ਤੁਹਾਡੇ ਬਾਰੇ ਕੋਈ ਅਸਲ ਵਿਚ ਪਰਵਾਹ ਕਰਦਾ ਹੈ
ਹਜ਼ਾਰਾਂ ਹੀ ਲੋਕ ਆਪਣੇ ਕੰਮਾਂ-ਕਾਰਾਂ ਦੁਆਰਾ ਦਿਖਾਉਂਦੇ ਹਨ ਕਿ ਉਹ ਅਸਲ ਵਿਚ ਦੂਜਿਆਂ ਦੀ ਪਰਵਾਹ ਕਰਦੇ ਹਨ। ਉਹ ਇਹ ਕਠੋਰ ਅਤੇ ਖ਼ੁਦਗਰਜ਼ ਰਵੱਈਆ ਨਹੀਂ ਅਪਣਾਉਂਦੇ ਕਿ ਦੂਜਿਆਂ ਦੇ ਦੁੱਖ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਇਸ ਦੀ ਬਜਾਇ, ਉਹ ਆਪਣੀ ਪੂਰੀ ਵਾਹ ਲਾ ਕੇ ਦੂਜਿਆਂ ਦਾ ਦੁੱਖ ਵੰਡਦੇ ਹਨ ਅਤੇ ਕਦੇ-ਕਦੇ ਆਪਣੀਆਂ ਜਾਨਾਂ ਵੀ ਖ਼ਤਰੇ ਵਿਚ ਪਾ ਦਿੰਦੇ ਹਨ। ਦੂਜਿਆਂ ਦਾ ਦੁੱਖ ਵੰਡਣਾ ਬਹੁਤ ਹੀ ਵੱਡਾ ਕੰਮ ਹੈ ਅਤੇ ਇਹ ਉਨ੍ਹਾਂ ਦੇ ਵੱਸ ਤੋਂ ਬਾਹਰ ਕਈ ਜ਼ਬਰਦਸਤ ਸ਼ਕਤੀਆਂ ਦੁਆਰਾ ਹੋਰ ਵੀ ਗੁੰਝਲਦਾਰ ਬਣਾਇਆ ਗਿਆ ਹੈ।
ਸਹਾਇਤਾ ਦੇਣ ਵਾਲੇ ਇਕ ਸਵੈ-ਇਛੁੱਕ ਕਾਮੇ ਅਨੁਸਾਰ ਲਾਲਚ, ਸਰਕਾਰੀ ਚਾਲਬਾਜ਼ੀਆਂ, ਯੁੱਧ, ਅਤੇ ਕੁਦਰਤੀ ਤਬਾਹੀਆਂ ਵਰਗੀਆਂ ਚੀਜ਼ਾਂ, “ਭੁੱਖ ਮਿਟਾਉਣ ਦੇ ਵਧੀਆ ਤੋਂ ਵਧੀਆ ਜਤਨਾਂ” ਨੂੰ ਭੰਗ ਕਰ ਸਕਦੀਆਂ ਹਨ। ਪਰਵਾਹ ਕਰਨ ਵਾਲੇ ਲੋਕਾਂ ਸਾਮ੍ਹਣੇ ਸਿਰਫ਼ ਭੁੱਖ ਮਿਟਾਉਣ ਦੀ ਹੀ ਸਮੱਸਿਆ ਨਹੀਂ ਹੈ। ਉਹ ਬੀਮਾਰੀ, ਗ਼ਰੀਬੀ, ਅਨਿਆਂ ਅਤੇ ਯੁੱਧ ਤੋਂ ਪੈਦਾ ਹੋਏ ਕਸ਼ਟਾਂ ਦਾ ਵੀ ਸਾਮ੍ਹਣਾ ਕਰਦੇ ਹਨ। ਪਰ ਕੀ ਉਹ ਸਫ਼ਲ ਹੋ ਰਹੇ ਹਨ?
ਸਹਾਇਤਾ ਦੀ ਇਕ ਏਜੰਸੀ ਦੇ ਮੁੱਖ ਪ੍ਰਬੰਧਕ ਨੇ ਕਿਹਾ ਕਿ ਜਿਹੜੇ ਲੋਕ ਭੁੱਖ ਮਿਟਾਉਣ ਅਤੇ ਦੁੱਖ ਦੂਰ ਕਰਨ ਦੇ ਅਜਿਹੇ ‘ਵਧੀਆ ਤੋਂ ਵਧੀਆ ਜਤਨ’ ਕਰਦੇ ਹਨ, ਉਹ ਯਿਸੂ ਮਸੀਹ ਦੀ ਉਦਾਹਰਣ ਵਿਚ ਦਿਖਾਏ ਗਏ ਤਰਸਵਾਨ ਸਾਮਰੀ ਬੰਦੇ ਵਰਗੇ ਹਨ। (ਲੂਕਾ 10:29-37) ਪਰ ਉਹ ਜਿੰਨਾ ਮਰਜ਼ੀ ਵੀ ਜਤਨ ਕਰਨ, ਅਫ਼ਸੋਸ ਦੀ ਗੱਲ ਹੈ ਕਿ ਸਹਾਇਤਾ ਮੰਗਣ ਵਾਲੇ ਸਹਾਇਤਾ ਦੇਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਵੱਧ ਰਹੇ ਹਨ। ਇਸ ਲਈ ਉਸ ਪ੍ਰਬੰਧਕ ਨੇ ਪੁੱਛਿਆ ਕਿ “ਉਸ ਚੰਗੇ ਸਾਮਰੀ ਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਉਹ ਕਈਆਂ ਸਾਲਾਂ ਲਈ ਰੋਜ਼ਾਨਾ ਉਸੇ ਸੜਕ ਤੋਂ ਲੰਘਦਾ ਹੈ ਅਤੇ ਹਰ ਹਫ਼ਤੇ ਡਾਕੂਆਂ ਦੇ ਹੋਰ ਸ਼ਿਕਾਰ ਪਾਉਂਦਾ ਹੈ?”
ਸਭ ਤੋਂ ਬੁਰੀ ਗੱਲ ਇਹ ਹੈ ਕਿ ਲੋਕ ਲਗਾਤਾਰ ਦੇਈ ਜਾਣ ਤੋਂ ਅੱਕ-ਥੱਕ ਸਕਦੇ ਹਨ ਅਤੇ ਨਿਰਾਸ਼ਾ ਕਾਰਨ ਹਾਰ ਮੰਨ ਸਕਦੇ ਹਨ। ਕਦਰ ਕਰਨ ਵਾਲੇ ਲੋਕਾਂ ਦਾ ਸਦਕਾ, ਉਹ ਹਾਲਾਤਾਂ ਦੇ ਬਾਵਜੂਦ ਵੀ ਸਹਾਇਤਾ ਕਰੀ ਜਾਂਦੇ ਹਨ। (ਗਲਾਤੀਆਂ 6:9, 10) ਮਿਸਾਲ ਲਈ, ਬਰਤਾਨੀਆ ਦੇ ਜੂਈਸ਼ ਟੈਲੀਗ੍ਰਾਫ ਅਖ਼ਬਾਰ ਨੂੰ ਪੱਤਰ ਲਿਖਣ ਵਾਲੇ ਇਕ ਬੰਦੇ ਨੇ ਯਹੋਵਾਹ ਦੇ ਗਵਾਹਾਂ ਦੀ ਸ਼ਲਾਘਾ ਕੀਤੀ। ਉਸ ਨੇ ਦੱਸਿਆ ਕਿ ਨਾਜ਼ੀ ਜਰਮਨੀ ਦੇ ਸਮੇਂ ਦੌਰਾਨ ਗਵਾਹਾਂ ਨੇ “ਆਉਸ਼ਵਿਟਸ ਦੇ ਮੰਦੇ ਹਾਲ ਸਹਿਣ ਵਿਚ ਹਜ਼ਾਰਾਂ ਹੀ ਯਹੂਦੀਆਂ ਦੀ ਮਦਦ ਕੀਤੀ।” ਲੇਖਕ ਨੇ ਕਿਹਾ ਕਿ “ਜਦੋਂ ਰੋਟੀ ਘੱਟ ਹੀ ਮਿਲਦੀ ਸੀ, ਉਨ੍ਹਾਂ ਨੇ ਆਪਣੇ [ਯਹੂਦੀ] ਭੈਣ-ਭਰਾਵਾਂ ਨਾਲ ਆਪਣੀ ਰੋਟੀ ਵੰਡ ਕੇ ਖਾਧੀ।” ਗਵਾਹਾਂ ਕੋਲ ਜੋ ਵੀ ਸੀ ਉਹ ਉਸ ਦੇ ਨਾਲ ਦੂਜਿਆਂ ਦੀ ਸਹਾਇਤਾ ਕਰਦੇ ਰਹੇ।
ਲੇਕਿਨ, ਅਸਲੀਅਤ ਤਾਂ ਇਹ ਹੈ ਕਿ ਭਾਵੇਂ ਅਸੀਂ ਦੂਜਿਆਂ ਨਾਲ ਜਿੰਨੀ ਮਰਜ਼ੀ ਰੋਟੀ ਵੰਡੀਏ, ਇਵੇਂ ਕਰਨ ਨਾਲ ਮਨੁੱਖੀ ਕਸ਼ਟ ਖ਼ਤਮ ਨਹੀਂ ਹੋਣਗੇ। ਇਸ ਦਾ ਇਹ ਮਤਲਬ ਨਹੀਂ ਹੈ ਕਿ ਰਹਿਮੀ ਲੋਕਾਂ ਦੇ ਜਤਨਾਂ ਦੀ ਕਦਰ ਨਹੀਂ ਕੀਤੀ ਜਾਂਦੀ। ਕਸ਼ਟ ਘਟਾਉਣ ਦਾ ਹਰ ਕੋਈ ਜਤਨ ਫ਼ਾਇਦੇਮੰਦ ਹੈ। ਉਨ੍ਹਾਂ ਗਵਾਹਾਂ ਨੇ ਆਪਣੇ ਸੰਗੀ ਕੈਦੀਆਂ ਦਾ ਕਿਸੇ ਹੱਦ ਤਕ ਦੁੱਖ ਦੂਰ ਕੀਤਾ ਅਤੇ ਆਖ਼ਰਕਾਰ ਨਾਜ਼ੀਵਾਦ ਦਾ ਖ਼ਾਤਮਾ ਹੋ ਗਿਆ ਸੀ। ਪਰ, ਉਹ ਜ਼ੁਲਮੀ ਸੰਸਾਰ ਅਜੇ ਵੀ ਜਾਰੀ ਹੈ ਅਤੇ ਹਾਲੇ ਵੀ ਬਥੇਰੇ ਬੇਕਦਰੇ ਲੋਕ ਹਨ। ਅਸਲ ਵਿਚ, “ਅਜੇਹੇ ਲੋਕ ਵੀ ਹਨ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜ੍ਹਾਂ ਛੁਰੀਆਂ ਹਨ, ਭਈ ਓਹ ਮਸਕੀਨਾਂ ਨੂੰ ਧਰਤੀ ਉੱਤੋਂ ਅਤੇ ਕੰਗਾਲਾਂ ਨੂੰ ਆਦਮੀਆਂ ਵਿੱਚੋਂ ਖਾ ਜਾਣ।” (ਕਹਾਉਤਾਂ 30:14) ਇਹ ਸੰਭਵ ਹੈ ਕਿ ਤੁਸੀਂ ਸ਼ਾਇਦ ਸੋਚੋਂ ਕਿ ਇਸ ਤਰ੍ਹਾਂ ਕਿਉਂ ਹੈ।
ਗ਼ਰੀਬੀ ਅਤੇ ਜ਼ੁਲਮ ਕਿਉਂ ਹਨ?
ਯਿਸੂ ਮਸੀਹ ਨੇ ਇਕ ਵਾਰ ਕਿਹਾ ਸੀ ਕਿ “ਕੰਗਾਲ ਸਦਾ ਤੁਹਾਡੇ ਨਾਲ ਹਨ ਅਤੇ ਜਾਂ ਚਾਹੋ ਤਾਂ ਉਨ੍ਹਾਂ ਦਾ ਭਲਾ ਕਰ ਸੱਕਦੇ ਹੋ।” (ਮਰਕੁਸ 14:7) ਕੀ ਯਿਸੂ ਦਾ ਇਹ ਮਤਲਬ ਸੀ ਕਿ ਗ਼ਰੀਬੀ ਅਤੇ ਜ਼ੁਲਮ ਕਦੇ ਵੀ ਨਹੀਂ ਖ਼ਤਮ ਹੋਣਗੇ? ਦੂਜਿਆਂ ਲੋਕਾਂ ਵਾਂਗ, ਕੀ ਯਿਸੂ ਵੀ ਇਹ ਵਿਸ਼ਵਾਸ ਕਰਦਾ ਸੀ ਕਿ ਅਜਿਹੇ ਕਸ਼ਟ ਰੱਬ ਦਾ ਭਾਣਾ ਹਨ ਤਾਂਕਿ ਤਰਸਵਾਨ ਲੋਕਾਂ ਨੂੰ ਦੂਜਿਆਂ ਦੀ ਪਰਵਾਹ ਕਰਨ ਦਾ ਮੌਕਾ ਮਿਲ ਸਕੇ? ਨਹੀਂ, ਯਿਸੂ ਅਜਿਹਾ ਕੋਈ ਵਿਸ਼ਵਾਸ ਨਹੀਂ ਰੱਖਦਾ ਸੀ! ਉਹ ਸਿਰਫ਼ ਇਹ ਕਹਿ ਰਿਹਾ ਸੀ ਕਿ ਜਿੰਨਾ ਚਿਰ ਇਹ ਰੀਤੀ-ਵਿਵਸਥਾ ਜਾਰੀ ਹੈ, ਉੱਨਾ ਚਿਰ ਗ਼ਰੀਬੀ ਵੀ ਜਾਰੀ ਰਹੇਗੀ। ਪਰ ਯਿਸੂ ਇਹ ਵੀ ਜਾਣਦਾ ਸੀ ਕਿ ਧਰਤੀ ਉੱਤੇ ਅਜਿਹੇ ਹਾਲਾਤ ਉਸ ਦੇ ਸਵਰਗੀ ਪਿਤਾ ਦੇ ਮੁਢਲੇ ਮਕਸਦ ਦਾ ਹਿੱਸਾ ਨਹੀਂ ਸਨ।
ਯਹੋਵਾਹ ਪਰਮੇਸ਼ੁਰ ਨੇ ਇਸ ਧਰਤੀ ਨੂੰ ਇਕ ਸੁੰਦਰ ਬਾਗ਼ ਬਣਨ ਲਈ ਸ੍ਰਿਸ਼ਟ ਕੀਤਾ ਸੀ, ਨਾ ਕਿ ਗ਼ਰੀਬੀ, ਅਨਿਆਂ, ਅਤੇ ਜ਼ੁਲਮ ਨਾਲ ਭਰਨ ਲਈ। ਉਸ ਨੇ ਜੀਵਨ ਨੂੰ ਆਨੰਦਿਤ ਬਣਾਉਣ ਵਾਲੀਆਂ ਸੋਹਣੀਆਂ ਚੀਜ਼ਾਂ ਦੇ ਕੇ ਇਹ ਦਿਖਾਇਆ ਕਿ ਉਹ ਇਨਸਾਨਾਂ ਦੀ ਕਿੰਨੀ ਪਰਵਾਹ ਕਰਦਾ ਹੈ। ਜ਼ਰਾ ਉਸ ਬਾਗ਼ ਦੇ ਨਾਂ ਉੱਤੇ ਵਿਚਾਰ ਕਰੋ ਜਿਸ ਵਿਚ ਸਾਡੇ ਪਹਿਲੇ ਮਾਪੇ ਆਦਮ ਅਤੇ ਹਵਾਹ ਰਹਿੰਦੇ ਸਨ! ਉਹ ਅਦਨ ਦਾ ਬਾਗ਼ ਸੱਦਿਆ ਗਿਆ ਸੀ, ਜਿਸ ਦਾ ਅਰਥ ਹੈ “ਆਨੰਦ।” (ਉਤਪਤ 2:8, 9) ਯਹੋਵਾਹ ਨੇ ਉਨ੍ਹਾਂ ਨੂੰ ਕਿਸੇ ਆਮ ਜਿਹੀ ਜਗ੍ਹਾ ਵਿਚ ਰਹਿਣ-ਬਹਿਣ ਲਈ ਹੀ ਨਹੀਂ ਰੱਖਿਆ ਜਿੱਥੇ ਉਹ ਸਿਰਫ਼ ਆਪਣੀਆਂ ਜ਼ਿੰਦਗੀਆਂ ਦੀਆਂ ਲੋੜਾਂ ਹੀ ਪੂਰੀਆਂ ਕਰਦੇ, ਸਗੋਂ, ਯਹੋਵਾਹ ਨੇ ਆਪਣੀ ਸ੍ਰਿਸ਼ਟੀ ਪੂਰੀ ਕਰਨ ਤੋਂ ਬਾਅਦ, ਆਪਣੇ ਹੱਥਾਂ ਦੇ ਕੰਮਾਂ ਨੂੰ ਦੇਖ ਕੇ ਕਿਹਾ ਕਿ ਉਹ ‘ਬਹੁਤ ਹੀ ਚੰਗੇ ਹਨ।’—ਉਤਪਤ 1:31.
ਤਾਂ ਫਿਰ, ਧਰਤੀ-ਭਰ ਵਿਚ ਗ਼ਰੀਬੀ, ਜ਼ੁਲਮ ਅਤੇ ਦੁੱਖ ਕਿਉਂ ਇੰਨੇ ਫ਼ੈਲੇ ਹੋਏ ਹਨ? ਇਹ ਦੁਸ਼ਟ ਦੁਨੀਆਂ ਇਸ ਲਈ ਜਾਰੀ ਹੈ ਕਿਉਂਕਿ ਸਾਡੇ ਮੁਢਲੇ ਮਾਪਿਆਂ ਨੇ ਰੱਬ ਦਾ ਵਿਰੋਧ ਕੀਤਾ ਸੀ। (ਉਤਪਤ 3:1-5) ਇਸ ਤੋਂ ਇਹ ਸਵਾਲ ਪੈਦਾ ਹੋਇਆ ਕਿ ਕੀ ਰੱਬ ਲਈ ਉਸ ਦੇ ਲੋਕਾਂ ਤੋਂ ਆਗਿਆਕਾਰਤਾ ਮੰਗਣੀ ਸਹੀ ਹੈ ਜਾਂ ਨਹੀਂ। ਇਸ ਲਈ ਯਹੋਵਾਹ ਨੇ ਆਦਮ ਦੀ ਸੰਤਾਨ ਨੂੰ ਥੋੜ੍ਹੇ ਸਮੇਂ ਲਈ ਆਜ਼ਾਦੀ ਦਿੱਤੀ। ਫਿਰ ਵੀ ਰੱਬ ਨੂੰ ਇਨਸਾਨਾਂ ਦੇ ਦੁੱਖ-ਸੁਖ ਦੀ ਚਿੰਤਾ ਸੀ। ਉਸ ਨੇ ਉਹ ਸਾਰਾ ਨੁਕਸਾਨ ਹਟਾਉਣ ਦਾ ਪ੍ਰਬੰਧ ਕੀਤਾ ਜੋ ਉਸ ਦੇ ਖ਼ਿਲਾਫ਼ ਵਿਰੋਧ ਦੇ ਕਾਰਨ ਹੋਇਆ। ਹੁਣ ਜਲਦੀ ਹੀ ਯਹੋਵਾਹ ਗ਼ਰੀਬੀ ਅਤੇ ਜ਼ੁਲਮ, ਅਰਥਾਤ ਸਾਰੇ ਕਸ਼ਟਾਂ ਨੂੰ ਖ਼ਤਮ ਕਰੇਗਾ।—ਅਫ਼ਸੀਆਂ 1:8-10.
ਹੱਲ ਮਨੁੱਖਾਂ ਦੇ ਹੱਥ ਵਿਚ ਨਹੀਂ ਹੈ
ਮਨੁੱਖ ਦੀ ਸ੍ਰਿਸ਼ਟੀ ਦੇ ਸਮੇਂ ਤੋਂ ਸਦੀਆਂ ਦੌਰਾਨ, ਮਨੁੱਖਜਾਤੀ ਯਹੋਵਾਹ ਦੇ ਅਸੂਲਾਂ ਤੋਂ ਬਹੁਤ ਦੂਰ ਜਾਂਦੀ ਰਹੀ ਹੈ। (ਬਿਵਸਥਾ ਸਾਰ 32:4, 5) ਕਿਉਂਕਿ ਮਨੁੱਖਾਂ ਨੇ ਰੱਬ ਦੇ ਕਾਨੂੰਨਾਂ ਅਤੇ ਸਿਧਾਂਤਾਂ ਪ੍ਰਤੀ ਵਿਰੋਧ ਜਾਰੀ ਰੱਖਿਆ ਹੈ, ਉਨ੍ਹਾਂ ਨੇ ਆਪਸ ਵਿਚ ਲੜਾਈ ਕੀਤੀ ਹੈ ਅਤੇ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਕਸ਼ਟਾਂ ਤੋਂ ਮੁਕਤ ਅਤੇ ਈਮਾਨਦਾਰ ਸਮਾਜ ਬਣਾਉਣ ਦੇ ਕੋਈ ਵੀ ਜਤਨ ਸਫ਼ਲ ਨਹੀਂ ਹੋਏ ਹਨ। ਇਹ ਉਨ੍ਹਾਂ ਸੁਆਰਥ ਲੋਕਾਂ ਦੇ ਕਾਰਨ ਹੈ ਜੋ ਰੱਬ ਦੀ ਸਰਬਸੱਤਾ ਦੇ ਅਧੀਨ ਆਉਣ ਦੀ ਬਜਾਇ, ਆਪਣੀ ਮਰਜ਼ੀ ਕਰਨੀ ਚਾਹੁੰਦੇ ਹਨ।
ਇਕ ਹੋਰ ਮੁਸ਼ਕਲ ਵੀ ਸ਼ਾਮਲ ਹੈ ਜਿਸ ਨੂੰ ਸ਼ਾਇਦ ਕਈ ਲੋਕ ਕਲਪਨਾ ਹੀ ਸਮਝਦੇ ਹਨ। ਰੱਬ ਦੇ ਵਿਰੁੱਧ ਬਗਾਵਤ ਕਰਨ ਵਾਲਾ ਹਾਲੇ ਵੀ ਲੋਕਾਂ ਵਿਚ ਬੁਰਾਈ ਅਤੇ ਸੁਆਰਥ ਉਕਸਾਉਂਦਾ ਹੈ। ਉਹ ਸ਼ਤਾਨ ਅਰਥਾਤ ਇਬਲੀਸ ਹੈ ਜਿਸ ਨੂੰ ਯਿਸੂ ਮਸੀਹ ਨੇ “ਇਸ ਜਗਤ ਦਾ ਸਰਦਾਰ” ਸੱਦਿਆ ਸੀ। (ਯੂਹੰਨਾ 12:31; 14:30; 2 ਕੁਰਿੰਥੀਆਂ 4:4; 1 ਯੂਹੰਨਾ 5:19) ਯੂਹੰਨਾ ਰਸੂਲ ਨੂੰ ਦਿੱਤੇ ਗਏ ਇਕ ਦਰਸ਼ਣ ਵਿਚ ਸ਼ਤਾਨ ਨੂੰ ਦੁੱਖ-ਤਕਲੀਫ਼ਾਂ ਦਾ ਮੋਢੀ ਦਿਖਾਇਆ ਗਿਆ ਹੈ, ਅਰਥਾਤ ਉਹ ਜੋ ਮੁੱਖ ਤੌਰ ਤੇ “ਸਾਰੇ ਜਗਤ ਨੂੰ ਭਰਮਾਉਂਦਾ ਹੈ।”—ਪਰਕਾਸ਼ ਦੀ ਪੋਥੀ 12:9-12.
ਭਾਵੇਂ ਲੋਕੀ ਆਪਣੇ ਸੰਗੀ ਮਨੁੱਖਾਂ ਦੀ ਜਿੰਨੀ ਮਰਜ਼ੀ ਪਰਵਾਹ ਕਰਨ, ਉਹ ਸ਼ਤਾਨ ਨੂੰ ਕਦੇ ਨਹੀਂ ਹਟਾ ਸਕਣਗੇ, ਅਤੇ ਨਾ ਹੀ ਉਹ ਇਸ ਦੁਨੀਆਂ ਦੇ ਤੌਰ-ਤਰੀਕਿਆਂ ਨੂੰ ਬਦਲ ਸਕਣਗੇ ਜਿਸ ਕਾਰਨ ਦੁੱਖ ਹੋਰ ਤੋਂ ਹੋਰ ਵੱਧ ਰਹੇ ਹਨ। ਤਾਂ ਫਿਰ, ਮਨੁੱਖਜਾਤੀ ਦੀਆਂ ਦੁੱਖ-ਤਕਲੀਫ਼ਾਂ ਦਾ ਕਿਵੇਂ ਹੱਲ ਕੀਤਾ ਜਾ ਸਕਦਾ ਹੈ? ਇਸ ਦਾ ਹੱਲ ਸਿਰਫ਼ ਇਕ ਪਰਵਾਹ ਕਰਨ ਵਾਲੇ ਵਿਅਕਤੀ ਦੇ ਹੱਥ ਵਿਚ ਹੀ ਨਹੀਂ ਹੈ। ਉਹ ਐਸਾ ਵਿਅਕਤੀ ਹੋਣਾ ਚਾਹੀਦਾ ਹੈ ਜੋ ਸ਼ਤਾਨ ਨੂੰ, ਅਤੇ ਉਸ ਦੀ ਸਾਰੀ ਅਨਿਆਈ ਦੁਨੀਆਂ ਨੂੰ ਖ਼ਤਮ ਕਰਨ ਦੀ ਇੱਛਾ ਰੱਖਦਾ ਹੈ ਅਤੇ ਜੋ ਇਹ ਕਰਨ ਦੇ ਕਾਬਲ ਵੀ ਹੈ।
‘ਤੇਰੀ ਮਰਜ਼ੀ ਜਮੀਨ ਉੱਤੇ ਹੋਵੇ’
ਰੱਬ ਇਸ ਦੁਸ਼ਟ ਦੁਨੀਆਂ ਨੂੰ ਨਾਸ਼ ਕਰਨ ਦਾ ਵਾਅਦਾ ਕਰਦਾ ਹੈ। ਉਹ ਇਹ ਕਰਨ ਦੀ ਸਿਰਫ਼ ਇੱਛਾ ਹੀ ਨਹੀਂ ਰੱਖਦਾ ਪਰ ਇਸ ਦੇ ਕਾਬਲ ਵੀ ਹੈ। (ਜ਼ਬੂਰ 147:5, 6; ਯਸਾਯਾਹ 40:25-31) ਬਾਈਬਲ ਵਿਚ ਦਾਨੀਏਲ ਦੀ ਭਵਿੱਖ-ਸੂਚਕ ਪੋਥੀ ਵਿਚ ਦੱਸਿਆ ਗਿਆ ਹੈ ਕਿ “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਯਿਸੂ ਮਸੀਹ ਇਸ ਸਥਿਰ ਅਤੇ ਦਿਆਲੂ ਸਰਕਾਰ ਬਾਰੇ ਸੋਚ ਰਿਹਾ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਰੱਬ ਨੂੰ ਪ੍ਰਾਰਥਨਾ ਕਰਨ ਲਈ ਇਹ ਸਿੱਖਿਆ ਦਿੱਤੀ ਸੀ ਕਿ “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.
ਯਹੋਵਾਹ ਅਜਿਹੀਆਂ ਪ੍ਰਾਰਥਨਾਵਾਂ ਦਾ ਜ਼ਰੂਰ ਜਵਾਬ ਦੇਵੇਗਾ ਕਿਉਂਕਿ ਉਹ ਇਨਸਾਨਾਂ ਦੀ ਸੱਚ-ਮੁੱਚ ਪਰਵਾਹ ਕਰਦਾ ਹੈ। ਜ਼ਬੂਰ 72 ਦੀ ਭਵਿੱਖਬਾਣੀ ਅਨੁਸਾਰ, ਰੱਬ ਆਪਣੇ ਪੁੱਤਰ ਯਿਸੂ ਮਸੀਹ ਨੂੰ ਉਨ੍ਹਾਂ ਗ਼ਰੀਬ ਅਤੇ ਦੁਖੀ ਲੋਕਾਂ ਨੂੰ ਪੂਰੀ ਤਰ੍ਹਾਂ ਸੁਖੀ ਬਣਾਉਣ ਲਈ ਇਖ਼ਤਿਆਰ ਦੇਵੇਗਾ ਜੋ ਯਿਸੂ ਦੀ ਹਕੂਮਤ ਨੂੰ ਸਮਰਥਨ ਦਿੰਦੇ ਹਨ। ਇਸੇ ਤਰ੍ਹਾਂ ਜ਼ਬੂਰਾਂ ਦੇ ਲਿਖਾਰੀ ਨੇ ਪ੍ਰੇਰਣਾ ਦੁਆਰਾ ਗੀਤ ਗਾਇਆ ਕਿ “ਉਹ [ਰੱਬ ਦਾ ਮਸੀਹਾਈ ਰਾਜਾ] ਪਰਜਾ ਦੇ ਮਸਕੀਨਾਂ ਦਾ ਨਿਆਉਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ, ਅਤੇ ਜ਼ਾਲਮ ਨੂੰ ਫੇਹਵੇਗਾ। ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।”—ਜ਼ਬੂਰ 72:4, 12-14.
ਯੂਹੰਨਾ ਰਸੂਲ ਨੇ ਸਾਡੇ ਸਮੇਂ ਬਾਰੇ ਇਕ ਦਰਸ਼ਣ ਵਿਚ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਦੇਖੇ, ਅਰਥਾਤ ਰੱਬ ਦੁਆਰਾ ਸਥਾਪਿਤ ਇਕ ਬਿਲਕੁਲ ਹੀ ਨਵੀਂ ਦੁਨੀਆਂ। ਦੁੱਖ-ਭਰੀ ਮਨੁੱਖਜਾਤੀ ਲਈ ਇਕ ਕਿੱਡੀ ਵੱਡੀ ਅਸੀਸ! ਯਹੋਵਾਹ ਦੇ ਕੰਮਾਂ ਬਾਰੇ ਭਵਿੱਖਬਾਣੀ ਕਰਦੇ ਹੋਏ ਯੂਹੰਨਾ ਨੇ ਲਿਖਿਆ ਕਿ “ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:1-5.
ਜੀ ਹਾਂ, ਅਸੀਂ ਇਨ੍ਹਾਂ ਬਚਨਾਂ ਉੱਤੇ ਯਕੀਨ ਕਰ ਸਕਦੇ ਹਾਂ ਕਿਉਂਕਿ ਉਹ ਨਿਹਚਾ ਰੱਖਣ ਦੇ ਯੋਗ ਅਤੇ ਸੱਚੇ ਹਨ। ਯਹੋਵਾਹ ਜਲਦੀ ਹੀ ਧਰਤੀ ਤੋਂ ਗ਼ਰੀਬੀ, ਜ਼ੁਲਮ, ਅਤੇ ਬੀਮਾਰੀ, ਅਤੇ ਸਾਰਾ ਅਨਿਆਂ ਮਿਟਾ ਦੇਵੇਗਾ। ਜਿਵੇਂ ਇਸ ਰਸਾਲੇ ਨੇ ਬਾਈਬਲ ਵਿੱਚੋਂ ਕਈ ਵਾਰ ਦਿਖਾਇਆ ਹੈ, ਹੁਣ ਕਾਫ਼ੀ ਸਬੂਤ ਪੇਸ਼ ਹੈ ਕਿ ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਇਹ ਵਾਅਦੇ ਪੂਰੇ ਕੀਤੇ ਜਾਣਗੇ। ਰੱਬ ਦੁਆਰਾ ਵਾਅਦਾ ਕੀਤਾ ਹੋਇਆ ਨਵਾਂ ਸੰਸਾਰ ਬਹੁਤ ਹੀ ਲਾਗੇ ਹੈ! (2 ਪਤਰਸ 3:13) ਜਲਦੀ ਹੀ ਯਹੋਵਾਹ “ਮੌਤ ਨੂੰ ਸਦਾ ਲਈ ਝੱਫ ਲਵੇਗਾ” ਅਤੇ “ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.
ਉਦੋਂ ਤਕ, ਅਸੀਂ ਕਿੰਨੇ ਖ਼ੁਸ਼ ਹੋ ਸਕਦੇ ਹਾਂ ਕਿ ਹੁਣ ਵੀ ਅਜਿਹੇ ਲੋਕ ਹਨ ਜੋ ਦੂਜਿਆਂ ਦੀ ਦਿੱਲੋਂ ਪਰਵਾਹ ਕਰਦੇ ਹਨ। ਇਸ ਨਾਲੋਂ ਵੀ ਵੱਡੀ ਖ਼ੁਸ਼ੀ ਦਾ ਕਾਰਨ ਇਹ ਹੈ ਕਿ ਯਹੋਵਾਹ ਪਰਮੇਸ਼ੁਰ ਅਸਲ ਵਿਚ ਤੁਹਾਡੀ ਪਰਵਾਹ ਕਰਦਾ ਹੈ। ਉਹ ਜਲਦੀ ਹੀ ਸਾਰੇ ਜ਼ੁਲਮ ਅਤੇ ਦੁੱਖ ਦੂਰ ਕਰੇਗਾ।
ਤੁਸੀਂ ਯਹੋਵਾਹ ਦਿਆਂ ਵਾਅਦਿਆਂ ਵਿਚ ਪੂਰਾ ਭਰੋਸਾ ਰੱਖ ਸਕਦੇ ਹੋ, ਠੀਕ ਜਿਵੇਂ ਉਸ ਦੇ ਸੇਵਕ ਯਹੋਸ਼ੁਆ ਨੇ ਰੱਖਿਆ ਸੀ। ਉਸ ਨੂੰ ਇੰਨਾ ਭਰੋਸਾ ਸੀ ਕਿ ਉਸ ਨੇ ਪਰਮੇਸ਼ੁਰ ਦੇ ਪ੍ਰਾਚੀਨ ਲੋਕਾਂ ਨੂੰ ਦੱਸਿਆ ਕਿ “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” (ਯਹੋਸ਼ੁਆ 23:14) ਜਦ ਤਕ ਹੁਣ ਦੀ ਦੁਨੀਆਂ ਜਾਰੀ ਰਹਿੰਦੀ ਹੈ, ਤੁਹਾਨੂੰ ਉਨ੍ਹਾਂ ਦੁੱਖਾਂ ਕਾਰਨ ਬੇਬੱਸ ਨਹੀਂ ਮਹਿਸੂਸ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਤੁਸੀਂ ਅਜੇ ਸਾਮ੍ਹਣਾ ਕਰੋਗੇ। ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟ ਦਿਓ ਕਿਉਂ ਜੋ ਉਸ ਨੂੰ ਤੁਹਾਡਾ ਸੱਚ-ਮੁੱਚ ਫ਼ਿਕਰ ਹੈ।—1 ਪਤਰਸ 5:7.
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਦੁਆਰਾ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ, ਧਰਤੀ ਉਤੇ ਗ਼ਰੀਬੀ, ਜ਼ੁਲਮ, ਬੀਮਾਰੀ, ਅਤੇ ਅਨਿਆਂ ਨਹੀਂ ਹੋਣਗੇ