ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 11/1 ਸਫ਼ੇ 20-23
  • ਜਦੋਂ ਉਦਾਰਤਾ ਡੁੱਲ-ਡੁੱਲ ਪੈਂਦੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਦੋਂ ਉਦਾਰਤਾ ਡੁੱਲ-ਡੁੱਲ ਪੈਂਦੀ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬੁੱਧੀ ਦੇ ਦੇਣਹਾਰ ਕੋਲ ਆਉਣਾ
  • ਮਹਾਨ ਦੇਣਹਾਰ ਨੂੰ ਦੇਣਾ
  • ਮੌਜੂਦਾ ਸਮੇਂ ਦੀਆਂ ਲੋੜਾਂ ਕੀ-ਕੀ ਹਨ?
  • “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਖੁੱਲ੍ਹੇ ਦਿਲੋਂ ਦਾਨ ਦੇਣ ਨਾਲ ਖ਼ੁਸ਼ੀ ਮਿਲਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਖ਼ੁਸ਼ੀ ਨਾਲ ਦਿਲੋਂ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਖੁੱਲ੍ਹ-ਦਿਲੇ ਬਣਨਾ ਸਿੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 11/1 ਸਫ਼ੇ 20-23

ਜਦੋਂ ਉਦਾਰਤਾ ਡੁੱਲ-ਡੁੱਲ ਪੈਂਦੀ ਹੈ

ਜੇਕਰ ਤੁਹਾਨੂੰ ਕਿਸੇ ਰਾਜੇ ਨੂੰ ਕੋਈ ਤੋਹਫ਼ਾ ਦੇਣ ਦਾ ਮੌਕਾ ਮਿਲਦਾ, ਤਾਂ ਤੁਸੀਂ ਉਸ ਨੂੰ ਕਿਹੜਾ ਤੋਹਫ਼ਾ ਦਿੰਦੇ? ਅਤੇ ਜੇਕਰ ਉਹ ਸੰਸਾਰ ਦਾ ਸਭ ਤੋਂ ਅਮੀਰ ਅਤੇ ਬੁੱਧੀਮਾਨ ਰਾਜਾ ਹੁੰਦਾ, ਤਾਂ ਫੇਰ? ਤੁਸੀਂ ਉਸ ਨੂੰ ਕਿਸ ਤਰ੍ਹਾਂ ਦਾ ਤੋਹਫ਼ਾ ਦਿੰਦੇ ਜਿਸ ਨਾਲ ਉਹ ਖ਼ੁਸ਼ ਹੋ ਜਾਂਦਾ? ਕੁਝ ਤਿੰਨ ਹਜ਼ਾਰ ਸਾਲ ਪਹਿਲਾਂ, ਸ਼ਬਾ ਦੀ ਰਾਣੀ ਨੂੰ ਇਨ੍ਹਾਂ ਸਵਾਲਾਂ ਉੱਤੇ ਉਦੋਂ ਗੌਰ ਕਰਨਾ ਪਿਆ ਜਦੋਂ ਉਹ ਠੀਕ ਇੱਦਾਂ ਦੇ ਰਾਜੇ ਨੂੰ ਮਿਲਣ ਜਾ ਰਹੀ ਸੀ। ਉਹ ਰਾਜਾ ਸੀ—ਇਸਰਾਏਲ ਦਾ ਰਾਜਾ ਸੁਲੇਮਾਨ।

ਇਹ ਰਾਣੀ ਜਿਹੜੇ ਤੋਹਫ਼ੇ ਲੈ ਕੇ ਗਈ ਸੀ, ਉਸ ਬਾਰੇ ਬਾਈਬਲ ਦੱਸਦੀ ਹੈ ਕਿ ਉਸ ਵਿਚ 120 ਤੋੜੇ ਸੋਨਾ ਅਤੇ “ਢੇਰ ਸਾਰਾ ਮਸਾਲਾ ਅਤੇ ਬਹੁਮੁੱਲੇ ਪੱਥਰ” ਸ਼ਾਮਲ ਸਨ। ਅੱਜ ਦੀਆਂ ਕੀਮਤਾਂ ਅਨੁਸਾਰ, ਸਿਰਫ਼ ਸੋਨੇ ਦਾ ਹੀ ਮੁੱਲ ਲਗਭਗ 160 ਕਰੋੜ ਰੁਪਏ ਸੀ। ਮਸਾਲਾ ਜਾਂ ਬਲਸਾਨ ਦਾ ਤੇਲ, ਜੋ ਇਕ ਖੁਸ਼ਬੂਦਾਰ ਅਤੇ ਔਸ਼ਧੀਯੁਕਤ ਤੇਲ ਸੀ, ਨੂੰ ਸੋਨੇ ਵਾਂਗ ਇਕ ਕੀਮਤੀ ਚੀਜ਼ ਸਮਝਿਆ ਜਾਂਦਾ ਸੀ। ਭਾਵੇਂ ਕਿ ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਰਾਣੀ ਨੇ ਸੁਲੇਮਾਨ ਨੂੰ ਕਿੰਨਾ ਤੇਲ ਦਿੱਤਾ, ਪਰ ਇਹ ਇੰਨਾ ਜ਼ਰੂਰ ਦੱਸਦੀ ਹੈ ਕਿ ਉਸ ਵੱਲੋਂ ਦਿੱਤੇ ਗਏ ਤੋਹਫ਼ੇ ਬੇਮਿਸਾਲ ਸਨ।—1 ਰਾਜਿਆਂ 10:10.

ਸ਼ਬਾ ਦੀ ਰਾਣੀ ਨਿਰਸੰਦੇਹ ਇਕ ਅਮੀਰ ਅਤੇ ਦਰਿਆ-ਦਿਲ ਤੀਵੀਂ ਸੀ। ਪਰ ਉਸ ਦੀ ਉਦਾਰਤਾ ਦੇ ਬਦਲੇ ਉਸ ਨੂੰ ਵੀ ਉਦਾਰਤਾ ਨਾਲ ਹੀ ਦਿੱਤਾ ਗਿਆ। ਬਾਈਬਲ ਦੱਸਦੀ ਹੈ ਕਿ “ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਹ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵਧੀਕ ਜੋ ਉਹ ਪਾਤਸ਼ਾਹ ਲਈ ਲਿਆਈ ਸੀ ਦਿੱਤਾ।” (2 ਇਤਹਾਸ 9:12, ਟੇਢੇ ਟਾਈਪ ਸਾਡੇ।) ਸ਼ਾਇਦ ਉਸ ਸਮੇਂ ਦੇ ਰਾਜਿਆਂ ਲਈ ਤੋਹਫ਼ਿਆਂ ਦਾ ਲੈਣਾ-ਦੇਣਾ ਇਕ ਰਿਵਾਜ ਜਿਹਾ ਸੀ; ਤਾਂ ਵੀ ਬਾਈਬਲ ਖ਼ਾਸ ਤੌਰ ਤੇ ਸੁਲੇਮਾਨ ਦੀ “ਸਾਰੀ ਸਖਾਵਤ” ਬਾਰੇ ਜ਼ਿਕਰ ਕਰਦੀ ਹੈ। (1 ਰਾਜਿਆਂ 10:13) ਸੁਲੇਮਾਨ ਨੇ ਖ਼ੁਦ ਲਿਖਿਆ: “ਸਖੀ ਜਨ ਮੋਟਾ ਹੋ ਜਾਵੇਗਾ, ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।”—ਕਹਾਉਤਾਂ 11:25.

ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ ਮਿਲਣ ਲਈ ਆਪਣਾ ਕਾਫ਼ੀ ਸਮਾਂ ਕੁਰਬਾਨ ਕੀਤਾ ਅਤੇ ਕਾਫ਼ੀ ਜਤਨ ਕੀਤੇ। ਸਪੱਸ਼ਟ ਤੌਰ ਤੇ ਸ਼ਬਾ ਆਧੁਨਿਕ ਦਿਨ ਦੇ ਯਮਨ ਗਣਰਾਜ ਵਿਚ ਸਥਿਤ ਸੀ: ਇਸ ਲਈ ਰਾਣੀ ਨੇ ਅਤੇ ਉਸ ਦੇ ਕਾਫ਼ਲੇ ਨੇ ਯਰੂਸ਼ਲਮ ਤਕ 1,600 ਤੋਂ ਵੀ ਜ਼ਿਆਦਾ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਜਿਵੇਂ ਯਿਸੂ ਨੇ ਕਿਹਾ ਸੀ, “ਉਹ ਧਰਤੀ ਦੀ ਹੱਦੋਂ” ਸੁਲੇਮਾਨ ਨੂੰ ਮਿਲਣ ਲਈ ਆਈ। ਸ਼ਬਾ ਦੀ ਰਾਣੀ ਨੇ ਆਉਣ ਲਈ ਇੰਨੀ ਖੇਚਲ ਕਿਉਂ ਕੀਤੀ? ਉਹ ਖ਼ਾਸ ਤੌਰ ਤੇ “ਸੁਲੇਮਾਨ ਦਾ ਗਿਆਨ ਸੁਣਨ ਆਈ” ਸੀ।—ਲੂਕਾ 11:31.

ਪਹਿਲਾ ਰਾਜਾ 10:1, 2 ਕਹਿੰਦਾ ਹੈ ਕਿ ਸ਼ਬਾ ਦੀ ਰਾਣੀ ਸੁਲੇਮਾਨ ਨੂੰ “ਬੁਝਾਰਤਾਂ ਵਿੱਚ ਪਰਖਣ ਲਈ ਆਈ . . . [ਉਸ ਨੇ] ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ।” ਸੁਲੇਮਾਨ ਨੇ ਇਸ ਦੇ ਬਦਲੇ ਵਿਚ ਕੀ ਕੀਤਾ? “ਸੁਲੇਮਾਨ ਨੇ ਉਹ ਦੀਆਂ ਸਾਰੀਆਂ ਗੱਲਾਂ ਦਾ ਉਹ ਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਗੱਲ ਗੁੱਝੀ ਨਾ ਸੀ ਜਿਹ ਦਾ ਉਸ ਨੇ ਉੱਤਰ ਨਾ ਦਿੱਤਾ ਹੋਵੇ।”—1 ਰਾਜਿਆਂ 10:3.

ਰਾਣੀ ਨੇ ਜੋ ਕੁਝ ਦੇਖਿਆ ਅਤੇ ਸੁਣਿਆ, ਉਸ ਤੋਂ ਹੈਰਾਨ ਹੋ ਕੇ ਉਸ ਨੂੰ ਨਿਮਰਤਾ ਨਾਲ ਕਿਹਾ: “ਧੰਨ ਹਨ ਏਹ ਤੇਰੇ ਟਹਿਲੂਏ ਜਿਹੜੇ ਸਦਾ ਤੇਰੇ ਸਨਮੁਖ ਖਲੋਤੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ।” (1 ਰਾਜਿਆਂ 10:4-8) ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਇਸ ਕਰਕੇ ਧੰਨ ਨਹੀਂ ਕਿਹਾ ਕਿ ਉਹ ਇੰਨੀ ਸ਼ਾਨੋ-ਸ਼ੌਕਤ ਵਾਲੇ ਮਹਿਲ ਵਿਚ ਸੇਵਾ ਕਰਦੇ ਸਨ। ਇਸ ਦੀ ਬਜਾਇ, ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਇਸ ਕਰਕੇ ਧੰਨ ਕਿਹਾ ਕਿਉਂਕਿ ਉਹ ਸੁਲੇਮਾਨ ਦੀ ਪਰਮੇਸ਼ੁਰ-ਦਿੱਤ ਬੁੱਧੀ ਨੂੰ ਲਗਾਤਾਰ ਸੁਣ ਸਕਦੇ ਸਨ। ਅੱਜ ਯਹੋਵਾਹ ਦੇ ਲੋਕਾਂ ਲਈ ਸ਼ਬਾ ਦੀ ਰਾਣੀ ਇਕ ਕਿੰਨੀ ਵਧੀਆ ਮਿਸਾਲ ਹੈ, ਜਿਹੜੇ ਸ੍ਰਿਸ਼ਟੀਕਰਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਬੁੱਧੀ ਨੂੰ ਸੁਣਨ ਦਾ ਆਨੰਦ ਮਾਣਦੇ ਹਨ!

ਸ਼ਬਾ ਦੀ ਰਾਣੀ ਦੁਆਰਾ ਸੁਲੇਮਾਨ ਨੂੰ ਕਹੀ ਗਈ ਅਗਲੀ ਗੱਲ ਵੀ ਧਿਆਨ ਦੇਣ ਯੋਗ ਹੈ: “ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ।” (1 ਰਾਜਿਆਂ 10:9) ਉਸ ਨੇ ਜ਼ਰੂਰ ਸੁਲੇਮਾਨ ਦੀ ਬੁੱਧੀ ਅਤੇ ਖ਼ੁਸ਼ਹਾਲੀ ਪਿੱਛੇ ਯਹੋਵਾਹ ਦਾ ਹੱਥ ਦੇਖਿਆ ਹੋਵੇਗਾ। ਇਹ ਠੀਕ ਉਸੇ ਵਾਅਦੇ ਅਨੁਸਾਰ ਸੀ ਜੋ ਯਹੋਵਾਹ ਨੇ ਇਸਰਾਏਲ ਨਾਲ ਪਹਿਲਾਂ ਕੀਤਾ ਸੀ। ਉਸ ਨੇ ਕਿਹਾ ਸੀ, ‘ਮੇਰੀਆਂ ਬਿਧੀਆਂ ਨੂੰ ਮੰਨਣਾ ਤੁਹਾਡੀ ਬੁੱਧੀ ਅਤੇ ਸਮਝ ਹੈ ਉਨ੍ਹਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ਕ ਏਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ।’—ਬਿਵਸਥਾ ਸਾਰ 4:5-7.

ਬੁੱਧੀ ਦੇ ਦੇਣਹਾਰ ਕੋਲ ਆਉਣਾ

ਆਧੁਨਿਕ ਦਿਨਾਂ ਵਿਚ, ਲੱਖਾਂ ਹੀ ਲੋਕ ਯਹੋਵਾਹ ਦੇ ਸੰਗਠਨ ਵੱਲ ਖਿੱਚੇ ਗਏ ਹਨ, ਕਿਉਂਕਿ ਉਨ੍ਹਾਂ ਨੇ “ਪਰਮੇਸ਼ੁਰ ਦੇ ਇਸਰਾਏਲ” ਨੂੰ “ਬੁੱਧਵਾਨ ਅਤੇ ਸਮਝਦਾਰ ਲੋਕਾਂ” ਵਜੋਂ ਜਾਣਿਆ ਹੈ। ਉਹ ਜਨਮ ਤੋਂ ਹੀ ਬੁੱਧਵਾਨ ਨਹੀਂ, ਸਗੋਂ ਪਰਮੇਸ਼ੁਰ ਦੇ ਉੱਚੇ-ਸੁੱਚੇ ਨਿਯਮਾਂ ਅਤੇ ਸਿਧਾਂਤਾਂ ਅਨੁਸਾਰ ਚੱਲਣ ਕਰਕੇ ਬੁੱਧਵਾਨ ਬਣੇ ਹਨ। (ਗਲਾਤੀਆਂ 6:16) ਮੌਜੂਦਾ ਸਾਲਾਂ ਵਿਚ ਬਪਤਿਸਮਾ ਲੈਣ ਵਾਲਿਆਂ ਦੀ ਗਿਣਤੀ ਦਿਖਾਉਂਦੀ ਹੈ ਕਿ ਹਰ ਸਾਲ ਲੱਖਾਂ ਹੀ ਨਵੇਂ ਚੇਲੇ ਅਧਿਆਤਮਿਕ ਇਸਰਾਏਲ ਨੂੰ ਇਕ ਤਰੀਕੇ ਨਾਲ ਇਹ ਕਹਿੰਦੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਜਦੋਂ ਇਹ ਨਵੇਂ ਜਨ ਯਹੋਵਾਹ ਵੱਲੋਂ ਉਸ ਦੇ ਸੇਵਕਾਂ ਲਈ ਤਿਆਰ ਕੀਤੇ ਗਏ ਅਧਿਆਤਮਿਕ ਭੋਜਨ ਦੀ ਦਾਅਵਤ ਨੂੰ ਦੇਖਦੇ ਹਨ, ਤਾਂ ਉਹ ਕਿੰਨੇ ਹੈਰਾਨ ਹੁੰਦੇ ਹਨ! ਉਨ੍ਹਾਂ ਨੇ ਆਪਣੇ ਪੁਰਾਣੇ ਧਰਮਾਂ ਵਿਚ ਇਸ ਤਰ੍ਹਾਂ ਦੀ ਦਾਅਵਤ ਕਦੇ ਨਹੀਂ ਦੇਖੀ ਸੀ।—ਯਸਾਯਾਹ 25:6.

ਮਹਾਨ ਦੇਣਹਾਰ ਨੂੰ ਦੇਣਾ

ਇੰਨਾ ਜ਼ਿਆਦਾ ਅਧਿਆਤਮਿਕ ਭੋਜਨ ਪ੍ਰਾਪਤ ਕਰ ਕੇ, ਕਦਰਦਾਨ ਲੋਕ ਇਹ ਸੋਚਦੇ ਹਨ ਕਿ ਉਹ ਮਹਾਨ ਰਾਜਾ ਅਤੇ ਦੇਣਹਾਰ ਯਹੋਵਾਹ ਪਰਮੇਸ਼ੁਰ ਨੂੰ ਬਦਲੇ ਵਿਚ ਕੀ ਦੇ ਸਕਦੇ ਹਨ। ਬਾਈਬਲ ਦੱਸਦੀ ਹੈ ਕਿ ਸਾਡੇ ਵੱਲੋਂ “ਉਸਤਤ ਦਾ ਬਲੀਦਾਨ” ਯਹੋਵਾਹ ਲਈ ਸਭ ਤੋਂ ਉੱਤਮ ਤੋਹਫ਼ਾ ਹੋਵੇਗਾ। (ਇਬਰਾਨੀਆਂ 13:15) ਕਿਉਂ? ਕਿਉਂਕਿ ਇਹ ਬਲੀਦਾਨ ਸਿੱਧੇ ਤੌਰ ਤੇ ਜਾਨਾਂ ਬਚਾਉਣ ਦੇ ਕੰਮ ਨਾਲ ਜੁੜਿਆ ਹੋਇਆ ਹੈ, ਜੋ ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਦਾ ਮੁੱਖ ਉਦੇਸ਼ ਹੈ। (ਹਿਜ਼ਕੀਏਲ 18:23) ਇਸ ਤੋਂ ਇਲਾਵਾ, ਬੀਮਾਰਾਂ, ਕਮਦਿਲਿਆਂ ਅਤੇ ਹੋਰਨਾਂ ਦੀ ਮਦਦ ਕਰਨ ਲਈ ਆਪਣੀ ਤਾਕਤ ਅਤੇ ਆਪਣਾ ਸਮਾਂ ਦੇਣਾ ਵੀ ਇਕ ਬਲੀਦਾਨ ਹੈ ਜੋ ਪਰਮੇਸ਼ੁਰ ਨੂੰ ਪ੍ਰਵਾਨਯੋਗ ਹੈ।—1 ਥੱਸਲੁਨੀਕੀਆਂ 5:14; ਇਬਰਾਨੀਆਂ 13:16; ਯਾਕੂਬ 1:27.

ਮਾਲੀ ਚੰਦਾ ਇਕ ਮੁੱਖ ਭੂਮਿਕਾ ਅਦਾ ਕਰਦਾ ਹੈ। ਇਸ ਦੀ ਮਦਦ ਨਾਲ ਹੀ ਬਾਈਬਲਾਂ ਤੇ ਬਾਈਬਲ ਆਧਾਰਿਤ ਸਾਹਿੱਤ ਛਾਪੇ ਜਾਂਦੇ ਹਨ ਅਤੇ ਅਜਿਹੀਆਂ ਥਾਵਾਂ ਖ਼ਰੀਦੀਆਂ ਜਾਂਦੀਆਂ ਹਨ ਜਿੱਥੇ ਮਸੀਹੀ ਇਕੱਠੇ ਹੋ ਸਕਣ। (ਇਬਰਾਨੀਆਂ 10:24, 25) ਇਹ ਚੰਦੇ ਲੜਾਈਆਂ ਅਤੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਰਾਹਤ ਫ਼ੰਡ ਦੇਣ ਵਿਚ ਵੀ ਸਹਾਇਕ ਹੁੰਦੇ ਹਨ।

ਚੰਦਾ ਦੇਣ ਦੇ ਮਾਮਲੇ ਵਿਚ, ਪਰਮੇਸ਼ੁਰ ਦੇ ਬਚਨ ਵਿਚ ਸਾਡੇ ਲਈ ਕੁਝ ਬਹੁਤ ਵਧੀਆ ਸਿਧਾਂਤ ਦਿੱਤੇ ਗਏ ਹਨ। ਉਦਾਹਰਣ ਲਈ, ਇਹ ਸਿਖਾਉਂਦਾ ਹੈ ਕਿ ਮਸੀਹੀ ਇਕ ਨਿਸ਼ਚਿਤ ਚੰਦਾ ਨਹੀਂ ਸਗੋਂ ਜਿੰਨਾ ਉਹ ਦੇ ਸਕਦੇ ਹਨ, ਉੱਨਾ ਦੇਣ ਅਤੇ ਇਹ ਉਨ੍ਹਾਂ ਨੂੰ ਆਪਣੀ ਇੱਛਾ ਨਾਲ ਅਤੇ ਦਿਲ ਦੀ ਖ਼ੁਸ਼ੀ ਨਾਲ ਦੇਣਾ ਚਾਹੀਦਾ ਹੈ। (2 ਕੁਰਿੰਥੀਆਂ 9:7) ਕੁਝ ਲੋਕ ਜ਼ਿਆਦਾ ਦੇ ਸਕਦੇ ਹਨ, ਪਰ ਕੁਝ ਸ਼ਾਇਦ ਯਿਸੂ ਦੇ ਸਮੇਂ ਦੀ ਵਿਧਵਾ ਵਾਂਗ ਥੋੜ੍ਹਾ ਹੀ ਦੇ ਸਕਣ। (ਲੂਕਾ 21:2-4) ਕੀ ਇਹ ਇਕ ਅਨੋਖੀ ਗੱਲ ਨਹੀਂ ਹੈ ਕਿ ਇਸ ਪੂਰੇ ਵਿਸ਼ਵ ਦਾ ਮਾਲਕ ਯਹੋਵਾਹ, ਚੰਗੇ ਦਿਲ ਨਾਲ ਦਿੱਤੇ ਹਰ ਇਕ ਤੋਹਫ਼ੇ ਦੀ ਅਤੇ ਉਸ ਦੇ ਨਾਂ ਤੇ ਕੀਤੀਆਂ ਕੁਰਬਾਨੀਆਂ ਦੀ ਕਦਰ ਕਰਦਾ ਹੈ?—ਇਬਰਾਨੀਆਂ 6:10.

ਯਹੋਵਾਹ ਦੇ ਲੋਕ ਖ਼ੁਸ਼ੀ ਨਾਲ ਦੇ ਸਕਣ, ਇਸ ਦੇ ਲਈ ਉਨ੍ਹਾਂ ਨੂੰ ਵੱਖ-ਵੱਖ ਲੋੜਾਂ ਅਤੇ ਉਨ੍ਹਾਂ ਲੋੜਾਂ ਨੂੰ ਪੂਰਾ ਕਰਨ ਦੇ ਸਹੀ ਤਰੀਕਿਆਂ ਤੋਂ ਲਗਾਤਾਰ ਜਾਣੂ ਕਰਵਾਇਆ ਜਾਂਦਾ ਹੈ। ਫਿਰ ਯਹੋਵਾਹ ਦੀ ਪਵਿੱਤਰ ਆਤਮਾ ਇੱਛੁਕ ਵਿਅਕਤੀਆਂ ਨੂੰ ਚੰਦਾ ਦੇਣ ਲਈ ਉਕਸਾਉਂਦੀ ਹੈ। ਇਹੀ ਤਰੀਕਾ ਪ੍ਰਾਚੀਨ ਇਸਰਾਏਲ ਵਿਚ ਡੇਹਰੇ ਦੀ ਉਸਾਰੀ ਲਈ ਅਤੇ ਬਾਅਦ ਵਿਚ ਹੈਕਲ ਦੀ ਉਸਾਰੀ ਲਈ ਅਪਣਾਇਆ ਗਿਆ ਸੀ। (ਕੂਚ 25:2; 35:5, 21, 29; 36:5-7; 39:32; 1 ਇਤਹਾਸ 29:1-19) ਪਹਿਲੀ ਸਦੀ ਵਿਚ, ਇਹੀ ਤਰੀਕਾ ਕੌਮਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਅਤੇ ਇਸਰਾਏਲ ਵਿਚ ਕਾਲ ਪੈਣ ਤੇ ਭਰਾਵਾਂ ਦੀ ਮਦਦ ਕਰਨ ਲਈ ਲੋੜੀਂਦੇ ਸਾਧਨ ਜੁਟਾਉਣ ਵਿਚ ਮਦਦਗਾਰ ਸਿੱਧ ਹੋਇਆ ਸੀ।—1 ਕੁਰਿੰਥੀਆਂ 16:2-4; 2 ਕੁਰਿੰਥੀਆਂ 8:4, 15; ਕੁਲੁੱਸੀਆਂ 1:23.

ਇਸੇ ਤਰ੍ਹਾਂ ਅੱਜ ਵੀ, ਯਹੋਵਾਹ ਨੇ ਆਪਣੇ ਲੋਕਾਂ ਨੂੰ ਅਸੀਸਾਂ ਦਿੱਤੀਆਂ ਹਨ ਅਤੇ ਅੱਗੇ ਵੀ ਦਿੰਦਾ ਰਹੇਗਾ। ਸੰਸਾਰ ਭਰ ਵਿਚ ਚਲਾਈ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਚਾਰ ਅਤੇ ਸਿੱਖਿਆ ਮੁਹਿੰਮ ਨੂੰ ਪੂਰਾ ਕਰਨ ਲਈ ਉਹ ਉਨ੍ਹਾਂ ਨੂੰ ਲੋੜੀਂਦੀ ਮਦਦ ਦਿੰਦਾ ਰਹੇਗਾ।—ਮੱਤੀ 24:14; 28:19, 20.

ਮੌਜੂਦਾ ਸਮੇਂ ਦੀਆਂ ਲੋੜਾਂ ਕੀ-ਕੀ ਹਨ?

ਜਿਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਕੰਮ ਤੇ ਪਹਿਲਾਂ ਪਾਬੰਦੀ ਲੱਗੀ ਹੋਈ ਸੀ, ਹਾਲ ਹੀ ਦੇ ਸਾਲਾਂ ਵਿਚ ਇਨ੍ਹਾਂ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਇਕ ਧਰਮ ਵਜੋਂ ਮਾਨਤਾ ਮਿਲੀ ਹੈ। ਨਤੀਜੇ ਵਜੋਂ, ਇਨ੍ਹਾਂ ਕਈ ਦੇਸ਼ਾਂ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਇਸ ਲਈ ਇਹ ਸਮਝਣ ਯੋਗ ਹੈ ਕਿ ਬਾਈਬਲਾਂ ਅਤੇ ਬਾਈਬਲ ਆਧਾਰਿਤ ਸਾਹਿੱਤ ਦੀ ਬਹੁਤ ਲੋੜ ਹੈ।

ਇਸੇ ਤਰ੍ਹਾਂ ਰਾਜ ਗ੍ਰਹਿਆਂ ਦੀ ਵੀ ਬਹੁਤ ਜ਼ਿਆਦਾ ਲੋੜ ਹੈ। ਇਸ ਵੇਲੇ ਸੰਸਾਰ ਭਰ ਵਿਚ ਕੁਝ 9,000 ਰਾਜ ਗ੍ਰਹਿਆਂ ਦੀ ਲੋੜ ਹੈ। ਜੇਕਰ ਹਰ ਦਿਨ ਇਕ ਰਾਜ ਗ੍ਰਹਿ ਬਣਾਇਆ ਜਾਵੇ, ਤਾਂ ਮੌਜੂਦਾ ਜ਼ਰੂਰਤਾਂ ਪੂਰੀਆਂ ਕਰਨ ਲਈ 24 ਸਾਲ ਤੋਂ ਵੀ ਜ਼ਿਆਦਾ ਸਾਲ ਲੱਗਣਗੇ! ਇਸੇ ਦੌਰਾਨ, ਹਰ ਦਿਨ ਲਗਭਗ ਸੱਤ ਕਲੀਸਿਯਾਵਾਂ ਬਣਦੀਆਂ ਹਨ, ਉਹ ਵੀ ਸੰਸਾਰ ਦੇ ਉਨ੍ਹਾਂ ਹਿੱਸਿਆਂ ਵਿਚ ਜਿੱਥੇ ਭੈਣਾਂ-ਭਰਾਵਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਦੂਜੇ ਪਾਸੇ, ਇਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ਾਂ ਵਿਚ ਮਹਿੰਗੀਆਂ ਇਮਾਰਤਾਂ ਦੀ ਲੋੜ ਨਹੀਂ ਹੈ। ਕਈ ਥਾਵਾਂ ਤੇ, ਸਿਰਫ਼ 2.4 ਲੱਖ ਰੁਪਏ ਨਾਲ ਹੀ ਇਕ ਅਜਿਹਾ ਰਾਜ ਗ੍ਰਹਿ ਬਣਾਇਆ ਜਾ ਸਕਦਾ ਹੈ ਜਿਸ ਨਾਲ ਲੋੜ ਵੀ ਪੂਰੀ ਹੋਵੇਗੀ ਤੇ ਨਾਲੇ ਲੋਕਾਂ ਨੂੰ ਵੀ ਚੰਗੀ ਗਵਾਹੀ ਮਿਲੇਗੀ।

ਪਹਿਲੀ ਸਦੀ ਵਿਚ, ਕੁਝ ਮਸੀਹੀਆਂ ਦੀ ਮਾਲੀ ਹਾਲਤ ਦੂਜਿਆਂ ਨਾਲੋਂ ਚੰਗੀ ਸੀ, ਇਸ ਲਈ ਪੌਲੁਸ ਰਸੂਲ ਨੇ ਲਿਖਿਆ: “ਸਗੋਂ ਬਰਾਬਰੀ ਹੋਵੇ ਭਈ ਐਤਕੀਂ ਤੁਹਾਡਾ ਵਾਧਾ ਓਹਨਾਂ ਦੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਓਹਨਾਂ ਦਾ ਵਾਧਾ ਭੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਬਰਾਬਰੀ ਰਹੇ।” (2 ਕੁਰਿੰਥੀਆਂ 8:14) ਅੱਜ, ਇਸੇ ਤਰ੍ਹਾਂ ਦੀ ਹੀ “ਬਰਾਬਰੀ” ਸੰਸਾਰ ਦੇ ਕਈ ਹਿੱਸਿਆਂ ਵਿਚ ਬਾਈਬਲਾਂ, ਬਾਈਬਲ ਆਧਾਰਿਤ ਸਾਹਿੱਤ, ਰਾਜ ਗ੍ਰਹਿ, ਆਫ਼ਤਾਂ ਦੌਰਾਨ ਰਾਹਤ ਅਤੇ ਹੋਰ ਕਈ ਤਰ੍ਹਾਂ ਦੀ ਮਦਦ ਲਈ ਮਾਲੀ ਸਹਾਇਤਾ ਮੁਹੱਈਆ ਕਰਦੀ ਹੈ। ਇਹ ਦਾਨ ਦੇਣ ਵਾਲੇ ਅਤੇ ਲੈਣ ਵਾਲੇ ਲਈ ਕਿੰਨੀ ਵੱਡੀ ਬਰਕਤ ਹੈ!—ਰਸੂਲਾਂ ਦੇ ਕਰਤੱਬ 20:35.

ਸੋਸਾਇਟੀ ਨੂੰ ਉਦਾਰ-ਚਿੱਤ ਲੋਕਾਂ ਕੋਲੋਂ ਮਿਲੀਆਂ ਚਿੱਠੀਆਂ ਦਿਖਾਉਂਦੀਆਂ ਹਨ ਕਿ ਇਸ ਰਸਾਲੇ ਨੂੰ ਪੜ੍ਹਨ ਵਾਲੇ ਬਹੁਤ ਸਾਰੇ ਲੋਕ ਮਦਦ ਕਰਨਾ ਚਾਹੁੰਦੇ ਹਨ, ਪਰ ਚੰਦਾ ਦੇਣ ਦੇ ਵੱਖ-ਵੱਖ ਤਰੀਕਿਆਂ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਖ਼ੈਰ, ਨਾਲ ਦਿੱਤੀ ਗਈ ਡੱਬੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਵਿਚ ਮਦਦ ਕਰੇਗੀ।

ਸੁਲੇਮਾਨ ਦੇ ਸ਼ਾਨਦਾਰ ਰਾਜ ਦੌਰਾਨ, “ਧਰਤੀ ਉੱਤੇ ਦੇ ਸਾਰੇ ਪਾਤਸ਼ਾਹ” ਜਿਨ੍ਹਾਂ ਨੇ ਸੁਲੇਮਾਨ ਦੀ ਧੁੰਮ ਸੁਣੀ, ਉਸ ਨੂੰ ਮਿਲਣ ਲਈ ਆਏ। ਪਰ ਬਾਈਬਲ ਉਨ੍ਹਾਂ ਵਿੱਚੋਂ ਸਿਰਫ਼ ਇਕ ਸ਼ਾਸਕ ਦਾ ਨਾਂ ਦਿੰਦੀ ਹੈ—ਸ਼ਬਾ ਦੀ ਰਾਣੀ। (2 ਇਤਹਾਸ 9:23) ਉਸ ਨੇ ਕਿੰਨਾ ਵੱਡਾ ਜਤਨ ਕੀਤਾ! ਪਰ ਉਸ ਨੂੰ ਉਸ ਦੇ ਕੀਤੇ ਜਤਨਾਂ ਦਾ ਪੂਰਾ ਫਲ ਮਿਲਿਆ—ਇੰਨਾ ਕਿ ਆਪਣੀ ਮੁਲਾਕਾਤ ਦੇ ਅੰਤ ਵਿਚ ਉਹ “ਹੱਕੀ ਬੱਕੀ ਅਤੇ ਹੈਰਾਨ” ਰਹਿ ਗਈ।—2 ਇਤਹਾਸ 9:4, ਟੂਡੇਜ਼ ਇੰਗਲਿਸ਼ ਵਰਯਨ।

ਭਵਿੱਖ ਵਿਚ ਯਹੋਵਾਹ, ਜੋ ਸਭ ਤੋਂ ਮਹਾਨ ਰਾਜਾ ਅਤੇ ਵੱਡਾ ਦੇਣਹਾਰ ਹੈ, ਉਨ੍ਹਾਂ ਲੋਕਾਂ ਨੂੰ ਸੁਲੇਮਾਨ ਤੋਂ ਵੀ ਕਿਤੇ ਵੱਧ ਬਰਕਤਾਂ ਦੇਵੇਗਾ ਜੋ ਉਸ ਦੇ ਲਈ ਕੁਰਬਾਨੀਆਂ ਕਰਦੇ ਹਨ। ਨਤੀਜੇ ਵਜੋਂ, ਇਹ ਲੋਕ ਵੀ ‘ਹੱਕੇ ਬੱਕੇ ਅਤੇ ਹੈਰਾਨ’ ਰਹਿ ਜਾਣਗੇ, ਕਿਉਂ ਜੋ ਯਹੋਵਾਹ ਨਾ ਸਿਰਫ਼ ਉਨ੍ਹਾਂ ਨੂੰ ਆਪਣੇ ਭੈ-ਦਾਇਕ ਨਿਆਉਂ ਦੇ ਦਿਨ ਵਿੱਚੋਂ ਬਚਾਵੇਗਾ, ਸਗੋਂ ਉਸ ਤੋਂ ਬਾਅਦ ਉਹ ‘ਆਪਣਾ ਹੱਥ ਖੋਲ ਕੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰੇਗਾ।’—ਜ਼ਬੂਰ 145:16.

[ਸਫ਼ੇ 22 ਉੱਤੇ ਡੱਬੀ]

ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ

ਵਿਸ਼ਵ-ਵਿਆਪੀ ਕੰਮ ਲਈ ਚੰਦਾ ਦੇਣਾ ਪਸੰਦ ਕਰਦੇ ਹਨ

ਕਈ ਲੋਕ ਬਜਟ ਬਣਾ ਕੇ ਕੁਝ ਪੈਸਾ ਵੱਖਰਾ ਰੱਖਦੇ ਹਨ, ਜੋ ਕਿ ਉਹ ਉਨ੍ਹਾਂ ਚੰਦੇ ਦੇ ਡੱਬਿਆਂ ਵਿਚ ਪਾਉਂਦੇ ਹਨ, ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਸੋਸਾਇਟੀ ਦੇ ਵਿਸ਼ਵ-ਵਿਆਪੀ ਕੰਮ ਲਈ ਚੰਦੇ—ਮੱਤੀ 24:14.” ਹਰ ਮਹੀਨੇ ਕਲੀਸਿਯਾਵਾਂ ਇਹ ਚੰਦਾ ਬਰੁਕਲਿਨ, ਨਿਊ ਯੌਰਕ, ਦੇ ਵਿਸ਼ਵ ਮੁੱਖ ਦਫ਼ਤਰ ਨੂੰ, ਜਾਂ ਸਥਾਨਕ ਸ਼ਾਖ਼ਾ ਦਫ਼ਤਰ ਨੂੰ ਭੇਜ ਦਿੰਦੀਆਂ ਹਨ।

ਸਵੈ-ਇੱਛੁਕ ਚੰਦੇ ਸਿੱਧੇ Treasurer’s Office, Watch Tower Bible and Tract Society of Pennsylvania, 25 Columbia Heights, Brooklyn, New York 11201-2483 ਵਿਖੇ ਜਾਂ ਤੁਹਾਡੇ ਆਪਣੇ ਦੇਸ਼ ਵਿਚ ਸੋਸਾਇਟੀ ਦੇ ਦਫ਼ਤਰ ਨੂੰ ਵੀ ਭੇਜੇ ਜਾ ਸਕਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਇਕ ਸੰਖੇਪ ਜਿਹੀ ਚਿੱਠੀ ਹੋਣੀ ਚਾਹੀਦੀ ਹੈ ਜੋ ਇਹ ਬਿਆਨ ਕਰੇ ਕਿ ਇਹ ਇਕ ਸ਼ਰਤ-ਰਹਿਤ ਤੋਹਫ਼ਾ ਹੈ।

ਸ਼ਰਤੀ-ਦਾਨ ਪ੍ਰਬੰਧ

ਵਾਚ ਟਾਵਰ ਸੋਸਾਇਟੀ ਨੂੰ ਪੈਸਾ ਇਸ ਖ਼ਾਸ ਪ੍ਰਬੰਧ ਅਧੀਨ ਦਿੱਤਾ ਜਾ ਸਕਦਾ ਹੈ ਕਿ ਜੇਕਰ ਨਿੱਜੀ ਜ਼ਰੂਰਤ ਪਈ ਤਾਂ ਇਹ ਪੈਸਾ, ਦਾਨ ਦੇਣ ਵਾਲੇ ਨੂੰ ਵਾਪਸ ਦੇ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਉੱਪਰ ਦਿੱਤੇ ਪਤੇ ਤੇ Treasurer’s Office ਨਾਲ ਸੰਪਰਕ ਕਰੋ।

ਯੋਜਨਾਬੱਧ ਦਾਨ

ਇੱਛਾ ਨਾਲ ਦਿੱਤੇ ਰੁਪਏ-ਪੈਸੇ ਦੇ ਤੋਹਫ਼ਿਆਂ ਅਤੇ ਸ਼ਰਤੀ-ਦਾਨ ਤੋਂ ਇਲਾਵਾ, ਵਿਸ਼ਵ-ਵਿਆਪੀ ਰਾਜ ਸੇਵਾ ਲਈ ਦਾਨ ਕਰਨ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿਚ ਹੇਠ ਲਿਖੇ ਤਰੀਕੇ ਸ਼ਾਮਲ ਹਨ:

ਬੀਮਾ: ਕਿਸੇ ਵੀ ਜੀਵਨ ਬੀਮਾ ਪਾਲਿਸੀ ਦਾ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ Watch Tower Society ਨੂੰ ਬਣਾਇਆ ਜਾ ਸਕਦਾ ਹੈ।

ਬੈਂਕ-ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਅਨੁਸਾਰ ਬੈਂਕ ਖਾਤੇ, ਜਮ੍ਹਾ ਰਕਮ ਦੇ ਸਰਟੀਫਿਕੇਟ ਜਾਂ ਨਿੱਜੀ ਰੀਟਾਇਰਮੈਂਟ ਖਾਤੇ Watch Tower Society ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਵਿਅਕਤੀ ਦੀ ਮੌਤ ਹੋਣ ਤੇ ਸੋਸਾਇਟੀ ਨੂੰ ਭੁਗਤਾਨਯੋਗ ਕੀਤੇ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower Society ਨੂੰ ਜਾਂ ਤਾਂ ਸ਼ਰਤ-ਰਹਿਤ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ ਜਾਂ ਅਜਿਹੇ ਪ੍ਰਬੰਧ ਅਧੀਨ ਦਾਨ ਕੀਤੇ ਜਾ ਸਕਦੇ ਹਨ ਜਿਸ ਅਨੁਸਾਰ ਆਮਦਨੀ ਦਾਨ ਦੇਣ ਵਾਲੇ ਨੂੰ ਦਿੱਤੀ ਜਾਂਦੀ ਰਹੇਗੀ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ Watch Tower Society ਨੂੰ ਜਾਂ ਤਾਂ ਸ਼ਰਤ-ਰਹਿਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨ ਦੇਣ ਵਾਲੇ ਦੇ ਜੀਵਨ-ਕਾਲ ਲਈ ਰਾਖਵੀਂ ਰੱਖੀ ਜਾ ਸਕਦੀ ਹੈ ਅਤੇ ਉਹ ਆਪਣੇ ਜੀਉਂਦੇ ਜੀ ਉੱਥੇ ਰਹਿ ਸਕਦਾ ਹੈ। ਜ਼ਮੀਨ-ਜਾਇਦਾਦ ਨੂੰ ਸੋਸਾਇਟੀ ਦੇ ਨਾਂ ਲਿਖਵਾਉਣ ਤੋਂ ਪਹਿਲਾਂ ਸੋਸਾਇਟੀ ਕੋਲੋਂ ਸਲਾਹ ਲੈਣੀ ਚਾਹੀਦੀ ਹੈ।

ਵਸੀਅਤ ਅਤੇ ਟ੍ਰਸਟ: ਜ਼ਮੀਨ-ਜਾਇਦਾਦ ਜਾਂ ਪੈਸੇ ਇਕ ਕਾਨੂੰਨੀ ਵਸੀਅਤ ਦੁਆਰਾ Watch Tower Society ਦੇ ਨਾਂ ਤੇ ਲਿਖਵਾਏ ਜਾ ਸਕਦੇ ਹਨ ਜਾਂ ਟ੍ਰਸਟ ਦੇ ਇਕਰਾਰਨਾਮੇ ਦੇ ਲਾਭ-ਪਾਤਰ ਵਜੋਂ ­ਸੋਸਾਇਟੀ ਦਾ ਨਾਂ ਦਿੱਤਾ ਜਾ ਸਕਦਾ ਹੈ। ਕਿਸੇ ਧਾਰਮਿਕ ਸੰਗਠਨ ਨੂੰ ਲਾਭ ­ਪਹੁੰਚਾਉਣ ਵਾਲੇ ਟ੍ਰਸਟ ਨੂੰ ਖ਼ਾਸ ਟੈਕਸ ਦੇ ਲਾਭ ਮਿਲ ਸਕਦੇ ਹਨ।

“ਯੋਜਨਾਬੱਧ ਦਾਨ” ਸ਼ਬਦਾਂ ਦਾ ਅਰਥ ਹੀ ਇਹ ਹੈ ਕਿ ਇਸ ਤਰ੍ਹਾਂ ਦੇ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਕਿਸੇ ਯੋਜਨਾਬੱਧ ਦਾਨ ਰਾਹੀਂ ਸੋਸਾਇਟੀ ਦੀ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਸੋਸਾਇਟੀ ਨੇ ਅੰਗ੍ਰੇਜ਼ੀ ਵਿਚ ਵਿਸ਼ਵ-ਵਿਆਪੀ ਰਾਜ ਸੇਵਾ ਲਈ ਯੋਜਨਾਬੱਧ ਦਾਨ ਨਾਮਕ ਬਰੋਸ਼ਰ ਤਿਆਰ ਕੀਤਾ ਹੈ। ਇਹ ਬਰੋਸ਼ਰ ਇਸ ਲਈ ਤਿਆਰ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਲੋਕ ਤੋਹਫ਼ੇ, ਵਸੀਅਤ ਅਤੇ ਟ੍ਰਸਟ ਵਗੈਰਾ ਦਾਨ ਕਰਨ ਸੰਬੰਧੀ ਸੋਸਾਇਟੀ ਕੋਲੋਂ ਕਈ ਤਰ੍ਹਾਂ ਦੀ ਜਾਣਕਾਰੀ ਮੰਗਦੇ ਹਨ। ਇਸ ਬਰੋਸ਼ਰ ਵਿਚ ਜ਼ਮੀਨ-ਜਾਇਦਾਦ, ਰੁਪਏ-ਪੈਸੇ ਅਤੇ ਟੈਕਸ ਸੰਬੰਧੀ ਯੋਜਨਾ ਬਣਾਉਣ ਬਾਰੇ ਵੀ ਹੋਰ ਜ਼ਿਆਦਾ ਫ਼ਾਇਦੇਮੰਦ ਜਾਣਕਾਰੀ ਦਿੱਤੀ ਗਈ ਹੈ। ਅਤੇ ਇਹ ਬਰੋਸ਼ਰ ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਹੜੇ ਸੋਸਾਇਟੀ ਨੂੰ ਖ਼ਾਸ ਤੋਹਫ਼ੇ ਦੇਣ ਬਾਰੇ ਹੁਣ ਯੋਜਨਾ ਬਣਾ ਰਹੇ ਹਨ ਜਾਂ ਆਪਣੀ ਵਸੀਅਤ ਵਿਚ ਸੋਸਾਇਟੀ ਦੇ ਨਾਂ ਕੁਝ ਜਾਇਦਾਦ ਜਾਂ ਪੈਸਾ ਲਗਾਉਣਾ ਚਾਹੁੰਦੇ ਹਨ। ਇਹ ਬਰੋਸ਼ਰ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਆਪਣੇ ਪਰਿਵਾਰ ਅਤੇ ਨਿੱਜੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਵਸੀਅਤ ਬਣਾਉਣ ਦਾ ਸਭ ਤੋਂ ਫ਼ਾਇਦੇਮੰਦ ਅਤੇ ਵਧੀਆ ਤਰੀਕਾ ਚੁਣਨ। ਇਸ ਬਰੋਸ਼ਰ ਦੀ ਇਕ ਕਾਪੀ ਚੈਰੀਟੇਬਲ ਪਲੈਨਿੰਗ ਆਫ਼ਿਸ ਕੋਲੋਂ ਸਿੱਧੇ ਤੌਰ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਬਰੋਸ਼ਰ ਨੂੰ ਪੜ੍ਹਨ ਅਤੇ ਚੈਰੀਟੇਬਲ ਪਲੈਨਿੰਗ ਆਫ਼ਿਸ ਨਾਲ ਗੱਲ-ਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਸੋਸਾਇਟੀ ਦੀ ਮਦਦ ਕਰ ਸਕੇ ਹਨ ਤੇ ਨਾਲੋਂ-ਨਾਲ ਟੈਕਸ ਸੰਬੰਧੀ ਬਹੁਤ ਸਾਰੇ ਫ਼ਾਇਦੇ ਵੀ ਲੈ ਸਕੇ ਹਨ। ਜੇਕਰ ਤੁਸੀਂ ਉੱਪਰ ਦੱਸੇ ਗਏ ਤਰੀਕਿਆਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਦਾਨ ਕਰਨਾ ਚਾਹੁੰਦੇ ਹੋ, ਤਾਂ ਚੈਰੀਟੇਬਲ ਪਲੈਨਿੰਗ ਆਫ਼ਿਸ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਅਤੇ ਦਾਨ ਕਰਨ ਦੇ ਹਰੇਕ ਤਰੀਕੇ ਨਾਲ ਸੰਬੰਧਿਤ ਲੋੜੀਂਦੇ ਕਾਗ਼ਜ਼ਾਤ ਦੀ ਇਕ-ਇਕ ਕਾਪੀ ਇਸ ਆਫ਼ਿਸ ਨੂੰ ਭੇਜਣੀ ਚਾਹੀਦੀ ਹੈ। ਜੇਕਰ ਤੁਸੀਂ ਉੱਪਰ ਦੱਸੇ ਗਏ ਤਰੀਕਿਆਂ ਵਿੱਚੋਂ ਕਿਸੇ ਤਰੀਕੇ ਨਾਲ ਦਾਨ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਚੈਰੀਟੇਬਲ ਪਲੈਨਿੰਗ ਆਫ਼ਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤੁਸੀਂ ਹੇਠਾਂ ਦਿੱਤੇ ਗਏ ਪਤੇ ਤੇ ਜਾਂ ਤੁਹਾਡੇ ਦੇਸ਼ ਦੀ ਸੋਸਾਇਟੀ ਦੀ ਸ਼ਾਖ਼ਾ ਦੇ ਪਤੇ ਤੇ ਲਿਖ ਕੇ ਜਾਂ ਟੈਲੀਫ਼ੋਨ ਰਾਹੀਂ ਸੰਪਰਕ ਕਰ ਸਕਦੇ ਹੋ।,

CHARITABLE PLANNING OFFICE

Watch Tower Bible and Tract Society of Pennsylvania

100 Watchtower Drive, Patterson, New York 12563-9204

Telephone: (914) 306-1000

[ਸਫ਼ੇ 23 ਉੱਤੇ ਤਸਵੀਰਾਂ]

ਯਹੋਵਾਹ ਦੇ ਗਵਾਹਾਂ ਦਾ ਸਾਰਾ ਕੰਮ ਇੱਛਾ ਨਾਲ ਦਿੱਤੇ ਗਏ ਚੰਦੇ ਨਾਲ ਚੱਲਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ