ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 11/1 ਸਫ਼ੇ 24-28
  • ਯਹੋਵਾਹ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵਿਆਹ ਤੋਂ ਇਕਦਮ ਬਾਅਦ ਜੇਲ੍ਹ
  • ਉਹ ਫ਼ੈਸਲੇ ਜਿਨ੍ਹਾਂ ਤੇ ਅਸੀਂ ਕਦੇ ਨਹੀਂ ਪਛਤਾਏ
  • ਹਰ ਦੁੱਖ-ਸੁੱਖ ਵਿਚ ਸੇਵਾ ਕਰਨੀ
  • ਇਕ ਸੁਖਾਵੀਂ ਅਤੇ ਹੈਰਾਨੀਜਨਕ ਗੱਲ
  • “ਮਾਂਦਗੀ ਦੇ ਮੰਜੇ ਉੱਤੇ”
  • ਯਹੋਵਾਹ ਸਾਡਾ ਮਦਦਗਾਰ ਰਿਹਾ ਹੈ
  • “ਮੈਨੂੰ ਵਿਸ਼ਵਾਸ ਹੈ”
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • “ਮੈਂ ਪਰਤੀਤ ਕੀਤੀ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਪੁਨਰ-ਉਥਾਨ ਦੀ ਆਸ਼ਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਮਾਰਥਾ ਨੂੰ ਸਲਾਹ, ਅਤੇ ਪ੍ਰਾਰਥਨਾ ਬਾਰੇ ਹਿਦਾਇਤ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 11/1 ਸਫ਼ੇ 24-28

ਯਹੋਵਾਹ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ

ਜੌਨ ਆਂਡਰੋਨੀਕੋਸ ਦੀ ਜ਼ਬਾਨੀ

ਸਾਲ 1956 ਦੀ ਗੱਲ ਹੈ। ਆਪਣੇ ਵਿਆਹ ਤੋਂ ਸਿਰਫ਼ ਨੌਂ ਦਿਨਾਂ ਬਾਅਦ, ਮੈਂ ਉੱਤਰੀ ਯੂਨਾਨ ਦੇ ਕੋਮੋਟੀਨੀ ਸ਼ਹਿਰ ਦੀ ਇਕ ਅਪੀਲ ਕੋਰਟ ਵਿਚ ਖੜ੍ਹਾ ਸੀ। ਮੈਂ ਉਮੀਦ ਕਰ ਰਿਹਾ ਸੀ ਕਿ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਕਰਕੇ ਜਿਹੜੀ 12 ਮਹੀਨਿਆਂ ਦੀ ਸਜ਼ਾ ਮੈਨੂੰ ਮਿਲੀ ਸੀ, ਉਹ ਰੱਦ ਕਰ ਦਿੱਤੀ ਜਾਵੇਗੀ। ਪਰ ਅਪੀਲ ਕੋਰਟ ਨੇ ਮੈਨੂੰ ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਇਸ ਫ਼ੈਸਲੇ ਨੇ ਨਾ ਸਿਰਫ਼ ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਸਗੋਂ ਇਸ ਨਾਲ ਅਜ਼ਮਾਇਸ਼ਾਂ ਦਾ ਇਕ ਲੰਬਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਪਰ ਇਸ ਪੂਰੇ ਸਮੇਂ ਦੌਰਾਨ ਯਹੋਵਾਹ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ।

ਪਹਿਲੀ ਅਕਤੂਬਰ 1931 ਨੂੰ ਮੇਰੇ ਜਨਮ ਸਮੇਂ, ਮੇਰਾ ਪਰਿਵਾਰ ਮੈਸੇਡੋਨੀਆ ਦੇ ਕਾਵਾਲਾ ਸ਼ਹਿਰ ਵਿਚ ਰਹਿੰਦਾ ਸੀ, ਜਿਸ ਨੂੰ ਪਹਿਲਾਂ ਨਿਯਾਪੁਲਿਸ ਕਿਹਾ ਜਾਂਦਾ ਸੀ। ਇੱਥੇ ਪੌਲੁਸ ਰਸੂਲ ਆਪਣੇ ਦੂਜੇ ਮਿਸ਼ਨਰੀ ਦੌਰੇ ਦੌਰਾਨ ਆਇਆ ਸੀ। ਜਦੋਂ ਮੇਰੇ ਮਾਤਾ ਜੀ ਯਹੋਵਾਹ ਦੇ ਗਵਾਹ ਬਣੇ, ਉਦੋਂ ਮੇਰੀ ਉਮਰ ਪੰਜ ਕੁ ਸਾਲ ਦੀ ਸੀ। ਭਾਵੇਂ ਮੇਰੇ ਮਾਤਾ ਜੀ ਤਕਰੀਬਨ ਅਨਪੜ੍ਹ ਹੀ ਸਨ, ਪਰ ਉਨ੍ਹਾਂ ਨੇ ਮੇਰੇ ਦਿਲ ਵਿਚ ਪਰਮੇਸ਼ੁਰ ਦਾ ਪਿਆਰ ਬਿਠਾਉਣ ਅਤੇ ਉਸ ਤੋਂ ਡਰਨਾ ਸਿਖਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ। ਮੇਰੇ ਪਿਤਾ ਜੀ ਬਹੁਤ ਹੀ ਪੁਰਾਣੇ ਖ਼ਿਆਲਾਂ ਵਾਲੇ ਇਨਸਾਨ ਸਨ ਅਤੇ ਉਹ ਗ੍ਰੀਕ ਆਰਥੋਡਾਕਸ ਚਰਚ ਨਾਲ ਜੁੜੇ ਹੀ ਰਹੇ। ਉਨ੍ਹਾਂ ਨੂੰ ਬਾਈਬਲ ਸੱਚਾਈ ਵਿਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਉਹ ਮੇਰੇ ਮਾਤਾ ਜੀ ਦਾ ਵਿਰੋਧ ਕਰਦੇ ਤੇ ਅਕਸਰ ਮਾਰ-ਕੁਟਾਈ ਤੇ ਉੱਤਰ ਆਉਂਦੇ ਸਨ।

ਇਸ ਤਰ੍ਹਾਂ, ਮੈਂ ਇਕ ਐਸੇ ਪਰਿਵਾਰ ਵਿਚ ਵੱਡਾ ਹੋਇਆ, ਜਿੱਥੇ ਪਿਤਾ ਜੀ ਸੱਚਾਈ ਵਿਚ ਨਾ ਹੋਣ ਕਰਕੇ ਮੇਰੇ ਮਾਤਾ ਜੀ ਨੂੰ ਮਾਰਦੇ-ਕੁੱਟਦੇ ਤੇ ਗਾਲ੍ਹਾਂ ਕੱਢਦੇ ਹੁੰਦੇ ਸਨ। ਆਖ਼ਰਕਾਰ, ਇਕ ਦਿਨ ਉਹ ਸਾਨੂੰ ਛੱਡ ਕੇ ਘਰੋਂ ਹੀ ਚਲੇ ਗਏ। ਬਚਪਨ ਤੋਂ ਹੀ ਮੇਰੇ ਮਾਤਾ ਜੀ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਮਸੀਹੀ ਸਭਾਵਾਂ ਵਿਚ ਲੈ ਕੇ ਜਾਂਦੇ ਸਨ। ਪਰ ਜਦੋਂ ਮੈਂ 15 ਸਾਲਾਂ ਦਾ ਹੋਇਆ, ਤਾਂ ਜਵਾਨੀ ਦੀਆਂ ਕਾਮਨਾਵਾਂ ਅਤੇ ਆਜ਼ਾਦੀ ਦੀਆਂ ਭਾਵਨਾਵਾਂ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਤੋਂ ਦੂਰ ਕਰ ਦਿੱਤਾ। ਫਿਰ ਵੀ, ਮੇਰੇ ਨਿਹਚਾਵਾਨ ਮਾਤਾ ਜੀ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਵਿਚ ਕਾਫ਼ੀ ਹੰਝੂ ਵਹਾਏ।

ਗ਼ਰੀਬੀ ਅਤੇ ਅਨੈਤਿਕ ਜ਼ਿੰਦਗੀ ਬਤੀਤ ਕਰਨ ਕਰਕੇ ਮੈਂ ਬਹੁਤ ਬੀਮਾਰ ਹੋ ਗਿਆ, ਜਿਸ ਕਰਕੇ ਮੈਨੂੰ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਲਈ ਮੰਜੇ ਤੇ ਰਹਿਣਾ ਪਿਆ। ਇਸੇ ਸਮੇਂ ਹੀ ਇਕ ਨਿਮਰ ਸੁਭਾਅ ਵਾਲੇ ਭਰਾ ਨੇ, ਜਿਸ ਨੇ ਮੇਰੇ ਮਾਤਾ ਜੀ ਦੀ ਸੱਚਾਈ ਸਿੱਖਣ ਵਿਚ ਮਦਦ ਕੀਤੀ ਸੀ, ਮੇਰੇ ਦਿਲ ਅੰਦਰ ਪਰਮੇਸ਼ੁਰ ਦਾ ਸੱਚਾ ਪਿਆਰ ਪਛਾਣ ਲਿਆ। ਉਸ ਨੂੰ ਲੱਗਾ ਕਿ ਅਧਿਆਤਮਿਕ ਤੌਰ ਤੇ ਮੇਰੀ ਮਦਦ ਕੀਤੀ ਜਾ ਸਕਦੀ ਸੀ। ਪਰ ਕਈਆਂ ਨੇ ਉਸ ਨੂੰ ਕਿਹਾ: “ਤੂੰ ਜੌਨ ਦੀ ਮਦਦ ਕਰ ਕੇ ਆਪਣਾ ਸਮਾਂ ਬਰਬਾਦ ਕਰ ਰਿਹਾ ਹੈਂ; ਇਹ ਮੁੰਡਾ ਕਦੇ ਨਹੀਂ ਸੰਭਲ ਸਕਦਾ।” ਪਰ ਮੇਰੀ ਮਦਦ ਕਰਨ ਵਿਚ ਉਸ ਭਰਾ ਦਾ ਸਬਰ ਅਤੇ ਉਸ ਦੀ ਲਗਨ ਰੰਗ ਲਿਆਈ। ਆਖ਼ਰਕਾਰ 15 ਅਗਸਤ 1952 ਨੂੰ 21 ਸਾਲਾਂ ਦੀ ਉਮਰ ਵਿਚ, ਮੈਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲੈ ਲਿਆ।

ਵਿਆਹ ਤੋਂ ਇਕਦਮ ਬਾਅਦ ਜੇਲ੍ਹ

ਤਿੰਨ ਸਾਲ ਬਾਅਦ ਮੇਰੀ ਜਾਣ-ਪਛਾਣ ਮਾਰਥਾ ਨਾਲ ਹੋਈ ਜੋ ਇਕ ਅਧਿਆਤਮਿਕ ਵਿਚਾਰਾਂ ਵਾਲੀ ਭੈਣ ਸੀ ਅਤੇ ਬੜੇ ਦਿਲ-ਖਿੱਚਵੇਂ ਗੁਣਾਂ ਦੀ ਮਾਲਕ ਸੀ। ਜਲਦੀ ਹੀ ਸਾਡੀ ਮੰਗਣੀ ਹੋ ਗਈ। ਇਕ ਦਿਨ ਉਦੋਂ ਮੈਂ ਬਹੁਤ ਹੈਰਾਨ ਹੋਇਆ ਜਦੋਂ ਮਾਰਥਾ ਨੇ ਮੈਨੂੰ ਕਿਹਾ: “ਅੱਜ ਮੈਂ ਘਰ-ਘਰ ਦੀ ਸੇਵਕਾਈ ਕਰਨ ਦੀ ਸੋਚੀ ਹੈ। ਕੀ ਤੁਸੀਂ ਮੇਰੇ ਨਾਲ ਜਾਣਾ ਚਾਹੋਗੇ?” ਉਸ ਵੇਲੇ ਤਕ ਮੈਂ ਕਦੇ ਵੀ ਇਸ ਤਰ੍ਹਾਂ ਦੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਨਹੀਂ ਲਿਆ ਸੀ ਕਿਉਂਕਿ ਮੈਂ ਜ਼ਿਆਦਾਤਰ ਗ਼ੈਰ-ਰਸਮੀ ਤੌਰ ਤੇ ਹੀ ਪ੍ਰਚਾਰ ਦਾ ਕੰਮ ਕਰਦਾ ਹੁੰਦਾ ਸੀ। ਉਸ ਸਮੇਂ ਯੂਨਾਨ ਵਿਚ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ ਅਤੇ ਸਾਨੂੰ ਆਪਣਾ ਪ੍ਰਚਾਰ ਦਾ ਕੰਮ ਚੋਰੀ-ਛਿਪੇ ਹੀ ਕਰਨਾ ਪੈਂਦਾ ਸੀ। ਨਤੀਜੇ ਵਜੋਂ ਕਈ ਭੈਣ-ਭਰਾ ਗਿਰਫ਼ਤਾਰ ਕੀਤੇ ਗਏ, ਉਨ੍ਹਾਂ ਤੇ ਮੁਕੱਦਮੇ ਚਲਾਏ ਗਏ ਅਤੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਖ਼ਤ ਸਜ਼ਾਵਾਂ ਹੋਈਆਂ। ਫਿਰ ਵੀ, ਮੈਂ ਆਪਣੀ ਮੰਗੇਤਰ ਨੂੰ ਨਾ ਨਹੀਂ ਕਹਿ ਸਕਿਆ।

ਮਾਰਥਾ ਨਾਲ ਮੇਰਾ ਵਿਆਹ 1956 ਵਿਚ ਹੋਇਆ। ਉਦੋਂ ਹੀ ਸਾਡੇ ਵਿਆਹ ਤੋਂ ਨੌਂ ਦਿਨਾਂ ਬਾਅਦ ਕੋਮੋਟੀਨੀ ਦੀ ਅਦਾਲਤ ਵੱਲੋਂ ਮੈਨੂੰ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਇੰਜ ਹੋਣ ਤੇ ਮੇਰੇ ਮਨ ਵਿਚ ਇਕ ਸਵਾਲ ਆਇਆ ਜਿਹੜਾ ਕੁਝ ਸਮਾਂ ਪਹਿਲਾਂ ਮੈਂ ਆਪਣੇ ਮਾਤਾ ਜੀ ਦੀ ਇਕ ਮਸੀਹੀ ਸਹੇਲੀ ਨੂੰ ਕੀਤਾ ਸੀ: “ਮੈਂ ਇਹ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਯਹੋਵਾਹ ਦਾ ਇਕ ਸੱਚਾ ਗਵਾਹ ਹਾਂ? ਆਪਣੀ ਨਿਹਚਾ ਸਾਬਤ ਕਰਨ ਦਾ ਮੈਨੂੰ ਕਦੇ ਵੀ ਮੌਕਾ ਨਹੀਂ ਮਿਲਿਆ ਹੈ।” ਇਹ ਭੈਣ ਜਦੋਂ ਮੈਨੂੰ ਜੇਲ੍ਹ ਵਿਚ ਮਿਲਣ ਲਈ ਆਈ ਤਾਂ ਉਸ ਨੇ ਕਿਹਾ: “ਹੁਣ ਤੂੰ ਦਿਖਾ ਸਕਦਾ ਹੈਂ ਕਿ ਤੂੰ ਯਹੋਵਾਹ ਨਾਲ ਕਿੰਨਾ ਪਿਆਰ ਕਰਦਾ ਹੈਂ। ਬੱਸ ਹੁਣ ਇਹੀ ਦਿਖਾਉਣਾ ਤੇਰਾ ਕੰਮ ਹੈ।”

ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੇਰਾ ਵਕੀਲ ਮੇਰੀ ਰਿਹਾਈ ਲਈ ਜ਼ਮਾਨਤ ਦੀ ਰਕਮ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੀ ਪੂਰੀ ਸਜ਼ਾ ਕੱਟਣੀ ਚਾਹੁੰਦਾ ਹਾਂ। ਮੈਂ ਉਸ ਵੇਲੇ ਕਿੰਨਾ ਖ਼ੁਸ਼ ਹੋਇਆ ਜਦੋਂ ਛੇ ਮਹੀਨਿਆਂ ਦੀ ਕੈਦ ਖ਼ਤਮ ਹੋਣ ਤੇ ਮੈਂ ਆਪਣੀ ਜੇਲ੍ਹ ਦੇ ਦੋ ਸਾਥੀਆਂ ਨੂੰ ਸੱਚਾਈ ਸਵੀਕਾਰ ਕਰਦੇ ਦੇਖਿਆ! ਉਸ ਤੋਂ ਅਗਲੇ ਕੁਝ ਸਾਲਾਂ ਵਿਚ ਖ਼ੁਸ਼ ਖ਼ਬਰੀ ਸੁਣਾਉਣ ਦੀ ਖ਼ਾਤਰ ਮੈਂ ਕਈ ਮੁਕੱਦਮਿਆਂ ਵਿਚ ਫੱਸਿਆ ਰਿਹਾ।

ਉਹ ਫ਼ੈਸਲੇ ਜਿਨ੍ਹਾਂ ਤੇ ਅਸੀਂ ਕਦੇ ਨਹੀਂ ਪਛਤਾਏ

ਮੇਰੀ ਰਿਹਾਈ ਤੋਂ ਕੁਝ ਸਾਲਾਂ ਬਾਅਦ, ਸੰਨ 1959 ਵਿਚ ਜਦੋਂ ਮੈਂ ਕੌਂਗ੍ਰੀਗੇਸ਼ਨ ਸਰਵੈਂਟ ਜਾਂ ਪ੍ਰਧਾਨ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਸੀ, ਤਾਂ ਮੈਨੂੰ ਰਾਜ ਸੇਵਕਾਈ ਸਕੂਲ ਵਿਚ ਹਾਜ਼ਰ ਹੋਣ ਲਈ ਬੁਲਾਇਆ ਗਿਆ, ਜਿਸ ਵਿਚ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਠੀਕ ਇਸੇ ਹੀ ਵੇਲੇ, ਮੈਨੂੰ ਇਕ ਸਰਕਾਰੀ ਹਸਪਤਾਲ ਵਿਚ ਪੱਕੀ ਨੌਕਰੀ ਦਾ ਸੱਦਾ ਮਿਲਿਆ। ਇਹ ਨੌਕਰੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜ਼ਿੰਦਗੀ ਭਰ ਲਈ ਮਾਲੀ ਸੁਰੱਖਿਆ ਦੇ ਸਕਦੀ ਸੀ। ਮੈਨੂੰ ਕੀ ਚੁਣਨਾ ਚਾਹੀਦਾ ਸੀ? ਮੈਂ ਪਹਿਲਾਂ ਹੀ ਇਸ ਹਸਪਤਾਲ ਵਿਚ ਤਿੰਨ ਮਹੀਨਿਆਂ ਲਈ ਆਰਜ਼ੀ ਤੌਰ ਤੇ ਨੌਕਰੀ ਕਰ ਰਿਹਾ ਸੀ ਤੇ ਡਾਇਰੈਕਟਰ ਵੀ ਮੇਰੇ ਕੰਮ ਤੋਂ ਬਹੁਤ ਖ਼ੁਸ਼ ਸੀ, ਪਰ ਜਦੋਂ ਮੈਨੂੰ ਸਕੂਲ ਦਾ ਸੱਦਾ-ਪੱਤਰ ਮਿਲਿਆ ਤਾਂ ਉਸ ਨੇ ਮੈਨੂੰ ਪੈਸੇ ਕਟਵਾ ਕੇ ਵੀ ਛੁੱਟੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੁਬਿਧਾ ਬਾਰੇ ਪ੍ਰਾਰਥਨਾਪੂਰਵਕ ਸੋਚਣ ਤੋਂ ਬਾਅਦ, ਮੈਂ ਨੌਕਰੀ ਦੀ ਪੇਸ਼ਕਸ਼ ਠੁਕਰਾ ਕੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ।—ਮੱਤੀ 6:33.

ਉਸੇ ਹੀ ਸਮੇਂ, ਸਾਡੀ ਕਲੀਸਿਯਾ ਵਿਚ ਜ਼ਿਲ੍ਹਾ ਅਤੇ ਸਰਕਟ ਨਿਗਾਹਬਾਨ ਆਏ। ਗ੍ਰੀਕ ਆਰਥੋਡਾਕਸ ਪਾਦਰੀਆਂ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਸਖ਼ਤ ਵਿਰੋਧ ਹੋਣ ਕਰਕੇ, ਸਾਨੂੰ ਘਰਾਂ ਵਿਚ ਲੁੱਕ-ਛਿਪ ਕੇ ਆਪਣੀਆਂ ਸਭਾਵਾਂ ਕਰਨੀਆਂ ਪਈਆਂ। ਇਕ ਸਭਾ ਤੋਂ ਬਾਅਦ, ਜ਼ਿਲ੍ਹਾ ਨਿਗਾਹਬਾਨ ਮੇਰੇ ਕੋਲ ਆਏ ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਕਦੇ ਪੂਰਣ-ਕਾਲੀ ਸੇਵਕਾਈ ਕਰਨ ਬਾਰੇ ਸੋਚਿਆ ਹੈ? ਉਸ ਦੀ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ, ਕਿਉਂਕਿ ਬਪਤਿਸਮਾ ਲੈਣ ਤੋਂ ਬਾਅਦ ਮੇਰਾ ਇਹੀ ਸੁਪਨਾ ਰਿਹਾ ਸੀ। ਮੈਂ ਜਵਾਬ ਦਿੱਤਾ: “ਹਾਂ, ਇਹੀ ਤਾਂ ਮੈਂ ਚਾਹੁੰਦਾ ਹਾਂ।” ਪਰ ਮੇਰੇ ਉੱਤੇ ਆਪਣੀ ਧੀ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਸੀ। ਫਿਰ ਵੀ, ਭਰਾ ਨੇ ਮੈਨੂੰ ਕਿਹਾ: “ਯਹੋਵਾਹ ਤੇ ਭਰੋਸਾ ਰੱਖ, ਉਹ ਤੇਰੇ ਸੁਪਨਿਆਂ ਨੂੰ ਜ਼ਰੂਰ ਸਾਕਾਰ ਕਰੇਗਾ।” ਇਸ ਤਰ੍ਹਾਂ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ, ਮੈਂ ਅਤੇ ਮੇਰੀ ਪਤਨੀ ਨੇ ਆਪਣੇ ਹਾਲਾਤਾਂ ਵਿਚ ਤਬਦੀਲੀਆਂ ਕੀਤੀਆਂ ਤੇ ਦਸੰਬਰ 1960 ਵਿਚ ਮੈਂ ਪੂਰਬੀ ਮੈਸੇਡੋਨੀਆ ਵਿਚ ਵਿਸ਼ੇਸ਼ ਪਾਇਨੀਅਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਸਿਰਫ਼ ਪੰਜ ਵਿਸ਼ੇਸ਼ ਪਾਇਨੀਅਰ ਸਨ ਜਿਨ੍ਹਾਂ ਵਿੱਚੋਂ ਇਕ ਮੈਂ ਵੀ ਸੀ।

ਵਿਸ਼ੇਸ਼ ਪਾਇਨੀਅਰ ਵਜੋਂ ਇਕ ਸਾਲ ਸੇਵਾ ਕਰਨ ਤੋਂ ਬਾਅਦ, ਮੈਨੂੰ ਐਥਿਨਜ਼ ਦੇ ਸ਼ਾਖਾ ਦਫ਼ਤਰ ਨੇ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਲਈ ਬੁਲਾਇਆ। ਸਫ਼ਰੀ ਕਾਰਜ ਦੀ ਇਕ ਮਹੀਨੇ ਦੀ ਸਿਖਲਾਈ ਲੈ ਕੇ ਘਰ ਪਰਤਣ ਤੋਂ ਬਾਅਦ ਅਜੇ ਮੈਂ ਮਾਰਥਾ ਨੂੰ ਆਪਣੇ ਅਨੁਭਵ ਦੱਸ ਹੀ ਰਿਹਾ ਸੀ ਕਿ ਇਕ ਬਹੁਤ ਹੀ ਵੱਡੀ ਮੈਗਨੀਜ਼ ਕੰਪਨੀ ਦਾ ਡਾਇਰੈਕਟਰ ਸਾਡੇ ਘਰ ਆਇਆ ਅਤੇ ਉਸ ਨੇ ਮੈਨੂੰ ਕੰਪਨੀ ਦੇ ਸੋਧ ਵਿਭਾਗ ਦਾ ਮੈਨੇਜਰ ਬਣਨ ਦੀ ਪੇਸ਼ਕਸ਼ ਕੀਤੀ। ਉਸ ਨੇ ਮੈਨੂੰ ਪੰਜ ਸਾਲ ਦੀ ਨੌਕਰੀ, ਇਕ ਆਲੀਸ਼ਾਨ ਘਰ ਅਤੇ ਇਕ ਗੱਡੀ ਦੇਣ ਦੀ ਵੀ ਪੇਸ਼ਕਸ਼ ਕੀਤੀ। ਉਸ ਨੇ ਮੈਨੂੰ ਦੋ ਦਿਨਾਂ ਵਿਚ ਜਵਾਬ ਦੇਣ ਲਈ ਕਿਹਾ। ਇਸ ਵਾਰ ਵੀ, ਬਿਨਾਂ ਕਿਸੇ ਹਿਚਕਿਚਾਹਟ ਦੇ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਮੇਰੀ ਪਤਨੀ ਮੇਰੇ ਇਸ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ, ਅਸੀਂ ਸਫ਼ਰੀ ਕਾਰਜ ਸ਼ੁਰੂ ਕੀਤਾ ਅਤੇ ਯਹੋਵਾਹ ਹਮੇਸ਼ਾ ਸਾਡੇ ਅੰਗ-ਸੰਗ ਰਿਹਾ।

ਹਰ ਦੁੱਖ-ਸੁੱਖ ਵਿਚ ਸੇਵਾ ਕਰਨੀ

ਬੇਸ਼ੱਕ ਰੁਪਏ-ਪੈਸੇ ਦੀਆਂ ਮੁਸ਼ਕਲਾਂ ਵੀ ਪੇਸ਼ ਆਈਆਂ ਸਨ, ਪਰ ਅਸੀਂ ਲਗਾਤਾਰ ਸੇਵਾ ਕਰਦੇ ਰਹੇ ਤੇ ਯਹੋਵਾਹ ਨੇ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ। ਸ਼ੁਰੂ-ਸ਼ੁਰੂ ਵਿਚ, ਕਲੀਸਿਯਾਵਾਂ ਤਕ ਪਹੁੰਚਣ ਲਈ ਮੈਂ ਕਦੀ-ਕਦੀ 500 ਕਿਲੋਮੀਟਰ ਤਕ ਦਾ ਸਫ਼ਰ ਵੀ ਇਕ ਛੋਟੇ ਜਿਹੇ ਮੋਟਰ ਸਾਈਕਲ ਤੇ ਤੈਅ ਕਰਦਾ ਸੀ। ਕਾਫ਼ੀ ਵਾਰ ਮੈਨੂੰ ਮੁਸ਼ਕਲਾਂ ਪੇਸ਼ ਆਈਆਂ ਅਤੇ ਕੁਝ ਦੁਰਘਟਨਾਵਾਂ ਵੀ ਹੋਈਆਂ। ਸਿਆਲਾਂ ਵਿਚ ਇਕ ਵਾਰ, ਇਕ ਕਲੀਸਿਯਾ ਤੋਂ ਵਾਪਸ ਆਉਂਦੇ ਹੋਏ ਜਦੋਂ ਮੈਂ ਇਕ ਤੇਜ਼ ਵਹਾਅ ਵਾਲੀ ਨਦੀ ਪਾਰ ਕਰ ਰਿਹਾ ਸੀ, ਤਾਂ ਅਚਾਨਕ ਮੋਟਰ ਸਾਈਕਲ ਦਾ ਇੰਜਣ ਬੰਦ ਹੋ ਗਿਆ। ਮੈਂ ਗੋਡਿਆਂ-ਗੋਡਿਆਂ ਤਕ ਭਿੱਜ ਗਿਆ। ਇਸ ਤੋਂ ਬਾਅਦ ਮੋਟਰ ਸਾਈਕਲ ਦਾ ਟਾਇਰ ਵੀ ਪੈਂਚਰ ਹੋ ਗਿਆ। ਇਕ ਰਾਹਗੀਰ ਜਿਸ ਕੋਲ ਹਵਾ ਭਰਨ ਵਾਲਾ ਪੰਪ ਸੀ, ਨੇ ਮੇਰੀ ਮਦਦ ਕੀਤੀ ਤੇ ਤਾਂ ਕਿਤੇ ਜਾ ਕੇ ਮੈਂ ਲਾਗੇ ਦੇ ਪਿੰਡ ਪਹੁੰਚਿਆ ਅਤੇ ਟਾਇਰ ਦੀ ਮੁਰੰਮਤ ਕੀਤੀ। ਆਖ਼ਰ ਮੈਂ ਥੱਕਿਆ-ਟੁੱਟਿਆ ਤੇ ਠੁਰ-ਠੁਰ ਕਰਦਾ ਸਵੇਰੇ ਤਿੰਨ ਵਜੇ ਘਰ ਪਹੁੰਚਿਆ।

ਇਕ ਦੂਸਰੇ ਮੌਕੇ ਤੇ ਜਦੋਂ ਮੈਂ ਇਕ ਕਲੀਸਿਯਾ ਤੋਂ ਦੂਜੀ ਕਲੀਸਿਯਾ ਜਾ ਰਿਹਾ ਸੀ ਤਾਂ ਮੇਰਾ ਮੋਟਰ ਸਾਈਕਲ ਤਿਲਕ ਗਿਆ ਤੇ ਮੈਂ ਗੋਡਿਆਂ ਭਾਰ ਡਿੱਗ ਪਿਆ। ਨਤੀਜੇ ਵਜੋਂ, ਮੇਰੀ ਪੈਂਟ ਫਟ ਗਈ ਤੇ ਖ਼ੂਨ ਨਾਲ ਗੜੁੱਚ ਹੋ ਗਈ। ਮੇਰੇ ਕੋਲ ਪਾਉਣ ਲਈ ਹੋਰ ਕੋਈ ਪੈਂਟ ਨਹੀਂ ਸੀ, ਇਸ ਲਈ ਉਸ ਸ਼ਾਮ ਮੈਂ ਇਕ ਭਰਾ ਦੀ ਪੈਂਟ ਪਾ ਕੇ ਭਾਸ਼ਣ ਦਿੱਤਾ ਜਿਹੜੀ ਮੇਰੇ ਮੇਚੇ ਤੋਂ ਕਾਫ਼ੀ ਵੱਡੀ ਸੀ। ਫਿਰ ਵੀ, ਯਹੋਵਾਹ ਦੀ ਅਤੇ ਆਪਣੇ ਪਿਆਰੇ ਭਰਾਵਾਂ ਦੀ ਸੇਵਾ ਕਰਨ ਦੀ ਮੇਰੀ ਇੱਛਾ ਨੂੰ ਕੋਈ ਵੀ ਮੁਸ਼ਕਲ ਮੱਠਾ ਨਾ ਪਾ ਸਕੀ।

ਇਕ ਹੋਰ ਦੁਰਘਟਨਾ ਵਿਚ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਮੇਰੀ ਬਾਂਹ ਤੇ ਮੋਹਰਲੇ ਦੰਦ ਟੁੱਟ ਗਏ। ਉਦੋਂ ਅਮਰੀਕਾ ਵਿਚ ਰਹਿਣ ਵਾਲੀ ਮੇਰੀ ਛੋਟੀ ਭੈਣ ਮੈਨੂੰ ਦੇਖਣ ਲਈ ਆਈ ਜੋ ਯਹੋਵਾਹ ਦੀ ਗਵਾਹ ਨਹੀਂ ਸੀ। ਉਦੋਂ ਮੈਨੂੰ ਕਿੰਨੀ ਰਾਹਤ ਮਿਲੀ ਜਦੋਂ ਉਸ ਨੇ ਇਕ ਕਾਰ ਖ਼ਰੀਦਣ ਵਿਚ ਮੇਰੀ ਮਦਦ ਕੀਤੀ! ਮੇਰੀ ਦੁਰਘਟਨਾ ਬਾਰੇ ਜਦੋਂ ਐਥਿਨਜ਼ ਦੇ ਭਰਾਵਾਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਮੈਨੂੰ ਇਕ ਉਤਸ਼ਾਹਜਨਕ ਖ਼ਤ ਲਿਖਿਆ। ਇਸ ਖ਼ਤ ਵਿਚ ਬਾਕੀ ਗੱਲਾਂ ਤੋਂ ਇਲਾਵਾ ਰੋਮੀਆਂ 8:28 ਵਿਚ ਲਿਖੇ ਸ਼ਬਦ ਵੀ ਸਨ, ਜਿਸ ਦਾ ਕੁਝ ਹਿੱਸਾ ਇੰਜ ਕਹਿੰਦਾ ਹੈ: “ਜਿਹੜੇ ਪਰਮੇਸ਼ੁਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਓਹਨਾਂ ਦਾ ਭਲਾ ਕਰਦੀਆਂ ਹਨ।” ਇਹ ਗੱਲ ਵਾਰ-ਵਾਰ ਮੇਰੀ ਜ਼ਿੰਦਗੀ ਵਿਚ ਸੋਲਾਂ ਆਨੇ ਸਹੀ ਸਾਬਤ ਹੋਈ ਹੈ!

ਇਕ ਸੁਖਾਵੀਂ ਅਤੇ ਹੈਰਾਨੀਜਨਕ ਗੱਲ

ਸੰਨ 1963 ਵਿਚ, ਮੈਂ ਇਕ ਵਿਸ਼ੇਸ਼ ਪਾਇਨੀਅਰ ਨਾਲ ਇਕ ਪਿੰਡ ਵਿਚ ਕੰਮ ਕਰ ਰਿਹਾ ਸੀ ਜਿੱਥੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਵਿਚ ਜ਼ਿਆਦਾ ਦਿਲਚਸਪੀ ਨਹੀਂ ਸੀ। ਅਸੀਂ ਦੋਹਾਂ ਨੇ ਵੱਖ-ਵੱਖ ਹੋ ਕੇ ਗਲੀ ਦੇ ਦੋਵੇਂ ਪਾਸੇ ਕੰਮ ਕਰਨ ਦਾ ਫ਼ੈਸਲਾ ਕੀਤਾ। ਇਕ ਘਰ ਦਾ ਦਰਵਾਜ਼ਾ ਅਜੇ ਮੈਂ ਖੜਕਾਇਆ ਹੀ ਸੀ ਕਿ ਅਚਾਨਕ ਇਕ ਔਰਤ ਨੇ ਮੈਨੂੰ ਇਕਦਮ ਜ਼ੋਰ ਨਾਲ ਅੰਦਰ ਖਿੱਚ ਲਿਆ ਅਤੇ ਨਾਲ ਹੀ ਦਰਵਾਜ਼ਾ ਬੰਦ ਕਰ ਲਿਆ। ਮੈਂ ਬੌਂਦਲਾ ਗਿਆ ਤੇ ਮੈਂ ਸੋਚਿਆ ਇਹ ਕੀ ਹੋ ਰਿਹਾ ਹੈ। ਇਸ ਤੋਂ ਥੋੜ੍ਹੇ ਹੀ ਚਿਰ ਬਾਅਦ, ਛੇਤੀ ਨਾਲ ਉਸ ਨੇ ਵਿਸ਼ੇਸ਼ ਪਾਇਨੀਅਰ ਨੂੰ ਵੀ ਆਪਣੇ ਘਰ ਅੰਦਰ ਬੁਲਾ ਲਿਆ। ਘਰ ਦੇ ਅੰਦਰ ਸਾਨੂੰ ਦੋਹਾਂ ਨੂੰ ਉਸ ਨੇ ਕਿਹਾ: “ਖ਼ਾਮੋਸ਼! ਚੁੱਪਚਾਪ ਖੜ੍ਹੇ ਰਹੋ!” ਕੁਝ ਹੀ ਸਮੇਂ ਬਾਅਦ, ਅਸੀਂ ਘਰ ਦੇ ਬਾਹਰ ਵਿਰੋਧੀਆਂ ਦੀਆਂ ਆਵਾਜ਼ਾਂ ਸੁਣੀਆਂ। ਲੋਕ ਸਾਨੂੰ ਲੱਭ ਰਹੇ ਸਨ। ਜਦੋਂ ਮਾਹੌਲ ਸ਼ਾਂਤ ਹੋ ਗਿਆ, ਤਾਂ ਉਸ ਤੀਵੀਂ ਨੇ ਸਾਨੂੰ ਕਿਹਾ: “ਇਹ ਸਭ ਕੁਝ ਮੈਂ ਤੁਹਾਡੀ ਸੁਰੱਖਿਆ ਲਈ ਕੀਤਾ। ਮੈਂ ਤੁਹਾਡੀ ਇੱਜ਼ਤ ਕਰਦੀ ਹਾਂ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸੱਚੇ ਮਸੀਹੀ ਹੋ।” ਅਸੀਂ ਦਿਲੋਂ ਉਸ ਦਾ ਧੰਨਵਾਦ ਕੀਤਾ ਤੇ ਉੱਥੋਂ ਜਾਣ ਸਮੇਂ ਉਸ ਨੂੰ ਪੜ੍ਹਨ ਲਈ ਕਈ ਕਿਤਾਬਾਂ ਦਿੱਤੀਆਂ।

ਚੌਦਾਂ ਸਾਲਾਂ ਬਾਅਦ, ਯੂਨਾਨ ਦੇ ਇਕ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਇਕ ਔਰਤ ਮੇਰੇ ਕੋਲ ਆਈ ਅਤੇ ਕਹਿਣ ਲੱਗੀ: “ਭਰਾ ਜੀ, ਕੀ ਤੁਸੀਂ ਮੈਨੂੰ ਪਛਾਣਿਆ? ਮੈਂ ਉਹੀ ਹਾਂ ਜਿਸ ਨੇ ਤੁਹਾਨੂੰ ਸਾਡੇ ਪਿੰਡ ਵਿਚ ਗਵਾਹੀ ਕਾਰਜ ਕਰਦੇ ਸਮੇਂ ਵਿਰੋਧੀਆਂ ਤੋਂ ਬਚਾਉਣ ਲਈ ਆਪਣੇ ਘਰ ਪਨਾਹ ਦਿੱਤੀ ਸੀ।” ਉਸ ਨੇ ਦੱਸਿਆ ਕਿ ਉਹ ਬਾਅਦ ਵਿਚ ਜਰਮਨੀ ਚਲੀ ਗਈ ਸੀ, ਜਿੱਥੇ ਉਸ ਨੇ ਬਾਈਬਲ ਅਧਿਐਨ ਕੀਤਾ ਅਤੇ ਯਹੋਵਾਹ ਦੇ ਲੋਕਾਂ ਨਾਲ ਸੰਗਤੀ ਕੀਤੀ। ਹੁਣ ਉਸ ਦਾ ਪੂਰਾ ਪਰਿਵਾਰ ਸੱਚਾਈ ਵਿਚ ਸੀ।

ਅਸਲ ਵਿਚ, ਇਨ੍ਹਾਂ ਸਾਰੇ ਸਾਲਾਂ ਵਿਚ ਸਾਨੂੰ ਬਹੁਤ ਸਾਰੀਆਂ “ਨੇਕ ਨਾਮੀ ਦੀਆਂ ਚਿੱਠੀਆਂ” ਪ੍ਰਾਪਤ ਕਰਨ ਦੀ ਬਰਕਤ ਮਿਲੀ ਹੈ। (2 ਕੁਰਿੰਥੀਆਂ 3:1) ਕਈ ਜਿਨ੍ਹਾਂ ਦੀ ਅਸੀਂ ਬਾਈਬਲ ਸੱਚਾਈ ਦਾ ਗਿਆਨ ਲੈਣ ਵਿਚ ਮਦਦ ਕੀਤੀ ਸੀ, ਹੁਣ ਉਹ ਬਜ਼ੁਰਗਾਂ, ਸਹਾਇਕ ਸੇਵਕਾਂ ਜਾਂ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰ ਰਹੇ ਹਨ। ਉਨ੍ਹਾਂ ਸਰਕਟਾਂ ਵਿਚ ਜਿੱਥੇ ਮੈਂ 1960 ਦੇ ਦਹਾਕੇ ਵਿਚ ਸੇਵਾ ਕੀਤੀ ਸੀ, ਉੱਥੇ ਦੇ ਮੁੱਠੀ ਭਰ ਪ੍ਰਕਾਸ਼ਕਾਂ ਨੂੰ ਵੱਧ ਕੇ 10,000 ਤੋਂ ਵੀ ਜ਼ਿਆਦਾ ਯਹੋਵਾਹ ਦੇ ਉਪਾਸਕ ਬਣਦੇ ਦੇਖਣਾ ਮੇਰੇ ਲਈ ਕਿੰਨੀ ਖ਼ੁਸ਼ੀ ਦੀ ਗੱਲ ਰਹੀ ਹੈ! ਇਸ ਦਾ ਸਿਹਰਾ ਸਾਡੇ ਅਤਿ ਦਿਆਲੂ ਪਰਮੇਸ਼ੁਰ ਦੇ ਸਿਰ ਜਾਂਦਾ ਹੈ, ਜਿਸ ਨੇ ਸਾਨੂੰ ਇਸ ਕੰਮ ਲਈ ਵਰਤਿਆ।

“ਮਾਂਦਗੀ ਦੇ ਮੰਜੇ ਉੱਤੇ”

ਜਿੰਨੇ ਸਾਲ ਅਸੀਂ ਸਫ਼ਰੀ ਕਾਰਜ ਕੀਤਾ, ਉਨ੍ਹਾਂ ਸਾਰੇ ਸਾਲਾਂ ਵਿਚ ਮਾਰਥਾ ਹਮੇਸ਼ਾ ਖ਼ੁਸ਼ਗਵਾਰ ਰਵੱਈਆ ਰੱਖਣ ਵਾਲੀ ਇਕ ਬਹੁਤ ਹੀ ਵਧੀਆ ਸਾਥਣ ਸਿੱਧ ਹੋਈ। ਪਰ ਅਕਤੂਬਰ 1976 ਵਿਚ ਮਾਰਥਾ ਬਹੁਤ ਜ਼ਿਆਦਾ ਬੀਮਾਰ ਪੈ ਗਈ ਤੇ ਉਸ ਨੂੰ ਇਕ ਦਰਦਨਾਕ ਓਪਰੇਸ਼ਨ ਕਰਵਾਉਣਾ ਪਿਆ। ਓਪਰੇਸ਼ਨ ਹੋਣ ਤੋਂ ਬਾਅਦ ਉਹ ਲੱਤਾਂ ਤੋਂ ਰਹਿ ਗਈ ਤੇ ਉਸ ਨੂੰ ਵੀਲ੍ਹਚੇਅਰ ਵਰਤਣੀ ਪਈ। ਇਸ ਖ਼ਰਚੇ ਅਤੇ ਇਸ ਸਦਮੇ ਨੂੰ ਸਹਿਣਾ ਬਹੁਤ ਔਖਾ ਸੀ। ਪਰ ਇਕ ਵਾਰ ਫੇਰ ਅਸੀਂ ਯਹੋਵਾਹ ਵਿਚ ਭਰੋਸਾ ਕੀਤਾ ਅਤੇ ਉਸ ਦੀ ਪ੍ਰੇਮਪੂਰਣ ਤੇ ਦਿਆਲਗੀ ਭਰਪੂਰ ਛਤਰ-ਛਾਇਆ ਮਹਿਸੂਸ ਕੀਤੀ। ਜਦੋਂ ਮੈਂ ਮੈਸੇਡੋਨੀਆ ਵਿਚ ਸੇਵਾ ਕਰਨ ਲਈ ਗਿਆ, ਤਾਂ ਮਾਰਥਾ ਐਥਿਨਜ਼ ਵਿਚ ਇਲਾਜ ਲਈ ਇਕ ਭਰਾ ਦੇ ਘਰ ਵਿਚ ਰਹੀ। ਉਹ ਮੈਨੂੰ ਟੈਲੀਫ਼ੋਨ ਉੱਤੇ ਬੜੇ ਉਤਸ਼ਾਹਪੂਰਣ ਸ਼ਬਦ ਬੋਲਦੀ ਹੁੰਦੀ ਸੀ: “ਮੈਂ ਬਿਲਕੁਲ ਠੀਕ-ਠਾਕ ਹਾਂ। ਤੁਸੀਂ ਲੱਗੇ ਰਹੋ ਅਤੇ ਜਦੋਂ ਮੈਂ ਸਫ਼ਰ ਕਰਨ ਦੇ ਕਾਬਲ ਹੋ ਜਾਵਾਂਗੀ, ਉਦੋਂ ਮੈਂ ਆਪਣੀ ਵੀਲ੍ਹਚੇਅਰ ਤੇ ਤੁਹਾਡੇ ਨਾਲ ਜਾਵਾਂਗੀ।” ਅਤੇ ਠੀਕ ਉਸ ਨੇ ਇਸੇ ਤਰ੍ਹਾਂ ਹੀ ਕੀਤਾ। ਬੈਥਲ ਦੇ ਸਾਡੇ ਪਿਆਰੇ ਭਰਾਵਾਂ ਨੇ ਸਾਨੂੰ ਬਹੁਤ ਹੀ ਉਤਸ਼ਾਹ ਭਰੀਆਂ ਚਿੱਠੀਆਂ ਲਿਖੀਆਂ। ਉਹ ਮਾਰਥਾ ਨੂੰ ਵਾਰ-ਵਾਰ ਜ਼ਬੂਰਾਂ ਦੀ ਪੋਥੀ 41:3 ਵਿਚ ਲਿਖੇ ਇਹ ਸ਼ਬਦ ਯਾਦ ਕਰਾਉਂਦੇ: “ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।”

ਇਨ੍ਹਾਂ ਗੰਭੀਰ ਸਿਹਤ ਸਮੱਸਿਆਵਾਂ ਕਰਕੇ, ਸੰਨ 1986 ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਮੇਰੇ ਲਈ ਕਾਵਾਲਾ ਵਿਚ ਹੀ ਵਿਸ਼ੇਸ਼ ਪਾਇਨੀਅਰ ਵਜੋਂ ਸੇਵਾ ਕਰਨਾ ਬਿਹਤਰ ਹੋਵੇਗਾ, ਜਿੱਥੇ ਮੈਂ ਹੁਣ ਆਪਣੀ ਪਿਆਰੀ ਕੁੜੀ ਦੇ ਪਰਿਵਾਰ ਨੇੜੇ ਰਹਿੰਦਾ ਹਾਂ। ਪਿਛਲੇ ਮਾਰਚ ਮਹੀਨੇ ਵਿਚ ਮੇਰੀ ਪਿਆਰੀ ਪਤਨੀ ਮਾਰਥਾ ਗੁਜ਼ਰ ਗਈ ਅਤੇ ਉਹ ਮਰਦੇ ਦਮ ਤਕ ਵਫ਼ਾਦਾਰ ਰਹੀ। ਉਸ ਦੇ ਮਰਨ ਤੋਂ ਪਹਿਲਾਂ, ਜਦੋਂ ਭਰਾ ਉਸ ਨੂੰ ਪੁੱਛਦੇ ਹੁੰਦੇ ਸਨ: “ਤੁਹਾਡਾ ਕੀ ਹਾਲ ਹੈ?” ਤਾਂ ਉਹ ਅਕਸਰ ਇਹ ਜਵਾਬ ਦਿੰਦੀ ਸੀ: “ਕਿਉਂ ਜੋ ਮੈਂ ਯਹੋਵਾਹ ਦੇ ਨੇੜੇ ਹਾਂ, ਮੈਂ ਬਿਲਕੁਲ ਠੀਕ ਹਾਂ!” ਜਦੋਂ ਅਸੀਂ ਸਭਾਵਾਂ ਲਈ ਤਿਆਰੀ ਕਰਦੇ ਜਾਂ ਜਦੋਂ ਸਾਨੂੰ ਉਨ੍ਹਾਂ ਥਾਵਾਂ ਤੇ ਸੇਵਾ ਕਰਨ ਦਾ ਦਿਲ-ਖਿੱਚਵਾਂ ਸੱਦਾ ਮਿਲਦਾ ਜਿੱਥੇ ਵਾਢੀ ਦਾ ਕੰਮ ਜ਼ਿਆਦਾ ਹੁੰਦਾ ਸੀ, ਤਾਂ ਮਾਰਥਾ ਕਹਿੰਦੀ ਹੁੰਦੀ ਸੀ: “ਜੌਨ, ਚਲੋ ਆਪਾਂ ਉੱਥੇ ਚੱਲੀਏ ਜਿੱਥੇ ਲੋੜ ਜ਼ਿਆਦਾ ਹੈ।” ਪ੍ਰਚਾਰ ਦੇ ਕੰਮ ਵਿਚ ਉਸ ਦਾ ਜੋਸ਼ ਕਦੀ ਵੀ ਠੰਡਾ ਨਹੀਂ ਪਿਆ ਸੀ।

ਕੁਝ ਸਾਲ ਪਹਿਲਾਂ, ਮੈਨੂੰ ਵੀ ਇਕ ਗੰਭੀਰ ਬੀਮਾਰੀ ਦਾ ਸਾਮ੍ਹਣਾ ਕਰਨਾ ਪਿਆ। ਮਾਰਚ 1994 ਵਿਚ, ਮੈਨੂੰ ਆਪਣੀ ਜਾਨਲੇਵਾ ਦਿਲ ਦੀ ਬੀਮਾਰੀ ਬਾਰੇ ਪਤਾ ਲੱਗਾ ਜਿਸ ਲਈ ਓਪਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਸੀ। ਇਕ ਵਾਰ ਫੇਰ ਇਸ ਔਖੀ ਘੜੀ ਵਿਚ, ਮੈਂ ਯਹੋਵਾਹ ਦੀ ਪ੍ਰੇਮਪੂਰਣ ਛਤਰ-ਛਾਇਆ ਮਹਿਸੂਸ ਕੀਤੀ। ਮੈਂ ਉਹ ਪ੍ਰਾਰਥਨਾ ਕਦੇ ਨਹੀਂ ਭੁੱਲਾਂਗਾਂ ਜਿਹੜੀ ਇਕ ਸਫ਼ਰੀ ਨਿਗਾਹਬਾਨ ਨੇ ਮੇਰੇ ਇੰਟੈਂਸਿਵ ਕੇਅਰ ਯੂਨਿਟ ਵਿੱਚੋਂ ਨਿਕਲਣ ਮਗਰੋਂ ਮੇਰੇ ਬਿਸਤਰੇ ਕੋਲ ਕੀਤੀ ਸੀ, ਤੇ ਨਾ ਹੀ ਉਸ ਸਮਾਰਕ ਸਮਾਰੋਹ ਨੂੰ ਕਦੇ ਭੁੱਲਾਂਗਾਂ ਜਿਹੜਾ ਸੱਚਾਈ ਵਿਚ ਦਿਲਚਸਪੀ ਦਿਖਾਉਣ ਵਾਲੇ ਚਾਰ ਰੋਗੀਆਂ ਨਾਲ ਮੈਂ ਹਸਪਤਾਲ ਦੇ ਇਕ ਕਮਰੇ ਵਿਚ ਮਨਾਇਆ ਸੀ।

ਯਹੋਵਾਹ ਸਾਡਾ ਮਦਦਗਾਰ ਰਿਹਾ ਹੈ

ਸਮਾਂ ਝੱਟ ਬੀਤ ਜਾਂਦਾ ਹੈ ਅਤੇ ਸਾਡੇ ਸਰੀਰ ਕਮਜ਼ੋਰ ਪੈ ਜਾਂਦੇ ਹਨ, ਪਰ ਅਧਿਐਨ ਅਤੇ ਸੇਵਕਾਈ ਦੇ ਜ਼ਰੀਏ ਸਾਨੂੰ ਨਵੇਂ ਸਿਰਿਓਂ ਤਾਕਤ ਮਿਲਦੀ ਹੈ। (2 ਕੁਰਿੰਥੀਆਂ 4:16) ਅੱਜ ਉਸ ਗੱਲ ਨੂੰ 39 ਸਾਲ ਬੀਤ ਚੁੱਕੇ ਹਨ ਜਦੋਂ ਮੈਂ ਇਹ ਕਿਹਾ ਸੀ, “ਮੈਂ ਹਾਜ਼ਰ ਹਾਂ, ਮੈਨੂੰ ਘੱਲੋ!” ਮੈਂ ਇਕ ਮੁਕੰਮਲ, ਖ਼ੁਸ਼ੀਆਂ ਭਰੀ ਅਤੇ ਤਸੱਲੀਬਖ਼ਸ਼ ਜ਼ਿੰਦਗੀ ਬਿਤਾਈ ਹੈ। ਜੀ ਹਾਂ, ਕਈ ਵਾਰ ਮੈਂ ਮਹਿਸੂਸ ਕਰਦਾ ਹਾਂ ਕਿ “ਮੈਂ ਤਾਂ ਮਸਕੀਨ ਤੇ ਕੰਗਾਲ ਹਾਂ,” ਪਰ ਫਿਰ ਮੈਂ ਪੂਰੇ ਵਿਸ਼ਵਾਸ ਨਾਲ ਯਹੋਵਾਹ ਨੂੰ ਕਹਿੰਦਾ ਹਾਂ: “ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ।” (ਜ਼ਬੂਰ 40:17) ਜੀ ਹਾਂ, ਉਹ ਸੱਚ-ਮੁੱਚ ਮੇਰੇ ਅੰਗ-ਸੰਗ ਰਿਹਾ ਹੈ।

[ਸਫ਼ੇ 25 ਉੱਤੇ ਤਸਵੀਰ]

ਸਾਲ 1956 ਵਿਚ ਮਾਰਥਾ ਨਾਲ

[ਸਫ਼ੇ 26 ਉੱਤੇ ਤਸਵੀਰ]

ਕਾਵਾਲਾ ਦੀ ਬੰਦਰਗਾਹ

[ਸਫ਼ੇ 26 ਉੱਤੇ ਤਸਵੀਰ]

ਸਾਲ 1997 ਵਿਚ ਮਾਰਥਾ ਨਾਲ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ