ਤੁਹਾਨੂੰ ਪਰਮੇਸ਼ੁਰ ਦੇ ਬਚਨ ਨਾਲ ਕਿੰਨੀ ਪ੍ਰੀਤ ਹੈ?
“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂਰ 119:97.
1. ਪਰਮੇਸ਼ੁਰ ਤੋਂ ਡਰਨ ਵਾਲੇ ਲੋਕ ਕਿਹੜੇ ਇਕ ਤਰੀਕੇ ਨਾਲ ਪਰਮੇਸ਼ੁਰ ਦੇ ਬਚਨ ਲਈ ਆਪਣੀ ਪ੍ਰੀਤ ਦਿਖਾਉਂਦੇ ਹਨ?
ਕਰੋੜਾਂ ਹੀ ਲੋਕਾਂ ਕੋਲ ਬਾਈਬਲ ਹੈ। ਪਰ ਬਾਈਬਲ ਹੋਣੀ ਅਤੇ ਉਸ ਨਾਲ ਪ੍ਰੀਤ ਰੱਖਣੀ, ਇਨ੍ਹਾਂ ਦੋਵਾਂ ਗੱਲਾਂ ਵਿਚ ਬਹੁਤ ਫ਼ਰਕ ਹੈ। ਜੇ ਕੋਈ ਵਿਅਕਤੀ ਕਦੇ-ਕਦਾਈਂ ਹੀ ਬਾਈਬਲ ਪੜ੍ਹਦਾ ਹੈ, ਤਾਂ ਕੀ ਉਸ ਦਾ ਇਹ ਕਹਿਣਾ ਠੀਕ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਦਾ ਹੈ? ਬਿਲਕੁਲ ਨਹੀਂ! ਇਸ ਦੇ ਉਲਟ, ਕੁਝ ਵਿਅਕਤੀ ਜਿਹੜੇ ਪਹਿਲਾਂ ਬਾਈਬਲ ਦਾ ਬਿਲਕੁਲ ਆਦਰ ਨਹੀਂ ਕਰਦੇ ਸਨ, ਹੁਣ ਉਹ ਇਸ ਨੂੰ ਰੋਜ਼ ਪੜ੍ਹਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣੀ ਸਿੱਖੀ ਹੈ ਅਤੇ ਇਸ ਜ਼ਬੂਰ ਦੇ ਲਿਖਾਰੀ ਵਾਂਗ ਹੁਣ ਉਹ “ਦਿਨ ਭਰ” ਪਰਮੇਸ਼ੁਰ ਦੇ ਬਚਨ ਵਿਚ ਲੀਨ ਰਹਿੰਦੇ ਹਨ।—ਜ਼ਬੂਰ 119:97.
2. ਮੁਸ਼ਕਲ ਹਾਲਾਤਾਂ ਵਿਚ ਇਕ ਯਹੋਵਾਹ ਦੇ ਗਵਾਹ ਦੀ ਨਿਹਚਾ ਕਿਵੇਂ ਕਾਇਮ ਰਹੀ?
2 ਨਾਸ਼ੋ ਡੋਰੀ ਨਾਂ ਦੇ ਇਕ ਭਰਾ ਨੇ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣੀ ਸਿੱਖੀ। ਆਪਣੇ ਸੰਗੀ ਵਿਸ਼ਵਾਸੀਆਂ ਨਾਲ ਉਸ ਨੇ ਆਪਣੇ ਜਨਮ ਸਥਾਨ ਅਲਬਾਨੀਆ ਵਿਚ ਮੁਸ਼ਕਲਾਂ ਦੇ ਬਾਵਜੂਦ ਕਈ ਦਹਾਕਿਆਂ ਤਕ ਯਹੋਵਾਹ ਦੀ ਸੇਵਾ ਕੀਤੀ। ਤਕਰੀਬਨ ਇਨ੍ਹਾਂ ਸਾਰੇ ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲੱਗੀ ਹੋਈ ਸੀ ਅਤੇ ਇਨ੍ਹਾਂ ਵਫ਼ਾਦਾਰ ਮਸੀਹੀਆਂ ਨੂੰ ਬਾਈਬਲ ਦਾ ਬਹੁਤ ਘੱਟ ਸਾਹਿੱਤ ਮਿਲਦਾ ਸੀ। ਫਿਰ ਵੀ ਭਰਾ ਡੋਰੀ ਦੀ ਨਿਹਚਾ ਹਮੇਸ਼ਾ ਮਜ਼ਬੂਤ ਰਹੀ। ਕਿਵੇਂ? ਉਨ੍ਹਾਂ ਨੇ ਦੱਸਿਆ: “ਮੈਂ ਮਨ ਵਿਚ ਧਾਰਿਆ ਹੋਇਆ ਸੀ ਕਿ ਮੈਂ ਰੋਜ਼ ਘੱਟੋ-ਘੱਟ ਇਕ ਘੰਟਾ ਬਾਈਬਲ ਪੜ੍ਹਾਂਗਾ ਅਤੇ ਮੇਰੀ ਨਜ਼ਰ ਚਲੀ ਜਾਣ ਤੋਂ ਪਹਿਲਾਂ ਮੈਂ ਤਕਰੀਬਨ 60 ਸਾਲਾਂ ਤਕ ਰੋਜ਼ ਇਕ ਘੰਟਾ ਬਾਈਬਲ ਪੜ੍ਹਦਾ ਰਿਹਾ।” ਅਲਬਾਨੀ ਭਾਸ਼ਾ ਵਿਚ ਪੂਰੀ ਬਾਈਬਲ ਹਾਲ ਹੀ ਵਿਚ ਉਪਲਬਧ ਹੋਈ ਹੈ, ਪਰ ਭਰਾ ਡੋਰੀ ਨੇ ਬਚਪਨ ਵਿਚ ਯੂਨਾਨੀ ਭਾਸ਼ਾ ਸਿੱਖੀ ਸੀ, ਜਿਸ ਕਰਕੇ ਉਹ ਯੂਨਾਨੀ ਭਾਸ਼ਾ ਵਿਚ ਬਾਈਬਲ ਪੜ੍ਹ ਸਕੇ। ਹਰ ਰੋਜ਼ ਬਾਈਬਲ ਪੜ੍ਹਨ ਨਾਲ ਭਰਾ ਡੋਰੀ ਅਲੱਗ-ਅਲੱਗ ਪਰਤਾਵਿਆਂ ਦਾ ਸਾਮ੍ਹਣਾ ਕਰ ਸਕੇ ਅਤੇ ਜੇ ਅਸੀਂ ਵੀ ਰੋਜ਼ ਬਾਈਬਲ ਪੜ੍ਹੀਏ ਤਾਂ ਅਸੀਂ ਵੀ ਪਰਤਾਵਿਆਂ ਦਾ ਸਾਮ੍ਹਣਾ ਕਰ ਸਕਦੇ ਹਾਂ।
ਪਰਮੇਸ਼ੁਰ ਦੇ ਬਚਨ ਦੀ “ਲੋਚ ਕਰੋ”
3. ਪਰਮੇਸ਼ੁਰ ਦੇ ਬਚਨ ਪ੍ਰਤੀ ਮਸੀਹੀਆਂ ਨੂੰ ਆਪਣੇ ਵਿਚ ਕਿਸ ਤਰ੍ਹਾਂ ਦਾ ਰਵੱਈਆ ਪੈਦਾ ਕਰਨਾ ਚਾਹੀਦਾ ਹੈ?
3 ਪੌਲੁਸ ਰਸੂਲ ਨੇ ਲਿਖਿਆ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ।” (1 ਪਤਰਸ 2:2) ਜਿਵੇਂ ਇਕ ਬੱਚਾ ਆਪਣੀ ਮਾਂ ਦੇ ਦੁੱਧ ਲਈ ਲੋਚਦਾ ਹੈ, ਉਸੇ ਤਰ੍ਹਾਂ ਜਿਹੜੇ ਮਸੀਹੀ ਆਪਣੀ ਅਧਿਆਤਮਿਕ ਲੋੜ ਪ੍ਰਤੀ ਸਚੇਤ ਰਹਿੰਦੇ ਹਨ, ਉਹ ਵੀ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਵਿਚ ਬਹੁਤ ਆਨੰਦ ਪ੍ਰਾਪਤ ਕਰਦੇ ਹਨ। ਕੀ ਤੁਸੀਂ ਵੀ ਆਨੰਦ ਪ੍ਰਾਪਤ ਕਰਦੇ ਹੋ? ਜੇ ਨਹੀਂ, ਤਾਂ ਨਿਰਾਸ਼ ਨਾ ਹੋਵੋ। ਤੁਸੀਂ ਵੀ ਪਰਮੇਸ਼ੁਰ ਦੇ ਬਚਨ ਦੀ ਲੋਚ ਪੈਦਾ ਕਰ ਸਕਦੇ ਹੋ।
4. ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ?
4 ਇਸ ਤਰ੍ਹਾਂ ਕਰਨ ਲਈ ਪਹਿਲਾਂ ਰੋਜ਼ਾਨਾ ਬਾਈਬਲ ਪੜ੍ਹਨ ਦੀ ਆਦਤ ਪਾਉਣ ਦੀ ਪੂਰੀ ਕੋਸ਼ਿਸ਼ ਕਰੋ। (ਰਸੂਲਾਂ ਦੇ ਕਰਤੱਬ 17:11) ਸ਼ਾਇਦ ਤੁਸੀਂ ਭਰਾ ਡੋਰੀ ਵਾਂਗ ਰੋਜ਼ ਇਕ ਘੰਟਾ ਬਾਈਬਲ ਨਾ ਪੜ੍ਹ ਸਕੋ। ਪਰ ਤੁਸੀਂ ਪਰਮੇਸ਼ੁਰ ਦੇ ਬਚਨ ਤੇ ਵਿਚਾਰ ਕਰਨ ਲਈ ਹਰ ਦਿਨ ਕੁਝ ਸਮਾਂ ਅਲੱਗ ਰੱਖ ਸਕਦੇ ਹੋ। ਬਹੁਤ ਸਾਰੇ ਮਸੀਹੀ ਬਾਈਬਲ ਦੇ ਇਕ ਅਧਿਆਇ ਉੱਤੇ ਮਨਨ ਕਰਨ ਲਈ ਸਵੇਰੇ ਥੋੜ੍ਹਾ ਜਲਦੀ ਉੱਠਦੇ ਹਨ। ਬਾਈਬਲ ਪੜ੍ਹ ਕੇ ਦਿਨ ਦੀ ਸ਼ੁਰੂਆਤ ਕਰਨ ਨਾਲੋਂ ਹੋਰ ਵਧੀਆ ਤਰੀਕਾ ਕਿਹੜਾ ਹੋ ਸਕਦਾ ਹੈ? ਕਈ ਮਸੀਹੀ ਰਾਤ ਨੂੰ ਸੌਣ ਤੋਂ ਪਹਿਲਾਂ ਬਾਈਬਲ ਪੜ੍ਹਦੇ ਹਨ। ਤੇ ਕਈ ਮਸੀਹੀ ਕਿਸੇ ਹੋਰ ਵਿਹਲੇ ਸਮੇਂ ਵਿਚ ਬਾਈਬਲ ਪੜ੍ਹਦੇ ਹਨ। ਜ਼ਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਬਾਕਾਇਦਾ ਬਾਈਬਲ ਪੜ੍ਹੀਏ। ਫਿਰ ਪੜ੍ਹਨ ਤੋਂ ਬਾਅਦ ਕੁਝ ਪਲਾਂ ਲਈ ਉਸ ਉੱਤੇ ਮਨਨ ਕਰੀਏ। ਆਓ ਅਸੀਂ ਕੁਝ ਵਿਅਕਤੀਆਂ ਦੀ ਮਿਸਾਲ ਉੱਤੇ ਗੌਰ ਕਰੀਏ ਜਿਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਅਤੇ ਉਸ ਉੱਤੇ ਮਨਨ ਕਰ ਕੇ ਬਹੁਤ ਲਾਭ ਪ੍ਰਾਪਤ ਕੀਤਾ ਸੀ।
ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲਾ ਜ਼ਬੂਰਾਂ ਦਾ ਲਿਖਾਰੀ
5, 6. ਭਾਵੇਂ ਅਸੀਂ 119ਵੇਂ ਜ਼ਬੂਰ ਦੇ ਲਿਖਾਰੀ ਦਾ ਨਾਂ ਨਹੀਂ ਜਾਣਦੇ, ਤਾਂ ਵੀ ਅਸੀਂ ਉਸ ਦੇ ਲਿਖੇ ਹੋਏ ਜ਼ਬੂਰ ਨੂੰ ਪੜ੍ਹ ਕੇ ਅਤੇ ਇਸ ਉੱਤੇ ਮਨਨ ਕਰ ਕੇ ਉਸ ਬਾਰੇ ਕੀ ਜਾਣ ਸਕਦੇ ਹਾਂ?
5 ਇਕ ਸੌ ਉੱਨੀਵੇਂ ਜ਼ਬੂਰ ਦਾ ਲਿਖਾਰੀ ਸੱਚ-ਮੁੱਚ ਪਰਮੇਸ਼ੁਰ ਦੇ ਬਚਨ ਦੀ ਬਹੁਤ ਕਦਰ ਕਰਦਾ ਸੀ। ਇਹ ਜ਼ਬੂਰ ਕਿਸ ਨੇ ਲਿਖਿਆ ਸੀ? ਬਾਈਬਲ ਵਿਚ ਇਸ ਦੇ ਲਿਖਾਰੀ ਦਾ ਨਾਂ ਨਹੀਂ ਦੱਸਿਆ ਗਿਆ ਹੈ। ਪਰ ਇਸ ਜ਼ਬੂਰ ਨੂੰ ਪੜ੍ਹ ਕੇ ਉਸ ਦੇ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਮਿਲਦੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਉਸ ਦੇ ਕੁਝ ਜਾਣ-ਪਛਾਣ ਵਾਲੇ, ਜੋ ਯਹੋਵਾਹ ਦੇ ਉਪਾਸਕ ਹੋਣ ਦਾ ਦਾਅਵਾ ਤਾਂ ਕਰਦੇ ਸਨ, ਪਰ ਉਸ ਵਾਂਗ ਬਾਈਬਲ ਦੇ ਸਿਧਾਂਤਾਂ ਨਾਲ ਪ੍ਰੀਤ ਨਹੀਂ ਰੱਖਦੇ ਸਨ। ਪਰ ਫਿਰ ਵੀ, ਇਸ ਜ਼ਬੂਰ ਦਾ ਲਿਖਾਰੀ ਉਨ੍ਹਾਂ ਦੇ ਇਸ ਰਵੱਈਏ ਕਰਕੇ ਸਹੀ ਕੰਮ ਕਰਨ ਤੋਂ ਨਹੀਂ ਹਟਿਆ। (ਜ਼ਬੂਰ 119:23) ਜੇਕਰ ਤੁਸੀਂ ਅਜਿਹੇ ਵਿਅਕਤੀ ਨਾਲ ਰਹਿੰਦੇ ਹੋ ਜਾਂ ਕੰਮ ਕਰਦੇ ਹੋ, ਜੋ ਬਾਈਬਲ ਦੇ ਸਿਧਾਂਤਾਂ ਦਾ ਆਦਰ ਨਹੀਂ ਕਰਦਾ ਹੈ, ਤਾਂ ਤੁਹਾਡੀ ਸਥਿਤੀ ਵੀ ਇਸ ਲਿਖਾਰੀ ਦੀ ਸਥਿਤੀ ਵਾਂਗ ਹੋ ਸਕਦੀ ਹੈ।
6 ਭਾਵੇਂ ਇਹ ਲਿਖਾਰੀ ਪਰਮੇਸ਼ੁਰ ਨੂੰ ਬਹੁਤ ਮੰਨਦਾ ਸੀ, ਪਰ ਉਹ ਕਿਸੇ ਵੀ ਤਰ੍ਹਾਂ ਨਾਲ ਆਪਣੇ ਆਪ ਨੂੰ ਬਹੁਤਾ ਧਰਮੀ ਨਹੀਂ ਸਮਝਦਾ ਸੀ। ਉਸ ਨੇ ਬਿਨਾਂ ਕਿਸੇ ਸੰਕੋਚ ਦੇ ਆਪਣੀਆਂ ਕਮਜ਼ੋਰੀਆਂ ਨੂੰ ਮੰਨਿਆ। (ਜ਼ਬੂਰ 119:5, 6, 67) ਪਰ ਉਸ ਨੇ ਆਪਣੇ ਆਪ ਨੂੰ ਪਾਪ ਦੇ ਵੱਸ ਵਿਚ ਨਹੀਂ ਪੈਣ ਦਿੱਤਾ। “ਜੁਆਨ ਕਿਦਾਂ ਆਪਣੀ ਚਾਲ ਨੂੰ ਸੁੱਧ ਰੱਖੇ?” ਉਸ ਨੇ ਪੁੱਛਿਆ। ਉਸ ਦਾ ਜਵਾਬ ਸੀ: “ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।” (ਜ਼ਬੂਰ 119:9) ਫਿਰ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਕੁਰਾਹੇ ਪੈਣ ਤੋਂ ਰੋਕਣ ਦੀ ਤਾਕਤ ਰੱਖਦਾ ਹੈ, ਇਹ ਲਿਖਾਰੀ ਅੱਗੇ ਕਹਿੰਦਾ ਹੈ: “ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ।” (ਜ਼ਬੂਰ 119:11) ਜਿਹੜੀ ਤਾਕਤ ਸਾਨੂੰ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਤੋਂ ਰੋਕ ਸਕਦੀ ਹੈ, ਉਹ ਸੱਚ-ਮੁੱਚ ਹੀ ਸ਼ਕਤੀਸ਼ਾਲੀ ਹੈ!
7. ਖ਼ਾਸ ਕਰਕੇ ਨੌਜਵਾਨਾਂ ਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਜ਼ਰੂਰਤ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
7 ਮਸੀਹੀ ਨੌਜਵਾਨਾਂ ਨੂੰ ਜ਼ਬੂਰਾਂ ਦੇ ਲਿਖਾਰੀ ਦੀਆਂ ਕਹੀਆਂ ਹੋਈਆਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਅੱਜ ਮਸੀਹੀ ਨੌਜਵਾਨਾਂ ਉੱਤੇ ਹਮਲਾ ਹੋ ਰਿਹਾ ਹੈ। ਸ਼ਤਾਨ ਨੂੰ ਯਹੋਵਾਹ ਦੇ ਨੌਜਵਾਨ ਉਪਾਸਕਾਂ ਨੂੰ ਗੁਮਰਾਹ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ। ਨੌਜਵਾਨ ਮਸੀਹੀਆਂ ਨੂੰ ਬਹਿਕਾਉਣਾ ਹੀ ਸ਼ਤਾਨ ਦਾ ਟੀਚਾ ਹੈ ਤਾਂਕਿ ਉਹ ਜਿਨਸੀ ਕਾਮਨਾਵਾਂ ਅੱਗੇ ਝੁਕ ਜਾਣ ਅਤੇ ਪਰਮੇਸ਼ੁਰ ਦੇ ਨਿਯਮ ਤੋੜ ਦੇਣ। ਫ਼ਿਲਮਾਂ ਅਤੇ ਟੈਲੀਵਿਯਨ ਦੇ ਪ੍ਰੋਗ੍ਰਾਮਾਂ ਵਿਚ ਅਕਸਰ ਸ਼ਤਾਨ ਦੀ ਸੋਚਣੀ ਹੀ ਦਿਖਾਈ ਦਿੰਦੀ ਹੈ। ਇਨ੍ਹਾਂ ਪ੍ਰੋਗ੍ਰਾਮਾਂ ਦੇ ਸਿਤਾਰੇ ਬਹੁਤ ਹੀ ਮਿਲਣਸਾਰ ਤੇ ਸੁੰਦਰ ਦਿੱਸਦੇ ਹਨ; ਉਨ੍ਹਾਂ ਦੇ ਨਾਜਾਇਜ਼ ਸੰਬੰਧਾਂ ਨੂੰ ਆਮ ਜਿਹੀ ਗੱਲ ਦਿਖਾਇਆ ਜਾਂਦਾ ਹੈ। ਇਨ੍ਹਾਂ ਪ੍ਰੋਗ੍ਰਾਮਾਂ ਦਾ ਸੰਦੇਸ਼? ‘ਜੇ ਮੁੰਡਾ-ਕੁੜੀ ਇਕ ਦੂਸਰੇ ਨਾਲ ਪਿਆਰ ਕਰਦੇ ਹਨ, ਤੇ ਜੇ ਉਹ ਜਿਨਸੀ ਸੰਬੰਧ ਰੱਖਦੇ ਹਨ, ਤਾਂ ਇਹ ਗ਼ਲਤ ਨਹੀਂ ਹੈ।’ ਦੁੱਖ ਦੀ ਗੱਲ ਹੈ ਕਿ ਹਰ ਸਾਲ ਕਈ ਨੌਜਵਾਨ ਮਸੀਹੀ ਇਸ ਤਰ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ। ਕੁਝ ਮਸੀਹੀਆਂ ਦੀ ਨਿਹਚਾ ਦਾ ਜਹਾਜ਼ ਡੁੱਬ ਜਾਂਦਾ ਹੈ। ਇਸ ਲਈ ਹਮੇਸ਼ਾ ਦਬਾਅ ਪੈਂਦਾ ਹੈ! ਪਰ ਕੀ ਇਹ ਦਬਾਅ ਇੰਨਾ ਜ਼ਿਆਦਾ ਹੈ ਕਿ ਤੁਸੀਂ, ਨੌਜਵਾਨੋ, ਇਸ ਦਬਾਅ ਨੂੰ ਸਹਿ ਹੀ ਨਹੀਂ ਸਕਦੇ? ਨਹੀਂ! ਯਹੋਵਾਹ ਨੇ ਮਸੀਹੀ ਨੌਜਵਾਨਾਂ ਨੂੰ ਇਕ ਤਰੀਕਾ ਦੱਸਿਆ ਹੈ ਜਿਸ ਨਾਲ ਉਹ ਆਪਣੀਆਂ ਗ਼ਲਤ ਇੱਛਾਵਾਂ ਉੱਤੇ ਕਾਬੂ ਪਾ ਸਕਦੇ ਹਨ। ਉਹ ‘ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰ ਕੇ ਅਤੇ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਕੇ’ ਸ਼ਤਾਨ ਦੇ ਹਰ ਹਥਿਆਰ ਦਾ ਮੁਕਾਬਲਾ ਕਰ ਸਕਦੇ ਹਨ। ਤੁਸੀਂ ਬਾਕਾਇਦਾ ਬਾਈਬਲ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਵਿਚ ਕਿੰਨਾ ਸਮਾਂ ਲਗਾਉਂਦੇ ਹੋ?
8. ਇਸ ਪੈਰੇ ਵਿਚ ਦਿੱਤੀਆਂ ਗਈਆਂ ਉਦਾਹਰਣਾਂ ਮੂਸਾ ਦੀ ਬਿਵਸਥਾ ਲਈ ਤੁਹਾਡੀ ਕਦਰ ਨੂੰ ਕਿਵੇਂ ਵਧਾਉਂਦੀਆਂ ਹਨ?
8 ਇਕ ਸੌ ਉੱਨੀਵੇਂ ਜ਼ਬੂਰ ਦਾ ਲਿਖਾਰੀ ਖ਼ੁਸ਼ੀ ਨਾਲ ਕਹਿੰਦਾ ਹੈ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ!” (ਜ਼ਬੂਰ 119:97) ਉਹ ਕਿਸ ਬਿਵਸਥਾ ਦੀ ਗੱਲ ਕਰ ਰਿਹਾ ਸੀ? ਉਹ ਯਹੋਵਾਹ ਦੇ ਪ੍ਰਗਟ ਕੀਤੇ ਗਏ ਬਚਨ ਦੀ ਗੱਲ ਕਰ ਰਿਹਾ ਸੀ, ਜਿਸ ਵਿਚ ਮੂਸਾ ਦੀ ਬਿਵਸਥਾ ਵੀ ਸ਼ਾਮਲ ਹੈ। ਸਰਸਰੀ ਨਜ਼ਰ ਮਾਰਨ ਤੇ ਕੁਝ ਵਿਅਕਤੀ ਸ਼ਾਇਦ ਇਸ ਬਿਵਸਥਾ ਨੂੰ ਬਹੁਤ ਪੁਰਾਣੀ ਕਹਿ ਕੇ ਨਕਾਰ ਦੇਣ ਅਤੇ ਹੈਰਾਨ ਹੋਣ ਕਿ ਕੋਈ ਵਿਅਕਤੀ ਇਸ ਨਾਲ ਕਿਵੇਂ ਪ੍ਰੀਤ ਰੱਖ ਸਕਦਾ ਹੈ। ਫਿਰ ਵੀ, ਜਦੋਂ ਅਸੀਂ ਇਸ ਜ਼ਬੂਰ ਦੇ ਲਿਖਾਰੀ ਵਾਂਗ ਮੂਸਾ ਦੀ ਬਿਵਸਥਾ ਦੀਆਂ ਕਈ ਵਿਸ਼ੇਸ਼ਤਾਵਾਂ ਉੱਤੇ ਮਨਨ ਕਰਦੇ ਹਾਂ, ਤਾਂ ਅਸੀਂ ਇਸ ਬਿਵਸਥਾ ਵਿਚ ਜੋ ਬੁੱਧੀ ਦਿਖਾਈ ਦਿੰਦੀ ਹੈ, ਉਸ ਦੀ ਕਦਰ ਕਰ ਸਕਦੇ ਹਾਂ। ਬਿਵਸਥਾ ਦੇ ਬਹੁਤ ਸਾਰੇ ਭਵਿੱਖ-ਸੂਚਕ ਪਹਿਲੂਆਂ ਤੋਂ ਇਲਾਵਾ, ਇਸ ਵਿਚ ਸਫ਼ਾਈ ਅਤੇ ਭੋਜਨ ਬਾਰੇ ਨਿਯਮ ਵੀ ਦਿੱਤੇ ਗਏ ਹਨ ਜਿਨ੍ਹਾਂ ਕਰਕੇ ਆਲਾ-ਦੁਆਲਾ ਸਾਫ਼-ਸੁਥਰਾ ਰਿਹਾ ਅਤੇ ਲੋਕਾਂ ਦੀ ਸਿਹਤ ਨਰੋਈ ਰਹੀ। (ਲੇਵੀਆਂ 7:23, 24, 26; 11:2-8) ਬਿਵਸਥਾ ਵਿਚ ਇਸਰਾਏਲੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ ਕਿ ਉਹ ਵਪਾਰਕ ਲੈਣ-ਦੇਣ ਦੇ ਮਾਮਲਿਆਂ ਵਿਚ ਈਮਾਨਦਾਰੀ ਦਿਖਾਉਣ ਅਤੇ ਲੋੜਵੰਦ ਸੰਗੀ ਉਪਾਸਕਾਂ ਨਾਲ ਹਮਦਰਦੀ ਰੱਖਣ। (ਕੂਚ 22:26, 27; 23:6; ਲੇਵੀਆਂ 19:35, 36; ਬਿਵਸਥਾ ਸਾਰ 24:17-21) ਨਿਆਂ ਕਰਦੇ ਸਮੇਂ ਪੱਖਪਾਤ ਨਹੀਂ ਕਰਨਾ ਸੀ। (ਬਿਵਸਥਾ ਸਾਰ 16:19; 19:15) ਜਿਉਂ-ਜਿਉਂ ਜ਼ਬੂਰ 119 ਦਾ ਲਿਖਾਰੀ ਜ਼ਿੰਦਗੀ ਵਿਚ ਤਜਰਬਾ ਹਾਸਲ ਕਰਦਾ ਗਿਆ, ਯਕੀਨਨ ਉਸ ਨੇ ਦੇਖਿਆ ਕਿ ਜਿਹੜੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਦੇ ਸਨ, ਉਨ੍ਹਾਂ ਦੇ ਹਾਲਾਤ ਕਿੰਨੇ ਚੰਗੇ ਸਨ ਅਤੇ ਇਸ ਲਈ ਬਿਵਸਥਾ ਨਾਲ ਉਸ ਦੀ ਪ੍ਰੀਤ ਹੋਰ ਵੀ ਮਜ਼ਬੂਤ ਹੋ ਗਈ। ਇਸੇ ਤਰ੍ਹਾਂ ਅੱਜ ਜਦੋਂ ਮਸੀਹੀ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਦੇ ਫ਼ਾਇਦਿਆਂ ਨੂੰ ਦੇਖਦੇ ਹਨ, ਤਾਂ ਪਰਮੇਸ਼ੁਰ ਦੇ ਬਚਨ ਲਈ ਉਨ੍ਹਾਂ ਦੀ ਪ੍ਰੀਤ ਅਤੇ ਕਦਰ ਹੋਰ ਵੀ ਵੱਧ ਜਾਂਦੀ ਹੈ।
ਰਾਜਕੁਮਾਰ ਜਿਸ ਨੇ ਦੂਸਰਿਆਂ ਤੋਂ ਵੱਖਰਾ ਹੋਣ ਦਾ ਹੌਸਲਾ ਕੀਤਾ
9. ਰਾਜਾ ਹਿਜ਼ਕੀਯਾਹ ਨੇ ਪਰਮੇਸ਼ੁਰ ਦੇ ਬਚਨ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਵਿਕਸਿਤ ਕੀਤਾ ਸੀ?
9 ਜ਼ਬੂਰ 119 ਵਿਚ ਲਿਖੀਆਂ ਗੱਲਾਂ ਅਤੇ ਨੌਜਵਾਨ ਰਾਜਕੁਮਾਰ ਹਿਜ਼ਕੀਯਾਹ ਬਾਰੇ ਸਾਨੂੰ ਜੋ ਜਾਣਕਾਰੀ ਹੈ, ਉਸ ਵਿਚ ਕਾਫ਼ੀ ਸਮਾਨਤਾ ਹੈ। ਬਾਈਬਲ ਦੇ ਕੁਝ ਵਿਦਵਾਨ ਕਹਿੰਦੇ ਹਨ ਕਿ ਹਿਜ਼ਕੀਯਾਹ ਇਸ ਜ਼ਬੂਰ ਦਾ ਲਿਖਾਰੀ ਸੀ। ਜਦ ਕਿ ਇਸ ਬਾਰੇ ਪੱਕਾ ਪਤਾ ਨਹੀਂ ਹੈ, ਪਰ ਅਸੀਂ ਜਾਣਦੇ ਹਾਂ ਕਿ ਹਿਜ਼ਕੀਯਾਹ ਪਰਮੇਸ਼ੁਰ ਦੇ ਬਚਨ ਦੀ ਬਹੁਤ ਕਦਰ ਕਰਦਾ ਸੀ। ਆਪਣੇ ਜੀਉਣ ਦੇ ਢੰਗ ਦੁਆਰਾ ਉਸ ਨੇ ਦਿਖਾਇਆ ਕਿ ਉਹ ਜ਼ਬੂਰ 119:97 ਦੇ ਸ਼ਬਦਾਂ ਨਾਲ ਦਿਲੋਂ ਸਹਿਮਤ ਸੀ। ਹਿਜ਼ਕੀਯਾਹ ਬਾਰੇ ਬਾਈਬਲ ਕਹਿੰਦੀ ਹੈ: “ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ ਅਰ ਉਹ ਦੇ ਪਿੱਛੇ ਤੁਰਨੋਂ ਨਾ ਹਟਿਆ ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ।”—2 ਰਾਜਿਆਂ 18:6.
10. ਜਿਨ੍ਹਾਂ ਮਸੀਹੀਆਂ ਦਾ ਪਾਲਣ-ਪੋਸ਼ਣ ਪਰਮੇਸ਼ੁਰ ਤੋਂ ਡਰਨ ਵਾਲੇ ਮਾਪਿਆਂ ਨੇ ਨਹੀਂ ਕੀਤਾ ਹੈ, ਉਨ੍ਹਾਂ ਨੂੰ ਹਿਜ਼ਕੀਯਾਹ ਦੀ ਉਦਾਹਰਣ ਤੋਂ ਕੀ ਉਤਸ਼ਾਹ ਮਿਲਦਾ ਹੈ?
10 ਸਾਰੇ ਬਿਰਤਾਂਤਾਂ ਤੋਂ ਪਤਾ ਚੱਲਦਾ ਹੈ ਕਿ ਹਿਜ਼ਕੀਯਾਹ ਇਕ ਧਰਮੀ ਪਰਿਵਾਰ ਵਿਚ ਵੱਡਾ ਨਹੀਂ ਹੋਇਆ ਸੀ। ਉਸ ਦਾ ਪਿਤਾ, ਰਾਜਾ ਆਹਾਜ਼ ਯਹੋਵਾਹ ਵਿਚ ਨਿਹਚਾ ਨਾ ਰੱਖਣ ਵਾਲਾ ਮੂਰਤੀ-ਪੂਜਕ ਵਿਅਕਤੀ ਸੀ ਜਿਸ ਨੇ ਘੱਟੋ-ਘੱਟ ਆਪਣੇ ਇਕ ਪੁੱਤਰ—ਹਿਜ਼ਕੀਯਾਹ ਦੇ ਭਰਾ—ਨੂੰ ਜੀਉਂਦਾ ਸਾੜ ਕੇ ਇਕ ਝੂਠੇ ਦੇਵਤੇ ਅੱਗੇ ਬਲੀ ਚੜ੍ਹਾ ਦਿੱਤਾ ਸੀ! (2 ਰਾਜਿਆਂ 16:3) ਇਸ ਭੈੜੀ ਮਿਸਾਲ ਦੇ ਬਾਵਜੂਦ ਹਿਜ਼ਕੀਯਾਹ ਪਰਮੇਸ਼ੁਰ ਦੇ ਬਚਨ ਤੋਂ ਜਾਣੂ ਹੋ ਕੇ ਮੂਰਤੀ-ਪੂਜਕਾਂ ਦੇ ਪ੍ਰਭਾਵ ਤੋਂ “ਆਪਣੀ ਚਾਲ ਨੂੰ ਸੁੱਧ” ਰੱਖ ਸਕਿਆ।—2 ਇਤਹਾਸ 29:2.
11. ਜਿਵੇਂ ਕਿ ਹਿਜ਼ਕੀਯਾਹ ਨੇ ਦੇਖਿਆ, ਉਸ ਦੇ ਮੂਰਤੀ-ਪੂਜਕ ਪਿਤਾ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ?
11 ਜਿੱਦਾਂ-ਜਿੱਦਾਂ ਹਿਜ਼ਕੀਯਾਹ ਵੱਡਾ ਹੁੰਦਾ ਗਿਆ, ਉਸ ਨੇ ਆਪਣੀ ਅੱਖੀਂ ਦੇਖਿਆ ਕਿ ਉਸ ਦਾ ਮੂਰਤੀ-ਪੂਜਕ ਪਿਤਾ ਰਾਜ-ਪ੍ਰਬੰਧ ਕਿਵੇਂ ਚਲਾਉਂਦਾ ਸੀ। ਯਹੂਦਾਹ ਦੁਸ਼ਮਣਾਂ ਨਾਲ ਘਿਰਿਆ ਹੋਇਆ ਸੀ। ਅਰਾਮ ਦੇ ਰਾਜੇ ਰਸੀਨ ਨੇ ਇਸਰਾਏਲ ਦੇ ਰਾਜੇ ਪਕਹ ਨਾਲ ਮਿਲ ਕੇ ਯਰੂਸ਼ਲਮ ਨੂੰ ਘੇਰਾ ਪਾ ਲਿਆ। (2 ਰਾਜਿਆਂ 16:5, 6) ਅਦੋਮੀਆਂ ਅਤੇ ਫਲਿਸਤੀਆਂ ਨੇ ਯਹੂਦਾਹ ਤੇ ਹਮਲੇ ਕੀਤੇ ਅਤੇ ਯਹੂਦਾਹ ਦੇ ਕੁਝ ਸ਼ਹਿਰਾਂ ਉੱਤੇ ਕਬਜ਼ਾ ਵੀ ਕਰ ਲਿਆ। (2 ਇਤਹਾਸ 28:16-19) ਆਹਾਜ਼ ਨੇ ਇਨ੍ਹਾਂ ਸੰਕਟਾਂ ਦਾ ਕਿਵੇਂ ਸਾਮ੍ਹਣਾ ਕੀਤਾ? ਅਰਾਮ ਦੇ ਵਿਰੁੱਧ ਲੜਨ ਲਈ ਯਹੋਵਾਹ ਦੀ ਮਦਦ ਮੰਗਣ ਦੀ ਬਜਾਇ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਸੋਨੇ ਤੇ ਚਾਂਦੀ ਦੀ ਵੱਢੀ ਦੇ ਕੇ ਉਸ ਤੋਂ ਮਦਦ ਮੰਗੀ। ਉਸ ਨੇ ਹੈਕਲ ਦੇ ਖ਼ਜ਼ਾਨੇ ਵਿੱਚੋਂ ਵੀ ਸੋਨਾ-ਚਾਂਦੀ ਲਿਆ ਸੀ। ਪਰ ਇਸ ਨਾਲ ਯਹੂਦਾਹ ਵਿਚ ਸਥਾਈ ਸ਼ਾਂਤੀ ਨਹੀਂ ਆਈ।—2 ਰਾਜਿਆਂ 16:6, 8.
12. ਹਿਜ਼ਕੀਯਾਹ ਕੀ ਕਰਨ ਦੁਆਰਾ ਆਪਣੇ ਪਿਤਾ ਦੀਆਂ ਗ਼ਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦਾ ਸੀ?
12 ਅਖ਼ੀਰ ਆਹਾਜ਼ ਮਰ ਗਿਆ ਅਤੇ ਹਿਜ਼ਕੀਯਾਹ 25 ਸਾਲ ਦੀ ਉਮਰ ਵਿਚ ਰਾਜਾ ਬਣ ਗਿਆ। (2 ਇਤਹਾਸ 29:1) ਘੱਟ ਉਮਰ ਹੋਣ ਦੇ ਬਾਵਜੂਦ ਵੀ ਉਹ ਇਕ ਕਾਮਯਾਬ ਰਾਜਾ ਬਣਿਆ। ਉਹ ਆਪਣੇ ਮੂਰਤੀ-ਪੂਜਕ ਪਿਤਾ ਦੇ ਪੁੱਠੇ ਚਾਲਿਆਂ ਤੇ ਨਹੀਂ ਚੱਲਿਆ, ਬਲਕਿ ਉਹ ਯਹੋਵਾਹ ਦੀ ਬਿਵਸਥਾ ਉੱਤੇ ਚੱਲਦਾ ਰਿਹਾ। ਇਸ ਵਿਚ ਰਾਜਿਆਂ ਨੂੰ ਦਿੱਤਾ ਗਿਆ ਇਹ ਖ਼ਾਸ ਹੁਕਮ ਵੀ ਸ਼ਾਮਲ ਸੀ: “ਐਉਂ ਹੋਵੇ ਕਿ ਜਦ [ਰਾਜਾ] ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਏਸ ਬਿਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ ਲੇਵੀ ਜਾਜਕਾਂ ਦੇ ਕੋਲ ਹੈ ਲਿਖ ਲਵੇ। ਉਹ ਉਸ ਦੇ ਕੋਲ ਰਹੇਗੀ। ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ।” (ਬਿਵਸਥਾ ਸਾਰ 17:18, 19) ਜੇਕਰ ਹਿਜ਼ਕੀਯਾਹ ਪਰਮੇਸ਼ੁਰ ਦੇ ਬਚਨ ਨੂੰ ਰੋਜ਼ ਪੜ੍ਹਦਾ, ਤਾਂ ਉਹ ਯਹੋਵਾਹ ਤੋਂ ਡਰਨਾ ਸਿੱਖ ਸਕਦਾ ਸੀ ਅਤੇ ਆਪਣੇ ਪਾਪੀ ਪਿਤਾ ਦੀਆਂ ਗ਼ਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦਾ ਸੀ।
13. ਇਕ ਮਸੀਹੀ ਕਿਵੇਂ ਯਕੀਨੀ ਹੋ ਸਕਦਾ ਹੈ ਕਿ ਅਧਿਆਤਮਿਕ ਤੌਰ ਤੇ ਉਹ ਜੋ ਕੁਝ ਵੀ ਕਰੇਗਾ ਸੋ ਸਫ਼ਲ ਹੋਵੇਗਾ?
13 ਇਸਰਾਏਲ ਦੇ ਸਿਰਫ਼ ਰਾਜਿਆਂ ਨੂੰ ਹੀ ਪਰਮੇਸ਼ੁਰ ਦੇ ਬਚਨ ਉੱਤੇ ਲਗਾਤਾਰ ਮਨਨ ਕਰਨ ਲਈ ਨਹੀਂ ਕਿਹਾ ਗਿਆ ਸੀ, ਬਲਕਿ ਪਰਮੇਸ਼ੁਰ ਤੋਂ ਡਰਨ ਵਾਲੇ ਸਾਰੇ ਇਸਰਾਏਲੀਆਂ ਨੂੰ ਵੀ ਕਿਹਾ ਗਿਆ ਸੀ। ਪਹਿਲਾ ਜ਼ਬੂਰ ਕਹਿੰਦਾ ਹੈ ਕਿ ਉਹੋ ਆਦਮੀ ਅਸਲ ਵਿਚ ਖ਼ੁਸ਼ ਹੈ ਜੋ “ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” (ਜ਼ਬੂਰ 1:1, 2) ਅਜਿਹੇ ਆਦਮੀ ਬਾਰੇ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰ 1:3) ਇਸ ਦੇ ਉਲਟ, ਜਿਸ ਨੂੰ ਯਹੋਵਾਹ ਪਰਮੇਸ਼ੁਰ ਵਿਚ ਨਿਹਚਾ ਨਹੀਂ ਹੈ, ਉਸ ਬਾਰੇ ਬਾਈਬਲ ਕਹਿੰਦੀ ਹੈ: “ਉਹ ਦੁਚਿੱਤਾ ਮਨੁੱਖ ਹੈ ਜਿਹੜਾ ਆਪਣਿਆਂ ਸਾਰਿਆਂ ਚਲਣਾਂ ਵਿੱਚ ਚੰਚਲ ਹੈ।” (ਯਾਕੂਬ 1:8) ਅਸੀਂ ਸਾਰੇ ਖ਼ੁਸ਼ ਅਤੇ ਕਾਮਯਾਬ ਹੋਣਾ ਚਾਹੁੰਦੇ ਹਾਂ। ਨਿਯਮਿਤ ਤੌਰ ਤੇ ਅਤੇ ਧਿਆਨ ਨਾਲ ਬਾਈਬਲ ਪੜ੍ਹਨ ਨਾਲ ਅਸੀਂ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ।
ਪਰਮੇਸ਼ੁਰ ਦੇ ਬਚਨ ਨੇ ਯਿਸੂ ਨੂੰ ਮਜ਼ਬੂਤ ਕੀਤਾ
14. ਯਿਸੂ ਨੇ ਪਰਮੇਸ਼ੁਰ ਦੇ ਬਚਨ ਲਈ ਪ੍ਰੀਤ ਕਿਵੇਂ ਦਿਖਾਈ?
14 ਇਕ ਵਾਰ ਯਿਸੂ ਦੇ ਮਾਪਿਆਂ ਨੇ ਉਸ ਨੂੰ ਯਰੂਸ਼ਲਮ ਦੀ ਹੈਕਲ ਵਿਚ ਗੁਰੂਆਂ ਦੇ ਵਿਚ ਬੈਠਾ ਪਾਇਆ। ਪਰਮੇਸ਼ੁਰ ਦੀ ਬਿਵਸਥਾ ਦੇ ਇਹ ਗਿਆਨੀ ‘ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਕਿੰਨੇ ਹੈਰਾਨ ਹੋਏ’! (ਲੂਕਾ 2:46, 47) ਇਹ ਉਸ ਵੇਲੇ ਦੀ ਗੱਲ ਹੈ ਜਦੋਂ ਯਿਸੂ ਅਜੇ 12 ਸਾਲ ਦਾ ਸੀ। ਜੀ ਹਾਂ, ਛੋਟੀ ਉਮਰ ਵਿਚ ਵੀ ਉਹ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਦਾ ਸੀ। ਬਾਅਦ ਵਿਚ ਯਿਸੂ ਨੇ ਸ਼ਤਾਨ ਨੂੰ ਫਿਟਕਾਰਨ ਲਈ ਸ਼ਾਸਤਰਵਚਨਾਂ ਦਾ ਪ੍ਰਯੋਗ ਕੀਤਾ ਅਤੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:3-10) ਉਸ ਤੋਂ ਕੁਝ ਹੀ ਸਮੇਂ ਬਾਅਦ ਯਿਸੂ ਨੇ ਸ਼ਾਸਤਰ ਨੂੰ ਵਰਤਦੇ ਹੋਏ ਆਪਣੇ ਜੱਦੀ ਸ਼ਹਿਰ ਨਾਸਰਤ ਦੇ ਲੋਕਾਂ ਨੂੰ ਪ੍ਰਚਾਰ ਕੀਤਾ।—ਲੂਕਾ 4:16-21.
15. ਦੂਸਰਿਆਂ ਨੂੰ ਪ੍ਰਚਾਰ ਕਰਦੇ ਸਮੇਂ ਯਿਸੂ ਨੇ ਕਿਵੇਂ ਇਕ ਮਿਸਾਲ ਕਾਇਮ ਕੀਤੀ?
15 ਯਿਸੂ ਨੇ ਆਪਣੀਆਂ ਸਿੱਖਿਆਵਾਂ ਦੀ ਪੁਸ਼ਟੀ ਕਰਨ ਲਈ ਅਕਸਰ ਪਰਮੇਸ਼ੁਰ ਦੇ ਬਚਨ ਨੂੰ ਵਰਤਿਆ। ਉਸ ਦੇ ਸਰੋਤੇ ‘ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ।’ (ਮੱਤੀ 7:28) ਅਤੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ, ਕਿਉਂਕਿ ਯਿਸੂ ਦੀਆਂ ਸਿੱਖਿਆਵਾਂ ਖ਼ੁਦ ਯਹੋਵਾਹ ਪਰਮੇਸ਼ੁਰ ਦੀਆਂ ਸਿੱਖਿਆਵਾਂ ਸਨ! ਯਿਸੂ ਨੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ। ਜੋ ਕੋਈ ਆਪਣੀ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ ਹੈ ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹੋ ਸੱਚਾ ਹੈ ਅਤੇ ਉਹ ਦੇ ਵਿੱਚ ਕੁਧਰਮ ਨਹੀਂ ਹੈ।”—ਯੂਹੰਨਾ 7:16, 18.
16. ਯਿਸੂ ਨੇ ਕਿਸ ਹੱਦ ਤਕ ਪਰਮੇਸ਼ੁਰ ਦੇ ਬਚਨ ਲਈ ਆਪਣੀ ਪ੍ਰੀਤ ਨੂੰ ਦਿਖਾਇਆ?
16 ਇਕ ਸੌ ਉੱਨੀਵੇਂ ਜ਼ਬੂਰ ਦੇ ਲਿਖਾਰੀ ਤੋਂ ਉਲਟ ਯਿਸੂ ਵਿਚ ਕੋਈ “ਬਦੀ ਨਹੀਂ” ਸੀ। ਉਹ ਪਾਪ ਤੋਂ ਰਹਿਤ ਸੀ ਅਤੇ ਪਰਮੇਸ਼ੁਰ ਦਾ ਪੁੱਤਰ ਸੀ ਜਿਸ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ . . . ਆਗਿਆਕਾਰ ਬਣਿਆ।” (ਫ਼ਿਲਿੱਪੀਆਂ 2:8; ਇਬਰਾਨੀਆਂ 7:26) ਭਾਵੇਂ ਯਿਸੂ ਸੰਪੂਰਣ ਸੀ, ਪਰ ਫਿਰ ਵੀ ਉਸ ਨੇ ਪਰਮੇਸ਼ੁਰ ਦੀ ਬਿਵਸਥਾ ਦਾ ਅਧਿਐਨ ਕੀਤਾ ਅਤੇ ਉਸ ਉੱਤੇ ਚੱਲਿਆ। ਆਪਣੀ ਖਰਿਆਈ ਨੂੰ ਬਣਾਈ ਰੱਖਣ ਵਿਚ ਬਿਵਸਥਾ ਨੇ ਮੁੱਖ ਤੌਰ ਤੇ ਉਸ ਦੀ ਮਦਦ ਕੀਤੀ। ਜਦੋਂ ਪਤਰਸ ਨੇ ਆਪਣੇ ਸੁਆਮੀ ਨੂੰ ਗਿਰਫ਼ਤਾਰ ਹੋਣ ਤੋਂ ਬਚਾਉਣ ਲਈ ਤਲਵਾਰ ਚਲਾਈ, ਤਾਂ ਯਿਸੂ ਨੇ ਇਸ ਰਸੂਲ ਨੂੰ ਝਿੜਕਿਆ ਅਤੇ ਪੁੱਛਿਆ: “ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ? ਫੇਰ ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?” (ਮੱਤੀ 26:53, 54) ਜੀ ਹਾਂ, ਯਿਸੂ ਲਿਖਤਾਂ ਦੀ ਪੂਰਤੀ ਦੀ ਖ਼ਾਤਰ ਇਕ ਦੁਖਦਾਈ ਅਤੇ ਅਪਮਾਨਜਨਕ ਮੌਤ ਮਰਨ ਲਈ ਵੀ ਤਿਆਰ ਸੀ। ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਦੀ ਕਿੰਨੀ ਹੀ ਸ਼ਾਨਦਾਰ ਮਿਸਾਲ!
ਮਸੀਹ ਦੀ ਰੀਸ ਕਰਨ ਵਾਲੇ ਦੂਸਰੇ ਲੋਕ
17. ਪੌਲੁਸ ਰਸੂਲ ਲਈ ਪਰਮੇਸ਼ੁਰ ਦਾ ਬਚਨ ਕਿੰਨੀ ਅਹਿਮੀਅਤ ਰੱਖਦਾ ਸੀ?
17 ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਲਿਖਿਆ: “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰਥੀਆਂ 10:33) ਆਪਣੇ ਸੁਆਮੀ ਦੀ ਤਰ੍ਹਾਂ ਪੌਲੁਸ ਨੇ ਬਾਈਬਲ ਨਾਲ ਪ੍ਰੀਤ ਰੱਖਣੀ ਸਿੱਖੀ ਸੀ। ਉਸ ਨੇ ਮੰਨਿਆ: “ਮੈਂ ਆਪਣੇ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਬਿਵਸਥਾ ਨਾਲ ਬਹੁਤ ਪ੍ਰੀਤ ਰੱਖਦਾ ਹਾਂ।” (ਰੋਮੀਆਂ 7:22, ਦ ਜਰੂਸਲਮ ਬਾਈਬਲ) ਪੌਲੁਸ ਨੇ ਬਹੁਤ ਵਾਰ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦਿੱਤੇ। (ਰਸੂਲਾਂ ਦੇ ਕਰਤੱਬ 13:32-41; 17:2, 3; 28:23) ਜਦੋਂ ਪੌਲੁਸ ਨੇ ਆਪਣੇ ਪਿਆਰੇ ਸੰਗੀ ਸੇਵਕ, ਤਿਮੋਥਿਉਸ ਨੂੰ ਆਖ਼ਰੀ ਹਿਦਾਇਤਾਂ ਦਿੱਤੀਆਂ, ਤਾਂ ਉਸ ਨੇ ਜ਼ੋਰ ਦਿੱਤਾ ਕਿ ‘ਪਰਮੇਸ਼ੁਰ ਦੇ ਬੰਦੇ’ ਦੀ ਰੋਜ਼ਾਨਾ ਜ਼ਿੰਦਗੀ ਵਿਚ ਇਸ ਨੂੰ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਨੀ ਚਾਹੀਦੀ ਹੈ।—2 ਤਿਮੋਥਿਉਸ 3:15-17.
18. ਇਕ ਵਿਅਕਤੀ ਦੀ ਉਦਾਹਰਣ ਦਿਓ ਜਿਸ ਨੇ ਆਧੁਨਿਕ ਸਮੇਂ ਵਿਚ ਪਰਮੇਸ਼ੁਰ ਦੇ ਬਚਨ ਲਈ ਆਦਰ ਦਿਖਾਇਆ।
18 ਆਧੁਨਿਕ ਸਮਿਆਂ ਵਿਚ ਵੀ ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਿਚ ਯਿਸੂ ਦੀ ਰੀਸ ਕੀਤੀ ਹੈ। ਇਸ ਸਦੀ ਦੇ ਸ਼ੁਰੂ ਵਿਚ ਇਕ ਨੌਜਵਾਨ ਨੂੰ ਉਸ ਦੇ ਦੋਸਤ ਨੇ ਇਕ ਬਾਈਬਲ ਦਿੱਤੀ। ਇਸ ਬੇਸ਼ਕੀਮਤੀ ਤੋਹਫ਼ੇ ਦਾ ਜੋ ਉਸ ਉੱਤੇ ਪ੍ਰਭਾਵ ਪਿਆ ਸੀ ਉਸ ਬਾਰੇ ਉਸ ਨੇ ਦੱਸਿਆ: “ਮੈਂ ਪੱਕਾ ਇਰਾਦਾ ਕਰ ਲਿਆ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਰੋਜ਼ ਬਾਈਬਲ ਪੜ੍ਹਾਂਗਾ।” ਉਹ ਨੌਜਵਾਨ ਫਰੈਡਰਿਕ ਫ਼੍ਰਾਂਜ਼ ਸੀ ਅਤੇ ਬਾਈਬਲ ਨਾਲ ਪ੍ਰੀਤ ਰੱਖਣ ਕਰਕੇ ਉਹ ਯਹੋਵਾਹ ਦੀ ਸੇਵਾ ਵਿਚ ਇਕ ਲੰਮੀ ਅਤੇ ਕਾਮਯਾਬ ਜ਼ਿੰਦਗੀ ਗੁਜ਼ਾਰ ਸਕਿਆ। ਉਹ ਆਪਣੀ ਯਾਦ-ਸ਼ਕਤੀ ਵਿੱਚੋਂ ਬਾਈਬਲ ਦੇ ਪੂਰੇ-ਪੂਰੇ ਅਧਿਆਵਾਂ ਦਾ ਹਵਾਲਾ ਦੇ ਸਕਦਾ ਸੀ ਤੇ ਉਸ ਦੀ ਇਸ ਯੋਗਤਾ ਲਈ ਉਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
19. ਕੁਝ ਵਿਅਕਤੀ ਦੈਵ-ਸ਼ਾਸਕੀ ਸੇਵਕਾਈ ਸਕੂਲ ਦੀ ਤਿਆਰੀ ਵਿਚ ਬਾਈਬਲ ਦੇ ਅਧਿਆਵਾਂ ਨੂੰ ਪੜ੍ਹਨ ਲਈ ਕਿਵੇਂ ਸਮਾਂ-ਸਾਰਣੀ ਬਣਾਉਂਦੇ ਹਨ?
19 ਯਹੋਵਾਹ ਦੇ ਗਵਾਹ ਬਾਕਾਇਦਾ ਬਾਈਬਲ ਪੜ੍ਹਨ ਤੇ ਬਹੁਤ ਜ਼ੋਰ ਦਿੰਦੇ ਹਨ। ਹਰ ਹਫ਼ਤੇ ਦੈਵ-ਸ਼ਾਸਕੀ ਸੇਵਕਾਈ ਸਕੂਲ ਨਾਮਕ ਇਕ ਮਸੀਹੀ ਸਭਾ ਦੀ ਤਿਆਰੀ ਵਿਚ ਉਹ ਬਾਈਬਲ ਦੇ ਕੁਝ ਅਧਿਆਇ ਪੜ੍ਹਦੇ ਹਨ। ਫਿਰ ਇਨ੍ਹਾਂ ਬਾਈਬਲ ਅਧਿਆਵਾਂ ਦੇ ਮੁੱਖ ਅੰਸ਼ਾਂ ਉੱਤੇ ਸਭਾ ਵਿਚ ਚਰਚਾ ਕੀਤੀ ਜਾਂਦੀ ਹੈ। ਕੁਝ ਗਵਾਹ ਹਫ਼ਤੇ ਦੌਰਾਨ ਪੜ੍ਹੇ ਜਾਣ ਵਾਲੇ ਬਾਈਬਲ ਦੇ ਅਧਿਆਵਾਂ ਨੂੰ ਸੱਤ ਹਿੱਸਿਆਂ ਵਿਚ ਵੰਡ ਲੈਂਦੇ ਹਨ ਤਾਂਕਿ ਉਹ ਰੋਜ਼ ਇਕ ਹਿੱਸਾ ਪੜ੍ਹ ਸਕਣ। ਜਦੋਂ ਉਹ ਪੜ੍ਹਦੇ ਹਨ, ਤਾਂ ਉਹ ਉਸ ਉੱਤੇ ਵਿਚਾਰ ਵੀ ਕਰਦੇ ਹਨ। ਜਦੋਂ ਵੀ ਸੰਭਵ ਹੁੰਦਾ ਹੈ, ਉਹ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਸਹਾਇਤਾ ਨਾਲ ਰਿਸਰਚ ਵੀ ਕਰਦੇ ਹਨ।
20. ਬਾਕਾਇਦਾ ਬਾਈਬਲ ਪੜ੍ਹਨ ਲਈ ਸਮਾਂ ਕੱਢਣ ਵਾਸਤੇ ਕੀ ਕਰਨ ਦੀ ਜ਼ਰੂਰਤ ਹੈ?
20 ਬਾਕਾਇਦਾ ਬਾਈਬਲ ਪੜ੍ਹਨ ਲਈ ਤੁਹਾਨੂੰ ਸ਼ਾਇਦ ਦੂਸਰੇ ਕੰਮਾਂ ਵਿੱਚੋਂ ਸਮਾਂ ਕੱਢਣਾ ਪਵੇ। (ਅਫ਼ਸੀਆਂ 5:16) ਪਰ ਇਸ ਦੇ ਫ਼ਾਇਦੇ ਕਿਸੇ ਵੀ ਤਿਆਗ ਨਾਲੋਂ ਕਿਤੇ ਜ਼ਿਆਦਾ ਹੋਣਗੇ। ਜਿਉਂ-ਜਿਉਂ ਤੁਸੀਂ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਉਂਦੇ ਹੋ, ਤਿਉਂ-ਤਿਉਂ ਪਰਮੇਸ਼ੁਰ ਦੇ ਬਚਨ ਲਈ ਤੁਹਾਡੀ ਪ੍ਰੀਤ ਵੀ ਵਧੇਗੀ। ਜਲਦੀ ਹੀ ਤੁਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਕਹਿਣ ਲਈ ਪ੍ਰੇਰਿਤ ਹੋਵੋਗੇ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!” (ਜ਼ਬੂਰ 119:97) ਅਜਿਹਾ ਰਵੱਈਆ ਅਪਣਾਉਣ ਨਾਲ ਤੁਸੀਂ ਹੁਣ ਅਤੇ ਭਵਿੱਖ ਵਿਚ ਬਹੁਤ ਸਾਰੇ ਫ਼ਾਇਦੇ ਪ੍ਰਾਪਤ ਕਰੋਗੇ, ਜਿਸ ਦੇ ਬਾਰੇ ਅਗਲਾ ਲੇਖ ਦੱਸੇਗਾ।
ਕੀ ਤੁਹਾਨੂੰ ਯਾਦ ਹੈ?
◻ ਜ਼ਬੂਰ 119 ਦੇ ਲਿਖਾਰੀ ਨੇ ਪਰਮੇਸ਼ੁਰ ਦੇ ਬਚਨ ਲਈ ਪ੍ਰੀਤ ਕਿਵੇਂ ਦਿਖਾਈ?
◻ ਯਿਸੂ ਅਤੇ ਪੌਲੁਸ ਦੀ ਉਦਾਹਰਣ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?
◻ ਅਸੀਂ ਪਰਮੇਸ਼ੁਰ ਦੇ ਬਚਨ ਲਈ ਆਪਣੀ ਪ੍ਰੀਤ ਨੂੰ ਕਿਵੇਂ ਵਧਾ ਸਕਦੇ ਹਾਂ?
[ਸਫ਼ੇ 10 ਉੱਤੇ ਤਸਵੀਰਾਂ]
ਵਫ਼ਾਦਾਰ ਰਾਜਿਆਂ ਨੇ ਪਰਮੇਸ਼ੁਰ ਦੇ ਬਚਨ ਨੂੰ ਹਰ ਰੋਜ਼ ਪੜ੍ਹਨਾ ਸੀ। ਕੀ ਤੁਸੀਂ ਪੜ੍ਹਦੇ ਹੋ?
[ਸਫ਼ੇ 12 ਉੱਤੇ ਤਸਵੀਰ]
ਛੋਟੀ ਉਮਰ ਵਿਚ ਵੀ ਯਿਸੂ ਨੂੰ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਸੀ