈ, ਤਾਂ ਭਰਾਵਾਂ ਨਾਲ ਇਕ ਭਰਾ ਬਣ ਕੇ ਰਹਿ।” ਮੈਂ ਉਸ ਸਲਾਹ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਨਤੀਜੇ ਵਜੋਂ, ਸਾਡਾ ਸੰਗੀ ਗਵਾਹਾਂ ਦੇ ਨਾਲ ਇਕ ਬਹੁਤ ਨਿੱਘਾ ਅਤੇ ਮੇਲ-ਮਿਲਾਪ ਵਾਲਾ ਰਿਸ਼ਤਾ ਬਣ ਗਿਆ ਸੀ। ਇਸ ਲਈ ਜਦੋਂ ਵੀ ਸਲਾਹ ਦੇਣ ਦੀ ਲੋੜ ਹੁੰਦੀ, ਤਾਂ ਅਜਿਹੇ ਰਿਸ਼ਤੇ ਨੇ ਸਲਾਹ ਦੇਣੀ ਹੋਰ ਆਸਾਨ ਬਣਾ ਦਿੱਤੀ।
ਸਾਨੂੰ 1972 ਵਿਚ ਪਤਾ ਲੱਗਾ ਕਿ ਐਲਜ਼ਾ ਨੂੰ ਕੈਂਸਰ ਹੋ ਗਿਆ ਸੀ ਅਤੇ ਉਸ ਦਾ ਓਪਰੇਸ਼ਨ ਕਰਵਾਉਣਾ ਪਿਆ। ਬਾਅਦ ਵਿਚ, ਉਸ ਨੂੰ ਗਠੀਆ ਹੋ ਗਿਆ। ਫਿਰ ਵੀ ਦਰਦ ਨਾਲ ਪੀੜਿਤ ਹੋਣ ਦੇ ਬਾਵਜੂਦ ਉਹ ਮੇਰੇ ਨਾਲ ਹਰ ਹਫ਼ਤੇ ਕਲੀਸਿਯਾਵਾਂ ਵਿਚ ਸੇਵਾ ਕਰਨ ਜਾਂਦੀ, ਸੇਵਕਾਈ ਵਿਚ ਭੈਣਾਂ ਨਾਲ ਜਿੰਨਾ ਹੋ ਸਕਦਾ ਸੀ ਕੰਮ ਕਰਦੀ।
ਜ਼ਰੂਰਤਾਂ ਵਿਚ ਸਮਾਯੋਜਨ ਕਰਨਾ
ਸੰਨ 1984 ਵਿਚ ਮੇਰੇ ਸਹੁਰਿਆਂ ਨੂੰ ਲਗਾਤਾਰ ਦੇਖ-ਭਾਲ ਦੀ ਲੋੜ ਸੀ, ਇਸ ਲਈ ਅਸੀਂ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਆਪਣਾ ਸਫ਼ਰੀ ਕੰਮ ਛੱਡ ਦਿੱਤਾ। ਚਾਰ ਸਾਲਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। (1 ਤਿਮੋਥਿਉਸ 5:8) ਤਦ 1989 ਵਿਚ ਐਲਜ਼ਾ ਗੰਭੀਰ ਤਰੀਕੇ ਨਾਲ ਬੀਮਾਰ ਹੋ ਗਈ। ਖ਼ੁਸ਼ੀ ਦੀ ਗੱਲ ਹੈ ਕਿ ਉਸ ਦੀ ਸਿਹਤ ਵਿਚ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ, ਪਰ ਹੁਣ ਘਰ ਦੇ ਸਾਰੇ ਕੰਮ-ਕਾਰ ਮੈਂ ਹੀ ਕਰਦਾ ਹਾਂ। ਮੈਂ ਅਜੇ ਵੀ ਸਿੱਖ ਰਿਹਾ ਹਾਂ ਕਿ ਲਗਾਤਾਰ ਦਰਦ ਨਾਲ ਤੜਫਦੇ ਵਿਅਕਤੀ ਨਾਲ ਕਿਸ ਤਰ੍ਹਾਂ ਦਾ ਵਰਤਾਉ ਕਰਨਾ ਹੈ। ਫਿਰ ਵੀ, ਦਬਾਅ ਅਤੇ ਤਣਾਅ ਹੋਣ ਦੇ ਬਾਵਜੂਦ ਅਸੀਂ ਅਧਿਆਤਮਿਕ ਚੀਜ਼ਾਂ ਲਈ ਆਪਣਾ ਪ੍ਰੇਮ ਕਾਇਮ ਰੱਖਿਆ ਹੈ।
ਸ਼ੁਕਰ ਹੈ ਕਿ ਅਸੀਂ ਅੱਜ ਵੀ ਪਾਇਨੀਅਰੀ ਕਰਨ ਦੇ ਯੋਗ ਹਾਂ। ਪਰ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਉੱਚਾ ਰੁਤਬਾ ਹੋਣਾ ਜਾਂ ਜ਼ਿਆਦਾ ਕਰਨ ਦੇ ਯੋਗ ਹੋਣਾ ਮਹੱਤਵਪੂਰਣ ਨਹੀਂ ਹੈ, ਇਸ ਦੀ ਬਜਾਇ ਇਹ ਕਿ ਅਸੀਂ ਹਮੇਸ਼ਾ ਵਫ਼ਾਦਾਰ ਬਣੇ ਰਹੀਏ। ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਸਿਰਫ਼ ਕੁਝ ਸਾਲਾਂ ਲਈ ਨਹੀਂ, ਪਰ ਸਦਾ ਲਈ ਕਰਨੀ ਚਾਹੁੰਦੇ ਹਾਂ। ਸਾਡੇ ਅਨੁਭਵ ਨੇ ਭਵਿੱਖ ਦੇ ਲਈ ਸਾਨੂੰ ਅਦਭੁਤ ਸਿਖਲਾਈ ਦਿੱਤੀ ਹੈ। ਅਤੇ ਯਹੋਵਾਹ ਨੇ ਸਾਨੂੰ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਦੇ ਅਧੀਨ ਉਸ ਦੀ ਵਡਿਆਈ ਕਰਨ ਦੀ ਤਾਕਤ ਦਿੱਤੀ ਹੈ।—ਫ਼ਿਲਿੱਪੀਆਂ 4:13.
[ਫੁਟਨੋਟ]
a ਅਰਨਸਟ ਵਾਉ ਦੀ ਜੀਵਨੀ 1 ਅਗਸਤ, 1991, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 25 ਤੋਂ 29 ਵਿਚ ਦਿੱਤੀ ਗਈ ਹੈ।
[ਸਫ਼ੇ 23 ਉੱਤੇ ਤਸਵੀਰ]
ਇੱਥੇ ਮੈਗਡੇਬਰਗ ਵਿਚ ਮੈਂ ਕੈਦ ਸੀ
[ਕ੍ਰੈਡਿਟ ਲਾਈਨ]
Gedenkstätte Moritzplatz Magdeburg für die Opfer politischer Gewalt; Foto: Fredi Fröschki, Magdeburg
[ਸਫ਼ੇ 23 ਉੱਤੇ ਤਸਵੀਰ]
1957 ਵਿਚ ਜਦੋਂ ਸਾਡਾ ਵਿਆਹ ਹੋਇਆ ਸੀ
[ਸਫ਼ੇ 23 ਉੱਤੇ ਤਸਵੀਰ]
ਅੱਜ ਐਲਜ਼ਾ ਦੇ ਨਾਲ