ਤੁਸੀਂ ਸ਼ਾਇਦ ਆਪਣੇ ਭਾਈ ਨੂੰ ਜਿੱਤ ਲਵੋਗੇ
“ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ।”—ਮੱਤੀ 18:15.
1, 2. ਮੁਸ਼ਕਲਾਂ ਨੂੰ ਸੁਧਾਰਨ ਬਾਰੇ ਯਿਸੂ ਨੇ ਕਿਹੜੀ ਵਧੀਆ ਸਲਾਹ ਦਿੱਤੀ ਸੀ?
ਯਿਸੂ ਦੀ ਸੇਵਕਾਈ ਦਾ ਸਾਲ ਤੋਂ ਵੀ ਘੱਟ ਸਮਾਂ ਰਹਿੰਦਾ ਸੀ ਅਤੇ ਇਸ ਸਮੇਂ ਦੌਰਾਨ ਉਸ ਨੇ ਆਪਣੇ ਚੇਲਿਆਂ ਨੂੰ ਮਹੱਤਵਪੂਰਣ ਸਬਕ ਸਿਖਾਉਣੇ ਸਨ। ਤੁਸੀਂ ਇਨ੍ਹਾਂ ਬਾਰੇ ਮੱਤੀ ਦੇ 18ਵੇਂ ਅਧਿਆਇ ਵਿਚ ਪੜ੍ਹ ਸਕਦੇ ਹੋ। ਇਕ ਸਬਕ ਬੱਚਿਆਂ ਵਾਂਗ ਨਿਮਰ ਬਣਨ ਬਾਰੇ ਸੀ। ਅਤੇ ਯਿਸੂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਾਨੂੰ “ਇਨ੍ਹਾਂ ਛੋਟਿਆਂ ਵਿੱਚੋਂ ਇੱਕ” ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ ਅਤੇ ਇਨ੍ਹਾਂ ਗੁਆਚੇ ਹੋਏ “ਛੋਟਿਆਂ” ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਉਨ੍ਹਾਂ ਦਾ ਨਾਸ ਨਾ ਹੋਵੇ। ਫਿਰ ਯਿਸੂ ਨੇ ਮਸੀਹੀਆਂ ਦਰਮਿਆਨ ਮੁਸ਼ਕਲਾਂ ਨੂੰ ਸੁਧਾਰਨ ਲਈ ਕੀਮਤੀ ਅਤੇ ਵਧੀਆ ਸਲਾਹ ਦਿੱਤੀ।
2 ਉਸ ਦੇ ਸ਼ਬਦ ਸ਼ਾਇਦ ਤੁਹਾਨੂੰ ਯਾਦ ਹੋਣ: “ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ। ਪਰ ਜੇ ਨਾ ਸੁਣੇ ਤਾਂ ਤੂੰ ਇੱਕ ਯਾ ਦੋ ਜਣੇ ਆਪਣੇ ਨਾਲ ਹੋਰ ਲੈ ਤਾਂ ਹਰੇਕ ਗੱਲ ਦੋ ਯਾ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। ਅਰ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਖ਼ਬਰ ਦਿਹ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।” (ਮੱਤੀ 18:15-17) ਸਾਨੂੰ ਅਜਿਹੀ ਸਲਾਹ ਕਦੋਂ ਲਾਗੂ ਕਰਨੀ ਚਾਹੀਦੀ ਹੈ ਅਤੇ ਇਸ ਬਾਰੇ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
3. ਆਮ ਤੌਰ ਤੇ ਸਾਨੂੰ ਦੂਸਰਿਆਂ ਦੀਆਂ ਗ਼ਲਤੀਆਂ ਬਾਰੇ ਕੀ ਕਰਨਾ ਚਾਹੀਦਾ ਹੈ?
3 ਸਾਡੇ ਪਿਛਲੇ ਲੇਖ ਨੇ ਸਮਝਾਇਆ ਸੀ ਕਿ ਅਪੂਰਣ ਹੋਣ ਕਾਰਨ ਅਤੇ ਗ਼ਲਤੀਆਂ ਕਰਨ ਦੇ ਆਦੀ ਹੋਣ ਕਰਕੇ ਸਾਨੂੰ ਮਾਫ਼ੀ ਦੇਣ ਵਿਚ ਮਿਹਨਤ ਕਰਨ ਦੀ ਲੋੜ ਹੈ। ਇਹ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਕਿਸੇ ਸੰਗੀ ਮਸੀਹੀ ਦੀ ਕਹੀ ਜਾਂ ਕੀਤੀ ਗੱਲ ਕਰਕੇ ਸਾਨੂੰ ਦੁੱਖ ਪਹੁੰਚਿਆ ਹੋਵੇ। (1 ਪਤਰਸ 4:8) ਅਕਸਰ ਗੁਨਾਹ ਨੂੰ ਪਰੇ ਕਰਨਾ ਜਾਂ ਬਖ਼ਸ਼ਣਾ ਸਭ ਤੋਂ ਬਿਹਤਰ ਹੁੰਦਾ ਹੈ—ਮਾਫ਼ ਕਰੋ ਅਤੇ ਗੱਲ ਨੂੰ ਦਿਲੋਂ ਕੱਢ ਦਿਓ। ਇਸ ਤਰ੍ਹਾਂ ਕਰਨ ਨਾਲ ਅਸੀਂ ਮਸੀਹੀ ਕਲੀਸਿਯਾ ਦੀ ਸ਼ਾਂਤੀ ਨੂੰ ਕਾਇਮ ਰੱਖ ਰਹੇ ਹੋਵਾਂਗੇ। (ਜ਼ਬੂਰ 133:1; ਕਹਾਉਤਾਂ 19:11) ਲੇਕਿਨ, ਅਜਿਹੇ ਸਮੇਂ ਵੀ ਹੋ ਸਕਦੇ ਹਨ ਜਦੋਂ ਤੁਹਾਨੂੰ ਲੱਗੇ ਕਿ ਤੁਹਾਨੂੰ ਉਸ ਭੈਣ ਜਾਂ ਭਰਾ ਨਾਲ ਮਾਮਲਾ ਸੁਲਝਾਉਣਾ ਚਾਹੀਦਾ ਹੈ ਜਿਸ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੋਵੇ। ਅਜਿਹੇ ਮਾਮਲੇ ਵਿਚ, ਯਿਸੂ ਦੇ ਉਪਰਲੇ ਸ਼ਬਦ ਅਗਵਾਈ ਦਿੰਦੇ ਹਨ।
4. ਅਸੀਂ ਮੱਤੀ 18:15 ਦੀ ਸਲਾਹ ਨੂੰ ਦੂਸਰਿਆਂ ਦੀਆਂ ਗ਼ਲਤੀਆਂ ਤੇ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ?
4 ਯਿਸੂ ਨੇ ਸਲਾਹ ਦਿੱਤੀ ਸੀ ਕਿ “ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ।” (ਟੇਢੇ ਟਾਈਪ ਸਾਡੇ।) ਇਸ ਤਰ੍ਹਾਂ ਕਰਨਾ ਸਮਝਦਾਰੀ ਦੀ ਗੱਲ ਹੈ। ਬਾਈਬਲ ਦੇ ਕੁਝ ਜਰਮਨ ਤਰਜਮਿਆਂ ਅਨੁਸਾਰ ਸਾਨੂੰ ਉਸ ਦਾ ਕਸੂਰ ਸਿਰਫ਼ “ਚਾਰ ਅੱਖਾਂ ਸਾਮ੍ਹਣੇ” ਰੱਖਣਾ ਚਾਹੀਦਾ ਹੈ, ਯਾਨੀ ਤੁਹਾਡੀਆਂ ਅਤੇ ਉਸ ਦੀਆਂ ਅੱਖਾਂ ਸਾਮ੍ਹਣੇ। ਜਦੋਂ ਤੁਸੀਂ ਪਿਆਰ ਨਾਲ ਸਮੱਸਿਆ ਬਾਰੇ ਏਕਾਂਤ ਵਿਚ ਗੱਲ ਕਰਦੇ ਹੋ ਤਾਂ ਆਮ ਤੌਰ ਤੇ ਉਸ ਨੂੰ ਸੁਲਝਾਉਣਾ ਸੌਖਾ ਹੋ ਜਾਂਦਾ ਹੈ। ਇਕ ਭਰਾ, ਜਿਸ ਨੇ ਕੋਈ ਬੁਰੀ ਗੱਲ ਕੀਤੀ ਜਾਂ ਕਹੀ ਹੋਵੇ ਸ਼ਾਇਦ ਤੁਹਾਡੇ ਸਾਮ੍ਹਣੇ ਆਪਣੀ ਗ਼ਲਤੀ ਆਸਾਨੀ ਨਾਲ ਕਬੂਲ ਕਰ ਲਵੇ ਜੇਕਰ ਤੁਸੀਂ ਇਕੱਲੇ ਹੋ। ਪਰ ਜੇਕਰ ਦੂਸਰਿਆਂ ਲੋਕਾਂ ਸਾਮ੍ਹਣੇ ਗੱਲ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਅਪੂਰਣ ਮਨੁੱਖੀ ਸੁਭਾਅ ਕਾਰਨ ਭਰਾ ਗ਼ਲਤੀ ਕਬੂਲ ਕਰਨ ਤੋਂ ਇਨਕਾਰ ਕਰ ਦੇਵੇ ਜਾਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰੇ। ਪਰ ਜਿਵੇਂ ਤੁਸੀਂ “ਚਾਰ ਅੱਖਾਂ ਸਾਮ੍ਹਣੇ” ਮਾਮਲੇ ਬਾਰੇ ਗੱਲ ਕਰਦੇ ਹੋ, ਤੁਹਾਨੂੰ ਸ਼ਾਇਦ ਪਤਾ ਲੱਗੇ ਕਿ ਇਹ ਕੋਈ ਪਾਪ ਜਾਂ ਜਾਣ-ਬੁੱਝ ਕੇ ਕੀਤੀ ਗਈ ਗ਼ਲਤੀ ਨਹੀਂ ਸੀ ਪਰ ਇਕ ਗ਼ਲਤਫ਼ਹਿਮੀ ਸੀ। ਜਦੋਂ ਤੁਸੀਂ ਦੋਨੋਂ ਇਹ ਅਹਿਸਾਸ ਕਰਦੇ ਹੋ ਕਿ ਕੋਈ ਗ਼ਲਤਫ਼ਹਿਮੀ ਹੋਈ ਹੈ, ਤਾਂ ਤੁਸੀਂ ਇਸ ਮਾਮੂਲੀ ਗੱਲ ਨੂੰ ਵਧਣ ਅਤੇ ਤੁਹਾਡੇ ਰਿਸ਼ਤੇ ਨੂੰ ਵਿਗਾੜਨ ਦੀ ਬਜਾਇ ਸੁਲ੍ਹਾ ਕਰ ਸਕਦੇ ਹੋ। ਇਸ ਲਈ, ਮੱਤੀ 18:15 ਤੇ ਦਿੱਤੀ ਗਈ ਸਲਾਹ ਨੂੰ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਲਾਗੂ ਕੀਤਾ ਜਾ ਸਕਦਾ ਹੈ।
ਉਸ ਦਾ ਕੀ ਮਤਲਬ ਸੀ?
5, 6. ਯਿਸੂ ਦੀ ਪੂਰੀ ਗੱਲ ਅਨੁਸਾਰ, ਮੱਤੀ 18:15 ਕਿਨ੍ਹਾਂ ਪਾਪਾਂ ਬਾਰੇ ਗੱਲ ਕਰ ਰਿਹਾ ਹੈ, ਅਤੇ ਇਹ ਕਿਸ ਤਰ੍ਹਾਂ ਦਿਖਾਇਆ ਗਿਆ ਹੈ?
5 ਅਸਲ ਵਿਚ, ਯਿਸੂ ਦੀ ਸਲਾਹ ਜ਼ਿਆਦਾ ਗੰਭੀਰ ਮਾਮਲਿਆਂ ਨਾਲ ਸੰਬੰਧ ਰੱਖਦੀ ਹੈ। ਯਿਸੂ ਨੇ ਕਿਹਾ: “ਜੇ ਤੇਰਾ ਭਾਈ ਤੇਰਾ ਗੁਨਾਹ ਕਰੇ।” ਆਮ ਤੌਰ ਤੇ, ਕਿਸੇ ਵੀ ਗ਼ਲਤੀ ਜਾਂ ਭੁੱਲ ਨੂੰ “ਗੁਨਾਹ” ਜਾਂ ਪਾਪ ਕਿਹਾ ਜਾ ਸਕਦਾ ਹੈ। (ਅੱਯੂਬ 2:10; ਕਹਾਉਤਾਂ 21:4; ਯਾਕੂਬ 4:17) ਲੇਕਿਨ, ਯਿਸੂ ਦੀ ਪੂਰੀ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਸ ਪਾਪ ਬਾਰੇ ਉਹ ਗੱਲ ਕਰ ਰਿਹਾ ਸੀ ਉਹ ਜ਼ਰੂਰ ਗੰਭੀਰ ਸੀ। ਉਹ ਪਾਪ ਇੰਨਾ ਗੰਭੀਰ ਸੀ ਕਿ ਪਾਪੀ ਨੂੰ ‘ਪਰਾਈ ਕੌਮ ਵਾਲਾ ਅਤੇ ਮਸੂਲੀਏ ਵਰਗਾ’ ਵਿਚਾਰਿਆ ਜਾ ਸਕਦਾ ਸੀ। ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?
6 ਯਿਸੂ ਦੇ ਇਹ ਸ਼ਬਦ ਸੁਣਨ ਵਾਲੇ ਚੇਲੇ ਜਾਣਦੇ ਸਨ ਕਿ ਉਨ੍ਹਾਂ ਦੇ ਦੇਸ਼ਵਾਸੀ ਪਰਾਈਆਂ ਕੌਮਾਂ ਦਿਆਂ ਲੋਕਾਂ ਨਾਲ ਮਿਲਦੇ-ਜੁਲਦੇ ਨਹੀਂ ਸਨ। (ਯੂਹੰਨਾ 4:9; 18:28; ਰਸੂਲਾਂ ਦੇ ਕਰਤੱਬ 10:28) ਅਤੇ ਉਹ ਆਪਣੀ ਕੌਮ ਦੇ ਮਸੂਲੀਆਂ ਨੂੰ ਬਿਲਕੁਲ ਰੱਦ ਕਰਦੇ ਸਨ, ਜੋ ਲੋਕਾਂ ਦਾ ਫ਼ਾਇਦਾ ਉਠਾਉਂਦੇ ਸਨ। ਇਸ ਲਈ ਅਸਲ ਵਿਚ, ਮੱਤੀ 18:15-17 ਵਿਚ ਗੰਭੀਰ ਪਾਪਾਂ ਬਾਰੇ ਗੱਲ ਕੀਤੀ ਜਾਂਦੀ ਹੈ ਨਾ ਕਿ ਨਿੱਜੀ ਅਪਮਾਨ ਜਾਂ ਛੋਟੀ-ਮੋਟੀ ਗ਼ਲਤੀ ਬਾਰੇ ਜੋ ਕਿ ਮਾਫ਼ ਕੀਤੀ ਅਤੇ ਦਿਲੋਂ ਕੱਢੀ ਜਾ ਸਕਦੀ ਹੈ।—ਮੱਤੀ 18:21, 22.a
7, 8. (ੳ) ਬਜ਼ੁਰਗਾਂ ਨੂੰ ਕਿਸ ਤਰ੍ਹਾਂ ਦੇ ਪਾਪਾਂ ਬਾਰੇ ਫ਼ੈਸਲਾ ਕਰਨ ਦੀ ਲੋੜ ਹੈ? (ਅ) ਮੱਤੀ 18:15-17 ਦੇ ਸੰਬੰਧ ਵਿਚ, ਦੋ ਮਸੀਹੀ ਆਪਸ ਵਿਚ ਕਿਸ ਤਰ੍ਹਾਂ ਦੀਆਂ ਗ਼ਲਤੀਆਂ ਸੁਲਝਾ ਸਕਦੇ ਹਨ?
7 ਬਿਵਸਥਾ ਦੇ ਅਧੀਨ, ਨਾਰਾਜ਼ ਵਿਅਕਤੀ ਤੋਂ ਮਾਫ਼ੀ ਹਾਸਲ ਕਰਨ ਤੋਂ ਬਾਅਦ ਕੁਝ ਹੋਰ ਕਰਨ ਦੀ ਵੀ ਲੋੜ ਸੀ। ਵਿਭਚਾਰ, ਜ਼ਨਾਹਕਾਰੀ, ਸਮਲਿੰਗਕਾਮੁਕਤਾ ਦੇ ਲਿੰਗੀ ਪਾਪਾਂ ਨਾਲੇ ਕੁਫ਼ਰ, ਧਰਮ-ਤਿਆਗ, ਅਤੇ ਮੂਰਤੀ-ਪੂਜਾ ਦੇ ਪਾਪਾਂ ਬਾਰੇ ਬਜ਼ੁਰਗਾਂ (ਜਾਂ ਜਾਜਕਾਂ) ਨੂੰ ਦੱਸਣ ਦੀ ਲੋੜ ਸੀ ਤਾਂਕਿ ਉਹ ਉਨ੍ਹਾਂ ਦਾ ਫ਼ੈਸਲਾ ਕਰ ਸਕਣ। ਇਹ ਮਸੀਹੀ ਕਲੀਸਿਯਾ ਵਿਚ ਵੀ ਸੱਚ ਹੈ। (ਲੇਵੀਆਂ 5:1; 20:10-13; ਗਿਣਤੀ 5:30; 35:12; ਬਿਵਸਥਾ ਸਾਰ 17:9; 19:16-19; ਕਹਾਉਤਾਂ 29:24) ਪਰ, ਧਿਆਨ ਦਿਓ ਕਿ ਜਿਨ੍ਹਾਂ ਪਾਪਾਂ ਬਾਰੇ ਯਿਸੂ ਨੇ ਗੱਲ ਕੀਤੀ ਸੀ ਉਹ ਦੋ ਵਿਅਕਤੀਆਂ ਦੇ ਵਿਚਕਾਰ ਸੁਲਝਾਏ ਜਾ ਸਕਦੇ ਸਨ। ਮਿਸਾਲ ਲਈ: ਗੁੱਸੇ ਜਾਂ ਜਲਣ ਕਾਰਨ ਇਕ ਵਿਅਕਤੀ ਆਪਣੇ ਮਸੀਹੀ ਭੈਣ-ਭਰਾ ਨੂੰ ਬਦਨਾਮ ਕਰਦਾ ਹੈ। ਇਕ ਮਸੀਹੀ ਕਿਸੇ ਕੰਮ ਲਈ ਖ਼ਾਸ ਸਾਮਾਨ ਵਰਤਣ ਅਤੇ ਉਸ ਕੰਮ ਨੂੰ ਦਿੱਤੀ ਗਈ ਤਾਰੀਖ਼ ਤੇ ਖ਼ਤਮ ਕਰਨ ਦਾ ਠੇਕਾ ਲੈਂਦਾ ਹੈ। ਇਕ ਵਿਅਕਤੀ ਪੈਸੇ ਸਮੇਂ-ਸਿਰ ਵਾਪਸ ਕਰਨ ਲਈ ਰਾਜ਼ੀ ਹੁੰਦਾ ਹੈ। ਇਕ ਵਿਅਕਤੀ ਆਪਣੇ ਮਾਲਕ ਨਾਲ ਵਾਅਦਾ ਕਰਦਾ ਹੈ ਕਿ ਜੇ ਉਸ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਹ (ਨੌਕਰੀ ਬਦਲਣ ਤੇ ਵੀ) ਉਸ ਨਾਲ ਮੁਕਾਬਲਾ ਨਹੀਂ ਕਰੇਗਾ ਜਾਂ ਨਿਸ਼ਚਿਤ ਕੀਤੇ ਗਏ ਸਮੇਂ ਦੌਰਾਨ ਉਸ ਦੇ ਕੰਮ ਕਰਨ ਦੇ ਇਲਾਕੇ ਨੂੰ ਜਾਂ ਉਸ ਦਿਆਂ ਗਾਹਕਾਂ ਨੂੰ ਚੁਰਾਉਣ ਦੀ ਕੋਸ਼ਿਸ਼ ਨਹੀਂ ਕਰੇਗਾ।b ਜੇਕਰ ਕੋਈ ਭਰਾ ਆਪਣੀ ਜ਼ਬਾਨ ਤੇ ਪੱਕਾ ਨਾ ਰਹੇ ਅਤੇ ਅਜਿਹੀਆਂ ਗ਼ਲਤੀਆਂ ਤੋਂ ਨਾ ਪਛਤਾਵੇ ਤਾਂ ਇਹ ਗੱਲ ਜ਼ਰੂਰ ਗੰਭੀਰ ਹੋਵੇਗੀ। (ਪਰਕਾਸ਼ ਦੀ ਪੋਥੀ 21:8) ਪਰ ਅਜਿਹੀਆਂ ਗ਼ਲਤੀਆਂ ਉਨ੍ਹਾਂ ਦੋਹਾਂ ਦੇ ਆਪਸ ਵਿਚ ਸੁਲਝਾਈਆਂ ਜਾ ਸਕਦੀਆਂ ਹਨ।
8 ਲੇਕਿਨ, ਤੁਸੀਂ ਅਜਿਹੇ ਮਾਮਲੇ ਨੂੰ ਕਿਸ ਤਰ੍ਹਾਂ ਸੁਲਝਾਉਣ ਦੀ ਕੋਸ਼ਿਸ਼ ਕਰੋਗੇ? ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਅਕਸਰ ਤਿੰਨ ਕਦਮਾਂ ਵਜੋਂ ਵਿਚਾਰਿਆ ਜਾਂਦਾ ਹੈ। ਆਓ ਆਪਾਂ ਇਨ੍ਹਾਂ ਵੱਲ ਧਿਆਨ ਦੇਈਏ। ਇਨ੍ਹਾਂ ਨੂੰ ਪੱਕੇ, ਕਾਨੂੰਨੀ ਤਰੀਕੇ ਸਮਝਣ ਦੀ ਬਜਾਇ ਇਨ੍ਹਾਂ ਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਅਤੇ ਆਪਣੇ ਭਰਾ ਨੂੰ ਜਿੱਤਣ ਦੇ ਆਪਣੇ ਪ੍ਰੇਮਪੂਰਣ ਟੀਚੇ ਨੂੰ ਕਦੀ ਵੀ ਨਾ ਭੁੱਲੋ।
ਆਪਣੇ ਭਾਈ ਨੂੰ ਜਿੱਤਣ ਦੀ ਕੋਸ਼ਿਸ਼ ਕਰੋ
9. ਮੱਤੀ 18:15 ਨੂੰ ਲਾਗੂ ਕਰਨ ਲਈ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
9 ਯਿਸੂ ਗੱਲ ਇਸ ਤਰ੍ਹਾਂ ਸ਼ੁਰੂ ਕਰਦਾ ਹੈ: “ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ।” ਇਹ ਸਪੱਸ਼ਟ ਹੈ ਕਿ ਇਹ ਕਦਮ ਸਿਰਫ਼ ਸ਼ੱਕ ਦੇ ਕਾਰਨ ਨਹੀਂ ਚੁੱਕਿਆ ਜਾਂਦਾ। ਤੁਹਾਡੇ ਕੋਲ ਸਬੂਤ ਜਾਂ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਨੂੰ ਤੁਸੀਂ ਆਪਣੇ ਭਰਾ ਨੂੰ ਇਹ ਸਮਝਾਉਣ ਲਈ ਵਰਤ ਸਕਦੇ ਹੋ ਕਿ ਉਸ ਨੇ ਗ਼ਲਤੀ ਕੀਤੀ ਹੈ ਅਤੇ ਉਸ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ। ਚੰਗਾ ਹੋਵੇਗਾ ਜੇ ਅਸੀਂ ਇਸ ਤਰ੍ਹਾਂ ਕਰਨ ਵਿਚ ਦੇਰ ਨਾ ਲਾਈਏ ਤਾਂਕਿ ਸਮੱਸਿਆ ਜ਼ਿਆਦਾ ਗੰਭੀਰ ਨਾ ਬਣ ਜਾਵੇ ਜਾਂ ਭਰਾ ਦਾ ਰਵੱਈਆ ਜ਼ਿਆਦਾ ਵਿਗੜ ਨਾ ਜਾਵੇ। ਅਤੇ ਇਸ ਗੱਲ ਨੂੰ ਨਾ ਭੁੱਲੋ ਕਿ ਮਾਮਲੇ ਬਾਰੇ ਚਿੰਤਾ ਕਰਨ ਨਾਲ ਤੁਹਾਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਕਿਉਂਕਿ ਮਾਮਲਾ ਸਿਰਫ਼ ਤੁਹਾਡੇ ਅਤੇ ਤੁਹਾਡੇ ਭੈਣ-ਭਰਾ ਦੇ ਦਰਮਿਆਨ ਹੈ, ਹਮਦਰਦੀ ਖੱਟਣ ਲਈ ਜਾਂ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਦੂਸਰਿਆਂ ਨਾਲ ਇਸ ਬਾਰੇ ਪਹਿਲਾਂ ਹੀ ਗੱਲ ਕਰਨ ਤੋਂ ਪਰਹੇਜ਼ ਕਰੋ। (ਕਹਾਉਤਾਂ 12:25; 17:9) ਕਿਉਂ? ਤੁਹਾਡੇ ਟੀਚੇ ਦੇ ਕਾਰਨ।
10. ਆਪਣੇ ਭਰਾ ਨੂੰ ਜਿੱਤਣ ਵਿਚ ਸਾਡੀ ਕੀ ਮਦਦ ਕਰੇਗਾ?
10 ਤੁਹਾਡਾ ਟੀਚਾ ਆਪਣੇ ਭਰਾ ਨੂੰ ਜਿੱਤਣ ਦਾ ਹੋਣਾ ਚਾਹੀਦਾ ਹੈ, ਨਾ ਕਿ ਉਸ ਨੂੰ ਤਾੜਨ ਦਾ, ਉਸ ਦਾ ਅਪਮਾਨ ਕਰਨ ਦਾ, ਜਾਂ ਉਸ ਨੂੰ ਬਰਬਾਦ ਕਰਨ ਦਾ। ਜੇ ਉਸ ਨੇ ਸੱਚ-ਮੁੱਚ ਗ਼ਲਤੀ ਕੀਤੀ ਹੈ ਤਾਂ ਯਹੋਵਾਹ ਨਾਲ ਉਸ ਦਾ ਰਿਸ਼ਤਾ ਵਿਗੜ ਸਕਦਾ ਹੈ। ਤੁਸੀਂ ਉਸ ਨੂੰ ਆਪਣੇ ਮਸੀਹੀ ਭਰਾ ਵਜੋਂ ਗੁਆਉਣਾ ਨਹੀਂ ਚਾਹੁੰਦੇ ਹੋ। ਜੇ ਦੋਹਾਂ ਭਰਾਵਾਂ ਦੇ ਆਪਸ ਵਿਚ ਇਹ ਚਰਚਾ ਠੰਢੇ ਦਿਲ ਨਾਲ ਕੀਤੀ ਜਾਵੇ ਅਤੇ ਕਠੋਰ ਜਾਂ ਇਲਜ਼ਾਮ-ਭਰੇ ਸ਼ਬਦ ਨਾ ਵਰਤੇ ਜਾਣ ਤਾਂ ਸਫ਼ਲਤਾ ਦੀ ਹੋਰ ਵੀ ਉਮੀਦ ਕੀਤੀ ਜਾ ਸਕਦੀ ਹੈ। ਪਿਆਰ ਨਾਲ ਕੀਤੀ ਇਸ ਗੱਲਬਾਤ ਵਿਚ ਯਾਦ ਰੱਖੋ ਕਿ ਤੁਸੀਂ ਦੋਵੇਂ ਅਪੂਰਣ ਅਤੇ ਪਾਪੀ ਇਨਸਾਨ ਹੋ। (ਰੋਮੀਆਂ 3:23, 24) ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਉਸ ਬਾਰੇ ਦੂਸਰਿਆਂ ਕੋਲ ਗੱਲ ਨਹੀਂ ਕੀਤੀ ਅਤੇ ਕਿ ਤੁਸੀਂ ਸੱਚ-ਮੁੱਚ ਉਸ ਦੀ ਮਦਦ ਕਰਨੀ ਚਾਹੁੰਦੇ ਹੋ, ਸੁਲ੍ਹਾ ਸ਼ਾਇਦ ਝਟ ਹੋ ਸਕਦੀ ਹੈ। ਇਸ ਪਿਆਰ-ਭਰੇ ਅਤੇ ਸਮਝ ਵਾਲੇ ਤਰੀਕੇ ਦੀ ਅਕਲਮੰਦੀ ਉਦੋਂ ਜ਼ਾਹਰ ਹੁੰਦੀ ਹੈ ਜਦੋਂ ਤੁਸੀਂ ਦੋਵੇਂ ਕਬੂਲ ਕਰਦੇ ਹੋ ਕਿ ਤੁਹਾਡੇ ਦੋਹਾਂ ਦਾ ਥੋੜ੍ਹਾ-ਬਹੁਤਾ ਕਸੂਰ ਹੈ ਜਾਂ ਮਾਮਲੇ ਦੀ ਜੜ੍ਹ ਸਿਰਫ਼ ਇਕ ਗ਼ਲਤਫ਼ਹਿਮੀ ਹੀ ਸੀ।—ਕਹਾਉਤਾਂ 25:9, 10; 26:20; ਯਾਕੂਬ 3:5, 6.
11. ਜੇਕਰ ਗ਼ਲਤੀ ਕਰਨ ਵਾਲਾ ਸਾਡੀ ਗੱਲ ਨਾ ਮੰਨੇ ਅਸੀਂ ਕੀ ਕਰ ਸਕਦੇ ਹਾਂ?
11 ਜੇ ਤੁਸੀਂ ਉਸ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਗ਼ਲਤੀ ਹੋਈ ਹੈ ਅਤੇ ਇਹ ਇਕ ਗੰਭੀਰ ਗ਼ਲਤੀ ਹੈ, ਉਹ ਸ਼ਾਇਦ ਆਪਣੀ ਭੁੱਲ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਜਾਵੇ। ਪਰ, ਅਸਲ ਵਿਚ ਘਮੰਡ ਰੁਕਾਵਟ ਬਣ ਸਕਦਾ ਹੈ। (ਕਹਾਉਤਾਂ 16:18; 17:19) ਇਸ ਲਈ, ਭਾਵੇਂ ਕਿ ਉਹ ਪਹਿਲਾਂ-ਪਹਿਲ ਗ਼ਲਤੀ ਕਬੂਲ ਕਰ ਕੇ ਤੋਬਾ ਨਾ ਕਰੇ, ਫਿਰ ਵੀ ਤੁਸੀਂ ਮਾਮਲੇ ਨੂੰ ਅੱਗੇ ਵਧਾਉਣ ਤੋਂ ਪਹਿਲਾਂ, ਸ਼ਾਇਦ ਥੋੜ੍ਹੀ ਉਡੀਕ ਕਰਨੀ ਚਾਹੋਗੇ। ਯਿਸੂ ਨੇ ਇਹ ਨਹੀਂ ਸੀ ਕਿਹਾ ਕਿ ‘ਸਿਰਫ਼ ਇਕ ਵਾਰ ਜਾਹ ਅਰ ਉਹ ਨੂੰ ਸਮਝਾ ਦਿਹ।’ ਇਹ ਅਜਿਹਾ ਪਾਪ ਹੈ ਜਿਸ ਬਾਰੇ ਤੁਸੀਂ ਕੁਝ ਕਰ ਸਕਦੇ ਹੋ, ਇਸ ਲਈ ਕਿਉਂ ਨਾ ਗਲਾਤੀਆਂ 6:1 ਦੀ ਸਲਾਹ ਅਨੁਸਾਰ “ਚਾਰ ਅੱਖਾਂ ਸਾਮ੍ਹਣੇ” ਆਪਣੇ ਭਰਾ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰੋ। ਸ਼ਾਇਦ ਤੁਸੀਂ ਸਫ਼ਲ ਹੋ ਜਾਓਗੇ। (ਯਹੂਦਾਹ 22, 23 ਦੀ ਤੁਲਨਾ ਕਰੋ।) ਲੇਕਿਨ, ਉਦੋਂ ਕੀ ਜਦੋਂ ਤੁਹਾਨੂੰ ਪੂਰਾ ਯਕੀਨ ਹੈ ਕਿ ਪਾਪ ਕੀਤਾ ਗਿਆ ਹੈ ਪਰ ਉਹ ਤੁਹਾਡੀ ਗੱਲ ਨਹੀਂ ਸੁਣਦਾ?
ਸਿਆਣਿਆਂ ਦੀ ਮਦਦ ਹਾਸਲ ਕਰਨੀ
12, 13. (ੳ) ਗ਼ਲਤੀਆਂ ਬਾਰੇ ਕੁਝ ਕਰਨ ਦੇ ਸੰਬੰਧ ਵਿਚ ਯਿਸੂ ਨੇ ਕਿਹੜਾ ਦੂਸਰਾ ਕਦਮ ਦੱਸਿਆ ਸੀ? (ਅ) ਇਸ ਕਦਮ ਨੂੰ ਲਾਗੂ ਕਰਨ ਲਈ ਕਿਹੜੀ ਉਚਿਤ ਸਲਾਹ ਦਿੱਤੀ ਗਈ ਹੈ?
12 ਜੇਕਰ ਤੁਸੀਂ ਕੋਈ ਗੰਭੀਰ ਪਾਪ ਕੀਤਾ ਹੋਵੇ ਤਾਂ ਕੀ ਤੁਸੀਂ ਇਹ ਚਾਹੋਗੇ ਕਿ ਦੂਸਰੇ ਤੁਹਾਡੀ ਮਦਦ ਕਰਨ ਤੋਂ ਜਲਦੀ ਹਟ ਜਾਣ? ਬਿਲਕੁਲ ਨਹੀਂ। ਇਸ ਲਈ, ਯਿਸੂ ਨੇ ਦਿਖਾਇਆ ਸੀ ਕਿ ਆਪਣੇ ਭਰਾ ਨੂੰ ਸਹੀ ਤਰ੍ਹਾਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਲਈ ਮਦਦ ਦੇਣ ਦੀ ਕੋਸ਼ਿਸ਼ ਕਰਨ ਵਿਚ ਸਾਨੂੰ ਪਹਿਲਾ ਕਦਮ ਚੁੱਕਣ ਤੋਂ ਬਾਅਦ ਹਾਰ ਨਹੀਂ ਮੰਨਣੀ ਚਾਹੀਦੀ। ਯਿਸੂ ਨੇ ਦੂਸਰਾ ਕਦਮ ਵੀ ਦੱਸਿਆ ਸੀ: “ਪਰ ਜੇ ਨਾ ਸੁਣੇ ਤਾਂ ਤੂੰ ਇੱਕ ਯਾ ਦੋ ਜਣੇ ਆਪਣੇ ਨਾਲ ਹੋਰ ਲੈ ਤਾਂ ਹਰੇਕ ਗੱਲ ਦੋ ਯਾ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ।”
13 ਉਸ ਨੇ ਕਿਹਾ “ਇੱਕ ਯਾ ਦੋ ਜਣੇ” ਆਪਣੇ ਨਾਲ ਲੈ ਜਾ। ਉਸ ਨੇ ਇਹ ਨਹੀਂ ਕਿਹਾ ਕਿ ਪਹਿਲਾ ਕਦਮ ਚੁੱਕਣ ਤੋਂ ਬਾਅਦ ਤੁਸੀਂ ਇਸ ਬਾਰੇ ਦੂਸਰਿਆਂ ਨਾਲ ਖੁਲ੍ਹ ਕੇ ਗੱਲ ਕਰ ਸਕਦੇ ਹੋ, ਕਿ ਤੁਸੀਂ ਕਿਸੇ ਸਫ਼ਰੀ ਨਿਗਾਹਬਾਨ ਨੂੰ ਦੱਸ ਸਕਦੇ ਹੋ, ਜਾਂ ਇਸ ਸਮੱਸਿਆ ਬਾਰੇ ਹੋਰ ਭਰਾਵਾਂ ਨੂੰ ਚਿੱਠੀ ਲਿਖ ਸਕਦੇ ਹੋ। ਭਾਵੇਂ ਤੁਹਾਨੂੰ ਗ਼ਲਤੀ ਬਾਰੇ ਪੂਰਾ ਯਕੀਨ ਹੋਵੇ, ਇਹ ਅਸਲ ਵਿਚ ਹਾਲੇ ਪੂਰੀ ਤਰ੍ਹਾਂ ਸਾਬਤ ਨਹੀਂ ਕੀਤੀ ਗਈ। ਤੁਸੀਂ ਗ਼ਲਤ ਜਾਣਕਾਰੀ ਬਾਰੇ ਗੱਲਾਂ ਨਹੀਂ ਕਰਨੀਆਂ ਚਾਹੋਗੇ ਕਿਉਂਕਿ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਦੀ ਬਦਨਾਮੀ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ। (ਕਹਾਉਤਾਂ 16:28; 18:8) ਪਰ ਯਿਸੂ ਨੇ ਇਹ ਜ਼ਰੂਰ ਕਿਹਾ ਸੀ ਕਿ ਇਕ ਜਾਂ ਦੋ ਜਣੇ ਆਪਣੇ ਨਾਲ ਲੈ ਜਾ। ਕਿਉਂ? ਅਤੇ ਤੁਸੀਂ ਕਿਨ੍ਹਾਂ ਨੂੰ ਨਾਲ ਲੈ ਜਾ ਸਕਦੇ ਹੋ?
14. ਦੂਸਰੇ ਕਦਮ ਲਈ ਅਸੀਂ ਸ਼ਾਇਦ ਕਿਨ੍ਹਾਂ ਨੂੰ ਨਾਲ ਲਿਜਾ ਸਕਦੇ ਹਾਂ?
14 ਤੁਸੀਂ ਆਪਣੇ ਭਰਾ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹੋ, ਇਸ ਲਈ ਤੁਸੀਂ ਚਾਹੁੰਦੇ ਹੋ ਕਿ ਉਹ ਆਪਣੇ ਪਾਪ ਨੂੰ ਕਬੂਲ ਕਰ ਕੇ ਤੋਬਾ ਕਰੇ ਤਾਂਕਿ ਉਹ ਤੁਹਾਡੇ ਨਾਲ ਅਤੇ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕੇ। ਇਸ ਲਈ ਸਭ ਤੋਂ ਚੰਗਾ ਇਹ ਹੁੰਦਾ ਜੇ “ਇਕ ਯਾ ਦੋ” ਜਣੇ ਗ਼ਲਤੀ ਦੇ ਗਵਾਹ ਹੁੰਦੇ। ਸ਼ਾਇਦ ਉਹ ਉੱਥੇ ਹਾਜ਼ਰ ਸਨ ਜਦੋਂ ਇਹ ਗ਼ਲਤੀ ਹੋਈ, ਜਾਂ ਕਿਸੇ ਕਾਰੋਬਾਰ ਵਿਚ ਕੀਤੇ ਗਏ (ਜਾਂ ਨਾ ਕੀਤੇ) ਕੰਮ ਬਾਰੇ ਉਨ੍ਹਾਂ ਕੋਲ ਸਹੀ ਜਾਣਕਾਰੀ ਹੈ। ਜੇਕਰ ਅਜਿਹੇ ਗਵਾਹ ਨਾ ਹੋਣ ਤਾਂ ਤੁਸੀਂ ਸ਼ਾਇਦ ਅਜਿਹੇ ਵਿਅਕਤੀਆਂ ਨੂੰ ਨਾਲ ਲਿਜਾਓਗੇ ਜਿਨ੍ਹਾਂ ਕੋਲ ਮਾਮਲੇ ਬਾਰੇ ਥੋੜ੍ਹਾ-ਬਹੁਤਾ ਤਜਰਬਾ ਹੋਵੇ ਕਿਉਂਕਿ ਉਹ ਸ਼ਾਇਦ ਸਾਬਤ ਕਰ ਸਕਣ ਕਿ ਜੋ ਵਾਪਰਿਆ ਸੀ ਉਹ ਸੱਚ-ਮੁੱਚ ਗ਼ਲਤ ਸੀ ਕਿ ਨਹੀਂ। ਇਸ ਦੇ ਨਾਲ-ਨਾਲ, ਜੇ ਬਾਅਦ ਵਿਚ ਜ਼ਰੂਰਤ ਪਵੇ, ਤਾਂ ਇਹ ਵਿਅਕਤੀ ਉਸ ਸਮੇਂ ਤੇ ਕਹੀਆਂ ਗੱਲਾਂ ਦੀ ਗਵਾਹੀ ਦੇ ਸਕਦੇ ਹਨ, ਯਾਨੀ ਪੇਸ਼ ਕੀਤੀਆਂ ਗਈਆਂ ਸੱਚਾਈਆਂ ਦੀ ਅਤੇ ਕੀਤੇ ਗਏ ਜਤਨ ਦੀ ਪੁਸ਼ਟੀ ਕਰ ਸਕਦੇ ਹਨ। (ਗਿਣਤੀ 35:30; ਬਿਵਸਥਾ ਸਾਰ 17:6) ਤਾਂ ਫਿਰ, ਇਹ ਸਿਰਫ਼ ਨਿਰਪੱਖ ਲੋਕ ਜਾਂ ਰੈਫਰੀ ਹੀ ਨਹੀਂ ਹਨ; ਪਰ, ਉਨ੍ਹਾਂ ਦੀ ਹਾਜ਼ਰੀ ਦਾ ਮਕਸਦ ਤੁਹਾਡੇ ਅਤੇ ਉਨ੍ਹਾਂ ਦੇ ਭਰਾ ਨੂੰ ਜਿੱਤਣ ਦਾ ਹੈ।
15. ਜੇ ਸਾਨੂੰ ਦੂਸਰਾ ਕਦਮ ਚੁੱਕਣਾ ਪਵੇ ਤਾਂ ਮਸੀਹੀ ਬਜ਼ੁਰਗ ਕਿਸ ਤਰ੍ਹਾਂ ਸਹਾਇਕ ਸਾਬਤ ਹੋ ਸਕਦੇ ਹਨ?
15 ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੂੰ ਤੁਸੀਂ ਨਾਲ ਲਿਜਾਓ ਉਹ ਕਲੀਸਿਯਾ ਦੇ ਬਜ਼ੁਰਗ ਹੋਣ। ਲੇਕਿਨ, ਬਜ਼ੁਰਗ ਸਿਆਣੇ ਹੁੰਦੇ ਹਨ ਅਤੇ ਆਪਣੀ ਰੂਹਾਨੀ ਯੋਗਤਾ ਕਾਰਨ ਸ਼ਾਇਦ ਮਦਦ ਕਰ ਸਕਣ। ਅਜਿਹੇ ਬਜ਼ੁਰਗ ‘ਪੌਣ ਤੋਂ ਲੁੱਕਣ ਦੇ ਥਾਂ ਜਿਹੇ ਹਨ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ।’ (ਯਸਾਯਾਹ 32:1, 2) ਉਨ੍ਹਾਂ ਕੋਲ ਭੈਣਾਂ-ਭਰਾਵਾਂ ਨਾਲ ਤਰਕ ਕਰਨ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਤਜਰਬਾ ਹੈ। ਅਤੇ ਗ਼ਲਤੀ ਕਰਨ ਵਾਲੇ ਕੋਲ ਅਜਿਹੇ ‘ਮਨੁੱਖਾਂ ਵਿਚ ਦਾਨ’c ਉੱਤੇ ਭਰੋਸਾ ਰੱਖਣ ਦਾ ਚੰਗਾ ਕਾਰਨ ਹੈ। (ਅਫ਼ਸੀਆਂ 4:8, 11, 12) ਇਨ੍ਹਾਂ ਸਿਆਣਿਆਂ ਭਰਾਵਾਂ ਦੇ ਸਾਮ੍ਹਣੇ ਮਾਮਲੇ ਬਾਰੇ ਚਰਚਾ ਕਰਨੀ ਅਤੇ ਇਕੱਠੇ ਮਿਲ ਕੇ ਪ੍ਰਾਰਥਨਾ ਕਰਨੀ ਇਕ ਚੰਗਾ ਮਾਹੌਲ ਪੈਦਾ ਕਰ ਸਕਦਾ ਹੈ ਅਤੇ ਉਹ ਗੱਲ ਸੁਲਝਾਈ ਜਾ ਸਕਦੀ ਹੈ ਜਿਸ ਦਾ ਪਹਿਲਾਂ ਕੋਈ ਸੁਲਝਾਉ ਲੱਭ ਨਹੀਂ ਰਿਹਾ ਸੀ।—ਯਾਕੂਬ 5:14, 15 ਦੀ ਤੁਲਨਾ ਕਰੋ।
ਉਸ ਨੂੰ ਜਿੱਤਣ ਦਾ ਆਖ਼ਰੀ ਜਤਨ
16. ਯਿਸੂ ਨੇ ਕਿਹੜਾ ਤੀਜਾ ਕਦਮ ਦੱਸਿਆ ਸੀ?
16 ਜੇਕਰ ਮਾਮਲਾ ਦੂਸਰਾ ਕਦਮ ਚੁੱਕਣ ਤੋਂ ਬਾਅਦ ਵੀ ਨਹੀਂ ਸੁਲਝਦਾ ਤਾਂ ਤੀਜੇ ਕਦਮ ਵਿਚ ਕਲੀਸਿਯਾ ਦੇ ਨਿਗਾਹਬਾਨਾਂ ਨੂੰ ਜ਼ਰੂਰ ਲਿਆਇਆ ਜਾਂਦਾ ਹੈ। “ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਖ਼ਬਰ ਦਿਹ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।” ਇਸ ਵਿਚ ਕੀ-ਕੀ ਸ਼ਾਮਲ ਹੈ?
17, 18. (ੳ) ‘ਕਲੀਸਿਯਾ ਨੂੰ ਖ਼ਬਰ ਦੇਣ’ ਦਾ ਮਤਲਬ ਸਮਝਣ ਲਈ ਕਿਹੜਾ ਨਮੂਨਾ ਸਾਡੀ ਮਦਦ ਕਰਦਾ ਹੈ? (ਅ) ਅਸੀਂ ਅੱਜ ਇਹ ਕਦਮ ਕਿਸ ਤਰ੍ਹਾਂ ਲਾਗੂ ਕਰਦੇ ਹਾਂ?
17 ਇਸ ਹਿਦਾਇਤ ਦਾ ਇਹ ਮਤਲਬ ਨਹੀਂ ਕਿ ਸਾਨੂੰ ਆਮ ਜਾਂ ਕਿਸੇ ਖ਼ਾਸ ਸਭਾ ਤੇ ਸਾਰੀ ਕਲੀਸਿਯਾ ਦੇ ਸਾਮ੍ਹਣੇ ਉਸ ਪਾਪ ਜਾਂ ਗ਼ਲਤੀ ਬਾਰੇ ਗੱਲ ਕਰਨੀ ਚਾਹੀਦੀ ਹੈ। ਅਸੀਂ ਇਸ ਦਾ ਮਤਲਬ ਪਰਮੇਸ਼ੁਰ ਦੇ ਬਚਨ ਤੋਂ ਨਿਸ਼ਚਿਤ ਕਰ ਸਕਦੇ ਹਾਂ। ਗੌਰ ਕਰੋ ਕਿ ਪ੍ਰਾਚੀਨ ਇਸਰਾਏਲ ਵਿਚ ਬਾਗ਼ੀ ਜਾਂ ਪੇਟੂ ਅਤੇ ਸ਼ਰਾਬੀਆਂ ਨਾਲ ਕੀ ਕੀਤਾ ਜਾਂਦਾ ਸੀ: “ਜੇ ਕਿਸੇ ਮਨੁੱਖ ਦੇ ਕੋਲ ਕੱਬਾ ਅਤੇ ਆਕੀ ਪੁੱਤ੍ਰ ਹੋਵੇ ਜਿਹੜਾ ਆਪਣੇ ਪਿਤਾ ਅਤੇ ਮਾਤਾ ਦੀ ਨਾ ਮੰਨੇ ਅਤੇ ਜਦ ਓਹ ਉਸ ਨੂੰ ਝਿੜਕਣ ਅਤੇ ਉਹ ਉਨ੍ਹਾਂ ਦੀ ਨਾ ਸੁਣੇ। ਤਾਂ ਉਸ ਦਾ ਪਿਤਾ ਅਤੇ ਮਾਤਾ ਉਸ ਨੂੰ ਫੜ ਕੇ ਉਸ ਦੇ ਸ਼ਹਿਰ ਦੇ ਬਜੁਰਗਾਂ ਕੋਲ ਉਸ ਦੇ ਥਾਂ ਦੇ ਫਾਟਕ ਉੱਤੇ ਲੈ ਜਾਣ। ਅਤੇ ਓਹ ਉਸ ਦੇ ਸ਼ਹਿਰ ਦੇ ਬਜੁਰਗਾਂ ਨੂੰ ਆਖਣ ਭਈ ਏਹ ਸਾਡਾ ਪੁੱਤ੍ਰ ਕੱਬਾ ਅਤੇ ਆਕੀ ਹੈ ਅਤੇ ਸਾਡੇ ਕਹੇਕਾਰ ਨਹੀਂ। ਉਹ ਪੇਟੂ ਅਤੇ ਸ਼ਰਾਬੀ ਹੈ। ਤਾਂ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਨੂੰ ਇਉਂ ਵੱਟੇ ਮਾਰਨ ਕਿ ਉਹ ਮਰ ਜਾਵੇ।” (ਟੇਢੇ ਟਾਈਪ ਸਾਡੇ।)—ਬਿਵਸਥਾ ਸਾਰ 21:18-21.
18 ਉਸ ਆਦਮੀ ਦੇ ਪਾਪਾਂ ਨੂੰ ਨਾ ਤਾਂ ਸਾਰੀ ਕੌਮ ਨੇ ਅਤੇ ਨਾ ਹੀ ਉਸ ਦੇ ਕਬੀਲੇ ਦੇ ਲੋਕਾਂ ਨੇ ਸੁਣਿਆ ਅਤੇ ਨਾ ਹੀ ਉਨ੍ਹਾਂ ਨੇ ਉਨ੍ਹਾਂ ਦਾ ਫ਼ੈਸਲਾ ਕੀਤਾ। ਇਸ ਦੀ ਬਜਾਇ, ਕਲੀਸਿਯਾ ਦੇ ਪ੍ਰਤਿਨਿਧਾਂ ਵਜੋਂ “ਬਜੁਰਗਾਂ” ਨੇ ਮਾਮਲਾ ਸੁਲਝਾਇਆ ਸੀ। (ਬਿਵਸਥਾ ਸਾਰ 19:16, 17 ਦੀ ਤੁਲਨਾ ਕਰੋ ਜਿੱਥੇ ਇਕ ਝਗੜੇ ਦਾ ਜ਼ਿਕਰ ਹੈ ਜਿਸ ਦਾ “ਉਨ੍ਹਾਂ ਦਿਨਾਂ ਦੇ ਜਾਜਕਾਂ ਅਤੇ ਨਿਆਈਆਂ” ਨੇ ਫ਼ੈਸਲਾ ਕੀਤਾ ਸੀ।) ਇਸੇ ਤਰ੍ਹਾਂ ਅੱਜ ਵੀ ਜਦੋਂ ਤੀਜਾ ਕਦਮ ਚੁੱਕਣਾ ਜ਼ਰੂਰੀ ਹੋ ਜਾਵੇ, ਕਲੀਸਿਯਾ ਦੇ ਪ੍ਰਤਿਨਿਧਾਂ ਵਜੋਂ ਬਜ਼ੁਰਗ ਮਾਮਲੇ ਦਾ ਫ਼ੈਸਲਾ ਕਰਦੇ ਹਨ। ਉਨ੍ਹਾਂ ਦਾ ਵੀ ਟੀਚਾ ਉਹੀ ਹੈ ਕਿ ਜੇ ਮੁਮਕਿਨ ਹੋਵੇ ਤਾਂ ਉਹ ਆਪਣੇ ਮਸੀਹੀ ਭਰਾ ਨੂੰ ਜਿੱਤ ਲੈਣ। ਉਹ ਮਾਮਲੇ ਬਾਰੇ ਅਗਾਊਂ ਫ਼ੈਸਲਾ ਕਰਨ ਜਾਂ ਤਰਫ਼ਦਾਰੀ ਦਿਖਾਉਣ ਦੀ ਬਜਾਇ, ਨਿਰਪੱਖਤਾ ਦਿਖਾ ਕੇ ਇਹ ਸਾਬਤ ਕਰਦੇ ਹਨ।
19. ਮਾਮਲੇ ਨੂੰ ਸੁਣਨ ਲਈ ਨਿਯੁਕਤ ਬਜ਼ੁਰਗ ਕੀ ਕਰਨ ਦੀ ਕੋਸ਼ਿਸ਼ ਕਰਨਗੇ?
19 ਇਹ ਸਥਾਪਿਤ ਕਰਨ ਲਈ ਕਿ ਪਾਪ ਸੱਚ-ਮੁੱਚ ਹੋਇਆ ਸੀ (ਜਾਂ ਹਾਲੇ ਵੀ ਕੀਤਾ ਜਾ ਰਿਹਾ ਹੈ), ਉਹ ਸਾਰੀਆਂ ਗੱਲਾਂ ਵੱਲ ਚੰਗੀ ਤਰ੍ਹਾਂ ਧਿਆਨ ਦੇਣ ਦੀ ਕੋਸ਼ਿਸ਼ ਕਰਨਗੇ ਅਤੇ ਗਵਾਹਾਂ ਦੀਆਂ ਗੱਲਾਂ ਸੁਣਨਗੇ। ਉਹ ਕਲੀਸਿਯਾ ਨੂੰ ਭ੍ਰਿਸ਼ਟਤਾ ਤੋਂ ਬਚਾਉਣਾ ਅਤੇ ਜਗਤ ਦੀ ਆਤਮਾ ਯਾਨੀ ਸੰਸਾਰਕ ਰਵੱਈਏ ਨੂੰ ਬਾਹਰ ਰੱਖਣਾ ਚਾਹੁੰਦੇ ਹਨ। (1 ਕੁਰਿੰਥੀਆਂ 2:12; 5:7) ਆਪਣੀਆਂ ਸ਼ਾਸਤਰ ਸੰਬੰਧੀ ਯੋਗਤਾਵਾਂ ਦੇ ਅਨੁਸਾਰ ਉਹ ‘ਖਰੀ ਸਿੱਖਿਆ ਨਾਲ ਉਪਦੇਸ਼ ਕਰਨ ਨਾਲੇ ਢੁੱਚਰ ਡਾਹੁਣ ਵਾਲਿਆਂ ਨੂੰ ਕਾਇਲ ਕਰਨ’ ਦੀ ਕੋਸ਼ਿਸ਼ ਕਰਨਗੇ। (ਤੀਤੁਸ 1:9) ਉਮੀਦ ਹੈ ਕਿ ਗ਼ਲਤੀ ਕਰਨ ਵਾਲਾ ਉਨ੍ਹਾਂ ਇਸਰਾਏਲੀਆਂ ਵਰਗਾ ਨਹੀਂ ਹੋਵੇਗਾ ਜਿਨ੍ਹਾਂ ਬਾਰੇ ਯਹੋਵਾਹ ਦੇ ਨਬੀ ਨੇ ਇਹ ਲਿਖਿਆ: “ਮੈਂ ਬੁਲਾਇਆ ਪਰ ਤੁਸਾਂ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਤੁਸਾਂ ਸੁਣੀ ਨਾ, ਤੁਸੀਂ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ ਸੋ ਤੁਸਾਂ ਚੁਣਿਆ।”—ਯਸਾਯਾਹ 65:12.
20. ਯਿਸੂ ਦੇ ਅਨੁਸਾਰ ਉਦੋਂ ਕੀ ਹੋਵੇਗਾ ਜਦੋਂ ਪਾਪੀ ਸੁਣਨ ਅਤੇ ਪਛਤਾਉਣ ਤੋਂ ਇਨਕਾਰ ਕਰਦਾ ਹੈ?
20 ਲੇਕਿਨ, ਕੁਝ ਮਾਮਲਿਆਂ ਵਿਚ ਪਾਪੀ ਦਾ ਰਵੱਈਆ ਇਸਰਾਏਲੀਆਂ ਵਰਗਾ ਹੁੰਦਾ ਹੈ। ਜੇ ਇਸ ਤਰ੍ਹਾਂ ਹੈ ਤਾਂ ਯਿਸੂ ਦੀ ਸਲਾਹ ਸਪੱਸ਼ਟ ਹੈ: “ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।” ਪ੍ਰਭੂ ਨੇ ਇੱਥੇ ਨਿਰਦਈ ਹੋਣ ਜਾਂ ਦੁੱਖ ਪਹੁੰਚਾਉਣ ਬਾਰੇ ਨਹੀਂ ਸੀ ਕਿਹਾ। ਲੇਕਿਨ, ਪੌਲੁਸ ਰਸੂਲ ਦੀ ਸਲਾਹ ਬਿਲਕੁਲ ਸਪੱਸ਼ਟ ਸੀ ਕਿ ਅਪਸ਼ਚਾਤਾਪੀ ਪਾਪੀਆਂ ਨੂੰ ਕਲੀਸਿਯਾ ਤੋਂ ਛੇਕਿਆ ਜਾਣਾ ਚਾਹੀਦਾ ਹੈ। (1 ਕੁਰਿੰਥੀਆਂ 5:11-13) ਹੋ ਸਕਦਾ ਹੈ ਕਿ ਸਾਡੇ ਟੀਚੇ ਦੇ ਅਨੁਸਾਰ ਅਖ਼ੀਰ ਵਿਚ ਅਸੀਂ ਪਾਪੀ ਨੂੰ ਜਿੱਤ ਸਕੀਏ।
21. ਕਲੀਸਿਯਾ ਵਿੱਚੋਂ ਛੇਕੇ ਗਏ ਵਿਅਕਤੀ ਲਈ ਕਿਹੜੀ ਸੰਭਾਵਨਾ ਹੈ?
21 ਅਸੀਂ ਇਹ ਸੰਭਾਵਨਾ ਉਜਾੜੂ ਪੁੱਤਰ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਦੇਖ ਸਕਦੇ ਹਾਂ। ਜਿਵੇਂ ਦਿਖਾਇਆ ਗਿਆ ਹੈ, ਆਪਣੇ ਪਿਤਾ ਦੇ ਘਰ ਦੀ ਪ੍ਰੇਮਪੂਰਣ ਸੰਗਤ ਤੋਂ ਦੂਰ ਰਹਿ ਕੇ ਉਸ ਪਾਪੀ ਨੂੰ ‘ਸੁਰਤ ਆ ਗਈ’ ਸੀ। (ਲੂਕਾ 15:11-18) ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ ਕਿ ਕੁਝ ਗ਼ਲਤੀ ਕਰਨ ਵਾਲੇ ਸਮਾਂ ਆਉਣ ਤੇ ਤੋਬਾ ਕਰਨਗੇ ਅਤੇ ‘ਸ਼ਤਾਨ ਦੀ ਫਾਹੀ ਵਿੱਚ ਫੱਸ ਕੇ ਹੋਸ਼ ਵਿੱਚ ਆਣ ਕੇ ਬਚ ਨਿੱਕਲਨਗੇ।’ (2 ਤਿਮੋਥਿਉਸ 2:24-26) ਅਸੀਂ ਇਹ ਉਮੀਦ ਰੱਖਦੇ ਹਾਂ ਕਿ ਜਿਹੜੇ ਪਾਪ ਤੋਂ ਤੋਬਾ ਨਹੀਂ ਕਰਦੇ ਅਤੇ ਜਿਨ੍ਹਾਂ ਨੂੰ ਕਲੀਸਿਯਾ ਤੋਂ ਛੇਕਿਆ ਜਾਣਾ ਪੈਂਦਾ ਹੈ, ਉਹ ਆਪਣੀ ਘਾਟ ਨੂੰ ਮਹਿਸੂਸ ਕਰਨਗੇ ਅਤੇ ਉਨ੍ਹਾਂ ਨੂੰ ਸੁਰਤ ਆ ਜਾਵੇਗੀ—ਯਾਨੀ ਕਿ ਉਹ ਪਰਮੇਸ਼ੁਰ ਦੀ ਪ੍ਰਵਾਨਗੀ ਦੀ ਕਮੀ ਅਤੇ ਵਫ਼ਾਦਾਰ ਮਸੀਹੀਆਂ ਦੇ ਨਾਲ ਨਿੱਘੀ ਭਾਈਬੰਦੀ ਅਤੇ ਸੰਗਤ ਦੀ ਕਮੀ ਮਹਿਸੂਸ ਕਰਨਗੇ।
22. ਅਸੀਂ ਆਪਣੇ ਭਰਾ ਨੂੰ ਹਾਲੇ ਵੀ ਕਿਸ ਤਰ੍ਹਾਂ ਜਿੱਤ ਸਕਦੇ ਹਾਂ?
22 ਯਿਸੂ ਨੇ ਪਰਾਈਆਂ ਕੌਮਾਂ ਦੇ ਲੋਕਾਂ ਅਤੇ ਮਸੂਲੀਆਂ ਨੂੰ ਸੁਧਰਨ ਦੇ ਅਯੋਗ ਨਹੀਂ ਸੀ ਸਮਝਿਆ। ਇਕ ਮਸੂਲੀਆ, ਮੱਤੀ ਲੇਵੀ, ਤੋਬਾ ਕਰ ਕੇ ਈਮਾਨਦਾਰੀ ਨਾਲ ‘ਯਿਸੂ ਮਗਰ ਤੁਰਿਆ,’ ਅਤੇ ਇਕ ਰਸੂਲ ਵਜੋਂ ਵੀ ਚੁਣਿਆ ਗਿਆ ਸੀ। (ਮਰਕੁਸ 2:15; ਲੂਕਾ 15:1) ਇਸ ਲਈ, ਜੇ ਅੱਜ ਕੋਈ ਪਾਪੀ ‘ਕਲੀਸਿਯਾ ਦੀ ਵੀ ਨਾ ਸੁਣਨ’ ਕਰਕੇ ਛੇਕਿਆ ਜਾਂਦਾ ਹੈ, ਤਾਂ ਅਸੀਂ ਉਡੀਕ ਕਰ ਸਕਦੇ ਹਾਂ ਕਿ ਉਹ ਸਮੇਂ ਆਉਣ ਤੇ ਤੋਬਾ ਕਰੇਗਾ ਅਤੇ ਸਿੱਧੇ ਰਾਹ ਤੇ ਪੈ ਜਾਵੇਗਾ। ਜਦੋਂ ਉਹ ਇਸ ਤਰ੍ਹਾਂ ਕਰ ਕੇ ਕਲੀਸਿਯਾ ਦਾ ਮੈਂਬਰ ਫਿਰ ਤੋਂ ਬਣ ਜਾਂਦਾ ਹੈ ਤਾਂ ਅਸੀਂ ਸੱਚੀ ਉਪਾਸਨਾ ਵਿਚ ਆਪਣੇ ਭਰਾ ਨੂੰ ਜਿੱਤ ਕੇ ਖ਼ੁਸ਼ ਹੋਵਾਂਗੇ।
[ਫੁਟਨੋਟ]
a ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਕਹਿੰਦਾ ਹੈ: “ਨਵੇਂ ਨੇਮ ਦੇ ਕਰ-ਅਧਿਕਾਰੀਆਂ [ਮਸੂਲੀਆਂ] ਨੂੰ ਧੋਖੇਬਾਜ਼ ਅਤੇ ਧਰਮ-ਤਿਆਗੀ ਸਮਝਿਆ ਜਾਂਦਾ ਸੀ। ਉਹ ਝੂਠੇ ਧਰਮ ਦੇ ਲੋਕਾਂ ਨਾਲ ਜ਼ਿਆਦਾ ਸੰਗਤ ਰੱਖ ਕੇ ਭ੍ਰਿਸ਼ਟ ਹੋ ਗਏ ਸਨ ਅਤੇ ਜ਼ਾਲਮ ਰੋਮੀਆਂ ਦੇ ਚਮਚੇ ਬਣ ਗਏ ਸਨ। ਉਹ ਪਾਪੀਆਂ ਵਿਚ ਗਿਣੇ ਜਾਂਦੇ ਸਨ . . . ਇਸ ਤਰ੍ਹਾਂ ਵੱਖਰੇ ਕੀਤੇ ਜਾਣ ਕਾਰਨ ਉਹ ਨੇਕ ਮਨੁੱਖਾਂ ਨਾਲ ਸੰਗਤ ਨਹੀਂ ਰੱਖਦੇ ਸਨ। ਇਸ ਲਈ ਇਨ੍ਹਾਂ ਮਸੂਲੀਆਂ ਦੇ ਦੋਸਤ-ਮਿੱਤਰ ਵੀ ਉਨ੍ਹਾਂ ਵਾਂਗ ਛੇਕੇ ਗਏ ਲੋਕ ਹੀ ਸਨ।”
b ਇਸ ਲਈ ਧੋਖੇ ਜਾਂ ਚਾਲਬਾਜ਼ੀ ਨਾਲ ਕੀਤੇ ਗਏ ਕਾਰੋਬਾਰ ਜਾਂ ਮਾਲੀ ਕੰਮਾਂ ਨੂੰ ਉਸ ਪਾਪ ਵਿਚ ਗਿਣਿਆ ਜਾ ਸਕਦਾ ਹੈ ਜਿਸ ਬਾਰੇ ਯਿਸੂ ਗੱਲ ਕਰ ਰਿਹਾ ਸੀ। ਮੱਤੀ 18:15-17 ਦੀ ਸਲਾਹ ਦੇਣ ਤੋਂ ਬਾਅਦ, ਯਿਸੂ ਨੇ ਇਕ ਮਿਸਾਲ ਵਜੋਂ ਨੌਕਰਾਂ (ਕਾਮਿਆਂ) ਦਾ ਦ੍ਰਿਸ਼ਟਾਂਤ ਦਿੱਤਾ ਸੀ ਜਿਨ੍ਹਾਂ ਨੇ ਕਰਜ਼ਾ ਲੈਣ ਤੋਂ ਬਾਅਦ ਵਾਪਸ ਨਹੀਂ ਸੀ ਕੀਤਾ।
c ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਗ਼ਲਤੀ ਕਰਨ ਵਾਲਾ ਕਿਸੇ ਇਕ ਜਣੇ ਨਾਲੋਂ, ਖ਼ਾਸ ਕਰਕੇ ਜੇ ਉਸ ਨਾਲ ਉਸ ਦੀ ਅਣਬਣ ਹੋਈ ਹੋਵੇ, ਦੋ ਜਾਂ ਤਿੰਨ ਜਣਿਆਂ ਦੀ ਗੱਲ ਮੰਨ ਲੈਂਦਾ ਹੈ (ਖ਼ਾਸ ਕਰਕੇ ਜੇ ਉਹ ਆਦਰਯੋਗ ਵਿਅਕਤੀ ਹੋਣ)।”
ਕੀ ਤੁਹਾਨੂੰ ਯਾਦ ਹੈ?
◻ ਮੱਤੀ 18:15-17 ਮੁੱਖ ਤੌਰ ਤੇ ਕਿਸ ਤਰ੍ਹਾਂ ਦੇ ਪਾਪ ਤੇ ਲਾਗੂ ਹੁੰਦਾ ਹੈ?
◻ ਜੇ ਸਾਨੂੰ ਪਹਿਲਾ ਕਦਮ ਚੁੱਕਣਾ ਪਵੇ ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
◻ ਜੇ ਸਾਨੂੰ ਦੂਸਰਾ ਕਦਮ ਚੁੱਕਣਾ ਪਵੇ ਤਾਂ ਸਾਡੀ ਮਦਦ ਕੌਣ ਕਰ ਸਕਦਾ ਹੈ?
◻ ਤੀਜੇ ਕਦਮ ਵਿਚ ਕੌਣ ਸ਼ਾਮਲ ਹਨ, ਅਤੇ ਅਸੀਂ ਆਪਣੇ ਭਰਾ ਨੂੰ ਹਾਲੇ ਵੀ ਕਿਸ ਤਰ੍ਹਾਂ ਜਿੱਤ ਸਕਦੇ ਹਾਂ?
[ਸਫ਼ੇ 18 ਉੱਤੇ ਤਸਵੀਰ]
ਯਹੂਦੀ ਮਸੂਲੀਆਂ ਨੂੰ ਰੱਦ ਕਰਦੇ ਸਨ। ਮੱਤੀ ਤੋਬਾ ਕਰ ਕੇ ਯਿਸੂ ਦੇ ਮਗਰ ਤੁਰਿਆ
[ਸਫ਼ੇ 20 ਉੱਤੇ ਤਸਵੀਰ]
ਅਸੀਂ ਅਕਸਰ “ਚਾਰ ਅੱਖਾਂ ਸਾਮ੍ਹਣੇ” ਮਾਮਲਾ ਸੁਲਝਾ ਸਕਦੇ ਹਾਂ