ਯਹੋਵਾਹ ਵਿਚ ਆਨੰਦਿਤ ਹੋਵੋ ਅਤੇ ਖ਼ੁਸ਼ੀ ਮਨਾਓ
ਜਦੋਂ ਕੋਈ ਫ਼ਾਇਦੇਮੰਦ ਪ੍ਰਾਜੈਕਟ ਪੂਰਾ ਹੋ ਜਾਂਦਾ ਹੈ, ਤਾਂ ਉਹ ਸਮਾਂ ਖ਼ੁਸ਼ੀ ਮਨਾਉਣ ਦਾ ਹੁੰਦਾ ਹੈ। ਪੈਟਰਸਨ, ਨਿਊਯਾਰਕ, ਵਿਚ ਵਾਚਟਾਵਰ ਸਿੱਖਿਆ ਕੇਂਦਰ ਵਿਖੇ 13 ਮਾਰਚ, 1999 ਨੂੰ ਆਯੋਜਿਤ ਕੀਤਾ ਗਿਆ ਗ੍ਰੈਜੂਏਸ਼ਨ ਪ੍ਰੋਗ੍ਰਾਮ, ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 106ਵੀਂ ਕਲਾਸ ਦੇ 48 ਵਿਦਿਆਰਥੀਆਂ ਲਈ ਸੱਚ-ਮੁੱਚ ਅਜਿਹਾ ਹੀ ਇਕ ਮੌਕਾ ਸੀ।
ਗ੍ਰੈਜੂਏਸ਼ਨ ਪ੍ਰੋਗ੍ਰਾਮ ਦੇ ਸਭਾਪਤੀ, ਥੀਓਡੋਰ ਜੈਰਸ, ਜੋ ਕਿ ਪ੍ਰਬੰਧਕ ਸਭਾ ਦਾ ਮੈਂਬਰ ਹੈ ਅਤੇ ਗਿਲਿਅਡ ਦੀ ਸੱਤਵੀਂ ਕਲਾਸ ਦਾ ਗ੍ਰੈਜੂਏਟ ਹੈ, ਨੇ ਆਰੰਭਕ ਟਿੱਪਣੀਆਂ ਵਿਚ ਜ਼ਬੂਰ 32:11 ਦੇ ਸ਼ਬਦਾਂ ਨੂੰ ਉਜਾਗਰ ਕੀਤਾ: “ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ ਅਤੇ ਖੁਸ਼ੀ ਮਨਾਓ।” ਇਹ ਸਮਝਾਉਂਦੇ ਹੋਏ ਕਿ ਇਸ ਮੌਕੇ ਤੇ ਸਾਰਿਆਂ ਲਈ ਖ਼ੁਸ਼ੀ ਮਨਾਉਣੀ ਕਿਉਂ ਢੁਕਵੀਂ ਹੈ, ਉਸ ਨੇ ਕਿਹਾ: “ਅਸੀਂ ਇਸ ਤਰ੍ਹਾਂ ਦੇ ਮੌਕਿਆਂ ਤੇ ਇਸ ਲਈ ਆਨੰਦ ਮਨਾਉਂਦੇ ਹਾਂ ਕਿਉਂਕਿ ਯਹੋਵਾਹ ਸਿੱਧੇ ਦਿਲ ਵਾਲੇ ਲੋਕਾਂ ਦੁਆਰਾ ਬਹੁਤ ਕੁਝ ਕਰਾ ਰਿਹਾ ਹੈ, ਜਿਨ੍ਹਾਂ ਵਿਚ ਸਾਡੇ ਗਿਲਿਅਡ ਵਿਦਿਆਰਥੀ ਵੀ ਸ਼ਾਮਲ ਹਨ।” ਬੇਸ਼ੱਕ ਵਿਦਿਆਰਥੀਆਂ ਨੇ ਗਿਲਿਅਡ ਸਕੂਲ ਵਿਚ ਆਉਣ ਲਈ ਯੋਜਨਾਵਾਂ ਬਣਾਈਆਂ ਸਨ ਅਤੇ ਮਿਸ਼ਨਰੀ ਸੇਵਾ ਦੇ ਕਾਬਲ ਬਣਨ ਵਾਸਤੇ ਬਹੁਤ ਸਖ਼ਤ ਮਿਹਨਤ ਕੀਤੀ ਸੀ, ਪਰ ਯਹੋਵਾਹ ਦੀ ਮਦਦ ਨਾਲ ਹੀ ਹਰੇਕ ਕੰਮ ਨੂੰ ਸਫ਼ਲਤਾ ਨਾਲ ਪੂਰਾ ਕੀਤਾ ਗਿਆ ਹੈ। (ਕਹਾਉਤਾਂ 21:5; 27:1) ਭਰਾ ਜੈਰਸ ਨੇ ਜ਼ੋਰ ਦਿੱਤਾ ਕਿ ‘ਯਹੋਵਾਹ ਵਿਚ ਆਨੰਦਿਤ ਹੋਣ’ ਦਾ ਇਹੋ ਕਾਰਨ ਹੈ।
ਪੈਟਰਸਨ ਆਡੀਟੋਰੀਅਮ ਵਿਚ ਹਾਜ਼ਰ ਲੋਕਾਂ ਵਿਚ ਵਿਦਿਆਰਥੀਆਂ ਦੇ ਪਰਿਵਾਰ ਦੇ ਮੈਂਬਰ ਅਤੇ ਮਹਿਮਾਨ ਸਨ ਜਿਹੜੇ ਇਸ ਖ਼ੁਸ਼ੀ ਭਰੇ ਮੌਕੇ ਵਿਚ ਹਾਜ਼ਰ ਹੋਣ ਲਈ 12 ਦੇਸ਼ਾਂ ਤੋਂ ਆਏ ਸਨ। ਜਦੋਂ 5,198 ਹਾਜ਼ਰ ਲੋਕ—ਜਿਨ੍ਹਾਂ ਵਿਚ ਬਰੁਕਲਿਨ, ਪੈਟਰਸਨ, ਅਤੇ ਵੌਲਕਿਲ ਵਿਖੇ ਆਡੀਓ ਤੇ ਵਿਡਿਓ ਰਾਹੀਂ ਪ੍ਰੋਗ੍ਰਾਮ ਦੇਖ ਰਹੇ ਬੈਥਲ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਸਨ—ਇਸ ਪ੍ਰੋਗ੍ਰਾਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਤਾਂ ਉੱਥੇ ਦਾ ਮਾਹੌਲ ਬਹੁਤ ਹੀ ਖ਼ੁਸ਼ੀਆਂ ਭਰਿਆ ਨਜ਼ਰ ਆ ਰਿਹਾ ਸੀ।
ਆਨੰਦਿਤ ਰਵੱਈਏ ਨੂੰ ਬਣਾਈ ਰੱਖਣ ਦੀ ਤਾਕੀਦ
ਭਰਾ ਜੈਰਸ ਨੇ ਆਪਣੀਆਂ ਆਰੰਭਕ ਟਿੱਪਣੀਆਂ ਖ਼ਤਮ ਕਰਨ ਤੋਂ ਬਾਅਦ ਪੰਜ ਭਾਸ਼ਣਕਾਰਾਂ ਵਿੱਚੋਂ ਪਹਿਲੇ ਭਾਸ਼ਣਕਾਰ ਨੂੰ ਬੁਲਾਇਆ। ਇਨ੍ਹਾਂ ਸਾਰੇ ਭਾਸ਼ਣਕਾਰਾਂ ਨੇ ਗਿਲਿਅਡ ਸਕੂਲ ਦੇ ਗ੍ਰੈਜੂਏਟਾਂ ਲਈ ਹੀ ਨਹੀਂ, ਬਲਕਿ ਹਾਜ਼ਰ ਹੋਏ ਸਾਰੇ ਲੋਕਾਂ ਲਈ ਉਤਸ਼ਾਹਜਨਕ ਬਾਈਬਲੀ ਉਪਦੇਸ਼ ਤਿਆਰ ਕੀਤਾ ਸੀ।
ਪਹਿਲਾ ਭਾਸ਼ਣਕਾਰ ਵਿਲੀਅਮ ਮੇਲਨਫੌਂਟ ਸੀ, ਜੋ ਗਿਲਿਅਡ ਦੀ 34ਵੀਂ ਕਲਾਸ ਦਾ ਗ੍ਰੈਜੂਏਟ ਹੈ ਅਤੇ ਇਸ ਵੇਲੇ ਪ੍ਰਬੰਧਕ ਸਭਾ ਦੀ ਸਿੱਖਿਆ ਸਮਿਤੀ ਦੇ ਸਹਾਇਕ ਵਜੋਂ ਸੇਵਾ ਕਰ ਰਿਹਾ ਹੈ। ਉਪਦੇਸ਼ਕ ਦੀ ਪੋਥੀ 1:2 ਉੱਤੇ ਆਧਾਰਿਤ ਆਪਣੇ ਭਾਸ਼ਣ ਦੇ ਵਿਸ਼ੇ “‘ਸਭ ਕੁਝ ਵਿਅਰਥ’ ਨਹੀਂ ਹੈ!” ਦੇ ਸੰਬੰਧ ਵਿਚ ਉਸ ਨੇ ਇਕ ਸਵਾਲ ਪੁੱਛਿਆ: “ਕੀ ਸੁਲੇਮਾਨ ਦੇ ਕਹਿਣ ਦਾ ਇਹ ਅਰਥ ਸੀ ਕਿ ਸੱਚ-ਮੁੱਚ ਸਭ ਕੁਝ ਵਿਅਰਥ ਹੈ?” ਇਸ ਦਾ ਜਵਾਬ ਹੈ: “ਨਹੀਂ। ਉਹ ਇਹ ਕਹਿ ਰਿਹਾ ਸੀ ਕਿ ਇਨਸਾਨ ਦੇ ਕੰਮ ਜਿਨ੍ਹਾਂ ਵਿਚ ਪਰਮੇਸ਼ੁਰੀ ਇੱਛਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤੇ ਜਿਨ੍ਹਾਂ ਦਾ ਪਰਮੇਸ਼ੁਰੀ ਇੱਛਾ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ—ਉਹ ਸਭ ਵਿਅਰਥ ਹਨ।” ਇਸ ਦੇ ਉਲਟ, ਸੱਚੇ ਪਰਮੇਸ਼ੁਰ, ਯਹੋਵਾਹ ਦੀ ਉਪਾਸਨਾ ਕਰਨੀ ਵਿਅਰਥ ਨਹੀਂ ਹੈ; ਨਾ ਹੀ ਪਰਮੇਸ਼ੁਰ ਦੇ ਬਚਨ, ਬਾਈਬਲ ਦਾ ਅਧਿਐਨ ਕਰਨਾ ਅਤੇ ਦੂਸਰਿਆਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਵਿਅਰਥ ਹੈ। ਪਰਮੇਸ਼ੁਰ ਆਪਣੇ ਸੇਵਕਾਂ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਕਦੀ ਨਹੀਂ ਭੁੱਲਦਾ ਹੈ। (ਇਬਰਾਨੀਆਂ 6:10) ਅਸਲ ਵਿਚ, ਜੇ ਉਨ੍ਹਾਂ ਲੋਕਾਂ ਉੱਤੇ ਕੋਈ ਆਫ਼ਤ ਆ ਵੀ ਜਾਵੇ ਜਿਨ੍ਹਾਂ ਤੇ ਪਰਮੇਸ਼ੁਰ ਦੀ ਕਿਰਪਾ ਹੈ, ਤਾਂ ਉਹ ‘ਯਹੋਵਾਹ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੇ ਰਹਿਣਗੇ।’ (1 ਸਮੂਏਲ 25:29) ਇਹ ਵਿਚਾਰ ਦਿਲ ਨੂੰ ਕਿੰਨਾ ਦਿਲਾਸਾ ਦਿੰਦਾ ਹੈ! ਅਜਿਹੇ ਨੁਕਤਿਆਂ ਨੂੰ ਯਾਦ ਰੱਖਣ ਨਾਲ ਯਹੋਵਾਹ ਦੇ ਸਾਰੇ ਉਪਾਸਕ ਆਨੰਦਮਈ ਰਵੱਈਆ ਬਣਾਈ ਰੱਖ ਸਕਦੇ ਹਨ।
ਪ੍ਰਬੰਧਕ ਸਭਾ ਦੇ ਮੈਂਬਰ, ਜੌਨ ਬਾਰ ਨੇ ਆਪਣੇ ਭਾਸ਼ਣ “ਆਪਣੀ ਮਿਸ਼ਨਰੀ ਸੇਵਾ ਵਿਚ ਆਨੰਦ ਪ੍ਰਾਪਤ ਕਰੋ” ਦੁਆਰਾ ਗ੍ਰੈਜੂਏਟ ਹੋਣ ਜਾ ਰਹੀ ਕਲਾਸ ਨੂੰ ਉਤਸ਼ਾਹਿਤ ਕੀਤਾ। ਉਸ ਨੇ ਦਿਖਾਇਆ ਕਿ ਮਿਸ਼ਨਰੀ ਸੇਵਾ ਵਿਚ ਯਹੋਵਾਹ ਪਰਮੇਸ਼ੁਰ ਦੀ ਹਮੇਸ਼ਾ ਡੂੰਘੀ ਦਿਲਚਸਪੀ ਰਹੀ ਹੈ। “ਇਹ ਜਗਤ ਪ੍ਰਤੀ ਯਹੋਵਾਹ ਦੇ ਪਿਆਰ ਦੇ ਪ੍ਰਗਟਾਵੇ ਦਾ ਅਿਨੱਖੜਵਾਂ ਅੰਗ ਹੈ। ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਸ ਧਰਤੀ ਤੇ ਭੇਜਿਆ। ਯਿਸੂ ਸਭ ਤੋਂ ਵੱਡਾ ਅਤੇ ਸਰਬਸ੍ਰੇਸ਼ਟ ਮਿਸ਼ਨਰੀ ਸੀ।” ਜਦ ਕਿ ਗ੍ਰੈਜੂਏਟ ਉਨ੍ਹਾਂ ਤਬਦੀਲੀਆਂ ਉੱਤੇ ਵਿਚਾਰ ਕਰ ਸਕਦੇ ਹਨ ਜਿਹੜੀਆਂ ਯਿਸੂ ਨੂੰ ਧਰਤੀ ਉੱਤੇ ਆਪਣੀ ਕਾਰਜ-ਨਿਯੁਕਤੀ ਨੂੰ ਸਫ਼ਲ ਬਣਾਉਣ ਲਈ ਕਰਨੀਆਂ ਪਈਆਂ ਸਨ, ਪਰ ਯਿਸੂ ਦੀ ਮਿਸ਼ਨਰੀ ਸੇਵਾ ਤੋਂ ਅੱਜ ਵੀ ਉਨ੍ਹਾਂ ਲੋਕਾਂ ਨੂੰ ਲਾਭ ਮਿਲ ਸਕਦਾ ਹੈ ਜੋ ਇਸ ਤੋਂ ਲਾਭ ਪ੍ਰਾਪਤ ਕਰਨਾ ਚਾਹੁਣਗੇ। ਕਿਉਂਕਿ, ਜਿਵੇਂ ਭਰਾ ਬਾਰ ਨੇ ਦੱਸਿਆ, ਯਿਸੂ ਨੇ ਪਰਮੇਸ਼ੁਰ ਦੇ ਕੰਮ ਵਿਚ ਆਨੰਦ ਪ੍ਰਾਪਤ ਕੀਤਾ ਅਤੇ ਉਸ ਨੇ ਮਨੁੱਖਜਾਤੀ ਦੇ ਪੁੱਤਰਾਂ ਨਾਲ ਵੀ ਪਿਆਰ ਕੀਤਾ ਸੀ। (ਕਹਾਉਤਾਂ 8: 30, 31) ਭਰਾ ਬਾਰ ਨੇ ਗ੍ਰੈਜੂਏਟਾਂ ਨੂੰ ਆਪਣੀਆਂ ਨਿਯੁਕਤੀਆਂ ਨੂੰ ਪੂਰਾ ਕਰਦੇ ਰਹਿਣ ਦੀ ਤਾਕੀਦ ਕੀਤੀ, ਸਿਰਫ਼ ਸਹਿਣਸ਼ੀਲਤਾ ਦਿਖਾਉਣ ਕਰਕੇ ਹੀ ਨਹੀਂ, ਬਲਕਿ ਇਸ ਲਈ ਕਿ ਉਹ ਇਸ ਨੂੰ ਕਰਨ ਵਿਚ ਆਨੰਦ ਪ੍ਰਾਪਤ ਕਰਦੇ ਹਨ। ਉਸ ਨੇ ਕਲਾਸ ਨੂੰ ਬੇਨਤੀ ਕੀਤੀ: “ਯਹੋਵਾਹ ਉੱਤੇ ਨਿਰਭਰ ਰਹੋ; ਉਹ ਤੁਹਾਨੂੰ ਨਿਰਾਸ਼ ਨਹੀਂ ਕਰੇਗਾ।”—ਜ਼ਬੂਰ 55:22.
ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ, ਲੋਇਡ ਬੈਰੀ ਦੂਸਰੇ ਭਾਸ਼ਣਕਾਰ ਸਨ ਅਤੇ ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ, “ਅਨੰਤਕਾਲ ਤਕ ਯਹੋਵਾਹ ਦਾ ਨਾਂ ਲੈ ਕੇ ਚੱਲਣਾ।” ਭਰਾ ਬੈਰੀ ਨੇ ਗਿਲਿਅਡ ਦੀ 11ਵੀਂ ਕਲਾਸ ਤੋਂ ਗ੍ਰੈਜੂਏਟ ਹੋ ਕੇ 25 ਸਾਲ ਤਕ ਜਪਾਨ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕੀਤੀ ਹੈ। ਉਸ ਨੇ ਮੁਢਲੇ ਮਿਸ਼ਨਰੀਆਂ ਦੇ ਕੁਝ ਅਨੁਭਵ ਸੁਣਾਏ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਬਾਰੇ ਦੱਸਿਆ। ਉਸ ਨੇ ਗ੍ਰੈਜੂਏਟ ਹੋਣ ਜਾ ਰਹੀ ਕਲਾਸ ਨੂੰ ਕਿਹੜੀ ਵਿਵਹਾਰਕ ਸਲਾਹ ਦਿੱਤੀ? “ਸਭ ਤੋਂ ਪਹਿਲਾਂ, ਆਪਣੀ ਅਧਿਆਤਮਿਕਤਾ ਨੂੰ ਬਣਾਈ ਰੱਖੋ। ਭਾਸ਼ਾ ਅਤੇ ਸਭਿਆਚਾਰ ਬਾਰੇ ਵੀ ਸਿੱਖੋ। ਆਪਣਾ ਮਜ਼ਾਕੀਆ ਸੁਭਾਅ ਬਣਾਈ ਰੱਖੋ। ਅਤੇ ਆਪਣੇ ਕੰਮ ਵਿਚ ਲੱਗੇ ਰਹੋ; ਨਾ ਹੀ ਥੱਕੋ ਤੇ ਨਾ ਹੀ ਹਾਰ ਮੰਨੋ।” ਭਰਾ ਬੈਰੀ ਨੇ ਗ੍ਰੈਜੂਏਟਾਂ ਨੂੰ ਦੱਸਿਆ ਕਿ ਉਹ ਜਿਹੜਿਆਂ ਦੇਸ਼ਾਂ ਵਿਚ ਭੇਜੇ ਜਾਣਗੇ, ਉੱਥੇ ਉਹ ਬਹੁਤ ਸਾਰੇ ਲੋਕਾਂ ਨੂੰ ਮਿਲਣਗੇ ਜਿਹੜੇ ਆਪਣੇ ਦੇਵੀ-ਦੇਵਤਿਆਂ ਦਾ ਨਾਂ ਲੈ ਕੇ ਚੱਲਦੇ ਹਨ। ਇਸ ਲਈ ਭਰਾ ਬੈਰੀ ਨੇ ਉਨ੍ਹਾਂ ਨੂੰ ਮੀਕਾਹ ਦੇ ਸ਼ਬਦ ਯਾਦ ਕਰਵਾਏ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾਹ 4:5) ਸਾਬਕਾ ਮਿਸ਼ਨਰੀਆਂ ਦੀ ਉਦਾਹਰਣ ਯਕੀਨਨ ਪਰਮੇਸ਼ੁਰ ਦੇ ਸਾਰੇ ਸੇਵਕਾਂ ਲਈ ਇਕ ਸ਼ਕਤੀਸ਼ਾਲੀ ਪ੍ਰੇਰਣਾ ਹੈ ਕਿ ਉਹ ਯਹੋਵਾਹ ਦਾ ਨਾਂ ਲੈ ਕੇ ਚੱਲਦੇ ਰਹਿਣ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣ।
ਪ੍ਰੋਗ੍ਰਾਮ ਦਾ ਅਗਲਾ ਭਾਸ਼ਣਕਾਰ ਗਿਲਿਅਡ ਕਲਾਸ ਦਾ ਅਧਿਆਪਕ ਲਾਰੈਂਸ ਬੋਵਨ ਸੀ। ਉਸ ਦੇ ਭਾਸ਼ਣ ਦਾ ਵਿਸ਼ਾ ਇਕ ਸਵਾਲ ਦੇ ਰੂਪ ਵਿਚ ਸੀ, “ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਸਾਬਤ ਹੋਵੋਗੇ?” ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦੀ ਸੇਵਾ ਵਿਚ ਸਫ਼ਲਤਾ ਯਹੋਵਾਹ ਵਿਚ ਨਿਹਚਾ ਅਤੇ ਭਰੋਸੇ ਤੇ ਨਿਰਭਰ ਕਰਦੀ ਹੈ। ਯਹੋਵਾਹ ਉੱਤੇ ਪੂਰਾ ਭਰੋਸਾ ਕਰ ਕੇ ਹੀ ਰਾਜਾ ਆਸਾ ਦੁਸ਼ਮਣਾਂ ਦੀ ਦਸ ਲੱਖ ਆਦਮੀਆਂ ਦੀ ਫ਼ੌਜ ਉੱਤੇ ਜ਼ਬਰਦਸਤ ਜਿੱਤ ਪ੍ਰਾਪਤ ਕਰ ਸਕਿਆ ਸੀ। ਫਿਰ ਵੀ ਨਬੀ ਅਜ਼ਰਯਾਹ ਨੇ ਉਸ ਨੂੰ ਹਮੇਸ਼ਾ ਪਰਮੇਸ਼ੁਰ ਉੱਤੇ ਭਰੋਸਾ ਕਰਦੇ ਰਹਿਣ ਲਈ ਕਿਹਾ: “ਯਹੋਵਾਹ ਤੁਹਾਡੇ ਨਾਲ ਹੈ ਜਦ ਤੀਕ ਤੁਸੀਂ ਉਸ ਦੇ ਨਾਲ ਹੋ।” (2 ਇਤਹਾਸ 14: 9-12; 15: 1, 2) ਕਿਉਂਕਿ ਪਰਮੇਸ਼ੁਰ ਦਾ ਨਾਂ, ਯਹੋਵਾਹ, ਇਹ ਵਿਚਾਰ ਪ੍ਰਗਟ ਕਰਦਾ ਹੈ ਕਿ ਆਪਣਾ ਉਦੇਸ਼ ਪੂਰਾ ਕਰਨ ਲਈ ਉਸ ਨੂੰ ਜਿਸ ਤਰ੍ਹਾਂ ਦਾ ਬਣਨ ਦੀ ਲੋੜ ਹੈ, ਉਹ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ—ਚਾਹੇ ਇਸ ਦਾ ਮਤਲਬ ਦਾਤਾ, ਰੱਖਿਅਕ, ਜਾਂ ਪ੍ਰਾਣ-ਦੰਡਕ ਬਣਨਾ ਹੈ—ਜਿਹੜੇ ਮਿਸ਼ਨਰੀ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ ਅਤੇ ਉਸ ਦੇ ਉਦੇਸ਼ ਮੁਤਾਬਕ ਕੰਮ ਕਰਦੇ ਹਨ, ਸਿਰਫ਼ ਉਹ ਹੀ ਆਪਣੀਆਂ ਨਿਯੁਕਤੀਆਂ ਵਿਚ ਸਫ਼ਲ ਹੋਣਗੇ। (ਕੂਚ 3:14) ਭਰਾ ਬੋਵਨ ਨੇ ਆਖ਼ਰ ਵਿਚ ਕਿਹਾ: “ਇਸ ਗੱਲ ਨੂੰ ਕਦੀ ਨਾ ਭੁੱਲੋ ਕਿ ਜਿੰਨਾ ਚਿਰ ਤੁਸੀਂ ਯਹੋਵਾਹ ਦੇ ਉਦੇਸ਼ ਨੂੰ ਆਪਣਾ ਉਦੇਸ਼ ਸਮਝਦੇ ਹੋ, ਉਹ ਤੁਹਾਨੂੰ ਉਸੇ ਤਰ੍ਹਾਂ ਦਾ ਇਨਸਾਨ ਬਣਾਵੇਗਾ ਜਿਸ ਤਰ੍ਹਾਂ ਦਾ ਤੁਹਾਨੂੰ ਆਪਣੀ ਨਿਯੁਕਤੀ ਨੂੰ ਪੂਰਾ ਕਰਨ ਲਈ ਬਣਨ ਦੀ ਜ਼ਰੂਰਤ ਹੈ।”
ਪ੍ਰੋਗ੍ਰਾਮ ਦੇ ਇਸ ਭਾਗ ਦਾ ਆਖ਼ਰੀ ਭਾਸ਼ਣਕਾਰ ਵੈਲਸ ਲਿਵਰੈਂਸ ਸੀ, ਜੋ ਇਕ ਸਾਬਕਾ ਮਿਸ਼ਨਰੀ ਹੈ ਅਤੇ ਹੁਣ ਸਕੂਲ ਦਾ ਰਜਿਸਟਰਾਰ ਹੈ। ਉਸ ਦੇ ਭਾਸ਼ਣ ਦਾ ਵਿਸ਼ਾ ਸੀ “ਪਰਮੇਸ਼ੁਰ ਦੇ ਬਚਨ ਨੂੰ ਆਪਣੇ ਵਿਚ ਜੀਉਂਦਾ ਅਤੇ ਸਰਗਰਮ ਰੱਖੋ।” ਇਸ ਭਾਸ਼ਣ ਨੇ ਪਰਮੇਸ਼ੁਰ ਦੇ ਯਕੀਨੀ ਸੰਦੇਸ਼ ਜਾਂ ਵਾਅਦੇ ਵੱਲ ਧਿਆਨ ਦਿਵਾਇਆ ਜੋ ਪੂਰਾ ਹੋਣ ਲਈ ਲਗਾਤਾਰ ਅੱਗੇ ਨੂੰ ਵਧਦਾ ਜਾ ਰਿਹਾ ਹੈ। (ਇਬਰਾਨੀਆਂ 4:12) ਇਹ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਇਸ ਨੂੰ ਅਜਿਹਾ ਕਰਨ ਦਿੰਦੇ ਹਨ। (1 ਥੱਸਲੁਨੀਕੀਆਂ 2:13) ਅਸੀਂ ਆਪਣੀਆਂ ਜ਼ਿੰਦਗੀਆਂ ਵਿਚ ਇਸ ਬਚਨ ਨੂੰ ਜੀਉਂਦਾ ਅਤੇ ਸਰਗਰਮ ਕਿਵੇਂ ਰੱਖ ਸਕਦੇ ਹਾਂ? ਲਗਨ ਨਾਲ ਬਾਈਬਲ ਦਾ ਅਧਿਐਨ ਕਰ ਕੇ। ਭਰਾ ਲਿਵਰੈਂਨਸ ਨੇ ਗ੍ਰੈਜੂਏਟਾਂ ਨੂੰ ਬਾਈਬਲ ਦਾ ਅਧਿਐਨ ਕਰਨ ਦੇ ਤਰੀਕਿਆਂ ਬਾਰੇ ਯਾਦ ਦਿਲਾਇਆ ਜੋ ਉਨ੍ਹਾਂ ਨੇ ਗਿਲਿਅਡ ਵਿਚ ਸਿੱਖੇ ਸਨ। ਇਸ ਵਿਚ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਉਸ ਦੇ ਅਰਥ ਨੂੰ ਸਮਝਣਾ ਅਤੇ ਇਸ ਨੂੰ ਲਾਗੂ ਕਰਨਾ ਸ਼ਾਮਲ ਸੀ। ਉਸ ਨੇ ਪ੍ਰਬੰਧਕ ਸਭਾ ਦੇ ਇਕ ਮੈਂਬਰ, ਐਲਬਰਟ ਸ਼੍ਰੋਡਰ, ਜੋ 50 ਸਾਲ ਪਹਿਲਾਂ ਗਿਲਿਅਡ ਸਕੂਲ ਨੂੰ ਸ਼ੁਰੂ ਕਰਨ ਵਾਲੀ ਕਮੇਟੀ ਦਾ ਸਭਾਪਤੀ ਸੀ, ਦੇ ਸ਼ਬਦਾਂ ਦਾ ਹਵਾਲਾ ਦਿੱਤਾ: “ਸੰਦਰਭ ਨੂੰ ਇਸਤੇਮਾਲ ਕਰ ਕੇ ਇਕ ਵਿਅਕਤੀ ਪਰਮੇਸ਼ੁਰ ਦੁਆਰਾ ਆਪਣੇ ਬਚਨ ਵਿਚ ਮੁਹੱਈਆ ਕੀਤੇ ਗਏ ਅਧਿਆਤਮਿਕ ਅਰਥ ਨੂੰ ਪੂਰੀ ਤਰ੍ਹਾਂ ਅਤੇ ਸਹੀ-ਸਹੀ ਸਮਝ ਸਕਦਾ ਹੈ।” ਬਾਈਬਲ ਦਾ ਇਸ ਤਰ੍ਹਾਂ ਅਧਿਐਨ ਕਰਨ ਨਾਲ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸਰਗਰਮ ਰਹਿੰਦਾ ਹੈ।
ਖ਼ੁਸ਼ੀ ਭਰੇ ਅਨੁਭਵ ਅਤੇ ਇੰਟਰਵਿਊ
ਸਾਰੇ ਭਾਸ਼ਣ ਖ਼ਤਮ ਹੋ ਜਾਣ ਤੋਂ ਬਾਅਦ, ਵਿਦਿਆਰਥੀਆਂ ਨੇ ਹਾਜ਼ਰੀਨ ਨੂੰ ਕੁਝ ਖ਼ੁਸ਼ੀ ਭਰੇ ਅਨੁਭਵ ਦੱਸੇ। ਸਾਬਕਾ ਮਿਸ਼ਨਰੀ ਅਤੇ ਮੌਜੂਦਾ ਗਿਲਿਅਡ ਅਧਿਆਪਕ, ਮਾਰਕ ਨੂਮੇਰ ਦੇ ਨਿਰਦੇਸ਼ਨ ਅਧੀਨ, ਕੁਝ ਵਿਦਿਆਰਥੀਆਂ ਨੇ ਅਨੁਭਵ ਦੱਸੇ ਅਤੇ ਪ੍ਰਦਰਸ਼ਿਤ ਕੀਤਾ ਕਿ ਉਨ੍ਹਾਂ ਨੇ ਵੱਖੋ-ਵੱਖਰੇ ਹਾਲਾਤਾਂ ਵਿਚ ਕਿਵੇਂ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ। ਕੁਝ ਵਿਦਿਆਰਥੀ ਆਪਣੇ ਖੇਤਰ ਦੇ ਲੋਕਾਂ ਦੇ ਹਾਲਾਤਾਂ ਤੇ ਵਿਚਾਰਾਂ ਪ੍ਰਤੀ ਸਚੇਤ ਰਹਿਣ ਅਤੇ ਉਨ੍ਹਾਂ ਵਿਚ ਨਿੱਜੀ ਦਿਲਚਸਪੀ ਲੈਣ ਦੁਆਰਾ ਬਾਈਬਲ ਅਧਿਐਨ ਕਰਾ ਸਕੇ। ਇਸ ਤਰ੍ਹਾਂ ਵਿਦਿਆਰਥੀ “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ” ਰਹੇ ਸਨ ਅਤੇ ਮੁਕਤੀ ਪ੍ਰਾਪਤ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ ਵਿਚ ਸੱਚ-ਮੁੱਚ ਦਿਲਚਸਪੀ ਰੱਖਦੇ ਸਨ।—1 ਤਿਮੋਥਿਉਸ 4:16.
ਬਹੁਤ ਸਾਰੇ ਵਿਵਹਾਰਕ ਸੁਝਾਅ ਦਿੱਤੇ ਗਏ ਸਨ ਅਤੇ ਕਈ ਤਜਰਬੇਕਾਰ ਭਰਾਵਾਂ ਨੇ ਵੀ ਮਿਸ਼ਨਰੀ ਸੇਵਾ ਦੇ ਆਨੰਦ ਬਾਰੇ ਦੱਸਿਆ, ਜਿਹੜੇ ਵਾਚਟਾਵਰ ਸਿੱਖਿਆ ਕੇਂਦਰ ਵਿਚ ਸ਼ਾਖਾ ਸਮਿਤੀ ਦੇ ਮੈਂਬਰਾਂ ਲਈ ਆਯੋਜਿਤ ਕੀਤੇ ਗਏ ਸਕੂਲ ਵਿਚ ਸਿਖਲਾਈ ਲੈ ਰਹੇ ਸਨ। ਮੁੱਖ-ਦਫ਼ਤਰ ਵਿਚ ਕੰਮ ਕਰਨ ਵਾਲੇ ਭਰਾ ਸੈਮੂਏਲ ਹਰਡ ਅਤੇ ਰੌਬਰਟ ਜੌਨਸਨ ਨੇ ਬੋਲੀਵੀਆ, ਜ਼ਿਮਬਾਬਵੇ, ਨਿਕਾਰਾਗੁਆ, ਮੱਧ ਅਫ਼ਰੀਕਨ ਗਣਰਾਜ, ਡਮਿਨੀਕਨ ਗਣਰਾਜ, ਪਾਪੂਆ ਨਿਊ ਗਿਨੀ, ਅਤੇ ਕੈਮਰੂਨ ਵਿਚ ਸੋਸਾਇਟੀ ਦੇ ਸ਼ਾਖਾ ਦਫ਼ਤਰਾਂ ਤੋਂ ਆਏ ਭਰਾਵਾਂ ਦੀ ਜੋਸ਼ਪੂਰਣ ਇੰਟਰਵਿਊ ਲਈ।
ਅਨੁਭਵਾਂ ਅਤੇ ਇੰਟਰਵਿਊਆਂ ਤੋਂ ਬਾਅਦ, ਗਿਲਿਅਡ ਦੀ 41ਵੀਂ ਕਲਾਸ ਦੇ ਗ੍ਰੈਜੂਏਟ ਅਤੇ ਪ੍ਰਬੰਧਕ ਸਭਾ ਦੇ ਮੈਂਬਰ, ਗੇਰਟ ਲੋਸ਼ ਨੇ ਇਕ ਅਖ਼ੀਰਲਾ ਭਾਸ਼ਣ ਦਿੱਤਾ। ਉਸ ਦੇ ਭਾਸ਼ਣ ਦਾ ਵਿਚਾਰ-ਉਕਸਾਊ ਵਿਸ਼ਾ ਸੀ “ਕੀ ਤੁਸੀਂ ਇਕ ‘ਪਿਆਰੇ ਵਿਅਕਤੀ’ ਹੋ?” ਭਰਾ ਲੋਸ਼ ਨੇ ਪਹਿਲਾਂ ਗ੍ਰੈਜੂਏਟਾਂ ਨੂੰ ਯਾਦ ਦਿਲਾਇਆ ਕਿ ਲੋਕ ਪਰਮੇਸ਼ੁਰ ਦੇ ਸੰਪੂਰਣ ਪੁੱਤਰ, ਯਿਸੂ ਨੂੰ ਪਿਆਰਾ ਨਹੀਂ ਸਮਝਦੇ ਸਨ, ਪਰ “ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ।” (ਯਸਾਯਾਹ 53:3) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਮਿਸ਼ਨਰੀਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਹੈ। ਦੂਸਰੇ ਪਾਸੇ, ਬਾਬਲ ਵਿਚ ਦਾਨੀਏਲ ਦੀ ਬਹੁਤ ਸਾਲਾਂ ਦੀ ਸੇਵਾ ਦੌਰਾਨ, ਸ੍ਰਿਸ਼ਟੀਕਰਤਾ ਨੇ ਇਕ ਦੂਤ ਦੇ ਜ਼ਰੀਏ ਦਾਨੀਏਲ ਨੂੰ ਤਿੰਨ ਵਾਰ “ਵੱਡਾ ਪਿਆਰਾ” ਅਤੇ ‘ਅੱਤ ਪਿਆਰਾ’ ਕਿਹਾ। (ਦਾਨੀਏਲ 9:23; 10: 11, 19) ਦਾਨੀਏਲ ਅੱਤ ਪਿਆਰਾ ਕਿਵੇਂ ਬਣਿਆ? ਬਾਬਲ ਦੇ ਸਭਿਆਚਾਰ ਵਿਚ ਢਲਣ ਲਈ ਉਸ ਨੇ ਕਦੀ ਵੀ ਬਾਈਬਲ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ; ਉਹ ਹਰ ਤਰ੍ਹਾਂ ਨਾਲ ਈਮਾਨਦਾਰ ਸੀ, ਉਸ ਨੇ ਕਦੀ ਵੀ ਆਪਣੇ ਰੁਤਬੇ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਨਹੀਂ ਕੀਤਾ; ਅਤੇ ਉਹ ਬੜੀ ਲਗਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਿਆ ਕਰਦਾ ਸੀ। (ਦਾਨੀਏਲ 1: 8, 9; 6:4; 9:2) ਉਹ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਵੀ ਕਰਦਾ ਸੀ ਅਤੇ ਆਪਣੀਆਂ ਪ੍ਰਾਪਤੀਆਂ ਲਈ ਹਮੇਸ਼ਾ ਪਰਮੇਸ਼ੁਰ ਨੂੰ ਮਹਿਮਾ ਦਿੰਦਾ ਸੀ। (ਦਾਨੀਏਲ 2:20) ਦਾਨੀਏਲ ਦੀ ਉਦਾਹਰਣ ਉੱਤੇ ਚੱਲ ਕੇ ਪਰਮੇਸ਼ੁਰ ਦੇ ਸੇਵਕ ਆਪਣੇ ਆਪ ਨੂੰ ਪਿਆਰੇ ਸਾਬਤ ਕਰ ਸਕਦੇ ਹਨ, ਜ਼ਰੂਰੀ ਨਹੀਂ ਸੰਸਾਰ ਲਈ, ਪਰ ਯਹੋਵਾਹ ਪਰਮੇਸ਼ੁਰ ਲਈ।
ਅਧਿਆਤਮਿਕ ਤੌਰ ਤੇ ਉਤਸ਼ਾਹਜਨਕ ਪ੍ਰੋਗ੍ਰਾਮ ਦੇ ਅਖ਼ੀਰ ਵਿਚ, ਸਭਾਪਤੀ ਨੇ ਸੰਸਾਰ ਭਰ ਤੋਂ ਆਏ ਕੁਝ ਟੈਲੀਗ੍ਰਾਮ ਅਤੇ ਸੰਦੇਸ਼ ਪੜ੍ਹੇ। ਫਿਰ 24 ਜੋੜਿਆਂ ਵਿੱਚੋਂ ਹਰੇਕ ਨੂੰ ਉਨ੍ਹਾਂ ਦੇ ਡਿਪਲੋਮੇ ਦਿੱਤੇ ਗਏ ਅਤੇ ਜਿਨ੍ਹਾਂ ਦੇਸ਼ਾਂ ਵਿਚ ਉਨ੍ਹਾਂ ਨੂੰ ਭੇਜਿਆ ਜਾਣਾ ਸੀ ਉਨ੍ਹਾਂ ਦੇਸ਼ਾਂ ਦੇ ਨਾਂ ਐਲਾਨ ਕੀਤੇ ਗਏ। ਅਖ਼ੀਰ ਵਿਚ, ਕਲਾਸ ਦੇ ਇਕ ਪ੍ਰਤਿਨਿਧ ਨੇ ਪ੍ਰਬੰਧਕ ਸਭਾ ਅਤੇ ਬੈਥਲ ਪਰਿਵਾਰ ਨੂੰ ਸੰਬੋਧਿਤ ਕੀਤੀ ਗਈ ਇਕ ਚਿੱਠੀ ਪੜ੍ਹੀ ਜਿਸ ਵਿਚ ਸਾਰੀ ਕਲਾਸ ਨੇ ਪਿਛਲੇ ਪੰਜ ਮਹੀਨਿਆਂ ਦੌਰਾਨ ਮਿਲੀ ਸਿਖਲਾਈ ਲਈ ਆਪਣੀ ਕਦਰ ਪ੍ਰਗਟ ਕੀਤੀ।
ਜਦੋਂ ਪ੍ਰੋਗ੍ਰਾਮ ਖ਼ਤਮ ਹੋਇਆ, ਤਾਂ ਵਾਪਸ ਜਾ ਰਹੇ ਲੋਕਾਂ ਵਿਚ “ਅਨੰਦ ਅਤੇ ਧੰਨਵਾਦ” ਦੇ ਪ੍ਰਗਟਾਵੇ ਸੁਣਾਈ ਦੇ ਰਹੇ ਸਨ।—ਨਹਮਯਾਹ 12:27.
[ਸਫ਼ੇ 27 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 10
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 19
ਵਿਦਿਆਰਥੀਆਂ ਦੀ ਗਿਣਤੀ: 48
ਵਿਆਹੁਤਾ ਜੌੜਿਆਂ ਦੀ ਗਿਣਤੀ: 24
ਔਸਤ ਉਮਰ: 33
ਸੱਚਾਈ ਵਿਚ ਔਸਤ ਸਾਲ: 16
ਪੂਰਣ-ਕਾਲੀ ਸੇਵਾ ਵਿਚ ਔਸਤ ਸਾਲ: 13
[ਸਫ਼ੇ 25 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋ ਚੁੱਕੀ 106ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ, ਕਤਾਰਾਂ ਅੱਗੇ ਤੋਂ ਪਿੱਛੇ ਨੂੰ ਦਿੱਤੀਆਂ ਗਈਆਂ ਹਨ ਅਤੇ ਹਰੇਕ ਕਤਾਰ ਵਿਚ ਨਾਂ ਖੱਬੇ ਤੋਂ ਸੱਜੇ ਨੂੰ ਦਿੱਤੇ ਗਏ ਹਨ।
(1) ਡੀਕਨ, ਡੀ.; ਪੁਓਪੋਲੋ, ਐੱਮ.; ਲਗੂਨਾ, ਐੱਮ.; ਡਵੋਲਟ, ਐੱਸ.; ਡੋਮਿੰਗਸ, ਈ.; ਬਰਕ, ਜੇ. ( 2) ਗਾਉਟਰ, ਐੱਸ.; ਵਾਸਕਸ, ਡਬਲਯੂ.; ਸੀਬਰੁੱਕ, ਏ.; ਮੌਸਕਾ, ਏ.; ਹੈਲੀ, ਐੱਲ.; ਬਰੂਵਰਡ, ਐੱਲ. ( 3) ਬਰੈਨਡਨ, ਟੀ.; ਓਲੀਵਾਰਸ, ਐੱਨ.; ਕੋਲਮਨ, ਡੀ.; ਸਕੌਟ, ਵੀ.; ਪੀਟਰਸਨ, ਐੱਲ.; ਮਕਲਾਉਡ, ਕੇ. ( 4) ਮਕਲਾਉਡ, ਜੇ.; ਥੋਮਸਨ, ਜੇ.; ਲੂਬਰਿਸ, ਐੱਫ.; ਸਪੇਟਾ, ਬੀ.; ਲੇਟੀਮਾਕੀ, ਐੱਮ.; ਲਗੂਨਾ, ਜੇ. ( 5) ਗਾਉਟਰ, ਯੂ.; ਡੋਮਿੰਗਸ, ਆਰ.; ਹੈਲੀ, ਐੱਫ.; ਸਮਿੱਥ, ਐੱਮ.; ਬਾਈਅਰ, ਡੀ.; ਮੌਸਕਾ, ਏ. ( 6) ਸਕੌਟ, ਕੇ.; ਸੀਬਰੁੱਕ, ਵੀ.; ਸਪੇਟਾ, ਆਰ.; ਕੋਲਮਨ, ਆਰ.; ਬਰੂਵਰਡ, ਐੱਲ.; ਡਵੋਲਟ, ਡਬਲਯੂ. ( 7) ਸਮਿੱਥ, ਡੀ.; ਲੇਟੀਮਾਕੀ, ਟੀ.; ਪੀਟਰਸਨ, ਪੀ.; ਥੋਮਸਨ, ਜੀ.; ਵਾਸਕਸ, ਆਰ.; ਬਾਈਅਰ, ਏ. ( 8) ਲੁਬਰਿਸ, ਐੱਮ.; ਡੀਕਨ, ਸੀ.; ਬਰੈਨਡਨ, ਡੀ.; ਪੁਓਪੋਲੋ, ਡੀ.; ਓਲੀਵਾਰਸ, ਓ.; ਬਰਕ, ਐੱਸ.