ਪਰਮੇਸ਼ੁਰ ਦੇ ਵਾਅਦਿਆਂ ਵਿਚ ਨਿਹਚਾ ਰੱਖ ਕੇ ਜੀਉਣਾ
‘ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ। ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।’—ਯਸਾਯਾਹ 46:9, 10.
1, 2. ਧਰਤੀ ਦਿਆਂ ਮਾਮਲਿਆਂ ਨਾਲ ਪਰਮੇਸ਼ੁਰ ਦੇ ਸੰਬੰਧ ਬਾਰੇ ਕੁਝ ਵੱਖੋ-ਵੱਖਰੇ ਵਿਚਾਰ ਕੀ ਹਨ?
ਪਰਮੇਸ਼ੁਰ ਧਰਤੀ ਦਿਆਂ ਮਾਮਲਿਆਂ ਨਾਲ ਕਿੰਨਾ ਕੁ ਸੰਬੰਧ ਰੱਖਦਾ ਹੈ? ਕਈ ਵੱਖੋ-ਵੱਖਰੇ ਵਿਚਾਰ ਹਨ। ਇਕ ਵਿਚਾਰ ਇਹ ਹੈ ਕਿ ਉਹ ਕੋਈ ਸੰਬੰਧ ਨਹੀਂ ਰੱਖਦਾ। ਸਭ ਕੁਝ ਬਣਾਉਣ ਅਤੇ ਸ਼ੁਰੂ ਕਰਨ ਤੋਂ ਬਾਅਦ, ਉਹ ਜਾਂ ਤਾਂ ਸਾਡੇ ਵਾਸਤੇ ਕੁਝ ਕਰਨ ਲਈ ਰਜ਼ਾਮੰਦ ਨਹੀਂ ਜਾਂ ਕਰਨ ਦੇ ਯੋਗ ਨਹੀਂ। ਇਸ ਵਿਚਾਰ ਅਨੁਸਾਰ, ਪਰਮੇਸ਼ੁਰ ਇਕ ਅਜਿਹੇ ਪਿਤਾ ਵਰਗਾ ਹੈ ਜੋ ਆਪਣੇ ਪੁੱਤਰ ਨੂੰ ਇਕ ਨਵੇਂ ਸਾਈਕਲ ਤੇ ਚੰਗੀ ਤਰ੍ਹਾਂ ਬਿਠਾ ਕੇ, ਸਾਈਕਲ ਨੂੰ ਧੱਕਾ ਦਿੰਦਾ ਹੈ ਤਾਂਕਿ ਮੁੰਡਾ ਉਸ ਨੂੰ ਸੜਕ ਤੇ ਚਲਾ ਸਕੇ। ਇਸ ਤੋਂ ਬਾਅਦ, ਪਿਤਾ ਇਕ ਪਾਸੇ ਹੋ ਜਾਂਦਾ ਹੈ। ਮੁੰਡਾ ਹੁਣ, ਭਾਵੇਂ ਡਿਗੇ ਜਾਂ ਨਾ ਡਿਗੇ, ਉਹ ਇਕੱਲਾ ਹੈ। ਜੋ ਵੀ ਹੋਵੇ, ਮਾਮਲਾ ਹੁਣ ਪਿਤਾ ਦੇ ਹੱਥਾਂ ਵਿਚ ਨਹੀਂ ਹੈ।
2 ਇਕ ਹੋਰ ਵਿਚਾਰ ਇਹ ਹੈ ਕਿ ਪਰਮੇਸ਼ੁਰ ਸਾਡੀਆਂ ਜ਼ਿੰਦਗੀਆਂ ਦੇ ਹਰੇਕ ਪਹਿਲੂ ਨੂੰ ਚੰਗੀ ਤਰ੍ਹਾਂ ਨਿਰਦੇਸ਼ਿਤ ਕਰ ਰਿਹਾ ਹੈ ਅਤੇ ਕਿ ਉਸ ਦੀ ਪੂਰੀ ਸ੍ਰਿਸ਼ਟੀ ਵਿਚ ਸਾਰੀਆਂ ਘਟਨਾਵਾਂ ਨਾਲ ਉਸ ਦਾ ਸਿੱਧੇ ਤੌਰ ਤੇ ਸੰਬੰਧ ਹੈ। ਲੇਕਿਨ, ਜੇਕਰ ਇਹ ਸੱਚ ਹੈ, ਤਾਂ ਕਈ ਲੋਕ ਸ਼ਾਇਦ ਇਹ ਸਿੱਟਾ ਕੱਢਣ ਕਿ ਪਰਮੇਸ਼ੁਰ ਸਿਰਫ਼ ਚੰਗੀਆਂ ਚੀਜ਼ਾਂ ਨੂੰ ਹੀ ਨਹੀਂ ਬਲਕਿ ਮਨੁੱਖਜਾਤੀ ਨੂੰ ਦੁਖੀ ਕਰਨ ਵਾਲਿਆਂ ਅਪਰਾਧਾਂ ਅਤੇ ਬਿਪਤਾਵਾਂ ਨੂੰ ਵੀ ਲਿਆਉਂਦਾ ਹੈ। ਪਰਮੇਸ਼ੁਰ ਦੇ ਵਰਤਾਉ ਬਾਰੇ ਸੱਚਾਈ ਸਾਨੂੰ ਇਹ ਜਾਣਨ ਵਿਚ ਮਦਦ ਦੇਵੇਗੀ ਕਿ ਅਸੀਂ ਉਸ ਤੋਂ ਕਿਸ ਚੀਜ਼ ਦੀ ਆਸ ਰੱਖ ਸਕਦੇ ਹਾਂ। ਇਹ ਸਾਡੀ ਨਿਹਚਾ ਨੂੰ ਵੀ ਮਜ਼ਬੂਤ ਕਰੇਗੀ ਕਿ ਉਸ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ।—ਇਬਰਾਨੀਆਂ 11:1.
3. (ੳ) ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਮਕਸਦ ਵਾਲਾ ਪਰਮੇਸ਼ੁਰ ਹੈ? (ਅ) ਇਸ ਤਰ੍ਹਾਂ ਕਿਉਂ ਕਿਹਾ ਜਾਂਦਾ ਹੈ ਕਿ ਯਹੋਵਾਹ ਆਪਣੇ ਮਕਸਦ ਦਾ ‘ਉਪਾਓ ਕਰਦਾ’ ਹੈ ਅਤੇ ਉਸ ਨੂੰ ‘ਤਿਆਰ ਕਰਦਾ’ ਹੈ?
3 ਮਾਨਵੀ ਮਾਮਲਿਆਂ ਨਾਲ ਪਰਮੇਸ਼ੁਰ ਦੇ ਸੰਬੰਧ ਦੀ ਗੱਲ ਵਿਚ ਇਹ ਅਸਲੀਅਤ ਸ਼ਾਮਲ ਹੈ ਕਿ ਯਹੋਵਾਹ ਮਕਸਦ ਵਾਲਾ ਪਰਮੇਸ਼ੁਰ ਹੈ। ਇਸ ਦਾ ਸੰਕੇਤ ਉਸ ਦੇ ਨਾਂ ਵਿਚ ਮਿਲਦਾ ਹੈ। “ਯਹੋਵਾਹ” ਦਾ ਮਤਲਬ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ।” ਪ੍ਰਗਤੀਸ਼ੀਲ ਕੰਮਾਂ ਰਾਹੀਂ, ਯਹੋਵਾਹ ਆਪਣੇ ਆਪ ਨੂੰ ਆਪਣਿਆਂ ਸਾਰਿਆਂ ਵਾਅਦਿਆਂ ਦਾ ਨਿਭਾਉਣ ਵਾਲਾ ਬਣਾਉਂਦਾ ਹੈ। ਇਸ ਲਈ, ਕਿਹਾ ਜਾਂਦਾ ਹੈ ਕਿ ਯਹੋਵਾਹ ਭਵਿੱਖ ਦੀਆਂ ਘਟਨਾਵਾਂ ਜਾਂ ਕੰਮਾਂ ਦੇ ਸੰਬੰਧ ਵਿਚ ਆਪਣੇ ਮਕਸਦ ਦਾ ‘ਉਪਾਓ ਕਰਦਾ’ ਹੈ ਜਾਂ ਉਸ ਨੂੰ ਤਿਆਰ ਕਰਦਾ ਹੈ। (2 ਰਾਜਿਆਂ 19:25; ਯਸਾਯਾਹ 46:11) ਇਹ ਸ਼ਬਦ ਇਬਰਾਨੀ ਸ਼ਬਦ ਯਾਟਸਾਰ ਤੋਂ ਹਨ, ਅਤੇ ਇਹ ਉਸ ਸ਼ਬਦ ਨਾਲ ਸੰਬੰਧ ਰੱਖਦੇ ਹਨ ਜਿਸ ਦਾ ਅਰਥ “ਘੁਮਿਆਰ” ਹੈ। (ਯਿਰਮਿਯਾਹ 18:4) ਜਿਸ ਤਰ੍ਹਾਂ ਇਕ ਮਾਹਰ ਘੁਮਿਆਰ ਚਿਕਣੀ ਮਿੱਟੀ ਦੇ ਪੇੜੇ ਨੂੰ ਤਿਆਰ ਕਰ ਕੇ ਇਕ ਸੋਹਣਾ ਬਰਤਨ ਬਣਾ ਸਕਦਾ ਹੈ, ਉਸੇ ਤਰ੍ਹਾਂ ਯਹੋਵਾਹ ਵੀ ਆਪਣੀ ਇੱਛਾ ਪੂਰੀ ਕਰਨ ਲਈ ਹਾਲਾਤਾਂ ਨੂੰ ਢਾਲ਼ ਜਾਂ ਨਿਰਦੇਸ਼ਿਤ ਕਰ ਸਕਦਾ ਹੈ।—ਅਫ਼ਸੀਆਂ 1:11.
4. ਪਰਮੇਸ਼ੁਰ ਨੇ ਮਨੁੱਖਾਂ ਦੇ ਵਸਣ ਵਾਸਤੇ ਧਰਤੀ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਸੀ?
4 ਮਿਸਾਲ ਲਈ, ਪਰਮੇਸ਼ੁਰ ਦਾ ਇਹ ਮਕਸਦ ਸੀ ਕਿ ਧਰਤੀ ਉੱਤਮ ਸੁੰਦਰਤਾ ਦੀ ਜਗ੍ਹਾ ਹੋਵੇ ਜਿਸ ਵਿਚ ਸੰਪੂਰਣ, ਆਗਿਆਕਾਰ ਮਨੁੱਖ ਵਸਣ। (ਯਸਾਯਾਹ 45:18) ਪਹਿਲੇ ਆਦਮੀ ਅਤੇ ਔਰਤ ਨੂੰ ਬਣਾਉਣ ਤੋਂ ਬਹੁਤ ਚਿਰ ਪਹਿਲਾਂ ਯਹੋਵਾਹ ਨੇ ਉਨ੍ਹਾਂ ਲਈ ਪ੍ਰੇਮਪੂਰਣ ਤਿਆਰੀ ਕੀਤੀ। ਉਤਪਤ ਦੀ ਕਿਤਾਬ ਦੇ ਪਹਿਲੇ ਅਧਿਆਇ ਦੱਸਦੇ ਹਨ ਕਿ ਯਹੋਵਾਹ ਨੇ ਦਿਨ ਅਤੇ ਰਾਤ ਨਾਲੇ ਧਰਤੀ ਅਤੇ ਸਮੁੰਦਰ ਕਿਸ ਤਰ੍ਹਾਂ ਸਥਾਪਿਤ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਸਾਗ-ਪੱਤ ਅਤੇ ਜਾਨਵਰ ਬਣਾਏ। ਮਨੁੱਖਾਂ ਦੇ ਵਸਣ ਵਾਸਤੇ ਧਰਤੀ ਦੀ ਇਸ ਤਿਆਰੀ ਵਿਚ ਹਜ਼ਾਰਾਂ ਹੀ ਸਾਲ ਲੱਗੇ ਸਨ। ਇਹ ਕੰਮ ਸਫ਼ਲਤਾ ਨਾਲ ਪੂਰਾ ਕੀਤਾ ਗਿਆ ਸੀ। ਪਹਿਲੇ ਆਦਮੀ ਅਤੇ ਔਰਤ ਨੇ ਅਦਨ ਵਿਚ ਆਪਣੀਆਂ ਜ਼ਿੰਦਗੀਆਂ ਸ਼ੁਰੂ ਕੀਤੀਆਂ, ਜੋ ਇਕ ਸੁਖਦਾਈ ਫਿਰਦੌਸ ਸੀ, ਜਿਸ ਵਿਚ ਪੂਰਾ ਪ੍ਰਬੰਧ ਕੀਤਾ ਗਿਆ ਸੀ ਤਾਂਕਿ ਉਹ ਜੀਵਨ ਦਾ ਆਨੰਦ ਮਾਣ ਸਕਣ। (ਉਤਪਤ 1:31) ਇਸ ਤਰ੍ਹਾਂ ਯਹੋਵਾਹ ਪ੍ਰਗਤੀਸ਼ੀਲ ਢੰਗ ਨਾਲ ਆਪਣੇ ਕੰਮਾਂ ਨੂੰ ਆਪਣੇ ਸ਼ਾਨਦਾਰ ਮਕਸਦ ਅਨੁਸਾਰ ਢਾਲ਼ਦਾ ਹੋਇਆ, ਧਰਤੀ ਦਿਆਂ ਮਾਮਲਿਆਂ ਵਿਚ ਸਿੱਧੇ ਰੂਪ ਵਿਚ ਕੁਝ ਕਰ ਰਿਹਾ ਸੀ। ਕੀ ਮਨੁੱਖੀ ਪਰਿਵਾਰ ਦੇ ਵਾਧੇ ਨਾਲ ਧਰਤੀ ਦਿਆਂ ਕੰਮਾਂ ਵਿਚ ਉਸ ਦਾ ਸੰਬੰਧ ਬਦਲਿਆ ਹੈ?
ਯਹੋਵਾਹ ਮਨੁੱਖਾਂ ਦੇ ਹਰ ਕੰਮ ਵਿਚ ਦਖ਼ਲ ਨਹੀਂ ਦਿੰਦਾ
5, 6. ਪਰਮੇਸ਼ੁਰ ਮਨੁੱਖਾਂ ਦੇ ਹਰ ਕੰਮ ਵਿਚ ਦਖ਼ਲ ਕਿਉਂ ਨਹੀਂ ਦਿੰਦਾ?
5 ਯਹੋਵਾਹ ਮਨੁੱਖਾਂ ਦਿਆਂ ਕੰਮਾਂ-ਕਾਰਾਂ ਦੀ ਹਰੇਕ ਗੱਲ ਨੂੰ ਨਿਰਦੇਸ਼ਿਤ ਅਤੇ ਕੰਟ੍ਰੋਲ ਨਹੀਂ ਕਰਦਾ, ਭਾਵੇਂ ਕਿ ਉਸ ਕੋਲ ਇਸ ਤਰ੍ਹਾਂ ਕਰਨ ਦੀ ਸ਼ਕਤੀ ਹੈ। ਇਸ ਦੇ ਕਈ ਕਾਰਨ ਹਨ। ਇਕ ਕਾਰਨ ਇਹ ਹੈ ਕਿ ਮਨੁੱਖ ਪਰਮੇਸ਼ੁਰ ਦੇ ਸਰੂਪ ਉੱਤੇ ਉਤਪੰਨ ਕੀਤੇ ਗਏ ਸਨ, ਇਸ ਲਈ ਉਨ੍ਹਾਂ ਕੋਲ ਸੁਤੰਤਰ ਇੱਛਾ ਹੈ, ਅਤੇ ਉਹ ਆਪਣੀ ਮਰਜ਼ੀ ਅਨੁਸਾਰ ਚੱਲ ਸਕਦੇ ਹਨ। ਯਹੋਵਾਹ ਸਾਨੂੰ ਉਸ ਦੇ ਹੁਕਮ ਮੰਨਣ ਲਈ ਮਜਬੂਰ ਨਹੀਂ ਕਰਦਾ; ਨਾ ਹੀ ਅਸੀਂ ਕਠਪੁਤਲੀਆਂ ਹਾਂ। (ਬਿਵਸਥਾ ਸਾਰ 30:19, 20; ਯਹੋਸ਼ੁਆ 24:15) ਭਾਵੇਂ ਕਿ ਪਰਮੇਸ਼ੁਰ ਸਾਨੂੰ ਸਾਡੇ ਕੰਮਾਂ ਲਈ ਜਵਾਬਦੇਹ ਠਹਿਰਾਉਂਦਾ ਹੈ, ਉਸ ਨੇ ਪ੍ਰੇਮ ਨਾਲ ਸਾਨੂੰ ਇਹ ਫ਼ੈਸਲਾ ਕਰਨ ਵਿਚ ਕਾਫ਼ੀ ਆਜ਼ਾਦੀ ਦਿੱਤੀ ਹੈ ਕਿ ਅਸੀਂ ਆਪਣੇ ਜੀਵਨ ਕਿਸ ਤਰ੍ਹਾਂ ਗੁਜ਼ਾਰਾਂਗੇ।—ਰੋਮੀਆਂ 14:12; ਇਬਰਾਨੀਆਂ 4:13.
6 ਪਰਮੇਸ਼ੁਰ ਦਾ ਹਰੇਕ ਘਟਨਾ ਨੂੰ ਨਿਰਦੇਸ਼ਿਤ ਨਾ ਕਰਨ ਦਾ ਇਕ ਹੋਰ ਕਾਰਨ ਉਸ ਵਾਦ-ਵਿਸ਼ੇ ਨਾਲ ਸੰਬੰਧ ਰੱਖਦਾ ਹੈ ਜੋ ਸ਼ਤਾਨ ਨੇ ਅਦਨ ਵਿਚ ਖੜ੍ਹਾ ਕੀਤਾ ਸੀ। ਸ਼ਤਾਨ ਨੇ ਪਰਮੇਸ਼ੁਰ ਦੀ ਸਰਬਸੱਤਾ ਨੂੰ ਲਲਕਾਰਿਆ। ਉਸ ਨੇ ਹੱਵਾਹ ਨੂੰ ਅਜਿਹੀ ਚੀਜ਼ ਪੇਸ਼ ਕੀਤੀ ਜੋ ਆਜ਼ਾਦੀ ਦਾ ਮੌਕਾ ਲੱਗਦੀ ਸੀ—ਅਜਿਹੀ ਪੇਸ਼ਕਸ਼ ਜੋ ਉਸ ਨੇ ਅਤੇ ਬਾਅਦ ਵਿਚ ਉਸ ਦੇ ਪਤੀ, ਆਦਮ, ਨੇ ਸਵੀਕਾਰ ਕੀਤੀ। (ਉਤਪਤ 3:1-6) ਇਹ ਸਾਬਤ ਕਰਨ ਲਈ ਕਿ ਸ਼ਤਾਨ ਦੀ ਲਲਕਾਰ ਜਾਇਜ਼ ਸੀ ਕਿ ਨਹੀਂ, ਪਰਮੇਸ਼ੁਰ ਨੇ ਕੁਝ ਸਮੇਂ ਲਈ ਮਨੁੱਖਾਂ ਨੂੰ ਆਪਣੇ ਆਪ ਉੱਤੇ ਸ਼ਾਸਨ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਲਈ, ਲੋਕਾਂ ਦੇ ਗ਼ਲਤ ਕੰਮਾਂ ਦਾ ਦੋਸ਼ ਪਰਮੇਸ਼ੁਰ ਉੱਤੇ ਨਹੀਂ ਲਾਇਆ ਜਾ ਸਕਦਾ। ਮੂਸਾ ਨੇ ਬਾਗ਼ੀ ਲੋਕਾਂ ਬਾਰੇ ਲਿਖਿਆ: ‘ਓਹ ਵਿਗੜ ਗਏ ਹਨ, ਓਹ ਪਰਮੇਸ਼ੁਰ ਦੇ ਪੁੱਤ੍ਰ ਨਹੀਂ ਸਗੋਂ ਕਲੰਕ ਉਨ੍ਹਾਂ ਵਿਚ ਹੈ।’—ਬਿਵਸਥਾ ਸਾਰ 32:5.
7. ਧਰਤੀ ਅਤੇ ਮਨੁੱਖਜਾਤੀ ਲਈ ਯਹੋਵਾਹ ਦਾ ਕੀ ਮਕਸਦ ਹੈ?
7 ਫਿਰ ਵੀ, ਭਾਵੇਂ ਯਹੋਵਾਹ ਨੇ ਮਨੁੱਖਾਂ ਨੂੰ ਆਪਣੀ ਮਰਜ਼ੀ ਕਰਨ ਦਿੱਤੀ ਹੈ ਅਤੇ ਉਸ ਤੋਂ ਆਜ਼ਾਦ ਹਕੂਮਤ ਕਰਨ ਲਈ ਜਤਨ ਕਰਨ ਦਿੱਤੇ ਹਨ, ਉਸ ਨੇ ਧਰਤੀ ਦਿਆਂ ਮਾਮਲਿਆਂ ਦੇ ਸੰਬੰਧ ਵਿਚ ਦਖ਼ਲ ਨਾ ਦੇਣ ਦਾ ਫ਼ੈਸਲਾ ਨਹੀਂ ਕੀਤਾ। ਅਜਿਹੇ ਫ਼ੈਸਲੇ ਨਾਲ ਸਾਡੇ ਕੋਲ ਕੋਈ ਉਮੀਦ ਨਾ ਹੁੰਦੀ ਕਿ ਉਹ ਆਪਣੇ ਵਾਅਦੇ ਨਿਭਾਵੇਗਾ। ਭਾਵੇਂ ਕਿ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀ ਸਰਬਸੱਤਾ ਵਿਰੁੱਧ ਬਗਾਵਤ ਕੀਤੀ ਸੀ, ਯਹੋਵਾਹ ਨੇ ਧਰਤੀ ਅਤੇ ਮਨੁੱਖਜਾਤੀ ਲਈ ਆਪਣਾ ਪ੍ਰੇਮਪੂਰਣ ਮਕਸਦ ਨਹੀਂ ਬਦਲਿਆ। ਉਹ ਧਰਤੀ ਨੂੰ ਫਿਰਦੌਸ ਵਿਚ ਜ਼ਰੂਰ ਬਦਲੇਗਾ ਜੋ ਕਿ ਸੰਪੂਰਣ, ਆਗਿਆਕਾਰ, ਅਤੇ ਸੁਖੀ ਲੋਕਾਂ ਨਾਲ ਆਬਾਦ ਹੋਵੇਗੀ। (ਲੂਕਾ 23:42, 43) ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ ਬਾਈਬਲ ਵਰਣਨ ਕਰਦੀ ਹੈ ਕਿ ਯਹੋਵਾਹ ਉਸ ਮਕਸਦ ਨੂੰ ਪੂਰਾ ਕਰਨ ਲਈ ਕਿਸ ਤਰ੍ਹਾਂ ਪ੍ਰਗਤੀਸ਼ੀਲ ਢੰਗ ਨਾਲ ਕੰਮ ਕਰਦਾ ਆਇਆ ਹੈ।
ਪਰਮੇਸ਼ੁਰ ਆਪਣੀ ਇੱਛਾ ਪੂਰੀ ਕਰਨ ਵਾਸਤੇ ਕੁਝ ਕਰਦਾ ਹੈ
8. ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਤਕ ਪਹੁੰਚਾਉਣ ਵਿਚ ਕੀ-ਕੀ ਸ਼ਾਮਲ ਸੀ?
8 ਇਸਰਾਏਲ ਦੀ ਕੌਮ ਨਾਲ ਆਪਣੇ ਵਰਤਾਉ ਦੁਆਰਾ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਆਪਣਾ ਮਕਸਦ ਪੂਰਾ ਕਰੇਗਾ। ਮਿਸਾਲ ਲਈ, ਯਹੋਵਾਹ ਨੇ ਮੂਸਾ ਨੂੰ ਭਰੋਸਾ ਦਿੱਤਾ ਕਿ ਉਹ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਵੇਗਾ, ਅਜਿਹਾ ਦੇਸ਼ ਜਿੱਥੇ ਦੁੱਧ ਅਤੇ ਸ਼ਹਿਤ ਵੱਗਦਾ ਹੈ। (ਕੂਚ 3:8) ਇਹ ਇਕ ਬਹੁਤ ਹੀ ਮਹੱਤਵਪੂਰਣ ਘੋਸ਼ਣਾ ਸੀ ਜਿਸ ਵਿਚ ਉਹ ਭਰੋਸਾ ਰੱਖ ਸਕਦੇ ਸਨ। ਇਸ ਘੋਸ਼ਣਾ ਵਿਚ ਤੀਹ ਕੁ ਲੱਖ ਇਸਰਾਏਲੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਗਿਣਤੀ ਨੂੰ ਉਸ ਤਾਕਤਵਰ ਕੌਮ ਤੋਂ ਛੁਡਾਉਣਾ ਸ਼ਾਮਲ ਸੀ ਜੋ ਮਿਸਰ ਤੋਂ ਉਨ੍ਹਾਂ ਦੇ ਜਾਣ ਦਾ ਸਖ਼ਤੀ ਨਾਲ ਵਿਰੁੱਧ ਕਰਦੀ ਸੀ। (ਕੂਚ 3:19) ਜਿਸ ਦੇਸ਼ ਵਿਚ ਉਨ੍ਹਾਂ ਨੂੰ ਲਿਆਇਆ ਜਾਣਾ ਸੀ, ਉਸ ਵਿਚ ਸ਼ਕਤੀਸ਼ਾਲੀ ਕੌਮਾਂ ਵੱਸਦੀਆਂ ਸਨ ਜੋ ਉਨ੍ਹਾਂ ਦੇ ਉਸ ਦੇਸ਼ ਵਿਚ ਆਉਣ ਦਾ ਸਖ਼ਤੀ ਨਾਲ ਵਿਰੁੱਧ ਕਰਨਗੀਆਂ। (ਬਿਵਸਥਾ ਸਾਰ 7:1) ਦੋਹਾਂ ਥਾਂਵਾਂ ਦੇ ਵਿਚਾਲੇ ਇਕ ਉਜਾੜ ਸੀ ਜਿੱਥੇ ਇਸਰਾਏਲੀਆਂ ਨੂੰ ਰੋਟੀ-ਪਾਣੀ ਦੀ ਲੋੜ ਪੈਣੀ ਸੀ। ਇਨ੍ਹਾਂ ਹਾਲਾਤਾਂ ਨੇ ਯਹੋਵਾਹ ਨੂੰ ਆਪਣੀ ਉੱਚਤਮ ਸ਼ਕਤੀ ਅਤੇ ਖ਼ੁਦਾਈ ਪ੍ਰਗਟ ਕਰਨ ਦਾ ਮੌਕਾ ਦਿੱਤਾ।—ਲੇਵੀਆਂ 25:38.
9, 10. (ੳ) ਯਹੋਸ਼ੁਆ ਕਿਉਂ ਗਵਾਹੀ ਦੇ ਸਕਦਾ ਸੀ ਕਿ ਪਰਮੇਸ਼ੁਰ ਦੇ ਵਾਅਦੇ ਭਰੋਸੇਯੋਗ ਹਨ? (ਅ) ਆਪਣੇ ਵਫ਼ਾਦਾਰ ਸੇਵਕਾਂ ਨੂੰ ਬਰਕਤ ਦੇਣ ਦੀ ਪਰਮੇਸ਼ੁਰ ਦੀ ਯੋਗਤਾ ਵਿਚ ਭਰੋਸਾ ਰੱਖਣਾ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ?
9 ਪਰਮੇਸ਼ੁਰ ਨੇ ਕਈਆਂ ਸ਼ਕਤੀਸ਼ਾਲੀ ਕੰਮਾਂ ਰਾਹੀਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢਿਆ। ਸਭ ਤੋਂ ਪਹਿਲਾਂ, ਉਸ ਨੇ ਮਿਸਰੀਆਂ ਉੱਤੇ ਦੱਸ ਤਬਾਹਕੁਨ ਬਿਪਤਾਵਾਂ ਲਿਆਂਦੀਆਂ। ਫਿਰ, ਉਸ ਨੇ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡਿਆ, ਜਿਸ ਨੇ ਇਸਰਾਏਲੀਆਂ ਨੂੰ ਬਚ ਨਿਕਲਣ ਦਾ ਮੌਕਾ ਦਿੱਤਾ ਜਦ ਕਿ ਉਨ੍ਹਾਂ ਦੇ ਪਿੱਛੇ ਆ ਰਹੀ ਮਿਸਰੀ ਫ਼ੌਜ ਤਬਾਹ ਹੋ ਗਈ। (ਜ਼ਬੂਰ 78:12, 13, 43-51) ਇਸ ਤੋਂ ਬਾਅਦ, ਉਜਾੜ ਵਿਚ 40 ਸਾਲਾਂ ਦੇ ਦੌਰਾਨ ਉਸ ਨੇ ਇਸਰਾਏਲੀਆਂ ਦੀ ਦੇਖ-ਭਾਲ ਕੀਤੀ, ਉਨ੍ਹਾਂ ਨੂੰ ਮੰਨ ਖਿਲਾਇਆ, ਉਨ੍ਹਾਂ ਲਈ ਪਾਣੀ ਦਾ ਪ੍ਰਬੰਧ ਕੀਤਾ, ਇੱਥੋਂ ਤਕ ਕਿ ਉਸ ਨੇ ਇਹ ਵੀ ਧਿਆਨ ਰੱਖਿਆ ਕਿ ਉਨ੍ਹਾਂ ਦੇ ਉਪਰਲੇ ਬਸਤਰ ਨਾ ਹੰਢਣ ਅਤੇ ਉਨ੍ਹਾਂ ਦੇ ਪੈਰ ਨਾ ਸੁੱਜਣ। (ਬਿਵਸਥਾ ਸਾਰ 8:3, 4) ਇਸਰਾਏਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਆਉਣ ਤੋਂ ਬਾਅਦ, ਯਹੋਵਾਹ ਨੇ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ। ਯਹੋਸ਼ੁਆ ਇਨ੍ਹਾਂ ਸਾਰੀਆਂ ਗੱਲਾਂ ਦਾ ਇਕ ਚਸ਼ਮਦੀਦ ਗਵਾਹ ਸੀ, ਅਤੇ ਉਸ ਨੇ ਯਹੋਵਾਹ ਦਿਆਂ ਵਾਅਦਿਆਂ ਵਿਚ ਪੱਕੀ ਨਿਹਚਾ ਰੱਖੀ ਸੀ। ਇਸ ਲਈ, ਉਹ ਆਪਣੇ ਦਿਨ ਦੇ ਸਿਆਣੇ ਆਦਮੀਆਂ ਨੂੰ ਭਰੋਸੇ ਨਾਲ ਕਹਿ ਸਕਦਾ ਸੀ ਕਿ “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ।”—ਯਹੋਸ਼ੁਆ 23:14.
10 ਪ੍ਰਾਚੀਨ ਸਮੇਂ ਦੇ ਯਹੋਸ਼ੁਆ ਵਾਂਗ, ਅੱਜ ਦੇ ਮਸੀਹੀਆਂ ਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਆਪਣੇ ਸੇਵਕਾਂ ਲਈ ਕੁਝ ਕਰਨਾ ਚਾਹੁੰਦਾ ਹੈ ਅਤੇ ਉਹ ਕਰਨ ਦੇ ਯੋਗ ਵੀ ਹੈ। ਇਹ ਵਿਸ਼ਵਾਸ ਸਾਡੀ ਨਿਹਚਾ ਦਾ ਇਕ ਮਹੱਤਵਪੂਰਣ ਹਿੱਸਾ ਹੈ। ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ . . . ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.
ਪਰਮੇਸ਼ੁਰ ਪਹਿਲਾਂ ਹੀ ਭਵਿੱਖ ਜਾਣ ਲੈਂਦਾ ਹੈ
11. ਕਿਹੜੀਆਂ ਗੱਲਾਂ ਪਰਮੇਸ਼ੁਰ ਲਈ ਆਪਣੇ ਵਾਅਦੇ ਪੂਰੇ ਕਰਨੇ ਸੰਭਵ ਬਣਾਉਂਦੀਆਂ ਹਨ?
11 ਹੁਣ ਤਕ, ਅਸੀਂ ਦੇਖਿਆ ਹੈ ਕਿ ਭਾਵੇਂ ਪਰਮੇਸ਼ੁਰ ਮਨੁੱਖਾਂ ਨੂੰ ਆਪਣੀ ਮਰਜ਼ੀ ਕਰਨ ਅਤੇ ਉਸ ਤੋਂ ਆਜ਼ਾਦ ਮਾਨਵੀ ਹਕੂਮਤ ਸਥਾਪਿਤ ਕਰਨ ਦਿੰਦਾ ਹੈ, ਉਸ ਕੋਲ ਆਪਣਾ ਮਕਸਦ ਪੂਰਾ ਕਰਨ ਲਈ ਸ਼ਕਤੀ ਅਤੇ ਇੱਛਾ ਵੀ ਹੈ। ਲੇਕਿਨ, ਇਕ ਹੋਰ ਗੱਲ ਹੈ ਜੋ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਵਿਚ ਹਿੱਸਾ ਲੈਂਦੀ ਹੈ। ਯਹੋਵਾਹ ਪਹਿਲਾਂ ਹੀ ਭਵਿੱਖ ਬਾਰੇ ਜਾਣ ਸਕਦਾ ਹੈ। (ਯਸਾਯਾਹ 42:9) ਆਪਣੇ ਨਬੀ ਰਾਹੀਂ, ਪਰਮੇਸ਼ੁਰ ਨੇ ਕਿਹਾ: ‘ਪੁਰਾਣੇ ਸਮੇਂ ਦੀਆਂ ਪਹਿਲੀਆਂ ਗੱਲਾਂ ਨੂੰ ਚੇਤੇ ਰੱਖੋ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ। ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।’ (ਯਸਾਯਾਹ 46:9, 10) ਇਕ ਤਜਰਬੇਕਾਰ ਕਿਸਾਨ ਜਾਣਦਾ ਹੈ ਕਿ ਕਦੋਂ ਅਤੇ ਕਿੱਥੇ ਬੀ ਬੀਜਣੇ ਹਨ, ਪਰ ਫਿਰ ਵੀ ਉਸ ਨੂੰ ਸ਼ਾਇਦ ਪੱਕਾ ਪਤਾ ਨਾ ਹੋਵੇ ਕਿ ਚੀਜ਼ਾਂ ਕਿਸ ਤਰ੍ਹਾਂ ਵਧਣਗੀਆਂ। ਲੇਕਿਨ ‘ਸਦੀਵਤਾ ਦੇ ਰਾਜੇ’ ਕੋਲ ਸਹੀ ਗਿਆਨ ਹੈ ਇਸ ਲਈ ਉਹ ਐਨ ਜਾਣ ਸਕਦਾ ਹੈ ਕਿ ਆਪਣਾ ਮਕਸਦ ਪੂਰਾ ਕਰਨ ਲਈ ਉਸ ਨੂੰ ਕਦੋਂ ਅਤੇ ਕਿੱਥੇ ਕਾਰਵਾਈ ਕਰਨੀ ਚਾਹੀਦੀ ਹੈ।—1 ਤਿਮੋਥਿਉਸ 1:17, ਨਿ ਵ.
12. ਨੂਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਭਵਿੱਖ ਨੂੰ ਜਾਣਨ ਦੀ ਯੋਗਤਾ ਕਿਸ ਤਰੀਕੇ ਵਿਚ ਵਰਤੀ?
12 ਧਿਆਨ ਦਿਓ ਕਿ ਪਰਮੇਸ਼ੁਰ ਨੇ ਨੂਹ ਦੇ ਦਿਨਾਂ ਵਿਚ ਭਵਿੱਖ ਨੂੰ ਜਾਣਨ ਦੀ ਸ਼ਕਤੀ ਕਿਸ ਤਰ੍ਹਾਂ ਵਰਤੀ। ਸਾਰੀ ਧਰਤੀ ਉੱਤੇ ਫੈਲੀ ਦੁਸ਼ਟਤਾ ਕਾਰਨ, ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਉਹ ਅਵੱਗਿਆਕਾਰ ਮਨੁੱਖਜਾਤੀ ਨੂੰ ਖ਼ਤਮ ਕਰੇਗਾ। ਉਸ ਨੇ ਇਸ ਤਰ੍ਹਾਂ ਕਰਨ ਲਈ ਇਕ ਸਮਾਂ ਨਿਸ਼ਚਿਤ ਕੀਤਾ, ਜੋ ਭਵਿੱਖ ਵਿਚ 120 ਸਾਲ ਬਾਅਦ ਆਉਣਾ ਸੀ। (ਉਤਪਤ 6:3) ਇਸ ਪੱਕੇ ਸਮੇਂ ਨੂੰ ਨਿਸ਼ਚਿਤ ਕਰਨ ਵਿਚ, ਯਹੋਵਾਹ ਨੇ ਸਿਰਫ਼ ਉਨ੍ਹਾਂ ਦੁਸ਼ਟ ਲੋਕਾਂ ਦੇ ਨਾਸ਼ ਨੂੰ ਹੀ ਨਹੀਂ ਧਿਆਨ ਵਿਚ ਰੱਖਿਆ, ਜੋ ਕਿ ਉਹ ਜਦੋਂ ਮਰਜ਼ੀ ਕਰ ਸਕਦਾ ਸੀ। ਪਰ ਯਹੋਵਾਹ ਦੇ ਨਿਸ਼ਚਿਤ ਸਮੇਂ ਵਿਚ ਨੇਕ ਲੋਕਾਂ ਦੇ ਬਚਾਉ ਦਾ ਵੀ ਪ੍ਰਬੰਧ ਕੀਤਾ ਗਿਆ ਸੀ। (ਉਤਪਤ 5:29 ਦੀ ਤੁਲਨਾ ਕਰੋ।) ਪਰਮੇਸ਼ੁਰ ਆਪਣੀ ਬੁੱਧ ਕਰਕੇ, ਪਹਿਲਾਂ ਹੀ ਜਾਣਦਾ ਸੀ ਕਿ ਅੰਤ ਤਕ ਲੈ ਜਾਣ ਵਾਲਾ ਉਹ ਕੰਮ ਕਦੋਂ ਕੀਤਾ ਜਾਣਾ ਚਾਹੀਦਾ ਸੀ। ਉਸ ਨੇ ਨੂਹ ਨੂੰ ਚੋਖੇ ਵੇਰਵਿਆਂ ਦੀ ਜਾਣਕਾਰੀ ਦਿੱਤੀ। ਨੂਹ ਨੇ “ਆਪਣੇ ਘਰ ਦੇ ਬਚਾਉ ਲਈ” ਕਿਸ਼ਤੀ ਬਣਾਉਣੀ ਸੀ ਅਤੇ ਦੁਸ਼ਟ ਲੋਕਾਂ ਨੂੰ ਵਿਸ਼ਵ-ਵਿਆਪੀ ਜਲ-ਪਰਲੋ ਦੁਆਰਾ ਖ਼ਤਮ ਕੀਤਾ ਜਾਣਾ ਸੀ।—ਇਬਰਾਨੀਆਂ 11:7; ਉਤਪਤ 6:13, 14, 18, 19.
ਉਸਾਰੀ ਦਾ ਬਹੁਤ ਵੱਡਾ ਕੰਮ
13, 14. ਕਿਸ਼ਤੀ ਉਸਾਰਨ ਦਾ ਕੰਮ ਮੁਸ਼ਕਲ ਕਿਉਂ ਸੀ?
13 ਇਸ ਕੰਮ ਨੂੰ ਨੂਹ ਦੇ ਨਜ਼ਰੀਏ ਤੋਂ ਦੇਖੋ। ਕਿਉਂਕਿ ਨੂਹ ਰੱਬ ਦਾ ਬੰਦਾ ਸੀ ਉਹ ਜਾਣਦਾ ਸੀ ਕਿ ਯਹੋਵਾਹ ਅਧਰਮੀ ਲੋਕਾਂ ਨੂੰ ਖ਼ਤਮ ਕਰ ਸਕਦਾ ਸੀ। ਲੇਕਿਨ, ਇਸ ਤਰ੍ਹਾਂ ਹੋਣ ਤੋਂ ਪਹਿਲਾਂ, ਬਹੁਤ ਕੰਮ ਕਰਨ ਵਾਲਾ ਸੀ—ਅਜਿਹਾ ਕੰਮ ਜਿਸ ਲਈ ਨਿਹਚਾ ਦੀ ਜ਼ਰੂਰਤ ਸੀ। ਕਿਸ਼ਤੀ ਦੀ ਉਸਾਰੀ ਦਾ ਕੰਮ ਬਹੁਤ ਵੱਡਾ ਹੋਣਾ ਸੀ। ਪਰਮੇਸ਼ੁਰ ਨੇ ਇਸ ਦਾ ਮਾਪ ਸਹੀ-ਸਹੀ ਦੱਸਿਆ ਸੀ। ਕਿਸ਼ਤੀ ਅੱਜ-ਕੱਲ੍ਹ ਦੇ ਕੁਝ ਖੇਡ-ਮੈਦਾਨਾਂ ਨਾਲੋਂ ਲੰਬੀ ਅਤੇ ਪੰਜ-ਮੰਜ਼ਲ ਮਕਾਨ ਜਿੰਨੀ ਉੱਚੀ ਹੋਣੀ ਸੀ। (ਉਤਪਤ 6:15) ਇਸ ਨੂੰ ਥੋੜ੍ਹੇ ਜਿਹਿਆਂ ਨਾਤਜਰਬੇਕਾਰ ਬੰਦਿਆਂ ਨੇ ਬਣਾਉਣਾ ਸੀ। ਉਨ੍ਹਾਂ ਕੋਲ ਅੱਜ-ਕੱਲ੍ਹ ਦੇ ਵਧੀਆ-ਤੋਂ-ਵਧੀਆ ਔਜ਼ਾਰ ਅਤੇ ਸਾਜ਼-ਸਾਮਾਨ ਨਹੀਂ ਹੋਣੇ ਸਨ। ਇਸ ਤੋਂ ਇਲਾਵਾ, ਕਿਉਂ ਜੋ ਨੂਹ ਕੋਲ ਯਹੋਵਾਹ ਵਾਂਗ ਭਵਿੱਖ ਬਾਰੇ ਪਹਿਲਾਂ ਜਾਣਨ ਦੀ ਯੋਗਤਾ ਨਹੀਂ ਸੀ, ਉਹ ਇਹ ਨਹੀਂ ਜਾਣ ਸਕਦਾ ਸੀ ਕਿ ਸਾਲਾਂ ਦੌਰਾਨ ਕਿਹੜੇ ਹਾਲਾਤ ਆਉਣਗੇ ਜਿਨ੍ਹਾਂ ਦੇ ਕਾਰਨ ਜਾਂ ਤਾਂ ਉਸਾਰੀ ਦਾ ਕੰਮ ਅੱਗੇ ਵਧੇਗਾ ਜਾਂ ਉਸ ਵਿਚ ਰੁਕਾਵਟ ਪਵੇਗੀ। ਸੰਭਵ ਹੈ ਕਿ ਨੂਹ ਨੇ ਕਈਆਂ ਸਵਾਲਾਂ ਉੱਤੇ ਵਿਚਾਰ ਕੀਤਾ ਹੋਣਾ। ਉਸਾਰੀ ਵਾਸਤੇ ਸਾਰਾ ਸਮਾਨ ਕਿਸ ਤਰ੍ਹਾਂ ਜਮ੍ਹਾ ਕੀਤਾ ਜਾਵੇਗਾ? ਉਹ ਜਾਨਵਰਾਂ ਨੂੰ ਕਿਸ ਤਰ੍ਹਾਂ ਇਕੱਠਾ ਕਰੇਗਾ? ਕਿਸ ਤਰ੍ਹਾਂ ਦੇ ਖਾਣੇ ਦੀ ਲੋੜ ਪਵੇਗੀ ਅਤੇ ਕਿੰਨਾ ਕੁ ਚਾਹੀਦਾ ਹੋਵੇਗਾ? ਦੱਸੀ ਗਈ ਜਲ-ਪਰਲੋ ਠੀਕ-ਠੀਕ ਕਿਸ ਵੇਲੇ ਆਵੇਗੀ?
14 ਫਿਰ, ਸਮਾਜ ਦਿਆਂ ਹਾਲਾਤਾਂ ਬਾਰੇ ਵੀ ਸੋਚੋ। ਬੁਰਾਈ ਦੂਰ ਤਕ ਫੈਲੀ ਹੋਈ ਸੀ। ਦੁਸ਼ਟ ਦੂਤਾਂ ਅਤੇ ਔਰਤਾਂ ਦੀ ਦੁਜਾਤੀ ਸੰਤਾਨ, ਤਾਕਤਵਰ ਨੈਫ਼ਲਿਮ, ਨੇ ਧਰਤੀ ਨੂੰ ਜ਼ੁਲਮ ਨਾਲ ਭਰ ਦਿੱਤਾ ਸੀ। (ਉਤਪਤ 6:1-4, 13) ਇਸ ਤੋਂ ਇਲਾਵਾ, ਕਿਸ਼ਤੀ ਉਸਾਰਨ ਦਾ ਕੰਮ ਅਜਿਹਾ ਕੰਮ ਨਹੀਂ ਸੀ ਜੋ ਲੁਕੋ ਕੇ ਕੀਤਾ ਜਾ ਸਕਦਾ ਸੀ। ਲੋਕ ਨੂਹ ਨੂੰ ਪੁੱਛਣਗੇ ਕਿ ਉਹ ਕੀ ਕਰ ਰਿਹਾ ਸੀ, ਅਤੇ ਉਹ ਉਨ੍ਹਾਂ ਨੂੰ ਦੱਸੇਗਾ। (2 ਪਤਰਸ 2:5) ਕੀ ਉਨ੍ਹਾਂ ਤੋਂ ਹੱਲਾਸ਼ੇਰੀ ਦੀ ਆਸ ਰੱਖੀ ਜਾ ਸਕਦੀ ਸੀ? ਨਹੀਂ! ਕੁਝ ਸਾਲ ਪਹਿਲਾਂ, ਵਫ਼ਾਦਾਰ ਹਨੋਕ ਨੇ ਦੁਸ਼ਟ ਲੋਕਾਂ ਦੇ ਨਾਸ ਬਾਰੇ ਐਲਾਨ ਕੀਤਾ ਸੀ। ਉਨ੍ਹਾਂ ਨੂੰ ਉਸ ਦਾ ਸੰਦੇਸ਼ ਇੰਨਾ ਭੈੜਾ ਲੱਗਾ ਕਿ ਪਰਮੇਸ਼ੁਰ ਨੇ “ਉਸ ਨੂੰ ਲੈ ਲਿਆ,” ਯਾਨੀ ਕਿ ਉਸ ਦਾ ਜੀਵਨ ਘੱਟ ਕਰ ਦਿੱਤਾ। ਸਪੱਸ਼ਟ ਹੈ ਕਿ ਇਹ ਉਸ ਨੂੰ ਉਸ ਦੇ ਦੁਸ਼ਮਣਾਂ ਦੁਆਰਾ ਮਾਰੇ ਜਾਣ ਤੋਂ ਬਚਾਉਣ ਲਈ ਸੀ। (ਉਤਪਤ 5:24; ਇਬਰਾਨੀਆਂ 11:5; ਯਹੂਦਾਹ 14, 15) ਨੂਹ ਨੇ ਸਿਰਫ਼ ਅਜਿਹਾ ਸੰਦੇਸ਼ ਹੀ ਨਹੀਂ ਐਲਾਨ ਕਰਨ ਸੀ ਜਿਸ ਨੂੰ ਲੋਕ ਪਸੰਦ ਨਹੀਂ ਕਰਦੇ ਸਨ, ਬਲਕਿ ਉਸ ਨੇ ਇਕ ਕਿਸ਼ਤੀ ਵੀ ਬਣਾਉਣੀ ਸੀ। ਜਿਉਂ-ਜਿਉਂ ਉਹ ਕਿਸ਼ਤੀ ਬਣਾਈ ਜਾ ਰਹੀ ਸੀ, ਇਹ ਨੂਹ ਦੇ ਜ਼ਮਾਨੇ ਦੇ ਦੁਸ਼ਟ ਲੋਕਾਂ ਦੇ ਦਰਮਿਆਨ ਉਸ ਦੀ ਵਫ਼ਾਦਾਰੀ ਦਾ ਇਕ ਬਹੁਤ ਹੀ ਵੱਡਾ ਸਬੂਤ ਦਿੰਦਾ ਸੀ!
15. ਨੂਹ ਨੂੰ ਭਰੋਸਾ ਕਿਉਂ ਸੀ ਕਿ ਉਹ ਸੌਂਪਿਆ ਗਿਆ ਕੰਮ ਪੂਰਾ ਕਰ ਸਕਦਾ ਸੀ?
15 ਨੂਹ ਜਾਣਦਾ ਸੀ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਸਹਾਰਾ ਅਤੇ ਅਸੀਸ ਇਸ ਕੰਮ ਉੱਤੇ ਸੀ। ਕੀ ਯਹੋਵਾਹ ਨੇ ਇਹ ਕੰਮ ਉਸ ਨੂੰ ਖ਼ੁਦ ਨਹੀਂ ਸੀ ਦਿੱਤਾ? ਯਹੋਵਾਹ ਨੇ ਨੂਹ ਨੂੰ ਭਰੋਸਾ ਦਿੱਤਾ ਸੀ ਕਿ ਉਹ ਅਤੇ ਉਸ ਦਾ ਪਰਿਵਾਰ ਪੂਰੀ ਕੀਤੀ ਗਈ ਕਿਸ਼ਤੀ ਵਿਚ ਦਾਖ਼ਲ ਹੋਣਗੇ ਅਤੇ ਵਿਸ਼ਵ-ਵਿਆਪੀ ਜਲ-ਪਰਲੋ ਵਿੱਚੋਂ ਬਚਾਏ ਜਾਣਗੇ। ਪਰਮੇਸ਼ੁਰ ਨੇ ਵਾਅਦਾ ਕਰ ਕੇ ਇਸ ਗੱਲ ਨੂੰ ਹੋਰ ਵੀ ਪੱਕਾ ਕੀਤਾ। (ਉਤਪਤ 6:18, 19) ਸੰਭਵ ਹੈ ਕਿ ਨੂਹ ਸਮਝਦਾ ਸੀ ਕਿ ਯਹੋਵਾਹ ਨੇ ਉਸ ਨੂੰ ਇਹ ਕੰਮ ਸੌਂਪਣ ਤੋਂ ਪਹਿਲਾਂ ਇਸ ਵਿਚ ਸ਼ਾਮਲ ਸਾਰੀਆਂ ਗੱਲਾਂ ਨੂੰ ਪਹਿਲਾਂ ਹੀ ਜਾਣ ਲਿਆ ਸੀ ਅਤੇ ਉਨ੍ਹਾਂ ਦਾ ਅੰਦਾਜ਼ਾ ਲਾ ਲਿਆ ਸੀ। ਇਸ ਤੋਂ ਇਲਾਵਾ, ਨੂਹ ਇਹ ਵੀ ਜਾਣਦਾ ਸੀ ਕਿ ਜਦੋਂ ਲੋੜ ਪਵੇ ਯਹੋਵਾਹ ਆਪਣੀ ਸ਼ਕਤੀ ਨਾਲ ਉਸ ਦੀ ਮਦਦ ਕਰ ਸਕਦਾ ਸੀ। ਇਸ ਲਈ ਨੂਹ ਦੀ ਨਿਹਚਾ ਨੇ ਉਸ ਨੂੰ ਇਹ ਕੰਮ ਕਰਨ ਲਈ ਤਿਆਰ ਕੀਤਾ। ਨੂਹ ਨੂੰ ਆਪਣੀ ਸੰਤਾਨ ਅਬਰਾਹਾਮ ਵਾਂਗ, “ਪੱਕੀ ਨਿਹਚਾ ਸੀ ਭਈ ਜਿਹ ਦਾ [ਪਰਮੇਸ਼ੁਰ] ਨੇ ਬਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ।”—ਰੋਮੀਆਂ 4:21.
16. ਜਿਉਂ-ਜਿਉਂ ਕਿਸ਼ਤੀ ਦਾ ਕੰਮ ਜਾਰੀ ਰਿਹਾ, ਨੂਹ ਦੀ ਨਿਹਚਾ ਕਿਸ ਤਰ੍ਹਾਂ ਮਜ਼ਬੂਤ ਕੀਤੀ ਗਈ ਸੀ?
16 ਜਿਉਂ-ਜਿਉਂ ਸਾਲ ਬੀਤਦੇ ਗਏ ਅਤੇ ਕਿਸ਼ਤੀ ਉਸਾਰੀ ਜਾ ਰਹੀ ਸੀ, ਨੂਹ ਦੀ ਨਿਹਚਾ ਮਜ਼ਬੂਤ ਹੁੰਦੀ ਗਈ। ਉਸਾਰੀ ਅਤੇ ਹਿਸਾਬ-ਕਿਤਾਬ ਦੀਆਂ ਸਾਰੀਆਂ ਸਮੱਸਿਆਵਾਂ ਸੁਲਝਾਈਆਂ ਗਈਆਂ ਸਨ। ਅਜ਼ਮਾਇਸ਼ਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕੀਤਾ ਗਿਆ। ਕਿਸੇ ਤਰ੍ਹਾਂ ਦੀ ਵਿਰੋਧਤਾ ਇਸ ਕੰਮ ਨੂੰ ਨਹੀਂ ਰੋਕ ਸਕੀ ਸੀ। ਨੂਹ ਦੇ ਪਰਿਵਾਰ ਨੇ ਯਹੋਵਾਹ ਦੇ ਸਹਾਰੇ ਅਤੇ ਰੱਖਿਆ ਨੂੰ ਅਨੁਭਵ ਕੀਤਾ। ਜਿਉਂ-ਜਿਉਂ ਨੂਹ ਆਪਣੇ ਕੰਮ ਵਿਚ ਜਾਰੀ ਰਿਹਾ, ‘ਉਸ ਦੀ ਨਿਹਚਾ ਦੀ ਪਰੀਖਿਆ ਨੇ ਧੀਰਜ ਬਣਾਈ।’ (ਯਾਕੂਬ 1:2-4) ਆਖ਼ਰਕਾਰ, ਕਿਸ਼ਤੀ ਦਾ ਕੰਮ ਪੂਰਾ ਹੋਇਆ, ਜਲ-ਪਰਲੋ ਆਈ, ਅਤੇ ਨੂਹ ਅਤੇ ਉਸ ਦਾ ਪਰਿਵਾਰ ਬਚਾਏ ਗਏ। ਨੂਹ ਨੇ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਅਨੁਭਵ ਕੀਤੀ, ਜਿਵੇਂ ਬਾਅਦ ਵਿਚ ਯਹੋਸ਼ੁਆ ਨੇ ਵੀ ਕੀਤੀ ਸੀ। ਨੂਹ ਨੂੰ ਆਪਣੀ ਨਿਹਚਾ ਕਾਰਨ ਬਰਕਤ ਮਿਲੀ।
ਯਹੋਵਾਹ ਕੰਮ ਵਿਚ ਸਹਾਇਤਾ ਕਰਦਾ ਹੈ
17. ਸਾਡਾ ਸਮਾਂ ਨੂਹ ਦੇ ਸਮੇਂ ਸਮਾਨ ਕਿਸ ਤਰ੍ਹਾਂ ਹੈ?
17 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਡਾ ਸਮਾਂ ਨੂਹ ਦੇ ਸਮੇਂ ਸਮਾਨ ਹੋਵੇਗਾ। ਪਰਮੇਸ਼ੁਰ ਨੇ ਇਕ ਵਾਰ ਫਿਰ ਦੁਸ਼ਟ ਲੋਕਾਂ ਨੂੰ ਖ਼ਤਮ ਕਰਨਾ ਨਿਸ਼ਚਿਤ ਕੀਤਾ ਹੈ ਅਤੇ ਇਸ ਦਾ ਸਮਾਂ ਵੀ ਪੱਕਾ ਕੀਤਾ ਹੈ। (ਮੱਤੀ 24:36-39) ਉਸ ਨੇ ਨੇਕ ਲੋਕਾਂ ਦੇ ਬਚਾਉ ਲਈ ਵੀ ਤਿਆਰੀ ਕੀਤੀ ਹੈ। ਨੂਹ ਨੇ ਕਿਸ਼ਤੀ ਬਣਾਉਣੀ ਸੀ, ਪਰ ਅੱਜ ਪਰਮੇਸ਼ੁਰ ਦੇ ਸੇਵਕਾਂ ਨੇ ਯਹੋਵਾਹ ਦੇ ਮਕਸਦਾਂ ਬਾਰੇ ਪ੍ਰਚਾਰ ਕਰਨਾ ਹੈ, ਉਸ ਦਾ ਬਚਨ ਸਿਖਾਉਣਾ ਹੈ, ਅਤੇ ਚੇਲੇ ਬਣਾਉਣੇ ਹਨ।—ਮੱਤੀ 28:19.
18, 19. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਵਿਚ ਯਹੋਵਾਹ ਸਹਾਇਤਾ ਕਰਦਾ ਹੈ?
18 ਜੇਕਰ ਯਹੋਵਾਹ ਨੂਹ ਨੂੰ ਸਹਾਰਾ ਦੇਣ ਲਈ ਅਤੇ ਉਸ ਨੂੰ ਸੰਭਾਲਣ ਲਈ ਉਸ ਦੇ ਨਾਲ ਨਾ ਹੁੰਦਾ ਤਾਂ ਕਿਸ਼ਤੀ ਨਹੀਂ ਸੀ ਬਣਨੀ। (ਜ਼ਬੂਰ 127:1 ਦੀ ਤੁਲਨਾ ਕਰੋ।) ਇਸੇ ਤਰ੍ਹਾਂ, ਯਹੋਵਾਹ ਦੇ ਸਹਾਰੇ ਤੋਂ ਬਗੈਰ, ਸੱਚੀ ਮਸੀਹੀਅਤ ਦੀ ਸਫ਼ਲਤਾ ਤਾਂ ਇਕ ਪਾਸੇ ਰਹੀ, ਉਸ ਦਾ ਬਚਣਾ ਨਾਮੁਮਕਿਨ ਹੈ। ਇਹ ਗੱਲ ਪਹਿਲੀ ਸਦੀ ਦੇ ਗਮਲੀਏਲ ਦੁਆਰਾ ਪਛਾਣੀ ਗਈ ਸੀ। ਉਹ ਸ਼ਰਾ ਦਾ ਪੜ੍ਹਾਉਣ ਵਾਲਾ ਇਕ ਇੱਜ਼ਤਦਾਰ ਫ਼ਰੀਸੀ ਸੀ। ਜਦੋਂ ਯਹੂਦੀ ਮਹਾਸਭਾ ਰਸੂਲਾਂ ਨੂੰ ਖ਼ਤਮ ਕਰਨਾ ਚਾਹੁੰਦੀ ਸੀ, ਉਸ ਨੇ ਉਸ ਅਦਾਲਤ ਨੂੰ ਚੇਤਾਵਨੀ ਦਿੱਤੀ ਕਿ “ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ। ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ।”—ਰਸੂਲਾਂ ਦੇ ਕਰਤੱਬ 5:38, 39.
19 ਅੱਜ ਅਤੇ ਪਹਿਲੀ ਸਦੀ ਵਿਚ ਪ੍ਰਚਾਰ ਦੇ ਕੰਮ ਦੀ ਸਫ਼ਲਤਾ ਨੇ ਸਾਬਤ ਕੀਤਾ ਕਿ ਇਹ ਕੰਮ ਆਦਮੀਆਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੈ। ਅਗਲਾ ਲੇਖ ਉਨ੍ਹਾਂ ਕੁਝ ਉਤੇਜਕ ਹਾਲਾਤਾਂ ਅਤੇ ਤਰੱਕੀਆਂ ਬਾਰੇ ਚਰਚਾ ਕਰੇਗਾ ਜਿਨ੍ਹਾਂ ਨੇ ਇਸ ਕੰਮ ਨੂੰ ਅਜਿਹੇ ਵੱਡੇ ਪੈਮਾਨੇ ਤੇ ਇੰਨਾ ਸਫ਼ਲ ਬਣਾਇਆ ਹੈ।
ਕਦੀ ਵੀ ਹੌਸਲਾ ਨਾ ਹਾਰੋ!
20. ਜਿਉਂ-ਜਿਉਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਸਾਨੂੰ ਕੌਣ-ਕੌਣ ਸਹਾਰਾ ਦਿੰਦਾ ਹੈ?
20 ਭਾਵੇਂ ਕਿ ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ, ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਸਭ ਕੁਝ ਪੂਰੀ ਤਰ੍ਹਾਂ ਯਹੋਵਾਹ ਦੇ ਵੱਸ ਵਿਚ ਹੈ। ਉਹ ਆਪਣੇ ਲੋਕਾਂ ਨੂੰ ਸਹਾਰਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਸੰਭਾਲਦਾ ਹੈ ਜਿਉਂ-ਜਿਉਂ ਉਹ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਪਹਿਲਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਅੰਤ ਪਰਮੇਸ਼ੁਰ ਦੇ ਨਿਯੁਕਤ ਕੀਤੇ ਗਏ ਸਮੇਂ ਤੇ ਆਵੇਗਾ। (2 ਤਿਮੋਥਿਉਸ 3:1; ਮੱਤੀ 24:14) ਯਹੋਵਾਹ ਸਾਨੂੰ ਉਸ ਦੇ ਨਾਲ ‘ਕੰਮ ਕਰਨ ਵਿਚ ਸਾਂਝੇ’ ਹੋਣ ਲਈ ਬੁਲਾਉਂਦਾ ਹੈ। (1 ਕੁਰਿੰਥੀਆਂ 3:9) ਸਾਨੂੰ ਇਹ ਵੀ ਭਰੋਸਾ ਦਿੱਤਾ ਜਾਂਦਾ ਹੈ ਕਿ ਇਸ ਕੰਮ ਵਿਚ ਯਿਸੂ ਮਸੀਹ ਵੀ ਸਾਡੇ ਨਾਲ ਹੈ ਅਤੇ ਅਸੀਂ ਦੂਤਾਂ ਦੇ ਸਹਾਰੇ ਅਤੇ ਨਿਰਦੇਸ਼ਨ ਦੀ ਵੀ ਆਸ ਰੱਖ ਸਕਦੇ ਹਾਂ।—ਮੱਤੀ 28:20; ਪਰਕਾਸ਼ ਦੀ ਪੋਥੀ 14:6.
21. ਸਾਨੂੰ ਕਿਹੜੇ ਵਿਸ਼ਵਾਸ ਵਿਚ ਕਦੀ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ?
21 ਕਿਉਂਕਿ ਨੂਹ ਅਤੇ ਉਸ ਦੇ ਪਰਿਵਾਰ ਨੇ ਯਹੋਵਾਹ ਦੇ ਵਾਅਦਿਆਂ ਵਿਚ ਨਿਹਚਾ ਕੀਤੀ ਸੀ ਉਹ ਜਲ-ਪਰਲੋ ਵਿੱਚੋਂ ਬਚਾਏ ਗਏ ਸਨ। ਜਿਹੜੇ ਅੱਜ ਉਸੇ ਤਰ੍ਹਾਂ ਦੀ ਨਿਹਚਾ ਦਿਖਾਉਂਦੇ ਹਨ ਉਹ ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚਾਏ ਜਾਣਗੇ। (ਪਰਕਾਸ਼ ਦੀ ਪੋਥੀ 7:14) ਅਸੀਂ ਬਹੁਤ ਹੀ ਉਤੇਜਕ ਸਮਿਆਂ ਵਿਚ ਜੀ ਰਹੇ ਹਾਂ। ਮਹੱਤਵਪੂਰਣ ਘਟਨਾਵਾਂ ਸਾਮ੍ਹਣੇ ਹਨ! ਪਰਮੇਸ਼ੁਰ ਹੁਣ ਜਲਦੀ ਹੀ ਉਸ ਸ਼ਾਨਦਾਰ ਨਵੇਂ ਅਕਾਸ਼ ਅਤੇ ਨਵੀਂ ਧਰਤੀ ਨੂੰ ਲਿਆਉਣ ਲਈ ਕੁਝ ਕਰੇਗਾ, ਜਿਨ੍ਹਾਂ ਵਿਚ ਧਰਮ ਵੱਸੇਗਾ। (2 ਪਤਰਸ 3:13) ਹਾਂ, ਕਦੀ ਵੀ ਹੌਸਲਾ ਨਾ ਹਾਰੋ ਕਿ ਪਰਮੇਸ਼ੁਰ ਜੋ ਕਹਿੰਦਾ ਹੈ, ਉਹ ਉਸ ਨੂੰ ਪੂਰਾ ਵੀ ਕਰ ਸਕਦਾ ਹੈ!—ਰੋਮੀਆਂ 4:21.
ਯਾਦ ਰੱਖਣ ਵਾਲੇ ਨੁਕਤੇ
◻ ਯਹੋਵਾਹ ਮਨੁੱਖਾਂ ਦੇ ਸਾਰਿਆਂ ਕੰਮਾਂ ਨੂੰ ਕੰਟ੍ਰੋਲ ਕਿਉਂ ਨਹੀਂ ਕਰਦਾ?
◻ ਯਹੋਵਾਹ ਦੀ ਆਪਣਾ ਮਕਸਦ ਪੂਰਾ ਕਰਨ ਦੀ ਯੋਗਤਾ, ਇਸਰਾਏਲੀਆਂ ਨਾਲ ਉਸ ਦੇ ਵਰਤਾਉ ਤੋਂ ਕਿਸ ਤਰ੍ਹਾਂ ਦੇਖੀ ਜਾ ਸਕਦੀ ਹੈ?
◻ ਨੂਹ ਦੇ ਜ਼ਮਾਨੇ ਵਿਚ ਯਹੋਵਾਹ ਦੀ ਪਹਿਲਾਂ ਹੀ ਭਵਿੱਖ ਜਾਣਨ ਦੀ ਯੋਗਤਾ ਕਿਸ ਤਰ੍ਹਾਂ ਦੇਖੀ ਗਈ ਸੀ?
◻ ਅਸੀਂ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਕਿਹੜਾ ਭਰੋਸਾ ਰੱਖ ਸਕਦੇ ਹਾਂ?