ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 10/15 ਸਫ਼ੇ 8-11
  • ਪ੍ਰੇਮ ਦਾ ਉੱਤਮ ਗੁਣ ਸਿੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰੇਮ ਦਾ ਉੱਤਮ ਗੁਣ ਸਿੱਖੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਨਾਲ ਪ੍ਰੇਮ ਕਰਨਾ ਸਿੱਖੋ
  • ਦੂਜਿਆਂ ਇਨਸਾਨਾਂ ਨਾਲ ਪ੍ਰੇਮ ਕਰਨਾ ਸਿੱਖੋ
  • ਆਪਣੇ ਪ੍ਰੇਮ ਨੂੰ ਵਧਣ ਦੇਓ
  • ਲਗਾਤਾਰ ਜਤਨ ਦੀ ਜ਼ਰੂਰਤ
  • ਆਪਣੇ ਗੁਆਂਢੀ ਨਾਲ ਪਿਆਰ ਕਰਨ ਦਾ ਮਤਲਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪਰਮੇਸ਼ੁਰ ਦੇ ਪਿਆਰ ਦੇ ਬਦਲੇ ਉਸ ਨੂੰ ਪਿਆਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਕੀ ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਦਾ ਹੈ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ?’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 10/15 ਸਫ਼ੇ 8-11

ਪ੍ਰੇਮ ਦਾ ਉੱਤਮ ਗੁਣ ਸਿੱਖੋ

ਹਾਲ ਹੀ ਦੀਆਂ ਖ਼ਬਰਾਂ ਵਿਚ ਕੌਸਵੋ, ਲੇਬਨਾਨ, ਅਤੇ ਆਇਰਲੈਂਡ ਵਰਗੇ ਨਾਂ ਸੁਣੇ ਗਏ ਹਨ। ਇਹ ਨਾਂ ਸੁਣ ਕੇ, ਲੋਕ ਅਕਸਰ ਖ਼ੂਨ-ਖ਼ਰਾਬੇ, ਬੰਬਾਰੀ, ਅਤੇ ਕਤਲਾਮ ਬਾਰੇ ਸੋਚਦੇ ਹਨ। ਪਰ ਧਾਰਮਿਕ, ਨਸਲੀ ਜਾਂ ਹੋਰ ਕਿਸੇ ਭੇਦ-ਭਾਵ ਦੇ ਕਾਰਨ ਹਿੰਸਕ ਲੜਾਈ-ਝਗੜੇ ਅੱਜ ਕੋਈ ਨਵੀਂ ਗੱਲ ਨਹੀਂ ਹੈ। ਅਸਲ ਵਿਚ ਇਤਿਹਾਸ ਦੇ ਪੰਨੇ ਇਨ੍ਹਾਂ ਘਟਨਾਵਾਂ ਨਾਲ ਭਰੇ ਹੋਏ ਹਨ ਅਤੇ ਮਨੁੱਖਜਾਤੀ ਨੇ ਬੇਹੱਦ ਕਸ਼ਟ ਭੋਗੇ ਹਨ।

ਇਹ ਦੇਖਦਿਆਂ ਕਿ ਸਾਰੇ ਇਤਿਹਾਸ ਦੌਰਾਨ ਲੜਾਈਆਂ ਹਮੇਸ਼ਾ ਹੀ ਲੱਗੀਆਂ ਰਹੀਆਂ ਹਨ, ਕਈਆਂ ਲੋਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਲੜਾਈ-ਝਗੜੇ ਤਾਂ ਟਾਲੇ ਨਹੀਂ ਜਾ ਸਕਦੇ, ਅਤੇ ਮਨੁੱਖਾਂ ਦੇ ਆਪਸ ਵਿਚ ਨਫ਼ਰਤ ਇਕ ਕੁਦਰਤੀ ਚੀਜ਼ ਹੈ। ਪਰ, ਅਜਿਹੇ ਵਿਚਾਰ ਪਰਮੇਸ਼ੁਰ ਦੇ ਸ਼ਬਦ ਦੇ ਬਿਲਕੁਲ ਉਲਟ ਹਨ। ਬਾਈਬਲ ਸਪੱਸ਼ਟ ਤਰ੍ਹਾਂ ਕਹਿੰਦੀ ਹੈ ਕਿ “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਇਸ ਤੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਸ੍ਰਿਸ਼ਟੀਕਰਤਾ ਮਨੁੱਖਾਂ ਦੇ ਆਪਸ ਵਿਚ ਪ੍ਰੇਮ ਦੇਖਣਾ ਚਾਹੁੰਦਾ ਹੈ।

ਬਾਈਬਲ ਇਹ ਵੀ ਪ੍ਰਗਟ ਕਰਦੀ ਹੈ ਕਿ ਮਨੁੱਖ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਸਨ। (ਉਤਪਤ 1:26, 27) ਇਸ ਦਾ ਅਰਥ ਹੈ ਕਿ ਇਨਸਾਨ ਪਰਮੇਸ਼ੁਰ ਵਾਲੇ ਗੁਣ ਦਿਖਾਉਣ ਦੇ ਯੋਗ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਗੁਣ ਪ੍ਰੇਮ ਹੈ। ਤਾਂ ਫਿਰ ਪੂਰੇ ਇਤਿਹਾਸ ਦੌਰਾਨ ਇਨਸਾਨ ਇਕ ਦੂਜੇ ਨੂੰ ਪ੍ਰੇਮ ਦਿਖਾਉਣ ਵਿਚ ਕਿਉਂ ਇੰਨੇ ਨਾਕਾਮਯਾਬ ਰਹੇ ਹਨ? ਫਿਰ ਤੋਂ, ਸਾਨੂੰ ਬਾਈਬਲ ਜਵਾਬ ਦਿੰਦੀ ਹੈ ਕਿ ਪਹਿਲੇ ਮਨੁੱਖੀ ਜੋੜੇ, ਆਦਮ ਅਤੇ ਹਵਾਹ, ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਅਤੇ ਪਾਪ ਕੀਤਾ। ਨਤੀਜੇ ਵਜੋਂ, ਉਨ੍ਹਾਂ ਦੀ ਸਾਰੀ ਸੰਤਾਨ ਨੂੰ ਵਿਰਸੇ ਵਿਚ ਪਾਪ ਅਤੇ ਅਪੂਰਣਤਾ ਹੀ ਮਿਲੀ। ਰੋਮੀਆਂ 3:23 ਸਾਨੂੰ ਦੱਸਦਾ ਹੈ ਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” ਇਸ ਪਾਪ ਅਤੇ ਅਪੂਰਣਤਾ ਦੇ ਕਾਰਨ, ਪਰਮੇਸ਼ੁਰ ਤੋਂ ਮਿਲੀ ਹੋਈ ਸਾਡੀ ਪ੍ਰੇਮ ਦਿਖਾਉਣ ਦੀ ਯੋਗਤਾ ਹੁਣ ਨੁਕਸਦਾਰ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਮਨੁੱਖ ਇਕ ਦੂਜੇ ਨੂੰ ਪ੍ਰੇਮ ਨਹੀਂ ਦਿਖਾ ਸਕਦੇ ਹਨ? ਕੀ ਕੋਈ ਉਮੀਦ ਹੈ ਕਿ ਐਸਾ ਸਮਾਂ ਕਦੇ ਆਵੇਗਾ ਜਦੋਂ ਸਾਰਿਆਂ ਦਾ ਇਕ ਦੂਜੇ ਨਾਲ ਸ਼ਾਂਤਮਈ ਅਤੇ ਪ੍ਰੇਮ ਵਾਲਾ ਰਿਸ਼ਤਾ ਹੋਵੇਗਾ?

ਪਰਮੇਸ਼ੁਰ ਨਾਲ ਪ੍ਰੇਮ ਕਰਨਾ ਸਿੱਖੋ

ਯਹੋਵਾਹ ਪਰਮੇਸ਼ੁਰ ਜਾਣਦਾ ਹੈ ਕਿ ਸਾਡੀ ਅਪੂਰਣਤਾ ਦੇ ਬਾਵਜੂਦ, ਅਸੀਂ ਅਜੇ ਵੀ ਪ੍ਰੇਮ ਦਿਖਾਉਣ ਦੇ ਕਾਬਲ ਹਾਂ। ਇਸ ਕਰਕੇ ਉਹ ਚਾਹੁੰਦਾ ਹੈ ਕਿ ਉਸ ਨੂੰ ਪ੍ਰਸੰਨ ਕਰਨ ਦੀ ਇੱਛਾ ਰੱਖਣ ਵਾਲੇ ਸਾਰੇ ਵਿਅਕਤੀ ਪ੍ਰੇਮ ਦਿਖਾਉਣ ਵਿਚ ਪੂਰਾ ਜਤਨ ਕਰਨ। ਇਹ ਮੰਗ ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ ਨੇ ਸਪੱਸ਼ਟ ਕੀਤੀ ਜਦੋਂ ਉਸ ਨੂੰ ਪੁੱਛਿਆ ਗਿਆ ਸੀ ਕਿ ਇਸਰਾਏਲ ਨੂੰ ਦਿੱਤੇ ਗਏ ਕਾਨੂੰਨਾਂ ਵਿੱਚੋਂ ਕਿਹੜਾ ਸਭ ਤੋਂ ਵੱਡਾ ਹੁਕਮ ਹੈ। ਉਸ ਨੇ ਕਿਹਾ ਕਿ ‘ਤੁਹਾਨੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰਨਾ ਚਾਹੀਦਾ ਹੈ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ।’ ਉਸ ਨੇ ਅੱਗੇ ਕਿਹਾ ਕਿ ‘ਦੂਆ ਇਹ ਦੇ ਵਾਂਙੁ ਹੈ ਕਿ ਤੁਹਾਨੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਚਾਹੀਦਾ ਹੈ। ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।’—ਮੱਤੀ 22:37-40.

ਪਰ ਕਈਆਂ ਲੋਕਾਂ ਨੂੰ ਅਜਿਹੇ ਕਿਸੇ ਨਾਲ ਪ੍ਰੇਮ ਕਰਨਾ ਬਹੁਤ ਔਖਾ ਲੱਗਦਾ ਹੈ ਜਿਸ ਨੂੰ ਉਹ ਦੇਖ ਨਹੀਂ ਸਕਦੇ, ਅਤੇ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਨਹੀਂ ਦੇਖ ਸਕਦੇ ਕਿਉਂਕਿ ਉਹ ਇਕ ਆਤਮਾ ਹੈ। (ਯੂਹੰਨਾ 4:24) ਫਿਰ ਵੀ ਪਰਮੇਸ਼ੁਰ ਦੀਆਂ ਕਰਨੀਆਂ ਸਾਡੀ ਜ਼ਿੰਦਗੀ ਉੱਤੇ ਰੋਜ਼ ਅਸਰ ਪਾਉਂਦੀਆਂ ਹਨ, ਕਿਉਂ ਜੋ ਅਸੀਂ ਸਾਰੇ ਉਨ੍ਹਾਂ ਚੀਜ਼ਾਂ ਉੱਤੇ ਨਿਰਭਰ ਕਰਦੇ ਹਾਂ ਜੋ ਉਸ ਨੇ ਸਾਡੇ ਭਲੇ ਲਈ ਸ੍ਰਿਸ਼ਟ ਕੀਤੀਆਂ ਹਨ। ਪੌਲੁਸ ਰਸੂਲ ਨੇ ਇਸ ਹਕੀਕਤ ਵੱਲ ਧਿਆਨ ਖਿੱਚਿਆ ਜਦੋਂ ਉਸ ਨੇ ਕਿਹਾ ਕਿ “[ਪਰਮੇਸ਼ੁਰ] ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।”—ਰਸੂਲਾਂ ਦੇ ਕਰਤੱਬ 14:17.

ਭਾਵੇਂ ਕਿ ਸਾਰੇ ਜਣੇ ਸ੍ਰਿਸ਼ਟੀਕਰਤਾ ਦੀਆਂ ਚੀਜ਼ਾਂ ਤੋਂ ਕਿਸੇ-ਨ-ਕਿਸੇ ਤਰ੍ਹਾਂ ਲਾਭ ਉਠਾਉਂਦੇ ਹਨ, ਘੱਟ ਹੀ ਲੋਕ ਉਸ ਦਾ ਸ਼ੁਕਰ ਕਰਦੇ ਹਨ ਜਾਂ ਇਸ ਤਰ੍ਹਾਂ ਕਰਨ ਬਾਰੇ ਕਦੇ ਸੋਚਦੇ ਹਨ। ਇਸ ਕਰਕੇ ਸਾਨੂੰ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਉੱਤੇ ਗੌਰ ਕਰਨਾ ਚਾਹੀਦਾ ਹੈ ਜੋ ਰੱਬ ਨੇ ਸਾਡੇ ਲਈ ਕੀਤੀਆਂ ਹਨ। ਸਾਨੂੰ ਉਨ੍ਹਾਂ ਗੁਣਾਂ ਉੱਤੇ ਮਨਨ ਕਰਨਾ ਚਾਹੀਦਾ ਹੈ ਜੋ ਉਸ ਦੀਆਂ ਸਾਰੀਆਂ ਕਰਨੀਆਂ ਵਿਚ ਸਮਾਏ ਹੋਏ ਹਨ। ਫਿਰ ਅਸੀਂ ਸਿਆਣ ਸਕਾਂਗੇ ਕਿ ਸਾਡੇ ਸ੍ਰਿਸ਼ਟੀਕਰਤਾ ਦੀ ਬੁੱਧ ਅਤੇ ਸ਼ਕਤੀ ਬੇਹੱਦ ਹੈ। (ਯਸਾਯਾਹ 45:18) ਇਸ ਤੋਂ ਇਲਾਵਾ, ਅਸੀਂ ਇਹ ਵੀ ਦੇਖ ਸਕਾਂਗੇ ਕਿ ਉਹ ਕਿੰਨਾ ਪ੍ਰੇਮਮਈ ਪਰਮੇਸ਼ੁਰ ਹੈ, ਕਿਉਂਕਿ ਉਸ ਨੇ ਸਾਨੂੰ ਜੀਵਨ ਹੀ ਨਹੀਂ ਬਖ਼ਸ਼ਿਆ, ਪਰ ਇਸ ਜ਼ਿੰਦਗੀ ਦਾ ਸਾਡੇ ਲਈ ਮਜ਼ਾ ਲੈਣਾ ਵੀ ਮੁਮਕਿਨ ਬਣਾਇਆ ਹੈ।

ਮਿਸਾਲ ਲਈ, ਉਨ੍ਹਾਂ ਤਰ੍ਹਾਂ-ਤਰ੍ਹਾਂ ਦੇ ਸੋਹਣੇ ਫੁੱਲਾਂ ਉੱਤੇ ਗੌਰ ਕਰੋ ਜੋ ਪਰਮੇਸ਼ੁਰ ਨੇ ਧਰਤੀ ਉੱਤੇ ਸ੍ਰਿਸ਼ਟ ਕੀਤੇ ਹਨ। ਕਿੰਨੀ ਵਧੀਆ ਗੱਲ ਹੈ ਕਿ ਉਸ ਨੇ ਸਾਨੂੰ ਦੇਖਣ ਦੀ ਯੋਗਤਾ ਦਿੱਤੀ ਹੈ ਤਾਂਕਿ ਅਸੀਂ ਇਨ੍ਹਾਂ ਸੁੰਦਰ ਚੀਜ਼ਾਂ ਦਾ ਆਨੰਦ ਮਾਣ ਸਕਦੇ ਹਾਂ! ਇਸੇ ਤਰ੍ਹਾਂ, ਪਰਮੇਸ਼ੁਰ ਨੇ ਸਾਨੂੰ ਜੀਉਂਦੇ ਰੱਖਣ ਲਈ ਹਰ ਪ੍ਰਕਾਰ ਦੀ ਖਾਣ ਵਾਲੀ ਚੀਜ਼ ਦਿੱਤੀ ਹੈ। ਉਹ ਕਿੰਨੀ ਪਰਵਾਹ ਕਰਨ ਵਾਲਾ ਪਰਮੇਸ਼ੁਰ ਹੈ ਜਿਸ ਨੇ ਸਾਨੂੰ ਚੱਖਣ-ਸ਼ਕਤੀ ਦਿੱਤੀ ਹੈ ਤਾਂਕਿ ਅਸੀਂ ਭੋਜਨ ਦਾ ਮਜ਼ਾ ਲੈ ਸਕਦੇ ਹਾਂ! ਕੀ ਇਹ ਠੋਸ ਸਬੂਤ ਨਹੀਂ ਹੈ ਕਿ ਪਰਮੇਸ਼ੁਰ ਸਾਡੇ ਨਾਲ ਸੱਚਾ ਪ੍ਰੇਮ ਕਰਦਾ ਹੈ ਅਤੇ ਸਾਡਾ ਭਲਾ ਹੀ ਭਲਾ ਸੋਚਦਾ ਹੈ?—ਜ਼ਬੂਰ 145:16, 17; ਯਸਾਯਾਹ 42:5, 8.

ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੰਗਾਂ ਦੁਆਰਾ ਪ੍ਰਗਟ ਕਰਨ ਤੋਂ ਇਲਾਵਾ, ਸ੍ਰਿਸ਼ਟੀਕਰਤਾ ਸਾਨੂੰ ਆਪਣੇ ਸ਼ਬਦ, ਬਾਈਬਲ ਦੁਆਰਾ ਵੀ ਦਿਖਾਉਂਦਾ ਹੈ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਬਾਈਬਲ ਤੋਂ ਯਹੋਵਾਹ ਪਰਮੇਸ਼ੁਰ ਦੇ ਅਨੇਕ ਪ੍ਰੇਮਮਈ ਕੰਮਾਂ ਬਾਰੇ ਪਤਾ ਚੱਲਦਾ ਹੈ ਜੋ ਉਸ ਨੇ ਪਿਛਲਿਆਂ ਸਮਿਆਂ ਵਿਚ ਕੀਤੇ ਸਨ। ਅਤੇ ਇਸ ਵਿਚ ਉਨ੍ਹਾਂ ਵੱਡੀਆਂ-ਵੱਡੀਆਂ ਬਰਕਤਾਂ ਬਾਰੇ ਵੀ ਵਾਅਦੇ ਪਾਏ ਜਾਂਦੇ ਹਨ ਜੋ ਪਰਮੇਸ਼ੁਰ ਅਗਾਹਾਂ ਦੇ ਸਮੇਂ ਵਿਚ ਮਨੁੱਖਜਾਤੀ ਲਈ ਲਿਆਉਣ ਵਾਲਾ ਹੈ। (ਉਤਪਤ 22:17, 18; ਕੂਚ 3:17; ਜ਼ਬੂਰ 72:6-16; ਪਰਕਾਸ਼ ਦੀ ਪੋਥੀ 21:4, 5) ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬਾਈਬਲ ਸਾਨੂੰ ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਦੇ ਪ੍ਰੇਮ ਦੇ ਸਭ ਤੋਂ ਵੱਡੇ ਪ੍ਰਗਟਾਵੇ ਬਾਰੇ ਦੱਸਦੀ ਹੈ। ਉਸ ਨੇ ਆਪਣਾ ਇਕਲੌਤਾ ਪੁੱਤਰ ਬਲੀਦਾਨ ਕੀਤਾ ਜੋ ਕਿ ਸਾਡਾ ਮੁਕਤੀਦਾਤਾ ਬਣਿਆ ਤਾਂਕਿ ਅਸੀਂ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁੱਟ ਸਕੀਏ। (ਰੋਮੀਆਂ 5:8) ਅਸਲ ਵਿਚ ਅਸੀਂ ਜਿੰਨਾ ਜ਼ਿਆਦਾ ਆਪਣੇ ਸ੍ਰਿਸ਼ਟੀਕਰਤਾ ਬਾਰੇ ਸਿੱਖਦੇ ਹਾਂ, ਅਸੀਂ ਉਸ ਨੂੰ ਉੱਨਾ ਹੀ ਜ਼ਿਆਦਾ ਆਪਣੇ ਦਿਲੋਂ ਪ੍ਰੇਮ ਕਰਾਂਗੇ।

ਦੂਜਿਆਂ ਇਨਸਾਨਾਂ ਨਾਲ ਪ੍ਰੇਮ ਕਰਨਾ ਸਿੱਖੋ

ਜਿਵੇਂ ਯਿਸੂ ਨੇ ਕਿਹਾ ਸੀ, ਪਰਮੇਸ਼ੁਰ ਨੂੰ ਸਾਰੇ ਦਿਲ ਨਾਲ, ਸਾਰੀ ਜਾਨ ਨਾਲ ਅਤੇ ਸਾਰੀ ਬੁੱਧ ਨਾਲ ਪਿਆਰ ਕਰਨ ਤੋਂ ਇਲਾਵਾ, ਸਾਨੂੰ ਆਪਣੇ ਗੁਆਂਢੀਆਂ ਨਾਲ ਉਸੇ ਤਰ੍ਹਾਂ ਪ੍ਰੇਮ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਆਪਣੇ ਆਪ ਨਾਲ ਕਰਦੇ ਹਾਂ। ਅਸਲ ਵਿਚ ਜੇਕਰ ਅਸੀਂ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਹਾਂ ਤਾਂ ਆਪਣੇ ਸੰਗੀ ਇਨਸਾਨਾਂ ਨਾਲ ਵੀ ਪ੍ਰੇਮ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਯੂਹੰਨਾ ਰਸੂਲ ਨੇ ਕਿਹਾ ਸੀ ਕਿ “ਹੇ ਪਿਆਰਿਓ, ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ।” ਉਸ ਨੇ ਅੱਗੇ ਕਿਹਾ ਕਿ “ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ। ਅਤੇ ਸਾਨੂੰ ਓਸ ਕੋਲੋਂ ਇਹ ਹੁਕਮ ਮਿਲਿਆ ਹੈ ਭਈ ਜਿਹੜਾ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹੈ ਉਹ ਆਪਣੇ ਭਰਾ ਨਾਲ ਵੀ ਪ੍ਰੇਮ ਰੱਖੇ।”—1 ਯੂਹੰਨਾ 4:11, 20, 21.

ਅੱਜ ਅਸੀਂ ਬਹੁਤ ਹੀ ਮਤਲਬੀ ਦੁਨੀਆਂ ਵਿਚ ਰਹਿ ਰਹੇ ਹਾਂ, ਜਿਵੇਂ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ, ਲੋਕ “ਆਪ ਸੁਆਰਥੀ” ਹਨ। (2 ਤਿਮੋਥਿਉਸ 3:2) ਜੇ ਅਸੀਂ ਪ੍ਰੇਮ ਦਾ ਉੱਤਮ ਗੁਣ ਸਿੱਖਣਾ ਹੈ ਤਾਂ ਸਾਨੂੰ ਮਤਲਬੀ ਲੋਕਾਂ ਵਰਗੇ ਬਣਨ ਦੀ ਬਜਾਇ, ਆਪਣੇ ਪ੍ਰੇਮਮਈ ਸ੍ਰਿਸ਼ਟੀਕਰਤਾ ਦੀ ਮਿਸਾਲ ਤੇ ਚੱਲ ਕੇ ਖ਼ੁਦ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਰੋਮੀਆਂ 12:2; ਅਫ਼ਸੀਆਂ 5:1) ਪਰਮੇਸ਼ੁਰ “ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ [ਵੀ] ਕਿਰਪਾਲੂ ਹੈ,” ਅਤੇ ਉਹ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” ਕਿਉਂ ਜੋ ਸਾਡਾ ਸਵਰਗੀ ਪਿਤਾ ਸਾਡੇ ਲਈ ਇੰਨੀ ਅੱਛੀ ਮਿਸਾਲ ਕਾਇਮ ਕਰਦਾ ਹੈ, ਤਾਂ ਸਾਨੂੰ ਵੀ ਦੂਜਿਆਂ ਪ੍ਰਤੀ ਦਿਆਲੂ ਅਤੇ ਸਹਾਇਕ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ‘ਆਪਣੇ ਪ੍ਰੇਮਮਈ ਪਿਤਾ ਦੇ ਪੁੱਤ੍ਰ’ ਸਾਬਤ ਕਰਾਂਗੇ।—ਲੂਕਾ 6:35; ਮੱਤੀ 5:45.

ਕਦੇ-ਕਦੇ ਅਜਿਹੇ ਪ੍ਰੇਮਪੂਰਣ ਕੰਮਾਂ-ਕਾਰਾਂ ਦੁਆਰਾ ਦੂਜਿਆਂ ਲੋਕਾਂ ਦੀ ਸੱਚੇ ਪਰਮੇਸ਼ੁਰ ਦੇ ਉਪਾਸਕ ਬਣਨ ਵਿਚ ਮਦਦ ਹੁੰਦੀ ਹੈ। ਕੁਝ ਸਾਲ ਪਹਿਲਾਂ ਯਹੋਵਾਹ ਦੀ ਇਕ ਗਵਾਹ ਨੇ ਆਪਣੀ ਇਕ ਗੁਆਂਢਣ ਨੂੰ ਬਾਈਬਲ ਦਾ ਸੰਦੇਸ਼ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਗੁਆਂਢਣ ਉਸ ਨਾਲ ਬਹੁਤ ਗੁੱਸੇ ਹੋਈ। ਪਰ ਸਾਡੀ ਭੈਣ ਇਸ ਤੋਂ ਨਿਰਾਜ਼ ਨਹੀਂ ਹੋਈ। ਇਸ ਦੀ ਬਜਾਇ, ਉਹ ਸਮੇਂ-ਸਮੇਂ ਤੇ ਆਪਣੀ ਗੁਆਂਢਣ ਦੀ ਸਹਾਇਤਾ ਕਰਦੀ ਰਹੀ। ਇਕ ਵਾਰ ਉਸ ਨੇ ਗੁਆਂਢਣ ਨੂੰ ਘਰ ਬਦਲਣ ਸਮੇਂ ਮਦਦ ਦਿੱਤੀ। ਇਕ ਹੋਰ ਦਫ਼ਾ ਉਸ ਭੈਣ ਨੇ ਗੁਆਂਢਣ ਦੀ ਉਦੋਂ ਵੀ ਮਦਦ ਕੀਤੀ ਜਦੋਂ ਉਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਹਵਾਈ ਅੱਡੇ ਤੋਂ ਘਰ ਲਿਆਉਣ ਲਈ ਕਿਸੇ ਦੀ ਲੋੜ ਸੀ। ਬਾਅਦ ਵਿਚ ਗੁਆਂਢਣ ਨੇ ਬਾਈਬਲ ਸਟੱਡੀ ਸਵੀਕਾਰ ਕਰ ਲਈ ਅਤੇ ਅਖ਼ੀਰ ਵਿਚ ਆਪਣੇ ਪਤੀ ਦੀ ਸਖ਼ਤ ਵਿਰੋਧਤਾ ਦੇ ਬਾਵਜੂਦ ਵੀ, ਉਹ ਇਕ ਜੋਸ਼ੀਲੀ ਮਸੀਹੀ ਬਣੀ। ਜੀ ਹਾਂ, ਸਾਡੀ ਭੈਣ ਦੇ ਪ੍ਰੇਮ ਨੇ ਉਸ ਔਰਤ ਲਈ ਸਦੀਪਕ ਬਰਕਤਾਂ ਦਾ ਰਾਹ ਖੋਲ੍ਹਿਆ।

ਜੇਕਰ ਅਸੀਂ ਈਮਾਨਦਾਰ ਹਾਂ, ਅਸੀਂ ਇਸ ਸੱਚਾਈ ਨੂੰ ਸਵੀਕਾਰ ਕਰਾਂਗੇ ਕਿ ਪਰਮੇਸ਼ੁਰ ਸਾਡੇ ਨਾਲ ਇਸ ਕਰਕੇ ਪ੍ਰੇਮ ਨਹੀਂ ਕਰਦਾ ਹੈ ਕਿ ਅਸੀਂ ਇੰਨੇ ਭਲੇਮਾਨਸ ਹਾਂ। ਇਸ ਦੇ ਉਲਟ, ਉਹ ਸਾਡਿਆਂ ਔਗੁਣਾਂ ਅਤੇ ਗ਼ਲਤੀਆਂ ਦੇ ਬਾਵਜੂਦ ਸਾਡੇ ਨਾਲ ਪ੍ਰੇਮ ਕਰਦਾ ਹੈ। ਇਸ ਕਰਕੇ ਸਾਨੂੰ ਵੀ ਆਪਣੇ ਸੰਗੀ ਸਾਥੀਆਂ ਦੀਆਂ ਕਮੀਆਂ ਦੇ ਬਾਵਜੂਦ ਉਨ੍ਹਾਂ ਨਾਲ ਪ੍ਰੇਮ ਕਰਨਾ ਸਿੱਖਣਾ ਚਾਹੀਦਾ ਹੈ। ਜੇ ਅਸੀਂ ਦੂਜਿਆਂ ਦੇ ਨੁਕਸਾਂ ਵੱਲ ਧਿਆਨ ਦੇਣ ਦੀ ਬਜਾਇ ਉਨ੍ਹਾਂ ਦੇ ਚੰਗੇ ਗੁਣਾਂ ਉੱਤੇ ਧਿਆਨ ਲਗਾਉਣਾ ਸਿੱਖੀਏ, ਸਾਨੂੰ ਉਨ੍ਹਾਂ ਨਾਲ ਪ੍ਰੇਮ ਕਰਨਾ ਸੌਖਾ ਲੱਗੇਗਾ। ਅਸੀਂ ਸ਼ਾਇਦ ਉਨ੍ਹਾਂ ਪ੍ਰਤੀ ਸਿਰਫ਼ ਪ੍ਰੇਮ ਹੀ ਨਹੀਂ, ਪਰ ਉਹ ਨਿੱਘਾ ਤੇਹ ਦਿਖਾ ਸਕਾਂਗੇ ਜੋ ਪੱਕੇ ਮਿੱਤਰਾਂ ਦੇ ਆਪਸ ਵਿਚ ਹੁੰਦਾ ਹੈ।

ਆਪਣੇ ਪ੍ਰੇਮ ਨੂੰ ਵਧਣ ਦੇਓ

ਪ੍ਰੇਮ ਅਤੇ ਮਿੱਤਰਤਾ ਨੂੰ ਵਧਾਉਣ ਲਈ ਸੱਚ ਬੋਲਣਾ ਅਤੇ ਈਮਾਨਦਾਰ ਰਹਿਣਾ ਜ਼ਰੂਰੀ ਹੈ। ਕੁਝ ਲੋਕ ਆਪਣੀਆਂ ਕਮੀਆਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਦੂਜੇ ਲੋਕ ਉਨ੍ਹਾਂ ਨੂੰ ਚੰਗਾ ਸਮਝਣ ਜਿਨ੍ਹਾਂ ਦੇ ਉਹ ਮਿੱਤਰ ਬਣਨਾ ਚਾਹੁੰਦੇ ਹਨ। ਪਰ ਆਮ ਕਰਕੇ ਇਸ ਦੇ ਉਲਟੇ ਨਤੀਜੇ ਨਿਕਲਦੇ ਹਨ ਕਿਉਂਕਿ ਅਖ਼ੀਰ ਵਿਚ ਲੋਕਾਂ ਨੂੰ ਅਸਲੀਅਤਾਂ ਪਤਾ ਚੱਲ ਜਾਂਦੀਆਂ ਹਨ ਅਤੇ ਉਹ ਅਜਿਹੀ ਧੋਖੇਬਾਜ਼ੀ ਪਸੰਦ ਨਹੀਂ ਕਰਦੇ ਹਨ। ਇਸ ਕਰਕੇ ਸਾਨੂੰ ਆਪਣੀ ਅਸਲੀ ਸਖ਼ਸ਼ੀਅਤ ਪ੍ਰਗਟ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ, ਭਾਵੇਂ ਸਾਡੇ ਵਿਚ ਕਮੀਆਂ ਹਨ ਜਿਨ੍ਹਾਂ ਨੂੰ ਅਸੀਂ ਸੁਧਾਰਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤਰ੍ਹਾਂ ਸ਼ਾਇਦ ਅਸੀਂ ਉਨ੍ਹਾਂ ਨਾਲ ਮਿੱਤਰਤਾ ਸਥਾਪਿਤ ਕਰ ਸਕਾਂਗੇ।

ਮਿਸਾਲ ਲਈ, ਪੂਰਬ ਵਿਚ ਸਾਡੀ ਇਕ ਬਿਰਧ ਭੈਣ ਬਹੁਤੀ ਪੜ੍ਹੀ-ਲਿਖੀ ਨਹੀਂ ਹੈ। ਪਰ ਉਸ ਨੇ ਇਸ ਅਸਲੀਅਤ ਨੂੰ ਦੂਜਿਆਂ ਤੋਂ ਕਦੇ ਵੀ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਦਾਹਰਣ ਦੇ ਤੌਰ ਤੇ, ਉਹ ਸਾਫ਼-ਸਾਫ਼ ਦੱਸਦੀ ਹੈ ਕਿ ਉਹ ਦੂਜਿਆਂ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਇਤਿਹਾਸ ਤੋਂ ਇਹ ਨਹੀਂ ਦਿਖਾ ਸਕਦੀ ਕਿ ਪਰਾਈਆਂ ਕੌਮਾਂ ਦੇ ਸਮੇਂ 1914 ਵਿਚ ਖ਼ਤਮ ਹੋਏ ਸਨ।a ਪਰ ਉਹ ਸੇਵਕਾਈ ਵਿਚ ਉਤਸ਼ਾਹੀ ਹੈ, ਤੇ ਭਰਾਵਾਂ ਲਈ ਬਹੁਤ ਹੀ ਪ੍ਰੇਮ ਦਿਖਾਉਂਦੀ ਹੈ ਅਤੇ ਉਹ ਉਨ੍ਹਾਂ ਨਾਲ ਬਹੁਤ ਹੀ ਖੁੱਲ੍ਹ-ਦਿਲੀ ਹੈ। ਕਲੀਸਿਯਾ ਦੇ ਭੈਣ-ਭਰਾ ਉਸ ਨੂੰ ਅਨਮੋਲ ਸਮਝਦੇ ਹਨ।

ਕਈਆਂ ਸਭਿਆਚਾਰਾਂ ਵਿਚ ਖੁੱਲ੍ਹੇ-ਡੁੱਲੇ ਤੌਰ ਤੇ ਸਨੇਹ ਪ੍ਰਗਟ ਕਰਨਾ ਪਸੰਦ ਨਹੀਂ ਕੀਤਾ ਜਾਂਦਾ ਹੈ; ਲੋਕਾਂ ਨੂੰ ਸਿਰਫ਼ ਇਹ ਸਿਖਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਤਮੀਜ਼ ਨਾਲ ਬੋਲਣਾ ਅਤੇ ਦੂਜਿਆਂ ਦਾ ਆਦਰ ਕਰਨਾ ਚਾਹੀਦਾ ਹੈ। ਜਦ ਕਿ ਅਜਿਹਾ ਸਲੂਕ ਇਕ ਚੰਗੀ ਗੱਲ ਹੈ, ਸਾਨੂੰ ਦੂਜਿਆਂ ਲਈ ਆਪਣਾ ਪਿਆਰ ਦਿਖਾਉਣ ਤੋਂ ਰੁਕਣਾ ਨਹੀਂ ਚਾਹੀਦਾ ਹੈ। ਯਹੋਵਾਹ ਆਪਣੇ ਚੁਣੇ ਹੋਏ ਲੋਕਾਂ ਲਈ, ਮਤਲਬ ਕਿ ਪ੍ਰਾਚੀਨ ਇਸਰਾਏਲ ਲਈ ਆਪਣੇ ਪ੍ਰੇਮ ਬਾਰੇ ਗੱਲ ਕਰਨ ਤੋਂ ਨਹੀਂ ਸ਼ਰਮਾਇਆ। ਉਸ ਨੇ ਕਿਹਾ ਕਿ “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ।” (ਯਿਰਮਿਯਾਹ 31:3) ਇਸੇ ਤਰ੍ਹਾਂ ਪੌਲੁਸ ਰਸੂਲ ਨੇ ਥੱਸਲੁਨੀਕਾ ਵਿਚ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਦੱਸਿਆ ਕਿ “ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।” (1 ਥੱਸਲੁਨੀਕੀਆਂ 2:8) ਇਸ ਲਈ ਜਿਉਂ ਹੀ ਅਸੀਂ ਲੋਕਾਂ ਲਈ ਪ੍ਰੇਮ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਬਾਈਬਲ ਦੀ ਸਿੱਖਿਆ ਦੇ ਅਨੁਸਾਰ ਹੈ ਕਿ ਅਸੀਂ ਅਜਿਹੇ ਪ੍ਰੇਮ ਨੂੰ ਕੁਦਰਤੀ ਤਰੀਕਿਆਂ ਵਿਚ ਦਿਖਾਈਏ ਨਾ ਕਿ ਦਬਾ ਕੇ ਰੱਖੀਏ।

ਲਗਾਤਾਰ ਜਤਨ ਦੀ ਜ਼ਰੂਰਤ

ਸਾਨੂੰ ਇਹ ਸਿੱਖਦੇ ਰਹਿਣਾ ਪੈਂਦਾ ਹੈ ਕਿ ਦੂਜਿਆਂ ਨੂੰ ਪ੍ਰੇਮ ਕਿਸ ਤਰ੍ਹਾਂ ਕਰੀਦਾ ਜਾਂ ਕਿਸ ਤਰ੍ਹਾਂ ਦਿਖਾਈਦਾ ਹੈ। ਪਿਆਰ ਦਿਖਾਉਣ ਲਈ ਕਾਫ਼ੀ ਜਤਨ ਦੀ ਲੋੜ ਹੁੰਦੀ ਹੈ ਕਿਉਂਕਿ ਸਾਨੂੰ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਲਈ ਨਾਲੇ ਇਸ ਨਿਰਮੋਹ ਦੁਨੀਆਂ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪਰ ਇਸ ਤਰ੍ਹਾਂ ਕਰਨ ਦੇ ਨਤੀਜੇ ਬਹੁਤ ਚੰਗੇ ਹੁੰਦੇ ਹਨ।—ਮੱਤੀ 24:12.

ਇਸ ਅਪੂਰਣ ਦੁਨੀਆਂ ਵਿਚ ਵੀ ਅਸੀਂ ਆਪਣੇ ਸੰਗੀ ਇਨਸਾਨਾਂ ਨਾਲ ਬਿਹਤਰ ਰਿਸ਼ਤੇ-ਨਾਤੇ ਰੱਖ ਸਕਦੇ ਹਾਂ, ਜਿਸ ਤੋਂ ਸਾਨੂੰ ਅਤੇ ਦੂਜਿਆਂ ਨੂੰ ਖ਼ੁਸ਼ੀ, ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ। ਅਜਿਹਾ ਜਤਨ ਕਰ ਕੇ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਦਾ ਜੀਉਂਦੇ ਰਹਿਣ ਦੀ ਅਦਭੁਤ ਉਮੀਦ ਦੇ ਲਾਇਕ ਸਾਬਤ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰੇਮ ਦਾ ਉੱਤਮ ਗੁਣ ਸਿੱਖ ਕੇ ਅਸੀਂ ਹੁਣ ਅਤੇ ਸਦਾ ਲਈ ਆਪਣੇ ਪ੍ਰੇਮਪੂਰਣ ਸ੍ਰਿਸ਼ਟੀਕਰਤਾ ਦੀ ਮਨਜ਼ੂਰੀ ਅਤੇ ਬਰਕਤ ਪਾ ਸਕਦੇ ਹਾਂ!

[ਫੁਟਨੋਟ]

a ਹੋਰ ਜਾਣਕਾਰੀ ਲਈ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਖੰਡ 1, ਸਫ਼ੇ 132-5 ਦੇਖੋ।

[ਸਫ਼ੇ 10 ਉੱਤੇ ਤਸਵੀਰਾਂ]

ਚੰਗੇ ਕੰਮਾਂ-ਕਾਰਾਂ ਦੁਆਰਾ ਮਸੀਹੀ ਪ੍ਰੇਮ ਦਿਖਾਇਆ ਜਾ ਸਕਦਾ ਹੈ

[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

UN Photo 186226/M. Grafman

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ