ਦਾਨੀਏਲ ਦੀ ਪੋਥੀ ਸਮਝਾਈ ਗਈ!
ਜਦੋਂ 320 ਸਫ਼ਿਆਂ ਵਾਲੀ ਨਵੀਂ ਪੁਸਤਕ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਰਿਲੀਸ ਕੀਤੀ ਗਈ, ਮਹਾਂ-ਸੰਮੇਲਨ ਤੇ ਹਾਜ਼ਰ ਭੈਣ-ਭਰਾ ਆਪੋ-ਆਪਣੀਆਂ ਕਾਪੀਆਂ ਲੈਣ ਲਈ ਕਿੰਨੇ ਉਤਾਵਲੇ ਸਨ। ਇਸ ਪੁਸਤਕ ਬਾਰੇ ਉਨ੍ਹਾਂ ਦੇ ਕੀ ਵਿਚਾਰ ਸਨ? ਧਿਆਨ ਦਿਓ ਕਿ ਕੁਝ ਭੈਣਾਂ-ਭਰਾਵਾਂ ਨੇ ਕੀ ਕਿਹਾ ਸੀ।
“ਦੂਸਰਿਆਂ ਨੌਜਵਾਨਾਂ ਵਾਂਗ, ਮੈਨੂੰ ਵੀ ਪ੍ਰਾਚੀਨ ਇਤਿਹਾਸ ਦਾ ਅਧਿਐਨ ਕਰਨਾ ਔਖਾ ਲੱਗਦਾ ਹੈ। ਸੋ ਜਦੋਂ ਮੈਨੂੰ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਪੁਸਤਕ ਦੀ ਆਪਣੀ ਕਾਪੀ ਮਿਲੀ, ਤਾਂ ਮੈਂ ਇੰਨੀ ਖ਼ੁਸ਼ ਨਹੀਂ ਹੋਈ, ਪਰ ਫਿਰ ਵੀ ਮੈਂ ਇਹ ਪੜ੍ਹਨੀ ਸ਼ੁਰੂ ਕਰ ਦਿੱਤੀ। ਤੁਸੀਂ ਪੁੱਛੋ ਵੀ ਨਾ ਕਿ ਮੇਰਾ ਵਿਚਾਰ ਕਿੰਨਾ ਗ਼ਲਤ ਸੀ! ਮੇਰੇ ਖ਼ਿਆਲ ਵਿਚ ਇਹ ਸਭ ਤੋਂ ਵਧੀਆ ਪੁਸਤਕ ਹੈ। ਮੇਰੇ ਕੋਲੋਂ ਤਾਂ ਇਹ ਰੱਖੀ ਹੀ ਨਹੀਂ ਜਾਂਦੀ ਸੀ! ਮੈਨੂੰ ਹੁਣ ਇਵੇਂ ਨਹੀਂ ਲੱਗਦਾ ਹੈ ਕਿ ਮੈਂ ਹਜ਼ਾਰਾਂ ਸਾਲਾਂ ਪੁਰਾਣੀ ਕਹਾਣੀ ਪੜ੍ਹ ਰਹੀ ਹਾਂ। ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਮਹਿਸੂਸ ਕੀਤਾ ਹੈ ਕਿ ਮੈਂ ਆਪਣੇ ਆਪ ਨੂੰ ਦਾਨੀਏਲ ਦੀ ਥਾਂ ਦੇਖ ਸਕਦੀ ਹਾਂ। ਮੈਂ ਹੁਣ ਕਲਪਨਾ ਕਰ ਸਕਦੀ ਹਾਂ ਕਿ ਇਕ ਵਿਅਕਤੀ ਕਿਵੇਂ ਮਹਿਸੂਸ ਕਰਦਾ ਹੈ ਜਦੋਂ ਉਸ ਨੂੰ ਆਪਣੇ ਪਰਿਵਾਰ ਤੋਂ ਅਲੱਗ ਕੀਤਾ ਜਾਂਦਾ ਹੈ, ਵਿਦੇਸ਼ ਭੇਜਿਆ ਜਾਂਦਾ ਹੈ, ਅਤੇ ਉਸ ਦੀ ਖਰਿਆਈ ਵਾਰ-ਵਾਰ ਪਰਖੀ ਜਾਂਦੀ ਹੈ। ਇਸ ਪੁਸਤਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।”—ਏਨਿਆਂ।
“ਮੈਨੂੰ ਇਹ ਜਾਣ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਜੋ ਮਾਮਲੇ ਯਹੋਵਾਹ ਦੇ ਲੋਕਾਂ ਉੱਤੇ ਅਸਰ ਪਾਉਂਦੇ ਹਨ ਉਹ ਉਸ ਦੇ ਪੂਰੇ ਕੰਟ੍ਰੋਲ ਵਿਚ ਹਨ। ਦਾਨੀਏਲ ਦੇ ਆਪਣੇ, ਨਾਲੇ ਦੂਜਿਆਂ ਦੇ ਦਰਸ਼ਣਾਂ ਅਤੇ ਸੁਪਨਿਆਂ ਤੋਂ—ਜਿਨ੍ਹਾਂ ਦੇ ਅਰਥ ਉਸ ਨੇ ਦੱਸੇ ਸਨ—ਇਹ ਸਪੱਸ਼ਟ ਹੁੰਦਾ ਹੈ ਕਿ ਪਰਮੇਸ਼ੁਰ ਆਪਣੇ ਮਕਸਦ ਅਨੁਸਾਰ ਹੀ ਘਟਨਾਵਾਂ ਹੋਣ ਦੇਵੇਗਾ। ਇਸ ਤੋਂ ਸਾਡੀ ਉਮੀਦ ਵੀ ਮਜ਼ਬੂਤ ਹੁੰਦੀ ਹੈ ਕਿ ਨਵੇਂ ਸੰਸਾਰ ਬਾਰੇ ਜੋ ਬਾਈਬਲ ਵਿਚ ਲਿਖਿਆ ਗਿਆ ਹੈ ਉਹ ਪੂਰਾ ਹੋਵੇਗਾ।”—ਚੈਸਟਰ।
“ਮੈਨੂੰ ਬਹੁਤ ਪਸੰਦ ਆਇਆ ਜਿਸ ਤਰ੍ਹਾਂ ਤੁਸੀਂ ਦਾਨੀਏਲ ਨੂੰ ਜ਼ਿੰਦਾ ਪੇਸ਼ ਕੀਤਾ। ਜਿਸ ਢੰਗ ਨਾਲ ਤੁਸੀਂ ਉਸ ਦੀਆਂ ਚਿੰਤਾਵਾਂ ਬਾਰੇ ਦੱਸਿਆ ਮੈਨੂੰ ਇਵੇਂ ਲੱਗਾ ਕਿ ਮੈਂ ਹੁਣ ਉਸ ਨੂੰ ਜਾਣਦੀ ਹਾਂ। ਮੈਨੂੰ ਹੁਣ ਚੰਗੀ ਤਰ੍ਹਾਂ ਸਮਝ ਲੱਗੀ ਕਿ ਉਹ ਯਹੋਵਾਹ ਨੂੰ ਕਿਉਂ ਇੰਨਾ ਮਨਭਾਉਂਦਾ ਸੀ। ਆਪਣੀਆਂ ਸਾਰੀਆਂ ਅਜ਼ਮਾਇਸ਼ਾਂ ਅਤੇ ਸਖ਼ਤੀਆਂ ਦੌਰਾਨ, ਉਸ ਨੂੰ ਆਪਣੇ ਬਾਰੇ ਕੋਈ ਫ਼ਿਕਰ ਨਹੀਂ ਸੀ। ਉਸ ਦੀ ਸਭ ਤੋਂ ਵੱਡੀ ਚਿੰਤਾ ਯਹੋਵਾਹ ਅਤੇ ਉਸ ਦਾ ਅਣਮੋਲ ਨਾਂ ਸੀ। ਇਨ੍ਹਾਂ ਗੱਲਾਂ ਨੂੰ ਸਪੱਸ਼ਟ ਕਰਨ ਦਾ ਤੁਹਾਡਾ ਧੰਨਵਾਦ।”—ਜੌਈ।
“ਅਸੀਂ ਇਸ ਦੀ ਹੀ ਉਡੀਕ ਕਰ ਰਹੇ ਸੀ! ਪਹਿਲਾਂ ਕਦੇ ਵੀ ਇਹ ਨਹੀਂ ਦਿਖਾਇਆ ਗਿਆ ਕਿ ਦਾਨੀਏਲ ਦੀ ਪੋਥੀ ਸਾਡੇ ਵਿੱਚੋਂ ਹਰੇਕ ਉੱਤੇ ਕਿਵੇਂ ਲਾਗੂ ਹੁੰਦੀ ਹੈ। ਨਵੀਂ ਪੁਸਤਕ ਮਿਲਣ ਤੋਂ ਬਾਅਦ ਮੈਂ ਉਸੇ ਸ਼ਾਮ ਇਸ ਦਾ ਵੱਡਾ ਹਿੱਸਾ ਪੜ੍ਹ ਲਿਆ। ਮੈਂ ਇੰਨਾ ਧੰਨਵਾਦੀ ਹੋਇਆ ਕਿ ਮੈਂ ਵਿਚ-ਵਿਚਾਲੇ ਹੀ ਰੁਕ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ।”—ਮਾਰਕ।
“ਅਸੀਂ ਸੋਚਿਆ ਹੀ ਨਹੀਂ ਸੀ ਕਿ ਸਾਡੇ ਨਿਆਣਿਆਂ ਉੱਤੇ ਇਸ ਦਾ ਕੀ ਅਸਰ ਪਵੇਗਾ। ਇਕ ਦੀ ਉਮਰ ਪੰਜ ਅਤੇ ਦੂਜੇ ਦੀ ਤਿੰਨ ਸਾਲ ਹੈ। . . . ਜਦ ਕਿ ਉਨ੍ਹਾਂ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ, ਅਤੇ ਅਜ਼ਰਯਾਹ ਦੀਆਂ ਕਹਾਣੀਆਂ ਸਭ ਤੋਂ ਮਨਪਸੰਦ ਹਨ, ਅਸੀਂ ਬਹੁਤ ਹੈਰਾਨ ਹੋਏ ਕਿ ਦਾਨੀਏਲ ਦੀ ਭਵਿੱਖਬਾਣੀ ਪੁਸਤਕ ਨੇ ਉਨ੍ਹਾਂ ਉੱਤੇ ਕਿਹੋ ਜਿਹਾ ਅਸਰ ਪਾਇਆ। ਇਸ ਛੋਟੀ ਉਮਰ ਤੇ ਵੀ ਉਹ ਇਨ੍ਹਾਂ ਨੇਕ ਨੌਜਵਾਨਾਂ ਦੀਆਂ ਭਾਵਨਾਵਾਂ ਸਮਝ ਸਕੇ। ਸਾਡੇ ਨਿਆਣਿਆਂ ਲਈ ਉਹ ਮੁੰਡੇ ਕਿੰਨੀਆਂ ਵਧੀਆ ਮਿਸਾਲਾਂ ਹਨ। ਤੁਸੀਂ ਸਾਨੂੰ ਕਿੰਨੀ ਅੱਛੀ ਚੀਜ਼ ਦਿੱਤੀ ਹੈ! ਤੁਹਾਡਾ ਬਹੁਤ-ਬਹੁਤ ਧੰਨਵਾਦ!”—ਬੈਥਲ।
“ਮੈਨੂੰ ਇੱਦਾਂ ਲੱਗਾ ਕਿ ਮੈਂ ਉਨ੍ਹਾਂ ਨੌਜਵਾਨ ਇਬਰਾਨੀ ਮੁੰਡਿਆਂ ਦੇ ਨਾਲ ਹੀ ਸੀ ਜਦੋਂ ਉਨ੍ਹਾਂ ਦੀ ਨਿਹਚਾ ਪਰਖੀ ਗਈ; ਉਨ੍ਹਾਂ ਦੀ ਮਿਸਾਲ ਨੇ ਮੈਨੂੰ ਆਪਣੀ ਨਿਹਚਾ ਦੀ ਜਾਂਚ ਕਰਨ ਲਈ ਪ੍ਰੇਰਿਆ। “ਅਸੀਂ ਕੀ ਸਿੱਖਿਆ?” ਨਾਮਕ ਰਿਵਿਊ ਡੱਬੀ ਅਧਿਆਇ ਦੀਆਂ ਮੁੱਖ ਗੱਲਾਂ ਦਿਲ ਵਿਚ ਬਿਠਾ ਦਿੰਦੀ ਹੈ। ਇੰਨੀ ਵਧੀਆ ਪੁਸਤਕ ਲਈ ਤੁਹਾਡਾ ਸ਼ੁਕਰੀਆ ਕਰਦੀ ਹਾਂ।”—ਲੀਡੀਆ।