ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ?
“ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।”—ਮੱਤੀ 17:5.
1. ਬਿਵਸਥਾ ਦਾ ਮਕਸਦ ਕਦੋਂ ਪੂਰਾ ਹੋਇਆ?
ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਕਈਆਂ ਪਹਿਲੂਆਂ ਵਾਲੀ ਬਿਵਸਥਾ ਦਿੱਤੀ ਸੀ। ਉਨ੍ਹਾਂ ਦੇ ਸੰਬੰਧ ਵਿਚ ਪੌਲੁਸ ਰਸੂਲ ਨੇ ਲਿਖਿਆ ਕਿ ਇਹ “ਸਰੀਰਕ ਬਿਧੀਆਂ ਸਨ ਜਿਹੜੀਆਂ ਸੁਧਾਰਨ ਦੇ ਸਮੇਂ ਤੀਕ ਠਹਿਰਾਈਆਂ ਗਈਆਂ ਸਨ।” (ਇਬਰਾਨੀਆਂ 9:10) ਜਦੋਂ ਬਿਵਸਥਾ ਨੇ ਇਸਰਾਏਲੀਆਂ ਦੇ ਇਕ ਸਮੂਹ ਨੂੰ ਯਿਸੂ ਨੂੰ ਮਸੀਹਾ, ਜਾਂ ਮਸੀਹ, ਵਜੋਂ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ ਤਾਂ ਇਸ ਨੇ ਆਪਣਾ ਮਕਸਦ ਪੂਰਾ ਕਰ ਲਿਆ। ਇਸ ਲਈ, ਪੌਲੁਸ ਨੇ ਕਿਹਾ: “ਮਸੀਹ . . . ਸ਼ਰਾ ਦਾ ਅੰਤ ਹੈ।”—ਰੋਮੀਆਂ 10:4; ਗਲਾਤੀਆਂ 3:19-25; 4:4, 5.
2. ਬਿਵਸਥਾ ਦੇ ਅਧੀਨ ਕੌਣ ਸਨ ਅਤੇ ਉਹ ਇਸ ਤੋਂ ਕਦੋਂ ਮੁਕਤ ਕੀਤੇ ਗਏ ਸਨ?
2 ਕੀ ਇਸ ਦਾ ਇਹ ਮਤਲਬ ਹੈ ਕਿ ਅੱਜ ਬਿਵਸਥਾ ਸਾਡੇ ਉੱਤੇ ਲਾਗੂ ਨਹੀਂ ਹੁੰਦੀ? ਦਰਅਸਲ, ਮਨੁੱਖਜਾਤੀ ਵਿੱਚੋਂ ਜ਼ਿਆਦਾਤਰ ਲੋਕ ਬਿਵਸਥਾ ਦੇ ਅਧੀਨ ਕਦੀ ਨਹੀਂ ਸਨ, ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਸਮਝਾਇਆ: “[ਯਹੋਵਾਹ] ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਉਂ ਦੱਸਦਾ ਹੈ। ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ।” (ਜ਼ਬੂਰ 147:19, 20) ਜਦੋਂ ਯਹੋਵਾਹ ਨੇ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਨਵਾਂ ਨੇਮ ਸਥਾਪਿਤ ਕੀਤਾ ਤਾਂ ਇਸਰਾਏਲ ਦੀ ਕੌਮ ਵੀ ਇਸ ਬਿਵਸਥਾ ਦੇ ਅਧੀਨ ਨਾ ਰਹੀ। (ਗਲਾਤੀਆਂ 3:13; ਅਫ਼ਸੀਆਂ 2:15; ਕੁਲੁੱਸੀਆਂ 2:13, 14, 16) ਤਾਂ ਫਿਰ, ਜੇ ਬਿਵਸਥਾ ਹੁਣ ਲਾਗੂ ਨਹੀਂ ਹੁੰਦੀ ਤਾਂ ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਜੋ ਅੱਜ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ?
ਯਹੋਵਾਹ ਦੀਆਂ ਮੰਗਾਂ
3, 4. (ੳ) ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ? (ਅ) ਸਾਨੂੰ ਯਿਸੂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?
3 ਯਿਸੂ ਦੀ ਸੇਵਕਾਈ ਦੇ ਆਖ਼ਰੀ ਸਾਲ ਦੌਰਾਨ, ਉਸ ਦੇ ਰਸੂਲ ਪਤਰਸ, ਯਾਕੂਬ, ਅਤੇ ਯੂਹੰਨਾ ਉਸ ਦੇ ਨਾਲ ਇਕ ਉੱਚੇ ਪਹਾੜ ਤੇ ਗਏ—ਹੋ ਸਕਦਾ ਹੈ ਕਿ ਇਹ ਹਰਮੋਨ ਦੇ ਪਰਬਤ ਦੀ ਟੀਸੀ ਸੀ। ਉੱਥੇ ਉਨ੍ਹਾਂ ਨੇ ਇਕ ਭਵਿੱਖ-ਸੂਚਕ ਦ੍ਰਿਸ਼ ਵਿਚ ਯਿਸੂ ਨੂੰ ਵੱਡੇ ਤੇਜ ਵਿਚ ਦੇਖਿਆ ਅਤੇ ਪਰਮੇਸ਼ੁਰ ਦੀ ਆਵਾਜ਼ ਇਹ ਐਲਾਨ ਕਰਦੇ ਹੋਏ ਸੁਣੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” (ਮੱਤੀ 17:1-5) ਯਹੋਵਾਹ ਸਾਡੇ ਤੋਂ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਪੁੱਤਰ ਦੀ ਸੁਣੀਏ ਅਤੇ ਉਸ ਦੀ ਮਿਸਾਲ ਅਤੇ ਸਿੱਖਿਆਵਾਂ ਉੱਤੇ ਚਲੀਏ। (ਮੱਤੀ 16:24) ਇਸ ਲਈ, ਪਤਰਸ ਰਸੂਲ ਨੇ ਲਿਖਿਆ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।”—1 ਪਤਰਸ 2:21.
4 ਸਾਨੂੰ ਯਿਸੂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਉਸ ਦੀ ਰੀਸ ਕਰਨ ਦੁਆਰਾ ਅਸੀਂ ਯਹੋਵਾਹ ਪਰਮੇਸ਼ੁਰ ਦੀ ਰੀਸ ਕਰਦੇ ਹਾਂ। ਯਿਸੂ ਆਪਣੇ ਪਿਤਾ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਸੀ, ਕਿਉਂਕਿ ਧਰਤੀ ਤੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਸਵਰਗ ਵਿਚ ਅਰਬਾਂ ਹੀ ਸਾਲ ਇਕੱਠੇ ਗੁਜ਼ਾਰੇ ਸਨ। (ਕਹਾਉਤਾਂ 8:22-31; ਯੂਹੰਨਾ 8:23; 17:5; ਕੁਲੁੱਸੀਆਂ 1:15-17) ਜਦੋਂ ਯਿਸੂ ਧਰਤੀ ਤੇ ਸੀ ਉਸ ਨੇ ਵਫ਼ਾਦਾਰੀ ਨਾਲ ਆਪਣੇ ਪਿਤਾ ਨੂੰ ਦਰਸਾਇਆ ਸੀ। ਉਸ ਨੇ ਸਮਝਾਇਆ: “ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ।” ਦਰਅਸਲ, ਯਿਸੂ ਨੇ ਆਪਣੇ ਪਿਤਾ ਦੀ ਨਕਲ ਇਸ ਹੱਦ ਤਕ ਕੀਤੀ ਕਿ ਉਹ ਕਹਿ ਸਕਿਆ ਕਿ “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”—ਯੂਹੰਨਾ 8:28; 14:9.
5. ਮਸੀਹੀ ਕਿਸ ਸ਼ਰਾ ਦੇ ਅਧੀਨ ਹਨ, ਅਤੇ ਇਹ ਸ਼ਰਾ ਕਦੋਂ ਲਾਗੂ ਹੋਣ ਲੱਗੀ?
5 ਯਿਸੂ ਦੀ ਗੱਲ ਸੁਣਨ ਅਤੇ ਉਸ ਦੀ ਨਕਲ ਕਰਨ ਵਿਚ ਕੀ ਸ਼ਾਮਲ ਹੈ? ਕੀ ਇਸ ਦਾ ਮਤਲਬ ਕਿਸੇ ਨਿਯਮ ਦੇ ਅਧੀਨ ਹੋਣਾ ਹੈ? ਪੌਲੁਸ ਨੇ ਲਿਖਿਆ: ‘ਮੈਂ ਆਪ ਸ਼ਰਾ ਅਧੀਨ ਨਹੀਂ ਹਾਂ।’ ਉਹ “ਪੁਰਾਣੇ ਨੇਮ,” ਜਾਂ ਉਸ ਬਿਵਸਥਾ ਨੇਮ ਬਾਰੇ ਗੱਲ ਕਰ ਰਿਹਾ ਸੀ, ਜੋ ਇਸਰਾਏਲ ਨਾਲ ਬੰਨ੍ਹਿਆ ਗਿਆ ਸੀ। ਪਰ ਪੌਲੁਸ ਨੇ ਸਵੀਕਾਰ ਕੀਤਾ ਕਿ ਉਹ “ਮਸੀਹ ਦੇ ਭਾਣੇ ਸ਼ਰਾ ਅਧੀਨ” ਸੀ। (1 ਕੁਰਿੰਥੀਆਂ 9:20, 21; 2 ਕੁਰਿੰਥੀਆਂ 3:14) ਅੱਜ ਯਹੋਵਾਹ ਦੇ ਸਾਰੇ ਸੇਵਕ ‘ਮਸੀਹ ਦੀ ਇਸੇ ਸ਼ਰਾ’ ਦੇ ਅਧੀਨ ਹਨ। ਇਸ ਸ਼ਰਾ ਦੇ ਨਾਲ “ਨਵਾਂ ਨੇਮ” ਲਾਗੂ ਹੋਣ ਲੱਗਾ ਅਤੇ ਪੁਰਾਣੀ ਬਿਵਸਥਾ ਦਾ ਅੰਤ ਹੋਇਆ।—ਲੂਕਾ 22:20; ਗਲਾਤੀਆਂ 6:2; ਇਬਰਾਨੀਆਂ 8:7-13.
6. “ਮਸੀਹ ਦੀ ਸ਼ਰਾ” ਦਾ ਵਰਣਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਅਤੇ ਅਸੀਂ ਉਸ ਦੀ ਪਾਲਣਾ ਕਿਸ ਤਰ੍ਹਾਂ ਕਰਦੇ ਹਾਂ?
6 ਯਹੋਵਾਹ ਨੇ ਪੁਰਾਣੇ ਬਿਵਸਥਾ ਨੇਮ ਵਾਂਗ “ਮਸੀਹ ਦੀ ਸ਼ਰਾ” ਨੂੰ ਵੱਖੋ-ਵੱਖਰਿਆਂ ਭਾਗਾਂ ਵਿਚ ਦਰਜ ਕਰ ਕੇ ਇਸ ਨੂੰ ਲਿਖਵਾਇਆ ਨਹੀਂ ਸੀ। ਮਸੀਹ ਦੇ ਪੈਰੋਕਾਰਾਂ ਲਈ ਇਸ ਨਵੀਂ ਸ਼ਰਾ ਵਿਚ, ਕੋਈ ਲੰਬੀ-ਚੌੜੀ ਸੂਚੀ ਨਹੀਂ ਹੈ ਕਿ ਉਹ ਕੀ ਕਰ ਸਕਦੇ ਹਨ ਜਾਂ ਕੀ ਨਹੀਂ। ਲੇਕਿਨ, ਯਹੋਵਾਹ ਨੇ ਆਪਣੇ ਬਚਨ ਵਿਚ ਆਪਣੇ ਪੁੱਤਰ ਦੇ ਜੀਵਨ ਅਤੇ ਉਸ ਦੀਆਂ ਸਿੱਖਿਆਵਾਂ ਦੇ ਵੇਰਵਿਆਂ-ਸਹਿਤ ਚਾਰ ਬਿਰਤਾਂਤ ਕਾਇਮ ਰੱਖੇ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਯਿਸੂ ਦੇ ਕੁਝ ਪਹਿਲੇ ਪੈਰੋਕਾਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਿੱਜੀ ਚਾਲ-ਚੱਲਣ, ਕਲੀਸਿਯਾਈ ਮਾਮਲਿਆਂ, ਪਰਿਵਾਰ ਦੇ ਵਿਚ ਇਕ ਦੂਸਰੇ ਨਾਲ ਵਰਤਾਉ, ਅਤੇ ਹੋਰ ਮਾਮਲਿਆਂ ਬਾਰੇ ਅਸੂਲ ਲਿਖ ਕੇ ਦੇਣ। (1 ਕੁਰਿੰਥੀਆਂ 6:18; 14:26-35; ਅਫ਼ਸੀਆਂ 5:21-33; ਇਬਰਾਨੀਆਂ 10:24, 25) ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਯਿਸੂ ਮਸੀਹ ਦੀ ਮਿਸਾਲ ਅਤੇ ਸਿੱਖਿਆਵਾਂ ਅਨੁਸਾਰ ਲਿਆਉਂਦੇ ਹਾਂ ਅਤੇ ਪਹਿਲੀ ਸਦੀ ਦੇ ਬਾਈਬਲ ਲਿਖਾਰੀਆਂ ਦੀ ਪ੍ਰੇਰਿਤ ਸਲਾਹ ਲਾਗੂ ਕਰਦੇ ਹਾਂ ਤਾਂ ਅਸੀਂ “ਮਸੀਹ ਦੀ ਸ਼ਰਾ” ਦੀ ਪਾਲਣਾ ਕਰ ਰਹੇ ਹਾਂ। ਯਹੋਵਾਹ ਅੱਜ ਆਪਣੇ ਸੇਵਕਾਂ ਤੋਂ ਇਹੀ ਚਾਹੁੰਦਾ ਹੈ।
ਪ੍ਰੇਮ ਦੀ ਮਹੱਤਤਾ
7. ਆਪਣਿਆਂ ਰਸੂਲਾਂ ਨਾਲ ਅਖ਼ੀਰਲਾ ਪਸਾਹ ਮਨਾਉਂਦੇ ਸਮੇਂ ਯਿਸੂ ਨੇ ਆਪਣੀ ਸ਼ਰਾ ਦੇ ਸਾਰ ਉੱਤੇ ਕਿਸ ਤਰ੍ਹਾਂ ਜ਼ੋਰ ਪਾਇਆ ਸੀ?
7 ਇਹ ਸੱਚ ਹੈ ਕਿ ਬਿਵਸਥਾ ਅਨੁਸਾਰ ਪ੍ਰੇਮ ਮਹੱਤਵਪੂਰਣ ਸੀ, ਪਰ ਇਹ ਗੁਣ ਮਸੀਹ ਦੀ ਸ਼ਰਾ ਦਾ ਸਾਰ ਜਾਂ ਨਿਚੋੜ ਹੈ। ਯਿਸੂ ਨੇ ਇਸ ਗੱਲ ਉੱਤੇ ਉਦੋਂ ਜ਼ੋਰ ਦਿੱਤਾ ਸੀ ਜਦੋਂ ਉਸ ਨੇ ਆਪਣੇ ਰਸੂਲਾਂ ਨਾਲ ਮਿਲ ਕੇ 33 ਸਾ.ਯੁ. ਵਿਚ ਪਸਾਹ ਮਨਾਇਆ। ਉਸ ਰਾਤ ਬਾਰੇ ਯੂਹੰਨਾ ਰਸੂਲ ਦੇ ਬਿਰਤਾਂਤ ਅਨੁਸਾਰ, ਯਿਸੂ ਨੇ ਦਿਲੋਂ ਕਹੀਆਂ ਗੱਲਾਂ ਵਿਚ 28 ਵਾਰ ਪ੍ਰੇਮ ਦਾ ਜ਼ਿਕਰ ਕੀਤਾ ਸੀ। ਇਸ ਨੇ ਰਸੂਲਾਂ ਉੱਤੇ ਜ਼ੋਰ ਪਾਇਆ ਕਿ ਸ਼ਰਾ ਦਾ ਸਾਰ ਜਾਂ ਸਹੀ ਮਤਲਬ ਕੀ ਸੀ। ਯੂਹੰਨਾ ਨੇ ਉਸ ਮਹੱਤਵਪੂਰਣ ਸ਼ਾਮ ਦੀਆਂ ਘਟਨਾਵਾਂ ਬਾਰੇ ਦੱਸਦਿਆਂ ਇਸ ਤਰ੍ਹਾਂ ਆਪਣੀ ਗੱਲ ਸ਼ੁਰੂ ਕੀਤੀ: “ਪਸਾਹ ਦੇ ਤਿਉਹਾਰ ਤੋਂ ਪਹਿਲਾਂ ਯਿਸੂ ਨੇ ਇਹ ਜਾਣ ਕੇ ਭਈ ਮੇਰੀ ਘੜੀ ਆ ਪਹੁੰਚੀ ਹੈ ਜਾਂ ਮੈਂ ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ ਜਾਵਾਂ ਆਪਣੇ ਿਨੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।”—ਯੂਹੰਨਾ 13:1.
8. (ੳ) ਕਿਸ ਗੱਲ ਨੇ ਸੰਕੇਤ ਕੀਤਾ ਕਿ ਰਸੂਲਾਂ ਦੇ ਦਰਮਿਆਨ ਇਕ ਬਹਿਸ ਵਾਰ-ਵਾਰ ਹੁੰਦੀ ਸੀ? (ਅ) ਯਿਸੂ ਨੇ ਆਪਣਿਆਂ ਰਸੂਲਾਂ ਨੂੰ ਨਿਮਰਤਾ ਦਾ ਸਬਕ ਕਿਸ ਤਰ੍ਹਾਂ ਸਿਖਾਇਆ?
8 ਯਿਸੂ ਨੇ ਆਪਣੇ ਚੇਲਿਆਂ ਦੀ ਕਈ ਵਾਰ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਵੱਡੇ ਬਣਨ ਦੀ ਆਪਣੀ ਇੱਛਾ ਉੱਤੇ ਕਾਬੂ ਪਾਉਣ। ਇਵੇਂ ਲੱਗਦਾ ਹੈ ਕਿ ਉਹ ਇਸ ਵਿਚ ਸਫ਼ਲ ਨਹੀਂ ਹੋਇਆ, ਪਰ ਫਿਰ ਵੀ ਉਹ ਆਪਣੇ ਚੇਲਿਆਂ ਦੇ ਨਾਲ ਬਹੁਤ ਪਿਆਰ ਕਰਦਾ ਸੀ। ਯਰੂਸ਼ਲਮ ਵਿਚ ਆਉਣ ਤੋਂ ਕਈ ਮਹੀਨੇ ਪਹਿਲਾਂ ‘ਉਨ੍ਹਾਂ ਨੇ ਇੱਕ ਦੂਏ ਨਾਲ ਇਹ ਬਹਿਸ ਕੀਤੀ ਸੀ ਜੋ ਵੱਡਾ ਕਿਹੜਾ ਹੈ?’ ਅਤੇ ਪਸਾਹ ਲਈ ਸ਼ਹਿਰ ਵਿਚ ਆਉਣ ਤੋਂ ਪਹਿਲਾਂ ਇਹ ਬਹਿਸ ਦੁਬਾਰਾ ਸ਼ੁਰੂ ਹੋ ਗਈ ਸੀ। (ਮਰਕੁਸ 9:33-37; 10:35-45) ਜਿਹੜੀ ਗੱਲ ਰਸੂਲਾਂ ਵਿਚਕਾਰ ਉਦੋਂ ਵਾਪਰੀ ਜਦੋਂ ਉਹ ਆਪਣਾ ਅਖ਼ੀਰਲਾ ਪਸਾਹ ਮਨਾਉਣ ਲਈ ਇਕੱਠੇ ਹੋਏ ਸਨ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਸਮੱਸਿਆ ਵਾਰ-ਵਾਰ ਖੜ੍ਹੀ ਹੁੰਦੀ ਸੀ। ਇਸ ਸਮੇਂ ਤੇ ਕਿਸੇ ਨੇ ਵੀ ਦੂਸਰਿਆਂ ਦੇ ਪੈਰ ਧੋਣ ਦੀ ਪਰਾਹੁਣਾਚਾਰ ਰਸਮ ਪੂਰੀ ਕਰਨ ਦਾ ਮੌਕਾ ਨਹੀਂ ਉਠਾਇਆ। ਇਸ ਲਈ ਉਨ੍ਹਾਂ ਨੂੰ ਨਿਮਰਤਾ ਦਾ ਸਬਕ ਸਿਖਾਉਣ ਲਈ ਯਿਸੂ ਨੇ ਖ਼ੁਦ ਉਨ੍ਹਾਂ ਦੇ ਪੈਰ ਧੋਤੇ।—ਯੂਹੰਨਾ 13:2-15; 1 ਤਿਮੋਥਿਉਸ 5:9, 10.
9. ਯਿਸੂ ਨੇ ਉਸ ਮਾਮਲੇ ਨੂੰ ਕਿਸ ਤਰ੍ਹਾਂ ਨਿਪਟਾਇਆ ਜੋ ਪਸਾਹ ਤੋਂ ਬਾਅਦ ਖੜ੍ਹਾ ਹੋਇਆ ਸੀ?
9 ਇਸ ਸਬਕ ਦੇ ਬਾਵਜੂਦ, ਜਦੋਂ ਉਹ ਪਸਾਹ ਮਨਾ ਚੁੱਕੇ ਸਨ ਅਤੇ ਯਿਸੂ ਆਪਣੀ ਆ ਰਹੀ ਮੌਤ ਦਾ ਸਮਾਰਕ ਸਥਾਪਿਤ ਕਰ ਚੁੱਕਾ ਸੀ, ਤਾਂ ਧਿਆਨ ਦਿਓ ਕਿ ਦੁਬਾਰਾ ਕੀ ਹੋਇਆ। ਲੂਕਾ ਦੀ ਇੰਜੀਲ ਕਹਿੰਦੀ ਹੈ: “ਉਨ੍ਹਾਂ ਵਿੱਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ?” ਰਸੂਲਾਂ ਨਾਲ ਗੁੱਸੇ ਹੋਣ ਅਤੇ ਉਨ੍ਹਾਂ ਨੂੰ ਝਿੜਕਣ ਦੀ ਬਜਾਇ ਯਿਸੂ ਨੇ ਸੰਸਾਰ ਵਿਚ ਤਾਕਤ ਦੇ ਭੁੱਖੇ ਹਾਕਮਾਂ ਤੋਂ ਵੱਖਰੇ ਹੋਣ ਦੀ ਜ਼ਰੂਰਤ ਬਾਰੇ ਉਨ੍ਹਾਂ ਨੂੰ ਦਿਆਲਤਾ ਨਾਲ ਸਲਾਹ ਦਿੱਤੀ। (ਲੂਕਾ 22:24-27) ਫਿਰ ਉਸ ਨੇ ਉਨ੍ਹਾਂ ਨੂੰ ਉਹ ਦੱਸਿਆ ਜੋ ਮਸੀਹ ਦੀ ਸ਼ਰਾ ਦੀ ਨੀਂਹ ਸੱਦਿਆ ਜਾ ਸਕਦਾ ਹੈ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ।”—ਯੂਹੰਨਾ 13:34.
10. ਯਿਸੂ ਨੇ ਆਪਣਿਆਂ ਚੇਲਿਆਂ ਨੂੰ ਕਿਹੜਾ ਹੁਕਮ ਦਿੱਤਾ ਸੀ ਅਤੇ ਇਸ ਵਿਚ ਕੀ ਸ਼ਾਮਲ ਸੀ?
10 ਬਾਅਦ ਵਿਚ ਉਸ ਸ਼ਾਮ ਤੇ ਯਿਸੂ ਨੇ ਇਹ ਦਿਖਾਇਆ ਕਿ ਮਸੀਹ-ਸਮਾਨ ਪ੍ਰੇਮ ਕਿਸ ਹੱਦ ਤਕ ਦਿਖਾਉਣਾ ਚਾਹੀਦਾ ਹੈ। ਉਸ ਨੇ ਕਿਹਾ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:12, 13) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਸੰਗੀ ਵਿਸ਼ਵਾਸੀਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ? ਇਸ ਮੌਕੇ ਦੇ ਚਸ਼ਮਦੀਦ ਗਵਾਹ, ਯੂਹੰਨਾ, ਨੇ ਇਸ ਗੱਲ ਨੂੰ ਇਸੇ ਤਰ੍ਹਾਂ ਸਮਝਿਆ ਸੀ, ਕਿਉਂਕਿ ਬਾਅਦ ਵਿਚ ਉਸ ਨੇ ਇਹ ਲਿਖਿਆ: “ਇਸ ਤੋਂ ਅਸਾਂ ਪ੍ਰੇਮ ਨੂੰ ਜਾਤਾ ਭਈ ਉਹ [ਯਿਸੂ ਮਸੀਹ] ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜੋ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ।”—1 ਯੂਹੰਨਾ 3:16.
11. (ੳ) ਅਸੀਂ ਮਸੀਹ ਦੀ ਸ਼ਰਾ ਕਿਸ ਤਰ੍ਹਾਂ ਪੂਰੀ ਕਰਦੇ ਹਾਂ? (ਅ) ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ?
11 ਤਾਂ ਫਿਰ, ਅਸੀਂ ਦੂਸਰਿਆਂ ਨੂੰ ਮਸੀਹ ਬਾਰੇ ਸਿਰਫ਼ ਸਿਖਾਉਣ ਰਾਹੀਂ ਉਸ ਦੀ ਸ਼ਰਾ ਪੂਰੀ ਨਹੀਂ ਕਰਦੇ। ਸਾਨੂੰ ਯਿਸੂ ਵਾਂਗ ਜੀਉਣ ਅਤੇ ਵਰਤਾਉ ਕਰਨ ਦੀ ਵੀ ਲੋੜ ਹੈ। ਇਹ ਗੱਲ ਸੱਚ ਹੈ ਕਿ ਯਿਸੂ ਨੇ ਆਪਣਿਆਂ ਭਾਸ਼ਣਾਂ ਵਿਚ ਚੰਗੀ ਤਰ੍ਹਾਂ ਚੁਣੇ ਸੋਹਣੇ-ਸੋਹਣੇ ਸ਼ਬਦ ਵਰਤੇ ਸਨ। ਲੇਕਿਨ, ਉਸ ਨੇ ਮਿਸਾਲ ਕਾਇਮ ਕਰ ਕੇ ਵੀ ਸਿਖਾਇਆ। ਭਾਵੇਂ ਕਿ ਪਹਿਲਾਂ ਯਿਸੂ ਸਵਰਗ ਵਿਚ ਇਕ ਤਾਕਤਵਰ ਆਤਮਿਕ ਪ੍ਰਾਣੀ ਸੀ, ਉਸ ਨੇ ਧਰਤੀ ਉੱਤੇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਅਤੇ ਸਾਡੇ ਲਈ ਇਕ ਨਮੂਨਾ ਕਾਇਮ ਕਰਨ ਦਾ ਮੌਕਾ ਉਠਾਇਆ ਕਿ ਸਾਨੂੰ ਕਿਸ ਤਰ੍ਹਾਂ ਜੀਉਣਾ ਚਾਹੀਦਾ ਹੈ। ਉਹ ਨਿਮਰ, ਦਿਆਲੂ, ਅਤੇ ਹਮਦਰਦ ਸੀ ਅਤੇ ਉਸ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਜੋ ਭਾਰ ਹੇਠ ਦੱਬੇ ਹੋਏ ਅਤੇ ਕੁਚਲੇ ਹੋਏ ਸਨ। (ਮੱਤੀ 11:28-30; 20:28; ਫ਼ਿਲਿੱਪੀਆਂ 2:5-8; 1 ਯੂਹੰਨਾ 3:8) ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਦੂਸਰੇ ਨਾਲ ਅਜਿਹਾ ਪਿਆਰ ਕਰਨ ਲਈ ਜ਼ੋਰ ਦਿੱਤਾ ਜਿਵੇਂ ਉਸ ਨੇ ਉਨ੍ਹਾਂ ਨਾਲ ਕੀਤਾ ਸੀ।
12. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਸੀਹ ਦੀ ਸ਼ਰਾ ਵਿਚ ਵੀ ਯਹੋਵਾਹ ਨੂੰ ਪਿਆਰ ਕਰਨਾ ਸਭ ਤੋਂ ਵੱਡਾ ਹੁਕਮ ਹੈ?
12 ਮਸੀਹ ਦੀ ਸ਼ਰਾ ਵਿਚ, ਬਿਵਸਥਾ ਦੇ ਸਭ ਤੋਂ ਵੱਡੇ ਹੁਕਮ ਯਾਨੀ ਕਿ ਯਹੋਵਾਹ ਲਈ ਪ੍ਰੇਮ, ਦਾ ਕੀ ਦਰਜਾ ਹੈ? (ਮੱਤੀ 22:37, 38; ਗਲਾਤੀਆਂ 6:2) ਕੀ ਇਸ ਨੂੰ ਦੂਜੇ ਦਰਜੇ ਤੇ ਹੋਣਾ ਚਾਹੀਦਾ ਹੈ? ਹਰਗਿਜ਼ ਨਹੀਂ! ਯਹੋਵਾਹ ਲਈ ਪ੍ਰੇਮ ਅਤੇ ਆਪਣੇ ਸੰਗੀ ਮਸੀਹੀਆਂ ਲਈ ਪ੍ਰੇਮ ਇਕ ਦੂਸਰੇ ਨਾਲ ਜੁੜੇ ਹੋਏ ਹਨ, ਇਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਇਕ ਵਿਅਕਤੀ ਆਪਣੇ ਭਰਾ ਨੂੰ ਪਿਆਰ ਕਰਨ ਤੋਂ ਬਗੈਰ ਯਹੋਵਾਹ ਨੂੰ ਸੱਚ-ਮੁੱਚ ਪਿਆਰ ਨਹੀਂ ਕਰ ਸਕਦਾ, ਕਿਉਂ ਜੋ ਯੂਹੰਨਾ ਰਸੂਲ ਨੇ ਲਿਖਿਆ: “ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ।”—1 ਯੂਹੰਨਾ 4:20. 1 ਯੂਹੰਨਾ 3:17, 18 ਦੀ ਤੁਲਨਾ ਕਰੋ।
13. ਯਿਸੂ ਦਾ ਨਵਾਂ ਹੁਕਮ ਮੰਨਣ ਦਾ ਕੀ ਅਸਰ ਸੀ?
13 ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹਾ ਪਿਆਰ ਕਰਨ ਦਾ ਨਵਾਂ ਹੁਕਮ ਦਿੱਤਾ ਸੀ ਜਿਸ ਤਰ੍ਹਾਂ ਉਹ ਉਨ੍ਹਾਂ ਨਾਲ ਪਿਆਰ ਕਰਦਾ ਸੀ ਤਾਂ ਉਸ ਨੇ ਇਸ ਦੇ ਅਸਰ ਦਾ ਵਰਣਨ ਵੀ ਕੀਤਾ ਸੀ। ਉਸ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਯਿਸੂ ਦੀ ਮੌਤ ਤੋਂ ਸੌ ਕੁ ਸਾਲ ਬਾਅਦ ਰਹਿਣ ਵਾਲੇ ਟਰਟੂਲੀਅਨ ਦੇ ਅਨੁਸਾਰ, ਮੁਢਲੇ ਮਸੀਹੀ ਆਪਣੇ ਭਰਾਤਰੀ ਪਿਆਰ ਤੋਂ ਪਛਾਣੇ ਗਏ ਸਨ। ਟਰਟੂਲੀਅਨ ਨੋਟ ਕਰਦਾ ਹੈ ਕਿ ਮਸੀਹ ਦੇ ਚੇਲਿਆਂ ਬਾਰੇ ਗ਼ੈਰ-ਮਸੀਹੀਆਂ ਨੇ ਇਹ ਕਿਹਾ: ‘ਦੇਖੋ ਉਹ ਕਿਸ ਤਰ੍ਹਾਂ ਇਕ ਦੂਸਰੇ ਨਾਲ ਪਿਆਰ ਕਰਦੇ ਹਨ ਅਤੇ ਕਿਸ ਤਰ੍ਹਾਂ ਉਹ ਇਕ ਦੂਸਰੇ ਲਈ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ।’ ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ, ‘ਕੀ ਮੈਂ ਸੰਗੀ ਮਸੀਹੀਆਂ ਲਈ ਅਜਿਹਾ ਪ੍ਰੇਮ ਦਿਖਾਉਂਦਾ ਹਾਂ ਜੋ ਸਾਬਤ ਕਰਦਾ ਹੈ ਕਿ ਮੈਂ ਯਿਸੂ ਦਾ ਇਕ ਚੇਲਾ ਹਾਂ?’
ਅਸੀਂ ਆਪਣਾ ਪ੍ਰੇਮ ਕਿਸ ਤਰ੍ਹਾਂ ਸਾਬਤ ਕਰਦੇ ਹਾਂ
14, 15. ਮਸੀਹ ਦੀ ਸ਼ਰਾ ਤੇ ਚੱਲਣਾ ਸ਼ਾਇਦ ਕਦੋਂ ਔਖਾ ਹੋਵੇ, ਪਰ ਇਸ ਤਰ੍ਹਾਂ ਕਰਦੇ ਰਹਿਣ ਵਿਚ ਸਾਡੀ ਕੀ ਮਦਦ ਕਰ ਸਕਦਾ ਹੈ?
14 ਇਹ ਬਹੁਤ ਹੀ ਜ਼ਰੂਰੀ ਹੈ ਕਿ ਯਹੋਵਾਹ ਦੇ ਸੇਵਕ ਮਸੀਹ-ਸਮਾਨ ਪ੍ਰੇਮ ਦਿਖਾਉਣ। ਪਰ ਕੀ ਤੁਸੀਂ ਅਜਿਹੇ ਭੈਣਾਂ-ਭਰਾਵਾਂ ਨਾਲ ਪ੍ਰੇਮ ਕਰਨਾ ਔਖਾ ਪਾਉਂਦੇ ਹੋ ਜੋ ਕਦੀ-ਕਦੀ ਖ਼ੁਦਗਰਜ਼ੀ ਕਰਨ? ਜਿਵੇਂ ਅਸੀਂ ਦੇਖਿਆ ਹੈ, ਰਸੂਲ ਵੀ ਆਪਸ ਵਿਚ ਬਹਿਸ ਕਰਦੇ ਸਨ ਅਤੇ ਆਪਣੇ ਹੀ ਫ਼ਾਇਦੇ ਬਾਰੇ ਸੋਚਦੇ ਸਨ। (ਮੱਤੀ 20:20-24) ਗਲਾਤੀਆਂ ਦੇ ਭੈਣ-ਭਰਾ ਵੀ ਇਕ ਦੂਸਰੇ ਨਾਲ ਝਗੜਦੇ ਸਨ। ਇਹ ਜ਼ਾਹਰ ਕਰਨ ਤੋਂ ਬਾਅਦ ਕਿ ਗੁਆਂਢੀਆਂ ਨਾਲ ਪ੍ਰੇਮ ਬਿਵਸਥਾ ਨੂੰ ਪੂਰਾ ਕਰਦਾ ਹੈ, ਪੌਲੁਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ: “ਪਰ ਜੇ ਤੁਸੀਂ ਇੱਕ ਦੂਏ ਨੂੰ ਚੱਕੀਂ ਚੱਕੀਂ ਪਾੜ ਖਾਓ ਤਾਂ ਵੇਖਣਾ ਭਈ ਤੁਸੀਂ ਇੱਕ ਦੂਏ ਤੋਂ ਕਿਤੇ ਨਾਸ ਨਾ ਹੋ ਜਾਓ!” ਫਿਰ ਸਰੀਰ ਦਿਆਂ ਕੰਮਾਂ ਅਤੇ ਆਤਮਾ ਦਾ ਫਲ ਦੀ ਤੁਲਨਾ ਕਰਨ ਤੋਂ ਬਾਅਦ, ਪੌਲੁਸ ਨੇ ਇਹ ਤਾੜਨਾ ਦਿੱਤੀ: “ਅਸੀਂ ਫੋਕਾ ਘੁਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿਝਾਈਏ ਅਤੇ ਇੱਕ ਦੂਏ ਨਾਲ ਖਾਰ ਕਰੀਏ।” ਫਿਰ ਰਸੂਲ ਨੇ ਜ਼ੋਰ ਦੇ ਕੇ ਕਿਹਾ: “ਤੁਸੀਂ ਇਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰੋ।”—ਗਲਾਤੀਆਂ 5:14–6:2.
15 ਮਸੀਹ ਦੀ ਸ਼ਰਾ ਤੇ ਚੱਲਣ ਦੀ ਮੰਗ ਕਰਨ ਦੁਆਰਾ ਕੀ ਯਹੋਵਾਹ ਸਾਡੇ ਤੋਂ ਬਹੁਤ ਜ਼ਿਆਦਾ ਚਾਹੁੰਦਾ ਹੈ? ਉਨ੍ਹਾਂ ਲੋਕਾਂ ਨੂੰ ਦਿਆਲਤਾ ਦਿਖਾਉਣੀ ਬਹੁਤ ਔਖੀ ਹੈ, ਜੋ ਸ਼ਾਇਦ ਸਾਨੂੰ ਟੁੱਟ ਕੇ ਪੈਣ ਅਤੇ ਸਾਡਿਆਂ ਜਜ਼ਬਾਤਾਂ ਨੂੰ ਦੁੱਖ ਪਹੁੰਚਾਉਣ। ਫਿਰ ਵੀ, ਅਸੀਂ ‘ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰਨ ਅਤੇ ਪ੍ਰੇਮ ਨਾਲ ਚੱਲਣ’ ਲਈ ਮਜਬੂਰ ਹਾਂ। (ਅਫ਼ਸੀਆਂ 5:1, 2) ਸਾਨੂੰ ਹਮੇਸ਼ਾ ਪਰਮੇਸ਼ੁਰ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ, ਜੋ “ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” (ਰੋਮੀਆਂ 5:8) ਦੂਸਰਿਆਂ ਦੀ ਮਦਦ ਕਰਨ ਵਿਚ ਪਹਿਲ ਕਰਨ ਦੁਆਰਾ, ਉਨ੍ਹਾਂ ਦੀ ਵੀ ਜਿਨ੍ਹਾਂ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੋਵੇ, ਅਸੀਂ ਇਹ ਤਸੱਲੀ ਪਾ ਸਕਦਾ ਹਾਂ ਕਿ ਅਸੀਂ ਪਰਮੇਸ਼ੁਰ ਦੀ ਰੀਸ ਕਰ ਰਹੇ ਹਾਂ ਅਤੇ ਮਸੀਹ ਦੀ ਸ਼ਰਾ ਦੇ ਅਨੁਸਾਰ ਚੱਲ ਰਹੇ ਹਾਂ।
16. ਪਰਮੇਸ਼ੁਰ ਅਤੇ ਮਸੀਹ ਲਈ ਅਸੀਂ ਆਪਣਾ ਪ੍ਰੇਮ ਕਿਸ ਤਰ੍ਹਾਂ ਸਾਬਤ ਕਰਦੇ ਹਾਂ?
16 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਪ੍ਰੇਮ ਗੱਲਾਂ ਦੁਆਰਾ ਹੀ ਨਹੀਂ ਸਗੋਂ ਸਾਡੀਆਂ ਕਰਨੀਆਂ ਦੁਆਰਾ ਸਾਬਤ ਹੁੰਦਾ ਹੈ। ਯਿਸੂ ਨੇ ਵੀ ਪਰਮੇਸ਼ੁਰ ਦੀ ਇੱਛਾ ਦੀ ਇਕ ਗੱਲ ਕਰਨੀ ਮੁਸ਼ਕਲ ਪਾਈ ਸੀ ਕਿਉਂਕਿ ਉਸ ਵਿਚ ਬਹੁਤ ਕੁਝ ਸ਼ਾਮਲ ਸੀ। “ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ” ਯਿਸੂ ਨੇ ਪ੍ਰਾਰਥਨਾ ਕੀਤੀ। ਪਰ ਜਲਦੀ ਹੀ ਉਸ ਨੇ ਕਿਹਾ: “ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਯਿਸੂ ਨੇ ਬਹੁਤ ਸਾਰੇ ਦੁੱਖ ਭੋਗਣ ਦੇ ਬਾਵਜੂਦ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ। (ਇਬਰਾਨੀਆਂ 5:7, 8) ਪਰਮੇਸ਼ੁਰ ਦੀ ਆਗਿਆ ਮੰਨਣੀ ਪ੍ਰੇਮ ਦਾ ਸਬੂਤ ਹੈ ਅਤੇ ਦਿਖਾਉਂਦਾ ਹੈ ਕਿ ਅਸੀਂ ਪਛਾਣਦੇ ਹਾਂ ਕਿ ਪਰਮੇਸ਼ੁਰ ਦਾ ਹੀ ਰਾਹ ਸਭ ਤੋਂ ਬਿਹਤਰ ਹੈ। ਬਾਈਬਲ ਕਹਿੰਦੀ ਹੈ “ਕਿਉਂ ਜੋ ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰਨਾ 5:3) ਅਤੇ ਯਿਸੂ ਨੇ ਆਪਣੇ ਰਸੂਲਾਂ ਨੂੰ ਦੱਸਿਆ ਕਿ “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ।”—ਯੂਹੰਨਾ 14:15.
17. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਖ਼ਾਸ ਹੁਕਮ ਦਿੱਤਾ ਸੀ, ਅਤੇ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਇਹ ਸਾਡੇ ਉੱਤੇ ਵੀ ਲਾਗੂ ਹੁੰਦਾ ਹੈ?
17 ਆਪਣੇ ਚੇਲਿਆਂ ਨੂੰ ਇਕ ਦੂਸਰੇ ਨਾਲ ਪਿਆਰ ਕਰਨ ਤੋਂ ਇਲਾਵਾ ਮਸੀਹ ਨੇ ਉਨ੍ਹਾਂ ਨੂੰ ਹੋਰ ਕਿਹੜਾ ਖ਼ਾਸ ਹੁਕਮ ਦਿੱਤਾ ਸੀ? ਉਸ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ, ਉਹ ਕੰਮ ਜਿਸ ਲਈ ਉਸ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ। ਪਤਰਸ ਨੇ ਕਿਹਾ ਸੀ: “ਉਹ ਨੇ ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ।” (ਰਸੂਲਾਂ ਦੇ ਕਰਤੱਬ 10:42) ਯਿਸੂ ਨੇ ਖ਼ਾਸ ਕਰਕੇ ਹੁਕਮ ਦਿੱਤਾ ਸੀ ਕਿ “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20; ਰਸੂਲਾਂ ਦੇ ਕਰਤੱਬ 1:8) ਯਿਸੂ ਨੇ ਜ਼ਾਹਰ ਕੀਤਾ ਕਿ ਅਜਿਹੀਆਂ ਹਿਦਾਇਤਾਂ ਉਸ ਦੇ ਚੇਲਿਆਂ ਉੱਤੇ ਹੁਣ ਵੀ, ਯਾਨੀ ਇਸ “ਓੜਕ ਦੇ ਸਮੇਂ” ਵਿਚ, ਲਾਗੂ ਹੋਣਗੀਆਂ ਕਿਉਂਕਿ ਉਸ ਨੇ ਕਿਹਾ: “ਅਤੇ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਦਾਨੀਏਲ 12:4; ਮੱਤੀ 24:14) ਹਾਂ, ਪਰਮੇਸ਼ੁਰ ਦੀ ਇੱਛਾ ਇਹ ਹੈ ਕਿ ਅਸੀਂ ਪ੍ਰਚਾਰ ਕਰੀਏ। ਲੇਕਿਨ, ਕੁਝ ਲੋਕ ਸ਼ਾਇਦ ਸੋਚਣ ਕਿ ਇਹ ਕੰਮ ਕਰਾਉਣ ਵਿਚ ਪਰਮੇਸ਼ੁਰ ਸਾਡੇ ਕੋਲੋਂ ਬਹੁਤ ਹੀ ਵੱਡੀ ਗੱਲ ਮੰਗ ਰਿਹਾ ਹੈ। ਪਰ ਕੀ ਇਹ ਕੰਮ ਸੱਚ-ਮੁੱਚ ਬਹੁਤ ਜ਼ਿਆਦਾ ਹੈ?
ਇਹ ਸ਼ਾਇਦ ਔਖਾ ਕਿਉਂ ਲੱਗੇ
18. ਯਹੋਵਾਹ ਦੀ ਇੱਛਾ ਪੂਰੀ ਕਰਨ ਦੇ ਕਾਰਨ ਜਦੋਂ ਅਸੀਂ ਦੁੱਖ ਭੋਗਦੇ ਹਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
18 ਜਿਵੇਂ ਅਸੀਂ ਦੇਖਿਆ ਹੈ ਯਹੋਵਾਹ ਨੇ ਇਤਿਹਾਸ ਦੌਰਾਨ ਲੋਕਾਂ ਤੋਂ ਵੱਖੋ-ਵੱਖਰੀਆਂ ਮੰਗਾਂ ਪੂਰੀਆਂ ਕਰਨ ਦਾ ਹੁਕਮ ਦਿੱਤਾ ਹੈ। ਅਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਬਹੁਤ ਹੀ ਵੱਖੋ-ਵੱਖਰੇ ਕੰਮ ਦਿੱਤੇ ਗਏ ਸਨ, ਉਸੇ ਤਰ੍ਹਾਂ ਅਨੁਭਵ ਕੀਤੀਆਂ ਗਈਆਂ ਅਜ਼ਮਾਇਸ਼ਾਂ ਵੀ ਵੱਖੋ-ਵੱਖਰੀਆਂ ਰਹੀਆਂ ਹਨ। ਪਰਮੇਸ਼ੁਰ ਦਾ ਪਿਆਰਾ ਪੁੱਤਰ ਸਭ ਤੋਂ ਔਖੀਆਂ ਅਜ਼ਮਾਇਸ਼ਾਂ ਦੌਰਾਨ ਲੰਘਿਆ ਸੀ, ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੇ ਕਾਰਨ ਅਖ਼ੀਰ ਵਿਚ ਉਸ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਸੀ। ਪਰ ਜਦੋਂ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਨ ਦੇ ਕਾਰਨ ਦੁੱਖ ਭੋਗਦੇ ਹਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਾਡੀਆਂ ਅਜ਼ਮਾਇਸ਼ਾਂ ਲਈ ਜ਼ਿੰਮੇਵਾਰ ਨਹੀਂ ਹੈ। (ਯੂਹੰਨਾ 15:18-20; ਯਾਕੂਬ 1:13-15) ਸ਼ਤਾਨ ਦੀ ਬਗਾਵਤ ਨੇ ਪਾਪ, ਦੁੱਖ ਅਤੇ ਮੌਤ ਲਿਆਂਦੀ, ਅਤੇ ਉਹੀ ਅਜਿਹੇ ਹਾਲਾਤ ਪੈਦਾ ਕਰਦਾ ਹੈ ਜੋ ਅਕਸਰ ਯਹੋਵਾਹ ਦੇ ਸੇਵਕਾਂ ਲਈ ਉਸ ਦੀ ਇੱਛਾ ਪੂਰੀ ਕਰਨੀ ਔਖੀ ਬਣਾ ਦਿੰਦੇ ਹਨ।—ਅੱਯੂਬ 1:6-19; 2:1-8.
19. ਜੋ ਪਰਮੇਸ਼ੁਰ ਆਪਣੇ ਪੁੱਤਰ ਰਾਹੀਂ ਸਾਡੇ ਤੋਂ ਮੰਗਦਾ ਹੈ ਉਸ ਨੂੰ ਪੂਰਾ ਕਰਨਾ ਇਕ ਸਨਮਾਨ ਕਿਉਂ ਹੈ?
19 ਆਪਣੇ ਪੁੱਤਰ ਰਾਹੀਂ, ਯਹੋਵਾਹ ਨੇ ਹੁਕਮ ਦਿੱਤਾ ਹੈ ਕਿ ਇਸ ਅੰਤ ਦੇ ਸਮੇਂ ਵਿਚ ਉਸ ਦੇ ਸੇਵਕ ਸੰਸਾਰ-ਭਰ ਵਿਚ ਐਲਾਨ ਕਰਨ ਕਿ ਉਸ ਦਾ ਰਾਜ ਹੀ ਮਨੁੱਖਜਾਤੀ ਦੇ ਦੁੱਖਾਂ ਦਾ ਇੱਕੋ-ਇਕ ਇਲਾਜ ਹੈ। ਪਰਮੇਸ਼ੁਰ ਦੀ ਇਹ ਸਰਕਾਰ ਧਰਤੀ ਉੱਤੇ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ, ਜਿਵੇਂ ਕਿ ਯੁੱਧ, ਅਪਰਾਧ, ਗ਼ਰੀਬੀ, ਬੁਢਾਪਾ, ਬੀਮਾਰੀ ਅਤੇ ਮੌਤ। ਇਹ ਰਾਜ ਧਰਤੀ ਨੂੰ ਇਕ ਸ਼ਾਨਦਾਰ ਫਿਰਦੌਸ ਬਣਾਵੇਗਾ, ਜਿਸ ਵਿਚ ਮੁਰਦੇ ਵੀ ਜੀ ਉਠਾਏ ਜਾਣਗੇ। (ਮੱਤੀ 6:9, 10; ਲੂਕਾ 23:43; ਰਸੂਲਾਂ ਦੇ ਕਰਤੱਬ 24:15; ਪਰਕਾਸ਼ ਦੀ ਪੋਥੀ 21:3, 4) ਅਜਿਹੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਸੁਣਾਉਣੀ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ! ਤਾਂ ਫਿਰ, ਗੱਲ ਸਾਫ਼ ਹੈ ਕਿ ਜੋ ਯਹੋਵਾਹ ਸਾਡੇ ਤੋਂ ਚਾਹੁੰਦਾ ਹੈ ਉਹ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਵਿਰੋਧਤਾ ਦਾ ਜ਼ਰੂਰ ਸਾਮ੍ਹਣਾ ਕਰਦੇ ਹਾਂ, ਲੇਕਿਨ ਸ਼ਤਾਨ ਅਤੇ ਉਸ ਦਾ ਸੰਸਾਰ ਇਸ ਦੇ ਜ਼ਿੰਮੇਵਾਰ ਹਨ।
20. ਸ਼ਤਾਨ ਦੁਆਰਾ ਪੇਸ਼ ਕੀਤੀਆਂ ਗਈਆਂ ਚੁਣੌਤੀਆਂ ਦਾ ਅਸੀਂ ਕਿਸ ਤਰ੍ਹਾਂ ਸਾਮ੍ਹਣਾ ਕਰ ਸਕਦੇ ਹਾਂ?
20 ਅਸੀਂ ਸਫ਼ਲਤਾ ਨਾਲ ਸ਼ਤਾਨ ਦੁਆਰਾ ਪੇਸ਼ ਕੀਤੀ ਗਈ ਕਿਸੇ ਵੀ ਚੁਣੌਤੀ ਦਾ ਕਿਸ ਤਰ੍ਹਾਂ ਸਾਮ੍ਹਣਾ ਕਰ ਸਕਦੇ ਹਾਂ? ਇਨ੍ਹਾਂ ਸ਼ਬਦਾਂ ਨੂੰ ਮਨ ਵਿਚ ਰੱਖਣ ਦੁਆਰਾ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਸਵਰਗੀ ਜੀਵਨ ਛੱਡ ਕੇ ਆਪਣੇ ਪਿਤਾ ਦੀ ਮਰਜ਼ੀ ਧਰਤੀ ਉੱਤੇ ਪੂਰੀ ਕਰਨ ਦੁਆਰਾ ਯਿਸੂ ਨੇ ਯਹੋਵਾਹ ਲਈ ਸ਼ਤਾਨ ਦਿਆਂ ਮੇਹਣਿਆਂ ਦਾ ਜਵਾਬ ਪੇਸ਼ ਕੀਤਾ। (ਯਸਾਯਾਹ 53:12; ਇਬਰਾਨੀਆਂ 10:7) ਇਕ ਮਨੁੱਖ ਵਜੋਂ, ਯਿਸੂ ਨੇ ਹਰੇਕ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ, ਇੱਥੋਂ ਤਕ ਕਿ ਤਸੀਹੇ ਦੀ ਸੂਲੀ ਤੇ ਮੌਤ ਵੀ ਝੱਲੀ। ਜੇਕਰ ਅਸੀਂ ਉਸ ਦੀ ਮਿਸਾਲ ਦੀ ਰੀਸ ਕਰੀਏ, ਤਾਂ ਅਸੀਂ ਵੀ ਦੁੱਖ ਸਹਾਰ ਸਕਾਂਗੇ ਅਤੇ ਯਹੋਵਾਹ ਦੀ ਹਰ ਮੰਗ ਪੂਰੀ ਕਰ ਸਕਾਂਗੇ।—ਇਬਰਾਨੀਆਂ 12:1-3.
21. ਯਹੋਵਾਹ ਅਤੇ ਉਸ ਦੇ ਪੁੱਤਰ ਦੁਆਰਾ ਦਿਖਾਏ ਗਏ ਪ੍ਰੇਮ ਬਾਰੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?
21 ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨੇ ਸਾਨੂੰ ਕਿੰਨਾ ਪਿਆਰ ਦਿਖਾਇਆ ਹੈ! ਯਿਸੂ ਦੇ ਬਲੀਦਾਨ ਕਾਰਨ, ਆਗਿਆਕਾਰ ਮਨੁੱਖਾਂ ਕੋਲ ਫਿਰਦੌਸ ਵਿਚ ਸਦਾ ਲਈ ਜੀਉਣ ਦੀ ਸੰਭਾਵਨਾ ਹੈ। ਇਸ ਲਈ ਆਓ ਅਸੀਂ ਕਿਸੇ ਵੀ ਚੀਜ਼ ਨੂੰ ਆਪਣੀ ਉਮੀਦ ਦੇ ਵਿਚਕਾਰ ਨਾ ਆਉਣ ਦੇਈਏ। ਇਸ ਦੀ ਬਜਾਇ, ਆਓ ਅਸੀਂ ਨਿੱਜੀ ਤੌਰ ਤੇ ਪੌਲੁਸ ਦੀ ਤਰ੍ਹਾਂ ਉਸ ਚੀਜ਼ ਨੂੰ ਦਿਲ ਵਿਚ ਬਿਠਾਈਏ ਜੋ ਯਿਸੂ ਨੇ ਸਾਡੇ ਲਈ ਮੁਮਕਿਨ ਬਣਾਈ। ਉਸ ਨੇ ਲਿਖਿਆ: “ਪਰਮੇਸ਼ੁਰ ਦੇ ਪੁੱਤ੍ਰ . . . ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।” (ਟੇਡੇ ਟਾਈਪ ਸਾਡੇ।) (ਗਲਾਤੀਆਂ 2:20) ਆਓ ਅਸੀਂ ਆਪਣੇ ਪ੍ਰੇਮਪੂਰਣ ਪਰਮੇਸ਼ੁਰ, ਯਹੋਵਾਹ, ਦਾ ਦਿਲੋਂ ਧੰਨਵਾਦ ਕਰੀਏ, ਜੋ ਸਾਡੇ ਤੋਂ ਕਦੀ ਵੀ ਹੱਦੋਂ ਵੱਧ ਨਹੀਂ ਮੰਗਦਾ।
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
◻ ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ?
◻ ਰਸੂਲਾਂ ਦੇ ਨਾਲ ਆਪਣੀ ਆਖ਼ਰੀ ਸ਼ਾਮ ਦੌਰਾਨ ਯਿਸੂ ਨੇ ਪ੍ਰੇਮ ਦੀ ਮਹੱਤਤਾ ਉੱਤੇ ਕਿਸ ਤਰ੍ਹਾਂ ਜ਼ੋਰ ਪਾਇਆ?
◻ ਅਸੀਂ ਕਿਸ ਤਰ੍ਹਾਂ ਸਾਬਤ ਕਰ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ?
◻ ਯਹੋਵਾਹ ਦੇ ਆਖੇ ਲੱਗਣਾ ਸਾਡੇ ਲਈ ਇਕ ਸਨਮਾਨ ਕਿਉਂ ਹੈ?
[ਸਫ਼ੇ 23 ਉੱਤੇ ਤਸਵੀਰ]
ਆਪਣੇ ਰਸੂਲਾਂ ਦੇ ਪੈਰ ਧੋਣ ਦੁਆਰਾ ਯਿਸੂ ਨੇ ਕਿਹੜਾ ਸਬਕ ਸਿਖਾਇਆ ਸੀ?
[ਸਫ਼ੇ 25 ਉੱਤੇ ਤਸਵੀਰ]
ਵਿਰੋਧਤਾ ਦੇ ਬਾਵਜੂਦ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਂਝਾ ਕਰਨਾ ਇਕ ਸਨਮਾਨ ਹੈ