ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 11/1 ਸਫ਼ੇ 28-29
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਿਲਦੀ-ਜੁਲਦੀ ਜਾਣਕਾਰੀ
  • ਝੰਡੇ ਨੂੰ ਸਲਾਮੀ ਦੇਣੀ, ਵੋਟ ਪਾਉਣੀ ਅਤੇ ਗ਼ੈਰ-ਫ਼ੌਜੀ ਕੰਮ ਕਰਨਾ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਹਿੱਸਾ ਕਿਉਂ ਨਹੀਂ ਲੈਂਦੇ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ‘ਤੁਸੀਂ ਜੋ ਕੰਮ ਸ਼ੁਰੂ ਕੀਤਾ ਸੀ, ਉਹ ਕੰਮ ਪੂਰਾ ਵੀ ਕਰੋ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਸਹੀ ਫ਼ੈਸਲੇ ਕਿਵੇਂ ਕਰੀਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 11/1 ਸਫ਼ੇ 28-29

ਪਾਠਕਾਂ ਵੱਲੋਂ ਸਵਾਲ

ਯਹੋਵਾਹ ਦੇ ਗਵਾਹ ਵੋਟਾਂ ਪਾਉਣ ਨੂੰ ਕਿਵੇਂ ਵਿਚਾਰਦੇ ਹਨ?

ਇਸ ਮਾਮਲੇ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਪਰਮੇਸ਼ੁਰ ਦੇ ਸੇਵਕਾਂ ਦੀ ਮਦਦ ਕਰਨ ਲਈ ਬਾਈਬਲ ਵਿਚ ਸਪੱਸ਼ਟ ਸਿਧਾਂਤ ਦਿੱਤੇ ਗਏ ਹਨ। ਫਿਰ ਵੀ, ਇੰਜ ਲੱਗਦਾ ਹੈ ਕਿ ਵੋਟਾਂ ਨਾ ਪਾਉਣ ਬਾਰੇ ਬਾਈਬਲ ਵਿਚ ਕੋਈ ਸਿਧਾਂਤ ਨਹੀਂ ਦਿੱਤਾ ਹੈ। ਉਦਾਹਰਣ ਲਈ, ਇਸ ਗੱਲ ਦਾ ਕੋਈ ਕਾਰਨ ਨਹੀਂ ਕਿ ਬੋਰਡ ਦੇ ਡਾਇਰੈਕਟਰਾਂ ਨੂੰ ਆਪਣੀ ਕਾਰਪੋਰੇਸ਼ਨ ਸੰਬੰਧੀ ਫ਼ੈਸਲੇ ਕਰਨ ਲਈ ਵੋਟ ਕਿਉਂ ਨਹੀਂ ਲੈਣੇ ਚਾਹੀਦੇ। ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਅਕਸਰ ਸਭਾਵਾਂ ਦੇ ਸਮੇਂ ਅਤੇ ਕਲੀਸਿਯਾ ਦੇ ਫ਼ੰਡ ਸੰਬੰਧੀ ਫ਼ੈਸਲੇ ਕਰਨ ਲਈ ਲੋਕ ਆਪਣੇ ਹੱਥ ਖੜ੍ਹੇ ਕਰ ਕੇ ਵੋਟ ਦਿੰਦੇ ਹਨ।

ਪਰ, ਰਾਜਨੀਤਿਕ ਚੋਣਾਂ ਵਿਚ ਵੋਟਾਂ ਪਾਉਣ ਬਾਰੇ ਕੀ ਕਿਹਾ ਜਾ ਸਕਦਾ ਹੈ? ਬੇਸ਼ੱਕ, ਕੁਝ ਲੋਕਤੰਤਰੀ ਦੇਸ਼ਾਂ ਵਿਚ ਚੋਣਾਂ ਵਾਲੇ ਦਿਨ 50 ਫੀ ਸਦੀ ਜਨਤਾ ਵੋਟਾਂ ਪਾਉਣ ਨਹੀਂ ਜਾਂਦੀ। ਯਹੋਵਾਹ ਦੇ ਗਵਾਹਾਂ ਬਾਰੇ ਕਿਹਾ ਜਾਵੇ, ਤਾਂ ਉਹ ਦੂਸਰਿਆਂ ਦੇ ਵੋਟ ਪਾਉਣ ਦੇ ਹੱਕ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੇ ਤੇ ਨਾ ਹੀ ਉਹ ਰਾਜਨੀਤਿਕ ਚੋਣਾਂ ਵਿਰੁੱਧ ਕੋਈ ਮੁਹਿੰਮ ਚਲਾਉਂਦੇ ਹਨ। ਅਜਿਹੀਆਂ ਚੋਣਾਂ ਵਿਚ ਚੁਣੀਆਂ ਗਈਆਂ ਹਕੂਮਤਾਂ ਦਾ ਉਹ ਆਦਰ ਕਰਦੇ ਅਤੇ ਉਨ੍ਹਾਂ ਨੂੰ ਪੂਰਾ-ਪੂਰਾ ਸਹਿਯੋਗ ਦਿੰਦੇ ਹਨ। (ਰੋਮੀਆਂ 13:1-7) ਪਰ ਉਹ ਚੋਣਾਂ ਲੜਣ ਵਾਲਿਆਂ ਨੂੰ ਨਿੱਜੀ ਤੌਰ ਤੇ ਵੋਟ ਦੇਣਗੇ ਜਾਂ ਨਹੀਂ, ਇਸ ਬਾਰੇ ਯਹੋਵਾਹ ਦਾ ਹਰੇਕ ਗਵਾਹ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਅਨੁਸਾਰ ਅਤੇ ਪਰਮੇਸ਼ੁਰ ਤੇ ਸਰਕਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਦੀ ਸਮਝ ਅਨੁਸਾਰ ਫ਼ੈਸਲਾ ਕਰੇਗਾ। (ਮੱਤੀ 22:21; 1 ਪਤਰਸ 3:16) ਆਪਣਾ ਨਿੱਜੀ ਫ਼ੈਸਲਾ ਕਰਨ ਸਮੇਂ, ਗਵਾਹ ਕਈ ਗੱਲਾਂ ਦਾ ਖ਼ਿਆਲ ਰੱਖਦੇ ਹਨ।

ਪਹਿਲੀ ਇਹ ਕਿ ਯਿਸੂ ਮਸੀਹ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:14) ਯਹੋਵਾਹ ਦੇ ਗਵਾਹ ਇਸ ਸਿਧਾਂਤ ਨੂੰ ਗੰਭੀਰਤਾ ਨਾਲ ਲੈਂਦੇ ਹਨ। ‘ਜਗਤ ਦੇ ਨਾ ਹੋਣ’ ਕਰਕੇ ਉਹ ਸੰਸਾਰ ਦੇ ਰਾਜਨੀਤਿਕ ਮਾਮਲਿਆਂ ਤੋਂ ਨਿਰਪੱਖ ਰਹਿੰਦੇ ਹਨ।

ਦੂਸਰੀ ਗੱਲ ਇਹ ਹੈ ਕਿ ਪੌਲੁਸ ਰਸੂਲ ਨੇ ਆਪਣੇ ਸਮੇਂ ਦੇ ਲੋਕਾਂ ਨਾਲ ਗੱਲ ਕਰਦੇ ਸਮੇਂ ਆਪਣੇ ਆਪ ਨੂੰ ਮਸੀਹ ਦਾ “ਏਲਚੀ” ਕਿਹਾ ਸੀ। (ਅਫ਼ਸੀਆਂ 6:19; 2 ਕੁਰਿੰਥੀਆਂ 5:20) ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਮਸੀਹ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਹੁਣ ਰਾਜਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੇ ਏਲਚੀਆਂ ਵਾਂਗ ਇਸ ਬਾਰੇ ਕੌਮਾਂ ਨੂੰ ਦੱਸਣਾ ਹੈ। (ਮੱਤੀ 24:14; ਪਰਕਾਸ਼ ਦੀ ਪੋਥੀ 11:15) ਏਲਚੀਆਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਜਿਹੜੇ ਵੀ ਦੇਸ਼ਾਂ ਵਿਚ ਭੇਜਿਆ ਜਾਂਦਾ ਹੈ, ਉਹ ਉੱਥੇ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਾ ਦੇਣ ਅਤੇ ਨਿਰਪੱਖ ਰਹਿਣ। ਇਸੇ ਤਰ੍ਹਾਂ, ਪਰਮੇਸ਼ੁਰ ਦੇ ਸਵਰਗੀ ਰਾਜ ਦੇ ਨੁਮਾਇੰਦੇ ਹੋਣ ਦੇ ਨਾਤੇ, ਯਹੋਵਾਹ ਦੇ ਗਵਾਹ ਜਿਹੜੇ ਵੀ ਦੇਸ਼ ਵਿਚ ਰਹਿੰਦੇ ਹਨ, ਉਹ ਉੱਥੇ ਦੇ ਰਾਜਨੀਤਿਕ ਮਾਮਲਿਆਂ ਵਿਚ ਦਖ਼ਲ ਨਾ ਦੇਣ ਦੇ ਆਪਣੇ ਫ਼ਰਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਗੌਰ ਕਰਨ ਵਾਲੀ ਤੀਸਰੀ ਗੱਲ ਇਹ ਹੈ ਕਿ ਉਹ ਲੋਕ ਜਿਹੜੇ ਕਿਸੇ ਨੂੰ ਵੋਟਾਂ ਦੇ ਕੇ ਜਿਤਾਉਂਦੇ ਹਨ ਉਹ ਉਸ ਦੇ ਗ਼ਲਤ ਕੰਮਾਂ ਦੇ ਭਾਗੀਦਾਰ ਬਣ ਸਕਦੇ ਹਨ। (1 ਤਿਮੋਥਿਉਸ 5:22 ਦੀ ਤੁਲਨਾ ਕਰੋ।) ਮਸੀਹੀਆਂ ਨੇ ਸੋਚਣਾ ਹੈ ਕਿ ਕੀ ਉਹ ਇਸ ਜ਼ਿੰਮੇਵਾਰੀ ਦਾ ਭਾਰ ਆਪਣੇ ਸਿਰ ਲੈਣਾ ਚਾਹੁੰਦੇ ਹਨ ਜਾਂ ਨਹੀਂ।

ਚੌਥੀ ਗੱਲ ਇਹ ਕਿ ਯਹੋਵਾਹ ਦੇ ਗਵਾਹ ਆਪਣੀ ਮਸੀਹੀ ਏਕਤਾ ਦੀ ਬਹੁਤ ਕਦਰ ਕਰਦੇ ਹਨ। (ਅਫ਼ਸੀਆਂ 4:3) ਜਦੋਂ ਧਰਮ ਰਾਜਨੀਤੀ ਵਿਚ ਹਿੱਸਾ ਲੈਣ ਲੱਗ ਪੈਂਦੇ ਹਨ, ਤਾਂ ਨਤੀਜੇ ਵਜੋਂ ਉਨ੍ਹਾਂ ਦੇ ਮੈਂਬਰਾਂ ਵਿਚ ਅਕਸਰ ਫੁੱਟ ਪੈ ਜਾਂਦੀ ਹੈ। ਯਿਸੂ ਮਸੀਹ ਦੀ ਨਕਲ ਕਰਦੇ ਹੋਏ, ਯਹੋਵਾਹ ਦੇ ਗਵਾਹ ਰਾਜਨੀਤੀ ਤੋਂ ਦੂਰ ਰਹਿ ਕੇ ਆਪਣੀ ਮਸੀਹੀ ਏਕਤਾ ਨੂੰ ਬਣਾਈ ਰੱਖਦੇ ਹਨ।—ਮੱਤੀ 12:25; ਯੂਹੰਨਾ 6:15; 18:36, 37.

ਪੰਜਵੀਂ ਅਤੇ ਅਖ਼ੀਰਲੀ ਗੱਲ ਇਹ ਹੈ ਕਿ ਰਾਜਨੀਤੀ ਵਿਚ ਹਿੱਸਾ ਨਾ ਲੈਣ ਕਰਕੇ, ਯਹੋਵਾਹ ਦੇ ਗਵਾਹ ਹਰ ਤਰ੍ਹਾਂ ਦੇ ਰਾਜਨੀਤਿਕ ਵਿਚਾਰਾਂ ਵਾਲੇ ਲੋਕਾਂ ਕੋਲ ਦਲੇਰੀ ਨਾਲ ਰਾਜ ਦਾ ਮਹੱਤਵਪੂਰਣ ਸੰਦੇਸ਼ ਲੈ ਕੇ ਜਾ ਸਕਦੇ ਹਨ।—ਇਬਰਾਨੀਆਂ 10:35.

ਉੱਪਰ ਜ਼ਿਕਰ ਕੀਤੇ ਗਏ ਸਿਧਾਂਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਰਾਜਨੀਤਿਕ ਚੋਣਾਂ ਵਿਚ ਵੋਟਾਂ ਨਾ ਪਾਉਣ ਦਾ ਨਿੱਜੀ ਫ਼ੈਸਲਾ ਕਰਦੇ ਹਨ ਅਤੇ ਉਨ੍ਹਾਂ ਦੇਸ਼ਾਂ ਦਾ ਕਾਨੂੰਨ ਉਨ੍ਹਾਂ ਨੂੰ ਅਜਿਹੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੰਦਾ ਹੈ। ਪਰ ਉਦੋਂ ਕੀ ਜਦੋਂ ਕਿਸੇ ਦੇਸ਼ ਦੇ ਕਾਨੂੰਨ ਅਨੁਸਾਰ ਨਾਗਰਿਕਾਂ ਲਈ ਵੋਟਾਂ ਪਾਉਣੀਆਂ ਲਾਜ਼ਮੀ ਹੁੰਦੀਆਂ ਹਨ? ਇਸ ਹਾਲਤ ਵਿਚ ਹਰ ਗਵਾਹ ਨੇ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਆਪਣਾ ਬਾਈਬਲ-ਆਧਾਰਿਤ ਨਿਰਣਾ ਕਰਨਾ ਹੈ ਕਿ ਉਸ ਨੇ ਇਸ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ। ਜੇਕਰ ਕੋਈ ਵਿਅਕਤੀ ਮਤਦਾਨ ਕੇਂਦਰ ਜਾਣ ਦਾ ਫ਼ੈਸਲਾ ਕਰਦਾ ਹੈ, ਤਾਂ ਇਹ ਉਸ ਦਾ ਆਪਣਾ ਫ਼ੈਸਲਾ ਹੈ। ਉਹ ਮਤਦਾਨ ਕੇਂਦਰ ਵਿਚ ਕੀ ਕਰਦਾ ਹੈ, ਇਹ ਉਸ ਦਾ ਅਤੇ ਉਸ ਦੇ ਸਿਰਜਣਹਾਰ ਦਾ ਆਪਸੀ ਮਾਮਲਾ ਹੈ।

ਪੰਦਰਾਂ ਨਵੰਬਰ 1950 ਦੇ ਪਹਿਰਾਬੁਰਜ ਨੇ ਸਫ਼ੇ 445 ਅਤੇ 446 ਉੱਤੇ ਕਿਹਾ: “ਜਿੱਥੇ ਕਾਨੂੰਨੀ ਤੌਰ ਤੇ ਨਾਗਰਿਕਾਂ ਲਈ ਵੋਟ ਪਾਉਣੀ ਲਾਜ਼ਮੀ ਹੁੰਦੀ ਹੈ . . . ਉੱਥੇ [ਗਵਾਹ] ਮਤਦਾਨ ਕੇਂਦਰਾਂ ਅੰਦਰ ਜਾ ਸਕਦੇ ਹਨ। ਉੱਥੇ ਪਹੁੰਚ ਕੇ ਉਨ੍ਹਾਂ ਨੂੰ ਮਤਦਾਨ ਪਰਚੀ ਉੱਤੇ ਨਿਸ਼ਾਨ ਲਾਉਣਾ ਪੈਂਦਾ ਹੈ ਜਾਂ ਜਿਸ ਪਾਰਟੀ ਦੇ ਉਹ ਪੱਖ ਵਿਚ ਹਨ ਉਸ ਦਾ ਨਾਂ ਲਿਖਣਾ ਪੈਂਦਾ ਹੈ। ਵੋਟ ਪਾਉਣ ਵਾਲਾ ਵਿਅਕਤੀ ਆਪਣੀ ਇੱਛਾ ਅਨੁਸਾਰ ਮਤਦਾਨ ਪਰਚੀਆਂ ਨਾਲ ਕੁਝ ਵੀ ਕਰ ਸਕਦਾ ਹੈ। ਇਸ ਲਈ ਇੱਥੇ ਹੀ ਗਵਾਹਾਂ ਨੂੰ ਪਰਮੇਸ਼ੁਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਦੇ ਹੁਕਮਾਂ ਅਤੇ ਆਪਣੀ ਨਿਹਚਾ ਦੀ ਇਕਸੁਰਤਾ ਵਿਚ ਕੰਮ ਕਰਨਾ ਚਾਹੀਦਾ ਹੈ। ਇਹ ਸਾਡੀ ਜ਼ਿੰਮੇਵਾਰੀ ਨਹੀਂ ਕਿ ਅਸੀਂ ਉਨ੍ਹਾਂ ਨੂੰ ਦੱਸੀਏ ਕਿ ਮਤਦਾਨ ਪਰਚੀ ਨਾਲ ਕੀ ਕਰਨਾ ਹੈ।”

ਉਦੋਂ ਕੀ ਜਦੋਂ ਕਿਸੇ ਮਸੀਹੀ ਭੈਣ ਦਾ ਅਵਿਸ਼ਵਾਸੀ ਪਤੀ ਵੋਟ ਪਾਉਣ ਲਈ ਉਸ ਉੱਤੇ ਜ਼ੋਰ ਪਾਉਂਦਾ ਹੈ? ਖ਼ੈਰ, ਉਹ ਆਪਣੇ ਪਤੀ ਦੇ ਅਧੀਨ ਹੈ, ਠੀਕ ਜਿਵੇਂ ਮਸੀਹੀ ਉੱਚ ਹਕੂਮਤਾਂ ਦੇ ਅਧੀਨ ਹਨ। (ਅਫ਼ਸੀਆਂ 5:22; 1 ਪਤਰਸ 2:13-17) ਜੇਕਰ ਉਹ ਆਪਣੇ ਪਤੀ ਦੀ ਆਗਿਆ ਦਾ ਪਾਲਣ ਕਰਦੀ ਹੈ ਅਤੇ ਮਤਦਾਨ ਕੇਂਦਰ ਜਾਂਦੀ ਹੈ, ਤਾਂ ਇਹ ਉਸ ਦਾ ਨਿੱਜੀ ਫ਼ੈਸਲਾ ਹੈ। ਕਿਸੇ ਨੂੰ ਵੀ ਉਸ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ।—ਰੋਮੀਆਂ 14:4 ਦੀ ਤੁਲਨਾ ਕਰੋ।

ਉਨ੍ਹਾਂ ਦੇਸ਼ਾਂ ਬਾਰੇ ਕੀ ਜਿੱਥੇ ਕਾਨੂੰਨਨ ਵੋਟ ਪਾਉਣੀ ਤਾਂ ਲਾਜ਼ਮੀ ਨਹੀਂ ਹੁੰਦੀ ਪਰ ਜਿਹੜੇ ਮਤਦਾਨ ਕੇਂਦਰਾਂ ਵਿਚ ਵੋਟਾਂ ਪਾਉਣ ਨਹੀਂ ਜਾਂਦੇ, ਉਨ੍ਹਾਂ ਨਾਲ ਵੈਰ ਕੀਤਾ ਜਾਂਦਾ ਹੈ—ਸ਼ਾਇਦ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ? ਜਾਂ ਉਦੋਂ ਕੀ ਜਦੋਂ ਲੋਕ ਕਾਨੂੰਨ ਅਨੁਸਾਰ ਤਾਂ ਵੋਟਾਂ ਪਾਉਣ ਲਈ ਬੱਝੇ ਨਹੀਂ ਹੁੰਦੇ ਪਰ ਉਨ੍ਹਾਂ ਨੂੰ ਮਤਦਾਨ ਕੇਂਦਰ ਨਾ ਜਾਣ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਭਾਰੀ ਜੁਰਮਾਨਾ ਲਾਇਆ ਜਾਂਦਾ ਹੈ? ਇਨ੍ਹਾਂ ਹਾਲਤਾਂ ਵਿਚ, ਇਕ ਮਸੀਹੀ ਨੇ ਖ਼ੁਦ ਫ਼ੈਸਲਾ ਕਰਨਾ ਹੈ। “ਕਿਉਂ ਜੋ ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।”—ਗਲਾਤੀਆਂ 6:5.

ਕੁਝ ਲੋਕ ਉਦੋਂ ਠੋਕਰ ਖਾ ਸਕਦੇ ਹਨ ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਦੇ ਦੇਸ਼ਾਂ ਵਿਚ ਹੋ ਰਹੀਆਂ ਚੋਣਾਂ ਵਿਚ ਕੁਝ ਗਵਾਹ ਮਤਦਾਨ ਕੇਂਦਰਾਂ ਵਿਚ ਜਾਂਦੇ ਹਨ ਤੇ ਕੁਝ ਨਹੀਂ ਜਾਂਦੇ। ਉਹ ਸ਼ਾਇਦ ਇਹ ਕਹਿਣ, ‘ਯਹੋਵਾਹ ਦੇ ਸਾਰੇ ਗਵਾਹਾਂ ਦੀ ਇਕ ਰਾਇ ਨਹੀਂ।’ ਪਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਨਿੱਜੀ ਅੰਤਹਕਰਣ ਦੇ ਮਾਮਲਿਆਂ ਵਿਚ, ਹਰ ਇਕ ਮਸੀਹੀ ਨੇ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਖ਼ੁਦ ਫ਼ੈਸਲਾ ਕਰਨਾ ਹੈ।—ਰੋਮੀਆਂ 14:12.

ਵੱਖ-ਵੱਖ ਹਾਲਾਤਾਂ ਵਿਚ ਯਹੋਵਾਹ ਦੇ ਗਵਾਹ ਨਿੱਜੀ ਫ਼ੈਸਲੇ ਕਰਦੇ ਸਮੇਂ ਇਹ ਧਿਆਨ ਰੱਖਦੇ ਹਨ ਕਿ ਉਹ ਆਪਣੀ ਮਸੀਹੀ ਨਿਰਪੱਖਤਾ ਅਤੇ ਸਾਫ਼ ਅੰਤਹਕਰਣ ਨੂੰ ਬਣਾਈ ਰੱਖਣ। ਸਾਰੀਆਂ ਗੱਲਾਂ ਵਿਚ, ਉਹ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਨ ਕਿ ਉਹ ਉਨ੍ਹਾਂ ਨੂੰ ਮਜ਼ਬੂਤ ਕਰੇਗਾ, ਬੁੱਧੀ ਦੇਵੇਗਾ ਅਤੇ ਕਿਸੇ ਵੀ ਤਰ੍ਹਾਂ ਨਿਹਚਾ ਵਿਚ ਸਮਝੌਤਾ ਨਾ ਕਰਨ ਵਿਚ ਮਦਦ ਕਰੇਗਾ। ਇੰਜ ਕਰ ਕੇ ਉਹ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਵਿਚ ਆਪਣਾ ਭਰੋਸਾ ਦਿਖਾਉਂਦੇ ਹਨ: “ਤੂੰ ਹੀ ਤਾਂ ਮੇਰੀ ਚਟਾਨ ਅਤੇ ਮੇਰਾ ਗੜ੍ਹ ਹੈਂ, ਤਦੇ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲੈ ਚੱਲ, ਅਤੇ ਮੇਰੀ ਅਗਵਾਈ ਕਰ।”—ਜ਼ਬੂਰ 31:3.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ