ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰ ਸਕਦੇ ਹੋ?
“ਮੈਂ ਮਿਸ਼ਨਰੀ ਕੰਮ ਵਿਚ ਹਿੱਸਾ ਲੈਣ ਦੇ ਹਮੇਸ਼ਾ ਸੁਪਨੇ ਦੇਖਦਾ ਹੁੰਦਾ ਸੀ। ਜਦੋਂ ਮੈਂ ਕੁਆਰਾ ਸੀ ਤਾਂ ਮੈਂ ਟੈਕਸਸ, ਅਮਰੀਕਾ ਵਿਚ ਸੇਵਾ ਕੀਤੀ, ਜਿੱਥੇ ਪ੍ਰਚਾਰਕਾਂ ਦੀ ਬਹੁਤ ਲੋੜ ਸੀ। ਵਿਆਹ ਤੋਂ ਬਾਅਦ ਮੈਂ ਆਪਣੀ ਪਤਨੀ ਦੇ ਨਾਲ ਉੱਥੇ ਸੇਵਾ ਕਰਦਾ ਰਿਹਾ। ਜਦੋਂ ਸਾਡੀ ਧੀ ਦਾ ਜਨਮ ਹੋਇਆ ਤਾਂ ਮੈਂ ਸੋਚਿਆ ਕਿ ‘ਮਿਸ਼ਨਰੀ ਬਣਨ ਦੇ ਮੇਰੇ ਅਰਮਾਨ ਹੁਣ ਕਦੀ ਵੀ ਪੂਰੇ ਨਹੀਂ ਹੋਣਗੇ।’ ਪਰ ਯਹੋਵਾਹ ਸੁਪਨੇ ਪੂਰੇ ਕਰਦਾ ਹੈ, ਖ਼ਾਸ ਕਰਕੇ ਜਦੋਂ ਉਹ ਉਸ ਦੀ ਇੱਛਾ ਅਨੁਸਾਰ ਹੁੰਦੇ ਹਨ।”—ਜੈਸੀ, ਜੋ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਇਕਵੇਡਾਰ ਵਿਚ ਸੇਵਾ ਕਰ ਰਿਹਾ ਹੈ।
“ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਗਿਲੀਅਡ ਮਿਸ਼ਨਰੀ ਸਕੂਲ ਦੀ ਟ੍ਰੇਨਿੰਗ ਤੋਂ ਬਗੈਰ ਮੈਂ ਵਿਦੇਸ਼ ਵਿਚ ਪਾਇਨੀਅਰੀ ਕਰ ਸਕਾਂਗੀ। ਜਦੋਂ ਮੈਂ ਆਪਣੀ ਇਕ ਬਾਈਬਲ ਵਿਦਿਆਰਥਣ ਨੂੰ ਮੀਟਿੰਗਾਂ ਵਿਚ ਹਿੱਸਾ ਲੈਂਦੀ ਜਾਂ ਪ੍ਰਚਾਰ ਕਰਦੀ ਦੇਖਿਆ ਤਾਂ ਮੈਨੂੰ ਬਹੁਤ ਖ਼ੁਸ਼ ਹੋਈ ਅਤੇ ਮੈਂ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਸ ਨੇ ਮੈਨੂੰ ਇਸ ਸੇਵਾ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਹੈ।”—ਕੈਰਨ, ਇਕ ਕੁਆਰੀ ਭੈਣ ਜਿਸ ਨੇ ਦੱਖਣੀ ਅਮਰੀਕਾ ਵਿਚ ਅੱਠਾਂ ਸਾਲਾਂ ਲਈ ਪਾਇਨੀਅਰੀ ਕੀਤੀ ਹੈ।
“ਅਮਰੀਕਾ ਵਿਚ 13 ਸਾਲਾਂ ਲਈ ਪਾਇਨੀਅਰੀ ਕਰਨ ਤੋਂ ਬਾਅਦ, ਮੈਂ ਅਤੇ ਮੇਰੀ ਪਤਨੀ ਨੇ ਕਿਸੇ ਨਵੇਂ ਖੇਤਰ ਵਿਚ ਕੰਮ ਕਰਨਾ ਚਾਹਿਆ। ਅਸੀਂ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਖ਼ੁਸ਼ ਹਾਂ; ਇਹ ਜੀਵਨ ਦਾ ਸੱਚ-ਮੁੱਚ ਸਭ ਤੋਂ ਵਧੀਆ ਰਾਹ ਹੈ।”—ਟੌਮ, ਜੋ ਕਿ ਆਪਣੀ ਪਤਨੀ, ਲਿੰਡਾ, ਨਾਲ ਐਮੇਜ਼ਨ ਖੇਤਰ ਵਿਚ ਪਾਇਨੀਅਰੀ ਕਰ ਰਿਹਾ ਹੈ।
ਕਦਰਦਾਨੀ ਦੀਆਂ ਇਹ ਗੱਲਾਂ ਉਨ੍ਹਾਂ ਲੋਕਾਂ ਦੁਆਰਾ ਕਹੀਆਂ ਗਈਆਂ ਸਨ ਜੋ ਆਪਣਿਆਂ ਹਾਲਾਤਾਂ ਦੇ ਕਾਰਨ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਟ੍ਰੇਨਿੰਗ ਨਹੀਂ ਹਾਸਲ ਕਰ ਸਕੇ ਸਨ। ਲੇਕਿਨ ਫਿਰ ਵੀ ਉਨ੍ਹਾਂ ਨੇ ਵਿਦੇਸ਼ ਵਿਚ ਸੇਵਾ ਕਰਨ ਦੀਆਂ ਖ਼ੁਸ਼ੀਆਂ ਅਤੇ ਚੁਣੌਤੀਆਂ ਅਨੁਭਵ ਕੀਤੀਆਂ ਹਨ। ਇਹ ਕਿਸ ਤਰ੍ਹਾਂ ਮੁਮਕਿਨ ਹੋਇਆ? ਕੀ ਤੁਸੀਂ ਇਸ ਤਰ੍ਹਾਂ ਦੀ ਸੇਵਾ ਕਰ ਸਕਦੇ ਹੋ?
ਸਹੀ ਇਰਾਦੇ ਦੀ ਜ਼ਰੂਰਤ
ਵਿਦੇਸ਼ ਵਿਚ ਸਫ਼ਲਤਾ ਪਾਉਣ ਲਈ ਸਾਨੂੰ ਇਸ ਨੂੰ ਸਿਰਫ਼ ਇਕ ਦਿਲਚਸਪ ਦੌਰਾ ਹੀ ਨਹੀਂ ਸਮਝਣਾ ਚਾਹੀਦਾ। ਜਿਹੜੇ ਵੀ ਇਸ ਕੰਮ ਵਿਚ ਦ੍ਰਿੜ੍ਹ ਰਹੇ ਹਨ ਉਨ੍ਹਾਂ ਨੇ ਇਸ ਨੂੰ ਸਹੀ ਇਰਾਦੇ ਨਾਲ ਕੀਤਾ ਹੈ। ਪੌਲੁਸ ਰਸੂਲ ਵਾਂਗ, ਉਹ ਆਪਣੇ ਆਪ ਨੂੰ ਨਾ ਸਿਰਫ਼ ਪਰਮੇਸ਼ੁਰ ਦੇ, ਪਰ ਮਨੁੱਖਾਂ ਦੇ ਵੀ ਕਰਜ਼ਦਾਰ ਸਮਝਦੇ ਹਨ। (ਰੋਮੀਆਂ 1:14) ਉਹ ਆਪਣੇ ਹੀ ਦੇਸ਼ ਵਿਚ ਸੇਵਕਾਈ ਕਰ ਕੇ ਪ੍ਰਚਾਰ ਕਰਨ ਦੇ ਈਸ਼ਵਰੀ ਹੁਕਮ ਨੂੰ ਪੂਰਾ ਕਰ ਸਕਦੇ ਸਨ। (ਮੱਤੀ 24:14) ਪਰ ਉਹ ਆਪਣੇ ਆਪ ਨੂੰ ਕਰਜ਼ਾਈ ਸਮਝਣ ਕਰਕੇ ਉਨ੍ਹਾਂ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਮਜਬੂਰ ਸਨ ਜਿਨ੍ਹਾਂ ਨੂੰ ਆਮ ਤੌਰ ਤੇ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਨਹੀਂ ਮਿਲਦਾ।
ਜ਼ਿਆਦਾ ਸਫ਼ਲ ਖੇਤਰ ਵਿਚ ਕੰਮ ਕਰਨ ਦੀ ਇੱਛਾ ਇਕ ਹੋਰ ਚੰਗਾ ਕਾਰਨ ਹੈ। ਜੇ ਕੋਈ ਮਛਿਆਰਾ ਬਹੁਤੀਆਂ ਮੱਛੀਆਂ ਫੜ ਰਿਹਾ ਹੋਵੇ ਤਾਂ ਕੀ ਅਸੀਂ ਛੱਪਰ ਵਿਚ ਉਸ ਜਗ੍ਹਾ ਦੇ ਨੇੜੇ ਜਾਣ ਦੀ ਕੋਸ਼ਿਸ਼ ਨਹੀਂ ਕਰਾਂਗੇ? ਇਸੇ ਤਰ੍ਹਾਂ, ਦੂਸਰਿਆਂ ਦੇਸ਼ਾਂ ਵਿਚ ਵਾਧੇ ਦੀਆਂ ਉਤਸ਼ਾਹਿਤ ਕਰਨ ਵਾਲੀਆਂ ਖ਼ਬਰਾਂ ਨੇ ਕਈਆਂ ਨੂੰ ਉੱਥੇ ਜਾਣ ਲਈ ਹੌਸਲਾ ਦਿੱਤਾ ਹੈ ਜਿੱਥੇ “ਬਹੁਤ ਸਾਰੀਆਂ ਮੱਛੀਆਂ” ਹਨ।—ਲੂਕਾ 5:4-10.
ਖ਼ਰਚੇ ਦਾ ਅੰਦਾਜ਼ਾ ਲਗਾਓ
ਕਈ ਦੇਸ਼ਾਂ ਵਿਚ ਬਾਹਰੋਂ ਆਏ ਧਾਰਮਿਕ ਵਾਲੰਟੀਅਰਾਂ ਨੂੰ ਕੋਈ ਕੰਮ-ਧੰਦਾ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਇਸ ਲਈ ਜਿਹੜੇ ਲੋਕ ਵਿਦੇਸ਼ ਵਿਚ ਸੇਵਾ ਕਰਨੀ ਚਾਹੁੰਦੇ ਹਨ ਉਨ੍ਹਾਂ ਨੂੰ ਅਕਸਰ ਪੈਸਿਆਂ ਦਾ ਪ੍ਰਬੰਧ ਖ਼ੁਦ ਕਰਨਾ ਪੈਂਦਾ ਹੈ। ਪੈਸਿਆਂ ਦੀ ਇਸ ਚੁਣੌਤੀ ਦਾ ਕਿਸ ਤਰ੍ਹਾਂ ਸਾਮ੍ਹਣਾ ਕੀਤਾ ਗਿਆ ਹੈ? ਕਈਆਂ ਨੇ ਆਪਣੇ ਘਰ ਵੇਚ ਕੇ ਜਾਂ ਕਿਰਾਏ ਤੇ ਚੜ੍ਹਾ ਕੇ ਲੋੜੀਂਦੇ ਪੈਸੇ ਜਮ੍ਹਾ ਕੀਤੇ ਹਨ। ਦੂਸਰਿਆਂ ਨੇ ਆਪਣੇ ਕਾਰੋਬਾਰ ਵੇਚੇ ਹਨ। ਕਈਆਂ ਨੇ ਆਪਣਾ ਟੀਚਾ ਹਾਸਲ ਕਰਨ ਲਈ ਪੈਸੇ ਜੋੜੇ ਹਨ। ਅਤੇ ਕਈ ਹੋਰ ਭੈਣ-ਭਰਾ ਵਿਦੇਸ਼ ਵਿਚ ਇਕ-ਦੋ ਸਾਲ ਸੇਵਾ ਕਰ ਕੇ ਘਰ ਵਾਪਸ ਆ ਜਾਂਦੇ ਹਨ, ਤਾਂਕਿ ਉਹ ਪੈਸੇ ਕਮਾ ਕੇ ਫਿਰ ਸੇਵਾ ਕਰਨ ਲਈ ਵਾਪਸ ਜਾ ਸਕਣ।
ਕਿਸੇ ਗ਼ਰੀਬ ਦੇਸ਼ ਨੂੰ ਜਾਣ ਦਾ ਇਕ ਵੱਡਾ ਫ਼ਾਇਦਾ ਇਹ ਹੈ ਕਿ ਅਜਿਹੇ ਦੇਸ਼ ਵਿਚ ਆਪਣਾ ਗੁਜ਼ਾਰਾ ਤੋਰਨਾ ਅਕਸਰ ਅਮੀਰ ਦੇਸ਼ਾਂ ਨਾਲੋਂ ਕਾਫ਼ੀ ਸੌਖਾ ਹੁੰਦਾ ਹੈ। ਇਸ ਕਾਰਨ ਕਈ ਆਮ ਪੈਨਸ਼ਨ ਤੇ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕੇ ਹਨ। ਲੇਕਿਨ, ਇਕ ਵਿਅਕਤੀ ਦਾ ਖ਼ਰਚਾ ਇਸ ਗੱਲ ਉੱਤੇ ਕਾਫ਼ੀ ਨਿਰਭਰ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਜੀਵਨ ਚਾਹੁੰਦਾ ਹੈ। ਗ਼ਰੀਬ ਦੇਸ਼ਾਂ ਵਿਚ ਵੀ ਰਹਿਣ ਵਾਸਤੇ ਬਹੁਤ ਹੀ ਸੋਹਣੇ ਥਾਂ ਮਿਲ ਸਕਦੇ ਹਨ ਲੇਕਿਨ ਇਹ ਅਕਸਰ ਜ਼ਿਆਦਾ ਮਹਿੰਗੇ ਹੁੰਦੇ ਹਨ।
ਇਹ ਗੱਲ ਸਾਫ਼ ਹੈ ਕਿ ਦੇਸ਼ ਬਦਲਣ ਤੋਂ ਪਹਿਲਾਂ ਖ਼ਰਚੇ ਦਾ ਅੰਦਾਜ਼ਾ ਲਗਾਉਣਾ ਜ਼ਰੂਰੀ ਹੈ। ਲੇਕਿਨ, ਪੈਸਿਆਂ ਦਾ ਅੰਦਾਜ਼ਾ ਲਗਾਉਣ ਤੋਂ ਇਲਾਵਾ ਹੋਰ ਬਹੁਤ ਕੁਝ ਸ਼ਾਮਲ ਹੈ। ਸਾਨੂੰ ਸ਼ਾਇਦ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਗੱਲਾਂ ਤੋਂ ਕੁਝ ਮਦਦ ਮਿਲੇ ਜਿਨ੍ਹਾਂ ਨੇ ਦੱਖਣੀ ਅਮਰੀਕਾ ਵਿਚ ਸੇਵਾ ਕੀਤੀ ਹੈ।
ਸਭ ਤੋਂ ਵੱਡੀ ਚੁਣੌਤੀ
ਫਿਨਲੈਂਡ ਤੋਂ ਮਾਰਕੂ ਯਾਦ ਕਰਦਾ ਹੈ ਕਿ “ਸਪੇਨੀ ਭਾਸ਼ਾ ਸਿੱਖਣੀ ਮੇਰੇ ਲਈ ਬਹੁਤ ਔਖੀ ਸੀ। ਕਿਉਂਕਿ ਮੈਨੂੰ ਇਹ ਭਾਸ਼ਾ ਨਹੀਂ ਆਉਂਦੀ ਸੀ ਮੈਂ ਸੋਚਿਆ ਕਿ ਸਹਾਇਕ ਸੇਵਕ ਵਜੋਂ ਮੈਂ ਹਾਲੇ ਸੇਵਾ ਨਹੀਂ ਕਰ ਸਕਾਂਗਾ। ਮੈਂ ਬਹੁਤ ਹੀ ਹੈਰਾਨ ਹੋਇਆ ਜਦੋਂ ਸਿਰਫ਼ ਦੋ ਮਹੀਨਿਆਂ ਬਾਅਦ ਮੈਨੂੰ ਬੁੱਕ ਸਟੱਡੀ ਕਰਵਾਉਣ ਲਈ ਕਿਹਾ ਗਿਆ! ਜੀ ਹਾਂ, ਗ਼ਲਤ ਗੱਲਾਂ ਕਹਿਣ ਕਰਕੇ ਕਈ ਵਾਰ ਮੈਨੂੰ ਬਹੁਤ ਸ਼ਰਮ ਵੀ ਆਈ। ਮੇਰੇ ਵਾਸਤੇ ਖ਼ਾਸ ਕਰਕੇ ਭੈਣਾਂ-ਭਰਾਵਾਂ ਦੇ ਨਾਂ ਕਹਿਣੇ ਔਖੇ ਸਨ। ਇਕ ਦਿਨ ਮੈਂ ਭਰਾ ਸਾਨਚੋ ਨੂੰ ‘ਭਰਾ ਚਾਨਚੋ (ਸੂਰ)’ ਕਹਿ ਦਿੱਤਾ ਅਤੇ ਉਹ ਦਿਨ ਮੈਂ ਕਦੀ ਨਹੀਂ ਭੁੱਲਾਂਗਾ ਜਦੋਂ ਮੈਂ ਭੈਣ ਸਾਲਾਮੇਆ ਨੂੰ ‘ਮਾਲਾਸੇਆ (ਦੁਸ਼ਟ)’ ਸੱਦਿਆ। ਸ਼ੁਕਰ ਹੈ ਕਿ ਭੈਣ-ਭਰਾ ਬਹੁਤ ਹੀ ਧੀਰਜਵਾਨ ਸਨ।” ਮਾਰਕੂ ਨੇ ਆਖ਼ਰਕਾਰ ਆਪਣੀ ਪਤਨੀ, ਸਲੀਨ, ਨਾਲ ਉਸ ਦੇਸ਼ ਵਿਚ ਸਰਕਟ ਨਿਗਾਹਬਾਨ ਵਜੋਂ ਅੱਠਾਂ ਸਾਲਾਂ ਲਈ ਸੇਵਾ ਕੀਤੀ।
ਸ਼ੁਰੂ ਵਿਚ ਅਸੀਂ ਜੈਸੀ ਦਾ ਜ਼ਿਕਰ ਕੀਤਾ ਸੀ, ਉਸ ਦੀ ਪਤਨੀ ਕਰਿਸ ਯਾਦ ਕਰਦੀ ਹੈ: “ਮੈਨੂੰ ਸਰਕਟ ਨਿਗਾਹਬਾਨ ਦੀ ਪਹਿਲੀ ਮੁਲਾਕਾਤ ਯਾਦ ਹੈ ਜੋ ਸਾਡੇ ਇਕਵੇਡਾਰ ਜਾਣ ਤੋਂ ਤਿੰਨ ਕੁ ਮਹੀਨੇ ਬਾਅਦ ਹੋਈ। ਮੈਨੂੰ ਪਤਾ ਸੀ ਕਿ ਭਰਾ ਆਪਣੇ ਭਾਸ਼ਣ ਵਿਚ ਦ੍ਰਿਸ਼ਟਾਂਤ ਇਸਤੇਮਾਲ ਕਰ ਰਿਹਾ ਸੀ ਅਤੇ ਸਾਡੇ ਦਿਲਾਂ ਨੂੰ ਛੋਹਣ ਲਈ ਬਹੁਤ ਹੀ ਸੋਹਣੀ ਗੱਲ ਕਹਿ ਰਿਹਾ ਸੀ, ਪਰ ਮੈਂ ਸਮਝ ਨਾ ਸਕੀ। ਉੱਥੇ ਕਿੰਗਡਮ ਹਾਲ ਵਿਚ ਹੀ ਮੈਂ ਰੋਣ ਲੱਗ ਪਈ। ਇਹ ਇਕ-ਦੋ ਕੁ ਹੰਝੂ ਹੀ ਨਹੀਂ ਸਨ; ਮੈਂ ਫੁੱਟ-ਫੁੱਟ ਕੇ ਰੋ ਰਹੀ ਸੀ। ਸਭਾ ਤੋਂ ਬਾਅਦ ਮੈਂ ਆਪਣੇ ਰੋਣ ਦੀ ਵਜ੍ਹਾ ਸਰਕਟ ਨਿਗਾਹਬਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਬਹੁਤ ਹੀ ਹਮਦਰਦੀ ਦਿਖਾਈ ਅਤੇ ਉਸ ਨੇ ਮੈਨੂੰ ਉਹੀ ਕਿਹਾ ਜੋ ਬਾਕੀ ਸਾਰੇ ਮੈਨੂੰ ਕਹਿੰਦੇ ਸਨ, ‘ਟੇਨ ਪੈਸੀਐਨਸੀਆ ਅਰਮਾਨਾ’ (‘ਭੈਣ ਜੀ, ਧੀਰਜ ਰੱਖ’)। ਦੋ-ਤਿੰਨ ਸਾਲ ਬਾਅਦ ਸਾਡੀ ਉਸ ਭਰਾ ਨਾਲ ਫਿਰ ਮੁਲਾਕਾਤ ਹੋਈ ਅਤੇ ਅਸੀਂ ਉਸ ਨਾਲ 45 ਮਿੰਟਾਂ ਲਈ ਗੱਲਾਂ ਕੀਤੀਆਂ। ਅਸੀਂ ਖ਼ੁਸ਼ ਸਨ ਕਿ ਅਸੀਂ ਇਕ ਦੂਜੇ ਨਾਲ ਗੱਲਬਾਤ ਕਰ ਸਕਦੇ ਸਨ।”
ਇਕ ਹੋਰ ਭਰਾ ਕਹਿੰਦਾ ਹੈ ਕਿ “ਅਧਿਐਨ ਕਰਨਾ ਬਹੁਤ ਹੀ ਜ਼ਰੂਰੀ ਹੈ। ਭਾਸ਼ਾ ਨੂੰ ਸਿੱਖਣ ਵਿਚ ਜਿੰਨੀ ਜ਼ਿਆਦਾ ਮਿਹਨਤ ਅਸੀਂ ਕਰਦੇ ਹਾਂ ਉੱਨੀ ਹੀ ਜ਼ਿਆਦਾ ਸਾਡੀ ਗੱਲਬਾਤ ਕਰਨ ਦੀ ਯੋਗਤਾ ਵਧੇਗੀ।”
ਸਾਰੇ ਸਹਿਮਤ ਹੁੰਦੇ ਹਨ ਕਿ ਅਜਿਹੇ ਜਤਨ ਕਈ ਬਰਕਤਾਂ ਲਿਆਉਂਦੇ ਹਨ। ਜਦੋਂ ਕੋਈ ਵਿਅਕਤੀ ਇਕ ਨਵੀਂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਚ ਨਿਮਰਤਾ, ਧੀਰਜ, ਅਤੇ ਦ੍ਰਿੜ੍ਹਤਾ ਦੇ ਗੁਣ ਵਧਦੇ ਹਨ। ਦੂਸਰਿਆਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਵਧੀਆ ਮੌਕਾ ਮਿਲਦਾ ਹੈ। ਮਿਸਾਲ ਲਈ, ਸਪੇਨੀ ਭਾਸ਼ਾ ਸਿੱਖਣ ਦੁਆਰਾ ਤੁਸੀਂ ਦੁਨੀਆਂ ਭਰ ਵਿਚ ਸਪੇਨੀ ਬੋਲਣ ਵਾਲਿਆਂ 4 ਕਰੋੜ ਲੋਕਾਂ ਨਾਲ ਗੱਲ ਕਰ ਸਕਦੇ ਹੋ। ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਦੇਸ਼ ਵਾਪਸ ਮੁੜਨਾ ਪਿਆ ਹੈ ਉਨ੍ਹਾਂ ਵਿੱਚੋਂ ਕਈਆਂ ਨੇ ਭਾਸ਼ਾ ਦੀ ਆਪਣੀ ਯੋਗਤਾ ਉਨ੍ਹਾਂ ਲੋਕਾਂ ਦੀ ਮਦਦ ਕਰਨ ਵਿਚ ਵਰਤੀ ਹੈ ਜਿਨ੍ਹਾਂ ਦੀ ਮਾਂ ਬੋਲੀ ਸਪੇਨੀ ਹੈ।
ਜਦੋਂ ਜੀ ਨਾ ਲੱਗੇ
ਡੈਬਰਾ ਜਿਸ ਨੇ ਆਪਣੇ ਪਤੀ ਗੈਰੀ ਨਾਲ ਐਮੇਜ਼ਨ ਖੇਤਰ ਵਿਚ ਸੇਵਾ ਕੀਤੀ ਸੀ ਯਾਦ ਕਰਦੀ ਹੈ ਕਿ “ਜਦੋਂ ਅਸੀਂ 1989 ਵਿਚ ਇਕਵੇਡਾਰ ਨੂੰ ਆਏ ਸੀ ਤਾਂ ਮੇਰਾ ਜੀ ਨਹੀਂ ਲੱਗਦਾ ਹੁੰਦਾ ਸੀ। ਮੈਂ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਸਹਾਰਾ ਲੈਣਾ ਸਿੱਖਿਆ। ਉਹ ਮੇਰਾ ਪਰਿਵਾਰ ਬਣ ਗਏ।”
ਕੈਰਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਕਿਹਾ: “ਮੈਂ ਰੋਜ਼ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦੁਆਰਾ ਆਪਣੀ ਉਦਾਸੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ ਤਰ੍ਹਾਂ ਮੈਂ ਹਰ ਵੇਲੇ ਘਰ ਬਾਰੇ ਨਹੀਂ ਸੋਚਦੀ। ਮੈਂ ਇਹ ਵੀ ਯਾਦ ਰੱਖਿਆ ਕਿ ਵਿਦੇਸ਼ ਵਿਚ ਮੇਰੀ ਸੇਵਾ ਦੇ ਕਾਰਨ ਘਰ ਮੇਰੇ ਮਾਪੇ ਬਹੁਤ ਖ਼ੁਸ਼ ਹਨ। ਮੇਰੀ ਮੰਮੀ ਨੇ ਇਹ ਗੱਲ ਕਹਿ ਕੇ ਮੇਰਾ ਹੌਸਲਾ ਹਮੇਸ਼ਾ ਵਧਾਇਆ ਕਿ ‘ਮੇਰੇ ਨਾਲੋਂ ਜ਼ਿਆਦਾ ਯਹੋਵਾਹ ਤੇਰੀ ਦੇਖ-ਭਾਲ ਕਰ ਸਕਦਾ ਹੈ।’”
ਜਪਾਨ ਤੋਂ ਮਾਕੀਕੋ ਹਾਸੇ ਵਿਚ ਕਹਿੰਦੀ ਹੈ: “ਪੂਰਾ ਦਿਨ ਪ੍ਰਚਾਰ ਦੇ ਕੰਮ ਵਿਚ ਗੁਜ਼ਾਰਨ ਤੋਂ ਬਾਅਦ ਮੈਂ ਬਹੁਤ ਥੱਕ ਜਾਂਦੀ ਹਾਂ। ਇਸ ਲਈ ਜਦੋਂ ਮੈਂ ਘਰ ਪਹੁੰਚਦੀ ਹਾਂ ਅਤੇ ਉਦਾਸ ਹੋ ਜਾਂਦੀ ਹਾਂ ਤਾਂ ਅਕਸਰ ਮੈਨੂੰ ਨੀਂਦ ਆ ਜਾਂਦੀ ਹੈ। ਇਸ ਲਈ ਮੇਰੀ ਉਦਾਸੀ ਬਹੁਤ ਚਿਰ ਨਹੀਂ ਰਹਿੰਦੀ।”
ਬੱਚਿਆਂ ਬਾਰੇ ਕੀ?
ਜਦੋਂ ਬੱਚੇ ਹੁੰਦੇ ਹਨ ਤਾਂ ਉਨ੍ਹਾਂ ਦੀਆਂ ਜ਼ਰੂਰਤਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ, ਜਿਵੇਂ ਕਿ ਉਨ੍ਹਾਂ ਦੀ ਪੜ੍ਹਾਈ-ਲਿਖਾਈ। ਇਸ ਮਾਮਲੇ ਵਿਚ ਕਈਆਂ ਨੇ ਆਪਣਿਆਂ ਬੱਚਿਆਂ ਨੂੰ ਘਰ ਪੜ੍ਹਾਉਣ ਦੀ ਚੋਣ ਕੀਤੀ ਹੈ ਜਦ ਕਿ ਦੂਸਰਿਆਂ ਨੇ ਉਨ੍ਹਾਂ ਨੂੰ ਸਕੂਲਾਂ ਵਿਚ ਦਾਖ਼ਲ ਕਰਾਇਆ ਹੈ।
ਐਲ, ਆਪਣੀ ਪਤਨੀ, ਦੋ ਬੱਚਿਆਂ ਅਤੇ ਮਾਤਾ ਜੀ ਨਾਲ ਦੱਖਣੀ ਅਮਰੀਕਾ ਚਲਾ ਗਿਆ ਸੀ। ਉਸ ਨੇ ਕਿਹਾ: “ਅਸੀਂ ਦੇਖਿਆ ਕਿ ਬੱਚਿਆਂ ਨੂੰ ਸਕੂਲ ਵਿਚ ਦਾਖ਼ਲ ਕਰਨ ਨਾਲ ਉਨ੍ਹਾਂ ਨੂੰ ਭਾਸ਼ਾ ਜਲਦੀ ਸਿੱਖਣ ਵਿਚ ਬਹੁਤ ਮਦਦ ਮਿਲੀ। ਤਿੰਨਾਂ ਮਹੀਨਿਆਂ ਦੇ ਅੰਦਰ-ਅੰਦਰ ਉਹ ਸਾਫ਼ ਤਰ੍ਹਾਂ ਬੋਲਣ ਲੱਗ ਪਏ।” ਦੂਸਰੇ ਪਾਸੇ, ਮਾਇਕ ਅਤੇ ਕੈਰੀ ਦੇ ਦੋ ਜਵਾਨ ਮੁੰਡੇ ਡਾਕ ਰਾਹੀਂ ਸਿਖਾਉਣ ਵਾਲੇ ਇਕ ਚੰਗੇ ਸਕੂਲ ਵਿਚ ਕੋਰਸ ਕਰਦੇ ਹਨ। ਉਹ ਕਹਿੰਦੇ ਹਨ: “ਸਾਨੂੰ ਪਤਾ ਲੱਗਾ ਕਿ ਇਸ ਕੋਰਸ ਦਾ ਕੰਮ ਸਿਰਫ਼ ਸਾਡੇ ਬੱਚਿਆਂ ਦੇ ਜ਼ਿੰਮੇ ਨਹੀਂ ਸੀ। ਸਾਨੂੰ ਵੀ ਕੋਰਸ ਵਿਚ ਹਿੱਸਾ ਲੈਣ ਦੀ ਜ਼ਰੂਰਤ ਸੀ ਅਤੇ ਖ਼ਿਆਲ ਰੱਖਣ ਦੀ ਜ਼ਰੂਰਤ ਸੀ ਕਿ ਮੁੰਡੇ ਸਮੇਂ ਸਿਰ ਕੋਰਸ ਦਾ ਕੰਮ ਪੂਰਾ ਕਰ ਰਹੇ ਸਨ ਕਿ ਨਹੀਂ।”
ਆਸਟ੍ਰੇਲੀਆ ਤੋਂ ਡੇਵਿਡ ਅਤੇ ਜਨੀਟਾ ਆਪਣਿਆਂ ਦੋ ਮੁੰਡਿਆਂ ਬਾਰੇ ਦੱਸਦੇ ਹਨ। “ਅਸੀਂ ਚਾਹੁੰਦੇ ਸੀ ਕਿ ਸਾਡੇ ਮੁੰਡੇ ਖ਼ੁਦ ਦੇਖਣ ਕਿ ਦੂਸਰੇ ਲੋਕ ਕਿਸ ਤਰ੍ਹਾਂ ਜੀਉਂਦੇ ਹਨ। ਇਹ ਸੋਚਣਾ ਸੌਖਾ ਹੈ ਕਿ ਸਾਰੇ ਲੋਕ ਸਾਡੇ ਵਰਗਾ ਜੀਵਨ ਗੁਜ਼ਾਰਦੇ ਹਨ, ਪਰ ਅਸਲ ਵਿਚ ਦੁਨੀਆਂ ਦੇ ਬਹੁਤ ਘੱਟ ਲੋਕੀ ਇਸ ਤਰ੍ਹਾਂ ਜੀਉਂਦੇ ਹਨ। ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਪਰਮੇਸ਼ੁਰੀ ਸਿਧਾਂਤ ਦੁਨੀਆਂ ਭਰ ਹਰ ਦੇਸ਼ ਅਤੇ ਸਭਿਆਚਾਰ ਵਿਚ ਕਿਸ ਤਰ੍ਹਾਂ ਲਾਗੂ ਹੁੰਦੇ ਹਨ।”
“ਮੈਂ ਸਿਰਫ਼ ਚਾਰ ਸਾਲਾਂ ਦਾ ਸੀ ਜਦੋਂ ਮੇਰਾ ਪਰਿਵਾਰ 1969 ਵਿਚ ਇੰਗਲੈਂਡ ਛੱਡ ਕਿ ਵਿਦੇਸ਼ ਚਲਾ ਗਿਆ,” ਕੈਨ ਚੇਤੇ ਕਰਦਾ ਹੈ। “ਭਾਵੇਂ ਕਿ ਮੈਂ ਨਿਰਾਸ਼ ਸੀ ਕਿ ਮੇਰੇ ਸੁਪਨੇ ਅਨੁਸਾਰ ਅਸੀਂ ਘਾਹ ਦੀ ਛੱਤ ਵਾਲੀ ਮਿੱਟੀ ਦੀ ਬਣੀ ਝੌਂਪੜੀ ਵਿਚ ਨਹੀਂ ਰਹਿੰਦੇ ਸਨ, ਮੈਂ ਅਹਿਸਾਸ ਕੀਤਾ ਕਿ ਮੇਰਾ ਪਾਲਣ-ਪੋਸਣ ਕਿਸੇ ਵੀ ਹੋਰ ਬੱਚੇ ਨਾਲੋਂ ਸਭ ਤੋਂ ਵਧੀਆ ਅਤੇ ਦਿਲਚਸਪ ਸੀ। ਉਨ੍ਹਾਂ ਬੱਚਿਆਂ ਉੱਤੇ ਮੈਨੂੰ ਹਮੇਸ਼ਾ ਤਰਸ ਆਉਂਦਾ ਸੀ ਜਿਨ੍ਹਾਂ ਨੂੰ ਅਜਿਹਾ ਮੌਕਾ ਨਹੀਂ ਮਿਲਿਆ! ਮਿਸ਼ਨਰੀਆਂ ਅਤੇ ਖ਼ਾਸ ਪਾਇਨੀਅਰਾਂ ਨਾਲ ਚੰਗੀ ਸੰਗਤ ਰੱਖਣ ਦੇ ਕਾਰਨ, ਮੈਂ ਨੌਂ ਸਾਲਾਂ ਦੀ ਉਮਰ ਤੋਂ ਸਹਿਯੋਗੀ ਪਾਇਨੀਅਰੀ ਕਰਨ ਲੱਗ ਪਿਆ।” ਕੈਨ ਹੁਣ ਇਕ ਸਫ਼ਰੀ ਨਿਗਾਹਬਾਨ ਹੈ।
ਜੈਸੀ ਦੀ ਧੀ ਗੈਬਰੀਐਲਾ ਸਵੀਕਾਰ ਕਰਦੀ ਹੈ ਕਿ “ਇਕਵੇਡਾਰ ਹੁਣ ਸੱਚ-ਮੁੱਚ ਸਾਡਾ ਘਰ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੇ ਮਾਪਿਆਂ ਨੇ ਇੱਥੇ ਆਉਣ ਦਾ ਫ਼ੈਸਲਾ ਕੀਤਾ।”
ਦੂਸਰੇ ਪਾਸੇ ਅਜਿਹੇ ਬੱਚੇ ਵੀ ਹਨ ਜਿਨ੍ਹਾਂ ਨੂੰ ਕਈ ਵੱਖਰੇ-ਵੱਖਰੇ ਕਾਰਨਾਂ ਕਰਕੇ ਜਗ੍ਹਾ ਪਸੰਦ ਨਹੀਂ ਆਈ ਅਤੇ ਇਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਿਆ। ਇਸ ਲਈ ਦੇਸ਼ ਬਦਲਣ ਤੋਂ ਪਹਿਲਾਂ ਉੱਥੇ ਜਾ ਕੇ ਦੇਖਣ ਦੀ ਸਲਾਹ ਦਿੱਤੀ ਗਈ ਹੈ। ਇਸ ਤਰ੍ਹਾਂ ਫ਼ੈਸਲੇ ਆਪਣੀ ਜਾਣਕਾਰੀ ਅਨੁਸਾਰ ਕੀਤੇ ਜਾ ਸਕਦੇ ਹਨ।
ਵਿਦੇਸ਼ ਜਾਣ ਦੀਆਂ ਬਰਕਤਾਂ
ਸੱਚ-ਮੁੱਚ, ਵਿਦੇਸ਼ੀ ਖੇਤਰ ਵਿਚ ਸੇਵਾ ਕਰਨ ਵਿਚ ਕਈ ਚੁਣੌਤੀਆਂ ਅਤੇ ਕੁਰਬਾਨੀਆਂ ਸ਼ਾਮਲ ਹੁੰਦੀਆਂ ਹਨ। ਕੀ ਇਹ ਉਨ੍ਹਾਂ ਲਈ, ਜਿਨ੍ਹਾਂ ਨੇ ਬਦਲੀ ਕੀਤੀ ਹੈ, ਫ਼ਾਇਦੇਮੰਦ ਸਾਬਤ ਹੋਇਆ ਹੈ? ਆਓ ਉਨ੍ਹਾਂ ਦੀਆਂ ਗੱਲਾਂ ਸੁਣੀਏ।
ਜੈਸੀ: “ਅੰਬਾਟੋ ਸ਼ਹਿਰ ਵਿਚ ਰਹਿੰਦਿਆਂ ਇਨ੍ਹਾਂ ਦਸ ਸਾਲਾਂ ਦੌਰਾਨ ਅਸੀਂ ਕਲੀਸਿਯਾਵਾਂ ਦੀ ਗਿਣਤੀ 2 ਤੋਂ 11 ਤਕ ਵਧਦੀ ਦੇਖੀ ਹੈ। ਸਾਨੂੰ ਉਨ੍ਹਾਂ ਵਿੱਚੋਂ ਪੰਜ ਕਲੀਸਿਯਾਵਾਂ ਨੂੰ ਸ਼ੁਰੂ ਕਰਨ ਦਾ ਸਨਮਾਨ ਮਿਲਿਆ ਹੈ ਅਤੇ ਅਸੀਂ ਦੋ ਕਿੰਗਡਮ ਹਾਲਾਂ ਦੀ ਉਸਾਰੀ ਵਿਚ ਹਿੱਸਾ ਲਿਆ ਹੈ। ਸਾਨੂੰ ਇਹ ਵੀ ਖ਼ੁਸ਼ੀ ਮਿਲੀ ਹੈ ਕਿ ਅਸੀਂ ਹਰ ਸਾਲ ਤਕਰੀਬਨ ਦੋ ਵਿਅਕਤੀਆਂ ਨੂੰ ਬਪਤਿਸਮੇ ਤਕ ਪਹੁੰਚਣ ਵਿਚ ਮਦਦ ਦੇ ਸਕੇ ਹਾਂ। ਮੈਂ ਸਿਰਫ਼ ਇਕ ਗੱਲ ਦਾ ਅਫ਼ਸੋਸ ਕਰਦਾ ਹਾਂ ਕਿ ਮੈਂ ਇੱਥੇ ਦਸ ਸਾਲ ਪਹਿਲਾਂ ਨਹੀਂ ਆਇਆ।”
ਲਿੰਡਾ: “ਜਦੋਂ ਲੋਕ ਖ਼ੁਸ਼ ਖ਼ਬਰੀ ਦੀ ਅਤੇ ਸਾਡੇ ਜਤਨਾਂ ਦੀ ਕਦਰ ਕਰਦੇ ਹਨ ਸਾਨੂੰ ਬਹੁਤ ਹੀ ਹੌਸਲਾ ਮਿਲਦਾ ਹੈ। ਮਿਸਾਲ ਲਈ, ਜੰਗਲ ਦੇ ਇਕ ਛੋਟੇ ਨਗਰ ਵਿਚ, ਆਲਫੋਨਸੋ ਨਾਂ ਦੇ ਇਕ ਬਾਈਬਲ ਸਿੱਖਿਆਰਥੀ ਨੇ ਅਹਿਸਾਸ ਕੀਤਾ ਕਿ ਇਹ ਬਹੁਤ ਲਾਭਦਾਇਕ ਹੋਵੇਗਾ ਜੇ ਉਸ ਦੇ ਇਲਾਕੇ ਵਿਚ ਪਬਲਿਕ ਭਾਸ਼ਣ ਦਿੱਤੇ ਜਾਣ। ਉਹ ਥੋੜ੍ਹੇ ਹੀ ਚਿਰ ਪਹਿਲਾਂ, ਲੱਕੜੀ ਦੇ ਬਣਾਏ ਹੋਏ ਆਪਣੇ ਨਵੇਂ ਘਰ ਵਿਚ ਰਹਿਣ ਲੱਗਾ ਸੀ। ਪਿੰਡ ਵਿਚ ਅਜਿਹੇ ਇਕ-ਦੋ ਹੀ ਘਰ ਸਨ। ਇਹ ਫ਼ੈਸਲਾ ਕਰਦੇ ਹੋਏ ਕਿ ਸਾਰੇ ਨਗਰ ਵਿੱਚੋਂ ਸਿਰਫ਼ ਇਹੀ ਮਕਾਨ ਯਹੋਵਾਹ ਦੀ ਉਪਾਸਨਾ ਕਰਨ ਲਈ ਯੋਗ ਸੀ, ਉਹ ਘਾਹ ਦੀ ਆਪਣੀ ਝੌਂਪੜੀ ਵਿਚ ਮੁੜ ਕੇ ਚਲਾ ਗਿਆ ਅਤੇ ਉਸ ਨੇ ਆਪਣਾ ਘਰ ਭਰਾਵਾਂ ਨੂੰ ਕਿੰਗਡਮ ਹਾਲ ਵਜੋਂ ਵਰਤਣ ਲਈ ਦੇ ਦਿੱਤਾ।”
ਜਿਮ: “ਸੇਵਕਾਈ ਵਿਚ ਜੋ ਸਮਾਂ ਅਸੀਂ ਲੋਕਾਂ ਨਾਲ ਗੱਲਾਂ ਕਰਨ ਵਿਚ ਗੁਜ਼ਾਰਦੇ ਹਾਂ, ਉਹ ਉਸ ਸਮੇਂ ਨਾਲੋਂ ਦਸ ਗੁਣਾ ਜ਼ਿਆਦਾ ਹੈ ਜੋ ਅਸੀਂ ਅਮਰੀਕਾ ਵਿਚ ਗੁਜ਼ਾਰਦੇ ਹੁੰਦੇ ਸੀ। ਇਸ ਦੇ ਨਾਲ-ਨਾਲ, ਇੱਥੇ ਜ਼ਿੰਦਗੀ ਦੀ ਰਫ਼ਤਾਰ ਇੰਨੀ ਤੇਜ਼ ਨਹੀਂ। ਅਤੇ ਬਿਨਾਂ ਸ਼ੱਕ ਅਧਿਐਨ ਕਰਨ ਲਈ ਅਤੇ ਖੇਤਰ ਸੇਵਕਾਈ ਕਰਨ ਲਈ ਜ਼ਿਆਦਾ ਸਮਾਂ ਹੁੰਦਾ ਹੈ।”
ਸੈਂਡਰਾ: “ਇਹ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਕਿ ਬਾਈਬਲ ਦੀ ਸੱਚਾਈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੀ ਹੈ। ਮੈਂ 69 ਸਾਲਾਂ ਦੀ ਆਮਾਡਾ ਨਾਂ ਦੀ ਔਰਤ ਨਾਲ ਬਾਈਬਲ ਦਾ ਅਧਿਐਨ ਕਰਦੀ ਹੁੰਦੀ ਸੀ। ਉਹ ਇਕ ਛੋਟੀ ਜੇਹੀ ਦੁਕਾਨ ਦੀ ਮਾਲਕਣ ਸੀ ਅਤੇ ਅਕਸਰ ਦੁੱਧ ਦੇ ਦਸ ਹਿੱਸਿਆਂ ਵਿਚ ਪਾਣੀ ਦੇ ਦੋ ਹਿੱਸੇ ਮਿਲਾਉਂਦੀ ਹੁੰਦੀ ਸੀ। ਇਸ ਤੋਂ ਵੀ ਵੱਧ ਉਹ ਆਪਣੇ ਗਾਹਕਾਂ ਨੂੰ ਇਸ ਮਿਲਾਵਟੀ ਦੁੱਧ ਦੀ ਪੂਰੀ ਮਿਣਤੀ ਨਹੀਂ ਸੀ ਦਿੰਦੀ। ਲੇਕਿਨ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੀ ਪੁਸਤਕ ਦੇ ਤੇਰ੍ਹਵੇਂ ਅਧਿਆਇ ਵਿਚ ‘ਈਮਾਨਦਾਰੀ ਖ਼ੁਸ਼ੀ ਵਿਚ ਪਰਿਣਿਤ ਹੁੰਦੀ ਹੈ’ ਦੇ ਉਪ-ਸਿਰਲੇਖ ਬਾਰੇ ਚਰਚਾ ਕਰਨ ਤੋਂ ਬਾਅਦ ਆਮਾਡਾ ਨੇ ਗ਼ਲਤ ਕੰਮ ਕਰਨੇ ਛੱਡ ਦਿੱਤੇ। ਕੁਝ ਹੀ ਸਮੇਂ ਬਾਅਦ ਉਸ ਨੂੰ ਬਪਤਿਸਮਾ ਲੈਂਦੀ ਦੇਖ ਕੇ ਮੈਨੂੰ ਕਿੰਨੀ ਖ਼ੁਸ਼ੀ ਹੋਈ!”
ਕੈਰਨ: “ਮੈਨੂੰ ਅੱਗੇ ਕਦੀ ਵੀ ਯਹੋਵਾਹ ਉੱਤੇ ਇੰਨਾ ਭਰੋਸਾ ਨਹੀਂ ਕਰਨਾ ਪਿਆ ਅਤੇ ਨਾ ਹੀ ਮੈਂ ਉਸ ਦੀ ਅੱਗੇ ਇੰਨੀ ਸੇਵਾ ਕੀਤੀ ਹੈ ਜਿੰਨੀ ਇੱਥੇ ਕਰਦੀ ਹਾਂ। ਯਹੋਵਾਹ ਨਾਲ ਮੇਰੀ ਦੋਸਤੀ ਜ਼ਿਆਦਾ ਗਹਿਰੀ ਅਤੇ ਪੱਕੀ ਬਣ ਗਈ ਹੈ।”
ਤੁਹਾਡੇ ਬਾਰੇ ਕੀ?
ਸਾਲਾਂ ਦੌਰਾਨ ਹਜ਼ਾਰਾਂ ਹੀ ਗਵਾਹਾਂ ਨੇ ਵਿਦੇਸ਼ ਜਾ ਕੇ ਸੇਵਾ ਕੀਤੀ ਹੈ। ਕੁਝ ਇਕ ਜਾਂ ਦੋ ਸਾਲਾਂ ਲਈ ਰਹਿੰਦੇ ਹਨ, ਦੂਸਰੇ ਹਮੇਸ਼ਾ ਲਈ। ਉਹ ਆਪਣੇ ਨਾਲ ਆਪਣਾ ਤਜਰਬਾ, ਰੂਹਾਨੀ ਪ੍ਰੌੜ੍ਹਤਾ, ਅਤੇ ਮਾਲੀ ਸੰਪਤੀ ਇਸ ਟੀਚੇ ਨਾਲ ਲਿਜਾਂਦੇ ਹਨ ਕਿ ਉਹ ਰਾਜ ਹਿੱਤਾਂ ਨੂੰ ਵਿਦੇਸ਼ ਵਿਚ ਅੱਗੇ ਵਧਾ ਸਕਣ। ਉਹ ਉਨ੍ਹਾਂ ਖੇਤਰਾਂ ਵਿਚ ਸੇਵਾ ਕਰ ਸਕੇ ਹਨ ਜਿੱਥੇ ਉੱਥੇ ਦੇ ਰਾਜ ਪ੍ਰਕਾਸ਼ਕ ਕੰਮ-ਧੰਦੇ ਦੀ ਕਮੀ ਕਾਰਨ ਸੇਵਾ ਨਹੀਂ ਕਰ ਸਕੇ। ਕਈਆਂ ਨੇ ਜੀਪਾਂ ਖ਼ਰੀਦੀਆਂ ਹਨ ਤਾਂਕਿ ਉਹ ਉਨ੍ਹਾਂ ਇਲਾਕਿਆਂ ਵਿਚ ਜਾ ਸਕਣ ਜਿਨ੍ਹਾਂ ਤਕ ਆਮ ਤੌਰ ਤੇ ਪਹੁੰਚਣਾ ਮੁਸ਼ਕਲ ਹੈ। ਦੂਸਰੇ ਸ਼ਹਿਰੀ ਜੀਵਨ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੇ ਵੱਡੀਆਂ ਕਲੀਸਿਯਾਵਾਂ ਨੂੰ ਸਥਿਰ ਬਣਾਉਣ ਵਿਚ ਮਦਦ ਦਿੱਤੀ ਹੈ ਜਿੱਥੇ ਥੋੜ੍ਹੇ ਹੀ ਬਜ਼ੁਰਗ ਹਨ। ਲੇਕਿਨ, ਸਾਰੇ ਦਿਲੋਂ ਕਹਿੰਦੇ ਹਨ ਕਿ ਉਨ੍ਹਾਂ ਨੇ ਜੋ ਰੂਹਾਨੀ ਤੌਰ ਤੇ ਦਿੱਤਾ ਹੈ ਉਸ ਤੋਂ ਜ਼ਿਆਦਾ ਉਨ੍ਹਾਂ ਨੇ ਪਾਇਆ ਹੈ।
ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰਨ ਦੇ ਸਨਮਾਨ ਵਿਚ ਹਿੱਸਾ ਲੈ ਸਕਦੇ ਹੋ? ਜੇਕਰ ਤੁਹਾਡੇ ਹਾਲਾਤ ਸਹੀ ਹੋਣ ਤਾਂ ਕਿਉਂ ਨਾ ਅਜਿਹੀ ਬਦਲੀ ਕਰਨ ਦੀ ਸੰਭਾਵਨਾ ਦੀ ਛਾਣ-ਬੀਣ ਕਰੋ? ਪਹਿਲਾ ਅਤੇ ਜ਼ਰੂਰੀ ਕਦਮ ਇਹ ਹੈ ਕਿ ਤੁਸੀਂ ਸੋਸਾਇਟੀ ਦੇ ਉਸ ਸ਼ਾਖਾ ਦਫ਼ਤਰ ਨੂੰ ਲਿਖੋ ਜਿੱਥੇ ਤੁਸੀਂ ਜਾਣ ਬਾਰੇ ਸੋਚ ਰਹੇ ਹੋ। ਜੋ ਖ਼ਾਸ ਜਾਣਕਾਰੀ ਤੁਹਾਨੂੰ ਮਿਲੇਗੀ ਉਹ ਤੁਹਾਨੂੰ ਇਹ ਦੇਖਣ ਵਿਚ ਮਦਦ ਦੇਵੇਗੀ ਕੀ ਤੁਸੀਂ ਸਫ਼ਲ ਹੋ ਸਕੋਗੇ ਜਾਂ ਨਹੀਂ। ਇਸ ਦੇ ਨਾਲ-ਨਾਲ, 15 ਅਗਸਤ, 1988 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਆਪਣੇ ਦੇਸ਼ ਅਤੇ ਆਪਣੇ ਸਾਕਾਂ ਵਿੱਚੋਂ ਨਿੱਕਲੋ” ਦੇ ਲੇਖ ਵਿਚ ਕਈ ਚੰਗੇ ਸੁਝਾਅ ਪਾਏ ਜਾ ਸਕਦੇ ਹਨ। ਚੰਗੀਆਂ ਯੋਜਨਾਵਾਂ ਅਤੇ ਯਹੋਵਾਹ ਦੀ ਅਸੀਸ ਨਾਲ ਸ਼ਾਇਦ ਤੁਸੀਂ ਵੀ ਵਿਦੇਸ਼ ਜਾ ਕੇ ਸੇਵਾ ਕਰਨ ਦੀ ਖ਼ੁਸ਼ੀ ਅਨੁਭਵ ਕਰ ਸਕੋਗੇ।
[ਸਫ਼ੇ 24 ਉੱਤੇ ਤਸਵੀਰ]
ਟੌਮ ਅਤੇ ਲਿੰਡਾ ਛੋਟੇ ਜਿਹੇ ਰਾਹ ਉੱਤੇ ਸ਼ੂਆਰ ਇੰਡੀਅਨਾਂ ਦੇ ਇਲਾਕੇ ਵੱਲ ਜਾਂਦੇ
[ਸਫ਼ੇ 25 ਉੱਤੇ ਤਸਵੀਰ]
ਕਈ ਇਕਵੇਡਾਰ ਦੀ ਰਾਜਧਾਨੀ ਕੀਟੋ, ਵਿਚ ਸੇਵਾ ਕਰਦੇ ਹਨ
[ਸਫ਼ੇ 25 ਉੱਤੇ ਤਸਵੀਰ]
ਐਂਡੀਜ਼ ਪਹਾੜਾਂ ਵਿਚ ਪ੍ਰਚਾਰ ਕਰਦੀ ਮਾਕੀਕੂ
[ਸਫ਼ੇ 26 ਉੱਤੇ ਤਸਵੀਰ]
ਹਿਲਬਿਗ ਪਰਿਵਾਰ ਇਕਵੇਡਾਰ ਵਿਚ ਪਿੱਛਲੇ ਪੰਜ ਸਾਲਾਂ ਲਈ ਸੇਵਾ ਕਰਦਾ ਆਇਆ ਹੈ