ਤੁਸੀਂ ਅੰਤ ਤਕ ਧੀਰਜ ਰੱਖ ਸਕਦੇ ਹੋ
“ਆਓ, ਅਸੀਂ . . . ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।”—ਇਬਰਾਨੀਆਂ 12:1.
1, 2. ਧੀਰਜ ਰੱਖਣ ਦਾ ਕੀ ਅਰਥ ਹੈ?
ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੂੰ ਲਿਖਿਆ ਕਿ “ਤੁਹਾਨੂੰ ਧੀਰਜ ਕਰਨ ਦੀ ਲੋੜ ਹੈ।” (ਇਬਰਾਨੀਆਂ 10:36) ਇਸ ਗੁਣ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ, ਪਤਰਸ ਰਸੂਲ ਨੇ ਵੀ ਇਸੇ ਤਰ੍ਹਾਂ ਮਸੀਹੀਆਂ ਨੂੰ ਤਾਕੀਦ ਕੀਤੀ ਸੀ: ‘ਆਪਣੀ ਨਿਹਚਾ ਨਾਲ ਧੀਰਜ ਨੂੰ ਵਧਾਈ ਜਾਓ।’ (2 ਪਤਰਸ 1:5-7) ਪਰ ਅਸਲ ਵਿਚ ਧੀਰਜ ਹੈ ਕੀ?
2 ਇਕ ਯੂਨਾਨੀ-ਅੰਗ੍ਰੇਜ਼ੀ ਸ਼ਬਦ-ਕੋਸ਼ “ਧੀਰਜ ਰੱਖਣਾ” ਲਈ ਯੂਨਾਨੀ ਕ੍ਰਿਆ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦਾ ਹੈ: “ਭੱਜਣ ਦੀ ਬਜਾਇ ਖੜ੍ਹੇ ਰਹਿਣਾ . . . ਡਟੇ ਰਹਿਣਾ, ਦ੍ਰਿੜ੍ਹ ਰਹਿਣਾ।” “ਧੀਰਜ” ਲਈ ਯੂਨਾਨੀ ਨਾਂਵ ਦੇ ਸੰਬੰਧ ਵਿਚ ਇਕ ਕਿਤਾਬ ਕਹਿੰਦੀ ਹੈ: “ਇਹ ਅਜਿਹਾ ਸੁਭਾਅ ਹੈ ਜੋ ਸਭ ਕੁਝ ਸਹਿ ਲੈਂਦਾ ਹੈ, ਨਾਉਮੀਦ ਹੋ ਕੇ ਨਹੀਂ, ਬਲਕਿ ਪੱਕੀ ਉਮੀਦ ਨਾਲ . . . ਇਹ ਉਹ ਗੁਣ ਹੈ ਜੋ ਆਦਮੀ ਦੀ ਹਨੇਰੀ ਦੇ ਸਾਮ੍ਹਣੇ ਵੀ ਆਪਣੇ ਪੈਰਾਂ ਤੇ ਖੜ੍ਹੇ ਰਹਿਣ ਵਿਚ ਮਦਦ ਕਰਦਾ ਹੈ। ਇਹ ਉਹ ਖੂਬੀ ਹੈ ਜੋ ਮੁਸ਼ਕਲ ਤੋਂ ਮੁਸ਼ਕਲ ਅਜ਼ਮਾਇਸ਼ ਨੂੰ ਵੀ ਮਹਿਮਾ ਵਿਚ ਬਦਲ ਸਕਦੀ ਹੈ ਕਿਉਂਕਿ ਇਹ ਕਸ਼ਟ ਨੂੰ ਦੇਖਣ ਦੀ ਬਜਾਇ ਮੰਜ਼ਲ ਨੂੰ ਦੇਖਦੀ ਹੈ।” ਤਾਂ ਫਿਰ, ਧੀਰਜ ਇਕ ਵਿਅਕਤੀ ਦੀ ਮਦਦ ਕਰਦਾ ਹੈ ਕਿ ਉਹ ਰੁਕਾਵਟਾਂ ਅਤੇ ਔਕੜਾਂ ਦੇ ਬਾਵਜੂਦ ਮਜ਼ਬੂਤ ਬਣਿਆ ਰਹੇ ਅਤੇ ਉਮੀਦ ਨਾ ਛੱਡੇ। ਕਿਨ੍ਹਾਂ ਲੋਕਾਂ ਨੂੰ ਖ਼ਾਸ ਕਰਕੇ ਇਸ ਗੁਣ ਦੀ ਜ਼ਰੂਰਤ ਹੈ?
3, 4. (ੳ) ਕਿਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਹੈ? (ਅ) ਅਸੀਂ ਅੰਤ ਤਕ ਧੀਰਜ ਕਿਉਂ ਰੱਖਣਾ ਹੈ?
3 ਲਾਖਣਿਕ ਤੌਰ ਤੇ ਸਾਰੇ ਮਸੀਹੀ ਇਕ ਦੌੜ ਵਿਚ ਸ਼ਾਮਲ ਹਨ ਜਿਸ ਲਈ ਧੀਰਜ ਰੱਖਣ ਦੀ ਲੋੜ ਹੈ। ਲਗਭਗ 65 ਸਾ.ਯੁ. ਵਿਚ ਪੌਲੁਸ ਰਸੂਲ ਨੇ ਆਪਣੇ ਸੰਗੀ ਕਾਮੇ ਅਤੇ ਵਫ਼ਾਦਾਰ ਸਫ਼ਰੀ ਸਾਥੀ ਤਿਮੋਥਿਉਸ ਨੂੰ ਇਹ ਭਰੋਸਾ-ਦਿਵਾਊ ਸ਼ਬਦ ਲਿਖੇ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।” (2 ਤਿਮੋਥਿਉਸ 4:7) “ਦੌੜ ਮੁਕਾ ਛੱਡੀ” ਸ਼ਬਦਾਂ ਦੁਆਰਾ ਪੌਲੁਸ ਇਕ ਮਸੀਹੀ ਹੋਣ ਦੇ ਨਾਤੇ ਆਪਣੀ ਜ਼ਿੰਦਗੀ ਦੀ ਤੁਲਨਾ ਇਕ ਦੌੜ ਨਾਲ ਕਰ ਰਿਹਾ ਸੀ ਜਿਸ ਦਾ ਇਕ ਨਿਸ਼ਚਿਤ ਰਾਹ ਅਤੇ ਸਮਾਪਤੀ ਰੇਖਾ ਹੈ। ਉਸ ਵੇਲੇ ਪੌਲੁਸ ਦੌੜ ਜਿੱਤਣ ਵਾਲਾ ਸੀ ਅਤੇ ਉਹ ਭਰੋਸੇ ਨਾਲ ਇਨਾਮ ਪ੍ਰਾਪਤ ਕਰਨ ਦੀ ਉਡੀਕ ਕਰ ਰਿਹਾ ਸੀ। ਉਸ ਨੇ ਅੱਗੇ ਕਿਹਾ: “ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੁ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ।” (2 ਤਿਮੋਥਿਉਸ 4:8) ਪੌਲੁਸ ਨੂੰ ਯਕੀਨ ਸੀ ਕਿ ਉਸ ਨੂੰ ਇਨਾਮ ਮਿਲੇਗਾ ਕਿਉਂਕਿ ਉਸ ਨੇ ਅੰਤ ਤਕ ਧੀਰਜ ਰੱਖਿਆ ਸੀ। ਪਰ ਸਾਡੇ ਬਾਰੇ ਕੀ?
4 ਇਸ ਦੌੜ ਵਿਚ ਸ਼ਾਮਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਪੌਲੁਸ ਨੇ ਲਿਖਿਆ: “ਆਓ, ਅਸੀਂ . . . ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।” (ਇਬਰਾਨੀਆਂ 12:1) ਮਸੀਹੀ ਹੋਣ ਦੇ ਨਾਤੇ ਅਸੀਂ ਉਸ ਵੇਲੇ ਧੀਰਜ ਦੀ ਇਸ ਦੌੜ ਵਿਚ ਸ਼ਾਮਲ ਹੁੰਦੇ ਹਾਂ ਜਦੋਂ ਅਸੀਂ ਯਿਸੂ ਮਸੀਹ ਦੇ ਰਾਹੀਂ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕਰਦੇ ਹਾਂ। ਸ਼ਾਗਿਰਦੀ ਦੇ ਰਾਹ ਉੱਤੇ ਦੌੜਨ ਲਈ ਚੰਗੀ ਸ਼ੁਰੂਆਤ ਕਰਨੀ ਜ਼ਰੂਰੀ ਹੈ, ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੀ ਦੌੜ ਨੂੰ ਖ਼ਤਮ ਕਰੀਏ। ਯਿਸੂ ਨੇ ਐਲਾਨ ਕੀਤਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਜਿਹੜੇ ਲੋਕ ਦੌੜ ਖ਼ਤਮ ਕਰਨ ਵਿਚ ਕਾਮਯਾਬ ਹੋਣਗੇ, ਉਨ੍ਹਾਂ ਨੂੰ ਅਨੰਤ ਜੀਵਨ ਦਾ ਇਨਾਮ ਮਿਲੇਗਾ! ਇਸ ਲਈ ਮੰਜ਼ਲ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਜ਼ਰੂਰ ਅੰਤ ਤਕ ਧੀਰਜ ਰੱਖਣਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
ਚੰਗੀ ਖ਼ੁਰਾਕ—ਬਹੁਤ ਜ਼ਰੂਰੀ
5, 6. (ੳ) ਜ਼ਿੰਦਗੀ ਦੀ ਦੌੜ ਵਿਚ ਧੀਰਜ ਨਾਲ ਦੌੜਦੇ ਰਹਿਣ ਲਈ ਸਾਨੂੰ ਕਿਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ? (ਅ) ਸਾਨੂੰ ਕਿਹੜੀ ਅਧਿਆਤਮਿਕ ਖ਼ੁਰਾਕ ਤੋਂ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਕਿਉਂ?
5 ਯੂਨਾਨ ਵਿਚ ਕੁਰਿੰਥੁਸ ਸ਼ਹਿਰ ਕੋਲ ਇਕ ਜਗ੍ਹਾ ਸੀ ਜਿੱਥੇ ਪ੍ਰਾਚੀਨ ਸਮੇਂ ਵਿਚ ਪ੍ਰਸਿੱਧ ਇਸਥਮੀਅਨ ਖੇਡਾਂ ਹੋਇਆ ਕਰਦੀਆਂ ਸਨ। ਪੌਲੁਸ ਜਾਣਦਾ ਸੀ ਕਿ ਕੁਰਿੰਥੁਸ ਦੇ ਭਰਾ ਉੱਥੇ ਹੋਣ ਵਾਲੇ ਖੇਡ ਮੁਕਾਬਲਿਆਂ ਤੋਂ ਅਤੇ ਦੂਸਰੇ ਮੁਕਾਬਲਿਆਂ ਤੋਂ ਜਾਣੂ ਸਨ। ਉਨ੍ਹਾਂ ਦੀ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨੇ ਉਨ੍ਹਾਂ ਨੂੰ ਜ਼ਿੰਦਗੀ ਦੀ ਦੌੜ ਬਾਰੇ ਯਾਦ ਕਰਾਇਆ ਜੋ ਉਹ ਦੌੜ ਰਹੇ ਸਨ: “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ।” ਪੌਲੁਸ ਨੇ ਦੌੜ ਦੌੜਦੇ ਰਹਿਣ ਅਤੇ ਇਸ ਨੂੰ ਖ਼ਤਮ ਕਰਨ ਉੱਤੇ ਜ਼ੋਰ ਦਿੱਤਾ। ਪਰ ਕਿਹੜੀ ਚੀਜ਼ ਦੌੜ ਨੂੰ ਖ਼ਤਮ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੀ? “ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ,” ਉਸ ਨੇ ਅੱਗੇ ਕਿਹਾ। ਜੀ ਹਾਂ, ਪ੍ਰਾਚੀਨ ਸਮੇਂ ਦੀਆਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਜਿੱਤਣ ਲਈ ਬਹੁਤ ਹੀ ਔਖੀ ਸਿਖਲਾਈ ਲੈਂਦੇ ਸਨ, ਆਪਣੇ ਖਾਣ-ਪੀਣ ਦਾ ਬਹੁਤ ਖ਼ਿਆਲ ਰੱਖਦੇ ਸਨ ਅਤੇ ਹਰ ਗੱਲ ਵਿੱਚ ਸੰਜਮ ਰੱਖਦੇ ਸਨ।—1 ਕੁਰਿੰਥੀਆਂ 9:24, 25.
6 ਉਸ ਦੌੜ ਬਾਰੇ ਕੀ ਜਿਸ ਵਿਚ ਮਸੀਹੀ ਸ਼ਾਮਲ ਹਨ? “ਤੁਹਾਨੂੰ ਆਪਣੀ ਅਧਿਆਤਮਿਕ ਖ਼ੁਰਾਕ ਦਾ ਬਹੁਤ ਧਿਆਨ ਰੱਖਣਾ ਪਵੇਗਾ ਜੇ ਤੁਹਾਨੂੰ ਜ਼ਿੰਦਗੀ ਦੀ ਦੌੜ ਵਿਚ ਧੀਰਜ ਨਾਲ ਦੌੜਦੇ ਰਹਿਣਾ ਹੈ,” ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਦਾ ਇਕ ਬਜ਼ੁਰਗ ਕਹਿੰਦਾ ਹੈ। ‘ਧੀਰਜ ਦੇ ਪਰਮੇਸ਼ੁਰ,’ ਯਹੋਵਾਹ ਨੇ ਸਾਨੂੰ ਜੋ ਅਧਿਆਤਮਿਕ ਖ਼ੁਰਾਕ ਮੁਹੱਈਆ ਕੀਤੀ ਹੈ ਉਸ ਉੱਤੇ ਵਿਚਾਰ ਕਰੋ। (ਰੋਮੀਆਂ 15:5) ਸਾਡੀ ਅਧਿਆਤਮਿਕ ਖ਼ੁਰਾਕ ਦਾ ਮੁੱਖ ਭੰਡਾਰ ਉਸ ਦਾ ਬਚਨ, ਬਾਈਬਲ ਹੈ। ਫਿਰ, ਕੀ ਸਾਨੂੰ ਹਰ ਰੋਜ਼ ਬਾਈਬਲ ਨਹੀਂ ਪੜ੍ਹਨੀ ਚਾਹੀਦੀ? “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਯਹੋਵਾਹ ਨੇ ਸਮੇਂ ਸਿਰ ਪਹਿਰਾਬੁਰਜ, ਜਾਗਰੂਕ ਬਣੋ! ਅਤੇ ਦੂਸਰੇ ਬਾਈਬਲ-ਆਧਾਰਿਤ ਪ੍ਰਕਾਸ਼ਨ ਮੁਹੱਈਆ ਕੀਤੇ ਹਨ। (ਮੱਤੀ 24:45) ਲਗਨ ਨਾਲ ਇਨ੍ਹਾਂ ਦਾ ਅਧਿਐਨ ਕਰ ਕੇ ਅਸੀਂ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਵਾਂਗੇ। ਜੀ ਹਾਂ, ਸਾਨੂੰ ਨਿੱਜੀ ਅਧਿਐਨ ਕਰਨ ਲਈ—‘ਸਮੇਂ ਨੂੰ ਲਾਭਦਾਇਕ ਕਰਨਾ—ਜਾਂ ਸਮਾਂ ਕੱਢਣਾ ਚਾਹੀਦਾ ਹੈ’।—ਅਫ਼ਸੀਆਂ 5:16.
7. (ੳ) ਸਾਨੂੰ ਬੁਨਿਆਦੀ ਮਸੀਹੀ ਸਿੱਖਿਆਵਾਂ ਨਾਲ ਹੀ ਸੰਤੁਸ਼ਟ ਕਿਉਂ ਨਹੀਂ ਹੋਣਾ ਚਾਹੀਦਾ? (ਅ) ਅਸੀਂ ਕਿਵੇਂ ‘ਸਿਆਣਪੁਣੇ ਦੀ ਵੱਲ ਅਗਾਹਾਂ ਵੱਧ’ ਸਕਦੇ ਹਾਂ?
7 ਮਸੀਹੀ ਸ਼ਾਗਿਰਦੀ ਦੇ ਰਾਹ ਉੱਤੇ ਦੌੜਦੇ ਰਹਿਣ ਲਈ ਸਾਨੂੰ “ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ” ਜਾਣ ਦੀ ਲੋੜ ਹੈ। (ਇਬਰਾਨੀਆਂ 6:1) ਇਸ ਲਈ ਸਾਨੂੰ ਸੱਚਾਈ ਦੀ “ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ” ਵਿਚ ਅਤੇ “ਅੰਨ [ਜੋ] ਸਿਆਣਿਆਂ ਲਈ ਹੈ” ਤੋਂ ਤਾਕਤ ਹਾਸਲ ਕਰਨ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। (ਅਫ਼ਸੀਆਂ 3:18; ਇਬਰਾਨੀਆਂ 5:12-14) ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਚਾਰ ਭਰੋਸੇਯੋਗ ਬਿਰਤਾਂਤਾਂ ਦੀ ਮਿਸਾਲ ਲਓ—ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀ ਇੰਜੀਲ। ਇਨ੍ਹਾਂ ਇੰਜੀਲਾਂ ਦਾ ਧਿਆਨਪੂਰਵਕ ਅਧਿਐਨ ਕਰਨ ਨਾਲ ਅਸੀਂ ਸਿਰਫ਼ ਇਹੀ ਨਹੀਂ ਸਿੱਖਾਂਗੇ ਕਿ ਯਿਸੂ ਨੇ ਧਰਤੀ ਉੱਤੇ ਕਿਹੜੇ ਕੰਮ ਕੀਤੇ ਸਨ ਤੇ ਉਹ ਕਿਸ ਤਰ੍ਹਾਂ ਦਾ ਇਨਸਾਨ ਸੀ, ਸਗੋਂ ਉਸ ਦੀ ਸੋਚਣੀ ਨੂੰ ਵੀ ਸਮਝ ਸਕਾਂਗੇ ਜਿਸ ਕਰਕੇ ਉਸ ਨੇ ਉਹ ਕੰਮ ਕੀਤੇ ਸਨ। ਇਸ ਤਰ੍ਹਾਂ ਅਸੀਂ “ਮਸੀਹ ਦੀ ਬੁੱਧੀ” ਪ੍ਰਾਪਤ ਕਰ ਸਕਦੇ ਹਾਂ।—1 ਕੁਰਿੰਥੀਆਂ 2:16.
8. ਜ਼ਿੰਦਗੀ ਦੀ ਦੌੜ ਵਿਚ ਧੀਰਜ ਨਾਲ ਦੌੜਦੇ ਰਹਿਣ ਲਈ ਮਸੀਹੀ ਸਭਾਵਾਂ ਸਾਡੀ ਕਿਵੇਂ ਮਦਦ ਕਰਦੀਆਂ ਹਨ?
8 ਪੌਲੁਸ ਨੇ ਸੰਗੀ ਵਿਸ਼ਵਾਸੀਆਂ ਨੂੰ ਨਸੀਹਤ ਦਿੱਤੀ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:24, 25) ਮਸੀਹੀ ਸਭਾਵਾਂ ਤੋਂ ਸਾਨੂੰ ਕਿੰਨਾ ਉਤਸ਼ਾਹ ਮਿਲਦਾ ਹੈ! ਅਤੇ ਜਦੋਂ ਅਸੀਂ ਉਨ੍ਹਾਂ ਪਿਆਰੇ ਭੈਣ-ਭਰਾਵਾਂ ਨੂੰ ਮਿਲਦੇ ਹਾਂ, ਜਿਨ੍ਹਾਂ ਨੂੰ ਸਾਡੀ ਪਰਵਾਹ ਹੈ ਅਤੇ ਜਿਹੜੇ ਅੰਤ ਤਕ ਧੀਰਜ ਰੱਖਣ ਵਿਚ ਸਾਡੀ ਮਦਦ ਕਰਨੀ ਚਾਹੁੰਦੇ ਹਨ, ਤਾਂ ਸਾਡੇ ਵਿਚ ਨਵੇਂ ਸਿਰਿਓਂ ਜਾਨ ਆ ਜਾਂਦੀ ਹੈ। ਸਾਨੂੰ ਯਹੋਵਾਹ ਵੱਲੋਂ ਕੀਤੇ ਗਏ ਇਸ ਪ੍ਰੇਮਮਈ ਪ੍ਰਬੰਧ ਨੂੰ ਤੁੱਛ ਨਹੀਂ ਜਾਣਨਾ ਚਾਹੀਦਾ। ਲਗਨ ਨਾਲ ਨਿੱਜੀ ਅਧਿਐਨ ਕਰਨ ਅਤੇ ਸਭਾਵਾਂ ਵਿਚ ਲਗਾਤਾਰ ਹਾਜ਼ਰ ਹੋਣ ਦੁਆਰਾ, ਆਓ ਅਸੀਂ ‘ਬੁੱਧ ਵਿੱਚ ਸਿਆਣੇ ਹੋਈਏ।’—1 ਕੁਰਿੰਥੀਆਂ 14:20.
ਤੁਹਾਨੂੰ ਉਤਸ਼ਾਹ ਦੇਣ ਵਾਲੇ ਦਰਸ਼ਕ
9, 10. (ੳ) ਦੌੜ ਵਿਚ ਧੀਰਜ ਨਾਲ ਦੌੜਦੇ ਰਹਿਣ ਲਈ ਦਰਸ਼ਕ ਕਿਵੇਂ ਉਤਸ਼ਾਹ ਦੇ ਸਕਦੇ ਹਨ? (ਅ) ਇਬਰਾਨੀਆਂ 12:1 ਵਿਚ ਜ਼ਿਕਰ ਕੀਤਾ ਗਿਆ ‘ਗਵਾਹਾਂ ਦਾ ਐਨਾ ਵੱਡਾ ਬੱਦਲ’ ਕੀ ਹੈ?
9 ਭਾਵੇਂ ਇਕ ਦੌੜਾਕ ਨੇ ਜਿੰਨੀ ਮਰਜ਼ੀ ਤਿਆਰੀ ਕੀਤੀ ਹੋਵੇ, ਪਰ ਰਾਹ ਵਿਚ ਉਸ ਨੂੰ ਕੁਝ ਵੀ ਹੋ ਸਕਦਾ ਹੈ ਜਿਸ ਕਰਕੇ ਉਹ ਲੜਖੜਾ ਸਕਦਾ ਹੈ। “ਤੁਸੀਂ ਤਾਂ ਚੰਗੀ ਤਰਾਂ ਦੌੜਦੇ ਸਾਓ। ਕਿਹ ਨੇ ਤੁਹਾਨੂੰ ਡੱਕ ਦਿੱਤਾ ਭਈ ਤੁਸੀਂ ਸਚਿਆਈ ਨੂੰ ਨਾ ਮੰਨੋ?” ਪੌਲੁਸ ਨੇ ਪੁੱਛਿਆ। (ਗਲਾਤੀਆਂ 5:7) ਸਪੱਸ਼ਟ ਤੌਰ ਤੇ, ਉਸ ਵੇਲੇ ਗਲਾਤਿਯਾ ਦੇ ਕੁਝ ਮਸੀਹੀ ਬੁਰੀ ਸੰਗਤ ਵਿਚ ਪੈ ਗਏ ਸਨ, ਜਿਸ ਕਰਕੇ ਉਹ ਜ਼ਿੰਦਗੀ ਦੀ ਦੌੜ ਵਿਚ ਡਾਂਵਾਡੋਲ ਹੋ ਗਏ ਸਨ। ਦੂਸਰੇ ਪਾਸੇ, ਦੂਸਰਿਆਂ ਦੀ ਮਦਦ ਅਤੇ ਉਤਸ਼ਾਹ ਨਾਲ ਜ਼ਿੰਦਗੀ ਦੀ ਦੌੜ ਵਿਚ ਦੌੜਦੇ ਰਹਿਣਾ ਆਸਾਨ ਹੋ ਜਾਂਦਾ ਹੈ। ਦੂਸਰਿਆਂ ਦਾ ਸਾਡੇ ਉੱਤੇ ਉਸੇ ਤਰ੍ਹਾਂ ਪ੍ਰਭਾਵ ਪੈਂਦਾ ਹੈ ਜਿਸ ਤਰ੍ਹਾਂ ਖੇਡ ਵਿਚ ਹਿੱਸਾ ਲੈਣ ਵਾਲਿਆਂ ਉੱਤੇ ਦਰਸ਼ਕਾਂ ਦਾ ਪੈਂਦਾ ਹੈ। ਜੋਸ਼ ਵਿਚ ਆਈ ਭੀੜ ਮਾਹੌਲ ਵਿਚ ਹੋਰ ਵੀ ਉਤਸ਼ਾਹ ਪੈਦਾ ਕਰ ਦਿੰਦੀ ਹੈ ਜਿਸ ਨਾਲ ਖਿਡਾਰੀਆਂ ਨੂੰ ਦੌੜ ਦੇ ਸ਼ੁਰੂ ਤੋਂ ਲੈ ਕੇ ਅੰਤ ਤਕ ਦੌੜਦੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ। ਦੇਖਣ ਵਾਲਿਆਂ ਦੇ ਜੈਕਾਰੇ ਅਤੇ ਸੰਗੀਤ ਤੇ ਤਾੜੀਆਂ ਦੀ ਗੂੰਜ ਦੌੜਾਕਾਂ ਨੂੰ ਹੋਰ ਜ਼ਿਆਦਾ ਹੱਲਾਸ਼ੇਰੀ ਦੇ ਸਕਦੀ ਹੈ ਜੋ ਉਨ੍ਹਾਂ ਨੂੰ ਦੌੜ ਪੂਰੀ ਕਰਨ ਲਈ ਚਾਹੀਦੀ ਹੁੰਦੀ ਹੈ। ਸੱਚ-ਮੁੱਚ, ਹਿਤੈਸ਼ੀ ਦਰਸ਼ਕ ਦੌੜ ਵਿਚ ਸ਼ਾਮਲ ਖਿਡਾਰੀਆਂ ਉੱਤੇ ਚੰਗਾ ਪ੍ਰਭਾਵ ਪਾ ਸਕਦੇ ਹਨ।
10 ਜਿਸ ਜ਼ਿੰਦਗੀ ਦੀ ਦੌੜ ਵਿਚ ਮਸੀਹੀ ਸ਼ਾਮਲ ਹੋਏ ਹਨ, ਉਸ ਦੇ ਦਰਸ਼ਕ ਕੌਣ ਹਨ? ਯਹੋਵਾਹ ਦੇ ਮਸੀਹ-ਪੂਰਵ ਵਫ਼ਾਦਾਰ ਗਵਾਹਾਂ ਦੇ ਨਾਂ ਦੱਸਣ ਤੋਂ ਬਾਅਦ, ਜੋ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਦਰਜ ਹਨ, ਪੌਲੁਸ ਨੇ ਲਿਖਿਆ: “ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ . . . ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।” (ਇਬਰਾਨੀਆਂ 12:1) ਬੱਦਲ ਸ਼ਬਦ ਨੂੰ ਲਾਖਣਿਕ ਤੌਰ ਤੇ ਇਸਤੇਮਾਲ ਕਰਦੇ ਹੋਏ ਪੌਲੁਸ ਨੇ ਉਹ ਯੂਨਾਨੀ ਸ਼ਬਦ ਨਹੀਂ ਵਰਤਿਆ ਸੀ ਜੋ ਇਕ ਨਿਸ਼ਚਿਤ ਆਕਾਰ ਦੇ ਬੱਦਲ ਨੂੰ ਸੰਕੇਤ ਕਰਦਾ ਹੈ। ਇਸ ਦੀ ਬਜਾਇ ਉਸ ਨੇ ਉਹ ਸ਼ਬਦ ਵਰਤਿਆ ਜਿਸ ਬਾਰੇ ਕੋਸ਼ਕਾਰ ਡਬਲਯੂ. ਈ. ਵਾਈਨ ਕਹਿੰਦਾ ਹੈ ਕਿ ਇਹ “ਬਿਨਾਂ ਆਕਾਰ ਦੇ ਸੰਘਣੇ ਬੱਦਲ ਨੂੰ ਸੰਕੇਤ ਕਰਦਾ ਹੈ ਜੋ ਸਾਰੇ ਆਕਾਸ਼ ਨੂੰ ਢੱਕ ਲੈਂਦਾ ਹੈ।” ਸਪੱਸ਼ਟ ਤੌਰ ਤੇ ਪੌਲੁਸ ਦੇ ਮਨ ਵਿਚ ਗਵਾਹਾਂ ਦੀ ਇਕ ਵੱਡੀ ਭੀੜ ਸੀ—ਇੰਨੇ ਸਾਰੇ ਕਿ ਉਹ ਇਕ ਸੰਘਣੇ ਬੱਦਲ ਵਾਂਗ ਸਨ।
11, 12. (ੳ) ਮਸੀਹ-ਪੂਰਵ ਵਫ਼ਾਦਾਰ ਗਵਾਹ ਸਾਨੂੰ ਦੌੜ ਵਿਚ ਧੀਰਜ ਨਾਲ ਦੌੜਦੇ ਰਹਿਣ ਲਈ ਕਿਵੇਂ ਹੱਲਾਸ਼ੇਰੀ ਦੇ ਸਕਦੇ ਹਨ? (ਅ) ਅਸੀਂ “ਗਵਾਹਾਂ ਦੇ ਐਨੇ ਵੱਡੇ ਬੱਦਲ” ਤੋਂ ਕਿਵੇਂ ਪੂਰਾ ਲਾਭ ਪ੍ਰਾਪਤ ਕਰ ਸਕਦੇ ਹਾਂ?
11 ਕੀ ਮਸੀਹ-ਪੂਰਵ ਵਫ਼ਾਦਾਰ ਗਵਾਹ ਅੱਜ ਸੱਚੀ-ਮੁੱਚੀ ਸਾਡੀ ਦੌੜ ਨੂੰ ਦੇਖ ਰਹੇ ਹਨ? ਬਿਲਕੁਲ ਨਹੀਂ। ਉਹ ਸਾਰੇ ਮੌਤ ਦੀ ਨੀਂਦ ਸੌਂ ਰਹੇ ਹਨ ਅਤੇ ਪੁਨਰ-ਉਥਾਨ ਦੀ ਉਡੀਕ ਕਰ ਰਹੇ ਹਨ। ਫਿਰ ਵੀ, ਜਦੋਂ ਉਹ ਜੀਉਂਦੇ ਸਨ ਉਹ ਆਪ ਇਕ ਕਾਮਯਾਬ ਦੌੜਾਕ ਸਨ ਅਤੇ ਉਨ੍ਹਾਂ ਦੀਆਂ ਉਦਾਹਰਣਾਂ ਬਾਈਬਲ ਦੇ ਪੰਨਿਆਂ ਵਿਚ ਦਰਜ ਹਨ। ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ, ਤਾਂ ਇਹ ਵਫ਼ਾਦਾਰ ਵਿਅਕਤੀ ਸਾਡੇ ਮਨ ਵਿਚ ਮੁੜ-ਸੁਰਜੀਤ ਹੋ ਜਾਂਦੇ ਹਨ ਅਤੇ ਸਾਨੂੰ ਦੌੜ ਖ਼ਤਮ ਕਰਨ ਲਈ ਹੱਲਾਸ਼ੇਰੀ ਦੇ ਸਕਦੇ ਹਨ।—ਰੋਮੀਆਂ 15:4.a
12 ਉਦਾਹਰਣ ਲਈ ਜਦੋਂ ਦੁਨੀਆਂ ਵਿਚ ਅੱਗੇ ਵਧਣ ਦੇ ਮੌਕੇ ਸਾਨੂੰ ਲੁਭਾਉਂਦੇ ਹਨ, ਤਾਂ ਕੀ ਮੂਸਾ ਦੀ ਮਿਸਾਲ ਤੇ ਗੌਰ ਕਰਨ ਨਾਲ ਸਾਨੂੰ ਦੌੜਦੇ ਰਹਿਣ ਦੀ ਪ੍ਰੇਰਣਾ ਨਹੀਂ ਮਿਲੇਗੀ ਜਿਸ ਨੇ ਮਿਸਰ ਦੀ ਸਾਰੀ ਸ਼ਾਨੋ-ਸ਼ੌਕਤ ਨੂੰ ਠੋਕਰ ਮਾਰ ਦਿੱਤੀ ਸੀ? ਅਤੇ ਜਦੋਂ ਸਾਨੂੰ ਕਿਸੇ ਪਰਤਾਵੇ ਦਾ ਸਾਮ੍ਹਣਾ ਕਰਨਾ ਬਹੁਤ ਔਖਾ ਲੱਗਦਾ ਹੈ, ਤਾਂ ਅਬਰਾਹਾਮ ਦੇ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਦੇ ਬਹੁਤ ਹੀ ਔਖੇ ਪਰਤਾਵੇ ਨੂੰ ਯਾਦ ਕਰਨ ਨਾਲ ਯਕੀਨਨ ਸਾਨੂੰ ਨਿਹਚਾ ਦੇ ਮੁਕਾਬਲੇ ਵਿਚ ਹਾਰ ਨਾ ਮੰਨਣ ਲਈ ਉਤਸ਼ਾਹ ਮਿਲੇਗਾ। ਇਨ੍ਹਾਂ ਗਵਾਹਾਂ ਦੇ ‘ਵੱਡੇ ਬੱਦਲ’ ਤੋਂ ਸਾਨੂੰ ਕਿੰਨਾ ਕੁ ਉਤਸ਼ਾਹ ਮਿਲਦਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਨੂੰ ਆਪਣੀਆਂ ਸਮਝ ਦੀਆਂ ਅੱਖਾਂ ਨਾਲ ਕਿੰਨੇ ਸਪੱਸ਼ਟ ਤਰੀਕੇ ਨਾਲ ਦੇਖ ਸਕਦੇ ਹਾਂ।
13. ਅੱਜ ਦੇ ਸਮੇਂ ਦੇ ਯਹੋਵਾਹ ਦੇ ਗਵਾਹ ਜ਼ਿੰਦਗੀ ਦੀ ਦੌੜ ਵਿਚ ਦੌੜਦੇ ਰਹਿਣ ਲਈ ਸਾਨੂੰ ਕਿਵੇਂ ਉਤਸ਼ਾਹਿਤ ਕਰਦੇ ਹਨ?
13 ਅਸੀਂ ਯਹੋਵਾਹ ਦੇ ਬਹੁਤ ਸਾਰੇ ਵਰਤਮਾਨ ਗਵਾਹਾਂ ਨਾਲ ਵੀ ਘਿਰੇ ਹੋਏ ਹਾਂ। ਮਸਹ ਕੀਤੇ ਹੋਏ ਮਸੀਹੀਆਂ ਨੇ ਅਤੇ “ਵੱਡੀ ਭੀੜ” ਦੇ ਆਦਮੀਆਂ ਅਤੇ ਔਰਤਾਂ ਨੇ ਨਿਹਚਾ ਦੀਆਂ ਕਿੰਨੀਆਂ ਸ਼ਾਨਦਾਰ ਉਦਾਹਰਣਾਂ ਕਾਇਮ ਕੀਤੀਆਂ ਹਨ! (ਪਰਕਾਸ਼ ਦੀ ਪੋਥੀ 7:9) ਅਸੀਂ ਸਮੇਂ-ਸਮੇਂ ਤੇ ਇਸ ਰਸਾਲੇ ਵਿਚ ਅਤੇ ਦੂਸਰੇ ਵਾਚ ਟਾਵਰ ਪ੍ਰਕਾਸ਼ਨਾਂ ਵਿਚ ਉਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹ ਸਕਦੇ ਹਾਂ।b ਜਦੋਂ ਅਸੀਂ ਉਨ੍ਹਾਂ ਦੀ ਨਿਹਚਾ ਤੇ ਮਨਨ ਕਰਦੇ ਹਾਂ, ਤਾਂ ਸਾਨੂੰ ਅੰਤ ਤਕ ਧੀਰਜ ਰੱਖਣ ਲਈ ਉਤਸ਼ਾਹ ਮਿਲਦਾ ਹੈ। ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਾਲੇ ਨਜ਼ਦੀਕੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਸਹਾਰਾ ਮਿਲਣਾ ਕਿੰਨਾ ਚੰਗਾ ਹੈ! ਜੀ ਹਾਂ, ਜ਼ਿੰਦਗੀ ਦੀ ਦੌੜ ਵਿਚ ਦੌੜਦੇ ਰਹਿਣ ਲਈ ਬਹੁਤ ਸਾਰੇ ਭੈਣ-ਭਰਾ ਸਾਨੂੰ ਉਤਸ਼ਾਹਿਤ ਕਰਦੇ ਹਨ।
ਸਮਝਦਾਰੀ ਦਿਖਾਉਂਦੇ ਹੋਏ ਸਹੀ ਰਫ਼ਤਾਰ ਨਾਲ ਦੌੜੋ
14, 15. (ੳ) ਸਮਝਦਾਰੀ ਦਿਖਾਉਂਦੇ ਹੋਏ ਸਹੀ ਰਫ਼ਤਾਰ ਨਾਲ ਦੌੜਨਾ ਕਿਉਂ ਜ਼ਰੂਰੀ ਹੈ? (ਅ) ਟੀਚੇ ਰੱਖਣ ਵਿਚ ਸਾਨੂੰ ਸੰਤੁਲਿਤ ਕਿਉਂ ਹੋਣਾ ਚਾਹੀਦਾ ਹੈ?
14 ਮਰਾਥਨ ਵਰਗੀ ਲੰਮੀ ਦੌੜ ਦੌੜਦੇ ਸਮੇਂ, ਦੌੜਾਕ ਲਈ ਸਮਝਦਾਰੀ ਦਿਖਾਉਂਦੇ ਹੋਏ ਸਹੀ ਰਫ਼ਤਾਰ ਨਾਲ ਦੌੜਨਾ ਜ਼ਰੂਰੀ ਹੈ। “ਦੌੜ ਦੇ ਸ਼ੁਰੂ ਵਿਚ ਤੇਜ਼ ਦੌੜਨ ਨਾਲ ਤੁਸੀਂ ਹਾਰ ਸਕਦੇ ਹੋ,” ਨਿਊਯਾਰਕ ਰਨਰ ਰਸਾਲਾ ਕਹਿੰਦਾ ਹੈ। “ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਾਂ ਤਾਂ ਆਖ਼ਰੀ ਕੁਝ ਮੀਲਾਂ ਦੌਰਾਨ ਬਹੁਤਾ ਸੰਘਰਸ਼ ਕਰਨਾ ਪਵੇਗਾ ਜਾਂ ਫਿਰ ਤੁਸੀਂ ਦੌੜ ਖ਼ਤਮ ਨਹੀਂ ਕਰ ਪਾਓਗੇ।” ਮਰਾਥਨ ਦਾ ਇਕ ਦੌੜਾਕ ਯਾਦ ਕਰਦਾ ਹੈ: “ਦੌੜ ਦੀ ਤਿਆਰੀ ਵਿਚ ਮੈਂ ਇਕ ਲੈਕਚਰ ਸੁਣਿਆ ਸੀ ਜਿਸ ਵਿਚ ਲੈਕਚਰ ਦੇਣ ਵਾਲੇ ਨੇ ਸਾਫ਼-ਸਾਫ਼ ਚੇਤਾਵਨੀ ਦਿੱਤੀ ਸੀ: ‘ਤੇਜ਼ ਦੌੜਾਕਾਂ ਦੇ ਨਾਲ-ਨਾਲ ਦੌੜਨ ਦੀ ਕੋਸ਼ਿਸ਼ ਨਾ ਕਰੋ। ਆਪਣੀ ਰਫ਼ਤਾਰ ਨਾਲ ਦੌੜੋ। ਨਹੀਂ ਤਾਂ ਤੁਸੀਂ ਥੱਕ ਜਾਓਗੇ ਅਤੇ ਸ਼ਾਇਦ ਤੁਸੀਂ ਦੌੜ ਖ਼ਤਮ ਨਹੀਂ ਕਰ ਪਾਓਗੇ।’ ਉਸ ਦੀ ਇਹ ਸਲਾਹ ਮੰਨਣ ਨਾਲ ਮੈਂ ਦੌੜ ਖ਼ਤਮ ਕਰ ਸਕਿਆ।”
15 ਜ਼ਿੰਦਗੀ ਦੀ ਦੌੜ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਵੱਡਾ ਜਤਨ ਕਰਨਾ ਚਾਹੀਦਾ ਹੈ। (ਲੂਕਾ 13:24) ਪਰ, ਚੇਲੇ ਯਾਕੂਬ ਨੇ ਲਿਖਿਆ: “ਜਿਹੜੀ ਬੁੱਧ ਉੱਪਰੋਂ ਹੈ ਉਹ . . . ਸ਼ੀਲ ਸੁਭਾਉ” ਅਰਥਾਤ ਸੰਤੁਲਿਤ ਹੈ। (ਯਾਕੂਬ 3:17) ਜਦ ਕਿ ਦੂਸਰਿਆਂ ਦੀ ਚੰਗੀ ਉਦਾਹਰਣ ਸਾਨੂੰ ਹੋਰ ਜ਼ਿਆਦਾ ਕਰਨ ਲਈ ਪ੍ਰੇਰਿਤ ਕਰਦੀ ਹੈ, ਪਰ ਸੰਤੁਲਿਤ ਹੋਣ ਨਾਲ ਅਸੀਂ ਆਪਣੀਆਂ ਯੋਗਤਾਵਾਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਵਿਵਹਾਰਕ ਟੀਚੇ ਰੱਖ ਸਕਦੇ ਹਾਂ। ਸ਼ਾਸਤਰਵਚਨ ਸਾਨੂੰ ਯਾਦ ਕਰਾਉਂਦੇ ਹਨ: “ਪਰ ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਨਿਰੇ ਆਪਣੀ ਹੀ ਵੱਲ, ਨਾ ਦੂਏ ਦੀ ਵੱਲ ਅਭਮਾਨ ਪਰਾਪਤ ਹੋਵੇਗਾ। ਕਿਉਂ ਜੋ ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।”—ਗਲਾਤੀਆਂ 6:4, 5.
16. ਆਪਣੀ ਰਫ਼ਤਾਰ ਕਾਇਮ ਕਰਨ ਵਿਚ ਨਿਮਰਤਾ ਸਾਡੀ ਕਿਵੇਂ ਮਦਦ ਕਰਦੀ ਹੈ?
16 ਮੀਕਾਹ 6:8 ਵਿਚ ਸਾਡੇ ਕੋਲੋਂ ਇਹ ਵਿਚਾਰ-ਉਕਸਾਊ ਸਵਾਲ ਪੁੱਛਿਆ ਗਿਆ ਹੈ: “ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ . . . ਅਧੀਨ [“ਨਿਮਰ,” ਨਿ ਵ] ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” ਜੇ ਸਾਡੇ ਵਿਚ ਨਿਮਰਤਾ ਹੈ ਤਾਂ ਅਸੀਂ ਆਪਣੀਆਂ ਸੀਮਾਵਾਂ ਦਾ ਧਿਆਨ ਰੱਖਾਂਗੇ। ਕੀ ਅਸੀਂ ਆਪਣੀ ਮਾੜੀ ਸਿਹਤ ਜਾਂ ਵੱਧ ਰਹੀ ਉਮਰ ਕਾਰਨ ਪਰਮੇਸ਼ੁਰ ਦੀ ਸੇਵਾ ਸੀਮਿਤ ਹੱਦ ਤਕ ਹੀ ਕਰ ਸਕਦੇ ਹਾਂ? ਆਓ ਅਸੀਂ ਨਿਰਾਸ਼ ਨਾ ਹੋਈਏ। ਆਪਣੀ ਕਾਬਲੀਅਤ ਅਨੁਸਾਰ ਅਸੀਂ ਜੋ ਵੀ ਜਤਨ ਅਤੇ ਕੁਰਬਾਨੀਆਂ ਕਰਦੇ ਹਾਂ, ਯਹੋਵਾਹ ਉਨ੍ਹਾਂ ਨੂੰ ਸਵੀਕਾਰ ਕਰਦਾ ਹੈ।—2 ਕੁਰਿੰਥੀਆਂ 8:12. ਲੂਕਾ 21:1-4 ਦੀ ਤੁਲਨਾ ਕਰੋ।
ਆਪਣੀ ਨਜ਼ਰ ਇਨਾਮ ਤੇ ਰੱਖੋ
17, 18. ਯਿਸੂ ਨੇ ਕਿਹੜੀ ਚੀਜ਼ ਉੱਤੇ ਨਜ਼ਰ ਟਿਕਾਈ ਰੱਖੀ ਜਿਸ ਕਰਕੇ ਉਹ ਤਸੀਹੇ ਦੀ ਸੂਲੀ ਦਾ ਦੁੱਖ ਸਹਾਰ ਸਕਿਆ?
17 ਕੁਰਿੰਥੀ ਮਸੀਹੀਆਂ ਨੂੰ ਜ਼ਿੰਦਗੀ ਦੀ ਦੌੜ ਵਿਚ ਧੀਰਜ ਨਾਲ ਦੌੜਦੇ ਰਹਿਣ ਦੀ ਲੋੜ ਬਾਰੇ ਦੱਸਦੇ ਹੋਏ, ਪੌਲੁਸ ਨੇ ਇਸਥਮੀਅਨ ਖੇਡਾਂ ਦੇ ਇਕ ਹੋਰ ਪਹਿਲੂ ਦਾ ਜ਼ਿਕਰ ਕੀਤਾ ਜਿਸ ਵੱਲ ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਸੀ। ਉਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਦੇ ਸੰਬੰਧ ਵਿਚ ਪੌਲੁਸ ਨੇ ਲਿਖਿਆ: “ਉਹ ਤਾਂ ਨਾਸਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ [ਦੌੜਦੇ] ਹਾਂ। ਸੋ ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ।” (1 ਕੁਰਿੰਥੀਆਂ 9:25, 26) ਉਨ੍ਹਾਂ ਪ੍ਰਾਚੀਨ ਸਮੇਂ ਦੀਆਂ ਖੇਡਾਂ ਵਿਚ ਜੇਤੂ ਨੂੰ ਇਨਾਮ ਦੇ ਰੂਪ ਵਿਚ ਚੀਲ ਜਾਂ ਦੂਸਰੇ ਦਰਖ਼ਤਾਂ ਦੇ ਪੱਤਿਆਂ ਨਾਲ ਜਾਂ ਸੁੱਕੀ ਜੰਗਲੀ ਸੈੱਲਰੀ ਨਾਲ ਬਣਿਆ ਇਕ ਸਿਹਰਾ ਜਾਂ ਹਾਰ ਦਿੱਤਾ ਜਾਂਦਾ ਸੀ—ਸੱਚ-ਮੁੱਚ ਇਕ ‘ਨਾਸਵਾਨ ਸਿਹਰਾ।’ ਪਰ ਜਿਹੜੇ ਮਸੀਹੀ ਅੰਤ ਤਕ ਧੀਰਜ ਰੱਖਦੇ ਹਨ, ਉਨ੍ਹਾਂ ਨੂੰ ਕਿਹੜਾ ਇਨਾਮ ਮਿਲਣਾ ਹੈ?
18 ਸਾਡੇ ਆਦਰਸ਼, ਯਿਸੂ ਮਸੀਹ ਦਾ ਜ਼ਿਕਰ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: ‘ਉਸ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।’ (ਇਬਰਾਨੀਆਂ 12:2) ਯਿਸੂ ਨੇ ਆਪਣੀ ਮਨੁੱਖੀ ਜ਼ਿੰਦਗੀ ਦੇ ਅੰਤ ਤਕ ਧੀਰਜ ਰੱਖਿਆ ਕਿਉਂਕਿ ਉਹ ਤਸੀਹੇ ਦੀ ਸੂਲੀ ਵੱਲ ਦੇਖਣ ਦੀ ਬਜਾਇ ਆਪਣੇ ਇਨਾਮ ਵੱਲ ਦੇਖਦਾ ਰਿਹਾ, ਜਿਸ ਵਿਚ ਯਹੋਵਾਹ ਦੇ ਨਾਂ ਦੇ ਪਵਿੱਤਰੀਕਰਣ ਵਿਚ ਯੋਗਦਾਨ ਪਾਉਣ, ਮਨੁੱਖਜਾਤੀ ਨੂੰ ਮੌਤ ਤੋਂ ਛੁਡਾਉਣ ਲਈ ਰਿਹਾਈ-ਕੀਮਤ ਦੇਣ ਅਤੇ ਰਾਜੇ ਤੇ ਪ੍ਰਧਾਨ ਜਾਜਕ ਵਜੋਂ ਰਾਜ ਕਰਦੇ ਹੋਏ ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਆਗਿਆਕਾਰੀ ਇਨਸਾਨਾਂ ਨੂੰ ਅਨੰਤ ਜੀਵਨ ਦੇਣ ਦਾ ਆਨੰਦ ਸ਼ਾਮਲ ਸੀ।—ਮੱਤੀ 6:9, 10; 20:28; ਇਬਰਾਨੀਆਂ 7:23-26.
19. ਮਸੀਹੀ ਸ਼ਾਗਿਰਦੀ ਦੇ ਰਾਹ ਉੱਤੇ ਚੱਲਦੇ ਸਮੇਂ ਸਾਨੂੰ ਕਿਸ ਚੀਜ਼ ਉੱਤੇ ਆਪਣੀ ਨਜ਼ਰ ਟਿਕਾਈ ਰੱਖਣ ਦੀ ਲੋੜ ਹੈ?
19 ਜ਼ਰਾ ਉਸ ਆਨੰਦ ਉੱਤੇ ਵਿਚਾਰ ਕਰੋ ਜੋ ਸਾਨੂੰ ਮਸੀਹੀ ਸ਼ਾਗਿਰਦੀ ਦੇ ਰਾਹ ਉੱਤੇ ਚੱਲਣ ਨਾਲ ਮਿਲਦਾ ਹੈ। ਯਹੋਵਾਹ ਨੇ ਸਾਨੂੰ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਬਾਈਬਲ ਦਾ ਜੀਵਨਦਾਇਕ ਗਿਆਨ ਵੰਡਣ ਦਾ ਬਹੁਤ ਹੀ ਸੰਤੋਖਜਨਕ ਕੰਮ ਦਿੱਤਾ ਹੈ। (ਮੱਤੀ 28:19, 20) ਜਦੋਂ ਸਾਨੂੰ ਸੱਚੇ ਪਰਮੇਸ਼ੁਰ ਵਿਚ ਦਿਲਚਸਪੀ ਰੱਖਣ ਵਾਲਾ ਕੋਈ ਵਿਅਕਤੀ ਮਿਲਦਾ ਹੈ ਅਤੇ ਜ਼ਿੰਦਗੀ ਦੀ ਦੌੜ ਵਿਚ ਸ਼ਾਮਲ ਹੋਣ ਲਈ ਅਸੀਂ ਉਸ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ, ਉਹ ਭਾਵੇਂ ਜਿੱਦਾਂ ਦੀ ਮਰਜ਼ੀ ਪ੍ਰਤਿਕ੍ਰਿਆ ਦਿਖਾਉਣ, ਪਰ ਯਹੋਵਾਹ ਦੇ ਨਾਂ ਦੇ ਪਵਿੱਤਰੀਕਰਣ ਨਾਲ ਸੰਬੰਧਿਤ ਕੰਮ ਵਿਚ ਹਿੱਸਾ ਲੈਣਾ ਸਾਡੇ ਲਈ ਇਕ ਵਿਸ਼ੇਸ਼-ਸਨਮਾਨ ਹੈ। ਜਦੋਂ ਅਸੀਂ ਆਪਣੇ ਪ੍ਰਚਾਰ ਦੇ ਖੇਤਰ ਵਿਚ ਲੋਕਾਂ ਦੀ ਉਦਾਸੀਨਤਾ ਜਾਂ ਵਿਰੋਧ ਦੇ ਬਾਵਜੂਦ ਧੀਰਜ ਨਾਲ ਸੇਵਕਾਈ ਕਰਦੇ ਰਹਿੰਦੇ ਹਾਂ, ਤਾਂ ਸਾਨੂੰ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨ ਨਾਲ ਆਨੰਦ ਮਿਲਦਾ ਹੈ। (ਕਹਾਉਤਾਂ 27:11) ਅਤੇ ਉਹ ਸਾਨੂੰ ਅਨੰਤ ਜੀਵਨ ਦਾ ਸ਼ਾਨਦਾਰ ਇਨਾਮ ਦੇਣ ਦਾ ਵਾਅਦਾ ਕਰਦਾ ਹੈ। ਉਸ ਵੇਲੇ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ! ਸਾਨੂੰ ਇਨ੍ਹਾਂ ਬਰਕਤਾਂ ਉੱਤੇ ਨਜ਼ਰ ਟਿਕਾਈ ਰੱਖਣ ਅਤੇ ਦੌੜ ਵਿਚ ਦੌੜਦੇ ਰਹਿਣ ਦੀ ਲੋੜ ਹੈ।
ਜਿਉਂ-ਜਿਉਂ ਅੰਤ ਨੇੜੇ ਆਉਂਦਾ ਹੈ
20. ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ, ਜ਼ਿੰਦਗੀ ਦੀ ਦੌੜ ਵਿਚ ਦੌੜਨਾ ਹੋਰ ਵੀ ਮੁਸ਼ਕਲ ਕਿਵੇਂ ਹੋ ਸਕਦਾ ਹੈ?
20 ਜ਼ਿੰਦਗੀ ਦੀ ਦੌੜ ਵਿਚ ਸਾਨੂੰ ਆਪਣੇ ਸਭ ਤੋਂ ਵੱਡੇ ਵੈਰੀ ਸ਼ਤਾਨ ਅਰਥਾਤ ਇਬਲੀਸ ਨਾਲ ਟਾਕਰਾ ਕਰਨਾ ਪੈਂਦਾ ਹੈ। ਜਿਉਂ-ਜਿਉਂ ਅਸੀਂ ਅੰਤ ਦੇ ਨੇੜੇ ਆਉਂਦੇ ਜਾਂਦੇ ਹਨ, ਉਹ ਸਾਨੂੰ ਡੇਗਣ ਜਾਂ ਹੌਲੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। (ਪਰਕਾਸ਼ ਦੀ ਪੋਥੀ 12:12, 17) ਅਤੇ ਲੜਾਈਆਂ, ਭੁੱਖਮਰੀ, ਮਹਾਂਮਾਰੀਆਂ ਅਤੇ ਦੂਸਰੀਆਂ ਮੁਸ਼ਕਲਾਂ, ਜੋ ਇਸ “ਓੜਕ ਦੇ ਸਮੇਂ” ਦੀ ਨਿਸ਼ਾਨੀ ਹਨ, ਕਰਕੇ ਵਫ਼ਾਦਾਰ, ਸਮਰਪਿਤ ਰਾਜ ਘੋਸ਼ਕਾਂ ਵਜੋਂ ਕੰਮ ਕਰਦੇ ਰਹਿਣਾ ਆਸਾਨ ਨਹੀਂ ਹੈ। (ਦਾਨੀਏਲ 12:4; ਮੱਤੀ 24:3-14; ਲੂਕਾ 21:11; 2 ਤਿਮੋਥਿਉਸ 3:1-5) ਇਸ ਤੋਂ ਇਲਾਵਾ ਸ਼ਾਇਦ ਸਾਨੂੰ ਕਦੀ-ਕਦੀ ਲੱਗੇ ਕਿ ਅੰਤ ਆਉਣ ਵਿਚ ਬਹੁਤ ਦੇਰੀ ਹੋ ਰਹੀ ਹੈ, ਖ਼ਾਸ ਕਰਕੇ ਜੇ ਅਸੀਂ ਕਈ ਦਹਾਕਿਆਂ ਤੋਂ ਦੌੜ ਵਿਚ ਦੌੜਦੇ ਆ ਰਹੇ ਹਾਂ। ਪਰ ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ ਕਿ ਅੰਤ ਜ਼ਰੂਰ ਆਵੇਗਾ। ਯਹੋਵਾਹ ਕਹਿੰਦਾ ਹੈ ਕਿ ਅੰਤ ਆਉਣ ਵਿਚ ਦੇਰ ਨਾ ਹੋਵੇਗੀ। ਅੰਤ ਬਹੁਤ ਨੇੜੇ ਹੈ।—ਹਬੱਕੂਕ 2:3; 2 ਪਤਰਸ 3:9, 10.
21. (ੳ) ਜ਼ਿੰਦਗੀ ਦੀ ਦੌੜ ਵਿਚ ਲਗਾਤਾਰ ਦੌੜਦੇ ਸਮੇਂ ਕਿਹੜੀ ਚੀਜ਼ ਸਾਨੂੰ ਤਾਕਤ ਦੇਵੇਗੀ? (ਅ) ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
21 ਤਾਂ ਫਿਰ ਜ਼ਿੰਦਗੀ ਦੀ ਦੌੜ ਜਿੱਤਣ ਲਈ ਯਹੋਵਾਹ ਨੇ ਪਿਆਰ ਨਾਲ ਸਾਨੂੰ ਜੋ ਅਧਿਆਤਮਿਕ ਖ਼ੁਰਾਕ ਦਿੱਤੀ ਹੈ, ਉਸ ਤੋਂ ਸਾਨੂੰ ਤਾਕਤ ਹਾਸਲ ਕਰਨੀ ਚਾਹੀਦੀ ਹੈ। ਸਾਨੂੰ ਉਤਸ਼ਾਹ ਦੀ ਵੀ ਲੋੜ ਹੈ ਜੋ ਸਾਨੂੰ ਸਾਡੇ ਨਾਲ ਦੌੜ ਵਿਚ ਦੌੜ ਰਹੇ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਲਗਾਤਾਰ ਸੰਗਤੀ ਕਰ ਕੇ ਮਿਲ ਸਕਦੀ ਹੈ। ਭਾਵੇਂ ਬਹੁਤ ਜ਼ਿਆਦਾ ਸਤਾਹਟ ਕਾਰਨ ਜਾਂ ਰਾਹ ਵਿਚ ਅਚਾਨਕ ਕਿਸੇ ਘਟਨਾ ਦੇ ਵਾਪਰਨ ਕਰਕੇ ਸਾਡੇ ਲਈ ਦੌੜਨਾ ਹੋਰ ਵੀ ਮੁਸ਼ਕਲ ਹੋ ਜਾਵੇ, ਤਾਂ ਵੀ ਅਸੀਂ ਅੰਤ ਤਕ ਧੀਰਜ ਰੱਖ ਸਕਦੇ ਹਾਂ ਕਿਉਂਕਿ ਯਹੋਵਾਹ ਸਾਨੂੰ “ਮਹਾ-ਸ਼ਕਤੀ” ਦਿੰਦਾ ਹੈ। (2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਦੌੜ ਜਿੱਤੀਏ! ਪੱਕਾ ਇਰਾਦਾ ਕਰ ਕੇ ‘ਆਓ ਅਸੀਂ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ’ ਅਤੇ ਪੂਰਾ ਭਰੋਸਾ ਰੱਖੀਏ ਕਿ ਅਸੀਂ “ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।”—ਇਬਰਾਨੀਆਂ 12:1; ਗਲਾਤੀਆਂ 6:9.
[ਫੁਟਨੋਟ]
a ਇਬਰਾਨੀਆਂ 11:1–12:3 ਦਾ ਅਰਥ ਸਮਝਣ ਲਈ ਪਹਿਰਾਬੁਰਜ (ਅੰਗ੍ਰੇਜ਼ੀ), 15 ਜਨਵਰੀ 1987, ਦੇ ਸਫ਼ੇ 10-20 ਦੇਖੋ।
b ਉਤਸ਼ਾਹ ਦੇਣ ਵਾਲੇ ਅਜਿਹੇ ਕੁਝ ਅਨੁਭਵ ਪਹਿਰਾਬੁਰਜ (ਅੰਗ੍ਰੇਜ਼ੀ), 1 ਜੂਨ 1998, ਸਫ਼ੇ 28-31; 1 ਸਤੰਬਰ 1998, ਸਫ਼ੇ 24-8; 1 ਫਰਵਰੀ 1999, ਸਫ਼ੇ 25-9 ਵਿਚ ਪੜ੍ਹੇ ਜਾ ਸਕਦੇ ਹਨ।
ਕੀ ਤੁਹਾਨੂੰ ਯਾਦ ਹੈ?
◻ ਅਸੀਂ ਅੰਤ ਤਕ ਧੀਰਜ ਕਿਉਂ ਰੱਖਣਾ ਹੈ?
◻ ਯਹੋਵਾਹ ਦੁਆਰਾ ਕੀਤੇ ਗਏ ਕਿਹੜੇ ਪ੍ਰਬੰਧਾਂ ਨੂੰ ਸਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ?
◻ ਸਮਝਦਾਰੀ ਨਾਲ ਸਹੀ ਰਫ਼ਤਾਰ ਨਾਲ ਦੌੜਨਾ ਕਿਉਂ ਜ਼ਰੂਰੀ ਹੈ?
◻ ਜਿਉਂ-ਜਿਉਂ ਅਸੀਂ ਜੀਵਨ ਦੀ ਦੌੜ ਵਿਚ ਦੌੜਦੇ ਹਾਂ, ਸਾਡੇ ਸਾਮ੍ਹਣੇ ਕਿਹੜਾ ਆਨੰਦ ਰੱਖਿਆ ਗਿਆ ਹੈ?
[ਸਫ਼ੇ 18 ਉੱਤੇ ਤਸਵੀਰ]
ਮਸੀਹੀ ਸਭਾਵਾਂ ਤੋਂ ਉਤਸ਼ਾਹ ਪ੍ਰਾਪਤ ਕਰੋ