ਯਹੋਵਾਹ ਰਾਹ ਤਿਆਰ ਕਰਦਾ ਹੈ
‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਕੀਤਾ ਜਾਵੇਗਾ’—ਮੱਤੀ 24:14.
1. ਪਹਿਲੀ ਅਤੇ ਵੀਹਵੀਂ ਸਦੀ ਵਿਚ ਪ੍ਰਚਾਰ ਦੇ ਕੰਮ ਦੁਆਰਾ ਕੀ ਕੀਤਾ ਗਿਆ ਹੈ?
ਕਿਉਂ ਜੋ ਯਹੋਵਾਹ ਪ੍ਰੇਮ ਕਰਨ ਵਾਲਾ ਪਰਮੇਸ਼ੁਰ ਹੈ, ਉਸ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਇਸ ਲਈ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਅੰਤਰਰਾਸ਼ਟਰੀ ਕੰਮ ਦੀ ਲੋੜ ਪਈ ਹੈ। ਪਹਿਲੀ ਸਦੀ ਵਿਚ, ਇਸ ਪ੍ਰਚਾਰ ਨੇ ਮਸੀਹੀ ਕਲੀਸਿਯਾ ਨੂੰ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਬਣਾਇਆ। (1 ਤਿਮੋਥਿਉਸ 3:15) ਬਾਅਦ ਵਿਚ ਧਰਮ-ਤਿਆਗ ਦਾ ਲੰਬਾ ਸਮਾਂ ਆਇਆ ਜਿਸ ਦੌਰਾਨ ਸੱਚਾਈ ਦਾ ਚਾਨਣ ਧੀਮਾ ਹੋ ਗਿਆ ਸੀ। ਹਾਲ ਹੀ ਦਿਆਂ ਸਮਿਆਂ ਵਿਚ, “ਓੜਕ ਦੇ ਸਮੇਂ” ਦੌਰਾਨ, ‘ਸੱਚੀ ਵਿੱਦਿਆ’ ਫਿਰ ਤੋਂ ਭਰਪੂਰ ਹੋ ਗਈ ਹੈ ਅਤੇ ਇਸ ਤੋਂ ਲੱਖਾਂ ਲੋਕਾਂ ਨੂੰ ਸਦੀਵੀ ਮੁਕਤੀ ਦੀ ਬਾਈਬਲ-ਆਧਾਰਿਤ ਉਮੀਦ ਮਿਲੀ ਹੈ।—ਦਾਨੀਏਲ 12:4.
2. ਪ੍ਰਚਾਰ ਦੇ ਕੰਮ ਦੇ ਸੰਬੰਧ ਵਿਚ ਯਹੋਵਾਹ ਨੇ ਕੀ ਕੀਤਾ ਹੈ?
2 ਪਰਮੇਸ਼ੁਰ ਦੇ ਮਕਸਦ ਵਿਚ ਰੁਕਾਵਟ ਪਾਉਣ ਦੇ ਸ਼ਤਾਨ ਦੇ ਲਗਾਤਾਰ ਜਤਨਾਂ ਦੇ ਬਾਵਜੂਦ, ਪਹਿਲੀ ਸਦੀ ਵਿਚ ਅਤੇ ਵੀਹਵੀਂ ਸਦੀ ਵਿਚ ਵੀ ਪ੍ਰਚਾਰ ਦੇ ਕੰਮ ਨੇ ਹੈਰਾਨੀ ਵਾਲੀ ਸਫ਼ਲਤਾ ਪਾਈ ਹੈ। ਇਹ ਕੰਮ ਯਸਾਯਾਹ ਦੀ ਭਵਿੱਖਬਾਣੀ ਦੀ ਯਾਦ ਦਿਲਾਉਂਦਾ ਹੈ। ਛੇਵੀਂ ਸਦੀ ਸਾ.ਯੁ.ਪੂ. ਵਿਚ ਯਹੂਦੀ ਜਲਾਵਤਨਾਂ ਦੇ ਯਹੂਦਾਹ ਨੂੰ ਵਾਪਸ ਜਾਣ ਦੇ ਸੰਬੰਧ ਵਿਚ, ਯਸਾਯਾਹ ਨੇ ਲਿਖਿਆ: “ਹਰੇਕ ਦੂਣ ਉੱਚੀ ਕੀਤੀ ਜਾਵੇਗੀ, ਅਤੇ ਹਰੇਕ ਪਹਾੜ ਅਰ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਲਾ ਪੱਧਰਾ ਅਰ ਬਿਖਰੇ ਥਾਂ ਮਦਾਨ ਹੋਣਗੇ।” (ਯਸਾਯਾਹ 40:4) ਪਰਮੇਸ਼ੁਰ ਨੇ ਪਹਿਲੀ ਅਤੇ ਵੀਹਵੀਂ ਸਦੀ ਦੇ ਪ੍ਰਚਾਰ ਦੇ ਵੱਡੇ ਕੰਮ ਲਈ ਰਾਹ ਤਿਆਰ ਅਤੇ ਸਾਫ਼ ਕੀਤਾ ਹੈ।
3. ਯਹੋਵਾਹ ਆਪਣੇ ਮਕਸਦ ਕਿਨ੍ਹਾਂ ਤਰੀਕਿਆਂ ਵਿਚ ਪੂਰੇ ਕਰ ਸਕਦਾ ਹੈ?
3 ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਅੱਗੇ ਵਧਾਉਣ ਵਾਸਤੇ ਧਰਤੀ ਉੱਤੇ ਵਾਪਰਨ ਵਾਲੀ ਹਰੇਕ ਘਟਨਾ ਉੱਤੇ ਸਿੱਧੇ ਤੌਰ ਤੇ ਪ੍ਰਭਾਵ ਪਾਇਆ ਸੀ; ਨਾ ਹੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੇ ਹਰੇਕ ਗੱਲ ਨੂੰ ਇਕ-ਇਕ ਕਰਕੇ ਪਹਿਲਾਂ ਹੀ ਜਾਣਨ ਲਈ ਆਪਣੀ ਯੋਗਤਾ ਇਸਤੇਮਾਲ ਕੀਤੀ ਸੀ। ਇਹ ਸੱਚ ਹੈ ਕਿ ਉਹ ਭਵਿੱਖ ਦੀਆਂ ਘਟਨਾਵਾਂ ਨੂੰ ਪਹਿਲਾਂ ਹੀ ਜਾਣ ਸਕਦਾ ਹੈ ਅਤੇ ਉਨ੍ਹਾਂ ਨੂੰ ਕੰਟ੍ਰੋਲ ਵੀ ਕਰ ਸਕਦਾ ਹੈ। (ਯਸਾਯਾਹ 46:9-11) ਇਸ ਦੇ ਨਾਲ-ਨਾਲ ਉਹ ਇਨ੍ਹਾਂ ਘਟਨਾਵਾਂ ਬਾਰੇ ਕੁਝ ਕਰ ਵੀ ਸਕਦਾ ਹੈ ਜਿਉਂ-ਜਿਉਂ ਉਹ ਜ਼ਾਹਰ ਹੁੰਦੀਆਂ ਹਨ। ਇਕ ਤਜਰਬੇਕਾਰ ਚਰਵਾਹੇ ਵਾਂਗ ਜੋ ਆਪਣੇ ਇੱਜੜ ਦੀ ਅਗਵਾਈ ਅਤੇ ਰੱਖਿਆ ਕਰਨੀ ਜਾਣਦਾ ਹੈ, ਯਹੋਵਾਹ ਆਪਣੇ ਲੋਕਾਂ ਨੂੰ ਨਿਰਦੇਸ਼ਿਤ ਕਰਦਾ ਹੈ। ਉਨ੍ਹਾਂ ਦੀ ਰੂਹਾਨੀਅਤ ਦੀ ਰੱਖਿਆ ਕਰਦੇ ਹੋਏ ਅਤੇ ਉਨ੍ਹਾਂ ਨੂੰ ਉਨ੍ਹਾਂ ਸਥਿਤੀਆਂ ਅਤੇ ਘਟਨਾਵਾਂ ਦਾ ਫ਼ਾਇਦਾ ਉਠਾਉਣ ਲਈ ਪ੍ਰੇਰਿਤ ਕਰਦੇ ਹੋਏ, ਜੋ ਸੰਸਾਰ-ਭਰ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਅੱਗੇ ਵਧਾਉਂਦੀਆਂ ਹਨ, ਉਸ ਨੇ ਉਨ੍ਹਾਂ ਨੂੰ ਮੁਕਤੀ ਵੱਲ ਚੱਲਣ ਲਈ ਅਗਵਾਈ ਦਿੱਤੀ।—ਜ਼ਬੂਰ 23:1-4.
ਇਕ ਔਖਾ ਕੰਮ
4, 5. ਖ਼ੁਸ਼ ਖ਼ਬਰੀ ਦਾ ਪ੍ਰਚਾਰ ਇਕ ਚੁਣੌਤੀ-ਭਰਿਆ ਕੰਮ ਕਿਉਂ ਰਿਹਾ ਹੈ?
4 ਜਿਸ ਤਰ੍ਹਾਂ ਨੂਹ ਦੇ ਦਿਨ ਵਿਚ ਕਿਸ਼ਤੀ ਦੀ ਉਸਾਰੀ ਦਾ ਕੰਮ ਬਹੁਤ ਵੱਡਾ ਸੀ, ਉਸੇ ਤਰ੍ਹਾਂ ਪਹਿਲੀ ਸਦੀ ਵਿਚ ਅਤੇ ਸਾਡੇ ਜ਼ਮਾਨੇ ਵਿਚ ਵੀ, ਰਾਜ ਦੇ ਪ੍ਰਚਾਰ ਦਾ ਕੰਮ ਵੀ ਬਹੁਤ ਵੱਡਾ ਹੈ। ਸਾਰਿਆਂ ਲੋਕਾਂ ਤਕ ਕਿਸੇ ਵੀ ਤਰ੍ਹਾਂ ਦਾ ਸੰਦੇਸ਼ ਪਹੁੰਚਾਉਣਾ ਕਾਫ਼ੀ ਔਖਾ ਹੈ, ਪਰ ਇਹ ਕੰਮ ਖ਼ਾਸ ਕਰਕੇ ਚੁਣੌਤੀ-ਭਰਿਆ ਹੈ। ਪਹਿਲੀ ਸਦੀ ਵਿਚ, ਚੇਲੇ ਥੋੜ੍ਹੇ ਜਿਹੇ ਸਨ। ਉਨ੍ਹਾਂ ਦੇ ਮੋਹਰੀ, ਯਿਸੂ, ਨੂੰ ਇਕ ਅਖਾਉਤੀ ਰਾਜਧਰੋਹੀ ਵਜੋਂ ਸੂਲੀ ਤੇ ਚੜ੍ਹਾਇਆ ਗਿਆ ਸੀ। ਯਹੂਦੀ ਧਰਮ ਚੰਗੀ ਤਰ੍ਹਾਂ ਸਥਾਪਿਤ ਸੀ। ਯਰੂਸ਼ਲਮ ਵਿਚ ਇਕ ਸ਼ਾਨਦਾਰ ਹੈਕਲ ਸੀ। ਭੂਮੱਧ ਸਾਗਰ ਦੇ ਇਲਾਕਿਆਂ ਵਿਚ ਮੰਦਰਾਂ ਅਤੇ ਪੰਡਤਾਂ ਨਾਲ ਗ਼ੈਰ-ਯਹੂਦੀ ਧਰਮ ਵੀ ਪੂਰੀ ਤਰ੍ਹਾਂ ਸਥਾਪਿਤ ਸਨ। ਇਸ ਹੀ ਤਰ੍ਹਾਂ, ਜਦੋਂ 1914 ਵਿਚ ‘ਓੜਕ ਦਾ ਵੇਲਾ’ ਸ਼ੁਰੂ ਹੋਇਆ ਸੀ, ਤਾਂ ਮਸਹ ਕੀਤੇ ਹੋਏ ਮਸੀਹੀ ਥੋੜ੍ਹੇ ਜਿਹੇ ਸਨ, ਅਤੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਦੂਸਰੇ ਧਰਮਾਂ ਦੇ ਲੋਕ ਬਹੁਤ ਸਨ।—ਦਾਨੀਏਲ 12:9.
5 ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ ਕਿ ਉਨ੍ਹਾਂ ਉੱਤੇ ਅਤਿਆਚਾਰ ਕੀਤਾ ਜਾਵੇਗਾ। ਉਸ ਨੇ ਕਿਹਾ: “ਓਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” (ਮੱਤੀ 24:9) ਅਜਿਹੀਆਂ ਸਮੱਸਿਆਵਾਂ ਦੇ ਨਾਲ-ਨਾਲ, ਖ਼ਾਸ ਕਰਕੇ “ਅੰਤ ਦਿਆਂ ਦਿਨਾਂ” ਵਿਚ, ਮਸੀਹੀ ‘ਭੈੜੇ ਸਮਿਆਂ’ ਵਿਚ ਜੀ ਰਹੇ ਹੋਣਗੇ। (2 ਤਿਮੋਥਿਉਸ 3:1) ਇਸ ਕੰਮ ਦੀ ਵਿਸ਼ਾਲਤਾ, ਅਤਿਆਚਾਰ ਦੀ ਸੰਭਾਵਨਾ, ਅਤੇ ਮੁਸ਼ਕਲ ਸਮਿਆਂ ਨੇ ਪ੍ਰਚਾਰ ਦੇ ਕੰਮ ਨੂੰ ਚੁਣੌਤੀ-ਭਰਿਆ ਅਤੇ ਔਖਾ ਬਣਾਇਆ ਹੈ। ਸਾਨੂੰ ਵੱਡੀ ਨਿਹਚਾ ਦੀ ਲੋੜ ਪਈ ਹੈ।
6. ਯਹੋਵਾਹ ਨੇ ਆਪਣੇ ਲੋਕਾਂ ਨੂੰ ਸਫ਼ਲਤਾ ਬਾਰੇ ਕਿਹੜਾ ਭਰੋਸਾ ਦਿੱਤਾ ਸੀ?
6 ਭਾਵੇਂ ਕਿ ਯਹੋਵਾਹ ਜਾਣਦਾ ਸੀ ਕਿ ਮੁਸ਼ਕਲਾਂ ਆਉਣਗੀਆਂ, ਉਹ ਇਹ ਵੀ ਜਾਣਦਾ ਸੀ ਕਿ ਕੋਈ ਵੀ ਚੀਜ਼ ਇਸ ਕੰਮ ਨੂੰ ਨਹੀਂ ਰੋਕ ਸਕੇਗੀ। ਇਸ ਕੰਮ ਦੀ ਸਫ਼ਲਤਾ ਇਕ ਜਾਣੀ-ਪਛਾਣੀ ਭਵਿੱਖਬਾਣੀ ਵਿਚ ਪਹਿਲਾਂ ਹੀ ਦੱਸੀ ਗਈ ਸੀ ਜਿਸ ਦੀ ਮਾਅਰਕੇ ਵਾਲੀ ਪੂਰਤੀ ਪਹਿਲੀ ਸਦੀ ਵਿਚ ਅਤੇ ਵੀਹਵੀਂ ਸਦੀ ਵਿਚ ਵੀ ਹੋਈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ।” (ਟੇਢੇ ਟਾਈਪ ਸਾਡੇ।)—ਮੱਤੀ 24:14.
7. ਪਹਿਲੀ ਸਦੀ ਵਿਚ ਪ੍ਰਚਾਰ ਦਾ ਕੰਮ ਕਿੰਨੀ ਕੁ ਦੂਰ ਤਕ ਪਹੁੰਚਿਆ ਸੀ?
7 ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਸੇਵਕ ਨਿਹਚਾ ਅਤੇ ਪਵਿੱਤਰ ਸ਼ਕਤੀ ਨਾਲ ਭਰੇ ਹੋਏ, ਆਪਣਾ ਸੌਂਪਿਆ ਗਿਆ ਕੰਮ ਪੂਰਾ ਕਰਦੇ ਰਹੇ। ਕਿਉਂਕਿ ਯਹੋਵਾਹ ਉਨ੍ਹਾਂ ਦੇ ਨਾਲ ਸਾਬਤ ਹੋਇਆ, ਉਨ੍ਹਾਂ ਨੇ ਉਸ ਹੱਦ ਤਕ ਸਫ਼ਲਤਾ ਪਾਈ ਜਿਸ ਦੀ ਉਨ੍ਹਾਂ ਨੇ ਸ਼ਾਇਦ ਕਦੀ ਉਮੀਦ ਵੀ ਨਾ ਕੀਤੀ ਹੋਵੇ। ਯਿਸੂ ਦੀ ਮੌਤ ਤੋਂ ਲਗਭਗ 27 ਸਾਲ ਬਾਅਦ, ਜਦੋਂ ਪੌਲੁਸ ਨੇ ਕੁਲੁੱਸੀਆਂ ਨੂੰ ਲਿਖਿਆ, ਉਹ ਕਹਿ ਸਕਦਾ ਸੀ ਕਿ ਖ਼ੁਸ਼ ਖ਼ਬਰੀ “ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ। (ਕੁਲੁੱਸੀਆਂ 1:23) ਇਸ ਹੀ ਤਰ੍ਹਾਂ, ਵੀਹਵੀਂ ਸਦੀ ਦੇ ਅੰਤ ਤਕ, ਖ਼ੁਸ਼ ਖ਼ਬਰੀ ਦਾ ਪ੍ਰਚਾਰ 233 ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ।
8. ਕਈਆਂ ਨੇ ਕਿਸ ਤਰ੍ਹਾਂ ਦੇ ਹਾਲਾਤਾਂ ਅਧੀਨ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਹੈ? ਮਿਸਾਲ ਦਿਓ।
8 ਹਾਲ ਹੀ ਦੇ ਦਹਾਕਿਆਂ ਵਿਚ ਲੱਖਾਂ ਲੋਕਾਂ ਨੇ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਹੈ। ਕਈਆਂ ਨੇ ਇਹ ਯੁੱਧਾਂ, ਪਾਬੰਦੀਆਂ, ਅਤੇ ਸਖ਼ਤ ਅਤਿਆਚਾਰ ਦੇ ਬਹੁਤ ਖ਼ਰਾਬ ਹਾਲਾਤਾਂ ਦੌਰਾਨ ਕੀਤਾ ਹੈ। ਇਹ ਪਹਿਲੀ ਸਦੀ ਵਿਚ ਵੀ ਸੱਚ ਸੀ। ਪਹਿਲੀ ਸਦੀ ਵਿਚ ਇਕ ਵਾਰ ਪੌਲੁਸ ਅਤੇ ਸੀਲਾਸ ਨੂੰ ਬੇਰਹਿਮੀ ਨਾਲ ਬੈਂਤਾਂ ਨਾਲ ਮਾਰ ਕੇ ਕੈਦ ਵਿਚ ਸੁੱਟਿਆ ਗਿਆ ਸੀ। ਚੇਲੇ ਬਣਾਉਣ ਲਈ ਕਿੰਨੀ ਔਖੀ ਸਥਿਤੀ! ਲੇਕਿਨ, ਯਹੋਵਾਹ ਨੇ ਇਹ ਮੌਕਾ ਇਹੋ ਹੀ ਕਰਨ ਵਾਸਤੇ ਵਰਤਿਆ। ਪੌਲੁਸ ਅਤੇ ਸੀਲਾਸ ਰਿਹਾ ਕੀਤੇ ਗਏ ਸਨ ਅਤੇ ਕੈਦਖ਼ਾਨੇ ਦਾ ਦਰੋਗਾ ਅਤੇ ਉਸ ਦਾ ਪਰਿਵਾਰ ਸੱਚਾਈ ਵਿਚ ਆ ਗਏ। (ਰਸੂਲਾਂ ਦੇ ਕਰਤੱਬ 16:19-33) ਅਜਿਹੇ ਅਨੁਭਵ ਦਿਖਾਉਂਦੇ ਹਨ ਕਿ ਖ਼ੁਸ਼ ਖ਼ਬਰੀ ਦਾ ਵਿਰੋਧ ਕਰਨ ਵਾਲੇ ਉਸ ਨੂੰ ਖਾਮੋਸ਼ ਨਹੀਂ ਕਰ ਸਕਦੇ। (ਯਸਾਯਾਹ 54:17) ਫਿਰ ਵੀ, ਮਸੀਹੀਅਤ ਦਾ ਇਤਿਹਾਸ ਸਿਰਫ਼ ਮੁਸੀਬਤਾਂ ਅਤੇ ਅਤਿਆਚਾਰ ਨਾਲ ਹੀ ਨਹੀਂ ਭਰਿਆ ਰਿਹਾ। ਆਓ ਆਪਾਂ ਹੁਣ ਅਜਿਹੀਆਂ ਕੁਝ ਘਟਨਾਵਾਂ ਵੱਲ ਧਿਆਨ ਦੇਈਏ ਜਿਨ੍ਹਾਂ ਨੇ ਪਹਿਲੀ ਸਦੀ ਅਤੇ ਵੀਹਵੀਂ ਸਦੀ ਵਿਚ ਵੀ ਖ਼ੁਸ਼ ਖ਼ਬਰੀ ਦੇ ਕਾਮਯਾਬ ਪ੍ਰਚਾਰ ਦੇ ਕੰਮ ਲਈ ਰਾਹ ਤਿਆਰ ਕੀਤਾ।
ਧਾਰਮਿਕ ਮਾਹੌਲ
9, 10. ਯਹੋਵਾਹ ਨੇ ਪਹਿਲੀ ਅਤੇ ਵੀਹਵੀਂ ਸਦੀ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਲਈ ਕਿਸ ਤਰ੍ਹਾਂ ਉਮੀਦ ਪੈਦਾ ਕੀਤੀ ਸੀ?
9 ਪ੍ਰਚਾਰ ਦੇ ਵਿਸ਼ਵ-ਵਿਆਪੀ ਮੁਹਿੰਮਾਂ ਦੇ ਇਨ੍ਹਾਂ ਸਮਿਆਂ ਵੱਲ ਧਿਆਨ ਦਿਓ। ਪਹਿਲੀ ਸਦੀ ਵਿਚ, ਦਾਨੀਏਲ 9:24-27 ਵਿਚ ਪਾਈ ਜਾਂਦੀ, ਸਾਲਾਂ ਵਾਲੇ 70 ਹਫ਼ਤਿਆਂ ਦੀ ਭਵਿੱਖਬਾਣੀ ਨੇ ਉਸ ਸਾਲ, ਯਾਨੀ 29 ਸਾ.ਯੁ., ਵੱਲ ਸੰਕੇਤ ਕੀਤਾ ਜਦੋਂ ਮਸੀਹਾ ਨੇ ਪ੍ਰਗਟ ਹੋਣਾ ਸੀ। ਭਾਵੇਂ ਕਿ ਪਹਿਲੀ ਸਦੀ ਦੇ ਯਹੂਦੀ ਇਹ ਸਹੀ ਤਰ੍ਹਾਂ ਨਹੀਂ ਸਮਝੇ ਕਿ ਇਹ ਗੱਲਾਂ ਕਦੋਂ ਹੋਣੀਆਂ ਸਨ, ਉਹ ਮਸੀਹਾ ਦੀ ਉਡੀਕ ਵਿਚ ਸਨ। (ਲੂਕਾ 3:15) ਫਰਾਂਸੀਸੀ ਮੈਨੁਏਲ ਬਿਬਲੀਕ ਬਿਆਨ ਕਰਦਾ ਹੈ: ‘ਲੋਕ ਜਾਣਦੇ ਸੀ ਕਿ ਦਾਨੀਏਲ ਦੁਆਰਾ ਨਿਯਤ ਕੀਤੇ ਗਏ ਸਾਲਾਂ ਵਾਲੇ ਸੱਤਰ ਹਫ਼ਤੇ ਖ਼ਤਮ ਹੋਣ ਵਾਲੇ ਸਨ; ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਐਲਾਨ, ਕਿ ਪਰਮੇਸ਼ੁਰ ਦਾ ਰਾਜ ਨੇੜੇ ਸੀ, ਨੂੰ ਸੁਣ ਕੇ ਹੈਰਾਨ ਨਹੀਂ ਸੀ।’
10 ਸਾਡੇ ਸਮੇਂ ਬਾਰੇ ਕੀ? ਇਕ ਵਿਸ਼ੇਸ਼ ਘਟਨਾ ਉਦੋਂ ਵਾਪਰੀ ਜਦੋਂ ਯਿਸੂ ਨੂੰ ਸਵਰਗ ਵਿਚ ਰਾਜਾ ਬਣਾਇਆ ਗਿਆ ਸੀ, ਜੋ ਰਾਜ-ਸੱਤਾ ਵਿਚ ਉਸ ਦੀ ਮੌਜੂਦਗੀ ਦੀ ਸ਼ੁਰੂਆਤ ਦਾ ਨਿਸ਼ਾਨ ਸੀ। ਬਾਈਬਲ ਦੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਇਹ ਘਟਨਾ 1914 ਵਿਚ ਵਾਪਰੀ ਸੀ। (ਦਾਨੀਏਲ 4:13-17) ਇਸ ਘਟਨਾ ਦੀ ਉਡੀਕ ਨੇ ਸਾਡੇ ਜ਼ਮਾਨੇ ਵਿਚ ਕੁਝ ਧਾਰਮਿਕ ਲੋਕਾਂ ਨੂੰ ਉਮੀਦ ਨਾਲ ਭਰਿਆ ਸੀ। ਉਮੀਦ ਬਾਈਬਲ ਦੇ ਉਨ੍ਹਾਂ ਸੱਚੇ ਵਿਦਿਆਰਥੀਆਂ ਵਿਚ ਵੀ ਸਪੱਸ਼ਟ ਸੀ ਜਿਨ੍ਹਾਂ ਨੇ ਇਸ ਰਸਾਲੇ ਨੂੰ 1879 ਵਿਚ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇਸ ਦਾ ਨਾਂ ਸੀਯੋਨ ਦਾ ਪਹਿਰਾਬੁਰਜ ਅਤੇ ਮਸੀਹ ਦੀ ਮੌਜੂਦਗੀ ਦਾ ਐਲਾਨ (ਅੰਗ੍ਰੇਜ਼ੀ) ਹੁੰਦਾ ਸੀ। ਇਸ ਤਰ੍ਹਾਂ, ਪਹਿਲੀ ਸਦੀ ਅਤੇ ਸਾਡੇ ਜ਼ਮਾਨੇ ਵਿਚ, ਧਾਰਮਿਕ ਉਮੀਦਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਮਾਹੌਲ ਤਿਆਰ ਕੀਤਾ।a
11. ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਮਦਦ ਕਰਨ ਲਈ ਕਿਹੜੀਆਂ ਧਾਰਮਿਕ ਨੀਂਹਾਂ ਰੱਖੀਆਂ ਗਈਆਂ ਸਨ?
11 ਦੋਹਾਂ ਜ਼ਮਾਨਿਆਂ ਵਿਚ ਇਕ ਹੋਰ ਗੱਲ ਜਿਸ ਨੇ ਮਸੀਹੀਆਂ ਦੇ ਕੰਮ ਵਿਚ ਮਦਦ ਕੀਤੀ ਇਹ ਸੀ ਕਿ ਕਈਆਂ ਲੋਕਾਂ ਕੋਲ ਪਵਿੱਤਰ ਸ਼ਾਸਤਰ ਦੀ ਜਾਣਕਾਰੀ ਸੀ। ਪਹਿਲੀ ਸਦੀ ਵਿਚ, ਯਹੂਦੀ ਬਸਤੀਆਂ ਆਲੇ-ਦੁਆਲੇ ਦੀਆਂ ਗ਼ੈਰ-ਯਹੂਦੀ ਕੌਮਾਂ ਵਿਚਕਾਰ ਸਥਾਪਿਤ ਸਨ। ਉਨ੍ਹਾਂ ਬਸਤੀਆਂ ਵਿਚ ਯਹੂਦੀ ਸਭਾ-ਘਰ ਸਨ ਜਿੱਥੇ ਲੋਕ ਸ਼ਾਸਤਰ ਪੜ੍ਹਨ ਅਤੇ ਉਸ ਬਾਰੇ ਚਰਚਾ ਕਰਨ ਲਈ ਨਿਯਮਿਤ ਤੌਰ ਤੇ ਇਕੱਠੇ ਹੁੰਦੇ ਸਨ। ਇਸ ਤਰ੍ਹਾਂ, ਮੁਢਲੇ ਮਸੀਹੀ ਉਸ ਧਾਰਮਿਕ ਗਿਆਨ ਨੂੰ ਵਰਤ ਸਕਦੇ ਸਨ ਜੋ ਲੋਕਾਂ ਕੋਲ ਪਹਿਲਾਂ ਹੀ ਸੀ। (ਰਸੂਲਾਂ ਦੇ ਕਰਤੱਬ 8:28-36; 17:1, 2) ਸਾਡੇ ਜ਼ਮਾਨੇ ਦੇ ਮੁੱਢ ਵਿਚ, ਕਈਆਂ ਦੇਸ਼ਾਂ ਵਿਚ ਯਹੋਵਾਹ ਦੇ ਲੋਕਾਂ ਨੇ ਅਜਿਹੀ ਸਥਿਤੀ ਦਾ ਆਨੰਦ ਮਾਣਿਆ ਸੀ। ਈਸਾਈ-ਜਗਤ ਦੇ ਖੇਤਰ, ਖ਼ਾਸ ਕਰਕੇ ਪ੍ਰੋਟੈਸਟੈਂਟ ਦੇਸ਼ਾਂ ਵਿਚ ਹਰ ਜਗ੍ਹਾ ਬਾਈਬਲ ਪ੍ਰਾਪਤ ਕੀਤੀ ਜਾ ਸਕਦੀ ਸੀ। ਕਈਆਂ ਗਿਰਜਿਆਂ ਵਿਚ ਇਹ ਪੜ੍ਹੀ ਜਾਂਦੀ ਸੀ ਅਤੇ ਲੱਖਾਂ ਲੋਕਾਂ ਕੋਲ ਇਸ ਦੀ ਆਪਣੀ ਕਾਪੀ ਸੀ। ਬਾਈਬਲ ਤਾਂ ਪਹਿਲਾਂ ਹੀ ਲੋਕਾਂ ਦਿਆਂ ਹੱਥਾਂ ਵਿਚ ਸੀ, ਪਰ ਉਨ੍ਹਾਂ ਨੂੰ ਇਸ ਨੂੰ ਸਮਝਣ ਵਿਚ ਮਦਦ ਦੀ ਲੋੜ ਸੀ।
ਕਾਨੂੰਨ ਦੇ ਲਾਭ
12. ਰੋਮੀ ਕਾਨੂੰਨ ਆਮ ਤੌਰ ਤੇ ਪਹਿਲੀ ਸਦੀ ਵਿਚ ਰਖਵਾਲੀ ਕਿਸ ਤਰ੍ਹਾਂ ਕਰਦੇ ਸਨ?
12 ਮਸੀਹੀ ਪ੍ਰਚਾਰ ਨੇ ਅਕਸਰ ਸਰਕਾਰੀ ਕਾਨੂੰਨਾਂ ਤੋਂ ਲਾਭ ਉਠਾਇਆ ਹੈ। ਪਹਿਲੀ-ਸਦੀ ਦੇ ਸੰਸਾਰ ਉੱਤੇ ਰੋਮੀ ਸਾਮਰਾਜ ਹਕੂਮਤ ਚਲਾਉਂਦਾ ਸੀ ਅਤੇ ਉਸ ਦੇ ਲਿਖੇ ਗਏ ਕਾਨੂੰਨ ਰੋਜ਼ਾਨਾ ਜ਼ਿੰਦਗੀ ਉੱਤੇ ਬਹੁਤ ਅਸਰ ਪਾਉਂਦੇ ਸਨ। ਇਹ ਕਾਨੂੰਨ ਰਖਵਾਲੀ ਦਾ ਪ੍ਰਬੰਧ ਕਰਦੇ ਸਨ ਅਤੇ ਮੁਢਲੇ ਮਸੀਹੀ ਇਨ੍ਹਾਂ ਤੋਂ ਲਾਭ ਉਠਾਉਂਦੇ ਸਨ। ਮਿਸਾਲ ਲਈ, ਰੋਮੀ ਕਾਨੂੰਨ ਨੂੰ ਪੌਲੁਸ ਦੀ ਅਪੀਲ ਨੇ ਉਸ ਨੂੰ ਕੈਦ ਤੋਂ ਰਿਹਾ ਕੀਤਾ ਅਤੇ ਬੈਂਤਾਂ ਖਾਣ ਤੋਂ ਬਚਿਆ। (ਰਸੂਲਾਂ ਦੇ ਕਰਤੱਬ 16:37-39; 22:25, 29) ਰੋਮੀ ਕਚਹਿਰੀਆਂ ਦੇ ਪ੍ਰਬੰਧ ਬਾਰੇ ਸੁਣ ਕੇ ਅਫ਼ਸੁਸ ਵਿਚ ਗੁੱਸੇ ਭਰੀ ਭੀੜ ਸ਼ਾਂਤ ਹੋਈ। (ਰਸੂਲਾਂ ਦੇ ਕਰਤੱਬ 19:35-41) ਇਕ ਵਾਰ, ਪੌਲੁਸ ਰੋਮ ਦਾ ਨਿਵਾਸੀ ਹੋਣ ਕਰਕੇ ਯਰੂਸ਼ਲਮ ਵਿਚ ਜ਼ਾਲਮ ਲੋਕਾਂ ਦਿਆਂ ਹੱਥਾਂ ਤੋਂ ਛੁਡਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 23:27) ਬਾਅਦ ਵਿਚ, ਰੋਮੀ ਕਾਨੂੰਨ ਕਾਰਨ ਉਹ ਕੈਸਰ ਦੇ ਸਾਮ੍ਹਣੇ ਆਪਣੀ ਨਿਹਚਾ ਦੀ ਕਾਨੂੰਨੀ ਸਫ਼ਾਈ ਦੇ ਸਕਿਆ ਸੀ। (ਰਸੂਲਾਂ ਦੇ ਕਰਤੱਬ 25:11) ਭਾਵੇਂ ਕਿ ਕਈਆਂ ਕੈਸਰਾਂ ਨੇ ਅਤਿਆਚਾਰ ਸ਼ਾਸਕਾਂ ਵਜੋਂ ਰਾਜ ਕੀਤਾ, ਪਹਿਲੀ ਸਦੀ ਦੇ ਕਾਨੂੰਨਾਂ ਨੇ ਅਕਸਰ “ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ” ਦੀ ਇਜਾਜ਼ਤ ਦਿੱਤੀ ਸੀ।—ਫ਼ਿਲਿੱਪੀਆਂ 1:7.
13. ਸਾਡੇ ਜ਼ਮਾਨੇ ਵਿਚ ਪ੍ਰਚਾਰ ਦੇ ਕੰਮ ਨੂੰ ਕਾਨੂੰਨਾਂ ਤੋਂ ਕਿਸ ਤਰ੍ਹਾਂ ਲਾਭ ਹੋਇਆ ਹੈ?
13 ਅੱਜ ਵੀ ਕਈਆਂ ਦੇਸ਼ਾਂ ਵਿਚ ਇਹੋ ਗੱਲ ਸੱਚ ਹੈ। ਭਾਵੇਂ ਕਿ ‘ਬਧੀ ਦੀ ਓਟ ਵਿੱਚ ਸ਼ਰਾਰਤ ਘੜਣ’ ਵਾਲੇ ਲੋਕ ਉੱਠੇ ਹਨ, ਜ਼ਿਆਦਾਤਰ ਦੇਸ਼ਾਂ ਵਿਚ ਲਿਖੇ ਕਾਨੂੰਨ ਧਰਮ ਦੀ ਆਜ਼ਾਦੀ ਨੂੰ ਸਾਧਾਰਣ ਹੱਕ ਦਿੰਦੇ ਹਨ। (ਜ਼ਬੂਰ 94:20) ਇਹ ਪਛਾਣਦੇ ਹੋਏ ਕਿ ਯਹੋਵਾਹ ਦੇ ਗਵਾਹ ਸਮਾਜ ਲਈ ਕੋਈ ਖ਼ਤਰਾ ਨਹੀਂ ਪੇਸ਼ ਕਰਦੇ, ਕਈਆਂ ਸਰਕਾਰਾਂ ਨੇ ਸਾਨੂੰ ਕਾਨੂੰਨੀ ਦਰਜਾ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਵਿਚ, ਜਿੱਥੇ ਗਵਾਹਾਂ ਦੀ ਛਪਾਈ ਦਾ ਬਹੁਤ ਸਾਰਾ ਕੰਮ ਕੀਤਾ ਗਿਆ ਹੈ, ਮੌਜੂਦਾ ਕਾਨੂੰਨਾਂ ਕਾਰਨ 120 ਸਾਲਾਂ ਤੋਂ ਪਹਿਰਾਬੁਰਜ ਰਸਾਲੇ ਨੂੰ ਪ੍ਰਕਾਸ਼ਿਤ ਕਰਨਾ ਅਤੇ ਉਸ ਦਾ ਸੰਸਾਰ-ਭਰ ਵਿਚ ਪੜ੍ਹੇ ਜਾਣਾ ਮੁਮਕਿਨ ਬਣਿਆ ਹੈ।
ਸ਼ਾਂਤੀ ਅਤੇ ਸਬਰ ਦੇ ਸਮੇਂ
14, 15. ਪਹਿਲੀ ਸਦੀ ਵਿਚ ਪ੍ਰਚਾਰ ਦੇ ਕੰਮ ਨੂੰ ਮਾੜੀ-ਮੋਟੀ ਸਮਾਜਕ ਸਥਿਰਤਾ ਤੋਂ ਕਿਸ ਤਰ੍ਹਾਂ ਲਾਭ ਹੋਇਆ ਸੀ?
14 ਪ੍ਰਚਾਰ ਦੇ ਕੰਮ ਨੂੰ ਮਾੜੀ-ਮੋਟੀ ਸ਼ਾਂਤੀ ਦੇ ਸਮਿਆਂ ਦਾ ਵੀ ਲਾਭ ਹੋਇਆ ਹੈ। ਭਾਵੇਂ ਕਿ ਯਿਸੂ ਨੇ ਪਹਿਲਾਂ ਹੀ ਸਹੀ-ਸਹੀ ਦੱਸਿਆ ਸੀ ਕਿ ਪਹਿਲੀ ਸਦੀ ਅਤੇ ਵੀਹਵੀਂ ਸਦੀ ਵਿਚ ਵੀ ਅਜਿਹੇ ਸਮੇਂ ਹੋਣਗੇ ਜਦੋਂ ‘ਕੌਮ ਕੌਮ ਉੱਤੇ ਚੜ੍ਹਾਈ ਕਰੇਗੀ,’ ਕਦੀ-ਕਦੀ ਸਥਿਰਤਾ ਦੇ ਵੀ ਸਮੇਂ ਆਏ ਹਨ ਜਿਨ੍ਹਾਂ ਨੇ ਰਾਜ ਦੇ ਜ਼ੋਰਦਾਰ ਪ੍ਰਚਾਰ ਨੂੰ ਮੁਮਕਿਨ ਬਣਾਇਆ। (ਮੱਤੀ 24:7) ਪਹਿਲੀ ਸਦੀ ਦੇ ਮਸੀਹੀ ਲੋਕ ਪੈਕਸ ਰੋਮਾਨਾ, ਜਾਂ ਰੋਮੀ ਸ਼ਾਂਤੀ, ਦੇ ਅਧੀਨ ਰਹਿੰਦੇ ਸਨ। ਇਕ ਇਤਿਹਾਸਕਾਰ ਨੇ ਲਿਖਿਆ: “ਰੋਮੀਆਂ ਨੇ ਭੂਮੱਧ ਸਾਗਰ ਦੇ ਸੰਸਾਰ ਦੇ ਲੋਕਾਂ ਨੂੰ ਆਪਣੇ ਕਾਬੂ ਵਿਚ ਇੰਨਾ ਕੀਤਾ ਕਿ ਉਸ ਨੇ ਕਈਆਂ ਸਾਲਾਂ ਤੋਂ ਚੱਲ ਰਹੇ ਤਕਰੀਬਨ ਲਗਾਤਾਰ ਯੁੱਧਾਂ ਨੂੰ ਖ਼ਤਮ ਕੀਤਾ।” ਇਸ ਸਥਿਰਤਾ ਨੇ ਮੁਢਲੇ ਮਸੀਹੀਆਂ ਲਈ ਪੂਰੇ ਰੋਮੀ ਸੰਸਾਰ ਵਿਚ ਸਲਾਮਤੀ ਨਾਲ ਸਫ਼ਰ ਕਰਨਾ ਮੁਮਕਿਨ ਬਣਾਇਆ।
15 ਰੋਮੀ ਸਾਮਰਾਜ ਨੇ ਆਪਣੇ ਇਖ਼ਤਿਆਰ ਅਧੀਨ ਲੋਕਾਂ ਨੂੰ ਇਕਮੁੱਠ ਕਰਨ ਦੀ ਸਖ਼ਤ ਕੋਸ਼ਿਸ਼ ਕੀਤੀ। ਇਸ ਪਾਲਸੀ ਨੇ ਸਿਰਫ਼ ਸਫ਼ਰ ਕਰਨਾ, ਦੂਸਰਿਆਂ ਨਾਲ ਸਬਰ ਕਰਨ ਦੀ ਭਾਵਨਾ, ਅਤੇ ਵਿਚਾਰਾਂ ਦਾ ਵਟਾਂਦਰਾ ਹੀ ਨਹੀਂ ਮੁਮਕਿਨ ਬਣਾਇਆ, ਪਰ ਇਸ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਖ਼ਿਆਲ ਨੂੰ ਵੀ ਅੱਗੇ ਵਧਾਇਆ। ਔਨ ਦ ਰੋਡ ਟੂ ਸਿਵਿਲਾਇਜ਼ੇਸ਼ਨ ਕਿਤਾਬ ਬਿਆਨ ਕਰਦੀ ਹੈ: ‘ਰੋਮੀ ਸਾਮਰਾਜ ਦੀ ਏਕਤਾ ਨੇ ਆਪਣੇ ਇਲਾਕੇ ਨੂੰ ਮਸੀਹੀ ਪ੍ਰਚਾਰ ਲਈ ਲਾਭਦਾਇਕ ਬਣਾਇਆ। ਕੌਮਾਂ ਦਰਮਿਆਨ ਰੁਕਾਵਟਾਂ ਹਟਾ ਦਿੱਤੀਆਂ ਗਈਆਂ ਸਨ। ਰੋਮ ਦਾ ਇਕ ਨਿਵਾਸੀ ਸੰਸਾਰ ਦਾ ਨਿਵਾਸੀ ਸਮਝਿਆ ਜਾਂਦਾ ਸੀ। ਇਸ ਤੋਂ ਇਲਾਵਾ, ਵਿਸ਼ਵ-ਵਿਆਪੀ ਨਾਗਰਿਕਤਾ ਦੇ ਵਿਚਾਰ ਨੂੰ ਅੱਗੇ ਵਧਾਉਣ ਵਾਲੀ ਅਜਿਹੀ ਸਰਕਾਰ ਮਨੁੱਖੀ ਭਾਈਚਾਰੇ ਦੀ ਸਿੱਖਿਆ ਦੇਣ ਵਾਲੇ ਅਜਿਹੇ ਧਰਮ ਨੂੰ ਸਮਝ ਸਕਦੀ ਸੀ।’—ਰਸੂਲਾਂ ਦੇ ਕਰਤੱਬ 10:34, 35; 1 ਪਤਰਸ 2:17 ਦੀ ਤੁਲਨਾ ਕਰੋ।
16, 17. ਸਾਡੇ ਜ਼ਮਾਨੇ ਵਿਚ, ਸ਼ਾਂਤੀ ਨੂੰ ਅੱਗੇ ਵਧਾਉਣ ਦੇ ਜਤਨਾਂ ਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਹੈ, ਅਤੇ ਕਈਆਂ ਲੋਕਾਂ ਨੇ ਕੀ ਸਿੱਟਾ ਕੱਢਿਆ ਹੈ?
16 ਸਾਡੇ ਸਮੇਂ ਬਾਰੇ ਕੀ? ਵੀਹਵੀਂ ਸਦੀ ਵਿਚ ਇਤਿਹਾਸ ਦੇ ਸਭ ਤੋਂ ਮਾਰੂ ਯੁੱਧ ਹੋਏ ਹਨ, ਅਤੇ ਕੁਝ ਦੇਸ਼ਾਂ ਵਿਚ ਛੋਟੇ-ਛੋਟੇ ਯੁੱਧ ਹਾਲੇ ਵੀ ਜਾਰੀ ਹਨ। (ਪਰਕਾਸ਼ ਦੀ ਪੋਥੀ 6:4) ਫਿਰ ਵੀ, ਮਾੜੀ-ਮੋਟੀ ਸ਼ਾਂਤੀ ਦੇ ਸਮੇਂ ਵੀ ਰਹੇ ਹਨ। ਪੰਜਾਹ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਸੰਸਾਰ ਦੀਆਂ ਮੁੱਖ ਸ਼ਕਤੀਆਂ ਇਕ ਦੂਜੇ ਨਾਲ ਵਿਆਪਕ ਯੁੱਧ ਵਿਚ ਨਹੀਂ ਲੜੀਆਂ। ਇਸ ਸਥਿਤੀ ਨੇ ਉਨ੍ਹਾਂ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਬਹੁਤ ਹੀ ਮਦਦ ਕੀਤੀ ਹੈ।
17 ਵੀਹਵੀਂ ਸਦੀ ਦੇ ਯੁੱਧਾਂ ਦੇ ਭੈ ਕਾਰਨ ਕਈਆਂ ਲੋਕਾਂ ਨੇ ਵਿਸ਼ਵ ਸਰਕਾਰ ਦੀ ਜ਼ਰੂਰਤ ਨੂੰ ਪਛਾਣਿਆ ਹੈ। ਦੋਵੇਂ ਰਾਸ਼ਟਰ-ਸੰਘ ਅਤੇ ਸੰਯੁਕਤ ਰਾਸ਼ਟਰ-ਸੰਘ ਵਿਸ਼ਵ ਯੁੱਧ ਦੇ ਡਰ ਦੇ ਕਾਰਨ ਬਣਾਏ ਗਏ। (ਪਰਕਾਸ਼ ਦੀ ਪੋਥੀ 13:14) ਇਨ੍ਹਾਂ ਦੋਹਾਂ ਸੰਗਠਨਾਂ ਦਾ ਐਲਾਨ ਕੀਤਾ ਗਿਆ ਟੀਚਾ, ਅੰਤਰਰਾਸ਼ਟਰੀ ਸਹਿਯੋਗ ਅਤੇ ਸ਼ਾਂਤੀ ਨੂੰ ਅੱਗੇ ਵਧਾਉਣਾ ਰਿਹਾ ਹੈ। ਅਜਿਹੀ ਸ਼ਾਂਤੀ ਦੀ ਜ਼ਰੂਰਤ ਮਹਿਸੂਸ ਕਰਨ ਵਾਲੇ ਲੋਕ ਅਕਸਰ ਉਸ ਵਿਸ਼ਵ ਸਰਕਾਰ ਦੀ ਖ਼ੁਸ਼ ਖ਼ਬਰੀ ਨੂੰ ਚੰਗੀ ਤਰ੍ਹਾਂ ਸੁਣਦੇ ਹਨ ਜੋ ਅਸਲੀ ਅਤੇ ਸਥਾਈ ਸ਼ਾਂਤੀ ਲਿਆਵੇਗੀ, ਯਾਨੀ ਕਿ ਪਰਮੇਸ਼ੁਰ ਦਾ ਰਾਜ।
18. ਧਰਮ ਬਾਰੇ ਕਿਹੜੇ ਰਵੱਈਏ ਨੇ ਪ੍ਰਚਾਰ ਦੇ ਕੰਮ ਦੀ ਤਰਫ਼ਦਾਰੀ ਕੀਤੀ ਹੈ?
18 ਭਾਵੇਂ ਕਿ ਕਦੀ-ਕਦੀ ਮਸੀਹੀਆਂ ਉੱਤੇ ਬੇਰਹਿਮ ਅਤਿਆਚਾਰ ਕੀਤਾ ਗਿਆ ਹੈ, ਪਹਿਲੀ ਸਦੀ ਅਤੇ ਵੀਹਵੀਂ ਸਦੀ ਵਿਚ ਵੀ ਅਜਿਹੇ ਸਮੇਂ ਸਨ ਜਦੋਂ ਧਰਮ ਦੀ ਅਜ਼ਾਦੀ ਸੀ। (ਯੂਹੰਨਾ 15:20; ਰਸੂਲਾਂ ਦੇ ਕਰਤੱਬ 9:31) ਰੋਮੀ ਲੋਕ ਕਬਜ਼ਾ ਕੀਤੇ ਗਏ ਲੋਕਾਂ ਦੇ ਦੇਵੀ-ਦੇਵਤਿਆਂ ਨੂੰ ਸ਼ੱਕ ਕਰਨ ਤੋਂ ਬਿਨਾਂ ਮੰਨਣ ਲੱਗ ਪੈਂਦੇ ਸਨ ਅਤੇ ਉਨ੍ਹਾਂ ਵਰਗੇ ਬਣ ਜਾਂਦੇ ਸਨ। ਪ੍ਰੋਫ਼ੈਸਰ ਰੋਡਨੀ ਸਟਾਕ ਨੇ ਲਿਖਿਆ: “ਕਈਆਂ ਤਰੀਕਿਆਂ ਵਿਚ ਰੋਮ ਨੇ ਧਾਰਮਿਕ ਆਜ਼ਾਦੀ ਦਾ ਜ਼ਿਆਦਾ ਪ੍ਰਬੰਧ ਕੀਤਾ ਸੀ, ਜੋ ਕਿ ਫਿਰ ਦੁਬਾਰਾ ਸਿਰਫ਼ ਅਮਰੀਕੀ ਕ੍ਰਾਂਤੀ ਤੋਂ ਬਾਅਦ ਹੀ ਦੇਖੀ ਗਈ ਸੀ।” ਸਾਡੇ ਜ਼ਮਾਨੇ ਵਿਚ ਵੀ, ਕਈਆਂ ਦੇਸ਼ਾਂ ਵਿਚ ਲੋਕ ਦੂਸਰੇ ਵਿਚਾਰਾਂ ਨੂੰ ਸੁਣਨ ਲਈ ਜ਼ਿਆਦਾ ਤਿਆਰ ਹੋਏ ਹਨ, ਨਤੀਜੇ ਵਜੋਂ ਉਹ ਬਾਈਬਲ ਦੇ ਉਸ ਸੰਦੇਸ਼ ਨੂੰ ਸੁਣਨ ਲਈ ਜ਼ਿਆਦਾ ਰਜ਼ਾਮੰਦ ਹੋਏ ਹਨ ਜੋ ਯਹੋਵਾਹ ਦੇ ਗਵਾਹ ਸੁਣਾਉਂਦੇ ਹਨ।
ਤਕਨਾਲੋਜੀ ਦੀ ਭੂਮਿਕਾ
19. ਮੁਢਲਿਆਂ ਮਸੀਹੀਆਂ ਨੇ ਕੋਡੈਕਸ ਨੂੰ ਕਿਸ ਤਰ੍ਹਾਂ ਵਰਤਿਆ ਸੀ?
19 ਅਖ਼ੀਰ ਵਿਚ, ਇਸ ਉੱਤੇ ਵਿਚਾਰ ਕਰੋ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਤਕਨਾਲੋਜੀ ਦੀਆਂ ਤਰੱਕੀਆਂ ਤੋਂ ਲਾਭ ਉਠਾਉਣ ਵਿਚ ਕਿਸ ਤਰ੍ਹਾਂ ਮਦਦ ਦਿੱਤੀ ਹੈ। ਭਾਵੇਂ ਕਿ ਮੁਢਲੇ ਮਸੀਹੀ ਅਜਿਹੇ ਸਮੇਂ ਵਿਚ ਨਹੀਂ ਜੀ ਰਹੇ ਸਨ ਜਦੋਂ ਤਕਨਾਲੋਜੀ ਦੀਆਂ ਬਹੁਤ ਤਰੱਕੀਆਂ ਹੁੰਦੀਆਂ ਸਨ, ਲੇਕਿਨ ਉਨ੍ਹਾਂ ਨੇ ਕੋਡੈਕਸ, ਜਾਂ ਸਫ਼ਿਆਂ ਵਾਲੀ ਕਿਤਾਬ ਦਾ ਫ਼ਾਇਦਾ ਜ਼ਰੂਰ ਉਠਾਇਆ। ਕੋਡੈਕਸ ਨੇ ਭਾਰੀਆਂ-ਭਾਰੀਆਂ ਲਪੇਟੀਆਂ ਹੋਈਆਂ ਪੋਥੀਆਂ ਦੀ ਥਾਂ ਲਈ। ਕੋਡੈਕਸ ਦਾ ਜਨਮ (ਅੰਗ੍ਰੇਜ਼ੀ) ਕਿਤਾਬ ਕਹਿੰਦੀ ਹੈ: ‘ਦੁਨੀਆਂ ਦੇ ਸਾਹਿੱਤ ਦਾ ਪੋਥੀਆਂ ਤੋਂ ਕੋਡੈਕਸ ਵਿਚ ਬਦਲੇ ਜਾਣਾ ਇਕ ਹੌਲੀ ਅਤੇ ਸਹਿਜੀ ਕਾਰਵਾਈ ਸੀ। ਇਸ ਦੀ ਤੁਲਨਾ ਵਿਚ ਇਸ ਤਰ੍ਹਾਂ ਲੱਗਦਾ ਹੈ ਕਿ ਮਸੀਹੀਆਂ ਨੇ ਕੋਡੈਕਸ ਨੂੰ ਫ਼ੌਰਨ ਹੀ ਅਪਣਾ ਲਿਆ ਸੀ ਅਤੇ ਉਹ ਵਿਸ਼ਵ-ਵਿਆਪੀ ਤੌਰ ਤੇ ਉਸ ਨੂੰ ਵਰਤਣ ਲੱਗ ਪਏ ਸਨ।’ ਇਹ ਹਵਾਲਾ ਇਹ ਵੀ ਕਹਿੰਦਾ ਹੈ ਕਿ “ਦੂਸਰੀ ਸਦੀ ਵਿਚ ਮਸੀਹੀਆਂ ਦੁਆਰਾ ਕੋਡੈਕਸ ਦੀ ਵਰਤੋਂ ਇੰਨੀ ਜ਼ਿਆਦਾ ਹੈ ਕਿ ਇਸ ਦੀ ਵਰਤੋਂ ਜ਼ਰੂਰ 100 ਸੰ.ਈ. ਤੋਂ ਪਹਿਲਾਂ ਸ਼ੁਰੂ ਹੋਈ ਹੋਣੀ ਸੀ।” ਪੋਥੀਆਂ ਨਾਲੋਂ ਕੋਡੈਕਸ ਵਰਤਣਾ ਸੌਖਾ ਸੀ। ਆਇਤਾਂ ਜਲਦੀ-ਜਲਦੀ ਲੱਭੀਆਂ ਜਾ ਸਕਦੀਆਂ ਸਨ। ਬਿਨਾਂ ਸ਼ੱਕ ਇਸ ਨੇ ਮੁਢਲਿਆਂ ਮਸੀਹੀਆਂ ਦੀ ਬਹੁਤ ਮਦਦ ਕੀਤੀ ਹੋਣੀ ਸੀ ਜਿਨ੍ਹਾਂ ਨੇ, ਪੌਲੁਸ ਵਾਂਗ, ਸ਼ਾਸਤਰ ਵਚਨਾਂ ਨੂੰ ਸਮਝਾਉਣ ਦੇ ਨਾਲ-ਨਾਲ ਉਨ੍ਹਾਂ ਗੱਲਾਂ ਦਾ ‘ਅਰਥ ਖੋਲ੍ਹ ਕੇ ਬਿਆਨ ਕੀਤਾ,’ ਜੋ ਉਹ ਸਿਖਾ ਰਹੇ ਸਨ।—ਰਸੂਲਾਂ ਦੇ ਕਰਤੱਬ 17:2, 3.
20. ਪਰਮੇਸ਼ੁਰ ਦੇ ਲੋਕਾਂ ਨੇ ਅੱਜ ਦੀ ਤਕਨਾਲੋਜੀ ਨੂੰ ਪ੍ਰਚਾਰ ਦੇ ਵਿਸ਼ਵ-ਵਿਆਪੀ ਕੰਮ ਵਿਚ ਕਿਸ ਤਰ੍ਹਾਂ ਵਰਤਿਆ ਹੈ, ਅਤੇ ਕਿਉਂ?
20 ਸਾਡੇ ਜ਼ਮਾਨੇ ਵਿਚ ਤਕਨਾਲੋਜੀ ਦੀਆਂ ਤਰੱਕੀਆਂ ਸੱਚ-ਮੁੱਚ ਹੈਰਾਨਕੁਨ ਹਨ। ਛਾਪਣ ਵਾਲੀਆਂ ਤੇਜ਼ ਮਸ਼ੀਨਾਂ ਨੇ ਬਾਈਬਲ ਸਾਹਿੱਤ ਨੂੰ ਇੱਕੋ ਵੇਲੇ ਤੇ ਕਈਆਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕਰਨਾ ਮੁਮਕਿਨ ਬਣਾਇਆ ਹੈ। ਅੱਜ ਦੀ ਤਕਨਾਲੋਜੀ ਨੇ ਬਾਈਬਲ ਦੇ ਤਰਜਮੇ ਦੇ ਕੰਮ ਨੂੰ ਤੇਜ਼ ਕਰ ਦਿੱਤਾ ਹੈ। ਟੱਰਕ, ਰੇਲ-ਗੱਡੀਆਂ, ਸਮੁੰਦਰੀ ਅਤੇ ਹਵਾਈ ਜਹਾਜ਼ ਸਾਰੀ ਦੁਨੀਆਂ ਵਿਚ ਬਾਈਬਲ ਸਾਹਿੱਤ ਪਹੁੰਚਾਉਣੇ ਮੁਮਕਿਨ ਬਣਾਉਂਦੇ ਹਨ। ਟੈਲੀਫ਼ੋਨ ਅਤੇ ਫ਼ੈਕਸ ਮਸ਼ੀਨਾਂ ਨੇ ਫ਼ੌਰੀ ਸੰਚਾਰ ਨੂੰ ਇਕ ਹਕੀਕਤ ਬਣਾਇਆ ਹੈ। ਯਹੋਵਾਹ ਆਪਣੇ ਸੇਵਕਾਂ ਨੂੰ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ, ਸੰਸਾਰ-ਭਰ ਵਿਚ ਖ਼ੁਸ਼ ਖ਼ਬਰੀ ਫੈਲਾਉਣ ਲਈ ਅਜਿਹੀ ਤਕਨਾਲੋਜੀ ਨੂੰ ਵਿਵਹਾਰਕ ਤਰੀਕੇ ਵਿਚ ਵਰਤਣ ਲਈ ਪ੍ਰੇਰਿਤ ਕਰਦਾ ਹੈ। ਉਹ ਅਜਿਹੀਆਂ ਤਰੱਕੀਆਂ ਨੂੰ ਇਸ ਚਾਹ ਨਾਲ ਨਹੀਂ ਵਰਤਦੇ ਕਿ ਉਹ ਇਸ ਸੰਸਾਰ ਦੀ ਨਵੀਂ ਤੋਂ ਨਵੀਂ ਚੀਜ਼ ਬਾਰੇ ਜਾਣ ਸਕਣ ਅਤੇ ਉਸ ਨੂੰ ਵਰਤ ਸਕਣ। ਇਸ ਦੀ ਬਜਾਇ, ਪ੍ਰਚਾਰ ਕਰਨ ਦੇ ਹੁਕਮ ਨੂੰ ਸਭ ਤੋਂ ਬਿਹਤਰ ਤਰੀਕੇ ਵਿਚ ਪੂਰਾ ਕਰਨ ਲਈ ਉਹ ਹਰ ਚੀਜ਼ ਵਿਚ ਦਿਲਚਸਪੀ ਲੈਂਦੇ ਹਨ ਜੋ ਮਦਦ ਕਰ ਸਕਦੀ ਹੈ।
21. ਅਸੀਂ ਕਿਸ ਗੱਲ ਉੱਤੇ ਭਰੋਸਾ ਰੱਖ ਸਕਦੇ ਹਾਂ?
21 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ।” (ਮੱਤੀ 24:14) ਜਿਸ ਤਰ੍ਹਾਂ ਮੁਢਲਿਆਂ ਮਸੀਹੀਆਂ ਨੇ ਇਸ ਭਵਿੱਖਬਾਣੀ ਦੀ ਪੂਰਤੀ ਦੇਖੀ ਸੀ, ਉਸੇ ਤਰ੍ਹਾਂ ਅਸੀਂ ਵੀ ਇਹ ਵੱਡੇ ਪੈਮਾਨੇ ਤੇ ਦੇਖ ਰਹੇ ਹਾਂ। ਇਸ ਕੰਮ ਦੀ ਵਿਸ਼ਾਲਤਾ ਅਤੇ ਔਖਿਆਈ ਦੇ ਬਾਵਜੂਦ, ਚੰਗੇ ਅਤੇ ਬੁਰੇ ਸਮੇਂ ਦੌਰਾਨ, ਬਦਲਦੇ ਕਾਨੂੰਨਾਂ ਅਤੇ ਰਵੱਈਏ ਦੌਰਾਨ, ਯੁੱਧ ਅਤੇ ਸ਼ਾਂਤੀ ਵਿਚ, ਅਤੇ ਤਕਨਾਲੋਜੀ ਦੀਆਂ ਹਰ ਤਰ੍ਹਾਂ ਦੀਆਂ ਤਰੱਕੀਆਂ ਦੇ ਵਿਚਕਾਰ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ। ਕੀ ਤੁਸੀਂ ਯਹੋਵਾਹ ਦੀ ਬੁੱਧੀ ਅਤੇ ਪਹਿਲਾਂ ਜਾਣਨ ਦੀ ਸ਼ਕਤੀ ਤੋਂ ਹੈਰਾਨ ਨਹੀਂ ਹੁੰਦੇ? ਅਸੀਂ ਬਿਲਕੁਲ ਨਿਸ਼ਚਿਤ ਹੋ ਸਕਦੇ ਹਾਂ ਕਿ ਪ੍ਰਚਾਰ ਦਾ ਕੰਮ ਯਹੋਵਾਹ ਦੇ ਸਮੇਂ ਅਨੁਸਾਰ ਪੂਰਾ ਹੋਵੇਗਾ ਅਤੇ ਕਿ ਉਸ ਦਾ ਪ੍ਰੇਮਪੂਰਣ ਮਕਸਦ ਧਰਮੀ ਲੋਕਾਂ ਨੂੰ ਬਰਕਤ ਲਿਆਉਂਦੇ ਹੋਏ ਪੂਰਾ ਹੋਵੇਗਾ। ਉਹ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਲਈ ਉਸ ਉੱਤੇ ਵੱਸਣਗੇ। (ਜ਼ਬੂਰ 37:29; ਹਬੱਕੂਕ 2:3) ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੇ ਮਕਸਦ ਦੇ ਅਨੁਸਾਰ ਲਿਆਵਾਂਗੇ ਤਾਂ ਅਸੀਂ ਵੀ ਉਨ੍ਹਾਂ ਵਿਚਕਾਰ ਹੋਵਾਂਗੇ।—1 ਤਿਮੋਥਿਉਸ 4:16.
[ਫੁਟਨੋਟ]
a ਇਨ੍ਹਾਂ ਦੋਹਾਂ ਮਸੀਹਾਈ ਭਵਿੱਖਬਾਣੀਆਂ ਬਾਰੇ ਹੋਰ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕਿਤਾਬ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦੇ ਸਫ਼ੇ 36, 97, ਅਤੇ 98-107 ਦੇਖੋ।
ਵਿਚਾਰ ਕਰਨ ਲਈ ਨੁਕਤੇ
◻ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦਾ ਕੰਮ ਚੁਣੌਤੀ-ਭਰਿਆ ਕਿਉਂ ਰਿਹਾ ਹੈ?
◻ ਮਸੀਹੀਆਂ ਦੇ ਕੰਮ ਨੇ ਸਰਕਾਰੀ ਪ੍ਰਬੰਧਾਂ ਅਤੇ ਮਾੜੀ-ਮੋਟੀ ਸਮਾਜਕ ਸਥਿਰਤਾ ਤੋਂ ਕਿਨ੍ਹਾਂ ਤਰੀਕਿਆਂ ਵਿਚ ਲਾਭ ਉਠਾਇਆ ਹੈ?
◻ ਪ੍ਰਚਾਰ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਸਾਨੂੰ ਕਿਨ੍ਹਾਂ ਹੋਣ ਵਾਲੀਆਂ ਘਟਨਾਵਾਂ ਵਿਚ ਭਰੋਸਾ ਦਿਲਾਉਂਦੀ ਹੈ?