ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 6/1 ਸਫ਼ੇ 28-31
  • ਪੌਲੁਸ ਦੇ ਸੰਗੀ ਕਾਮੇ ਉਹ ਕੌਣ ਸਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੌਲੁਸ ਦੇ ਸੰਗੀ ਕਾਮੇ ਉਹ ਕੌਣ ਸਨ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਫ਼ਰੀ ਸਾਥੀ, ਮੇਜ਼ਬਾਨ
  • ਬਹੁਤ ਸਾਰੇ ਦੋਸਤ
  • ਕੈਦ ਦੌਰਾਨ ਵਫ਼ਾਦਾਰ ਸਮਰਥਨ
  • “ਅਸੀਂ ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀ ਹਾਂ”
  • ‘ਚੰਗੀ ਤਰ੍ਹਾਂ ਗਵਾਹੀ ਦਿਓ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਹੌਸਲਾ ਰੱਖੋ—ਯਹੋਵਾਹ ਤੁਹਾਡਾ ਮਦਦਗਾਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਪੌਲੁਸ ਰੋਮ ਵਿਚ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 6/1 ਸਫ਼ੇ 28-31

ਪੌਲੁਸ ਦੇ ਸੰਗੀ ਕਾਮੇ ਉਹ ਕੌਣ ਸਨ?

ਬਾਈਬਲ ਵਿਚ ਰਸੂਲਾਂ ਦੇ ਕਰਤੱਬ ਦੀ ਪੋਥੀ ਅਤੇ ਪੌਲੁਸ ਦੀਆਂ ਪੱਤਰੀਆਂ ਵਿਚ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦੇ ਕੁਝ 100 ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ‘ਪਰਾਈਆਂ ਕੌਮਾਂ ਦੇ ਇਸ ਰਸੂਲ’ ਨਾਲ ਸੰਗਤੀ ਕੀਤੀ ਸੀ। (ਰੋਮੀਆਂ 11:13) ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਬਾਰੇ ਅਸੀਂ ਕਾਫ਼ੀ ਕੁਝ ਜਾਣਦੇ ਹਾਂ। ਸੰਭਵ ਹੈ ਕਿ ਤੁਸੀਂ ਅਪੁੱਲੋਸ, ਬਰਨਬਾਸ ਅਤੇ ਸੀਲਾਸ ਦੀਆਂ ਸਰਗਰਮੀਆਂ ਤੋਂ ਜਾਣੂ ਹੀ ਹੋ। ਦੂਜੇ ਪਾਸੇ, ਤੁਸੀਂ ਸ਼ਾਇਦ ਮੁਸ਼ਕਲ ਨਾਲ ਹੀ ਅਰਖਿੱਪੁਸ, ਕਲੋਦੀਆ, ਦਾਮਰਿਸ, ਲੀਨੁਸ, ਪਰਸੀਸ, ਪੂਦੇਸ ਅਤੇ ਸੋਪਤਰੁਸ ਦੇ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ ਹੋਵੋਗੇ।

ਵੱਖੋ-ਵੱਖਰੇ ਸਮਿਆਂ ਵਿਚ ਅਤੇ ਵੱਖੋ-ਵੱਖਰੇ ਹਾਲਾਤਾਂ ਦੇ ਅਧੀਨ, ਬਹੁਤ ਸਾਰੇ ਵਿਅਕਤੀਆਂ ਨੇ ਸੇਵਕਾਈ ਵਿਚ ਪੌਲੁਸ ਦੀ ਮਦਦ ਕਰਨ ਵਿਚ ਇਕ ਸਰਗਰਮ ਭੂਮਿਕਾ ਨਿਭਾਈ। ਕੁਝ ਵਿਅਕਤੀਆਂ ਨੇ ਬਹੁਤ ਸਾਲਾਂ ਤਕ ਇਸ ਰਸੂਲ ਦੇ ਨਾਲ-ਨਾਲ ਕੰਮ ਕੀਤਾ। ਜਦੋਂ ਉਹ ਕੈਦ ਵਿਚ ਸੀ ਜਾਂ ਜਦੋਂ ਉਹ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਕਰਦਾ ਸੀ, ਤਾਂ ਕੁਝ ਵਿਅਕਤੀ ਸਫ਼ਰੀ ਸਾਥੀਆਂ ਵਜੋਂ ਜਾਂ ਉਸ ਦੇ ਮੇਜ਼ਬਾਨਾਂ ਵਜੋਂ ਉਸ ਦੇ ਨਾਲ ਸਨ। ਦੁੱਖ ਦੀ ਗੱਲ ਹੈ ਕਿ ਦੂਜੇ ਵਿਅਕਤੀ ਜਿਵੇਂ ਕਿ ਸਿਕੰਦਰ, ਦੇਮਾਸ, ਹਰਮੁਗਨੇਸ ਅਤੇ ਫ਼ੁਗਿਲੁਸ ਮਸੀਹੀ ਨਿਹਚਾ ਵਿਚ ਦ੍ਰਿੜ੍ਹ ਨਹੀਂ ਰਹੇ।

ਜਦੋਂ ਪੌਲੁਸ ਦੇ ਅਸੁੰਕਰਿਤੁਸ, ਹਿਰਮਾਸ, ਯੂਲੀਆ ਜਾਂ ਫਿਲੁਲੁਗੁਸ ਵਰਗੇ ਦੂਸਰੇ ਕਈ ਦੋਸਤਾਂ ਦੀ ਗੱਲ ਚੱਲਦੀ ਹੈ, ਤਾਂ ਅਸੀਂ ਉਨ੍ਹਾਂ ਦੇ ਨਾਂ ਤੋਂ ਜ਼ਿਆਦਾ ਕੁਝ ਨਹੀਂ ਜਾਣਦੇ। ਇੱਥੋਂ ਤਕ ਕਿ ਅਸੀਂ ਨੇਰਿਯੁਸ ਦੀ ਭੈਣ ਜਾਂ ਰੂਫ਼ੁਸ ਦੀ ਮਾਂ ਜਾਂ ਕਲੋਏ ਦੇ ਘਰ ਦਿਆਂ ਦੇ ਨਾਂ ਤਕ ਨਹੀਂ ਜਾਣਦੇ। (ਰੋਮੀਆਂ 16:13-15; 1 ਕੁਰਿੰਥੀਆਂ 1:11) ਫਿਰ ਵੀ, ਇਨ੍ਹਾਂ ਸੌ ਵਿਅਕਤੀਆਂ ਬਾਰੇ ਜਿਹੜੀ ਥੋੜ੍ਹੀ ਬਹੁਤ ਜਾਣਕਾਰੀ ਮਿਲਦੀ ਹੈ ਉਸ ਦੀ ਜਾਂਚ ਕਰਨ ਨਾਲ ਸਾਨੂੰ ਪਤਾ ਲੱਗੇਗਾ ਕਿ ਪੌਲੁਸ ਰਸੂਲ ਨੇ ਕਿਸ ਤਰ੍ਹਾਂ ਕੰਮ ਕੀਤਾ ਸੀ। ਇਸ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਬਹੁਤ ਸਾਰੇ ਸੰਗੀ ਵਿਸ਼ਵਾਸੀਆਂ ਦੇ ਵਿਚ ਰਹਿਣ ਦੇ ਅਤੇ ਉਨ੍ਹਾਂ ਨਾਲ ਨਜ਼ਦੀਕੀ ਤੌਰ ਤੇ ਕੰਮ ਕਰਨ ਦੇ ਕਿੰਨੇ ਫ਼ਾਇਦੇ ਹੁੰਦੇ ਹਨ।

ਸਫ਼ਰੀ ਸਾਥੀ, ਮੇਜ਼ਬਾਨ

ਪੌਲੁਸ ਰਸੂਲ ਨੇ ਸੇਵਕਾਈ ਲਈ ਬਹੁਤ ਸਫ਼ਰ ਕੀਤਾ। ਇਕ ਲੇਖਕ ਅੰਦਾਜ਼ਾ ਲਗਾਉਂਦਾ ਹੈ ਕਿ ਸਿਰਫ਼ ਰਸੂਲਾਂ ਦੇ ਕਰਤੱਬ ਵਿਚ ਦੱਸੀ ਗਈ ਦੂਰੀ ਜਿਹੜੀ ਉਸ ਨੇ ਸਮੁੰਦਰ ਅਤੇ ਸੜਕ ਦੇ ਰਾਹੀਂ ਤੈਅ ਕੀਤੀ ਸੀ, ਲਗਭਗ 16,000 ਕਿਲੋਮੀਟਰ ਸੀ। ਵਾਪਸੀ ਦਾ ਸਫ਼ਰ ਨਾ ਸਿਰਫ਼ ਥਕਾ ਦੇਣ ਵਾਲਾ ਸੀ, ਸਗੋਂ ਖ਼ਤਰਨਾਕ ਵੀ ਸੀ। ਉਸ ਨੇ ਵੱਖੋ-ਵੱਖਰੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ ਜਿਵੇਂ ਕਿ ਬੇੜੇ ਦਾ ਗਰਕਣਾ, ਦਰਿਆਵਾਂ ਦੀਆਂ ਭੌਜਲਾਂ ਅਤੇ ਡਾਕੂਆਂ ਦੀਆਂ ਭੌਜਲਾਂ, ਉਜਾੜ ਦੀਆਂ ਭੌਜਲਾਂ ਅਤੇ ਸਮੁੰਦਰਾਂ ਦੀਆਂ ਭੌਜਲਾਂ। (2 ਕੁਰਿੰਥੀਆਂ 11:25, 26) ਢੁਕਵੇਂ ਤੌਰ ਤੇ, ਪੌਲੁਸ ਆਪਣੀਆਂ ਯਾਤਰਾਵਾਂ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵੇਲੇ ਬਹੁਤ ਹੀ ਘੱਟ ਇਕੱਲਾ ਹੁੰਦਾ ਸੀ।

ਜਿਨ੍ਹਾਂ ਨੇ ਉਸ ਨਾਲ ਸੰਗਤੀ ਕੀਤੀ, ਉਨ੍ਹਾਂ ਨੇ ਸੇਵਕਾਈ ਵਿਚ ਪੌਲੁਸ ਨੂੰ ਸਾਥ, ਉਤਸ਼ਾਹ ਅਤੇ ਵਿਵਹਾਰਕ ਮਦਦ ਦਿੱਤੀ ਹੋਵੇਗੀ। ਕਈ ਮੌਕਿਆਂ ਤੇ, ਪੌਲੁਸ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਤਾਂਕਿ ਉਹ ਨਵੇਂ ਵਿਸ਼ਵਾਸੀਆਂ ਦੀਆਂ ਅਧਿਆਤਮਿਕ ਜ਼ਰੂਰਤਾਂ ਨੂੰ ਪੂਰਿਆਂ ਕਰ ਸਕਣ। (ਰਸੂਲਾਂ ਦੇ ਕਰਤੱਬ 17:14; ਤੀਤੁਸ 1:5) ਪਰ ਸੰਭਵ ਹੈ ਕਿ ਸਾਥੀਆਂ ਦੀ ਮੌਜੂਦਗੀ ਸੁਰੱਖਿਆ ਦੇ ਲਈ ਅਤੇ ਸਫ਼ਰ ਦੀਆਂ ਮੁਸ਼ਕਲਾਂ ਨਾਲ ਿਨੱਭਣ ਲਈ ਸਹਾਰੇ ਵਾਸਤੇ ਜ਼ਰੂਰੀ ਸੀ। ਸੋਪਤਰੁਸ, ਸਿਕੰਦੁਸ, ਗਾਯੁਸ ਅਤੇ ਤ੍ਰੋਫ਼ਿਮੁਸ ਵਰਗੇ ਵਿਅਕਤੀਆਂ, ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਪੌਲੁਸ ਦੇ ਸਫ਼ਰੀ ਸਾਥੀ ਸਨ, ਨੇ ਸ਼ਾਇਦ ਉਸ ਦੀ ਸੇਵਕਾਈ ਨੂੰ ਸਫ਼ਲ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।—ਰਸੂਲਾਂ ਦੇ ਕਰਤੱਬ 20:4.

ਮੇਜ਼ਬਾਨਾਂ ਨੇ ਵੀ ਉਸ ਨੂੰ ਬਹੁਤ ਮਦਦ ਦਿੱਤੀ। ਜਦੋਂ ਪੌਲੁਸ ਇਕ ਸ਼ਹਿਰ ਵਿਚ ਪਹੁੰਚਦਾ ਸੀ ਜਿੱਥੇ ਉਹ ਇਕ ਪ੍ਰਚਾਰ ਮੁਹਿੰਮ ਚਲਾਉਣਾ ਚਾਹੁੰਦਾ ਸੀ ਜਾਂ ਜਿੱਥੇ ਉਹ ਸਿਰਫ਼ ਰਾਤ ਕੱਟਣੀ ਚਾਹੁੰਦਾ ਸੀ, ਤਾਂ ਉਸ ਨੂੰ ਸਭ ਤੋਂ ਪਹਿਲਾਂ ਉੱਥੇ ਰਹਿਣ ਦੇ ਲਈ ਜਗ੍ਹਾ ਲੱਭਣ ਦੀ ਲੋੜ ਪੈਂਦੀ ਸੀ। ਪੌਲੁਸ ਵਾਂਗ ਦੂਰ-ਦੂਰ ਤਕ ਸਫ਼ਰ ਕਰਨ ਵਾਲੇ ਵਿਅਕਤੀ ਨੂੰ ਮਜਬੂਰੀ ਨਾਲ ਬਹੁਤ ਸਾਰੇ ਵੱਖੋ-ਵੱਖਰੇ ਬਿਸਤਰਿਆਂ ਤੇ ਸੌਂਣਾ ਪਿਆ ਹੋਵੇਗਾ। ਉਹ ਕਿਸੇ ਵੀ ਸਰਾਂ ਵਿਚ ਠਹਿਰ ਸਕਦਾ ਸੀ, ਪਰ ਇਤਿਹਾਸਕਾਰਾਂ ਨੇ ਇਨ੍ਹਾਂ ਨੂੰ “ਖ਼ਤਰਨਾਕ ਅਤੇ ਗੰਦੀਆਂ ਥਾਵਾਂ” ਕਿਹਾ ਹੈ, ਇਸ ਲਈ ਜਿੱਥੇ ਤਕ ਸੰਭਵ ਹੋ ਸਕਿਆ ਪੌਲੁਸ ਸ਼ਾਇਦ ਸੰਗੀ ਵਿਸ਼ਵਾਸੀਆਂ ਨਾਲ ਹੀ ਰਿਹਾ।

ਅਸੀਂ ਪੌਲੁਸ ਦੇ ਕੁਝ ਮੇਜ਼ਬਾਨਾਂ ਦੇ ਨਾਂ ਜਾਣਦੇ ਹਾਂ—ਅਕੂਲਾ ਅਤੇ ਪ੍ਰਿਸਕਿੱਲਾ, ਗਾਯੁਸ, ਯਾਸੋਨ, ਲੁਦਿਯਾ, ਮਨਾਸੋਨ, ਫਿਲੇਮੋਨ ਅਤੇ ਫ਼ਿਲਿੱਪੁਸ। (ਰਸੂਲਾਂ ਦੇ ਕਰਤੱਬ 16:14, 15; 17:7; 18:2, 3; 21:8, 16; ਰੋਮੀਆਂ 16:23; ਫਿਲੇਮੋਨ 1, 22) ਫਿਲਿੱਪੈ, ਥੱਸਲੁਨੀਕੇ ਅਤੇ ਕੁਰਿੰਥੁਸ ਵਿਚ, ਪੌਲੁਸ ਨੇ ਅਜਿਹੀਆਂ ਰਿਹਾਇਸ਼ੀ ਥਾਵਾਂ ਨੂੰ ਆਪਣਾ ਕੇਂਦਰ ਬਣਾਇਆ ਜਿੱਥੋਂ ਉਹ ਆਪਣੀਆਂ ਮਿਸ਼ਨਰੀ ਸਰਗਰਮੀਆਂ ਦਾ ਪ੍ਰਬੰਧ ਕਰ ਸਕਦਾ ਸੀ। ਕੁਰਿੰਥੁਸ ਵਿਚ, ਤੀਤੁਸ ਯੂਤਸੁਸ ਨੇ ਪੌਲੁਸ ਦੇ ਲਈ ਆਪਣਾ ਘਰ ਖੋਲ੍ਹ ਦਿੱਤਾ ਤੇ ਪੌਲੁਸ ਨੂੰ ਜਗ੍ਹਾ ਦਿੱਤੀ ਜਿੱਥੋਂ ਉਹ ਆਪਣਾ ਪ੍ਰਚਾਰ ਕੰਮ ਕਰ ਸਕਦਾ ਸੀ।—ਰਸੂਲਾਂ ਦੇ ਕਰਤੱਬ 18:7.

ਬਹੁਤ ਸਾਰੇ ਦੋਸਤ

ਜਿਵੇਂ ਕਿ ਆਸ ਰੱਖੀ ਜਾ ਸਕਦੀ ਹੈ, ਪੌਲੁਸ ਦੇ ਵਾਕਫ਼ਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਚੇਤੇ ਕੀਤਾ ਜਾਂਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਅਲੱਗ-ਅਲੱਗ ਹਾਲਾਤਾਂ ਦੇ ਅਧੀਨ ਮਿਲਿਆ ਸੀ। ਉਦਾਹਰਣ ਲਈ ਮਰਿਯਮ, ਪਰਸੀਸ, ਫ਼ੀਬੀ, ਤਰੁਫ਼ੈਨਾ, ਤਰੁਫ਼ੋਸਾ ਸਾਰੀਆਂ ਹੀ ਸੰਗੀ ਵਿਸ਼ਵਾਸਣਾਂ ਸਨ ਜਿਨ੍ਹਾਂ ਦੀ ਸਖ਼ਤ ਮਿਹਨਤ ਲਈ ਸ਼ਲਾਘਾ ਕੀਤੀ ਗਈ ਸੀ। (ਰੋਮੀਆਂ 16:1, 2, 6, 12) ਪੌਲੁਸ ਨੇ ਕਰਿਸਪੁਸ, ਗਾਯੁਸ ਅਤੇ ਸਤਫਨਾਸ ਦੇ ਘਰਾਣੇ ਨੂੰ ਬਪਤਿਸਮਾ ਦਿੱਤਾ ਸੀ। ਦਿਯਾਨੁਸਿਯੁਸ ਅਤੇ ਦਾਮਰਿਸ ਨੇ ਅਥੇਨੈ ਵਿਚ ਉਸ ਕੋਲੋਂ ਸੱਚਾਈ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਸੀ। (ਰਸੂਲਾਂ ਦੇ ਕਰਤੱਬ 17:34; 1 ਕੁਰਿੰਥੀਆਂ 1: 14, 16) ਅੰਦਰੁਨਿਕੁਸ ਅਤੇ ਯੂਨਿਆਸ, ਜਿਹੜੇ “ਰਸੂਲਾਂ ਵਿੱਚ ਪਰਸਿੱਧ” ਸਨ ਅਤੇ ਪੌਲੁਸ ਤੋਂ ਵੀ ਪਹਿਲਾਂ ਦੇ ਵਿਸ਼ਵਾਸੀ ਸਨ, ਨੂੰ ‘ਕੈਦ ਵਿੱਚ ਉਸ ਦੇ ਸਾਥੀ’ ਕਿਹਾ ਜਾਂਦਾ ਹੈ। ਸ਼ਾਇਦ ਉਹ ਕੁਝ ਮੌਕਿਆਂ ਤੇ ਉਸ ਨਾਲ ਕੈਦ ਵਿਚ ਸਨ। ਹੇਰੋਦਿਯੋਨ, ਯਾਸੋਨ, ਲੂਕਿਯੁਸ ਅਤੇ ਸੋਸੀਪਤਰੁਸ ਦੀ ਤਰ੍ਹਾਂ ਇਨ੍ਹਾਂ ਦੋਹਾਂ ਨੂੰ ਪੌਲੁਸ ਨੇ ਆਪਣੇ ‘ਸਾਕ’ ਕਿਹਾ ਸੀ। (ਰੋਮੀਆਂ 16: 7, 11, 21) ਇੱਥੇ ਇਸਤੇਮਾਲ ਕੀਤੇ ਗਏ ਯੂਨਾਨੀ ਸ਼ਬਦ ਦਾ ਅਰਥ “ਹਮਵਤਨ” ਹੋ ਸਕਦਾ ਹੈ, ਪਰ ਮੂਲ ਤੌਰ ਤੇ ਇਸ ਦਾ ਅਰਥ ਹੈ “ਉਸੇ ਹੀ ਪੀੜ੍ਹੀ ਦੇ ਸਕੇ ਰਿਸ਼ਤੇਦਾਰ।”

ਪੌਲੁਸ ਦੇ ਬਹੁਤ ਸਾਰੇ ਦੋਸਤਾਂ ਨੇ ਖ਼ੁਸ਼ ਖ਼ਬਰੀ ਦੀ ਖ਼ਾਤਰ ਸਫ਼ਰ ਕੀਤਾ। ਉਸ ਦੇ ਜ਼ਿਆਦਾ ਜਾਣ-ਪਛਾਣ ਵਾਲੇ ਸਾਥੀਆਂ ਤੋਂ ਇਲਾਵਾ, ਅਖਾਇਕੁਸ, ਫ਼ੁਰਤੂਨਾਤੁਸ ਅਤੇ ਸਤਫ਼ਨਾਸ ਵੀ ਹਨ, ਜਿਨ੍ਹਾਂ ਨੇ ਆਪਣੀ ਕਲੀਸਿਯਾ ਦੀ ਅਧਿਆਤਮਿਕ ਹਾਲਤ ਬਾਰੇ ਪੌਲੁਸ ਦੇ ਨਾਲ ਗੱਲ-ਬਾਤ ਕਰਨ ਲਈ ਕੁਰਿੰਥੁਸ ਤੋਂ ਅਫ਼ਸੁਸ ਤਕ ਸਫ਼ਰ ਕੀਤਾ। ਅਰਤਿਮਾਸ ਅਤੇ ਤੁਖਿਕੁਸ, ਤੀਤੁਸ ਨੂੰ ਮਿਲਣ ਲਈ ਕਰੇਤ ਜਾਣ ਵਾਸਤੇ ਤਿਆਰ ਸਨ, ਜੋ ਕਿ ਉਸ ਟਾਪੂ ਤੇ ਸੇਵਾ ਕਰ ਰਿਹਾ ਸੀ, ਅਤੇ ਜ਼ੇਨਸ ਨੇ ਅਪੁੱਲੋਸ ਦੇ ਨਾਲ ਦੌਰੇ ਤੇ ਜਾਣਾ ਸੀ।—1 ਕੁਰਿੰਥੀਆਂ 16:17; ਤੀਤੁਸ 3:12, 13.

ਅਜਿਹੇ ਵਿਅਕਤੀ ਵੀ ਹਨ ਜਿਨ੍ਹਾਂ ਦੇ ਬਾਰੇ ਪੌਲੁਸ ਥੋੜ੍ਹਾ ਅਤੇ ਦਿਲਚਸਪ ਵੇਰਵਾ ਦਿੰਦਾ ਹੈ। ਉਦਾਹਰਣ ਦੇ ਲਈ, ਸਾਨੂੰ ਦੱਸਿਆ ਗਿਆ ਹੈ ਕਿ ਇਪੈਨੇਤੁਸ “ਅਸਿਯਾ ਦਾ ਪਹਿਲਾ ਫਲ” ਸੀ, ਇਰਸਤੁਸ ਕੁਰਿੰਥੁਸ “ਸ਼ਹਿਰ ਦਾ ਖਜ਼ਾਨਚੀ” ਸੀ, ਲੂਕਾ ਇਕ ਵੈਦ ਸੀ, ਲੁਦਿਯਾ ਕਿਰਮਿਚ ਵੇਚਦੀ ਸੀ ਅਤੇ ਪੌਲੁਸ ਨੇ ਤਰਤਿਯੁਸ ਨੂੰ ਰੋਮੀਆਂ ਨੂੰ ਆਪਣੀ ਪੱਤਰੀ ਲਿਖਣ ਲਈ ਇਸਤੇਮਾਲ ਕੀਤਾ ਸੀ। (ਰੋਮੀਆਂ 16:5, 22, 23; ਰਸੂਲਾਂ ਦੇ ਕਰਤੱਬ 16:14; ਕੁਲੁੱਸੀਆਂ 4:14) ਜਿਹੜਾ ਵੀ ਇਨ੍ਹਾਂ ਵਿਅਕਤੀਆਂ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦਾ ਹੈ, ਉਸ ਲਈ ਇਹ ਛੋਟੇ-ਛੋਟੇ ਵੇਰਵੇ ਬਹੁਤ ਦਿਲਚਸਪ ਹਨ।

ਪੌਲੁਸ ਦੇ ਹੋਰ ਸਾਥੀਆਂ ਨੂੰ ਨਿੱਜੀ ਸੰਦੇਸ਼ ਮਿਲੇ, ਜਿਹੜੇ ਕਿ ਹੁਣ ਬਾਈਬਲ ਵਿਚ ਦਰਜ ਹਨ। ਉਦਾਹਰਣ ਦੇ ਲਈ, ਕੁਲੁੱਸੀਆਂ ਨੂੰ ਆਪਣੀ ਪੱਤਰੀ ਵਿਚ ਪੌਲੁਸ ਨੇ ਅਰਖਿੱਪੁਸ ਨੂੰ ਉਪਦੇਸ਼ ਦਿੱਤਾ: “ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿੱਚ ਪਰਾਪਤ ਹੋਈ ਹੈ ਵੇਖੀਂ ਤੂੰ ਉਸ ਨੂੰ ਪੂਰਿਆਂ ਕਰੀਂ।” (ਕੁਲੁੱਸੀਆਂ 4:17) ਯੂਓਦੀਆ ਅਤੇ ਸੰਤੁਖੇ ਵਿਚਕਾਰ ਝਗੜਾ ਹੋ ਗਿਆ ਸੀ। ਇਸ ਲਈ, ਪੌਲੁਸ ਨੇ ਫ਼ਿਲਿੱਪੈ ਵਿਚ ਉਨ੍ਹਾਂ ਨੂੰ ਇਕ ਗੁਮਨਾਮ “ਸਾਥੀ” ਦੇ ਰਾਹੀਂ ਉਪਦੇਸ਼ ਦਿੱਤਾ ਕਿ ਉਹ “ਪ੍ਰਭੁ ਵਿੱਚ ਇੱਕ ਮਨ ਹੋਣ।” (ਫ਼ਿਲਿੱਪੀਆਂ 4:2, 3) ਯਕੀਨਨ, ਇਹ ਸਾਡੇ ਸਾਰਿਆਂ ਲਈ ਚੰਗੀ ਸਲਾਹ ਹੈ।

ਕੈਦ ਦੌਰਾਨ ਵਫ਼ਾਦਾਰ ਸਮਰਥਨ

ਪੌਲੁਸ ਨੂੰ ਕਈ ਵਾਰ ਕੈਦ ਕੀਤਾ ਗਿਆ ਸੀ। (2 ਕੁਰਿੰਥੀਆਂ 11:23) ਉਨ੍ਹਾਂ ਮੌਕਿਆਂ ਤੇ ਜੇਕਰ ਕੋਈ ਸਥਾਨਕ ਮਸੀਹੀ ਹੁੰਦਾ ਤਾਂ ਉਸ ਨੇ ਉਸ ਦੀ ਕੈਦ ਨੂੰ ਹੋਰ ਜ਼ਿਆਦਾ ਸਹਿਣਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ। ਜਦੋਂ ਪੌਲੁਸ ਰੋਮ ਵਿਚ ਪਹਿਲੀ ਵਾਰ ਕੈਦ ਕੱਟ ਰਿਹਾ ਸੀ ਤਾਂ ਉਸ ਨੂੰ ਦੋ ਸਾਲਾਂ ਲਈ ਕਿਰਾਏ ਤੇ ਆਪਣਾ ਘਰ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉੱਥੇ ਉਸ ਦੇ ਦੋਸਤ ਉਸ ਨੂੰ ਮਿਲਣ ਲਈ ਆ ਸਕਦੇ ਸਨ। (ਰਸੂਲਾਂ ਦੇ ਕਰਤੱਬ 28:30) ਉਸ ਸਮੇਂ ਦੌਰਾਨ, ਉਸ ਨੇ ਅਫ਼ਸੁਸ, ਫ਼ਿਲਿੱਪੈ ਅਤੇ ਕੁਲੁੱਸੈ ਦੀਆਂ ਕਲੀਸਿਯਾਵਾਂ ਨੂੰ ਨਾਲ ਹੀ ਨਾਲ ਫਿਲੇਮੋਨ ਨੂੰ ਵੀ ਪੱਤਰੀਆਂ ਲਿਖੀਆਂ। ਇਹ ਹਵਾਲੇ ਉਨ੍ਹਾਂ ਲੋਕਾਂ ਬਾਰੇ ਬਹੁਤ ਕੁਝ ਦੱਸਦੇ ਹਨ ਜਿਹੜੇ ਪੌਲੁਸ ਦੀ ਨਜ਼ਰਬੰਦੀ ਦੌਰਾਨ ਉਸ ਦੇ ਬਹੁਤ ਨੇੜੇ ਸਨ।

ਉਦਾਹਰਣ ਦੇ ਲਈ, ਅਸੀਂ ਫਿਲੇਮੋਨ ਦੇ ਘਰੋਂ ਭੱਜੇ ਹੋਏ ਦਾਸ ਉਨੇਸਿਮੁਸ ਬਾਰੇ ਪੜ੍ਹਦੇ ਹਾਂ, ਜੋ ਕਿ ਪੌਲੁਸ ਅਤੇ ਤੁਖਿਕੁਸ ਨੂੰ ਰੋਮ ਵਿਚ ਮਿਲਿਆ ਸੀ, ਅਤੇ ਤੁਖਿਕੁਸ ਉਨੇਸਿਮੁਸ ਨੂੰ ਉਸ ਦੇ ਮਾਲਕ ਕੋਲ ਵਾਪਸ ਲੈ ਕੇ ਗਿਆ ਸੀ। (ਕੁਲੁੱਸੀਆਂ 4:7-9) ਇਪਾਫ਼ਰੋਦੀਤੁਸ ਨੇ ਵੀ ਆਪਣੀ ਕਲੀਸਿਯਾ ਤੋਂ ਇਕ ਤੋਹਫ਼ਾ ਲੈ ਕੇ ਫ਼ਿਲਿੱਪੈ ਤੋਂ ਲੰਮਾ ਸਫ਼ਰ ਕੀਤਾ ਸੀ ਅਤੇ ਉਹ ਬਾਅਦ ਵਿਚ ਬੀਮਾਰ ਪੈ ਗਿਆ ਸੀ। (ਫ਼ਿਲਿੱਪੀਆਂ 2:25; 4:18) ਰੋਮ ਵਿਚ ਅਰਿਸਤਰਖੁਸ, ਮਰਕੁਸ ਅਤੇ ਯਿਸੂ ਜਿਸ ਨੂੰ ਯੂਸਤੁਸ ਵੀ ਕਿਹਾ ਜਾਂਦਾ ਹੈ, ਨੇ ਪੌਲੁਸ ਨਾਲ ਨਜ਼ਦੀਕੀ ਤੌਰ ਤੇ ਕੰਮ ਕੀਤਾ ਸੀ ਅਤੇ ਇਨ੍ਹਾਂ ਬਾਰੇ ਪੌਲੁਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਲਈ ਨਿਰੇ ਏਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ।” (ਕੁਲੁੱਸੀਆਂ 4:10, 11) ਇਨ੍ਹਾਂ ਸਾਰੇ ਵਫ਼ਾਦਾਰ ਵਿਅਕਤੀਆਂ ਤੋਂ ਇਲਾਵਾ ਤਿਮੋਥਿਉਸ ਅਤੇ ਲੂਕਾ ਵਰਗੇ ਜਾਣੇ-ਪਛਾਣੇ ਵਿਅਕਤੀ ਵੀ ਸਨ ਤੇ ਨਾਲ ਹੀ ਦੇਮਾਸ ਵੀ ਸੀ, ਜਿਸ ਨੇ ਬਾਅਦ ਵਿਚ ਸੰਸਾਰ ਨਾਲ ਪ੍ਰੇਮ ਕਰਨ ਕਰਕੇ ਪੌਲੁਸ ਨੂੰ ਛੱਡ ਦਿੱਤਾ।—ਕੁਲੁੱਸੀਆਂ 1:1; 4:14; 2 ਤਿਮੋਥਿਉਸ 4:10; ਫਿਲੇਮੋਨ 24.

ਸਪੱਸ਼ਟ ਤੌਰ ਤੇ, ਇਨ੍ਹਾਂ ਵਿੱਚੋਂ ਕੋਈ ਵੀ ਰੋਮ ਦਾ ਰਹਿਣ ਵਾਲਾ ਨਹੀਂ ਸੀ, ਫਿਰ ਵੀ ਉਹ ਪੌਲੁਸ ਦੇ ਨਾਲ ਸਨ। ਸ਼ਾਇਦ ਕੁਝ ਖ਼ਾਸ ਤੌਰ ਤੇ ਕੈਦ ਦੌਰਾਨ ਉਸ ਦੀ ਸਹਾਇਤਾ ਕਰਨ ਲਈ ਗਏ ਸਨ। ਬਿਨਾਂ ਸ਼ੱਕ ਕੁਝ ਵਿਅਕਤੀ ਦੂਸਰੇ ਲੋਕਾਂ ਲਈ ਉਸ ਦੇ ਸੰਦੇਸ਼ ਲੈ ਕੇ ਗਏ, ਹੋਰ ਦੂਜਿਆਂ ਨੂੰ ਖ਼ਾਸ ਕੰਮ ਲਈ ਦੂਰ-ਦੂਰ ਦੇ ਇਲਾਕਿਆਂ ਵਿਚ ਭੇਜਿਆ ਗਿਆ ਅਤੇ ਕਈਆਂ ਕੋਲੋਂ ਪੌਲੁਸ ਨੇ ਪੱਤਰੀਆਂ ਲਿਖਵਾਈਆਂ। ਇਨ੍ਹਾਂ ਸਾਰਿਆਂ ਦੇ ਪੌਲੁਸ ਅਤੇ ਪਰਮੇਸ਼ੁਰ ਦੇ ਕੰਮ ਪ੍ਰਤੀ ਪ੍ਰੇਮ ਅਤੇ ਵਫ਼ਾਦਾਰੀ ਦਾ ਇਹ ਕਿੰਨਾ ਹੀ ਪ੍ਰਭਾਵਕਾਰੀ ਸਬੂਤ ਹੈ!

ਪੌਲੁਸ ਦੀਆਂ ਕੁਝ ਪੱਤਰੀਆਂ ਦੇ ਅੰਤਿਮ ਸ਼ਬਦਾਂ ਤੋਂ, ਅਸੀਂ ਦੇਖਦੇ ਹਾਂ ਕਿ ਉਹ ਸੰਭਵ ਤੌਰ ਤੇ ਬਹੁਤ ਸਾਰੇ ਮਸੀਹੀ ਭੈਣਾਂ-ਭਰਾਵਾਂ ਨਾਲ ਘਿਰਿਆ ਰਹਿੰਦਾ ਸੀ ਜਿਨ੍ਹਾਂ ਵਿੱਚੋਂ ਅਸੀਂ ਕੁਝ ਇਕ ਦੇ ਨਾਂ ਹੀ ਜਾਣਦੇ ਹਾਂ। ਅਲੱਗ-ਅਲੱਗ ਮੌਕਿਆਂ ਤੇ, ਉਸ ਨੇ ਲਿਖਿਆ: “ਸਾਰੇ ਸੰਤ ਤੁਹਾਡੀ ਸੁਖ ਸਾਂਦ ਪੁੱਛਦੇ ਹਨ” ਅਤੇ “ਸੱਭੇ ਜੋ ਮੇਰੇ ਨਾਲ ਹਨ ਤੇਰੀ ਸੁਖ ਸਾਂਦ ਪੁੱਛਦੇ ਹਨ।”—2 ਕੁਰਿੰਥੀਆਂ 13:13; ਤੀਤੁਸ 3:15; ਫ਼ਿਲਿੱਪੀਆਂ 4:22.

ਰੋਮ ਵਿਚ ਪੌਲੁਸ ਦੀ ਦੂਜੀ ਅਤੇ ਅੰਤਿਮ ਕੈਦ ਦੌਰਾਨ, ਜਦੋਂ ਮੌਤ ਉਸ ਦੇ ਸਿਰ ਤੇ ਮੰਡਲਾ ਰਹੀ ਸੀ, ਪੌਲੁਸ ਆਪਣੇ ਸੰਗੀ ਕਾਮਿਆਂ ਬਾਰੇ ਬਹੁਤ ਸੋਚਦਾ ਸੀ। ਉਹ ਅਜੇ ਵੀ ਉਨ੍ਹਾਂ ਵਿੱਚੋਂ ਘੱਟੋ-ਘੱਟ ਕੁਝ ਵਿਅਕਤੀਆਂ ਦੇ ਕੰਮਾਂ ਦੀ ਨਿਗਰਾਨੀ ਕਰਨ ਅਤੇ ਇਨ੍ਹਾਂ ਨੂੰ ਨਿਰਦੇਸ਼ਿਤ ਕਰਨ ਵਿਚ ਸਰਗਰਮ ਸੀ। ਤੀਤੁਸ ਅਤੇ ਤੁਖਿਕੁਸ ਨੂੰ ਖ਼ਾਸ ਕੰਮਾਂ ਤੇ ਭੇਜਿਆ ਗਿਆ ਸੀ, ਕਰੇਸਕੇਸ ਗਲਾਤਿਯਾ ਨੂੰ ਗਿਆ ਹੋਇਆ ਸੀ, ਅਰਾਸਤੁਸ ਕੁਰਿੰਥੁਸ ਵਿਚ ਹੀ ਰਿਹਾ, ਤ੍ਰੋਫ਼ਿਮੁਸ ਮਿਲੇਤੁਸ ਵਿਚ ਬੀਮਾਰ ਪੈ ਗਿਆ ਸੀ, ਪਰ ਮਰਕੁਸ ਅਤੇ ਤਿਮੋਥਿਉਸ ਨੇ ਉਸ ਕੋਲ ਆਉਣਾ ਸੀ। ਪਰ ਲੂਕਾ ਪੌਲੁਸ ਦੇ ਕੋਲ ਹੀ ਸੀ ਅਤੇ ਜਦੋਂ ਰਸੂਲ ਨੇ ਤਿਮੋਥਿਉਸ ਨੂੰ ਆਪਣੀ ਦੂਜੀ ਪੱਤਰੀ ਲਿਖੀ ਤਾਂ ਦੂਜੇ ਹੋਰ ਵਿਸ਼ਵਾਸੀ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਵਿਚ ਯਬੂਲੁਸ, ਪੂਦੇਸ, ਲੀਨੁਸ ਅਤੇ ਕਲੋਦੀਆ ਵੀ ਸ਼ਾਮਲ ਸਨ, ਅਤੇ ਇਨ੍ਹਾਂ ਨੇ ਵੀ ਤਿਮੋਥਿਉਸ ਦਾ ਹਾਲ-ਚਾਲ ਪੁੱਛਿਆ। ਬਿਨਾਂ ਸ਼ੱਕ, ਉਹ ਆਪਣੇ ਵੱਲੋਂ ਪੌਲੁਸ ਦੀ ਸਹਾਇਤਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਉਸੇ ਸਮੇਂ, ਪੌਲੁਸ ਨੇ ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫੁਰੁਸ ਦੇ ਘਰ ਦੇ ਮੈਂਬਰਾਂ ਦਾ ਹਾਲ-ਚਾਲ ਪੁੱਛਿਆ। ਦੁੱਖ ਦੀ ਗੱਲ ਹੈ ਕਿ ਉਸ ਮੁਸੀਬਤ ਦੇ ਸਮੇਂ ਵਿਚ ਦੇਮਾਸ ਨੇ ਉਸ ਨੂੰ ਛੱਡ ਦਿੱਤਾ ਅਤੇ ਸਿਕੰਦਰ ਨੇ ਉਸ ਨਾਲ ਬਹੁਤ ਬਦੀ ਕੀਤੀ।—2 ਤਿਮੋਥਿਉਸ 4:9-21.

“ਅਸੀਂ ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀ ਹਾਂ”

ਪ੍ਰਚਾਰ ਸਰਗਰਮੀਆਂ ਦੌਰਾਨ ਪੌਲੁਸ ਸ਼ਾਇਦ ਹੀ ਕਦੀ ਇਕੱਲਾ ਸੀ। ਇਕ ਟੀਕਾਕਾਰ ਈ.  ਅਰਲ ਐਲਸ ਕਹਿੰਦਾ ਹੈ ਕਿ “ਸਾਡੇ ਮਨ ਵਿਚ ਇਕ ਅਜਿਹੇ ਮਿਸ਼ਨਰੀ ਦੀ ਤਸਵੀਰ ਬਣਦੀ ਹੈ ਜਿਸ ਦੇ ਬਹੁਤ ਸਾਰੇ ਸਾਥੀ ਸਨ। ਅਸਲ ਵਿਚ, ਪੌਲੁਸ ਹਮੇਸ਼ਾ ਬਿਨਾਂ ਸਾਥੀਆਂ ਦੇ ਘੱਟ ਹੀ ਹੁੰਦਾ ਸੀ।” ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਅਧੀਨ, ਪੌਲੁਸ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਪ੍ਰਭਾਵਸ਼ਾਲੀ ਮਿਸ਼ਨਰੀ ਮੁਹਿੰਮਾਂ ਚਲਾਈਆਂ। ਉਹ ਨਜ਼ਦੀਕੀ ਸਾਥੀਆਂ, ਅਸਥਾਈ ਸਹਾਇਕਾਂ, ਕੁਝ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਅਤੇ ਕਈ ਹਲੀਮ ਸੇਵਕਾਂ ਦੁਆਰਾ ਘਿਰਿਆ ਰਹਿੰਦਾ ਸੀ। ਫਿਰ ਵੀ, ਇਹ ਸਿਰਫ਼ ਸਹਿਕਰਮੀ ਨਹੀਂ ਸਨ। ਭਾਵੇਂ ਕਿ ਉਨ੍ਹਾਂ ਨੇ ਪੌਲੁਸ ਨਾਲ ਜਿੰਨਾ ਵੀ ਕੰਮ ਕੀਤਾ ਜਾਂ ਉਸ ਦਾ ਸਾਥ ਦਿੱਤਾ, ਪਰ ਉਨ੍ਹਾਂ ਵਿਚਕਾਰ ਮਸੀਹੀ ਪ੍ਰੇਮ ਦਾ ਅਤੇ ਨਿੱਜੀ ਦੋਸਤੀ ਦਾ ਰਿਸ਼ਤਾ ਸਪੱਸ਼ਟ ਨਜ਼ਰ ਆਉਂਦਾ ਹੈ।

ਪੌਲੁਸ ਰਸੂਲ ਵਿਚ “ਦੋਸਤ ਬਣਾਉਣ ਦਾ ਗੁਣ” ਪਾਇਆ ਜਾਂਦਾ ਸੀ। ਉਸ ਨੇ ਖ਼ੁਸ਼ ਖ਼ਬਰੀ ਨੂੰ ਕੌਮਾਂ ਤਕ ਲੈ ਕੇ ਜਾਣ ਲਈ ਬਹੁਤ ਕੁਝ ਕੀਤਾ, ਪਰ ਉਸ ਨੇ ਇਸ ਨੂੰ ਇਕੱਲਿਆਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਸੰਗਠਿਤ ਮਸੀਹੀ ਕਲੀਸਿਯਾ ਨੂੰ ਸਹਿਯੋਗ ਦਿੱਤਾ ਅਤੇ ਇਸ ਦਾ ਪੂਰਾ-ਪੂਰਾ ਲਾਭ ਉਠਾਇਆ। ਪੌਲੁਸ ਨੇ ਪ੍ਰਾਪਤ ਹੋਏ ਨਤੀਜਿਆਂ ਦਾ ਸਿਹਰਾ ਆਪਣੇ ਆਪ ਨੂੰ ਨਹੀਂ ਦਿੱਤਾ, ਬਲਕਿ ਨਿਮਰਤਾ ਸਹਿਤ ਮੰਨਿਆ ਕਿ ਉਹ ਇਕ ਦਾਸ ਸੀ ਅਤੇ ਕਿ ਸਾਰੀ ਵਡਿਆਈ ਪਰਮੇਸ਼ੁਰ ਨੂੰ ਜਾਣੀ ਚਾਹੀਦੀ ਹੈ ਕਿਉਂਕਿ ਉਹ ਹੀ ਸਿਰਫ਼ ਇਸ ਵਾਧੇ ਲਈ ਜ਼ਿੰਮੇਵਾਰ ਹੈ।—1 ਕੁਰਿੰਥੀਆਂ 3:5-7; 9:16; ਫ਼ਿਲਿੱਪੀਆਂ 1:1.

ਪੌਲੁਸ ਦੇ ਹਾਲਾਤ ਸਾਡੇ ਹਾਲਾਤਾਂ ਨਾਲੋਂ ਵੱਖਰੇ ਸਨ, ਪਰ ਫਿਰ ਵੀ ਮਸੀਹੀ ਕਲੀਸਿਯਾ ਵਿੱਚੋਂ ਕਿਸੇ ਨੂੰ ਵੀ ਅੱਜ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਉਹ ਆਜ਼ਾਦ ਹੋ ਸਕਦਾ ਹੈ ਜਾਂ ਉਸ ਨੂੰ ਆਜ਼ਾਦ ਹੋਣ ਦੀ ਲੋੜ ਹੈ। ਸਗੋਂ, ਸਾਨੂੰ ਹਮੇਸ਼ਾ ਪਰਮੇਸ਼ੁਰ ਦੇ ਸੰਗਠਨ ਨਾਲ, ਆਪਣੀ ਸਥਾਨਕ ਕਲੀਸਿਯਾ ਨਾਲ ਅਤੇ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਕੰਮ ਕਰਨਾ ਚਾਹੀਦਾ ਹੈ। ਸਾਨੂੰ ਚੰਗੇ ਸਮਿਆਂ ਵਿਚ ਅਤੇ ਮੁਸ਼ਕਲਾਂ ਭਰੇ ਸਮਿਆਂ ਵਿਚ ਉਨ੍ਹਾਂ ਦੀ ਮਦਦ ਦੀ, ਸਮਰਥਨ ਦੀ ਅਤੇ ਦਿਲਾਸੇ ਦੀ ਲੋੜ ਹੈ। ਸਾਡੇ ਕੋਲ ਉਨ੍ਹਾਂ ‘ਗੁਰਭਾਈਆਂ’ ਦੇ ਨਾਲ ਹੋਣ ਦਾ ਵਡਮੁੱਲਾ ਵਿਸ਼ੇਸ਼-ਸਨਮਾਨ ਹੈ ‘ਜਿਹੜੇ ਜਗਤ ਵਿੱਚ ਹਨ।’ (1 ਪਤਰਸ 5:9) ਜੇਕਰ ਅਸੀਂ ਉਨ੍ਹਾਂ ਸਾਰਿਆਂ ਨੂੰ ਵਫ਼ਾਦਾਰੀ ਨਾਲ ਅਤੇ ਪ੍ਰੇਮਪੂਰਵਕ ਤਰੀਕੇ ਨਾਲ ਸਹਿਯੋਗ ਦੇ ਕੇ ਕੰਮ ਕਰਦੇ ਹਾਂ, ਤਾਂ ਫਿਰ ਅਸੀਂ ਵੀ ਪੌਲੁਸ ਦੀ ਤਰ੍ਹਾਂ ਕਹਿ ਸਕਦੇ ਹਾਂ ਕਿ “ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ।”—1 ਕੁਰਿੰਥੀਆਂ 3:9.

[ਸਫ਼ੇ 31 ਉੱਤੇ ਤਸਵੀਰਾਂ]

ਅਪੁੱਲੋਸ

ਅਰਿਸਤਰਖੁਸ

ਬਰਨਬਾਸ

ਲੁਦਿਯਾ

ਉਨੇਸਿਫ਼ੁਰੁਸ

ਤਰਤਿਯੁਸ

ਤੁਖਿਕੁਸ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ