“ਸੁਰਗੀ ਅੰਨ” ਤੋਂ ਲਾਭ ਉਠਾਉਣਾ
ਮਿਸਰ ਵਿੱਚੋਂ ਚਮਤਕਾਰੀ ਮੁਕਤੀ ਤੋਂ ਥੋੜ੍ਹੀ ਦੇਰ ਬਾਅਦ, ਇਸਰਾਏਲੀਆਂ ਨੇ ਆਪਣੇ ਮੁਕਤੀਦਾਤਾ, ਯਹੋਵਾਹ, ਵਿਚ ਬੜੀ ਬੇਪਰਤੀਤੀ ਦਿਖਾਈ। ਇਸ ਦੇ ਨਤੀਜੇ ਵਜੋਂ, ਯਹੋਵਾਹ ਨੇ ਉਨ੍ਹਾਂ ਨੂੰ 40 ਸਾਲਾਂ ਲਈ ਸੀਨਈ ਦੇ ਉਜਾੜ ਵਿਚ ਘੁੰਮਣ ਦਿੱਤਾ। ਇਸ ਸਮੇਂ ਦੌਰਾਨ, ਇਸਰਾਏਲੀਆਂ ਨੇ ਅਤੇ ਉਨ੍ਹਾਂ ਦੇ ਨਾਲ ਪਰਦੇਸੀਆਂ ਦੀ “ਮਿਲੀ ਜੁਲੀ ਭੀੜ” ਨੇ ‘ਰੱਜ ਕੇ’ ਖਾਧਾ-ਪੀਤਾ। (ਕੂਚ 12:37, 38) ਜ਼ਬੂਰ 78:23-25 ਸਾਨੂੰ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਮੁਮਕਿਨ ਹੋਇਆ: “[ਯਹੋਵਾਹ] ਨੇ ਉੱਪਰ ਗਗਣ ਨੂੰ ਹੁਕਮ ਦਿੱਤਾ, ਅਤੇ ਅਕਾਸ਼ ਦੇ ਦਰਵੱਜੇ ਖੋਲ੍ਹ ਦਿੱਤੇ, ਅਤੇ ਉਨ੍ਹਾਂ ਦੇ ਖਾਣ ਲਈ ਮੰਨ ਵਰ੍ਹਾਇਆ, ਅਤੇ ਉਨ੍ਹਾਂ ਨੂੰ ਸੁਰਗੀ ਅੰਨ ਦਿੱਤਾ। ਬਲਵੰਤਾਂ ਦੀ ਰੋਟੀ ਇਨਸਾਨ ਨੇ ਖਾਧੀ, ਉਸ ਨੇ ਰੱਜਵੀਂ ਰੋਟੀ ਘੱਲੀ।”
ਮੰਨ ਨੂੰ ਖਾਣ ਤੋਂ ਬਾਅਦ ਮੂਸਾ ਇਸ ਅਨੋਖੇ ਭੋਜਨ ਦਾ ਵਰਣਨ ਕਰਦਾ ਹੈ। ਉਸ ਨੇ ਲਿਖਿਆ ਕਿ ਸਵੇਰ ਨੂੰ ‘ਜਦ ਤਰੇਲ ਉੱਡ ਗਈ ਉਜਾੜ ਦੀ ਪਰਤ ਉੱਤੇ ਨਿੱਕਾ ਨਿੱਕਾ ਕੱਕਰ ਕੋਰੇ ਵਰਗਾ ਮਹੀਨ ਧਰਤੀ ਉੱਤੇ ਪਿਆ ਹੋਇਆ ਸੀ। ਜਾਂ ਇਸਰਾਏਲੀਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਆਹ ਕੀ ਹੈ?’ ਜਾਂ ਇਬਰਾਨੀ ਭਾਸ਼ਾ ਵਿਚ, “ਮਾਨ?” “ਮੰਨ,” ਜੋ ਨਾਂ ਇਸਰਾਏਲੀਆਂ ਨੇ ਇਸ ਖਾਣੇ ਨੂੰ ਦਿੱਤਾ ਸੀ, ਸ਼ਾਇਦ ਇਸੇ ਸ਼ਬਦ ਤੋਂ ਆਇਆ ਸੀ। ਮੂਸਾ ਨੇ ਕਿਹਾ: “ਉਹ ਧਨੀਏ ਵਰਗਾ ਬੱਗਾ ਅਤੇ ਉਸ ਦਾ ਸੁਆਦ ਸ਼ਹਿਤ ਵਿੱਚ ਪਕਾਏ ਹੋਏ ਪੂੜੇ ਵਰਗਾ ਸੀ।”—ਕੂਚ 16:13-15, 31, ਫੁਟਨੋਟ।
ਮੰਨ ਕੁਦਰਤੀ ਤੌਰ ਤੇ ਨਹੀਂ ਆ ਰਿਹਾ ਸੀ, ਜਿਵੇਂ ਕੁਝ ਲੋਕ ਦਾਅਵਾ ਕਰਦੇ ਹਨ। ਇਸ ਦਾ ਪ੍ਰਬੰਧ ਕਰਨ ਵਿਚ ਕੋਈ ਅਦਭੁਤ ਸ਼ਕਤੀ ਸ਼ਾਮਲ ਸੀ। ਮਿਸਾਲ ਲਈ, ਉਸ ਦਾ ਮਿਲਣਾ ਕਿਸੇ ਖ਼ਾਸ ਜਗ੍ਹਾ ਜਾਂ ਸਮੇਂ ਉੱਤੇ ਨਿਰਭਰ ਨਹੀਂ ਸੀ। ਜੇਕਰ ਉਸ ਨੂੰ ਸਵੇਰ ਤਕ ਰੱਖਿਆ ਜਾਂਦਾ ਤਾਂ ਉਸ ਵਿਚ ਕੀੜੇ ਪੈ ਜਾਂਦੇ ਸਨ ਅਤੇ ਉਸ ਤੋਂ ਸੜਿਆਹਣ ਆਉਣ ਲੱਗ ਪੈਂਦੀ ਸੀ; ਲੇਕਿਨ, ਹਫ਼ਤੇ ਦੇ ਸਬਤ ਤੋਂ ਇਕ ਦਿਨ ਪਹਿਲਾਂ ਹਰੇਕ ਪਰਿਵਾਰ ਦੁਗੁਣਾ ਹਿੱਸਾ ਇਕੱਠਾ ਕਰਦਾ ਸੀ ਪਰ ਇਹ ਰਾਤੋਂ-ਰਾਤ ਖ਼ਰਾਬ ਨਹੀਂ ਸੀ ਹੁੰਦਾ, ਤਾਂਕਿ ਉਹ ਸਬਤ ਤੇ ਖਾਣ ਜੋਗਾ ਰਹੇ—ਜਿਸ ਦਿਨ ਕੋਈ ਮੰਨ ਧਰਤੀ ਉੱਤੇ ਨਹੀਂ ਹੁੰਦਾ ਸੀ। ਬਿਨਾਂ ਸ਼ੱਕ, ਇਹ ਮੰਨ ਇਕ ਚਮਤਕਾਰੀ ਪ੍ਰਬੰਧ ਸੀ।—ਕੂਚ 16:19-30.
ਜ਼ਬੂਰ 78 ਵਿਚ “ਬਲਵੰਤਾਂ” ਜਾਂ ਦੂਤਾਂ ਦਾ ਜੋ ਜ਼ਿਕਰ ਕੀਤਾ ਗਿਆ ਹੈ ਇਹ ਸੰਕੇਤ ਕਰਦਾ ਹੈ ਕਿ ਯਹੋਵਾਹ ਨੇ ਮੰਨ ਦਾ ਪ੍ਰਬੰਧ ਕਰਨ ਲਈ ਸ਼ਾਇਦ ਦੂਤਾਂ ਨੂੰ ਵਰਤਿਆ ਸੀ। (ਜ਼ਬੂਰ 78:25) ਜੋ ਵੀ ਹੋਵੇ, ਲੋਕਾਂ ਕੋਲ ਯਹੋਵਾਹ ਦੀ ਦਿਆਲਤਾ ਲਈ ਸ਼ੁਕਰ ਕਰਨ ਦੇ ਅਨੇਕ ਕਾਰਨ ਸਨ। ਫਿਰ ਵੀ, ਕਈਆਂ ਨੇ ਉਸ ਦਾ ਸ਼ੁਕਰ ਨਹੀਂ ਕੀਤਾ, ਜਿਸ ਨੇ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ। ਅਸੀਂ ਵੀ ਯਹੋਵਾਹ ਦੇ ਪ੍ਰਬੰਧਾਂ ਦੀ ਘੱਟ ਕਦਰ ਕਰ ਸਕਦੇ ਹਾਂ ਜਾਂ ਨਾਸ਼ੁਕਰੇ ਬਣ ਸਕਦੇ ਹਾਂ ਜੇ ਅਸੀਂ ਉਸ ਦੀ ਪ੍ਰੇਮਪੂਰਣ ਦਿਆਲਗੀ ਉੱਤੇ ਮਨਨ ਨਾ ਕਰੀਏ। ਇਸ ਲਈ ਅਸੀਂ ਸ਼ੁਕਰ ਕਰ ਸਕਦੇ ਹਾਂ ਕਿ ਯਹੋਵਾਹ ਨੇ ਇਸਰਾਏਲ ਦੀ ਮੁਕਤੀ ਅਤੇ ਬਾਅਦ ਦੀਆਂ ਘਟਨਾਵਾਂ, “ਸਾਡੀ ਸਿੱਖਿਆ” ਲਈ ਦਰਜ ਕੀਤੀਆਂ ਹਨ।—ਰੋਮੀਆਂ 15:4.
ਇਸਰਾਏਲ ਲਈ ਸਬਕ ਮਸੀਹੀਆਂ ਦੀ ਸਹਾਇਤਾ ਕਰਦਾ ਹੈ
ਜਦੋਂ ਯਹੋਵਾਹ ਨੇ ਮੰਨ ਦਾ ਪ੍ਰਬੰਧ ਕੀਤਾ ਸੀ, ਉਸ ਦਾ ਇਰਾਦਾ ਕੁਝ ਤੀਹ ਲੱਖ ਇਸਰਾਏਲੀਆਂ ਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਤੋਂ ਕੁਝ ਜ਼ਿਆਦਾ ਸੀ। ਉਹ ਉਨ੍ਹਾਂ ਦੇ ਫ਼ਾਇਦੇ ਵਾਸਤੇ ਉਨ੍ਹਾਂ ਨੂੰ ਸੁਧਾਰਨ ਅਤੇ ਅਨੁਸ਼ਾਸਨ ਦੇਣ ਦੁਆਰਾ ‘ਉਨ੍ਹਾਂ ਨੂੰ ਅਧੀਨ ਕਰਨਾ ਅਤੇ ਉਨ੍ਹਾਂ ਨੂੰ ਪਰਖਣਾ’ ਚਾਹੁੰਦਾ ਸੀ। (ਬਿਵਸਥਾ ਸਾਰ 8:16; ਯਸਾਯਾਹ 48:17) ਜੇਕਰ ਉਹ ਉਸ ਸੁਧਾਈ ਅਤੇ ਅਨੁਸ਼ਾਸਨ ਨੂੰ ਕਬੂਲ ਕਰਦੇ ਤਾਂ ਯਹੋਵਾਹ ਵਾਅਦਾ ਕੀਤੇ ਹੋਏ ਦੇਸ਼ ਵਿਚ ਉਨ੍ਹਾਂ ਨੂੰ ਸੁਖ, ਸ਼ਾਂਤੀ ਅਤੇ ਖ਼ੁਸ਼ਹਾਲੀ ਬਖ਼ਸ਼ਣ ਦੁਆਰਾ ‘ਅੰਤ ਵਿਚ ਉਨ੍ਹਾਂ ਦਾ ਭਲਾ ਕਰਦਾ।’
ਉਨ੍ਹਾਂ ਨੂੰ ਇਕ ਮਹੱਤਵਪੂਰਣ ਸਬਕ ਸਿੱਖਣ ਦੀ ਲੋੜ ਸੀ ਕਿ “ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ ਆਦਮੀ ਜੀਉਂਦਾ ਰਹੇਗਾ।” (ਬਿਵਸਥਾ ਸਾਰ 8:3) ਜੇਕਰ ਯਹੋਵਾਹ ਨੇ ਮੰਨ ਦਾ ਪ੍ਰਬੰਧ ਨਾ ਕੀਤਾ ਹੁੰਦਾ ਤਾਂ ਲੋਕਾਂ ਨੇ ਭੁੱਖੇ ਮਰ ਜਾਣਾ ਸੀ—ਇਹ ਗੱਲ ਉਨ੍ਹਾਂ ਨੇ ਖ਼ੁਦ ਸਵੀਕਾਰ ਕੀਤੀ ਸੀ। (ਕੂਚ 16:3, 4) ਕਦਰਦਾਨ ਇਸਰਾਏਲੀਆਂ ਨੂੰ ਰੋਜ਼ ਯਾਦ ਦਿਲਾਇਆ ਜਾਂਦਾ ਸੀ ਕਿ ਉਹ ਯਹੋਵਾਹ ਉੱਤੇ ਬਿਲਕੁਲ ਨਿਰਭਰ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਨਿਮਰਤਾ ਵਧੀ। ਇਸ ਲਈ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਬਾਅਦ, ਜਿਸ ਵਿਚ ਬਹੁਤ ਹੀ ਭੌਤਿਕ ਚੀਜ਼ਾਂ ਸਨ, ਉਹ ਸ਼ਾਇਦ ਯਹੋਵਾਹ ਨੂੰ ਅਤੇ ਉਸ ਉੱਤੇ ਆਪਣੀ ਨਿਰਭਰਤਾ ਨੂੰ ਨਹੀਂ ਭੁੱਲਦੇ।
ਇਸਰਾਏਲੀਆਂ ਵਾਂਗ, ਮਸੀਹੀਆਂ ਨੂੰ ਵੀ ਜ਼ਿੰਦਗੀ ਦੀਆਂ ਸਰੀਰਕ ਅਤੇ ਰੂਹਾਨੀ ਜ਼ਰੂਰਤਾਂ ਲਈ ਪਰਮੇਸ਼ੁਰ ਉੱਤੇ ਆਪਣੀ ਨਿਰਭਰਤਾ ਬਾਰੇ ਸਚੇਤ ਰਹਿਣਾ ਚਾਹੀਦਾ ਹੈ। (ਮੱਤੀ 5:3; 6:31-33) ਇਬਲੀਸ ਦੇ ਇਕ ਪਰਤਾਵੇ ਦੇ ਜਵਾਬ ਵਿਚ ਯਿਸੂ ਮਸੀਹ ਨੇ ਬਿਵਸਥਾ ਸਾਰ 8:3 ਵਿਚ ਪਾਏ ਗਏ ਮੂਸਾ ਦੇ ਸ਼ਬਦ ਦੁਹਰਾ ਕੇ ਕਿਹਾ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਜੀ ਹਾਂ, ਪਰਮੇਸ਼ੁਰ ਦੇ ਸੱਚੇ ਉਪਾਸਕ ਯਹੋਵਾਹ ਦੇ ਬਚਨ ਵਿਚ ਪਾਏ ਗਏ ਉਸ ਦੇ ਸ਼ਬਦਾਂ ਨੂੰ ਪੜ੍ਹਨ ਦੁਆਰਾ ਕਾਇਮ ਰਹਿੰਦੇ ਹਨ। ਇਸ ਦੇ ਨਾਲ-ਨਾਲ, ਉਨ੍ਹਾਂ ਦੀ ਨਿਹਚਾ ਪੱਕੀ ਕੀਤੀ ਜਾਂਦੀ ਹੈ ਜਦੋਂ ਉਹ ਪਰਮੇਸ਼ੁਰ ਨਾਲ ਚੱਲ ਕੇ ਅਤੇ ਰਾਜ ਹਿਤਾਂ ਨੂੰ ਪਹਿਲਾਂ ਰੱਖ ਕੇ ਆਪਣੀਆਂ ਜ਼ਿੰਦਗੀਆਂ ਵਿਚ ਇਨ੍ਹਾਂ ਸ਼ਬਦਾਂ ਦੇ ਚੰਗੇ ਅਸਰ ਅਨੁਭਵ ਕਰਦੇ ਹਨ।
ਅਪੂਰਣ ਮਨੁੱਖ ਉਨ੍ਹਾਂ ਚੀਜ਼ਾਂ ਲਈ ਕਦਰ ਖੋਹ ਸਕਦੇ ਹਨ ਜੋ ਜ਼ਿੰਦਗੀ ਦਾ ਆਮ ਹਿੱਸਾ ਬਣ ਜਾਂਦੀਆਂ ਹਨ—ਭਾਵੇਂ ਕਿ ਇਹ ਚੀਜ਼ਾਂ ਯਹੋਵਾਹ ਦੀ ਪ੍ਰੇਮਪੂਰਣ ਦੇਖ-ਭਾਲ ਦਾ ਸਬੂਤ ਹੋਣ। ਮਿਸਾਲ ਲਈ, ਪਰਮੇਸ਼ੁਰ ਵੱਲੋਂ ਮੰਨ ਦੇ ਪ੍ਰਬੰਧ ਨੇ ਪਹਿਲਾਂ-ਪਹਿਲ ਇਸਰਾਏਲੀਆਂ ਨੂੰ ਹੈਰਾਨ ਕੀਤਾ ਨਾਲੇ ਰਜਾਇਆ ਵੀ, ਪਰ ਸਮੇਂ ਦੇ ਬੀਤਣ ਨਾਲ ਕਈਆਂ ਨੇ ਸ਼ਿਕਾਇਤ ਕੀਤੀ: “ਸਾਡੀਆਂ ਜਾਨਾਂ ਏਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ,” ਉਨ੍ਹਾਂ ਨੇ ਗੁਸਤਾਖ਼ੀ ਨਾਲ ਸ਼ਿਕਾਇਤ ਕੀਤੀ—ਇਹ ਇਕ ਸੰਕੇਤ ਹੈ ਕਿ ਉਹ ‘ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋ’ ਰਹੇ ਸਨ। (ਗਿਣਤੀ 11:6; 21:5; ਇਬਰਾਨੀਆਂ 3:12) ਇਸ ਲਈ, ਉਨ੍ਹਾਂ ਦੀ ਮਿਸਾਲ ‘ਸਾਨੂੰ ਮੱਤ ਦੇਣ ਲਈ ਹੈ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ।’—1 ਕੁਰਿੰਥੀਆਂ 10:11.
ਅਸੀਂ ਇਸ ਚੇਤਾਵਨੀ-ਭਰੀ ਮਿਸਾਲ ਵੱਲ ਕਿਸ ਤਰ੍ਹਾਂ ਧਿਆਨ ਦੇ ਸਕਦੇ ਹਾਂ? ਇਕ ਤਰੀਕਾ ਹੈ ਬਾਈਬਲੀ ਸਿੱਖਿਆਵਾਂ ਜਾਂ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਤੋਂ ਮਿਲੇ ਪ੍ਰਬੰਧਾਂ ਨੂੰ ਕਦੀ ਵੀ ਆਮ ਜਾਂ ਮਾਮੂਲੀ ਨਾ ਬਣਨ ਦੇਣਾ। (ਮੱਤੀ 24:45) ਜਦੋਂ ਅਸੀਂ ਯਹੋਵਾਹ ਦੀਆਂ ਦਾਤਾਂ ਦੀ ਘੱਟ ਕਦਰ ਕਰਨ ਲੱਗ ਪੈਂਦੇ ਹਾਂ ਜਾਂ ਉਨ੍ਹਾਂ ਤੋਂ ਬੋਰ ਹੋ ਜਾਂਦੇ ਹਾਂ, ਉਸ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋਣ ਲੱਗ ਪੈਂਦਾ ਹੈ।
ਚੰਗੇ ਕਾਰਨ ਕਰਕੇ, ਯਹੋਵਾਹ ਸਾਨੂੰ ਦਿਲਚਸਪ ਨਵੀਆਂ-ਤਾਜ਼ੀਆਂ ਗੱਲਾਂ ਹਰ ਵੇਲੇ ਨਹੀਂ ਦੱਸਦਾ ਰਹਿੰਦਾ। ਇਸ ਦੀ ਬਜਾਇ, ਉਹ ਆਪਣੇ ਬਚਨ ਉੱਤੇ ਹੌਲੀ-ਹੌਲੀ ਅਤੇ ਪ੍ਰਗਤੀਵਾਦੀ ਢੰਗ ਨਾਲ ਚਾਨਣ ਪਾਉਂਦਾ ਹੈ। (ਕਹਾਉਤਾਂ 4:18) ਇਸ ਕਰਕੇ ਉਸ ਦੇ ਲੋਕ ਉਨ੍ਹਾਂ ਗੱਲਾਂ ਨੂੰ, ਜੋ ਉਹ ਸਿੱਖਦੇ ਹਨ, ਸਮਝ ਸਕਦੇ ਹਨ ਅਤੇ ਉਨ੍ਹਾਂ ਨੂੰ ਲਾਗੂ ਕਰ ਸਕਦੇ ਹਨ। ਆਪਣੇ ਪਹਿਲਿਆਂ ਚੇਲਿਆਂ ਨੂੰ ਸਿਖਾਉਂਦੇ ਸਮੇਂ ਯਿਸੂ ਨੇ ਆਪਣੇ ਪਿਤਾ ਦੀ ਰੀਸ ਕੀਤੀ। ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਉਸ ਤਰ੍ਹਾਂ ਸਿਖਾਇਆ “ਜਿਸ ਤਰਾਂ ਓਹ ਸੁਣ ਸੱਕਦੇ ਸਨ,” ਜਾਂ ਕੁਝ ਅਨੁਵਾਦਾਂ ਦੇ ਅਨੁਸਾਰ ਜਿਸ ਤਰ੍ਹਾਂ ਉਹ “ਸਮਝ” ਸਕਦੇ ਸਨ।—ਮਰਕੁਸ 4:33. ਯੂਹੰਨਾ 16:12 ਦੀ ਤੁਲਨਾ ਕਰੋ।
ਪਰਮੇਸ਼ੁਰ ਦਿਆਂ ਪ੍ਰਬੰਧਾਂ ਲਈ ਆਪਣੀ ਕਦਰ ਵਧਾਓ
ਯਿਸੂ ਨੇ ਗੱਲ ਨੂੰ ਵਾਰ-ਵਾਰ ਦੁਹਰਾਉਣ ਦੀ ਵੀ ਆਦਤ ਅਪਣਾਈ। ਸੱਚ ਹੈ ਕਿ ਸਾਡਾ ਦਿਮਾਗ਼ ਸ਼ਾਇਦ ਕਿਸੇ ਖ਼ਾਸ ਨੁਕਤੇ ਨੂੰ ਝੱਟ ਹੀ ਸਮਝ ਲਵੇ—ਮਿਸਾਲ ਲਈ ਕੋਈ ਬਾਈਬਲ ਸਿਧਾਂਤ—ਪਰ ਇਸ ਨੂੰ ਦਿਲ ਵਿਚ ਬਿਠਾਉਣ ਅਤੇ ਇਸ ਨੂੰ ‘ਨਵੀਂ ਮਸੀਹੀ ਇਨਸਾਨੀਅਤ’ ਦਾ ਹਿੱਸਾ ਬਣਾਉਣ ਵਿਚ ਸ਼ਾਇਦ ਕੁਝ ਸਮਾਂ ਲੱਗ ਜਾਵੇ, ਖ਼ਾਸ ਕਰਕੇ ਜੇ ਪੁਰਾਣੀਆਂ ਦੁਨਿਆਵੀ ਆਦਤਾਂ ਅਤੇ ਰਵੱਈਏ ਹਾਲੇ ਵੀ ਦਿਲ ਵਿਚ ਡਟੇ ਹੋਣ। (ਅਫ਼ਸੀਆਂ 4:22-24) ਘਮੰਡ ਉੱਤੇ ਜੇਤੂ ਹੋਣ ਅਤੇ ਨਿਮਰਤਾ ਪੈਦਾ ਕਰਨ ਦੇ ਸੰਬੰਧ ਵਿਚ ਇਹ ਗੱਲ ਯਿਸੂ ਦੇ ਚੇਲਿਆਂ ਬਾਰੇ ਬਿਲਕੁਲ ਸੱਚ ਸੀ। ਯਿਸੂ ਨੂੰ ਵਾਰ-ਵਾਰ ਉਹੀ ਮੂਲ ਨੁਕਤਾ ਵੱਖੋ-ਵੱਖਰੇ ਨਜ਼ਰੀਏ ਤੋਂ ਪੇਸ਼ ਕਰਨ ਰਾਹੀਂ ਉਨ੍ਹਾਂ ਨੂੰ ਨਿਮਰਤਾ ਬਾਰੇ ਸਿਖਾਉਣਾ ਪਿਆ ਸੀ, ਤਾਂਕਿ ਉਹ ਇਸ ਗੱਲ ਨੂੰ ਸਮਝ ਸਕਣ, ਅਤੇ ਅਖ਼ੀਰ ਵਿਚ ਉਹ ਸਮਝ ਗਏ।—ਮੱਤੀ 18:1-4; 23:11, 12; ਲੂਕਾ 14:7-11; ਯੂਹੰਨਾ 13:5, 12-17.
ਸਾਡੇ ਜ਼ਮਾਨੇ ਵਿਚ, ਮਸੀਹੀ ਸਭਾਵਾਂ ਅਤੇ ਵਾਚ ਟਾਵਰ ਪ੍ਰਕਾਸ਼ਨ ਚੰਗੀ ਤਰ੍ਹਾਂ ਵਿਚਾਰੀਆਂ ਗਈਆਂ ਗੱਲਾਂ ਨੂੰ ਵਾਰ-ਵਾਰ ਦੁਹਰਾਉਣ ਵਿਚ ਯਿਸੂ ਦੀ ਮਿਸਾਲ ਦੀ ਰੀਸ ਕਰਦੇ ਹਨ। ਇਸ ਲਈ ਆਓ ਆਪਾਂ ਇਸ ਨੂੰ ਪਰਮੇਸ਼ੁਰ ਦੀ ਪ੍ਰੇਮਪੂਰਣ ਚਿੰਤਾ ਦੇ ਪ੍ਰਗਟਾਵੇ ਵਜੋਂ ਇਸ ਦੀ ਕਦਰ ਕਰੀਏ ਅਤੇ ਉਨ੍ਹਾਂ ਚੀਜ਼ਾਂ ਤੋਂ ਕਦੀ ਨਾ ਅੱਕੀਏ ਜੋ ਸਾਨੂੰ ਮਿਲਦੀਆਂ ਹਨ, ਜਿਵੇਂ ਇਸਰਾਏਲੀ ਮੰਨ ਤੋਂ ਅੱਕ ਗਏ ਸਨ। ਵਾਕਈ, ਜਿਉਂ-ਜਿਉਂ ਅਸੀਂ ਧੀਰਜ ਨਾਲ ਯਹੋਵਾਹ ਦੀਆਂ ਨਿਯਮਿਤ ਯਾਦ-ਦਹਾਨੀਆਂ ਵੱਲ ਧਿਆਨ ਦਿੰਦੇ ਹਾਂ, ਅਸੀਂ ਆਪਣੀਆਂ ਜ਼ਿੰਦਗੀਆਂ ਵਿਚ ਵਧੀਆ ਫਲ ਪਾਵਾਂਗੇ। (2 ਪਤਰਸ 3:1) ਅਜਿਹਾ ਕਦਰਦਾਨ ਰਵੱਈਆ ਸੱਚ-ਮੁੱਚ ਦਿਖਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਨਾ ਸਿਰਫ਼ ਆਪਣਿਆਂ ਮਨਾਂ ਵਿਚ ਪਰ ਆਪਣਿਆਂ ਦਿਲਾਂ ਵਿਚ ਵੀ ‘ਸਮਝ ਰਹੇ ਹਾਂ।’ (ਮੱਤੀ 13:15, 19, 23) ਇਸ ਗੱਲ ਵਿਚ, ਸਾਡੇ ਕੋਲ ਜ਼ਬੂਰਾਂ ਦੇ ਲਿਖਾਰੀ ਦਾਊਦ ਦੀ ਇਕ ਵਧੀਆ ਮਿਸਾਲ ਹੈ, ਜਿਸ ਨੇ ਯਹੋਵਾਹ ਦੇ ਕਾਨੂੰਨਾਂ ਨੂੰ “ਸ਼ਹਿਤ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ” ਹੋਣ ਦਾ ਵਰਣਨ ਕੀਤਾ ਸੀ, ਭਾਵੇਂ ਕਿ ਉਦੋਂ ਉਸ ਕੋਲ ਇੰਨੀ ਅਧਿਆਤਮਿਕ ਖ਼ੁਰਾਕ ਨਹੀਂ ਸੀ ਜਿੰਨੀ ਅੱਜ ਸਾਨੂੰ ਮਿਲਦੀ ਹੈ।—ਜ਼ਬੂਰ ਦੀ ਪੋਥੀ 19:10.
“ਮੰਨ” ਜੋ ਸਦੀਪਕ ਜੀਵਨ ਦਿੰਦਾ ਹੈ
“ਜੀਉਣ ਦੀ ਰੋਟੀ ਮੈਂ ਹਾਂ,” ਯਿਸੂ ਨੇ ਯਹੂਦੀਆਂ ਨੂੰ ਕਿਹਾ। “ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। . . . ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ . . . ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ।” (ਯੂਹੰਨਾ 6:48-51) ਅਸਲੀ ਰੋਟੀ ਜਾਂ ਮੰਨ ਨੇ ਨਾ ਹੀ ਸਦੀਪਕ ਜੀਵਨ ਦਿੱਤਾ ਅਤੇ ਨਾ ਹੀ ਦੇ ਸਕਦਾ ਹੈ। ਪਰ ਜਿਹੜੇ ਲੋਕ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਰੱਖਦੇ ਹਨ ਉਹ ਅਖ਼ੀਰ ਵਿਚ ਸਦੀਪਕ ਜੀਵਨ ਦੀ ਬਰਕਤ ਦਾ ਆਨੰਦ ਮਾਣਨਗੇ।—ਮੱਤੀ 20:28.
ਯਿਸੂ ਦੇ ਬਲੀਦਾਨ ਤੋਂ ਫ਼ਾਇਦਾ ਉਠਾਉਣ ਵਾਲੇ ਬਹੁਤੇ ਲੋਕ ਫਿਰਦੌਸ ਵਰਗੀ ਧਰਤੀ ਉੱਤੇ ਸਦੀਪਕ ਜੀਵਨ ਦਾ ਆਨੰਦ ਮਾਣਨਗੇ। ਇਨ੍ਹਾਂ ਲੋਕਾਂ ਦੀ “ਇੱਕ ਵੱਡੀ ਭੀੜ” ਪਰਦੇਸੀਆਂ ਦੀ ਉਸ “ਮਿਲੀ ਜੁਲੀ ਭੀੜ” ਦੁਆਰਾ ਦਰਸਾਈ ਗਈ ਸੀ ਜੋ ਇਸਰਾਏਲੀਆਂ ਦੇ ਨਾਲ ਮਿਸਰ ਵਿੱਚੋਂ ਆਈ ਸੀ। ਇਹ “ਵੱਡੀ ਭੀੜ” ਉਸ ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ, ਜੋ ਧਰਤੀ ਤੋਂ ਬੁਰਾਈ ਨੂੰ ਖ਼ਤਮ ਕਰੇਗੀ। (ਪਰਕਾਸ਼ ਦੀ ਪੋਥੀ 7:9, 10, 14; ਕੂਚ 12:38) ਜਿਨ੍ਹਾਂ ਨੂੰ ਖ਼ੁਦ ਇਸਰਾਏਲੀ ਦਰਸਾਉਂਦੇ ਸਨ ਉਹ ਇਸ ਤੋਂ ਵੀ ਵੱਡੇ ਇਨਾਮ ਦਾ ਆਨੰਦ ਮਾਣਦੇ ਹਨ। ਪੌਲੁਸ ਰਸੂਲ ਨੇ ਵਰਣਨ ਕੀਤਾ ਕਿ ਇਨ੍ਹਾਂ ਦੀ ਗਿਣਤੀ 1,44,000 ਹੈ ਅਤੇ ਇਹ ਪਰਮੇਸ਼ੁਰ ਦੇ ਅਧਿਆਤਮਿਕ ਇਸਰਾਏਲ ਬਣਨਗੇ। ਮੌਤ ਹੋਣ ਤੇ ਇਨ੍ਹਾਂ ਨੂੰ ਸਵਰਗ ਵਿਚ ਜੀਵਨ ਲਈ ਪੁਨਰ-ਉਥਾਨ ਕੀਤੇ ਜਾਣ ਦਾ ਇਨਾਮ ਮਿਲਦਾ ਹੈ। (ਗਲਾਤੀਆਂ 6:16; ਇਬਰਾਨੀਆਂ 3:1; ਪਰਕਾਸ਼ ਦੀ ਪੋਥੀ 14:1) ਉੱਥੇ ਯਿਸੂ ਉਨ੍ਹਾਂ ਨੂੰ ਇਕ ਖ਼ਾਸ ਕਿਸਮ ਦਾ ਮੰਨ ਦੇਵੇਗਾ।
“ਗੁਪਤ ਮੰਨ” ਦਾ ਅਰਥ
ਜੀ ਉਠਾਇਆ ਗਿਆ ਯਿਸੂ ਅਧਿਆਤਮਿਕ ਇਸਰਾਏਲ ਨੂੰ ਕਹਿੰਦਾ ਹੈ ਕਿ “ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਗੁਪਤ ਮੰਨ ਵਿੱਚੋਂ ਦਿਆਂਗਾ।” (ਪਰਕਾਸ਼ ਦੀ ਪੋਥੀ 2:17) ਇਹ ਪ੍ਰਤੀਕਾਤਮਕ ਗੁਪਤ ਮੰਨ ਸਾਨੂੰ ਉਸ ਮੰਨ ਦੀ ਯਾਦ ਦਿਲਾਉਂਦਾ ਹੈ ਜਿਸ ਨੂੰ ਸੋਨੇ ਦੇ ਡੱਬੇ ਵਿਚ ਪਾ ਕੇ ਪਵਿੱਤਰ ਨੇਮ ਦੇ ਸੰਦੂਕ ਵਿਚ ਰੱਖਣ ਦਾ ਪਰਮੇਸ਼ੁਰ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਸੰਦੂਕ ਡੇਹਰੇ ਦੇ ਅੱਤ ਪਵਿੱਤਰ ਹਿੱਸੇ ਵਿਚ ਰੱਖਿਆ ਜਾਂਦਾ ਸੀ। ਉੱਥੇ ਉਹ ਨਜ਼ਰੋਂ ਦੂਰ ਜਾਂ ਗੁਪਤ ਰਹਿੰਦਾ ਸੀ। ਜਦ ਤਕ ਇਕ ਯਾਦਗਾਰੀ ਵਜੋਂ ਰੱਖਿਆ ਗਿਆ ਮੰਨ ਸੰਦੂਕ ਵਿਚ ਸੀ ਇਹ ਖ਼ਰਾਬ ਨਹੀਂ ਹੋਇਆ, ਇਸ ਲਈ ਇਹ ਖ਼ੁਰਾਕ ਦੇ ਲਗਾਤਾਰ ਪ੍ਰਬੰਧ ਲਈ ਉਚਿਤ ਨਿਸ਼ਾਨ ਸੀ। (ਕੂਚ 16:32; ਇਬਰਾਨੀਆਂ 9:3, 4, 23, 24) ਸੋ 1,44,000 ਨੂੰ ਗੁਪਤ ਮੰਨ ਦੇਣ ਵਿਚ, ਯਿਸੂ, ਉਨ੍ਹਾਂ ਨੂੰ ਪਰਮੇਸ਼ੁਰ ਦੇ ਆਤਮਿਕ ਪੁੱਤਰਾਂ ਵਜੋਂ ਅਮਰਤਾ ਅਤੇ ਅਵਿਨਾਸ਼ਤਾ ਹਾਸਲ ਕਰਨ ਦੀ ਗਾਰੰਟੀ ਦਿੰਦਾ ਹੈ।—ਯੂਹੰਨਾ 6:51; 1 ਕੁਰਿੰਥੀਆਂ 15:54.
ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਜੀਉਣ ਦਾ ਚਸ਼ਮਾ [ਯਹੋਵਾਹ ਦੇ] ਮੁੱਢ ਹੈ।” (ਜ਼ਬੂਰ 36:9) ਮੰਨ ਦਾ ਪ੍ਰਬੰਧ ਅਸਲੀ ਅਤੇ ਪ੍ਰਤੀਕਾਤਮਕ ਤੌਰ ਤੇ, ਇਸ ਮੁੱਖ ਸੱਚਾਈ ਦੀ ਕਿੰਨੀ ਚੰਗੀ ਤਰ੍ਹਾਂ ਪੁਸ਼ਟੀ ਕਰਦਾ ਹੈ! ਉਹ ਮੰਨ ਜੋ ਪਰਮੇਸ਼ੁਰ ਨੇ ਪ੍ਰਾਚੀਨ ਇਸਰਾਏਲ ਨੂੰ ਦਿੱਤਾ ਸੀ, ਲਾਖਣਿਕ ਮੰਨ ਜਿਸ ਦਾ ਪ੍ਰਬੰਧ ਉਸ ਨੇ ਯਿਸੂ ਦੇ ਮਾਸ ਦੁਆਰਾ ਸਾਡੇ ਲਈ ਕੀਤਾ ਸੀ, ਅਤੇ ਪ੍ਰਤੀਕਾਤਮਕ ਮੰਨ ਜੋ ਉਹ ਯਿਸੂ ਦੁਆਰਾ 1,44,000 ਨੂੰ ਦਿੰਦਾ ਹੈ, ਸਾਨੂੰ ਸਾਰਿਆਂ ਨੂੰ ਯਾਦ ਦਿਲਾਉਂਦਾ ਹੈ ਕਿ ਜੀਵਨ ਲਈ ਅਸੀਂ ਪਰਮੇਸ਼ੁਰ ਉੱਤੇ ਬਿਲਕੁਲ ਨਿਰਭਰ ਹਾਂ। (ਜ਼ਬੂਰ 39:5, 7) ਆਓ ਆਪਾਂ ਲਗਾਤਾਰ ਇਸ ਨਿਰਭਰਤਾ ਲਈ ਨਿਮਰਤਾ ਅਤੇ ਸੰਜਮ ਨਾਲ ਸ਼ੁਕਰਗੁਜ਼ਾਰ ਹੋਈਏ। ਇਸ ਤਰ੍ਹਾਂ, ਯਹੋਵਾਹ ‘ਅੰਤ ਵਿੱਚ ਸਾਡਾ ਭਲਾ ਕਰੇਗਾ।’—ਬਿਵਸਥਾ ਸਾਰ 8:16.
[ਸਫ਼ੇ 26 ਉੱਤੇ ਤਸਵੀਰਾਂ]
ਸਦੀਪਕ ਜੀਵਨ ਪਾਉਣ ਵਾਸਤੇ, ਸਾਰੇ ਮਨੁੱਖ ‘ਸੁਰਗੋਂ ਉਤਰੀ ਜੀਉਂਦੀ ਰੋਟੀ’ ਤੇ ਨਿਰਭਰ ਹਨ
[ਸਫ਼ੇ 28 ਉੱਤੇ ਤਸਵੀਰ]
ਸਾਰੀਆਂ ਮਸੀਹੀ ਸਭਾਵਾਂ ਤੇ ਹਾਜ਼ਰੀ ਯਹੋਵਾਹ ਦੀਆਂ ਯਾਦ-ਦਹਾਨੀਆਂ ਲਈ ਸਾਡੀ ਕਦਰ ਦਿਖਾਉਂਦੀ ਹੈ