ਯਿਸੂ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦਾ ਹੈ?
ਯਿਸੂ ਮਸੀਹ ਇਕ ਮਹਾਨ ਸਿੱਖਿਅਕ ਸੀ ਜੋ ਲਗਭਗ 2,000 ਸਾਲ ਪਹਿਲਾਂ ਫਲਸਤੀਨ ਵਿਚ ਰਹਿੰਦਾ ਸੀ। ਉਸ ਦੇ ਬਚਪਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਪਰੰਤੂ, ਇਹ ਇਕ ਜਾਣੀ-ਮਾਣੀ ਗੱਲ ਹੈ ਕਿ ਉਸ ਨੇ ਲਗਭਗ 30 ਸਾਲ ਦੀ ਉਮਰ ਵਿਚ “ਸਚਿਆਈ ਉੱਤੇ ਸਾਖੀ” ਦੇਣ ਲਈ ਆਪਣੀ ਸੇਵਕਾਈ ਸ਼ੁਰੂ ਕੀਤੀ। (ਯੂਹੰਨਾ 18:37; ਲੂਕਾ 3:21-23) ਉਸ ਦੇ ਜੀਵਨ ਸੰਬੰਧੀ ਬਿਰਤਾਂਤਾਂ ਨੂੰ ਲਿਖਣ ਵਾਲੇ ਚਾਰ ਚੇਲੇ, ਉਸ ਸਮੇਂ ਤੋਂ ਬਾਅਦ ਦੇ ਸਾਢੇ ਤਿੰਨ ਸਾਲਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ।
ਆਪਣੀ ਸੇਵਕਾਈ ਦੌਰਾਨ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਕ ਹੁਕਮ ਦਿੱਤਾ ਸੀ, ਜਿਸ ਨੂੰ ਮੰਨਣ ਨਾਲ ਦੁਨੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਉਹ ਹੁਕਮ ਕਿਹੜਾ ਸੀ? ਯਿਸੂ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ।” (ਯੂਹੰਨਾ 13:34) ਜੀ ਹਾਂ, ਮਨੁੱਖਜਾਤੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ—ਪ੍ਰੇਮ। ਇਕ ਮੌਕੇ ਤੇ ਜਦੋਂ ਯਿਸੂ ਕੋਲੋਂ ਪੁੱਛਿਆ ਗਿਆ ਕਿ ਸਭ ਤੋਂ ਵੱਡਾ ਹੁਕਮ ਕਿਹੜਾ ਹੈ ਤਾਂ ਉਸ ਨੇ ਜਵਾਬ ਦਿੱਤਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”—ਮੱਤੀ 22:37-40.
ਯਿਸੂ ਨੇ ਆਪਣੀ ਕਥਨੀ ਅਤੇ ਕਰਨੀ ਦੁਆਰਾ ਦਿਖਾਇਆ ਕਿ ਪਰਮੇਸ਼ੁਰ ਅਤੇ ਆਪਣੇ ਸੰਗੀ ਮਨੁੱਖਾਂ ਨੂੰ ਕਿਵੇਂ ਪਿਆਰ ਕਰਨਾ ਹੈ। ਆਓ ਅਸੀਂ ਕੁਝ ਉਦਾਹਰਣਾਂ ਉੱਤੇ ਵਿਚਾਰ ਕਰੀਏ ਅਤੇ ਦੇਖੀਏ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।
ਉਸ ਦੀਆਂ ਸਿੱਖਿਆਵਾਂ
ਇਤਿਹਾਸ ਦੇ ਸਭ ਤੋਂ ਜ਼ਿਆਦਾ ਮੰਨੇ-ਪ੍ਰਮੰਨੇ ਉਪਦੇਸ਼ਾਂ ਵਿੱਚੋਂ ਇਕ ਉਪਦੇਸ਼ ਵਿਚ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” (ਮੱਤੀ 6:24) ਜਦ ਕਿ ਬਹੁਤ ਸਾਰੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਪੈਸਾ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਤਾਂ ਕੀ ਆਪਣੀਆਂ ਜ਼ਿੰਦਗੀਆਂ ਵਿਚ ਪਰਮੇਸ਼ੁਰ ਨੂੰ ਪਹਿਲ ਦੇਣ ਬਾਰੇ ਯਿਸੂ ਦੀ ਸਿੱਖਿਆ ਅੱਜ ਵੀ ਲਾਗੂ ਹੁੰਦੀ ਹੈ? ਇਹ ਤਾਂ ਸੱਚ ਹੈ ਕਿ ਸਾਨੂੰ ਆਪਣਾ ਗੁਜ਼ਾਰਾ ਤੋਰਨ ਲਈ ਪੈਸੇ ਦੀ ਲੋੜ ਹੈ। (ਉਪਦੇਸ਼ਕ ਦੀ ਪੋਥੀ 7:12) ਪਰੰਤੂ, ਜੇਕਰ ਅਸੀਂ “ਮਾਯਾ” ਨੂੰ ਆਪਣਾ ਮਾਲਕ ਬਣਾਉਂਦੇ ਹਾਂ ਤਾਂ “ਮਾਇਆ ਦਾ ਲੋਭ” ਸਾਨੂੰ ਆਪਣੇ ਵੱਸ ਵਿਚ ਕਰ ਲਵੇਗਾ ਯਾਨੀ ਕਿ ਸਾਡੀ ਪੂਰੀ ਜ਼ਿੰਦਗੀ ਉੱਤੇ ਹਾਵੀ ਹੋ ਜਾਵੇਗਾ। (1 ਤਿਮੋਥਿਉਸ 6:9, 10) ਇਸ ਫੰਦੇ ਵਿਚ ਫਸਣ ਵਾਲੇ ਬਹੁਤ ਸਾਰੇ ਲੋਕਾਂ ਨੇ ਆਪਣਾ ਪਰਿਵਾਰ, ਆਪਣੀ ਸਿਹਤ ਅਤੇ ਇੱਥੋਂ ਤਕ ਕਿ ਆਪਣੀ ਜ਼ਿੰਦਗੀ ਵੀ ਗੁਆ ਦਿੱਤੀ।
ਦੂਜੇ ਪਾਸੇ, ਜੇਕਰ ਅਸੀਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾਉਂਦੇ ਹਾਂ ਤਾਂ ਸਾਡੀ ਜ਼ਿੰਦਗੀ ਅਰਥਪੂਰਣ ਬਣ ਜਾਂਦੀ ਹੈ। ਸਿਰਜਣਹਾਰ ਹੋਣ ਦੇ ਨਾਤੇ, ਉਹ ਜੀਵਨ ਦਾ ਸੋਮਾ ਹੈ ਅਤੇ ਇਸ ਲਈ ਸਿਰਫ਼ ਉਹੀ ਇਕੱਲਾ ਸਾਡੀ ਉਪਾਸਨਾ ਲੈਣ ਦੇ ਯੋਗ ਹੈ। (ਜ਼ਬੂਰ 36:9; ਪਰਕਾਸ਼ ਦੀ ਪੋਥੀ 4:11) ਜਿਹੜੇ ਲੋਕ ਉਸ ਦੇ ਗੁਣਾਂ ਬਾਰੇ ਸਿੱਖਦੇ ਹਨ ਅਤੇ ਉਸ ਨੂੰ ਪਿਆਰ ਕਰਨ ਲੱਗਦੇ ਹਨ, ਉਹ ਉਸ ਦੇ ਹੁਕਮਾਂ ਨੂੰ ਮੰਨਣ ਲਈ ਪ੍ਰੇਰਿਤ ਹੁੰਦੇ ਹਨ। (ਉਪਦੇਸ਼ਕ ਦੀ ਪੋਥੀ 12:13; 1 ਯੂਹੰਨਾ 5:3) ਜੇਕਰ ਅਸੀਂ ਅਜਿਹਾ ਕਰਦੇ ਹਾਂ, ਤਾਂ ਅਸੀਂ ਖ਼ੁਦ ਲਾਭ ਉਠਾਉਂਦੇ ਹਾਂ।—ਯਸਾਯਾਹ 48:17.
ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਸਿਖਾਇਆ ਕਿ ਦੂਸਰੇ ਲੋਕਾਂ ਪ੍ਰਤੀ ਕਿਵੇਂ ਪਿਆਰ ਦਿਖਾਉਣਾ ਹੈ। ਉਸ ਨੇ ਕਿਹਾ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਇੱਥੇ ਜੋ ਸ਼ਬਦ “ਮਨੁੱਖ” ਯਿਸੂ ਨੇ ਵਰਤਿਆ ਹੈ, ਉਹ ਇਕ ਵਿਅਕਤੀ ਦੇ ਦੁਸ਼ਮਣਾਂ ਨੂੰ ਵੀ ਸ਼ਾਮਲ ਕਰਦਾ ਹੈ। ਉਸੇ ਉਪਦੇਸ਼ ਵਿਚ ਉਸ ਨੇ ਕਿਹਾ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।” (ਮੱਤੀ 5:43, 44) ਕੀ ਅਜਿਹਾ ਪਿਆਰ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਦੇਵੇਗਾ ਜਿਨ੍ਹਾਂ ਦਾ ਅਸੀਂ ਅੱਜ ਸਾਮ੍ਹਣਾ ਕਰਦੇ ਹਾਂ? ਭਾਰਤੀ ਨੇਤਾ ਮੋਹਨਦਾਸ ਗਾਂਧੀ ਵੀ ਇਹੋ ਮੰਨਦਾ ਸੀ। ਉਸ ਨੇ ਕਿਹਾ ਸੀ: ‘ਜਦੋਂ ਅਸੀਂ ਉਨ੍ਹਾਂ ਸਿੱਖਿਆਵਾਂ ਤੇ ਏਕਤਾ ਪ੍ਰਗਟ ਕਰਾਂਗੇ ਜੋ ਮਸੀਹ ਰਾਹੀਂ ਪਹਾੜੀ ਉਪਦੇਸ਼ ਵਿਚ ਦਿੱਤੀਆਂ ਗਈਆਂ ਸਨ, ਤਦ ਅਸੀਂ ਪੂਰੇ ਸੰਸਾਰ ਦੀਆਂ ਸਮੱਸਿਆਵਾਂ ਨੂੰ ਸੁਲਝਾ ਲਵਾਂਗੇ।’ ਜੇਕਰ ਪਿਆਰ ਬਾਰੇ ਯਿਸੂ ਦੀਆਂ ਸਿੱਖਿਆਵਾਂ ਨੂੰ ਲਾਗੂ ਕੀਤਾ ਜਾਵੇ, ਤਾਂ ਮਨੁੱਖਜਾਤੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।
ਉਸ ਦੇ ਕੰਮ
ਯਿਸੂ ਨੇ ਪਿਆਰ ਦਿਖਾਉਣ ਬਾਰੇ ਡੂੰਘੀਆਂ ਸੱਚਾਈਆਂ ਨੂੰ ਸਿਰਫ਼ ਸਿਖਾਇਆ ਹੀ ਨਹੀਂ, ਸਗੋਂ ਖ਼ੁਦ ਉਸ ਨੂੰ ਅਮਲ ਵਿਚ ਵੀ ਲਿਆਂਦਾ। ਉਦਾਹਰਣ ਲਈ, ਉਸ ਨੇ ਆਪਣੇ ਹਿਤਾਂ ਨਾਲੋਂ ਦੂਜਿਆਂ ਦੇ ਹਿਤਾਂ ਨੂੰ ਪਹਿਲ ਦਿੱਤੀ। ਇਕ ਦਿਨ ਯਿਸੂ ਅਤੇ ਉਸ ਦੇ ਚੇਲੇ ਲੋਕਾਂ ਦੀ ਮਦਦ ਕਰਨ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਕੋਲ ਖਾਣਾ ਖਾਣ ਲਈ ਵੀ ਵਿਹਲ ਨਹੀਂ ਸੀ। ਯਿਸੂ ਨੇ ਆਪਣੇ ਚੇਲਿਆਂ ਦੀ ਕੁਝ ਦੇਰ ਆਰਾਮ ਕਰਨ ਦੀ ਲੋੜ ਨੂੰ ਸਮਝਿਆ, ਇਸ ਲਈ ਉਹ ਉਨ੍ਹਾਂ ਨੂੰ ਇਕ ਏਕਾਂਤ ਜਗ੍ਹਾ ਤੇ ਲੈ ਗਿਆ। ਪਰ ਜਦੋਂ ਉਹ ਉੱਥੇ ਗਏ ਤਾਂ ਲੋਕਾਂ ਦੀ ਭੀੜ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਉਸ ਭੀੜ ਨੂੰ ਦੇਖ ਕੇ ਤੁਹਾਡੀ ਕੀ ਪ੍ਰਤਿਕ੍ਰਿਆ ਹੁੰਦੀ ਜੋ ਤੁਹਾਡੇ ਕੋਲੋਂ ਉਸ ਸਮੇਂ ਕੰਮ ਕਰਨ ਦੀ ਉਮੀਦ ਰੱਖਦੀ ਹੈ ਜਿਸ ਸਮੇਂ ਤੁਸੀਂ ਥੋੜ੍ਹਾ ਆਰਾਮ ਕਰਨਾ ਚਾਹੁੰਦੇ ਹੋ? ਖ਼ੈਰ, ਯਿਸੂ ਨੇ “ਉਨ੍ਹਾਂ ਤੇ ਤਰਸ ਖਾਧਾ” ਅਤੇ “ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” (ਮਰਕੁਸ 6:34) ਦੂਜਿਆਂ ਪ੍ਰਤੀ ਇਸ ਚਿੰਤਾ ਨੇ ਯਿਸੂ ਨੂੰ ਹਮੇਸ਼ਾ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ।
ਯਿਸੂ ਨੇ ਲੋਕਾਂ ਨੂੰ ਸਿਖਾਉਣ ਨਾਲੋਂ ਜ਼ਿਆਦਾ ਕੁਝ ਕੀਤਾ। ਉਸ ਨੇ ਉਨ੍ਹਾਂ ਨੂੰ ਵਿਵਹਾਰਕ ਮਦਦ ਵੀ ਦਿੱਤੀ। ਉਦਾਹਰਣ ਲਈ, ਇਕ ਮੌਕੇ ਤੇ ਉਸ ਨੇ 5,000 ਤੋਂ ਜ਼ਿਆਦਾ ਲੋਕਾਂ ਨੂੰ ਖਾਣਾ ਖਿਲਾਇਆ ਜਿਹੜੇ ਸ਼ਾਮ ਤਕ ਉਸ ਦੀਆਂ ਗੱਲਾਂ ਨੂੰ ਸੁਣ ਰਹੇ ਸਨ। ਉਸ ਤੋਂ ਥੋੜ੍ਹੀ ਹੀ ਦੇਰ ਬਾਅਦ, ਉਸ ਨੇ ਇਕ ਹੋਰ ਵੱਡੀ ਭੀੜ ਨੂੰ ਖਾਣਾ ਖਿਲਾਇਆ—ਇਸ ਵਾਰੀ 4,000 ਤੋਂ ਜ਼ਿਆਦਾ ਲੋਕ ਸਨ—ਜਿਹੜੇ ਤਿੰਨਾਂ ਦਿਨਾਂ ਤੋਂ ਉਸ ਦੇ ਉਪਦੇਸ਼ ਨੂੰ ਸੁਣ ਰਹੇ ਸਨ ਅਤੇ ਉਨ੍ਹਾਂ ਕੋਲ ਖਾਣ ਨੂੰ ਕੁਝ ਵੀ ਨਹੀਂ ਸੀ। ਪਹਿਲੇ ਮੌਕੇ ਤੇ ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਅਤੇ ਦੂਜੀ ਵਾਰੀ ਸੱਤ ਰੋਟੀਆਂ ਅਤੇ ਥੋੜ੍ਹੀਆਂ ਨਿੱਕੀਆਂ ਮੱਛੀਆਂ ਦਾ ਇਸਤੇਮਾਲ ਕੀਤਾ। (ਮੱਤੀ 14:14-22; 15:32-38) ਕੀ ਇਹ ਚਮਤਕਾਰ ਸਨ? ਜੀ ਹਾਂ, ਉਹ ਚਮਤਕਾਰ ਕਰਦਾ ਹੁੰਦਾ ਸੀ।
ਯਿਸੂ ਨੇ ਕਈ ਰੋਗੀਆਂ ਨੂੰ ਵੀ ਚੰਗਾ ਕੀਤਾ। ਉਸ ਨੇ ਅੰਨ੍ਹਿਆਂ, ਲੰਗੜਿਆਂ, ਕੋੜ੍ਹੀਆਂ ਅਤੇ ਬੋਲ਼ਿਆਂ ਨੂੰ ਠੀਕ ਕੀਤਾ। ਇੱਥੋਂ ਤਕ ਕਿ ਉਸ ਨੇ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ! (ਲੂਕਾ 7:22; ਯੂਹੰਨਾ 11:30-45) ਇਕ ਵਾਰੀ ਇਕ ਕੋੜ੍ਹੀ ਨੇ ਉਸ ਨੂੰ ਮਿੰਨਤ ਕੀਤੀ: “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਯਿਸੂ ਨੇ ਕਿਸ ਤਰ੍ਹਾਂ ਦੀ ਪ੍ਰਤਿਕ੍ਰਿਆ ਦਿਖਾਈ? “ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” (ਮਰਕੁਸ 1:40, 41) ਅਜਿਹੇ ਚਮਤਕਾਰ ਕਰਨ ਦੁਆਰਾ ਯਿਸੂ ਨੇ ਦੁਖੀਆਂ ਲਈ ਆਪਣਾ ਪਿਆਰ ਦਿਖਾਇਆ।
ਕੀ ਤੁਹਾਨੂੰ ਯਿਸੂ ਦੇ ਚਮਤਕਾਰਾਂ ਵਿਚ ਵਿਸ਼ਵਾਸ ਕਰਨਾ ਮੁਸ਼ਕਲ ਲੱਗਦਾ ਹੈ? ਕੁਝ ਲੋਕਾਂ ਨੂੰ ਲੱਗਦਾ ਹੈ। ਪਰੰਤੂ, ਯਾਦ ਰੱਖੋ ਕਿ ਯਿਸੂ ਨੇ ਖੁੱਲ੍ਹੇ-ਆਮ ਚਮਤਕਾਰ ਕੀਤੇ ਸਨ। ਉਸ ਦੇ ਵਿਰੋਧੀ, ਜਿਹੜੇ ਹਰ ਵੇਲੇ ਉਸ ਵਿਚ ਨੁਕਸ ਭਾਲਣ ਦੀ ਕੋਸ਼ਿਸ਼ ਕਰਦੇ ਸਨ, ਉਹ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕੇ ਕਿ ਉਹ ਚਮਤਕਾਰ ਕਰਦਾ ਹੁੰਦਾ ਸੀ। (ਯੂਹੰਨਾ 9:1-34) ਇਸ ਤੋਂ ਇਲਾਵਾ, ਉਸ ਦੇ ਚਮਤਕਾਰਾਂ ਦਾ ਇਕ ਮਕਸਦ ਸੀ। ਇਨ੍ਹਾਂ ਚਮਤਕਾਰਾਂ ਨੇ ਲੋਕਾਂ ਦੀ ਇਹ ਪਛਾਣਨ ਵਿਚ ਮਦਦ ਕੀਤੀ ਕਿ ਯਿਸੂ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਸੀ।—ਯੂਹੰਨਾ 6:14.
ਚਮਤਕਾਰ ਦਿਖਾਉਣ ਦੁਆਰਾ ਯਿਸੂ ਆਪਣਾ ਨਾਮ ਨਹੀਂ ਖੱਟ ਰਿਹਾ ਸੀ। ਇਸ ਦੀ ਬਜਾਇ, ਉਸ ਨੇ ਆਪਣੀ ਸ਼ਕਤੀ ਦੇ ਸੋਮੇ, ਪਰਮੇਸ਼ੁਰ ਦੀ ਮਹਿਮਾ ਕੀਤੀ। ਇਕ ਵਾਰ ਉਹ ਕਫ਼ਰਨਾਹੂਮ ਵਿਚ ਇਕ ਘਰ ਵਿਚ ਗਿਆ ਜੋ ਲੋਕਾਂ ਨਾਲ ਭਰਿਆ ਹੋਇਆ ਸੀ। ਇਕ ਅਧਰੰਗੀ ਆਦਮੀ ਚੰਗਾ ਹੋਣਾ ਚਾਹੁੰਦਾ ਸੀ, ਪਰ ਅੰਦਰ ਵੜਨ ਲਈ ਜਗ੍ਹਾ ਨਹੀਂ ਸੀ। ਇਸ ਲਈ ਉਸ ਦੇ ਮਿੱਤਰਾਂ ਨੇ ਛੱਤ ਦੇ ਵਿੱਚੋਂ ਦੀ ਛੇਦ ਕਰ ਕੇ ਉਸ ਨੂੰ ਮੰਜੀ ਸਮੇਤ ਹੇਠਾਂ ਉਤਾਰ ਦਿੱਤਾ। ਉਨ੍ਹਾਂ ਦੀ ਨਿਹਚਾ ਨੂੰ ਦੇਖ ਕੇ ਯਿਸੂ ਨੇ ਉਸ ਅਧਰੰਗੀ ਨੂੰ ਠੀਕ ਕਰ ਦਿੱਤਾ। ਨਤੀਜੇ ਵਜੋਂ, ਲੋਕਾਂ ਨੇ “ਪਰਮੇਸ਼ੁਰ ਦੀ ਵਡਿਆਈ ਕੀਤੀ” ਅਤੇ ਕਿਹਾ: “ਅਸਾਂ ਇਸ ਤਰਾਂ ਦੀ ਗੱਲ ਕਦੇ ਨਹੀਂ ਵੇਖੀ!” (ਮਰਕੁਸ 2:1-4, 11, 12) ਯਿਸੂ ਦੇ ਚਮਤਕਾਰਾਂ ਦੇ ਕਾਰਨ ਉਸ ਦੇ ਪਰਮੇਸ਼ੁਰ, ਯਹੋਵਾਹ ਦੀ ਵਡਿਆਈ ਹੋਈ ਅਤੇ ਜ਼ਰੂਰਤਮੰਦਾਂ ਨੂੰ ਮਦਦ ਮਿਲੀ।
ਫਿਰ ਵੀ, ਯਿਸੂ ਦੀ ਸੇਵਕਾਈ ਦਾ ਮੁੱਖ ਉਦੇਸ਼ ਬੀਮਾਰਾਂ ਨੂੰ ਚਮਤਕਾਰੀ ਢੰਗ ਨਾਲ ਠੀਕ ਕਰਨਾ ਨਹੀਂ ਸੀ। ਯਿਸੂ ਦੀ ਜੀਵਨੀ ਦੇ ਇਕ ਲਿਖਾਰੀ ਨੇ ਸਪੱਸ਼ਟ ਕੀਤਾ: “ਇਹ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ।” (ਯੂਹੰਨਾ 20:31) ਜੀ ਹਾਂ, ਯਿਸੂ ਇਸ ਲਈ ਧਰਤੀ ਤੇ ਆਇਆ ਤਾਂਕਿ ਵਿਸ਼ਵਾਸੀ ਮਨੁੱਖ ਜੀਵਨ ਨੂੰ ਪ੍ਰਾਪਤ ਕਰ ਸਕਣ।
ਉਸ ਦਾ ਬਲੀਦਾਨ
ਤੁਸੀਂ ਸ਼ਾਇਦ ਪੁੱਛੋ ਕਿ ‘ਯਿਸੂ ਧਰਤੀ ਤੇ ਆਇਆ ਸੀ? ਉਹ ਕਿੱਥੋਂ ਆਇਆ ਸੀ?’ ਯਿਸੂ ਨੇ ਖ਼ੁਦ ਕਿਹਾ: “ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।” (ਯੂਹੰਨਾ 6:38) ਇਨਸਾਨ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ ਉਹ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਵਜੋਂ ਸਵਰਗ ਵਿਚ ਮੌਜੂਦ ਸੀ। ਤਾਂ ਫਿਰ ਉਸ ਦੀ ਇੱਛਾ ਕੀ ਸੀ ਜਿਸ ਨੇ ਉਸ ਨੂੰ ਧਰਤੀ ਤੇ ਭੇਜਿਆ ਸੀ? ਇੰਜੀਲ ਦੇ ਲਿਖਾਰੀਆਂ ਵਿੱਚੋਂ ਇਕ ਲਿਖਾਰੀ ਯੂਹੰਨਾ ਕਹਿੰਦਾ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਇਹ ਕਿਵੇਂ ਸੰਭਵ ਸੀ?
ਬਾਈਬਲ ਦੱਸਦੀ ਹੈ ਕਿ ਮੌਤ ਕਿਵੇਂ ਸਾਰੀ ਮਨੁੱਖਜਾਤੀ ਉੱਤੇ ਆ ਪਈ। ਪਹਿਲੇ ਮਨੁੱਖੀ ਜੋੜੇ ਨੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਨਾਲ ਪਰਮੇਸ਼ੁਰ ਤੋਂ ਜ਼ਿੰਦਗੀ ਹਾਸਲ ਕੀਤੀ ਸੀ। ਪਰੰਤੂ, ਉਨ੍ਹਾਂ ਨੇ ਆਪਣੇ ਸਿਰਜਣਹਾਰ ਦੇ ਵਿਰੁੱਧ ਬਗਾਵਤ ਕਰਨਾ ਚੁਣਿਆ। (ਉਤਪਤ 3:1-19) ਇਹ ਇਨਸਾਨ ਦਾ ਪਹਿਲਾ ਪਾਪ ਸੀ, ਜਿਸ ਦੇ ਨਤੀਜੇ ਵਜੋਂ ਆਦਮ ਅਤੇ ਹੱਵਾਹ ਦੀ ਔਲਾਦ ਨੂੰ ਮੌਤ ਦੀ ਅਣਚਾਹੀ ਵਿਰਾਸਤ ਮਿਲੀ। (ਰੋਮੀਆਂ 5:12) ਮਨੁੱਖਜਾਤੀ ਨੂੰ ਅਸਲੀ ਜੀਵਨ ਦੇਣ ਲਈ ਪਾਪ ਅਤੇ ਮੌਤ ਨੂੰ ਹਟਾਉਣਾ ਜ਼ਰੂਰੀ ਹੈ।
ਕੋਈ ਵੀ ਵਿਗਿਆਨੀ ਜੈਨੇਟਿਕ ਇੰਜੀਨੀਅਰੀ ਵਰਗੇ ਕਿਸੇ ਵੀ ਇਲਾਜ ਦੁਆਰਾ ਮੌਤ ਨੂੰ ਖ਼ਤਮ ਨਹੀਂ ਕਰ ਸਕਦਾ। ਪਰ ਮਨੁੱਖਜਾਤੀ ਦੇ ਸਿਰਜਣਹਾਰ ਕੋਲ ਅਜਿਹਾ ਇਲਾਜ ਹੈ ਜੋ ਆਗਿਆਕਾਰ ਇਨਸਾਨਾਂ ਨੂੰ ਸੰਪੂਰਣ ਬਣਾ ਸਕਦਾ ਹੈ ਤਾਂਕਿ ਉਹ ਹਮੇਸ਼ਾ ਜੀਉਂਦੇ ਰਹਿ ਸਕਣ। ਬਾਈਬਲ ਵਿਚ ਇਸ ਪ੍ਰਬੰਧ ਨੂੰ ਰਿਹਾਈ-ਕੀਮਤ ਕਿਹਾ ਗਿਆ ਹੈ। ਪਹਿਲੇ ਮਨੁੱਖੀ ਜੋੜੇ ਨੇ ਆਪਣੇ ਆਪ ਨੂੰ ਅਤੇ ਆਪਣੀ ਔਲਾਦ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਵਿਚ ਵੇਚ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਆਗਿਆਕਾਰ ਰਹਿਣ ਦੀ ਬਜਾਇ, ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਜੀਉਣ ਲਈ ਆਪਣਾ ਸੰਪੂਰਣ ਜੀਵਨ ਵੇਚ ਦਿੱਤਾ। ਉਨ੍ਹਾਂ ਨੇ ਖ਼ੁਦ ਫ਼ੈਸਲਾ ਕੀਤਾ ਕਿ ਉਨ੍ਹਾਂ ਲਈ ਕੀ ਸਹੀ ਹੈ ਅਤੇ ਕੀ ਗ਼ਲਤ ਹੈ। ਜਿਹੜਾ ਸੰਪੂਰਣ ਮਨੁੱਖੀ ਜੀਵਨ ਸਾਡੇ ਪਹਿਲੇ ਮਾਤਾ-ਪਿਤਾ ਨੇ ਗੁਆ ਦਿੱਤਾ ਸੀ, ਉਸ ਜੀਵਨ ਨੂੰ ਦੁਬਾਰਾ ਖ਼ਰੀਦਣ ਲਈ, ਉਸੇ ਦੇ ਬਰਾਬਰ ਦੀ ਕੀਮਤ ਚੁਕਾਉਣੀ ਪੈਣੀ ਸੀ। ਜਨਮ ਤੋਂ ਹੀ ਅਪੂਰਣ ਹੋਣ ਦੇ ਕਾਰਨ ਕੋਈ ਵੀ ਮਨੁੱਖ ਉਸ ਕੀਮਤ ਨੂੰ ਚੁਕਾਉਣ ਦੇ ਯੋਗ ਨਹੀਂ ਸੀ।—ਜ਼ਬੂਰ 49:7.
ਇਸ ਲਈ ਯਹੋਵਾਹ ਮਦਦ ਕਰਨ ਲਈ ਅੱਗੇ ਆਇਆ। ਉਸ ਨੇ ਆਪਣੇ ਇਕਲੌਤੇ ਪੁੱਤਰ ਦੇ ਸੰਪੂਰਣ ਜੀਵਨ ਨੂੰ ਇਕ ਕੁਆਰੀ ਦੇ ਗਰਭ ਵਿਚ ਤਬਦੀਲ ਕਰ ਦਿੱਤਾ, ਜਿਸ ਨੇ ਯਿਸੂ ਨੂੰ ਜਨਮ ਦਿੱਤਾ। ਕੁਝ ਦਹਾਕੇ ਪਹਿਲਾਂ, ਸ਼ਾਇਦ ਤੁਸੀਂ ਸੋਚਦੇ ਕਿ ਇਕ ਕੁਆਰੀ ਲਈ ਬੱਚੇ ਨੂੰ ਜਨਮ ਦੇਣਾ ਸੰਭਵ ਨਹੀਂ ਹੈ। ਪਰ ਵਿਗਿਆਨੀਆਂ ਨੇ ਅੱਜ ਥਣਧਾਰੀ ਜੀਵਾਂ ਨੂੰ ਕਲੋਨਿੰਗ ਪ੍ਰਕ੍ਰਿਆ ਦੁਆਰਾ ਪੈਦਾ ਕੀਤਾ ਹੈ ਅਤੇ ਇਕ ਜਾਨਵਰ ਤੋਂ ਦੂਜੇ ਜਾਨਵਰ ਵਿਚ ਜੀਨਾਂ ਦੀ ਅਦਲਾ-ਬਦਲੀ ਕੀਤੀ ਹੈ। ਤਾਂ ਫਿਰ ਬੱਚਾ ਪੈਦਾ ਕਰਨ ਦੀ ਸਾਧਾਰਣ ਪ੍ਰਕ੍ਰਿਆ ਨੂੰ ਛੱਡ ਕੇ ਕਿਸੇ ਹੋਰ ਤਰੀਕੇ ਨਾਲ ਔਰਤ ਤੋਂ ਬੱਚਾ ਪੈਦਾ ਕਰਨ ਦੀ ਪਰਮੇਸ਼ੁਰ ਦੀ ਯੋਗਤਾ ਉੱਤੇ ਜਾਇਜ਼ ਤੌਰ ਤੇ ਕੌਣ ਸ਼ੱਕ ਕਰ ਸਕਦਾ ਹੈ?
ਸੰਪੂਰਣ ਮਨੁੱਖੀ ਜੀਵਨ ਦੇ ਪੈਦਾ ਹੋਣ ਨਾਲ, ਮਨੁੱਖਜਾਤੀ ਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਕੀਮਤ ਉਪਲਬਧ ਹੋ ਗਈ। ਫਿਰ ਵੀ, ਧਰਤੀ ਉੱਤੇ ਯਿਸੂ ਬਣ ਕੇ ਪੈਦਾ ਹੋਏ ਇਸ ਬੱਚੇ ਨੇ ਅਜੇ ਵੱਡਾ ਹੋ ਕੇ ਇਕ “ਡਾਕਟਰ” ਬਣਨਾ ਸੀ ਜਿਹੜਾ ਕਿ ਮਨੁੱਖਜਾਤੀ ਦੀਆਂ ਬੀਮਾਰੀਆਂ ਦਾ “ਇਲਾਜ” ਕਰ ਸਕੇ। ਉਸ ਨੇ ਸੰਪੂਰਣ ਅਤੇ ਪਾਪ-ਰਹਿਤ ਜੀਵਨ ਜੀਉਣ ਦੁਆਰਾ ਇਸ ਤਰ੍ਹਾਂ ਕੀਤਾ। ਯਿਸੂ ਨੇ ਪਾਪ ਦੇ ਵੱਸ ਵਿਚ ਪਈ ਮਨੁੱਖਜਾਤੀ ਦੇ ਦੁੱਖਾਂ ਨੂੰ ਸਿਰਫ਼ ਦੇਖਿਆ ਹੀ ਨਹੀਂ, ਸਗੋਂ ਇਕ ਇਨਸਾਨ ਹੋਣ ਦੇ ਨਾਤੇ ਉਸ ਨੇ ਸਰੀਰਕ ਸੀਮਾਵਾਂ ਨੂੰ ਵੀ ਅਨੁਭਵ ਕੀਤਾ। ਇਸ ਤਰ੍ਹਾਂ ਉਹ ਹੋਰ ਵੀ ਦਿਆਲੂ ਡਾਕਟਰ ਬਣ ਗਿਆ। (ਇਬਰਾਨੀਆਂ 4:15) ਧਰਤੀ ਉੱਤੇ ਆਪਣੀ ਜ਼ਿੰਦਗੀ ਦੌਰਾਨ ਯਿਸੂ ਨੇ ਜੋ ਚਮਤਕਾਰੀ ਚੰਗਿਆਈਆਂ ਕੀਤੀਆਂ, ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਉਹ ਬੀਮਾਰਾਂ ਨੂੰ ਚੰਗਾ ਕਰਨ ਦੀ ਇੱਛਾ ਰੱਖਦਾ ਹੈ ਅਤੇ ਅਜਿਹਾ ਕਰਨ ਲਈ ਉਸ ਕੋਲ ਸ਼ਕਤੀ ਵੀ ਹੈ।—ਮੱਤੀ 4:23.
ਧਰਤੀ ਉੱਤੇ ਸਾਢੇ ਤਿੰਨ ਸਾਲਾਂ ਦੀ ਸੇਵਕਾਈ ਤੋਂ ਬਾਅਦ, ਯਿਸੂ ਦੇ ਵਿਰੋਧੀਆਂ ਨੇ ਉਸ ਨੂੰ ਮਾਰ ਦਿੱਤਾ। ਉਸ ਨੇ ਸਾਬਤ ਕਰ ਦਿੱਤਾ ਕਿ ਵੱਡੀਆਂ ਤੋਂ ਵੱਡੀਆਂ ਅਜ਼ਮਾਇਸ਼ਾਂ ਦੇ ਬਾਵਜੂਦ ਵੀ, ਸੰਪੂਰਣ ਮਨੁੱਖ ਆਪਣੇ ਸਿਰਜਣਹਾਰ ਪ੍ਰਤੀ ਆਗਿਆਕਾਰ ਰਹਿ ਸਕਦਾ ਹੈ। (1 ਪਤਰਸ 2:22) ਉਸ ਨੇ ਰਿਹਾਈ-ਕੀਮਤ ਵਜੋਂ ਆਪਣਾ ਸੰਪੂਰਣ ਮਨੁੱਖੀ ਜੀਵਨ ਬਲੀਦਾਨ ਕਰ ਦਿੱਤਾ, ਕਿਉਂਕਿ ਇਸੇ ਨਾਲ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਜਾ ਸਕਦਾ ਸੀ। ਯਿਸੂ ਮਸੀਹ ਨੇ ਕਿਹਾ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:13) ਉਸ ਦੀ ਮੌਤ ਤੋਂ ਬਾਅਦ ਤੀਜੇ ਦਿਨ, ਯਿਸੂ ਨੂੰ ਆਤਮਿਕ ਪ੍ਰਾਣੀ ਦੇ ਰੂਪ ਵਿਚ ਮੁੜ ਜ਼ਿੰਦਾ ਕੀਤਾ ਗਿਆ ਅਤੇ ਕੁਝ ਹਫ਼ਤਿਆਂ ਬਾਅਦ ਹੀ ਉਹ ਸਵਰਗ ਨੂੰ ਚਲਾ ਗਿਆ, ਤਾਂਕਿ ਉਹ ਯਹੋਵਾਹ ਪਰਮੇਸ਼ੁਰ ਦੇ ਅੱਗੇ ਰਿਹਾਈ-ਕੀਮਤ ਨੂੰ ਪੇਸ਼ ਕਰ ਸਕੇ। (1 ਕੁਰਿੰਥੀਆਂ 15:3, 4; ਇਬਰਾਨੀਆਂ 9:11-14) ਅਜਿਹਾ ਕਰਨ ਦੁਆਰਾ, ਯਿਸੂ ਆਪਣੇ ਰਿਹਾਈ-ਕੀਮਤ ਬਲੀਦਾਨ ਦਾ ਲਾਭ ਆਪਣੇ ਚੇਲਿਆਂ ਨੂੰ ਦੇ ਸਕਿਆ।
ਕੀ ਤੁਸੀਂ ਅਧਿਆਤਮਿਕ, ਭਾਵਾਤਮਕ ਅਤੇ ਸਰੀਰਕ ਬੀਮਾਰੀਆਂ ਨੂੰ ਚੰਗਾ ਕਰਨ ਦੇ ਇਸ ਤਰੀਕੇ ਤੋਂ ਲਾਭ ਉਠਾਉਣ ਲਈ ਤਿਆਰ ਹੋਵੋਗੇ? ਅਜਿਹਾ ਕਰਨ ਲਈ ਯਿਸੂ ਮਸੀਹ ਵਿਚ ਨਿਹਚਾ ਕਰਨ ਦੀ ਲੋੜ ਹੈ। ਤੁਸੀਂ ਖ਼ੁਦ ਡਾਕਟਰ ਕੋਲ ਕਿਉਂ ਨਹੀਂ ਜਾਂਦੇ? ਤੁਸੀਂ ਯਿਸੂ ਮਸੀਹ ਬਾਰੇ ਅਤੇ ਵਫ਼ਾਦਾਰ ਮਨੁੱਖਜਾਤੀ ਨੂੰ ਬਚਾਉਣ ਵਿਚ ਉਸ ਦੀ ਭੂਮਿਕਾ ਬਾਰੇ ਸਿੱਖਣ ਦੁਆਰਾ ਅਜਿਹਾ ਕਰ ਸਕਦੇ ਹੋ। ਯਹੋਵਾਹ ਦੇ ਗਵਾਹ ਇਸ ਬਾਰੇ ਸਿੱਖਣ ਵਿਚ ਤੁਹਾਡੀ ਮਦਦ ਕਰ ਕੇ ਖ਼ੁਸ਼ ਹੋਣਗੇ।
[ਸਫ਼ੇ 5 ਉੱਤੇ ਤਸਵੀਰ]
ਯਿਸੂ ਬੀਮਾਰਾਂ ਨੂੰ ਚੰਗਾ ਕਰਨ ਦੀ ਇੱਛਾ ਰੱਖਦਾ ਹੈ ਅਤੇ ਅਜਿਹਾ ਕਰਨ ਲਈ ਉਸ ਕੋਲ ਸ਼ਕਤੀ ਵੀ ਹੈ
[ਸਫ਼ੇ 7 ਉੱਤੇ ਤਸਵੀਰ]
ਯਿਸੂ ਦੀ ਮੌਤ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ?