ਘੋਰ ਗ਼ਰੀਬੀ ਵਿਚ ਮੈਂ ਸਭ ਤੋਂ ਵੱਡੀ ਦੌਲਤ ਪ੍ਰਾਪਤ ਕੀਤੀ
ਮੈਨਵਲ ਡੇ ਜ਼ਜ਼ੂਸ਼ ਆਲਮੇਡਾ ਦੀ ਜ਼ਬਾਨੀ
ਮੈਂ ਅਕਤੂਬਰ 1916 ਵਿਚ ਪੈਦਾ ਹੋਇਆ ਸੀ, ਤੇ 17 ਭੈਣ-ਭਰਾਵਾਂ ਵਿੱਚੋਂ ਮੈਂ ਸਭ ਤੋਂ ਛੋਟਾ ਸੀ। ਮੇਰੇ ਵੱਡੇ ਭੈਣ-ਭਰਾਵਾਂ ਵਿੱਚੋਂ ਨੌਂ ਜਣੇ ਬੀਮਾਰੀ ਤੇ ਕੁਪੋਸ਼ਣ ਕਾਰਨ ਮਰ ਗਏ ਸਨ, ਇਸ ਲਈ ਮੈਂ ਉਨ੍ਹਾਂ ਨੂੰ ਕਦੀ ਦੇਖਿਆ ਵੀ ਨਹੀਂ ਸੀ। ਅਸੀਂ ਬਾਕੀ ਅੱਠ ਜਣੇ ਆਪਣੇ ਮਾਤਾ-ਪਿਤਾ ਨਾਲ ਪੁਰਤਗਾਲ ਵਿਚ ਪੋਰਟੂ ਦੇ ਨੇੜੇ ਇਕ ਛੋਟੇ ਜਿਹੇ ਪਿੰਡ ਵਿਚ ਰਹਿੰਦੇ ਸੀ।
ਸਾਡੇ ਛੋਟੇ ਜਿਹੇ ਘਰ ਵਿਚ ਇਕ ਛੋਟੀ ਜਿਹੀ ਬੈਠਕ ਅਤੇ ਸੌਣ ਲਈ ਇਕ ਕਮਰਾ ਸੀ। ਅਸੀਂ ਅੱਧਾ ਕੁ ਕਿਲੋਮੀਟਰ ਦੂਰ ਇਕ ਖੂਹ ਤੋਂ ਪੀਣ ਲਈ ਪਾਣੀ ਭਰ ਕੇ ਲਿਆਉਂਦੇ ਸੀ ਅਤੇ ਖਾਣਾ ਬਣਾਉਣ ਦੀਆਂ ਜ਼ਿਆਦਾ ਸਹੂਲਤਾਂ ਨਹੀਂ ਸਨ।
ਜਦੋਂ ਮੇਰੇ ਵੱਡੇ ਭਰਾ ਕੰਮ ਕਰਨ ਜੋਗੇ ਹੋ ਗਏ, ਤਾਂ ਉਨ੍ਹਾਂ ਨੇ ਮੱਕੀ ਦੇ ਖੇਤਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਕਮਾਈ ਨਾਲ ਹੀ ਪਰਿਵਾਰ ਦਾ ਥੋੜ੍ਹਾ-ਬਹੁਤ ਰੋਟੀ-ਪਾਣੀ ਚੱਲਦਾ ਸੀ। ਉਨ੍ਹਾਂ ਦੀ ਮਦਦ ਨਾਲ ਪਰਿਵਾਰ ਵਿੱਚੋਂ ਸਿਰਫ਼ ਮੈਂ ਹੀ ਥੋੜ੍ਹਾ ਪੜ੍ਹ-ਲਿਖ ਸਕਿਆ। ਭਾਵੇਂ ਜ਼ਿੰਦਗੀ ਬਹੁਤ ਮੁਸ਼ਕਲ ਸੀ, ਪਰ ਅਸੀਂ ਕੈਥੋਲਿਕ ਚਰਚ ਪ੍ਰਤੀ ਬਹੁਤ ਵਫ਼ਾਦਾਰ ਸੀ, ਤੇ ਆਸ਼ਾ ਕਰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜ਼ਰੂਰ ਸਾਡੀ ਮਦਦ ਕਰੇਗਾ।
ਮਈ ਮਹੀਨੇ ਦੌਰਾਨ ਚਰਚ ਵਿਚ ਨੋਵੀਨਾ (ਨੌਰੋਜ਼ਾ ਪ੍ਰਾਰਥਨਾ) ਕੀਤੀ ਜਾਂਦੀ ਸੀ। ਅਸੀਂ ਲਗਾਤਾਰ ਨੌਂ ਦਿਨਾਂ ਤਕ ਮੂੰਹ-ਹਨੇਰੇ ਤੁਰ ਕੇ ਚਰਚ ਨੂੰ ਜਾਂਦੇ ਸੀ। ਉੱਥੇ ਅਸੀਂ ਇਸ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਸੀ ਕਿ ਪਰਮੇਸ਼ੁਰ ਸਾਨੂੰ ਅਸੀਸ ਦੇਵੇਗਾ। ਅਸੀਂ ਪਾਦਰੀ ਨੂੰ ਪਵਿੱਤਰ ਪੁਰਸ਼ ਅਤੇ ਪਰਮੇਸ਼ੁਰ ਦਾ ਪ੍ਰਤਿਨਿਧ ਮੰਨਦੇ ਸੀ। ਪਰ ਸਮੇਂ ਦੇ ਬੀਤਣ ਨਾਲ ਸਾਡਾ ਨਜ਼ਰੀਆ ਬਦਲ ਗਿਆ।
ਬਿਹਤਰ ਜੀਵਨ ਦੀ ਭਾਲ ਵਿਚ
ਜਦੋਂ ਅਸੀਂ ਚਰਚ ਨੂੰ ਟੈਕਸ ਨਾ ਦੇ ਸਕੇ, ਤਾਂ ਪਾਦਰੀ ਨੇ ਸਾਡੀ ਘੋਰ ਗ਼ਰੀਬੀ ਦਾ ਕੋਈ ਲਿਹਾਜ਼ ਨਾ ਕੀਤਾ। ਇਸ ਨਾਲ ਸਾਨੂੰ ਬਹੁਤ ਨਿਰਾਸ਼ਾ ਹੋਈ। ਚਰਚ ਪ੍ਰਤੀ ਮੇਰਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ, ਇਸ ਲਈ ਜਦੋਂ ਮੈਂ 18 ਸਾਲ ਦਾ ਸੀ, ਤਾਂ ਮੈਂ ਖੇਤਾਂ ਵਿਚ ਕੰਮ ਕਰਨ ਅਤੇ ਚਰਚ ਨਾਲ ਲੜਨ ਦੀ ਬਜਾਇ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਬਿਹਤਰ ਜੀਵਨ ਦੀ ਭਾਲ ਕਰਨ ਦਾ ਫ਼ੈਸਲਾ ਕੀਤਾ। ਸਾਲ 1936 ਵਿਚ ਮੈਂ ਪੁਰਤਗਾਲ ਦੀ ਰਾਜਧਾਨੀ, ਲਿਸਬਨ ਪਹੁੰਚ ਗਿਆ।
ਉੱਥੇ ਮੇਰੀ ਮੁਲਾਕਾਤ ਐਡਮੀਨੀਆ ਨਾਲ ਹੋਈ। ਭਾਵੇਂ ਮੈਂ ਆਪਣੇ ਆਪ ਨੂੰ ਧਰਮ ਦੁਆਰਾ ਠਗਿਆ ਹੋਇਆ ਮਹਿਸੂਸ ਕਰਦਾ ਸੀ, ਪਰ ਅਸੀਂ ਰਿਵਾਜ ਤੇ ਚੱਲਦੇ ਹੋਏ ਕੈਥੋਲਿਕ ਚਰਚ ਵਿਚ ਵਿਆਹ ਕਰਾ ਲਿਆ। ਫਿਰ 1939 ਵਿਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ। ਯੁੱਧ ਦੇ ਦੌਰਾਨ ਮੈਂ 18 ਗੋਦਾਮਾਂ ਦਾ ਇੰਚਾਰਜ ਸੀ ਅਤੇ ਅਸੀਂ ਹਰ ਰੋਜ਼ ਲਗਭਗ 125 ਟਰੱਕ ਲੜਾਈ ਦੇ ਸਮਾਨ ਨਾਲ ਭਰ ਕੇ ਭੇਜਦੇ ਹੁੰਦੇ ਸੀ।
ਲੜਾਈ ਦੀ ਦਹਿਸ਼ਤ ਤੇ ਲੜਾਈ ਵਿਚ ਕੈਥੋਲਿਕ ਚਰਚ ਦੀ ਭਾਗੀਦਾਰੀ ਨੇ ਮੈਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਮੈਂ ਸੋਚਦਾ ਸੀ, ‘ਕੀ ਪਰਮੇਸ਼ੁਰ ਸੱਚ-ਮੁੱਚ ਮਨੁੱਖਜਾਤੀ ਦੀ ਪਰਵਾਹ ਕਰਦਾ ਹੈ? ਸਾਨੂੰ ਉਸ ਦੀ ਉਪਾਸਨਾ ਕਿਵੇਂ ਕਰਨੀ ਚਾਹੀਦੀ ਹੈ?’ ਸਾਲਾਂ ਬਾਅਦ 1954 ਵਿਚ ਇਕ ਬਜ਼ੁਰਗ ਸੱਜਣ, ਜੋ ਕਿ ਇਕ ਯਹੋਵਾਹ ਦਾ ਗਵਾਹ ਸੀ, ਨੇ ਮੇਰੇ ਸਵਾਲਾਂ ਦਾ ਜਵਾਬ ਦਿੱਤਾ। ਇਸ ਗੱਲ-ਬਾਤ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ।
ਬਾਈਬਲ ਤੋਂ ਮਿਲੀ ਉਮੀਦ ਤੋਂ ਮੈਂ ਬਹੁਤ ਖ਼ੁਸ਼ ਹੋਇਆ
ਇਸ ਭਲੇ ਇਨਸਾਨ, ਜੋਸ਼ੂਆ ਨੇ ਮੈਨੂੰ ਸਮਝਾਇਆ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਸੰਸਾਰ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਅਤੇ ਉਸ ਰਾਜ ਦੇ ਸ਼ਾਸਨ ਵਿਚ ਹੀ ਸ਼ਾਂਤੀ ਤੇ ਸੁਰੱਖਿਆ ਮਿਲ ਸਕਦੀ ਹੈ। (ਮੱਤੀ 6:9, 10; 24:14) ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ, ਪਰ ਮੈਂ ਧਰਮ ਸੰਬੰਧੀ ਆਪਣੇ ਪਿਛਲੇ ਤਜਰਬੇ ਕਰਕੇ ਉਸ ਦੀਆਂ ਗੱਲਾਂ ਨੂੰ ਸਵੀਕਾਰ ਕਰਨ ਤੋਂ ਝਿਜਕ ਰਿਹਾ ਸੀ। ਜਦੋਂ ਉਸ ਨੇ ਮੈਨੂੰ ਬਾਈਬਲ ਦਾ ਅਧਿਐਨ ਕਰਾਉਣ ਦੀ ਪੇਸ਼ਕਸ਼ ਕੀਤੀ, ਤਾਂ ਮੈਂ ਇਸ ਸ਼ਰਤ ਤੇ ਅਧਿਐਨ ਕਰਨਾ ਸਵੀਕਾਰ ਕਰ ਲਿਆ ਕਿ ਉਹ ਨਾ ਤਾਂ ਮੇਰੇ ਕੋਲੋਂ ਪੈਸੇ ਮੰਗੇ ਤੇ ਨਾ ਹੀ ਮੇਰੇ ਨਾਲ ਰਾਜਨੀਤੀ ਬਾਰੇ ਗੱਲਾਂ ਕਰੇ। ਉਹ ਮੰਨ ਗਿਆ ਤੇ ਮੈਨੂੰ ਯਕੀਨ ਦਿਲਾਇਆ ਕਿ ਉਹ ਮੁਫ਼ਤ ਵਿਚ ਮੇਰੇ ਨਾਲ ਅਧਿਐਨ ਕਰੇਗਾ।—ਪਰਕਾਸ਼ ਦੀ ਪੋਥੀ 22:17.
ਮੈਨੂੰ ਜਲਦੀ ਜੋਸ਼ੂਆ ਉੱਤੇ ਭਰੋਸਾ ਹੋ ਗਿਆ। ਇਸ ਲਈ ਮੈਂ ਉਸ ਕੋਲੋਂ ਅਜਿਹੀ ਚੀਜ਼ ਮੰਗੀ ਜਿਸ ਦੀ ਮੈਨੂੰ ਆਪਣੀ ਜਵਾਨੀ ਤੋਂ ਹੀ ਬਹੁਤ ਤਮੰਨਾ ਸੀ। “ਕੀ ਮੈਨੂੰ ਇਕ ਬਾਈਬਲ ਮਿਲ ਸਕਦੀ ਹੈ?” ਜਦੋਂ ਮੈਨੂੰ ਬਾਈਬਲ ਮਿਲ ਗਈ, ਤਾਂ ਮੈਂ ਪਹਿਲੀ ਵਾਰ ਸ੍ਰਿਸ਼ਟੀਕਰਤਾ ਦੇ ਬਚਨ ਵਿੱਚੋਂ ਅਜਿਹੇ ਵਾਅਦੇ ਪੜ੍ਹ ਕੇ ਬਹੁਤ ਖ਼ੁਸ਼ ਹੋਇਆ, ਜਿਵੇਂ ਕਿ: “ਪਰਮੇਸ਼ੁਰ ਆਪ [ਮਨੁੱਖਾਂ] ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ”!—ਪਰਕਾਸ਼ ਦੀ ਪੋਥੀ 21:3, 4.
ਖ਼ਾਸ ਕਰਕੇ ਗ਼ਰੀਬੀ ਤੇ ਬੀਮਾਰੀ ਨੂੰ ਖ਼ਤਮ ਕਰਨ ਦੇ ਬਾਈਬਲ ਦੇ ਵਾਅਦਿਆਂ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ। ਵਫ਼ਾਦਾਰ ਇਨਸਾਨ ਅਲੀਹੂ ਨੇ ਪਰਮੇਸ਼ੁਰ ਬਾਰੇ ਕਿਹਾ ਸੀ: “ਉਹ ਵਾਫ਼ਰੀ ਨਾਲ ਭੋਜਨ ਦਿੰਦਾ ਹੈ।” (ਅੱਯੂਬ 36:31) ਅਤੇ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦੇ ਰਾਜ ਦੇ ਧਰਮੀ ਸ਼ਾਸਨ ਦੇ ਅਧੀਨ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਯਹੋਵਾਹ ਪਰਮੇਸ਼ੁਰ ਮਨੁੱਖਜਾਤੀ ਵਿਚ ਕਿੰਨੀ ਪ੍ਰੇਮਪੂਰਣ ਦਿਲਚਸਪੀ ਰੱਖਦਾ ਹੈ! ਉਸ ਦੇ ਵਾਅਦਿਆਂ ਵਿਚ ਮੇਰੀ ਦਿਲਚਸਪੀ ਕਿੰਨੀ ਹੀ ਵੱਧ ਗਈ!
ਮੈਂ 17 ਅਪ੍ਰੈਲ, 1954 ਵਿਚ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਗਿਆ। ਇਹ ਇਕ ਖ਼ਾਸ ਸਭਾ ਸੀ—ਮਸੀਹ ਦੀ ਮੌਤ ਦਾ ਸਮਾਰਕ ਸਮਾਰੋਹ। ਉਸ ਦਿਨ ਤੋਂ ਮੈਂ ਨਿਯਮਿਤ ਤੌਰ ਤੇ ਸਭਾਵਾਂ ਵਿਚ ਜਾਣ ਲੱਗ ਪਿਆ। ਜਲਦੀ ਹੀ ਮੈਂ ਸਿੱਖੀਆਂ ਹੋਈਆਂ ਚੰਗੀਆਂ ਗੱਲਾਂ ਦੂਸਰਿਆਂ ਨਾਲ ਸਾਂਝੀਆਂ ਕਰਨ ਲੱਗ ਪਿਆ। ਉਨ੍ਹਾਂ ਦਿਨਾਂ ਵਿਚ ਪੁਰਤਗਾਲ ਵਿਚ ਅਸੀਂ ਹਰ ਮਹੀਨੇ ਸਮੁੰਦਰ ਕੰਢੇ ਪਿਕਨਿਕ ਮਨਾਉਣ ਜਾਂਦੇ ਹੁੰਦੇ ਸੀ ਅਤੇ ਬਾਅਦ ਵਿਚ ਉੱਥੇ ਬਪਤਿਸਮਾ ਦਿੱਤਾ ਜਾਂਦਾ ਸੀ। ਜੋਸ਼ੂਆ ਨਾਲ ਹੋਈ ਮੇਰੀ ਪਹਿਲੀ ਗੱਲ-ਬਾਤ ਤੋਂ ਸੱਤ ਮਹੀਨੇ ਬਾਅਦ, ਮੈਂ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ ਅਤੇ ਇਸ ਦੇ ਪ੍ਰਤੀਕ ਵਜੋਂ ਮੈਂ ਸਮੁੰਦਰ ਵਿਚ ਪਾਣੀ ਦਾ ਬਪਤਿਸਮਾ ਲੈ ਲਿਆ।
ਸਾਲ 1954 ਦੇ ਮੁਢਲੇ ਭਾਗ ਵਿਚ ਸਾਰੇ ਪੁਰਤਗਾਲ ਵਿਚ ਸਿਰਫ਼ ਸੌ ਦੇ ਕਰੀਬ ਗਵਾਹ ਸਨ। ਇਸ ਲਈ ਪ੍ਰਚਾਰ ਦੇ ਕੰਮ ਵਿਚ ਅਗਵਾਈ ਲੈਣ ਲਈ ਭਰਾਵਾਂ ਦੀ ਬਹੁਤ ਜ਼ਰੂਰਤ ਸੀ। ਮੈਂ ਅਧਿਆਤਮਿਕ ਤੌਰ ਤੇ ਤੇਜ਼ੀ ਨਾਲ ਤਰੱਕੀ ਕੀਤੀ ਅਤੇ ਜਲਦੀ ਹੀ ਮੈਨੂੰ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਸਾਲ 1956 ਵਿਚ ਲਿਸਬਨ ਵਿਚ ਯਹੋਵਾਹ ਦੇ ਗਵਾਹਾਂ ਦੀ ਦੂਸਰੀ ਕਲੀਸਿਯਾ ਵਿਚ ਮੈਨੂੰ ਕੌਂਗ੍ਰੀਗੇਸ਼ਨ ਸਰਵੈਂਟ (ਜਿਸ ਨੂੰ ਹੁਣ ਪ੍ਰਧਾਨ ਨਿਗਾਹਬਾਨ ਕਿਹਾ ਜਾਂਦਾ ਹੈ) ਵਜੋਂ ਨਿਯੁਕਤ ਕੀਤਾ ਗਿਆ। ਅੱਜ ਇਸ ਸ਼ਹਿਰ ਵਿਚ ਤੇ ਇਸ ਦੇ ਉਪਨਗਰਾਂ ਵਿਚ ਸੌ ਨਾਲੋਂ ਵੀ ਜ਼ਿਆਦਾ ਕਲੀਸਿਯਾਵਾਂ ਹਨ।
ਪਰਾਹੁਣਚਾਰੀ ਦਿਖਾਉਣ ਤੋਂ ਲਾਭ ਮਿਲਿਆ
ਭਾਵੇਂ ਮੇਰਾ ਤੇ ਐਡਮੀਨੀਆ ਦਾ ਪੈਸੇ ਪੱਖੋਂ ਹੱਥ ਤੰਗ ਸੀ, ਪਰ ਸਾਡੇ ਘਰ ਦੇ ਦਰਵਾਜ਼ੇ ਆਪਣੇ ਮਸੀਹੀ ਭਰਾਵਾਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਸਨ। ਸਾਲ 1955 ਵਿਚ ਇਕ ਪਾਇਨੀਅਰ, ਯਾਨੀ ਕਿ ਯਹੋਵਾਹ ਦੇ ਗਵਾਹਾਂ ਦਾ ਪੂਰਣ-ਕਾਲੀ ਪ੍ਰਚਾਰਕ, ਆਪਣੇ ਦੇਸ਼ ਬ੍ਰਾਜ਼ੀਲ ਤੋਂ ਜਰਮਨੀ ਵਿਚ “ਜੇਤੂ ਰਾਜ” ਨਾਮਕ ਅੰਤਰ-ਰਾਸ਼ਟਰੀ ਸੰਮੇਲਨ ਨੂੰ ਜਾਂਦੇ ਸਮੇਂ ਪੁਰਤਗਾਲ ਵਿਚ ਰੁਕਿਆ। ਆਵਾਜਾਈ ਦੀ ਸਮੱਸਿਆ ਹੋਣ ਕਰਕੇ ਉਹ ਇਕ ਮਹੀਨੇ ਤਕ ਸਾਡੇ ਘਰ ਰਿਹਾ ਅਤੇ ਸਾਨੂੰ ਉਸ ਤੋਂ ਅਧਿਆਤਮਿਕ ਤੌਰ ਕੇ ਕਿੰਨਾ ਹੀ ਲਾਭ ਮਿਲਿਆ!
ਉਸ ਸਮੇਂ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਦੇ ਮੈਂਬਰ ਵੀ ਸਾਡੇ ਘਰ ਆਉਂਦੇ ਹੁੰਦੇ ਸਨ, ਜਿਵੇਂ ਕਿ ਹੂਗੋ ਰੀਮਰ ਅਤੇ ਉਸ ਦਾ ਰੂਮ-ਮੇਟ ਚਾਰਲਜ਼ ਆਈਖ਼ਰ। ਉਨ੍ਹਾਂ ਨੇ ਸਾਡੇ ਨਾਲ ਰਾਤ ਦਾ ਖਾਣਾ ਖਾਧਾ ਸੀ ਅਤੇ ਪੁਰਤਗਾਲੀ ਭਰਾਵਾਂ ਨੂੰ ਭਾਸ਼ਣ ਦਿੱਤੇ ਸਨ। ਜਿਵੇਂ ਆਂਡਿਆਂ ਵਿੱਚੋਂ ਹੁਣੇ-ਹੁਣੇ ਨਿਕਲੇ ਚੂਚੇ ਭੋਜਨ ਲਈ ਆਪਣੀਆਂ ਚੁੰਝਾਂ ਖੋਲ੍ਹ ਕੇ ਰੱਖਦੇ ਹਨ, ਉਵੇਂ ਹੀ ਅਸੀਂ ਅਜਿਹੇ ਭਰਾਵਾਂ ਤੋਂ ਮਿਲਣ ਵਾਲੇ ਅਧਿਆਤਮਿਕ ਤੌਰ ਤੇ ਸੁਆਦਲੇ ਖਾਣੇ ਦੀ ਉਡੀਕ ਕਰਦੇ ਰਹਿੰਦੇ ਸੀ।
ਯਹੋਵਾਹ ਦੇ ਗਵਾਹਾਂ ਦੇ ਸਫ਼ਰੀ ਨਿਗਾਹਬਾਨ ਵੀ ਆਪਣੀਆਂ ਮੁਲਾਕਾਤਾਂ ਦੌਰਾਨ ਸਾਡੇ ਘਰ ਠਹਿਰਿਆ ਕਰਦੇ ਸਨ। ਇਕ ਬਹੁਤ ਹੀ ਖ਼ਾਸ ਮਹਿਮਾਨ ਸਨ, ਮੋਰਾਕੋ ਦੇ ਸ਼ਾਖਾ ਨਿਗਾਹਬਾਨ ਆਲਵਰੂ ਬੇਰੈਕੋਚੇਆ, ਜਿਨ੍ਹਾਂ ਨੂੰ ਭਰਾਵਾਂ ਨੂੰ ਉਤਸ਼ਾਹਿਤ ਕਰਨ ਲਈ 1957 ਵਿਚ ਪੁਰਤਗਾਲ ਭੇਜਿਆ ਗਿਆ ਸੀ। ਉਹ ਸਾਡੇ ਘਰ ਪੁਸਤਕ ਅਧਿਐਨ ਵਿਚ ਹਾਜ਼ਰ ਹੋਏ, ਅਤੇ ਅਸੀਂ ਜ਼ੋਰ ਪਾਇਆ ਕਿ ਉਹ ਜਿੰਨੇ ਦਿਨ ਪੁਰਤਗਾਲ ਵਿਚ ਹਨ ਸਾਡੇ ਘਰ ਰਹਿਣ। ਇਕ ਮਹੀਨਾ ਉਹ ਸਾਡੇ ਘਰ ਰਹੇ ਤੇ ਸਾਨੂੰ ਉਨ੍ਹਾਂ ਦੀ ਮੁਲਾਕਾਤ ਨਾਲ ਬਹੁਤ ਅਸੀਸਾਂ ਮਿਲੀਆਂ ਅਤੇ ਅਧਿਆਤਮਿਕ ਤੌਰ ਤੇ ਸਾਡੀ ਚੰਗੀ ਸਿਹਤ ਬਣ ਗਈ, ਜਦ ਕਿ ਮੇਰੀ ਪਿਆਰੀ ਐਡਮੀਨੀਆ ਦੇ ਹੱਥ ਦਾ ਬਣਿਆ ਸੁਆਦੀ ਖਾਣਾ ਖਾ ਕੇ ਭਰਾ ਆਲਵਰੂ ਦਾ ਭਾਰ ਵੱਧ ਗਿਆ।
ਘੋਰ ਗ਼ਰੀਬੀ, ਜਿਵੇਂ ਮੈਂ ਆਪਣੇ ਬਚਪਨ ਵਿਚ ਦੇਖੀ ਸੀ, ਦਾ ਇਕ ਵਿਅਕਤੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਪਰ ਮੈਂ ਇਸ ਗੱਲ ਦੀ ਕਦਰ ਕੀਤੀ ਹੈ ਕਿ ਅਸੀਂ ਜਿੰਨਾ ਜ਼ਿਆਦਾ ਯਹੋਵਾਹ ਅਤੇ ਉਸ ਦੇ ਵਫ਼ਾਦਾਰ ਸੇਵਕਾਂ ਨੂੰ ਦਿੰਦੇ ਹਾਂ, ਪਰਮੇਸ਼ੁਰ ਸਾਨੂੰ ਉੱਨੀਆਂ ਹੀ ਬਰਕਤਾਂ ਦਿੰਦਾ ਹੈ। ਵਾਰ-ਵਾਰ ਇਹ ਗੱਲ ਸਾਡੇ ਲਈ ਸੱਚ ਸਾਬਤ ਹੋਈ, ਜਿੱਦਾਂ-ਜਿੱਦਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਭਰਾਵਾਂ ਦੀ ਪਰਾਹੁਣਚਾਰੀ ਕੀਤੀ।
ਸਾਲ 1955 ਵਿਚ ਪੋਰਟੂ ਵਿਖੇ ਹੋਏ ਸਾਡੇ ਇਕ ਮਹਾਂ-ਸੰਮੇਲਨ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਅੰਤਰ-ਰਾਸ਼ਟਰੀ ਮਹਾਂ-ਸੰਮੇਲਨ ਬਾਰੇ ਘੋਸ਼ਣਾ ਕੀਤੀ ਗਈ ਜੋ 1958 ਵਿਚ ਨਿਊਯਾਰਕ ਸਿਟੀ ਵਿਖੇ ਯੈਂਕੀ ਸਟੇਡੀਅਮ ਵਿਚ ਹੋਣਾ ਸੀ। ਇਸ ਮਹਾਂ-ਸੰਮੇਲਨ ਵਿਚ ਪੁਰਤਗਾਲੀ ਭੈਣ-ਭਰਾਵਾਂ ਨੂੰ ਭੇਜਣ ਲਈ ਪੈਸੇ ਇਕੱਠੇ ਕਰਨ ਲਈ ਦੇਸ਼ ਭਰ ਦੇ ਸਾਰੇ ਰਾਜ-ਗ੍ਰਹਿਆਂ ਵਿਚ—ਜੋ ਉਸ ਸਮੇਂ ਬਹੁਤ ਥੋੜ੍ਹੇ ਸਨ—ਇਕ-ਇਕ ਚੰਦੇ ਦਾ ਡੱਬਾ ਰੱਖਿਆ ਗਿਆ। ਕੀ ਤੁਸੀਂ ਸਾਡੀ ਖ਼ੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ ਜਦੋਂ ਮੈਨੂੰ ਤੇ ਮੇਰੀ ਪਤਨੀ ਨੂੰ ਵੀ ਉਸ ਮਹਾਂ-ਸੰਮੇਲਨ ਵਿਚ ਭੇਜਣ ਲਈ ਚੁਣਿਆ ਗਿਆ? ਜਦੋਂ ਅਸੀਂ ਉਸ ਮਹਾਂ-ਸੰਮੇਲਨ ਲਈ ਸੰਯੁਕਤ ਰਾਜ ਅਮਰੀਕਾ ਗਏ, ਤਾਂ ਉਦੋਂ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਦਾ ਦੌਰਾ ਕਰ ਕੇ ਸਾਨੂੰ ਬਹੁਤ ਹੀ ਖ਼ੁਸ਼ੀ ਹੋਈ!
ਸਤਾਹਟਾਂ ਨੂੰ ਸਹਾਰਨਾ
ਸਾਲ 1962 ਵਿਚ ਪੁਰਤਗਾਲ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਐਰਿਕ ਬ੍ਰਿਟਨ, ਡਾਮਨਿਕ ਪੀਕੋਨੀ, ਐਰਿਕ ਬੈਵਰਿਜ ਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਦੂਸਰੇ ਮਿਸ਼ਨਰੀਆਂ ਸਮੇਤ ਦੇਸ਼ ਵਿੱਚੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਸਾਨੂੰ ਰਾਜ-ਗ੍ਰਹਿਆਂ ਵਿਚ ਸਭਾਵਾਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਇਸ ਲਈ ਅਸੀਂ ਘਰਾਂ ਵਿਚ ਲੁਕ ਕੇ ਸਭਾਵਾਂ ਚਲਾਉਂਦੇ ਸੀ; ਅਤੇ ਹੁਣ ਪੁਰਤਗਾਲ ਵਿਚ ਵੱਡੇ ਸੰਮੇਲਨ ਕਰਨੇ ਵੀ ਸੰਭਵ ਨਹੀਂ ਸਨ। ਇਸ ਲਈ ਦੂਸਰੇ ਦੇਸ਼ਾਂ ਵਿਚ ਅਜਿਹੇ ਮਹਾਂ-ਸੰਮੇਲਨਾਂ ਵਿਚ ਜਾਣ ਲਈ ਆਪਣੇ ਮਸੀਹੀ ਭੈਣ-ਭਰਾਵਾਂ ਦੇ ਆਉਣ-ਜਾਣ ਦਾ ਪ੍ਰਬੰਧ ਕਰਨਾ ਮੇਰੀ ਜ਼ਿੰਮੇਵਾਰੀ ਬਣ ਗਈ।
ਇੰਨੇ ਸਾਰੇ ਗਵਾਹਾਂ ਲਈ ਦੂਸਰੇ ਦੇਸ਼ਾਂ ਵਿਚ ਆਉਣ-ਜਾਣ ਦਾ ਪ੍ਰਬੰਧ ਕਰਨਾ ਆਸਾਨ ਨਹੀਂ ਸੀ। ਫਿਰ ਵੀ ਪੁਰਤਗਾਲੀ ਭਰਾਵਾਂ ਨੂੰ ਮਿਲੇ ਅਦਭੁਤ ਅਧਿਆਤਮਿਕ ਫ਼ਾਇਦਿਆਂ ਨੂੰ ਦੇਖਦੇ ਹੋਏ ਇਹ ਜਤਨ ਵਿਅਰਥ ਨਹੀਂ ਸੀ। ਸਵਿਟਜ਼ਰਲੈਂਡ, ਇੰਗਲੈਂਡ, ਇਟਲੀ ਅਤੇ ਫ਼ਰਾਂਸ ਵਿਚ ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਣਾ ਉਨ੍ਹਾਂ ਲਈ ਕਿੰਨਾ ਉਤਸ਼ਾਹਜਨਕ ਤਜਰਬਾ ਸੀ! ਅਜਿਹੇ ਮਹਾਂ-ਸੰਮੇਲਨਾਂ ਵਿਚ ਜਾਣ ਦੁਆਰਾ ਉਨ੍ਹਾਂ ਨੂੰ ਆਪਣੀ ਵਾਪਸੀ ਤੇ ਦੇਸ਼ ਵਿਚ ਸਾਹਿੱਤ ਲਿਆਉਣ ਦੇ ਮੌਕੇ ਵੀ ਮਿਲੇ। ਉਨ੍ਹਾਂ ਸਾਲਾਂ ਦੌਰਾਨ ਅਸੀਂ ਪੁਰਤਗਾਲ ਵਿਚ ਧਾਰਮਿਕ ਸੰਸਥਾ ਵਜੋਂ ਰਜਿਸਟਰ ਹੋਣ ਲਈ ਬਹੁਤ ਸਾਰੀਆਂ ਦਰਖ਼ਾਸਤਾਂ ਕੀਤੀਆਂ, ਪਰ ਇਹ ਸਾਰੀਆਂ ਦਰਖ਼ਾਸਤਾਂ ਨਾਮਨਜ਼ੂਰ ਕਰ ਦਿੱਤੀਆਂ ਗਈਆਂ।
ਸਾਲ 1962 ਦੇ ਸ਼ੁਰੂ ਵਿਚ ਮਿਸ਼ਨਰੀਆਂ ਨੂੰ ਦੇਸ਼ ਵਿੱਚੋਂ ਕੱਢੇ ਜਾਣ ਤੋਂ ਬਾਅਦ ਖੁਫੀਆ ਪੁਲਸ ਨੇ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਗਿਰਫ਼ਤਾਰ ਕਰ ਕੇ ਅਦਾਲਤ ਵਿਚ ਖੜ੍ਹਾ ਕੀਤਾ ਗਿਆ। ਇਨ੍ਹਾਂ ਘਟਨਾਵਾਂ ਦੀਆਂ ਬਹੁਤ ਸਾਰੀਆਂ ਪ੍ਰਮਾਣਿਤ ਰਿਪੋਰਟਾਂ ਇਸ ਰਸਾਲੇ ਵਿਚ ਅਤੇ ਇਸ ਦੇ ਸਾਥੀ ਰਸਾਲੇ ਜਾਗਰੂਕ ਬਣੋ! ਵਿਚ ਛਪੀਆਂ ਸਨ।a
ਪ੍ਰਚਾਰ ਕਰਨ ਕਰਕੇ ਜਿਹੜੇ ਭਰਾ ਫੜੇ ਗਏ ਸਨ, ਉਨ੍ਹਾਂ ਵਿੱਚੋਂ ਇਕ ਪਾਇਨੀਅਰ ਸੀ ਜਿਸ ਨੂੰ ਮੈਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ ਸੀ। ਪੁਲਸ ਨੂੰ ਉਸ ਦੇ ਸਾਮਾਨ ਵਿੱਚੋਂ ਮੇਰਾ ਪਤਾ ਮਿਲ ਗਿਆ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਮੇਰੇ ਤੋਂ ਪੁੱਛ-ਗਿੱਛ ਕੀਤੀ।
ਬਾਅਦ ਵਿਚ ਦੋ ਪੁਲਸ ਵਾਲੇ ਮੇਰੇ ਘਰ ਆਏ। ਉਨ੍ਹਾਂ ਨੇ ਬਾਈਬਲ ਦੇ ਅਧਿਐਨ ਲਈ ਵਰਤੀਆਂ ਜਾਣ ਵਾਲੀਆਂ ਪੁਸਤਕਾਂ ਅਤੇ ਬਾਈਬਲ ਦੀਆਂ 13 ਕਾਪੀਆਂ ਨੂੰ ਜ਼ਬਤ ਕਰ ਲਿਆ। ਉਨ੍ਹਾਂ ਨੇ ਸਾਨੂੰ ਪਰੇਸ਼ਾਨ ਕਰਨਾ ਜਾਰੀ ਰੱਖਿਆ ਤੇ ਸਾਡੇ ਘਰ ਦੀ ਤਲਾਸ਼ੀ ਲੈਣ ਲਈ ਸੱਤ ਵਾਰ ਵੱਖ-ਵੱਖ ਸਮਿਆਂ ਤੇ ਆਏ। ਹਰ ਵਾਰ ਉਹ ਸਾਡੇ ਤੇ ਸਵਾਲਾਂ ਦੀ ਬੁਛਾੜ ਕਰਦੇ ਸਨ।
ਅਦਾਲਤ ਵਿਚ ਚੱਲ ਰਹੇ ਕੇਸਾਂ ਵਿਚ ਸੰਗੀ ਗਵਾਹਾਂ ਦੇ ਪੱਖ ਵਿਚ ਗਵਾਹੀ ਦੇਣ ਲਈ ਮੈਨੂੰ ਕਈ ਵਾਰ ਬੁਲਾਇਆ ਗਿਆ। ਭਾਵੇਂ ਮੈਂ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਸੀ, ਪਰ ਯਹੋਵਾਹ ਨੇ ਅਜਿਹੀ ‘ਬੁੱਧ ਦਿੱਤੀ ਜਿਹ ਦਾ ਸਾਰੇ ਵਿਰੋਧੀ ਸਾਹਮਣਾ ਯਾ ਖੰਡਣ ਨਾ ਕਰ ਸੱਕੇ।’ (ਲੂਕਾ 21:15) ਇਕ ਵਾਰ ਜੱਜ ਮੇਰੀ ਗਵਾਹੀ ਤੋਂ ਇੰਨਾ ਹੈਰਾਨ ਹੋਇਆ ਕਿ ਉਸ ਨੇ ਮੈਨੂੰ ਪੁੱਛਿਆ ਕਿ ਮੈਂ ਕਿੰਨਾ ਪੜ੍ਹਿਆ ਹਾਂ। ਅਦਾਲਤ ਵਿਚ ਹਾਜ਼ਰ ਸਾਰੇ ਲੋਕ ਹੱਸਣ ਲੱਗ ਪਏ ਜਦੋਂ ਮੈਂ ਦੱਸਿਆ ਕਿ ਮੈਂ ਸਿਰਫ਼ ਚੌਥੀ ਤਕ ਹੀ ਪੜ੍ਹਿਆ ਹਾਂ।
ਜਿੱਦਾਂ-ਜਿੱਦਾਂ ਸਤਾਹਟ ਵਧਦੀ ਗਈ, ਉੱਦਾਂ-ਉੱਦਾਂ ਰਾਜ ਦੇ ਸੰਦੇਸ਼ ਨੂੰ ਸਵੀਕਾਰ ਕਰਨ ਵਾਲਿਆਂ ਦੀ ਗਿਣਤੀ ਵੀ ਵਧਦੀ ਗਈ। ਇਸ ਤਰ੍ਹਾਂ, ਜਦ ਕਿ 1962 ਵਿਚ ਪੁਰਤਗਾਲ ਵਿਚ 1,300 ਤੋਂ ਵੀ ਘੱਟ ਪ੍ਰਕਾਸ਼ਕ ਸਨ, ਪਰ 1974 ਵਿਚ ਇਨ੍ਹਾਂ ਦੀ ਗਿਣਤੀ 13,000 ਤੋਂ ਵੀ ਜ਼ਿਆਦਾ ਹੋ ਗਈ! ਇਸ ਸਮੇਂ ਦੌਰਾਨ, ਮਈ 1967 ਵਿਚ ਮੈਨੂੰ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਲਈ ਬੁਲਾਇਆ ਗਿਆ। ਇਸ ਕੰਮ ਵਿਚ ਮੈਂ ਯਹੋਵਾਹ ਦੇ ਗਵਾਹਾਂ ਨੂੰ ਅਧਿਆਤਮਿਕ ਤੌਰ ਤੇ ਤਕੜਾ ਕਰਨ ਲਈ ਉਨ੍ਹਾਂ ਦੀਆਂ ਕਲੀਸਿਯਾਵਾਂ ਨੂੰ ਮਿਲਣ ਜਾਂਦਾ ਸੀ।
ਸਭ ਤੋਂ ਵੱਡੀ ਦੌਲਤ ਦਾ ਆਨੰਦ ਮਾਣਨਾ
ਦਸੰਬਰ 1974 ਵਿਚ, ਮੈਨੂੰ ਪੁਰਤਗਾਲ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਨੂੰ ਕਾਨੂੰਨੀ ਦਰਜਾ ਦੇਣ ਲਈ ਕੀਤੇ ਗਏ ਰਜਿਸਟਰੇਸ਼ਨ ਵਿਚ ਸ਼ਾਮਲ ਹੋਣ ਦਾ ਵਿਸ਼ੇਸ਼-ਸਨਮਾਨ ਮਿਲਿਆ। ਅਗਲੇ ਸਾਲ ਮੈਂ ਤੇ ਮੇਰੀ ਪਤਨੀ ਈਸ਼ਟਰੀਲ ਵਿਚ ਯਹੋਵਾਹ ਦੇ ਗਵਾਹਾਂ ਦੇ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ। ਮੈਨੂੰ ਪੁਰਤਗਾਲ ਸ਼ਾਖਾ ਸਮਿਤੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ।
ਪੁਰਤਗਾਲ ਵਿਚ ਅਤੇ ਸਾਡੀ ਸ਼ਾਖਾ ਦੀ ਨਿਗਰਾਨੀ ਅਧੀਨ ਖੇਤਰਾਂ ਵਿਚ ਵੱਧ ਰਹੇ ਪ੍ਰਚਾਰ ਦੇ ਕੰਮ ਨੂੰ ਦੇਖ ਕੇ ਹੁਣ ਕਿੰਨੀ ਖ਼ੁਸ਼ੀ ਹੁੰਦੀ ਹੈ! ਇਨ੍ਹਾਂ ਖੇਤਰਾਂ ਵਿਚ ਅੰਗੋਲਾ, ਅਜ਼ੋਰਸ, ਕੇਪ ਵਰਡ, ਮੇਡੀਅਰਾ ਅਤੇ ਸਾਓ ਟੋਮੇ ਅਤੇ ਪ੍ਰਿੰਸੀਪੇ ਸ਼ਾਮਲ ਹਨ। ਸਾਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਇਨ੍ਹਾਂ ਖੇਤਰਾਂ ਵਿਚ ਸੇਵਾ ਕਰਨ ਲਈ ਪੁਰਤਗਾਲ ਤੋਂ ਮਿਸ਼ਨਰੀਆਂ ਨੂੰ ਭੇਜਿਆ ਗਿਆ ਹੈ, ਜਿੱਥੇ ਬਹੁਤ ਸਾਰੇ ਲੋਕਾਂ ਨੇ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਦਿਖਾਈ ਹੈ। ਜ਼ਰਾ ਸਾਡੀ ਖ਼ੁਸ਼ੀ ਦਾ ਅੰਦਾਜ਼ਾ ਲਗਾਓ ਜਦੋਂ ਅਸੀਂ ਹੁਣ ਇਨ੍ਹਾਂ ਦੇਸ਼ਾਂ ਵਿਚ 88,000 ਤੋਂ ਜ਼ਿਆਦਾ ਅਤੇ ਪੁਰਤਗਾਲ ਵਿਚ 47,000 ਤੋਂ ਜ਼ਿਆਦਾ ਰਾਜ ਪ੍ਰਚਾਰਕਾਂ ਨੂੰ ਦੇਖਦੇ ਹਾਂ! ਸਾਲ 1998 ਵਿਚ ਇਨ੍ਹਾਂ ਦੇਸ਼ਾਂ ਵਿਚ ਸਮਾਰਕ ਸਮਾਰੋਹ ਵਿਚ ਹਾਜ਼ਰੀ 2,45,000 ਤਕ ਪਹੁੰਚ ਗਈ ਸੀ, ਜਦ ਕਿ 1954 ਵਿਚ, ਜਦੋਂ ਮੈਂ ਗਵਾਹ ਬਣਿਆ ਸੀ, ਸਮਾਰਕ ਹਾਜ਼ਰੀ 200 ਨਾਲੋਂ ਵੀ ਘੱਟ ਸੀ।
ਐਡਮੀਨੀਆ ਅਤੇ ਮੈਂ ਬਾਈਬਲ ਵਿਚ ਜ਼ਬੂਰਾਂ ਦੇ ਲਿਖਾਰੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿਸ ਨੇ ਕਿਹਾ ਕਿ “[ਯਹੋਵਾਹ ਦੀ] ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ।” (ਜ਼ਬੂਰ 84:10) ਜਦੋਂ ਮੈਂ ਪਿੱਛੇ ਵੱਲ ਦੇਖਦਾ ਹਾਂ ਕਿ ਮੈਂ ਕਿੰਨਾ ਗ਼ਰੀਬ ਹੋਇਆ ਕਰਦਾ ਸੀ ਅਤੇ ਹੁਣ ਮੈਨੂੰ ਕਿੰਨੀ ਵੱਡੀ ਅਧਿਆਤਮਿਕ ਦੌਲਤ ਮਿਲੀ ਹੈ, ਤਾਂ ਮੈਂ ਯਸਾਯਾਹ ਨਬੀ ਵਾਂਗ ਮਹਿਸੂਸ ਕਰਦਾ ਹਾਂ: ‘ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ, ਤੈਂ ਅਚਰਜ ਕੰਮ ਜੋ ਕੀਤਾ ਹੈ। ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਵੀ ਗੜ੍ਹ ਹੈ।’—ਯਸਾਯਾਹ 25:1, 4.
[ਫੁਟਨੋਟ]
a 22 ਮਈ, 1964 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 8-16 ਅਤੇ 1 ਅਕਤੂਬਰ, 1966 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 581-92 ਦੇਖੋ।
[ਸਫ਼ੇ 24 ਉੱਤੇ ਤਸਵੀਰਾਂ]
ਉਪਰ: ਲਿਸਬਨ ਵਿਚ ਭਰਾ ਆਲਮੇਡਾ 1958 ਦੇ ਨਿਊਯਾਰਕ ਮਹਾਂ-ਸੰਮੇਲਨ ਵਿਚ ਭੈਣ-ਭਰਾਵਾਂ ਨੂੰ ਭੇਜਣ ਦੇ ਪ੍ਰਬੰਧ ਦੀ ਘੋਸ਼ਣਾ ਕਰਦੇ ਹੋਏ
ਵਿਚਕਾਰ: ਪੈਰਿਸ ਵਿਚ “ਧਰਤੀ ਉਤੇ ਸ਼ਾਂਤੀ” ਨਾਮਕ ਅੰਤਰ-ਰਾਸ਼ਟਰੀ ਸੰਮੇਲਨ ਵਿਚ ਕਲੀਸਿਯਾ ਦੇ ਸਰਵੈਂਟਸ ਦੀ ਸਭਾ ਦਾ ਪ੍ਰਦਰਸ਼ਨ ਪੇਸ਼ ਕਰਦੇ ਹੋਏ
ਥੱਲੇ: ਕਿਰਾਏ ਤੇ ਲਈਆਂ ਹੋਈਆਂ ਬੱਸਾਂ ਫ਼ਰਾਂਸ ਵਿਚ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਜਾਣ ਲਈ ਤਿਆਰ
[ਸਫ਼ੇ 25 ਉੱਤੇ ਤਸਵੀਰ]
ਪੁਰਤਗਾਲ ਸ਼ਾਖਾ ਵਿਚ ਮੌਰਨਿੰਗ ਵਰਸ਼ਿਪ ਕਰਾਉਂਦੇ ਹੋਏ
[ਸਫ਼ੇ 25 ਉੱਤੇ ਤਸਵੀਰ]
ਪੁਰਤਗਾਲ ਸ਼ਾਖਾ ਜੋ 1988 ਵਿਚ ਸਮਰਪਿਤ ਕੀਤੀ ਗਈ
[ਸਫ਼ੇ 26 ਉੱਤੇ ਤਸਵੀਰ]
ਭਰਾ ਹੂਗੋ ਰੀਮਰ ਦੇ ਭਾਸ਼ਣਾਂ ਤੋਂ ਸਾਨੂੰ ਬਹੁਤ ਉਤਸ਼ਾਹ ਮਿਲਿਆ ਜਦੋਂ ਉਹ ਬਰੁਕਲਿਨ ਬੈਥਲ ਤੋਂ ਸਾਨੂੰ ਮਿਲਣ ਆਏ ਸਨ
[ਸਫ਼ੇ 26 ਉੱਤੇ ਤਸਵੀਰ]
ਆਪਣੀ ਪਤਨੀ ਨਾਲ