ਆਪਸ ਵਿਚ ਚੰਗਾ ਬੋਲਚਾਲ ਸਫ਼ਲ ਵਿਆਹੁਤਾ ਜੀਵਨ ਦੀ ਕੁੰਜੀ
ਸਾਲ 1778 ਵਿਚ, ਰੌਬਰਟ ਬੈਰਨ ਨੇ ਦੂਹਰਾ ਕੰਮ ਕਰਨ ਵਾਲਾ ਦੋ ਕੁੰਡਿਆਂ ਵਾਲਾ ਇਕ ਖ਼ਾਸ ਜਿੰਦਾ ਬਣਾਇਆ ਸੀ। ਇਹੋ ਅੱਜ-ਕੱਲ੍ਹ ਦੇ ਕੁੰਜੀ ਵਾਲੇ ਜਿੰਦਿਆਂ ਦਾ ਆਧਾਰ ਹੈ। ਉਸ ਦੇ ਡੀਜ਼ਾਈਨ ਲਈ ਸਿਰਫ਼ ਇਕ ਹੀ ਕੁੰਜੀ ਦੀ ਜ਼ਰੂਰਤ ਸੀ ਜੋ ਜਿੰਦੇ ਦੇ ਦੋਨੋਂ ਕੁੰਡੇ ਇਕੱਠੇ ਖੋਲ੍ਹ ਸਕਦੀ ਸੀ।
ਇਸੇ ਤਰ੍ਹਾਂ, ਵਿਆਹੁਤਾ ਜੀਵਨ ਦੀ ਸਫ਼ਲਤਾ ਪਤੀ ਅਤੇ ਪਤਨੀ ਦਾ ਇਕੱਠਿਆਂ ਮਿਲ ਕੇ ਕੰਮ ਕਰਨ ਉੱਤੇ ਨਿਰਭਰ ਹੈ। ਚੰਗੇ ਵਿਆਹੁਤਾ ਜੀਵਨ ਦਾ ਰਾਜ਼ ਖੋਲ੍ਹਣ ਵਾਸਤੇ ਅਤੇ ਉਸ ਦੀਆਂ ਖ਼ੁਸ਼ੀਆਂ ਅਨੁਭਵ ਕਰਨ ਲਈ ਆਪਸ ਵਿਚ ਚੰਗਾ ਬੋਲਚਾਲ ਬਹੁਤ ਹੀ ਜ਼ਰੂਰੀ ਹੈ।
ਚੰਗੇ ਬੋਲਚਾਲ ਵਿਚ ਕੀ-ਕੀ ਸ਼ਾਮਲ ਹੈ
ਚੰਗੇ ਬੋਲਚਾਲ ਵਿਚ ਕੀ-ਕੀ ਸ਼ਾਮਲ ਹੈ? ਇਕ ਸ਼ਬਦ-ਕੋਸ਼ ਵਾਰਤਾਲਾਪ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ: “ਬੋਲਣ, ਲਿਖਣ ਜਾਂ ਇਸ਼ਾਰਿਆਂ ਰਾਹੀਂ ਵਿਚਾਰ, ਰਾਇ ਜਾਂ ਜਾਣਕਾਰੀ ਦੇਣੀ ਜਾਂ ਉਨ੍ਹਾਂ ਦਾ ਵਟਾਂਦਰਾ ਕਰਨਾ।” ਸੋ ਬੋਲਚਾਲ ਵਿਚ ਜਜ਼ਬਾਤ ਅਤੇ ਖ਼ਿਆਲ ਸਾਂਝੇ ਕੀਤੇ ਜਾਂਦੇ ਹਨ। ਚੰਗੇ ਬੋਲਚਾਲ ਵਿਚ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਹੋਰਨਾਂ ਦੀ ਉੱਨਤੀ ਕਰਦੀਆਂ, ਉਨ੍ਹਾਂ ਨੂੰ ਉਤੇਜਿਤ ਕਰਦੀਆਂ ਅਤੇ ਦਿਲਾਸਾ ਦਿੰਦੀਆਂ, ਅਤੇ ਜੋ ਨੇਕ ਤੇ ਪ੍ਰਸ਼ੰਸਾਯੋਗ ਹੁੰਦੀਆਂ ਹਨ।—ਅਫ਼ਸੀਆਂ 4:29-32; ਫ਼ਿਲਿੱਪੀਆਂ 4:8.
ਚੰਗਾ ਬੋਲਚਾਲ ਭਰੋਸੇ, ਵਿਸ਼ਵਾਸ ਅਤੇ ਆਪਸੀ ਸਮਝ ਦੁਆਰਾ ਮੁਮਕਿਨ ਬਣਾਇਆ ਜਾਂਦਾ ਹੈ। ਅਜਿਹੇ ਗੁਣ ਉਦੋਂ ਹੀ ਪੈਦਾ ਹੁੰਦੇ ਹਨ ਜਦੋਂ ਵਿਆਹ ਉਮਰ ਭਰ ਦਾ ਰਿਸ਼ਤਾ ਸਮਝਿਆ ਜਾਂਦਾ ਹੈ ਅਤੇ ਜਦੋਂ ਇਸ ਨੂੰ ਸਫ਼ਲ ਬਣਾਉਣ ਦਾ ਦ੍ਰਿੜ੍ਹ ਇਰਾਦਾ ਕੀਤਾ ਜਾਂਦਾ ਹੈ। ਅਜਿਹੇ ਰਿਸ਼ਤੇ ਉੱਤੇ ਟਿੱਪਣੀ ਕਰਦੇ ਹੋਏ, 18ਵੀਂ ਸਦੀ ਦੇ ਲੇਖਕ ਜੋਸਫ਼ ਐਡੀਸਨ ਨੇ ਲਿਖਿਆ: “ਜਿਨ੍ਹਾਂ ਦੋ ਵਿਅਕਤੀਆਂ ਨੇ ਬਾਕੀ ਸਾਰਿਆਂ ਇਨਸਾਨਾਂ ਵਿੱਚੋਂ ਇਕ ਦੂਸਰੇ ਨੂੰ ਇਸ ਇਰਾਦੇ ਨਾਲ ਚੁਣਿਆ ਹੈ ਕਿ ਉਹ ਇਕ ਦੂਸਰੇ ਦਾ ਦੁੱਖ-ਸੁਖ ਵੰਡਣਗੇ, ਉਨ੍ਹਾਂ ਨੇ ਇਸ ਤਰ੍ਹਾਂ ਕਰਨ ਵਿਚ ਇਕਰਾਰ ਕੀਤਾ ਹੈ ਕਿ ਉਹ ਜੀਵਨ ਭਰ ਜ਼ਿੰਦਾ-ਦਿਲ, ਮਿਲਣਸਾਰ, ਸਮਝਦਾਰ, ਮਾਫ਼ ਕਰਨ ਵਾਲੇ, ਧੀਰਜਵਾਨ, ਖ਼ੁਸ਼ ਅਤੇ ਇਕ ਦੂਸਰੇ ਦੀਆਂ ਕਮਜ਼ੋਰੀਆਂ ਅਤੇ ਖੂਬੀਆਂ ਦੀ ਕਦਰ ਕਰਨ ਵਾਲੇ ਹੋਣਗੇ।” ਅਜਿਹਾ ਮੇਲ ਕਿੰਨਾ ਖ਼ੁਸ਼ੀ ਭਰਿਆ ਹੈ! ਅਤੇ ਇਹ ਹੀਰਿਆਂ ਵਰਗੇ ਗੁਣ ਤੁਹਾਡੇ ਵਿਆਹੁਤਾ ਜੀਵਨ ਨੂੰ ਸਜਾ ਸਕਦੇ ਹਨ, ਕਿਉਂ ਜੋ ਆਪਸ ਵਿਚ ਚੰਗੇ ਬੋਲਚਾਲ ਰਾਹੀਂ ਤੁਸੀਂ ਉਨ੍ਹਾਂ ਨੂੰ ਪੈਦਾ ਕਰ ਸਕਦੇ ਹੋ।
ਚੰਗੇ ਬੋਲਚਾਲ ਵਿਚ ਰੁਕਾਵਟਾਂ
ਕਈ ਜੋੜੇ ਆਸ਼ਾ ਅਤੇ ਖ਼ੁਸ਼ੀ ਨਾਲ ਆਪਣਾ ਵਿਆਹ ਸ਼ੁਰੂ ਕਰਦੇ ਹਨ। ਲੇਕਿਨ, ਕਈਆਂ ਲਈ ਇਹ ਖ਼ੁਸ਼ੀ ਜਲਦੀ ਮਿਟ ਜਾਂਦੀ ਹੈ ਅਤੇ ਆਸ਼ਾ ਖ਼ਤਮ ਹੋ ਜਾਂਦੀ ਹੈ। ਸ਼ਾਇਦ ਮਾਯੂਸੀ, ਗੁੱਸਾ, ਵੈਰ ਜਾਂ ਸਖ਼ਤ ਨਫ਼ਰਤ ਦੀਆਂ ਰੁੱਖੀਆਂ ਭਾਵਨਾਵਾਂ ਤਸੱਲੀ-ਭਰੋਸੇ ਦੀ ਥਾਂ ਲੈ ਲੈਣ। ਫਿਰ ਵਿਆਹੁਤਾ ਜੀਵਨ ਇਕ ਅਜਿਹੀ ਸਥਿਤੀ ਬਣ ਜਾਂਦੀ ਹੈ ਜੋ “ਮੌਤ ਤਕ” ਸਿਰਫ਼ ਬਰਦਾਸ਼ਤ ਕੀਤੀ ਜਾਂਦੀ ਹੈ। ਇਸ ਲਈ, ਉਸ ਚੰਗੇ ਬੋਲਚਾਲ ਨੂੰ ਬਿਹਤਰ ਬਣਾਉਣ ਲਈ ਜਾਂ ਉਸ ਨੂੰ ਕਾਇਮ ਰੱਖਣ ਲਈ, ਜੋ ਇਕ ਸਫ਼ਲ ਵਿਆਹੁਤਾ ਜੀਵਨ ਲੋੜਦਾ ਹੈ, ਕੁਝ ਰੁਕਾਵਟਾਂ ਉੱਤੇ ਜੇਤੂ ਹੋਣਾ ਜ਼ਰੂਰੀ ਹੈ।
ਚੰਗੇ ਬੋਲਚਾਲ ਵਿਚ ਇਕ ਰੁਕਾਵਟ ਡਰ ਹੋ ਸਕਦਾ ਹੈ। ਇਸ ਗੱਲ ਦਾ ਡਰ ਕਿ ਸਾਡਾ ਵਿਆਹੁਤਾ ਸਾਥੀ ਕਿਸੇ ਖ਼ਾਸ ਜਾਣਕਾਰੀ ਜਾਂ ਪ੍ਰਗਟ ਕੀਤੀ ਗਈ ਇੱਛਾ ਬਾਰੇ ਕੀ ਕਹੇਗਾ। ਮਿਸਾਲ ਲਈ, ਇਹ ਜਾਣਨ ਤੋਂ ਬਾਅਦ ਕਿ ਤੁਹਾਡੇ ਵਿਚ ਕੋਈ ਗੰਭੀਰ ਨਿੱਜੀ ਅਯੋਗਤਾ ਵੱਧ ਰਹੀ ਹੈ, ਸ਼ਾਇਦ ਠੁਕਰਾਏ ਜਾਣ ਦਾ ਡਰ ਪੈਦਾ ਹੋ ਜਾਵੇ। ਕੋਈ ਆਪਣੇ ਸਾਥੀ ਨੂੰ ਕਿਸ ਤਰ੍ਹਾਂ ਸਮਝਾ ਸਕਦਾ ਹੈ ਕਿ ਜੋ ਹੋਣ ਵਾਲਾ ਹੈ ਉਹ ਉਸ ਦੀ ਸ਼ਕਲ ਜਾਂ ਕੰਮ ਕਰਨ ਦੀ ਯੋਗਤਾ ਨੂੰ ਬਹੁਤ ਬਦਲ ਦੇਵੇਗਾ? ਅਜਿਹੇ ਮਾਮਲਿਆਂ ਵਿਚ, ਅੱਗੇ ਨਾਲੋਂ ਜ਼ਿਆਦਾ ਦਿਲ ਖੋਲ੍ਹ ਕੇ ਗੱਲਬਾਤ ਕਰਨੀ ਅਤੇ ਭਵਿੱਖ ਲਈ ਸੋਚ-ਸਮਝ ਕੇ ਯੋਜਨਾਵਾਂ ਬਣਾਉਣੀਆਂ ਜ਼ਰੂਰੀ ਹਨ। ਸ਼ਬਦਾਂ ਰਾਹੀਂ ਆਪਣੇ ਪਿਆਰ ਦਾ ਯਕੀਨ ਦੇਣ ਦੇ ਨਾਲ-ਨਾਲ ਸਨੇਹ ਦਿਖਾਉਣਾ ਸਾਡੀ ਨਿੱਜੀ ਦਿਲਚਸਪੀ ਦਿਖਾਵੇਗਾ, ਜੋ ਸੱਚ-ਮੁੱਚ ਇਕ ਸੁਖੀ ਵਿਆਹੁਤਾ ਜੀਵਨ ਅੱਗੇ ਵਧਾਉਣ ਵਿਚ ਮਦਦ ਕਰੇਗਾ। ਵਿਆਹੁਤਾ ਜੀਵਨ ਵਿਚ ਇਸ ਕਹਾਵਤ ਨੂੰ ਸੱਚ ਸਾਬਤ ਹੋਣਾ ਚਾਹੀਦਾ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.
ਚੰਗੇ ਬੋਲਚਾਲ ਵਿਚ ਇਕ ਹੋਰ ਰੁਕਾਵਟ ਨਾਰਾਜ਼ਗੀ ਹੈ। ਠੀਕ ਕਿਹਾ ਗਿਆ ਹੈ ਕਿ ਸਫ਼ਲ ਵਿਆਹੁਤਾ ਜੀਵਨ ਦੋ ਮਾਫ਼ ਕਰਨ ਵਾਲਿਆਂ ਦਾ ਮੇਲ ਹੁੰਦਾ ਹੈ। ਇਸ ਵਰਣਨ ਤੇ ਪੂਰਾ ਉਤਰਨ ਲਈ, ਇਕ ਵਿਆਹੁਤਾ ਜੋੜੇ ਨੂੰ ਪੌਲੁਸ ਰਸੂਲ ਦੀ ਦਿੱਤੀ ਗਈ ਵਿਵਹਾਰਕ ਸਲਾਹ ਉੱਤੇ ਚੱਲਣ ਦਾ ਪੂਰਾ ਜਤਨ ਕਰਨਾ ਚਾਹੀਦਾ ਹੈ: “ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ!” (ਅਫ਼ਸੀਆਂ 4:26) ਗੁੱਸੇ ਜਾਂ ਨਾਰਾਜ਼ਗੀ ਕਰਕੇ ਖਾਰ ਖਾਣ ਦੀ ਬਜਾਇ ਇਸ ਸਲਾਹ ਨੂੰ ਲਾਗੂ ਕਰਨ ਵਿਚ ਨਿਮਰਤਾ ਨਾਲ ਗੱਲਬਾਤ ਕਰਨ ਦੀ ਲੋੜ ਹੈ। ਇਕ ਚੰਗੇ ਵਿਆਹੁਤਾ ਜੀਵਨ ਵਿਚ ਸਾਥੀ ਲਗਾਤਾਰ ਗੁੱਸੇ ਹੋਣ, ਝਗੜਨ ਅਤੇ ਖਾਰ ਖਾਣ ਦਾ ਝੁਕਾਉ ਨਹੀਂ ਰੱਖਦੇ। (ਕਹਾਉਤਾਂ 30:33) ਉਹ ਪਰਮੇਸ਼ੁਰ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਸਦਾ ਤੀਕ ਰੋਸੇ ਨੂੰ ਮੰਨ ਵਿਚ ਨਹੀਂ ਰੱਖਦਾ। (ਯਿਰਮਿਯਾਹ 3:12) ਸੱਚ-ਮੁੱਚ ਹੀ ਉਹ ਇਕ ਦੂਸਰੇ ਨੂੰ ਦਿਲੋਂ ਮਾਫ਼ ਕਰਦੇ ਹਨ।—ਮੱਤੀ 18:35.
ਜ਼ਿੱਦ ਕਰਕੇ ਚੁੱਪ ਰਹਿਣਾ ਕਿਸੇ ਵੀ ਤਰ੍ਹਾਂ ਦੇ ਬੋਲਚਾਲ ਵਿਚ ਇਕ ਵੱਡੀ ਰੁਕਾਵਟ ਹੈ। ਇਸ ਵਿਚ ਸ਼ਾਇਦ ਰੁੱਖੀਆਂ ਗੱਲਾਂ, ਹਉਕੇ ਭਰਨੇ, ਸੋਚਣ ਤੋਂ ਬਗੈਰ ਕੰਮ ਕਰਨੇ ਅਤੇ ਆਪਣੇ ਸਾਥੀ ਨਾਲ ਗੱਲ ਕਰਨ ਤੋਂ ਇਨਕਾਰ ਕਰਨਾ ਸ਼ਾਮਲ ਹੋ ਸਕਦਾ ਹੈ। ਇਸ ਤਰ੍ਹਾਂ ਕਰਨ ਵਾਲਾ ਵਿਆਹੁਤਾ ਸਾਥੀ ਕਿਸੇ-ਨ-ਕਿਸੇ ਤਰ੍ਹਾਂ ਦੀ ਨਾਰਾਜ਼ਗੀ ਪ੍ਰਗਟ ਕਰ ਰਿਹਾ ਹੈ। ਲੇਕਿਨ ਚੁੱਪ ਅਤੇ ਰੁੱਸੇ ਰਹਿਣ ਨਾਲੋਂ ਆਪਣੀਆਂ ਭਾਵਨਾਵਾਂ ਬਾਰੇ ਸਾਫ਼ ਅਤੇ ਸੋਹਣੇ ਤਰੀਕੇ ਵਿਚ ਗੱਲਬਾਤ ਕਰਨੀ, ਵਿਆਹ ਨੂੰ ਬਿਹਤਰ ਬਣਾਉਣ ਵਿਚ ਜ਼ਿਆਦਾ ਮਦਦ ਕਰੇਗਾ।
ਜਦੋਂ ਇਕ ਸਾਥੀ ਗੱਲ ਕਰ ਰਿਹਾ ਹੋਵੇ ਤਾਂ ਚੰਗੀ ਤਰ੍ਹਾਂ ਨਾ ਸੁਣਨ ਦਾ ਜਾਂ ਬਿਲਕੁਲ ਹੀ ਨਾ ਸੁਣਨ ਦਾ ਝੁਕਾਉ ਇਕ ਹੋਰ ਰੁਕਾਵਟ ਬਣ ਸਕਦਾ ਹੈ, ਜਿਸ ਉੱਤੇ ਜੇਤੂ ਹੋਣ ਦੀ ਲੋੜ ਹੈ ਜੇਕਰ ਵਿਆਹ ਦੇ ਨਜ਼ਦੀਕ ਰਿਸ਼ਤੇ ਵਿਚ ਚੰਗਾ ਬੋਲਚਾਲ ਰਹਿਣਾ ਹੈ। ਸ਼ਾਇਦ ਅਸੀਂ ਇਕ ਦੂਸਰੇ ਦੀ ਗੱਲ ਚੱਜ ਨਾਲ ਸੁਣਨ ਲਈ ਲੋੜੀਂਦਾ ਦਿਮਾਗ਼ੀ ਅਤੇ ਜਜ਼ਬਾਤੀ ਜਤਨ ਕਰਨ ਲਈ ਜ਼ਿਆਦਾ ਥੱਕੇ ਹੋਏ ਜਾਂ ਕਿਸੇ ਕੰਮ ਵਿਚ ਰੁੱਝੇ ਹੋਏ ਹਾਂ। ਝਗੜੇ ਸ਼ਾਇਦ ਉਨ੍ਹਾਂ ਗੱਲਾਂ ਬਾਰੇ ਗ਼ਲਤਫ਼ਹਿਮੀਆਂ ਕਾਰਨ ਸ਼ੁਰੂ ਹੋ ਜਾਣ, ਜਿਨ੍ਹਾਂ ਬਾਰੇ ਇਕ ਸਾਥੀ ਕਹਿੰਦਾ ਹੈ ਕਿ ਉਸ ਨੇ ਸਾਫ਼-ਸਾਫ਼ ਸਮਝਾਇਆ ਸੀ ਪਰ ਦੂਸਰਾ ਕਹਿੰਦਾ ਹੈ ਕਿ ਉਹ ਉਨ੍ਹਾਂ ਬਾਰੇ ਪਹਿਲੀ ਬਾਰ ਸੁਣ ਰਿਹਾ ਹੈ। ਸਪੱਸ਼ਟ ਹੈ ਕਿ ਅਜਿਹੀਆਂ ਮੁਸ਼ਕਲਾਂ ਗੱਲਬਾਤ ਦੀ ਕਮੀ ਕਾਰਨ ਹੀ ਪੈਦਾ ਹੁੰਦੀਆਂ ਹਨ।
ਚੰਗੇ ਬੋਲਚਾਲ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ ਹੈ
ਪ੍ਰੇਮ-ਭਰੇ ਅਤੇ ਚੰਗੇ ਬੋਲਚਾਲ ਲਈ ਸਮਾਂ ਕੱਢਣਾ ਕਿੰਨਾ ਜ਼ਰੂਰੀ ਹੈ! ਕਈ ਲੋਕ ਟੀ. ਵੀ. ਤੇ ਦੂਸਰਿਆਂ ਦੀਆਂ ਜ਼ਿੰਦਗੀਆਂ ਦੇਖਦੇ ਇੰਨਾ ਸਮਾਂ ਲਗਾਉਂਦੇ ਹਨ ਕਿ ਉਨ੍ਹਾਂ ਕੋਲ ਆਪਣੀਆਂ ਜ਼ਿੰਦਗੀਆਂ ਲਈ ਬਹੁਤ ਥੋੜ੍ਹਾ ਸਮਾਂ ਰਹਿ ਜਾਂਦਾ ਹੈ। ਇਸ ਲਈ, ਟੈਲੀਵਿਯਨ ਨੂੰ ਬੰਦ ਕਰਨਾ ਚੰਗੇ ਬੋਲਚਾਲ ਲਈ ਜ਼ਰੂਰੀ ਹੈ।
ਲੇਕਿਨ, ਜਿਸ ਤਰ੍ਹਾਂ ਬੋਲਣ ਦਾ ਇਕ ਸਹੀ ਵੇਲਾ ਹੁੰਦਾ ਹੈ, ਚੁੱਪ ਰਹਿਣ ਦਾ ਵੀ ਇਕ ਸਹੀ ਵੇਲਾ ਹੁੰਦਾ ਹੈ। ਇਕ ਸਮਝਦਾਰ ਆਦਮੀ ਨੇ ਕਿਹਾ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” ਅਸਲ ਵਿਚ, ਬੋਲਣ ਲਈ ਵੀ ਸਹੀ ਸ਼ਬਦ ਹੁੰਦੇ ਹਨ। ਇਕ ਕਹਾਵਤ ਕਹਿੰਦੀ ਹੈ “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!” (ਉਪਦੇਸ਼ਕ ਦੀ ਪੋਥੀ 3:1, 7; ਕਹਾਉਤਾਂ 15:23) ਇਸ ਲਈ ਖ਼ਾਸ ਗੱਲ ਕਰਨ ਲਈ ਜਾਂ ਆਪਣੇ ਦਿਲ ਦੀ ਚਿੰਤਾ ਪ੍ਰਗਟ ਕਰਨ ਵਾਸਤੇ ਸਭ ਤੋਂ ਵਧੀਆ ਸਮਾਂ ਚੁਣੋ। ਆਪਣੇ ਆਪ ਤੋਂ ਪੁੱਛੋ: ‘ਕੀ ਮੇਰਾ ਸਾਥੀ ਥੱਕਿਆ ਹੋਇਆ ਹੈ ਜਾਂ ਕੀ ਇਸ ਵੇਲੇ ਉਸ ਦਾ ਮਿਜ਼ਾਜ ਨਰਮ ਅਤੇ ਚੰਗਾ ਹੈ? ਜਿਸ ਮਾਮਲੇ ਬਾਰੇ ਮੈਂ ਗੱਲ ਸ਼ੁਰੂ ਕਰਨੀ ਚਾਹੁੰਦਾ ਹਾਂ ਕੀ ਉਸ ਨਾਲ ਕੋਈ ਝਗੜਾ ਸ਼ੁਰੂ ਹੋ ਸਕਦਾ ਹੈ? ਜਦੋਂ ਅਸੀਂ ਪਿਛਲੀ ਵਾਰ ਇਸ ਮਾਮਲੇ ਬਾਰੇ ਗੱਲ ਕੀਤੀ ਸੀ ਤਾਂ ਕੀ ਮੇਰੇ ਸਾਥੀ ਨੇ ਮੇਰੀ ਕਿਸੇ ਗੱਲ ਦਾ ਇਤਰਾਜ਼ ਕੀਤਾ ਸੀ?’
ਇਹ ਯਾਦ ਰੱਖਣਾ ਚੰਗਾ ਹੋਵੇਗਾ ਕਿ ਕਿਸੇ ਉੱਤੇ ਉਦੋਂ ਹੀ ਸਭ ਤੋਂ ਵਧੀਆ ਅਸਰ ਪੈਂਦਾ ਹੈ ਜਦੋਂ ਉਹ ਦੇਖ ਸਕਦਾ ਹੈ ਕਿ ਗੱਲ ਨੂੰ ਮੰਨਣ ਵਿਚ ਉਸ ਨੂੰ ਕੀ ਫ਼ਾਇਦਾ ਹੋਵੇਗਾ। ਜੇਕਰ ਵਿਆਹੁਤਾ ਸਾਥੀਆਂ ਵਿਚਕਾਰ ਤਣਾਅ ਪੈਦਾ ਹੋਇਆ ਹੈ ਤਾਂ ਉਨ੍ਹਾਂ ਵਿੱਚੋਂ ਇਕ ਸ਼ਾਇਦ ਕਹੇ ਕਿ “ਇਕ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ, ਅਤੇ ਅਸੀਂ ਇਸ ਨੂੰ ਇਸੇ ਵੇਲੇ ਠੀਕ ਕਰਨਾ ਹੈ!” ਇਹ ਸੱਚ ਹੈ ਕਿ ਜੋ ਸ਼ਬਦ ਤੁਸੀਂ ਵਰਤੋਗੇ ਉਹ ਹਾਲਾਤਾਂ ਉੱਤੇ ਨਿਰਭਰ ਹੋਣਗੇ, ਲੇਕਿਨ ਇਸ ਗੱਲ ਨੂੰ ਸ਼ਾਇਦ ਇਸ ਤਰ੍ਹਾਂ ਕਹਿਣਾ ਜ਼ਿਆਦਾ ਚੰਗਾ ਹੋਵੇਗਾ: “ਮੈਂ ਉਸ ਗੱਲ ਬਾਰੇ ਸੋਚ ਰਿਹਾ ਸੀ ਜਿਸ ਦੀ ਅਸੀਂ ਅੱਗੇ ਚਰਚਾ ਕੀਤੀ ਸੀ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਸੁਲਝਾ ਸਕਦੇ ਹਾਂ।” ਇਨ੍ਹਾਂ ਦੋਹਾਂ ਤਰੀਕਿਆਂ ਵਿੱਚੋਂ ਤੁਹਾਡਾ ਸਾਥੀ ਕਿਸ ਤਰੀਕੇ ਨੂੰ ਪਸੰਦ ਕਰੇਗਾ?
ਜੀ ਹਾਂ, ਗੱਲ ਕਿਸ ਤਰ੍ਹਾਂ ਕਹੀ ਜਾਂਦੀ ਹੈ ਬਹੁਤ ਹੀ ਮਹੱਤਵਪੂਰਣ ਹੈ। ਪੌਲੁਸ ਰਸੂਲ ਨੇ ਲਿਖਿਆ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ।” (ਕੁਲੁੱਸੀਆਂ 4:6) ਆਪਣੀ ਆਵਾਜ਼ ਦੇ ਲਹਿਜੇ ਵਿਚ ਅਤੇ ਸ਼ਬਦਾਂ ਦੀ ਚੋਣ ਵਿਚ ਕਿਰਪਾਮਈ ਜਾਂ ਕੋਮਲ ਹੋਣ ਦੀ ਕੋਸ਼ਿਸ਼ ਕਰੋ। ਯਾਦ ਰੱਖੋ ਕਿ “ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।”—ਕਹਾਉਤਾਂ 16:24.
ਕੁਝ ਜੋੜਿਆਂ ਲਈ, ਘਰ ਵਿਚ ਇਕੱਠੇ ਮਿਲ ਕੇ ਕੰਮ ਕਰਨੇ, ਗੱਲਬਾਤ ਕਰਨ ਦਾ ਇਕ ਵਧੀਆ ਮੌਕਾ ਦਿੰਦਾ ਹੈ। ਇਸ ਤਰ੍ਹਾਂ ਮਿਲ ਕੇ ਕੰਮ ਕਰਨੇ ਮੇਲ-ਜੋਲ ਦੀ ਭਾਵਨਾ ਅੱਗੇ ਵਧਾਉਣ ਦੇ ਨਾਲ-ਨਾਲ ਚੰਗੀ ਗੱਲਬਾਤ ਕਰਨ ਦਾ ਸਮਾਂ ਦਿੰਦਾ ਹੈ। ਦੂਸਰਿਆਂ ਵਿਆਹੁਤਾ ਜੋੜਿਆਂ ਲਈ, ਕੰਮ ਕਰਨ ਤੋਂ ਬਗੈਰ ਇਕੱਠੇ ਆਰਾਮ ਕਰਨਾ, ਚੰਗੀ ਤਰ੍ਹਾਂ ਗੱਲਬਾਤ ਕਰਨ ਲਈ ਜ਼ਿਆਦਾ ਫ਼ਾਇਦੇਮੰਦ ਅਤੇ ਸਹਾਇਕ ਹੁੰਦਾ ਹੈ।
ਇਸ ਉੱਤੇ ਧਿਆਨ ਦੇਣ ਦੁਆਰਾ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਕਿ ਅਨੁਕੂਲ ਵਿਆਹੁਤਾ ਸਾਥੀ ਇਕ ਦੂਸਰੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਕਿਸ ਚੀਜ਼ ਨੇ ਬਣਾਇਆ ਹੈ? ਸੰਭਵ ਹੈ ਕਿ ਉਨ੍ਹਾਂ ਦਾ ਮੇਲ-ਜੋਲ ਅਤੇ ਆਪਸ ਵਿਚ ਗੱਲਬਾਤ ਕਰਨ ਦੀ ਆਸਾਨੀ ਉਨ੍ਹਾਂ ਦੇ ਨਿੱਜੀ ਜਤਨ, ਧੀਰਜ, ਅਤੇ ਪ੍ਰੇਮ-ਭਰੇ ਧਿਆਨ ਦੇ ਨਤੀਜੇ ਹਨ। ਜ਼ਾਹਰ ਹੈ ਕਿ ਉਨ੍ਹਾਂ ਨੂੰ ਖ਼ੁਦ ਵੀ ਬਹੁਤ ਕੁਝ ਸਿੱਖਣਾ ਪਿਆ ਹੈ, ਕਿਉਂ ਜੋ ਵਿਆਹ ਖ਼ੁਦ-ਬ-ਖ਼ੁਦ ਸਫ਼ਲ ਨਹੀਂ ਹੁੰਦੇ। ਇਸ ਲਈ, ਆਪਣੇ ਸਾਥੀ ਦੇ ਖ਼ਿਆਲਾਂ ਵੱਲ ਧਿਆਨ ਦੇਣਾ, ਉਸ ਦੀਆਂ ਜ਼ਰੂਰਤਾਂ ਦੀ ਕਦਰ ਕਰਨੀ, ਅਤੇ ਸਮਝਦਾਰ ਸ਼ਬਦਾਂ ਨਾਲ ਤਣਾਅ ਵਾਲੇ ਮਾਮਲਿਆਂ ਨੂੰ ਸ਼ਾਂਤ ਕਰਨਾ, ਕਿੰਨਾ ਜ਼ਰੂਰੀ ਹੈ। (ਕਹਾਉਤਾਂ 16:23) ਜੇਕਰ ਤੁਹਾਡਾ ਵਿਆਹ ਹੋ ਚੁੱਕਾ ਹੈ ਤਾਂ ਅਜਿਹੇ ਵਿਅਕਤੀ ਬਣਨ ਦੀ ਕੋਸ਼ਿਸ਼ ਕਰੋ ਜਿਸ ਨਾਲ ਜੀਉਣਾ ਖ਼ੁਸ਼ੀ ਲਿਆਵੇ ਅਤੇ ਜਿਸ ਤੋਂ ਮਾਫ਼ੀ ਮੰਗਣੀ ਸੌਖੀ ਹੋਵੇ। ਇਹ ਤੁਹਾਡੇ ਵਿਆਹ ਨੂੰ ਚੰਗਾ ਬਣਾਉਣ ਵਿਚ ਜ਼ਰੂਰ ਮਦਦ ਕਰੇਗਾ।
ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਖ਼ੁਸ਼ ਅਤੇ ਸਥਿਰ ਵਿਆਹ ਦਾ ਆਨੰਦ ਮਾਣਨ। (ਉਤਪਤ 2:18, 21) ਲੇਕਿਨ ਇਸ ਦੀ ਕੁੰਜੀ ਉਨ੍ਹਾਂ ਦੇ ਹੱਥਾਂ ਵਿਚ ਹੈ ਜੋ ਵਿਆਹ ਦੇ ਬੰਧਨ ਵਿਚ ਬੱਝੇ ਹੋਏ ਹਨ। ਸਫ਼ਲ ਵਿਆਹ ਦੇ ਦਰਵਾਜ਼ੇ ਦਾ ਜਿੰਦਾ ਖੋਲ੍ਹਣ ਲਈ ਦੋ ਪ੍ਰੇਮਪੂਰਣ ਵਿਅਕਤੀਆਂ ਦੀ ਜ਼ਰੂਰਤ ਹੈ ਜੋ ਚੰਗੇ ਬੋਲਚਾਲ ਦੀ ਕਲਾ ਦੁਆਰਾ ਮਿਲ-ਜੁਲ ਕੇ ਕੰਮ ਕਰਦੇ ਹਨ।
[ਸਫ਼ੇ 22 ਉੱਤੇ ਤਸਵੀਰ]
ਟੀ. ਵੀ. ਨੂੰ ਬੰਦ ਕਰਨਾ ਗੱਲ-ਬਾਤ ਕਰਨ ਲਈ ਜ਼ਿਆਦਾ ਸਮਾਂ ਦਿੰਦਾ ਹੈ
[ਸਫ਼ੇ 23 ਉੱਤੇ ਤਸਵੀਰਾਂ]
ਚੰਗਾ ਬੋਲਚਾਲ ਦਿਲਾਂ ਨੂੰ ਗਹਿਰੇ ਪਿਆਰ ਵਿਚ ਜੋੜਦਾ ਹੈ