ਮਾਪਿਓ, ਤੁਹਾਡੀ ਮਿਸਾਲ ਕੀ ਸਿਖਾਉਂਦੀ ਹੈ?
“ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ।”—ਅਫ਼ਸੀਆਂ 5: 1, 2.
1. ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਨੂੰ ਕਿਸ ਤਰ੍ਹਾਂ ਦੀਆਂ ਹਿਦਾਇਤਾਂ ਦਿੱਤੀਆਂ ਸਨ?
ਯਹੋਵਾਹ ਹੀ ਪਰਿਵਾਰਕ ਪ੍ਰਬੰਧ ਦਾ ਆਰੰਭਕਰਤਾ ਹੈ। ਹਰ ਪਰਿਵਾਰ ਆਪਣੀ ਹੋਂਦ ਲਈ ਉਸ ਦਾ ਦੇਣਦਾਰ ਹੈ ਕਿਉਂਕਿ ਉਸ ਨੇ ਹੀ ਪਹਿਲਾ ਪਰਿਵਾਰ ਬਣਾਇਆ ਸੀ ਅਤੇ ਪਹਿਲੇ ਮਨੁੱਖੀ ਜੋੜੇ ਨੂੰ ਸੰਤਾਨ ਪੈਦਾ ਕਰਨ ਦੀ ਸਮਰਥਾ ਦਿੱਤੀ ਸੀ। (ਅਫ਼ਸੀਆਂ 3: 14, 15) ਉਸ ਨੇ ਆਦਮ ਅਤੇ ਹੱਵਾਹ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੇ ਸੰਬੰਧ ਵਿਚ ਹਿਦਾਇਤਾਂ ਦਿੱਤੀਆਂ ਸਨ। ਅਤੇ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਕੰਮ ਕਰਨ ਦੇ ਕਾਫ਼ੀ ਮੌਕੇ ਦਿੱਤੇ ਸਨ। (ਉਤਪਤ 1:28-30; 2:6, 15-22) ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ, ਪਰਿਵਾਰਾਂ ਨੂੰ ਜਿਨ੍ਹਾਂ ਹਾਲਾਤਾਂ ਨਾਲ ਨਿਭਣਾ ਪਿਆ, ਉਹ ਹੋਰ ਵੀ ਗੁੰਝਲਦਾਰ ਹੋ ਗਏ। ਫਿਰ ਵੀ, ਯਹੋਵਾਹ ਨੇ ਪਿਆਰ ਦਿਖਾਉਂਦੇ ਹੋਏ ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਦੀ ਸਹਾਇਤਾ ਨਾਲ ਉਸ ਦੇ ਸੇਵਕ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰ ਸਕਦੇ ਸਨ।
2. (ੳ) ਯਹੋਵਾਹ ਨੇ ਲਿਖਤੀ ਹਿਦਾਇਤਾਂ ਦੇਣ ਦੇ ਨਾਲ-ਨਾਲ ਕਿਨ੍ਹਾਂ ਦੇ ਦੁਆਰਾ ਜ਼ਬਾਨੀ ਹਿਦਾਇਤਾਂ ਵੀ ਦਿੱਤੀਆਂ ਹਨ? (ਅ) ਮਾਪਿਆਂ ਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?
2 ਸਾਡਾ ਮਹਾਨ ਸਿੱਖਿਅਕ ਹੋਣ ਦੇ ਨਾਤੇ, ਯਹੋਵਾਹ ਨੇ ਸਾਨੂੰ ਸਿਰਫ਼ ਲਿਖਤੀ ਹਿਦਾਇਤਾਂ ਹੀ ਨਹੀਂ ਦਿੱਤੀਆਂ ਹਨ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਪ੍ਰਾਚੀਨ ਸਮਿਆਂ ਵਿਚ, ਉਸ ਨੇ ਲਿਖਤੀ ਹਿਦਾਇਤਾਂ ਦੇਣ ਦੇ ਨਾਲ-ਨਾਲ ਜਾਜਕਾਂ, ਨਬੀਆਂ ਅਤੇ ਪਰਿਵਾਰ ਦੇ ਸਿਰਾਂ ਦੁਆਰਾ ਜ਼ਬਾਨੀ ਹਿਦਾਇਤਾਂ ਵੀ ਦਿੱਤੀਆਂ। ਉਹ ਅੱਜ ਅਜਿਹੀਆਂ ਜ਼ਬਾਨੀ ਹਿਦਾਇਤਾਂ ਦੇਣ ਲਈ ਕਿਨ੍ਹਾਂ ਨੂੰ ਪ੍ਰਯੋਗ ਕਰ ਰਿਹਾ ਹੈ? ਮਸੀਹੀ ਬਜ਼ੁਰਗਾਂ ਅਤੇ ਮਾਪਿਆਂ ਨੂੰ। ਜੇ ਤੁਸੀਂ ਇਕ ਮਾਤਾ ਜਾਂ ਪਿਤਾ ਹੋ, ਤਾਂ ਕੀ ਤੁਸੀਂ ਯਹੋਵਾਹ ਦੇ ਰਾਹਾਂ ਬਾਰੇ ਆਪਣੇ ਪਰਿਵਾਰ ਨੂੰ ਹਿਦਾਇਤਾਂ ਦੇਣ ਦੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹੋ?—ਕਹਾਉਤਾਂ 6:20-23.
3. ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਖਿਆ ਦੇਣ ਦੇ ਸੰਬੰਧ ਵਿਚ ਪਰਿਵਾਰ ਦੇ ਸਿਰ ਯਹੋਵਾਹ ਤੋਂ ਕੀ ਸਿੱਖ ਸਕਦੇ ਹਨ?
3 ਪਰਿਵਾਰ ਵਿਚ ਅਜਿਹੀਆਂ ਹਿਦਾਇਤਾਂ ਕਿਵੇਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ? ਇਸ ਬਾਰੇ ਖ਼ੁਦ ਯਹੋਵਾਹ ਨੇ ਇਕ ਨਮੂਨਾ ਕਾਇਮ ਕੀਤਾ ਹੈ। ਉਹ ਸਾਫ਼-ਸਾਫ਼ ਦੱਸਦਾ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ ਹੈ, ਅਤੇ ਉਹ ਅਕਸਰ ਹਿਦਾਇਤਾਂ ਨੂੰ ਵਾਰ-ਵਾਰ ਦੁਹਰਾਉਂਦਾ ਹੈ। (ਕੂਚ 20:4, 5; ਬਿਵਸਥਾ ਸਾਰ 4:23, 24; 5:8, 9; 6:14, 15; ਯਹੋਸ਼ੁਆ 24:19, 20) ਉਹ ਵਿਚਾਰ-ਉਕਸਾਊ ਸਵਾਲ ਪੁੱਛਦਾ ਹੈ। (ਅੱਯੂਬ 38:4, 8, 31) ਦ੍ਰਿਸ਼ਟਾਂਤਾਂ ਅਤੇ ਅਸਲੀ ਮਿਸਾਲਾਂ ਦੁਆਰਾ ਉਹ ਸਾਡੀਆਂ ਭਾਵਨਾਵਾਂ ਨੂੰ ਉਕਸਾਉਂਦਾ ਹੈ ਅਤੇ ਸਾਡੇ ਦਿਲਾਂ ਨੂੰ ਢਾਲ਼ਦਾ ਹੈ। (ਉਤਪਤ 15:5; ਦਾਨੀਏਲ 3:1-29) ਮਾਪਿਓ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਹੋ, ਤਾਂ ਕੀ ਤੁਸੀਂ ਇਸ ਨਮੂਨੇ ਉੱਤੇ ਚੱਲਦੇ ਹੋ?
4. ਅਨੁਸ਼ਾਸਨ ਦੇਣ ਦੇ ਸੰਬੰਧ ਵਿਚ ਅਸੀਂ ਯਹੋਵਾਹ ਤੋਂ ਕੀ ਸਿੱਖਦੇ ਹਾਂ, ਅਤੇ ਅਨੁਸ਼ਾਸਨ ਦੇਣਾ ਕਿਉਂ ਜ਼ਰੂਰੀ ਹੈ?
4 ਜੋ ਸਹੀ ਹੈ ਉਸ ਤੇ ਯਹੋਵਾਹ ਦ੍ਰਿੜ੍ਹ ਰਹਿੰਦਾ ਹੈ, ਪਰ ਉਹ ਅਪੂਰਣਤਾ ਦੇ ਪ੍ਰਭਾਵਾਂ ਨੂੰ ਸਮਝਦਾ ਹੈ। ਇਸ ਲਈ ਸਜ਼ਾ ਦੇਣ ਤੋਂ ਪਹਿਲਾਂ, ਉਹ ਅਪੂਰਣ ਮਨੁੱਖਾਂ ਨੂੰ ਸਿਖਾਉਂਦਾ ਹੈ ਅਤੇ ਉਨ੍ਹਾਂ ਨੂੰ ਵਾਰ-ਵਾਰ ਚੇਤਾਵਨੀਆਂ ਦਿੰਦਾ ਹੈ। (ਉਤਪਤ 19:15, 16; ਯਿਰਮਿਯਾਹ 7:23-26) ਜਦੋਂ ਉਹ ਅਨੁਸ਼ਾਸਨ ਦਿੰਦਾ ਹੈ, ਤਾਂ ਉਹ ਸਹੀ ਹੱਦ ਤਕ ਦਿੰਦਾ ਹੈ, ਨਾ ਕਿ ਹੱਦੋਂ ਵੱਧ। (ਜ਼ਬੂਰ 103:10, 11; ਯਸਾਯਾਹ 28:26-29) ਜੇ ਅਸੀਂ ਇਸ ਤਰ੍ਹਾਂ ਆਪਣੇ ਬੱਚਿਆਂ ਨਾਲ ਪੇਸ਼ ਆਉਂਦੇ ਹਾਂ, ਤਾਂ ਇਹ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਅਸੀਂ ਯਹੋਵਾਹ ਨੂੰ ਜਾਣਦੇ ਹਾਂ ਅਤੇ ਇਸ ਕਰਕੇ ਬੱਚਿਆਂ ਲਈ ਵੀ ਉਸ ਨੂੰ ਜਾਣਨਾ ਜ਼ਿਆਦਾ ਆਸਾਨ ਹੋ ਜਾਵੇਗਾ।—ਯਿਰਮਿਯਾਹ 22:16; 1 ਯੂਹੰਨਾ 4:8.
5. ਗੱਲ ਸੁਣਨ ਦੇ ਮਾਮਲੇ ਵਿਚ ਮਾਪੇ ਯਹੋਵਾਹ ਤੋਂ ਕੀ ਸਿੱਖ ਸਕਦੇ ਹਨ?
5 ਹੈਰਾਨੀ ਦੀ ਗੱਲ ਹੈ ਕਿ ਯਹੋਵਾਹ ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਹੈ। ਉਹ ਸਿਰਫ਼ ਹੁਕਮ ਹੀ ਨਹੀਂ ਦਿੰਦਾ। ਉਹ ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ਅਸੀਂ ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹੀਏ। (ਜ਼ਬੂਰ 62:8) ਅਤੇ ਜੇ ਅਸੀਂ ਸਹੀ ਭਾਵਨਾਵਾਂ ਪ੍ਰਗਟ ਨਹੀਂ ਕਰਦੇ ਹਾਂ, ਤਾਂ ਉਹ ਸਵਰਗ ਤੋਂ ਗੁੱਸੇ ਵਿਚ ਆ ਕੇ ਸਾਡੀ ਝਾੜਝੰਬ ਨਹੀਂ ਕਰਦਾ ਹੈ। ਉਹ ਧੀਰਜ ਨਾਲ ਸਾਨੂੰ ਸਿਖਾਉਂਦਾ ਹੈ। ਇਸ ਲਈ ਪੌਲੁਸ ਰਸੂਲ ਦੀ ਇਹ ਸਲਾਹ ਕਿੰਨੀ ਢੁਕਵੀਂ ਹੈ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ”! (ਅਫ਼ਸੀਆਂ 4:31–5:1) ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਮਾਪਿਆਂ ਲਈ ਯਹੋਵਾਹ ਕਿੰਨੀ ਵਧੀਆ ਮਿਸਾਲ ਕਾਇਮ ਕਰਦਾ ਹੈ! ਇਹ ਅਜਿਹੀ ਮਿਸਾਲ ਹੈ ਜਿਹੜੀ ਸਾਡੇ ਦਿਲਾਂ ਤਕ ਪਹੁੰਚਦੀ ਹੈ ਅਤੇ ਉਸ ਦੁਆਰਾ ਦਿਖਾਏ ਜੀਵਨ ਦੇ ਰਾਹ ਉੱਤੇ ਚੱਲਣ ਲਈ ਸਾਡੇ ਵਿਚ ਇੱਛਾ ਪੈਦਾ ਕਰਦੀ ਹੈ।
ਮਿਸਾਲ ਦੁਆਰਾ ਪਿਆ ਪ੍ਰਭਾਵ
6. ਮਾਪਿਆਂ ਦਾ ਰਵੱਈਆ ਅਤੇ ਮਿਸਾਲ ਬੱਚਿਆਂ ਉੱਤੇ ਕਿਵੇਂ ਪ੍ਰਭਾਵ ਪਾਉਂਦੇ ਹਨ?
6 ਜ਼ਬਾਨੀ ਹਿਦਾਇਤਾਂ ਦੇ ਨਾਲ-ਨਾਲ, ਬੱਚਿਆਂ ਉੱਤੇ ਦੂਜਿਆਂ ਦੀ ਮਿਸਾਲ ਦਾ ਵੀ ਬਹੁਤ ਪ੍ਰਭਾਵ ਪੈਂਦਾ ਹੈ। ਭਾਵੇਂ ਮਾਪੇ ਪਸੰਦ ਕਰਨ ਜਾਂ ਨਾ ਕਰਨ, ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਨਕਲ ਕਰਨਗੇ। ਮਾਪਿਆਂ ਨੂੰ ਖ਼ੁਸ਼ੀ ਹੋ ਸਕਦੀ ਹੈ—ਕਈ ਵਾਰ ਉਨ੍ਹਾਂ ਨੂੰ ਧੱਕਾ ਵੀ ਲੱਗ ਸਕਦਾ ਹੈ—ਜਦੋਂ ਉਹ ਆਪਣੇ ਬੱਚਿਆਂ ਨੂੰ ਉਹੋ ਗੱਲਾਂ ਕਰਦੇ ਸੁਣਦੇ ਹਨ ਜਿਹੜੀਆਂ ਉਨ੍ਹਾਂ ਨੇ ਖ਼ੁਦ ਕਹੀਆਂ ਸਨ। ਜਦੋਂ ਆਪਣੇ ਆਚਰਣ ਅਤੇ ਰਵੱਈਏ ਦੁਆਰਾ ਮਾਪੇ ਅਧਿਆਤਮਿਕ ਗੱਲਾਂ ਲਈ ਡੂੰਘੀ ਕਦਰ ਦਿਖਾਉਂਦੇ ਹਨ, ਤਾਂ ਇਸ ਦਾ ਬੱਚਿਆਂ ਉੱਤੇ ਚੰਗਾ ਅਸਰ ਪੈਂਦਾ ਹੈ।—ਕਹਾਉਤਾਂ 20:7.
7. ਯਿਫਤਾਹ ਨੇ ਇਕ ਪਿਤਾ ਹੋਣ ਦੇ ਨਾਤੇ, ਆਪਣੀ ਧੀ ਲਈ ਕਿਸ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
7 ਬਾਈਬਲ ਵਿਚ ਵਧੀਆ ਤਰੀਕੇ ਨਾਲ ਮਾਪਿਆਂ ਦੀ ਮਿਸਾਲ ਦੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ। ਯਿਫਤਾਹ, ਜਿਸ ਦੇ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਅੰਮੋਨੀਆਂ ਉੱਤੇ ਜਿੱਤ ਦਿੱਤੀ ਸੀ, ਵੀ ਇਕ ਪਿਤਾ ਸੀ। ਉਸ ਨੇ ਅੰਮੋਨ ਦੇ ਰਾਜੇ ਨੂੰ ਜਵਾਬ ਵਿਚ ਜੋ ਕੁਝ ਕਿਹਾ ਸੀ, ਉਹ ਸੰਕੇਤ ਕਰਦਾ ਹੈ ਕਿ ਯਿਫਤਾਹ ਇਸਰਾਏਲ ਦੇ ਸੰਬੰਧ ਵਿਚ ਯਹੋਵਾਹ ਦੇ ਕੀਤੇ ਕੰਮਾਂ ਦੇ ਇਤਿਹਾਸ ਨੂੰ ਵਾਰ-ਵਾਰ ਪੜ੍ਹਦਾ ਹੁੰਦਾ ਸੀ। ਉਹ ਉਸ ਇਤਿਹਾਸ ਨੂੰ ਆਸਾਨੀ ਨਾਲ ਦੱਸ ਸਕਿਆ ਅਤੇ ਉਸ ਨੇ ਯਹੋਵਾਹ ਵਿਚ ਮਜ਼ਬੂਤ ਨਿਹਚਾ ਦਿਖਾਈ। ਯਕੀਨਨ ਉਸ ਦੀ ਵਧੀਆ ਮਿਸਾਲ ਕਰਕੇ ਹੀ ਉਸ ਦੀ ਧੀ ਵਿਚ ਵੀ ਨਿਹਚਾ ਅਤੇ ਆਤਮ-ਬਲੀਦਾਨ ਦੀ ਭਾਵਨਾ ਵਿਕਸਿਤ ਹੋਈ। ਉਸ ਨੇ ਇਹ ਗੁਣ ਉਦੋਂ ਪ੍ਰਗਟ ਕੀਤੇ ਜਦੋਂ ਉਸ ਨੇ ਯਹੋਵਾਹ ਨੂੰ ਇਕ ਸਮਰਪਿਤ ਕੁਆਰੀ ਔਰਤ ਵਜੋਂ ਪੂਰੀ ਜ਼ਿੰਦਗੀ ਉਸ ਦੀ ਸੇਵਾ ਕਰਨੀ ਪ੍ਰਵਾਨ ਕੀਤੀ।—ਨਿਆਈਆਂ 11:14-27, 34-40. ਯਹੋਸ਼ੁਆ 1:8 ਦੀ ਤੁਲਨਾ ਕਰੋ।
8. (ੳ) ਸਮੂਏਲ ਦੇ ਮਾਪਿਆਂ ਨੇ ਕਿਸ ਤਰ੍ਹਾਂ ਦਾ ਵਧੀਆ ਰਵੱਈਆ ਪ੍ਰਦਰਸ਼ਿਤ ਕੀਤਾ? (ਅ) ਸਮੂਏਲ ਨੂੰ ਇਸ ਦਾ ਕੀ ਲਾਭ ਹੋਇਆ?
8 ਸਮੂਏਲ ਬਚਪਨ ਤੋਂ ਹੀ ਇਕ ਮਿਸਾਲੀ ਬੱਚਾ ਸੀ। ਇਕ ਨਬੀ ਦੇ ਤੌਰ ਤੇ ਉਹ ਪੂਰੀ ਜ਼ਿੰਦਗੀ ਯਹੋਵਾਹ ਦਾ ਵਫ਼ਾਦਾਰ ਰਿਹਾ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਉਸ ਵਾਂਗ ਬਣਨ? ਸਮੂਏਲ ਦੇ ਮਾਤਾ-ਪਿਤਾ, ਹੰਨਾਹ ਅਤੇ ਅਲਕਾਨਾਹ ਦੁਆਰਾ ਕਾਇਮ ਕੀਤੀ ਮਿਸਾਲ ਉੱਤੇ ਵਿਚਾਰ ਕਰੋ। ਭਾਵੇਂ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ, ਪਰ ਉਹ ਨਿਯਮਿਤ ਤੌਰ ਤੇ ਸ਼ੀਲੋਹ ਵਿਚ ਉਪਾਸਨਾ ਕਰਨ ਲਈ ਜਾਂਦੇ ਸਨ, ਜਿੱਥੇ ਪਵਿੱਤਰ ਡੇਹਰਾ ਸਥਿਤ ਸੀ। (1 ਸਮੂਏਲ 1:3-8, 21) ਹੰਨਾਹ ਨੇ ਜਿਨ੍ਹਾਂ ਭਾਵਨਾਵਾਂ ਨਾਲ ਪ੍ਰਾਰਥਨਾ ਕੀਤੀ, ਉਨ੍ਹਾਂ ਦੀ ਗਹਿਰਾਈ ਵੱਲ ਧਿਆਨ ਦਿਓ। (1 ਸਮੂਏਲ 1:9-13) ਦੇਖੋ ਕਿ ਉਨ੍ਹਾਂ ਦੋਵਾਂ ਨੇ ਪਰਮੇਸ਼ੁਰ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਦੀ ਮਹੱਤਤਾ ਬਾਰੇ ਕਿਵੇਂ ਮਹਿਸੂਸ ਕੀਤਾ। (1 ਸਮੂਏਲ 1:22-28) ਯਕੀਨਨ ਉਨ੍ਹਾਂ ਦੀ ਵਧੀਆ ਮਿਸਾਲ ਨੇ ਸਮੂਏਲ ਵਿਚ ਵੀ ਇਹੋ ਗੁਣ ਪੈਦਾ ਕੀਤੇ, ਜਿਨ੍ਹਾਂ ਕਰਕੇ ਉਹ ਸਹੀ ਰਾਹ ਉੱਤੇ ਚੱਲ ਸਕਿਆ—ਉਦੋਂ ਵੀ ਜਦੋਂ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ, ਜਿਹੜੇ ਯਹੋਵਾਹ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਸਨ, ਪਰਮੇਸ਼ੁਰ ਦੇ ਰਾਹਾਂ ਲਈ ਕੋਈ ਕਦਰ ਨਹੀਂ ਦਿਖਾਈ। ਸਮਾਂ ਆਉਣ ਤੇ, ਯਹੋਵਾਹ ਨੇ ਸਮੂਏਲ ਨੂੰ ਆਪਣਾ ਨਬੀ ਬਣਾਇਆ।—1 ਸਮੂਏਲ 2:11, 12; 3:1-21.
9. (ੳ) ਘਰ ਵਿਚ ਕਿਨ੍ਹਾਂ ਦਾ ਤਿਮੋਥਿਉਸ ਉੱਤੇ ਚੰਗਾ ਪ੍ਰਭਾਵ ਪਿਆ? (ਅ) ਤਿਮੋਥਿਉਸ ਕਿਸ ਤਰ੍ਹਾਂ ਦਾ ਇਨਸਾਨ ਬਣਿਆ?
9 ਕੀ ਤੁਸੀਂ ਚਾਹੋਗੇ ਕਿ ਤੁਹਾਡਾ ਬੱਚਾ ਤਿਮੋਥਿਉਸ ਵਰਗਾ ਬਣੇ, ਜੋ ਜਵਾਨੀ ਵਿਚ ਹੀ ਪੌਲੁਸ ਰਸੂਲ ਦਾ ਸਾਥੀ ਬਣਿਆ? ਤਿਮੋਥਿਉਸ ਦਾ ਪਿਤਾ ਵਿਸ਼ਵਾਸੀ ਨਹੀਂ ਸੀ, ਪਰ ਉਸ ਦੀ ਮਾਂ ਅਤੇ ਉਸ ਦੀ ਨਾਨੀ ਨੇ ਅਧਿਆਤਮਿਕ ਚੀਜ਼ਾਂ ਲਈ ਕਦਰ ਦਿਖਾਉਣ ਵਿਚ ਵਧੀਆ ਮਿਸਾਲ ਕਾਇਮ ਕੀਤੀ। ਯਕੀਨਨ ਇਸੇ ਮਿਸਾਲ ਨੇ ਹੀ ਤਿਮੋਥਿਉਸ ਨੂੰ ਇਕ ਮਸੀਹੀ ਵਜੋਂ ਜੀਵਨ ਬਤੀਤ ਕਰਨ ਲਈ ਚੰਗੀ ਤਰ੍ਹਾਂ ਤਿਆਰ ਕੀਤਾ ਹੋਵੇਗਾ। ਸਾਨੂੰ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ ਯੂਨਿਕਾ ਅਤੇ ਉਸ ਦੀ ਨਾਨੀ ਲੋਇਸ ਦੀ ‘ਨਿਹਚਾ ਨਿਸ਼ਕਪਟ’ ਸੀ। ਮਸੀਹੀਆਂ ਵਜੋਂ ਉਨ੍ਹਾਂ ਨੇ ਕਦੀ ਪਖੰਡ ਨਹੀਂ ਕੀਤਾ, ਪਰ ਉਨ੍ਹਾਂ ਨੇ ਸੱਚ-ਮੁੱਚ ਉਨ੍ਹਾਂ ਗੱਲਾਂ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਜਿਨ੍ਹਾਂ ਵਿਚ ਵਿਸ਼ਵਾਸ ਕਰਨ ਦਾ ਉਹ ਦਾਅਵਾ ਕਰਦੀਆਂ ਸਨ ਅਤੇ ਉਨ੍ਹਾਂ ਨੇ ਤਿਮੋਥਿਉਸ ਨੂੰ ਵੀ ਇਸੇ ਤਰ੍ਹਾਂ ਕਰਨਾ ਸਿਖਾਇਆ। ਤਿਮੋਥਿਉਸ ਨੇ ਸਾਬਤ ਕੀਤਾ ਕਿ ਉਸ ਉੱਤੇ ਭਰੋਸਾ ਕੀਤਾ ਜਾ ਸਕਦਾ ਸੀ ਅਤੇ ਉਹ ਸੱਚ-ਮੁੱਚ ਦੂਸਰਿਆਂ ਦੇ ਭਲੇ ਦੀ ਪਰਵਾਹ ਕਰਦਾ ਸੀ।—2 ਤਿਮੋਥਿਉਸ 1:5; ਫ਼ਿਲਿੱਪੀਆਂ 2:20-22.
10. (ੳ) ਘਰੋਂ ਬਾਹਰ ਕਿਨ੍ਹਾਂ ਦੀਆਂ ਮਿਸਾਲਾਂ ਸਾਡੇ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ? (ਅ) ਜਦੋਂ ਸਾਡੇ ਬੱਚਿਆਂ ਦੀ ਬੋਲੀ ਜਾਂ ਰਵੱਈਏ ਵਿਚ ਇਨ੍ਹਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
10 ਸਾਡੇ ਬੱਚਿਆਂ ਉੱਤੇ ਸਿਰਫ਼ ਘਰ ਦੇ ਮੈਂਬਰਾਂ ਦੀਆਂ ਮਿਸਾਲਾਂ ਦਾ ਹੀ ਪ੍ਰਭਾਵ ਨਹੀਂ ਪੈਂਦਾ ਹੈ। ਉਨ੍ਹਾਂ ਉੱਤੇ ਹੋਰ ਲੋਕਾਂ ਦਾ ਵੀ ਪ੍ਰਭਾਵ ਪੈਂਦਾ ਹੈ, ਜਿਵੇਂ ਕਿ ਦੂਸਰੇ ਬੱਚਿਆਂ ਦਾ ਪ੍ਰਭਾਵ, ਜਿਨ੍ਹਾਂ ਨਾਲ ਉਹ ਸਕੂਲ ਵਿਚ ਪੜ੍ਹਦੇ ਹਨ; ਅਧਿਆਪਕਾਂ ਦਾ ਪ੍ਰਭਾਵ, ਜਿਨ੍ਹਾਂ ਦਾ ਕੰਮ ਛੋਟੇ-ਛੋਟੇ ਮਨਾਂ ਨੂੰ ਢਾਲ਼ਣਾ ਹੈ; ਉਨ੍ਹਾਂ ਲੋਕਾਂ ਦਾ ਪ੍ਰਭਾਵ ਜਿਹੜੇ ਦ੍ਰਿੜ੍ਹਤਾ ਨਾਲ ਮਹਿਸੂਸ ਕਰਦੇ ਹਨ ਕਿ ਹਰੇਕ ਨੂੰ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮਾਜਕ ਜਾਂ ਖ਼ਾਨਦਾਨੀ ਰਸਮਾਂ ਨੂੰ ਮੰਨਣਾ ਚਾਹੀਦਾ ਹੈ; ਖੇਡ ਜਗਤ ਦੇ ਸਿਤਾਰਿਆਂ ਦਾ ਪ੍ਰਭਾਵ ਜਿਨ੍ਹਾਂ ਦੀਆਂ ਪ੍ਰਾਪਤੀਆਂ ਦੀ ਦੂਰ-ਦੂਰ ਤਕ ਪ੍ਰਸ਼ੰਸਾ ਕੀਤੀ ਜਾਂਦੀ ਹੈ; ਅਤੇ ਸਰਕਾਰੀ ਅਧਿਕਾਰੀਆਂ ਦਾ ਪ੍ਰਭਾਵ ਜਿਨ੍ਹਾਂ ਦੇ ਚਾਲ-ਚਲਣ ਨੂੰ ਖ਼ਬਰਾਂ ਵਿਚ ਦਿਖਾਇਆ ਜਾਂਦਾ ਹੈ। ਕਰੋੜਾਂ ਬੱਚੇ ਲੜਾਈ ਦੀ ਬੇਰਹਿਮੀ ਨੂੰ ਵੀ ਦੇਖਦੇ ਹਨ। ਤਾਂ ਫਿਰ, ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਜੇ ਸਾਡੇ ਬੱਚਿਆਂ ਦੀ ਬੋਲੀ ਜਾਂ ਰਵੱਈਏ ਵਿਚ ਇਨ੍ਹਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ? ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਉਨ੍ਹਾਂ ਦੀ ਕੁਰਖਤੀ ਨਾਲ ਝਾੜਝੰਬ ਕਰਨ ਜਾਂ ਉਨ੍ਹਾਂ ਨੂੰ ਸਖ਼ਤੀ ਨਾਲ ਭਾਸ਼ਣ ਦੇ ਕੇ ਝਾੜਨ ਨਾਲ ਸਮੱਸਿਆ ਹੱਲ ਹੋ ਜਾਵੇਗੀ? ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਛੇਤੀ ਗੁੱਸੇ ਹੋਣ ਦੀ ਬਜਾਇ, ਕੀ ਆਪਣੇ ਆਪ ਤੋਂ ਇਹ ਪੁੱਛਣਾ ਚੰਗਾ ਨਹੀਂ, ‘ਕੀ ਯਹੋਵਾਹ ਦੇ ਸਾਡੇ ਨਾਲ ਵਰਤਾਉ ਕਰਨ ਦੇ ਤਰੀਕੇ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ ਕਿ ਸਾਨੂੰ ਇਸ ਹਾਲਾਤ ਨਾਲ ਕਿਵੇਂ ਨਿਭਣਾ ਚਾਹੀਦਾ ਹੈ?’—ਰੋਮੀਆਂ 2:4 ਦੀ ਤੁਲਨਾ ਕਰੋ।
11. ਜਦੋਂ ਮਾਪੇ ਗ਼ਲਤੀਆਂ ਕਰਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਦੇ ਰਵੱਈਏ ਉੱਤੇ ਇਸ ਦਾ ਕੀ ਅਸਰ ਪੈ ਸਕਦਾ ਹੈ?
11 ਨਿਰਸੰਦੇਹ, ਅਪੂਰਣ ਮਾਪੇ ਅਜਿਹੇ ਹਾਲਾਤਾਂ ਦਾ ਹਮੇਸ਼ਾ ਬਿਲਕੁਲ ਸਹੀ ਢੰਗ ਨਾਲ ਸਾਮ੍ਹਣਾ ਨਹੀਂ ਕਰਨਗੇ। ਉਹ ਗ਼ਲਤੀਆਂ ਕਰਨਗੇ। ਜਦੋਂ ਬੱਚੇ ਇਹ ਦੇਖਦੇ ਹਨ, ਤਾਂ ਕੀ ਇਸ ਨਾਲ ਮਾਪਿਆਂ ਲਈ ਉਨ੍ਹਾਂ ਦਾ ਆਦਰ ਘੱਟ ਜਾਵੇਗਾ? ਉਨ੍ਹਾਂ ਦਾ ਆਦਰ ਘੱਟ ਸਕਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਮਾਪੇ ਸਖ਼ਤੀ ਨਾਲ ਆਪਣਾ ਅਧਿਕਾਰ ਜਤਾਉਂਦੇ ਹੋਏ ਆਪਣੀਆਂ ਗ਼ਲਤੀਆਂ ਦੀ ਸਫ਼ਾਈ ਦੇਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਦਾ ਸਿੱਟਾ ਬਿਲਕੁਲ ਵੱਖਰਾ ਨਿਕਲ ਸਕਦਾ ਹੈ ਜੇਕਰ ਮਾਪੇ ਨਿਮਰ ਹੁੰਦੇ ਹਨ ਅਤੇ ਬੇਝਿਜਕ ਆਪਣੀਆਂ ਗ਼ਲਤੀਆਂ ਨੂੰ ਮੰਨ ਲੈਂਦੇ ਹਨ। ਇਸ ਤਰ੍ਹਾਂ ਉਹ ਆਪਣੇ ਬੱਚਿਆਂ ਲਈ ਇਕ ਵਧੀਆ ਮਿਸਾਲ ਕਾਇਮ ਕਰ ਸਕਦੇ ਹਨ, ਜਿਨ੍ਹਾਂ ਨੂੰ ਵੀ ਆਪਣੀਆਂ ਗ਼ਲਤੀਆਂ ਨੂੰ ਮੰਨਣਾ ਸਿੱਖਣਾ ਚਾਹੀਦਾ ਹੈ।—ਯਾਕੂਬ 4:6.
ਸਾਡੀ ਮਿਸਾਲ ਜੋ ਸਿਖਾ ਸਕਦੀ ਹੈ
12, 13. (ੳ) ਬੱਚਿਆਂ ਨੂੰ ਪ੍ਰੇਮ ਬਾਰੇ ਕੀ ਸਿੱਖਣ ਦੀ ਲੋੜ ਹੈ ਅਤੇ ਇਹ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਸਿਖਾਇਆ ਜਾ ਸਕਦਾ ਹੈ? (ਅ) ਬੱਚਿਆਂ ਲਈ ਪ੍ਰੇਮ ਬਾਰੇ ਸਿੱਖਣਾ ਮਹੱਤਵਪੂਰਣ ਕਿਉਂ ਹੈ?
12 ਜਦੋਂ ਜ਼ਬਾਨੀ ਹਿਦਾਇਤਾਂ ਦੇਣ ਦੇ ਨਾਲ-ਨਾਲ ਵਧੀਆ ਮਿਸਾਲ ਵੀ ਕਾਇਮ ਕੀਤੀ ਜਾਂਦੀ ਹੈ, ਤਾਂ ਬਹੁਤ ਸਾਰੇ ਬਹੁਮੁੱਲੇ ਸਬਕ ਪ੍ਰਭਾਵਸ਼ਾਲੀ ਢੰਗ ਨਾਲ ਸਿਖਾਏ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਸਬਕਾਂ ਉੱਤੇ ਵਿਚਾਰ ਕਰੋ।
13 ਨਿਰਸੁਆਰਥ ਪ੍ਰੇਮ ਦਿਖਾਉਣਾ: ਮਿਸਾਲ ਦੁਆਰਾ ਦਿੱਤਾ ਜਾਣ ਵਾਲਾ ਇਕ ਸਭ ਤੋਂ ਮਹੱਤਵਪੂਰਣ ਸਬਕ ਹੈ ਪ੍ਰੇਮ ਦਾ ਅਰਥ ਸਮਝਾਉਣਾ। “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ [ਪਰਮੇਸ਼ੁਰ] ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:19) ਉਹ ਪ੍ਰੇਮ ਦਾ ਸੋਮਾ ਅਤੇ ਉੱਤਮ ਮਿਸਾਲ ਹੈ। ਸਿਧਾਂਤਾਂ ਉੱਤੇ ਆਧਾਰਿਤ ਇਸ ਪ੍ਰੇਮ, ਅਗਾਪੇ, ਦਾ ਜ਼ਿਕਰ ਬਾਈਬਲ ਵਿਚ 100 ਤੋਂ ਜ਼ਿਆਦਾ ਵਾਰ ਕੀਤਾ ਗਿਆ ਹੈ। ਪ੍ਰੇਮ ਉਹ ਗੁਣ ਹੈ ਜੋ ਸੱਚੇ ਮਸੀਹੀਆਂ ਦੀ ਪਛਾਣ ਕਰਾਉਂਦਾ ਹੈ। (ਯੂਹੰਨਾ 13:35) ਸਾਨੂੰ ਅਜਿਹਾ ਪ੍ਰੇਮ ਪਰਮੇਸ਼ੁਰ ਅਤੇ ਯਿਸੂ ਮਸੀਹ ਲਈ ਅਤੇ ਦੂਸਰੇ ਇਨਸਾਨਾਂ ਲਈ ਵੀ ਦਿਖਾਉਣਾ ਚਾਹੀਦਾ ਹੈ—ਇੱਥੋਂ ਤਕ ਕਿ ਉਨ੍ਹਾਂ ਇਨਸਾਨਾਂ ਲਈ ਵੀ ਜਿਨ੍ਹਾਂ ਨੂੰ ਅਸੀਂ ਖ਼ਾਸ ਪਸੰਦ ਨਹੀਂ ਕਰਦੇ ਹਾਂ। (ਮੱਤੀ 5:44, 45; 1 ਯੂਹੰਨਾ 5:3) ਇਸ ਤੋਂ ਪਹਿਲਾਂ ਕਿ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾ ਸਕੀਏ, ਇਹ ਪ੍ਰੇਮ ਸਾਡੇ ਦਿਲਾਂ ਵਿਚ ਹੋਣਾ ਚਾਹੀਦਾ ਹੈ ਅਤੇ ਸਾਡੀਆਂ ਜ਼ਿੰਦਗੀਆਂ ਵਿਚ ਨਜ਼ਰ ਆਉਣਾ ਚਾਹੀਦਾ ਹੈ। ਗੱਲਾਂ ਨਾਲੋਂ ਕੰਮਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ। ਪਰਿਵਾਰ ਦੇ ਅੰਦਰ, ਬੱਚਿਆਂ ਨੂੰ ਪ੍ਰੇਮ ਅਤੇ ਇਸ ਵਰਗੇ ਹੋਰ ਗੁਣ ਜਿਵੇਂ ਕਿ ਸਨੇਹ, ਦੇਖਣ ਅਤੇ ਅਨੁਭਵ ਕਰਨ ਦੀ ਲੋੜ ਹੈ। ਇਨ੍ਹਾਂ ਤੋਂ ਬਿਨਾਂ, ਬੱਚੇ ਦਾ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ ਤੇ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ ਹੈ। ਬੱਚਿਆਂ ਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਸੰਗੀ ਮਸੀਹੀਆਂ ਪ੍ਰਤੀ ਪ੍ਰੇਮ ਅਤੇ ਮੋਹ ਕਿਵੇਂ ਢੁਕਵੇਂ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ।—ਰੋਮੀਆਂ 12:10; 1 ਪਤਰਸ 3:8.
14. (ੳ) ਬੱਚਿਆਂ ਨੂੰ ਚੰਗੀ ਤਰ੍ਹਾਂ ਤਸੱਲੀਬਖ਼ਸ਼ ਕੰਮ ਕਰਨਾ ਕਿਵੇਂ ਸਿਖਾਇਆ ਜਾ ਸਕਦਾ ਹੈ? (ਅ) ਤੁਹਾਡੇ ਪਰਿਵਾਰ ਵਿਚ ਇਹ ਕਿਵੇਂ ਕੀਤਾ ਜਾ ਸਕਦਾ ਹੈ?
14 ਕੰਮ ਕਰਨਾ ਸਿੱਖਣਾ: ਕੰਮ ਜ਼ਿੰਦਗੀ ਦਾ ਇਕ ਬੁਨਿਆਦੀ ਪਹਿਲੂ ਹੈ। ਆਪਣੇ ਆਪ ਨੂੰ ਕਾਬਲ ਮਹਿਸੂਸ ਕਰਨ ਲਈ, ਇਕ ਵਿਅਕਤੀ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਚੰਗੀ ਤਰ੍ਹਾਂ ਕੰਮ ਕਿਵੇਂ ਕਰਨਾ ਹੈ। (ਉਪਦੇਸ਼ਕ ਦੀ ਪੋਥੀ 2:24; 2 ਥੱਸਲੁਨੀਕੀਆਂ 3:10) ਜੇ ਇਕ ਬੱਚੇ ਨੂੰ ਬਿਨਾਂ ਕੁਝ ਸਮਝਾਏ ਕੋਈ ਕੰਮ ਕਰਨ ਲਈ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਕੰਮ ਨਾ ਕਰਨ ਲਈ ਝਿੜਕਿਆ ਜਾਂਦਾ ਹੈ ਤਾਂ ਉਹ ਸ਼ਾਇਦ ਕਦੀ ਵੀ ਚੰਗੀ ਤਰ੍ਹਾਂ ਕੰਮ ਕਰਨਾ ਨਾ ਸਿੱਖ ਸਕੇ। ਪਰ ਜਦੋਂ ਬੱਚੇ ਆਪਣੇ ਮਾਪਿਆਂ ਨਾਲ ਕੰਮ ਕਰ ਕੇ ਸਿੱਖਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਲਈ ਤਸੱਲੀਬਖ਼ਸ਼ ਕੰਮ ਕਰਨਾ ਸਿੱਖਣਾ ਸੰਭਵ ਹੋ ਜਾਂਦਾ ਹੈ। ਜਦੋਂ ਮਾਪਿਆਂ ਦੀ ਮਿਸਾਲ ਦੇ ਨਾਲ-ਨਾਲ ਕਿਸੇ ਕੰਮ ਨੂੰ ਕਰਨ ਬਾਰੇ ਹਿਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ, ਤਾਂ ਬੱਚਾ ਸਿਰਫ਼ ਇਹੀ ਨਹੀਂ ਸਿੱਖੇਗਾ ਕਿ ਕੰਮ ਕਿਸ ਤਰ੍ਹਾਂ ਕਰਨਾ ਹੈ, ਬਲਕਿ ਉਹ ਮੁਸ਼ਕਲਾਂ ਨੂੰ ਹੱਲ ਕਰਨਾ, ਕਿਸੇ ਕੰਮ ਨੂੰ ਅਧੂਰਾ ਨਾ ਛੱਡਣਾ ਅਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਫ਼ੈਸਲਾ ਕਰਨਾ ਵੀ ਸਿੱਖ ਜਾਵੇਗਾ। ਇਕੱਠੇ ਕੰਮ ਕਰਦੇ ਸਮੇਂ, ਉਨ੍ਹਾਂ ਨੂੰ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਦਿੱਤੀ ਜਾ ਸਕਦੀ ਹੈ ਕਿ ਯਹੋਵਾਹ ਵੀ ਕੰਮ ਕਰਦਾ ਹੈ, ਉਹ ਚੰਗੀ ਤਰ੍ਹਾਂ ਕੰਮ ਕਰਦਾ ਹੈ ਅਤੇ ਯਿਸੂ ਆਪਣੇ ਪਿਤਾ ਦੀ ਮਿਸਾਲ ਦੀ ਨਕਲ ਕਰਦਾ ਹੈ। (ਉਤਪਤ 1:31; ਕਹਾਉਤਾਂ 8:27-31; ਯੂਹੰਨਾ 5:17) ਜੇ ਇਕ ਪਰਿਵਾਰ ਖੇਤੀ ਕਰਦਾ ਹੈ ਜਾਂ ਕੋਈ ਕਾਰੋਬਾਰ ਕਰਦਾ ਹੈ, ਤਾਂ ਪਰਿਵਾਰ ਦੇ ਕੁਝ ਮੈਂਬਰ ਇਕੱਠੇ ਕੰਮ ਕਰ ਸਕਦੇ ਹਨ। ਜਾਂ ਮਾਂ ਆਪਣੇ ਪੁੱਤਰ ਜਾਂ ਧੀ ਨੂੰ ਖਾਣਾ ਬਣਾਉਣਾ ਅਤੇ ਖਾਣਾ ਖਾਣ ਤੋਂ ਬਾਅਦ ਸਫ਼ਾਈ ਕਰਨੀ ਸਿਖਾ ਸਕਦੀ ਹੈ। ਜੇ ਪਿਤਾ ਘਰ ਤੋਂ ਦੂਰ ਕੰਮ ਕਰਦਾ ਹੈ, ਤਾਂ ਉਹ ਘਰ ਵਿਚ ਆਪਣੇ ਬੱਚਿਆਂ ਨਾਲ ਕੋਈ ਕੰਮ ਕਰਨ ਦੀ ਯੋਜਨਾ ਬਣਾ ਸਕਦਾ ਹੈ। ਇਸ ਦਾ ਕਿੰਨਾ ਫ਼ਾਇਦਾ ਹੁੰਦਾ ਹੈ ਜਦੋਂ ਮਾਪੇ ਨਾ ਸਿਰਫ਼ ਫ਼ੌਰੀ ਕੰਮ ਖ਼ਤਮ ਕਰਨ ਬਾਰੇ ਸੋਚਦੇ ਹਨ ਬਲਕਿ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਆਪਣੇ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਹਨ!
15. ਨਿਹਚਾ ਦੇ ਸਬਕ ਕਿਵੇਂ ਸਿਖਾਏ ਜਾ ਸਕਦੇ ਹਨ? ਮਿਸਾਲ ਦੇ ਕੇ ਸਮਝਾਓ।
15 ਮੁਸੀਬਤ ਵਿਚ ਵੀ ਨਿਹਚਾ ਕਾਇਮ ਰੱਖਣੀ: ਨਿਹਚਾ ਵੀ ਸਾਡੀਆਂ ਜ਼ਿੰਦਗੀਆਂ ਦਾ ਇਕ ਮਹੱਤਵਪੂਰਣ ਪਹਿਲੂ ਹੈ। ਜਦੋਂ ਪਰਿਵਾਰਕ ਅਧਿਐਨ ਵਿਚ ਨਿਹਚਾ ਉੱਤੇ ਚਰਚਾ ਕੀਤੀ ਜਾਂਦੀ ਹੈ, ਤਾਂ ਬੱਚੇ ਇਸ ਨੂੰ ਪਰਿਭਾਸ਼ਿਤ ਕਰਨਾ ਸਿੱਖਦੇ ਹਨ। ਉਹ ਸ਼ਾਇਦ ਉਨ੍ਹਾਂ ਸਬੂਤਾਂ ਪ੍ਰਤੀ ਵੀ ਸਚੇਤ ਹੋ ਜਾਣ ਜਿਨ੍ਹਾਂ ਕਰਕੇ ਉਨ੍ਹਾਂ ਦੇ ਦਿਲਾਂ ਵਿਚ ਨਿਹਚਾ ਪੈਦਾ ਹੋਣ ਲੱਗਦੀ ਹੈ। ਪਰ ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਔਖੇ ਪਰਤਾਵਿਆਂ ਵਿਚ ਵੀ ਦ੍ਰਿੜ੍ਹ ਨਿਹਚਾ ਰੱਖਦੇ ਹਨ, ਤਾਂ ਇਸ ਦਾ ਉਨ੍ਹਾਂ ਉੱਤੇ ਸਥਾਈ ਪ੍ਰਭਾਵ ਪੈਂਦਾ ਹੈ। ਪਨਾਮਾ ਵਿਚ ਇਕ ਬਾਈਬਲ ਵਿਦਿਆਰਥਣ ਨੂੰ ਉਸ ਦਾ ਪਤੀ ਧਮਕਾਉਂਦਾ ਸੀ ਕਿ ਜੇ ਉਸ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ, ਤਾਂ ਉਹ ਉਸ ਨੂੰ ਘਰੋਂ ਕੱਢ ਦੇਵੇਗਾ। ਪਰ ਉਹ ਨਿਯਮਿਤ ਤੌਰ ਤੇ ਆਪਣੇ ਚਾਰ ਛੋਟੇ ਬੱਚਿਆਂ ਨਾਲ ਸਭ ਤੋਂ ਨੇੜੇ ਦੇ ਰਾਜ-ਗ੍ਰਹਿ ਨੂੰ ਜਾਣ ਲਈ 16 ਕਿਲੋਮੀਟਰ ਪੈਦਲ ਚੱਲਦੀ ਅਤੇ ਫਿਰ ਬੱਸ ਰਾਹੀਂ ਹੋਰ 30 ਕਿਲੋਮੀਟਰ ਸਫ਼ਰ ਕਰਦੀ। ਉਸ ਦੀ ਮਿਸਾਲ ਤੋਂ ਉਤਸ਼ਾਹਿਤ ਹੋ ਕੇ ਉਸ ਦੇ ਪਰਿਵਾਰ ਦੇ ਕੁਝ 20 ਮੈਂਬਰਾਂ ਨੇ ਸੱਚਾਈ ਦੇ ਰਾਹ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ।
ਹਰ ਰੋਜ਼ ਬਾਈਬਲ ਪੜ੍ਹਨ ਵਿਚ ਮਿਸਾਲ ਕਾਇਮ ਕਰੋ
16. ਹਰ ਰੋਜ਼ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
16 ਇਕ ਬਹੁਤ ਹੀ ਲਾਭਦਾਇਕ ਦਸਤੂਰ ਜੋ ਕੋਈ ਵੀ ਪਰਿਵਾਰ ਸਥਾਪਿਤ ਕਰ ਸਕਦਾ ਹੈ ਉਹ ਹੈ ਨਿਯਮਿਤ ਤੌਰ ਤੇ ਬਾਈਬਲ ਪੜ੍ਹਨੀ। ਇਹ ਅਜਿਹਾ ਦਸਤੂਰ ਹੈ ਜੋ ਮਾਪਿਆਂ ਲਈ ਫ਼ਾਇਦੇਮੰਦ ਹੋਵੇਗਾ ਅਤੇ ਬੱਚਿਆਂ ਲਈ ਇਕ ਚੰਗੀ ਮਿਸਾਲ ਹੋਵੇਗਾ। ਜੇ ਸੰਭਵ ਹੋਵੇ, ਤਾਂ ਹਰ ਰੋਜ਼ ਬਾਈਬਲ ਦਾ ਕੁਝ ਹਿੱਸਾ ਪੜ੍ਹੋ। ਤੁਸੀਂ ਕਿੰਨੇ ਸਫ਼ੇ ਪੜ੍ਹਦੇ ਹੋ, ਇਹ ਮਹੱਤਵਪੂਰਣ ਨਹੀਂ ਹੈ। ਪਰ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਕਿੰਨੀ ਬਾਕਾਇਦਗੀ ਨਾਲ ਬਾਈਬਲ ਪੜ੍ਹਦੇ ਹੋ ਅਤੇ ਇਸ ਨੂੰ ਕਿਸ ਤਰੀਕੇ ਨਾਲ ਪੜ੍ਹਦੇ ਹੋ। ਬਾਈਬਲ ਪੜ੍ਹਨ ਦੇ ਨਾਲ-ਨਾਲ, ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਵੀ ਪੜ੍ਹ ਕੇ ਸੁਣਾ ਸਕਦੇ ਹਨ। ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਨਾਲ ਅਸੀਂ ਪਰਮੇਸ਼ੁਰ ਦੇ ਵਿਚਾਰਾਂ ਨੂੰ ਮਨ ਵਿਚ ਰੱਖ ਸਕਾਂਗੇ। ਅਤੇ ਜੇਕਰ ਸਿਰਫ਼ ਨਿੱਜੀ ਤੌਰ ਤੇ ਹੀ ਨਹੀਂ, ਬਲਕਿ ਪੂਰਾ ਪਰਿਵਾਰ ਮਿਲ ਕੇ ਅਜਿਹੇ ਤਰੀਕੇ ਨਾਲ ਬਾਈਬਲ ਪੜ੍ਹਦਾ ਹੈ, ਤਾਂ ਇਸ ਨਾਲ ਪੂਰੇ ਪਰਿਵਾਰ ਨੂੰ ਯਹੋਵਾਹ ਦੇ ਰਾਹਾਂ ਉੱਤੇ ਚੱਲਣ ਵਿਚ ਮਦਦ ਮਿਲੇਗੀ। ਹਾਲ ਹੀ ਵਿਚ ਹੋਏ “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨ ਵਿਚ ਪਰਿਵਾਰੋ—ਹਰ ਰੋਜ਼ ਬਾਈਬਲ ਪੜ੍ਹਨਾ ਆਪਣੇ ਜੀਵਨ ਦੀ ਆਦਤ ਬਣਾਓ! ਨਾਮਕ ਡਰਾਮੇ ਵਿਚ ਸਾਰਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ।—ਜ਼ਬੂਰ 1:1-3.
17. ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਅਤੇ ਮੁੱਖ ਸ਼ਾਸਤਰਵਚਨਾਂ ਨੂੰ ਯਾਦ ਕਰਨ ਨਾਲ ਅਫ਼ਸੀਆਂ 6:4 ਦੀ ਸਲਾਹ ਨੂੰ ਲਾਗੂ ਕਰਨ ਵਿਚ ਕਿਵੇਂ ਸਹਾਇਤਾ ਮਿਲਦੀ ਹੈ?
17 ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨੀ ਪੌਲੁਸ ਦੇ ਉਨ੍ਹਾਂ ਸ਼ਬਦਾਂ ਦੀ ਇਕਸੁਰਤਾ ਵਿਚ ਹੈ ਜੋ ਉਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਆਪਣੀ ਪ੍ਰੇਰਿਤ ਪੱਤਰੀ ਵਿਚ ਲਿਖੇ ਸਨ, ਅਰਥਾਤ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਇਸ ਦਾ ਕੀ ਮਤਲਬ ਹੈ? ‘ਮੱਤ ਦੇਣੀ’ ਦਾ ਸ਼ਾਬਦਿਕ ਅਰਥ ਹੈ “ਵਿਚ ਮਨ ਪਾਉਣਾ”; ਇਸ ਲਈ ਮਸੀਹੀ ਪਿਤਾਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਵਿਚ ਯਹੋਵਾਹ ਪਰਮੇਸ਼ੁਰ ਦਾ ਮਨ ਪਾਉਣ—ਆਪਣੇ ਬੱਚਿਆਂ ਦੀ ਯਹੋਵਾਹ ਦੇ ਵਿਚਾਰਾਂ ਨੂੰ ਜਾਣਨ ਵਿਚ ਮਦਦ ਕਰਨ। ਬੱਚਿਆਂ ਨੂੰ ਮੁੱਖ ਸ਼ਾਸਤਰਵਚਨਾਂ ਨੂੰ ਯਾਦ ਕਰਨ ਲਈ ਉਤਸ਼ਾਹਿਤ ਕਰਨ ਨਾਲ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਦਾ ਮਕਸਦ ਹੈ ਕਿ ਯਹੋਵਾਹ ਦੇ ਵਿਚਾਰ ਬੱਚਿਆਂ ਦੀ ਸੋਚ ਨੂੰ ਮਾਰਗ-ਦਰਸ਼ਿਤ ਕਰਨ ਤਾਂਕਿ ਉਨ੍ਹਾਂ ਦੀਆਂ ਇੱਛਾਵਾਂ ਅਤੇ ਆਚਰਣ ਲਗਾਤਾਰ ਪਰਮੇਸ਼ੁਰੀ ਮਿਆਰਾਂ ਦੇ ਅਨੁਸਾਰ ਹੋਣ, ਚਾਹੇ ਮਾਪੇ ਬੱਚਿਆਂ ਨਾਲ ਹੋਣ ਜਾਂ ਨਾ ਹੋਣ। ਬਾਈਬਲ ਅਜਿਹੀ ਸੋਚ ਦੀ ਬੁਨਿਆਦ ਹੈ।—ਬਿਵਸਥਾ ਸਾਰ 6:6, 7.
18. ਬਾਈਬਲ ਪੜ੍ਹਦੇ ਸਮੇਂ, ਕੀ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਤਾਂਕਿ ਅਸੀਂ (ੳ) ਇਸ ਨੂੰ ਸਹੀ ਤਰੀਕੇ ਨਾਲ ਸਮਝ ਸਕੀਏ, (ਅ) ਇਸ ਵਿਚ ਦਿੱਤੀ ਸਲਾਹ ਤੋਂ ਲਾਭ ਪ੍ਰਾਪਤ ਕਰ ਸਕੀਏ, (ੲ) ਯਹੋਵਾਹ ਦੇ ਮਕਸਦ ਬਾਰੇ ਜੋ ਇਹ ਪ੍ਰਗਟ ਕਰਦੀ ਹੈ ਉਸ ਅਨੁਸਾਰ ਚੱਲ ਸਕੀਏ, (ਸ) ਲੋਕਾਂ ਦੇ ਰਵੱਈਏ ਅਤੇ ਕੰਮਾਂ ਬਾਰੇ ਜੋ ਇਹ ਦੱਸਦੀ ਹੈ ਉਸ ਤੋਂ ਲਾਭ ਪ੍ਰਾਪਤ ਕਰ ਸਕੀਏ?
18 ਨਿਰਸੰਦੇਹ, ਜੇ ਅਸੀਂ ਚਾਹੁੰਦੇ ਹਾਂ ਕਿ ਬਾਈਬਲ ਸਾਡੀਆਂ ਜ਼ਿੰਦਗੀਆਂ ਤੇ ਪ੍ਰਭਾਵ ਪਾਵੇ, ਤਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਕੀ ਕਹਿੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਕਿਸੇ ਹਿੱਸੇ ਨੂੰ ਸਮਝਣ ਲਈ ਉਸ ਨੂੰ ਵਾਰ-ਵਾਰ ਪੜ੍ਹਨਾ ਪਵੇ। ਕੁਝ ਗੱਲਾਂ ਦਾ ਸਹੀ ਅਰਥ ਸਮਝਣ ਲਈ ਸਾਨੂੰ ਸ਼ਾਇਦ ਸ਼ਬਦ-ਕੋਸ਼ ਜਾਂ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਵਿਚ ਸ਼ਬਦਾਂ ਨੂੰ ਦੇਖਣ ਦੀ ਲੋੜ ਪਵੇ। ਜੇ ਸ਼ਾਸਤਰਵਚਨ ਵਿਚ ਸਲਾਹ ਜਾਂ ਹੁਕਮ ਦਿੱਤਾ ਗਿਆ ਹੈ, ਤਾਂ ਅੱਜ ਦੇ ਉਨ੍ਹਾਂ ਹਾਲਾਤਾਂ ਬਾਰੇ, ਜਿਨ੍ਹਾਂ ਲਈ ਇਹ ਢੁਕਵਾਂ ਹੈ, ਗੱਲ ਕਰਨ ਲਈ ਸਮਾਂ ਕੱਢੋ। ਫਿਰ ਤੁਸੀਂ ਪੁੱਛ ਸਕਦੇ ਹੋ, ‘ਇਸ ਸਲਾਹ ਨੂੰ ਲਾਗੂ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?’ (ਯਸਾਯਾਹ 48:17, 18) ਜੇ ਸ਼ਾਸਤਰਵਚਨ ਯਹੋਵਾਹ ਦੇ ਮਕਸਦ ਦੇ ਕਿਸੇ ਪਹਿਲੂ ਬਾਰੇ ਦੱਸਦਾ ਹੈ, ਤਾਂ ਪੁੱਛੋ, ‘ਇਸ ਦਾ ਸਾਡੀਆਂ ਜ਼ਿੰਦਗੀਆਂ ਉੱਤੇ ਕਿਵੇਂ ਪ੍ਰਭਾਵ ਪੈਂਦਾ ਹੈ?’ ਸ਼ਾਇਦ ਤੁਸੀਂ ਕੋਈ ਬਿਰਤਾਂਤ ਪੜ੍ਹ ਰਹੇ ਹੋ ਜੋ ਲੋਕਾਂ ਦੇ ਰਵੱਈਏ ਅਤੇ ਕੰਮਾਂ ਬਾਰੇ ਦੱਸਦਾ ਹੈ। ਉਹ ਆਪਣੀ ਜ਼ਿੰਦਗੀ ਵਿਚ ਕਿਹੜੇ ਦਬਾਵਾਂ ਨੂੰ ਅਨੁਭਵ ਕਰ ਰਹੇ ਸਨ? ਉਨ੍ਹਾਂ ਨੇ ਇਨ੍ਹਾਂ ਦਾ ਕਿਵੇਂ ਸਾਮ੍ਹਣਾ ਕੀਤਾ? ਅਸੀਂ ਉਨ੍ਹਾਂ ਦੀ ਮਿਸਾਲ ਤੋਂ ਕੀ ਲਾਭ ਪ੍ਰਾਪਤ ਕਰ ਸਕਦੇ ਹਾਂ? ਹਮੇਸ਼ਾ ਇਸ ਬਾਰੇ ਚਰਚਾ ਕਰਨ ਲਈ ਸਮਾਂ ਕੱਢੋ ਕਿ ਅੱਜ ਸਾਡੀਆਂ ਜ਼ਿੰਦਗੀਆਂ ਵਿਚ ਇਸ ਬਿਰਤਾਂਤ ਦੀ ਕੀ ਮਹੱਤਤਾ ਹੈ।—ਰੋਮੀਆਂ 15:4; 1 ਕੁਰਿੰਥੀਆਂ 10:11.
19. ਪਰਮੇਸ਼ੁਰ ਦੀ ਰੀਸ ਕਰਨ ਵਾਲੇ ਹੋ ਕੇ, ਅਸੀਂ ਆਪਣੇ ਬੱਚਿਆਂ ਲਈ ਕੀ ਕਾਇਮ ਕਰਾਂਗੇ?
19 ਪਰਮੇਸ਼ੁਰ ਦੇ ਵਿਚਾਰਾਂ ਨੂੰ ਆਪਣੇ ਦਿਲਾਂ-ਦਿਮਾਗਾਂ ਵਿਚ ਬਿਠਾਉਣ ਦਾ ਕਿੰਨਾ ਵਧੀਆ ਤਰੀਕਾ! ਇਸ ਤਰ੍ਹਾਂ ਸਾਨੂੰ ‘ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰਨ’ ਵਿਚ ਸੱਚ-ਮੁੱਚ ਮਦਦ ਮਿਲੇਗੀ। (ਅਫ਼ਸੀਆਂ 5:1) ਅਤੇ ਅਸੀਂ ਇਕ ਅਜਿਹੀ ਯੋਗ ਮਿਸਾਲ ਕਾਇਮ ਕਰਾਂਗੇ ਜਿਸ ਉੱਤੇ ਸਾਡੇ ਬੱਚੇ ਚੱਲ ਸਕਣਗੇ।
ਕੀ ਤੁਹਾਨੂੰ ਯਾਦ ਹੈ?
◻ ਮਾਪੇ ਯਹੋਵਾਹ ਦੀ ਮਿਸਾਲ ਤੋਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਨ?
◻ ਜ਼ਬਾਨੀ ਹਿਦਾਇਤਾਂ ਦੇ ਨਾਲ-ਨਾਲ ਮਾਪਿਆਂ ਨੂੰ ਬੱਚਿਆਂ ਲਈ ਚੰਗੀ ਮਿਸਾਲ ਕਿਉਂ ਕਾਇਮ ਕਰਨੀ ਚਾਹੀਦੀ ਹੈ?
◻ ਮਾਪਿਆਂ ਦੀ ਮਿਸਾਲ ਨਾਲ ਕਿਹੜੇ ਕੁਝ ਸਬਕ ਵਧੀਆ ਤਰੀਕੇ ਨਾਲ ਸਿਖਾਏ ਜਾ ਸਕਦੇ ਹਨ?
◻ ਅਸੀਂ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਤੋਂ ਪੂਰਾ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹਾਂ?
[ਸਫ਼ੇ 10 ਉੱਤੇ ਤਸਵੀਰਾਂ]
ਬਹੁਤ ਸਾਰੇ ਵਿਅਕਤੀ ਪਰਿਵਾਰ ਦੇ ਤੌਰ ਤੇ ਹਰ ਰੋਜ਼ ਬਾਈਬਲ ਪੜ੍ਹਨ ਦਾ ਆਨੰਦ ਮਾਣਦੇ ਹਨ