ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ?
ਪੁਲਸ ਕੋਲ ਅਪਰਾਧੀਆਂ ਨੂੰ ਫੜਨ ਦਾ ਅਧਿਕਾਰ ਹੈ ਜੋ ਸਾਡੀ ਧਨ-ਸੰਪਤੀ ਚੋਰੀ ਕਰਦੇ ਹਨ ਜਾਂ ਸਾਡੇ ਪਰਿਵਾਰ ਨੂੰ ਡਰਾਉਂਦੇ-ਧਮਕਾਉਂਦੇ ਹਨ। ਕੀ ਇਸ ਗੱਲ ਲਈ ਕੋਈ ਵੀ ਕਾਨੂੰਨ ਦੀ ਪਾਲਣਾ ਕਰਨ ਵਾਲਾ ਇਨਸਾਨ ਪੁਲਸ ਦਾ ਅਹਿਸਾਨਮੰਦ ਨਹੀਂ ਹੋਵੇਗਾ? ਕੀ ਅਸੀਂ ਅਦਾਲਤਾਂ ਦੇ ਅਹਿਸਾਨਮੰਦ ਨਹੀਂ ਹਾਂ ਜਿਨ੍ਹਾਂ ਕੋਲ ਸਮਾਜ ਦੀ ਰੱਖਿਆ ਕਰਨ ਲਈ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਅਧਿਕਾਰ ਹੈ?
ਇਸ ਤੋਂ ਇਲਾਵਾ, ਸਰਕਾਰ ਸਾਨੂੰ ਦੂਜੀਆਂ ਸਹੂਲਤਾਂ ਵੀ ਦਿੰਦੀ ਹੈ ਜਿਵੇਂ ਕਿ ਸੜਕਾਂ ਦੀ ਮੁਰੰਮਤ, ਸਾਫ਼-ਸਫ਼ਾਈ ਤੇ ਸਿੱਖਿਆ ਦੇ ਪ੍ਰਬੰਧ। ਇਨ੍ਹਾਂ ਪ੍ਰਬੰਧਾਂ ਲਈ ਸਰਕਾਰ ਸਾਡੇ ਤੋਂ ਟੈਕਸ ਲੈਂਦੀ ਹੈ। ਸੱਚੇ ਮਸੀਹੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਕਾਰ ਦਾ ਆਦਰ ਕਰਨਾ ਬਹੁਤ ਜ਼ਰੂਰੀ ਹੈ। ਪਰ ਸਾਨੂੰ ਸਰਕਾਰ ਦਾ ਕਿਸ ਹੱਦ ਤਕ ਆਦਰ ਕਰਨਾ ਚਾਹੀਦਾ ਹੈ? ਤੇ ਜ਼ਿੰਦਗੀ ਦੇ ਕਿਨ੍ਹਾਂ ਪਹਿਲੂਆਂ ਵਿਚ ਸਰਕਾਰ ਦਾ ਆਦਰ ਕਰਨਾ ਜ਼ਰੂਰੀ ਹੈ?
ਸਮਾਜ ਵਿਚ ਅਧਿਕਾਰ
ਬਾਈਬਲ ਕਹਿੰਦੀ ਹੈ ਕਿ ਸਾਰੇ ਲੋਕਾਂ ਨੂੰ—ਭਾਵੇਂ ਵਿਸ਼ਵਾਸੀ ਹੋਣ ਜਾਂ ਅਵਿਸ਼ਵਾਸੀ—ਸਰਕਾਰ ਦਾ ਆਦਰ ਕਰਨਾ ਚਾਹੀਦਾ ਹੈ, ਕਿਉਂਕਿ ਸਰਕਾਰ ਸਮਾਜ ਦੀ ਭਲਾਈ ਲਈ ਅਨੇਕ ਕੰਮ ਕਰਦੀ ਹੈ। ਪੌਲੁਸ ਰਸੂਲ ਨੇ ਵੀ ਇਸ ਬਾਰੇ ਰੋਮ ਵਿਚ ਆਪਣੇ ਸੰਗੀ ਮਸੀਹੀਆਂ ਨੂੰ ਲਿਖਿਆ ਸੀ। ਰੋਮੀਆਂ 13:1-7 ਵਿਚ ਉਸ ਦੀਆਂ ਲਿਖੀਆਂ ਗੱਲਾਂ ਤੇ ਵਿਚਾਰ ਕਰਨਾ ਸਾਡੇ ਲਈ ਮਦਦਗਾਰ ਸਾਬਤ ਹੋਵੇਗਾ।
ਪੌਲੁਸ ਰੋਮ ਦਾ ਨਾਗਰਿਕ ਸੀ ਤੇ ਉਸ ਸਮੇਂ ਰੋਮ ਇਕ ਵਿਸ਼ਵ ਸ਼ਕਤੀ ਸੀ। ਉਦੋਂ ਪੌਲੁਸ ਨੇ 56 ਸਾ.ਯੁ. ਵਿਚ ਮਸੀਹੀਆਂ ਨੂੰ ਆਪਣੀ ਚਿੱਠੀ ਵਿਚ ਆਦਰਸ਼ ਨਾਗਰਿਕ ਬਣਨ ਦੀ ਸਲਾਹ ਦਿੱਤੀ। ਉਸ ਨੇ ਲਿਖਿਆ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।”
ਪੌਲੁਸ ਇਸ ਆਇਤ ਵਿਚ ਕਹਿੰਦਾ ਹੈ ਕਿ ਪਰਮੇਸ਼ੁਰ ਦੀ ਆਗਿਆ ਨਾਲ ਹੀ ਅੱਜ ਇਨਸਾਨੀ ਸਰਕਾਰਾਂ ਰਾਜ ਕਰਦੀਆਂ ਹਨ। ਇਸ ਭਾਵ ਵਿਚ ਸਰਕਾਰਾਂ ਪਰਮੇਸ਼ੁਰ ਦੇ ਮਕਸਦ ਮੁਤਾਬਕ ਕੰਮ ਕਰਦੀਆਂ ਹਨ। ਇਹ ਆਇਤ ਅੱਗੇ ਕਹਿੰਦੀ ਹੈ ਕਿ “ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ।”
ਜਿਹੜੇ ਨਾਗਰਿਕ ਚੰਗੇ ਕੰਮ ਕਰਦੇ ਹਨ, ਸਰਕਾਰਾਂ ਉਨ੍ਹਾਂ ਦੀ ਤਾਰੀਫ਼ ਕਰਦੀਆਂ ਹਨ। ਇਨ੍ਹਾਂ ਸਰਕਾਰਾਂ ਨੂੰ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਬੁਰੇ ਕੰਮ ਕਰਨ ਵਾਲਿਆਂ ਨੂੰ ਸਰਕਾਰ ਤੋਂ ਡਰਨਾ ਚਾਹੀਦਾ ਹੈ ਕਿਉਂਕਿ ਇਹ “ਪਰਮੇਸ਼ੁਰ ਦੇ ਸੇਵਕ” ਹੋਣ ਦੇ ਨਾਤੇ ਬੁਰੇ ਲੋਕਾਂ ਨੂੰ ਪਰਮੇਸ਼ੁਰ ਵੱਲੋਂ ‘ਸਜ਼ਾ ਦਿੰਦੀਆਂ’ ਹਨ।
ਪੌਲੁਸ ਇਹ ਕਹਿੰਦੇ ਹੋਏ ਆਪਣੀ ਦਲੀਲ ਖ਼ਤਮ ਕਰਦਾ ਹੈ: “ਇਸ ਲਈ ਨਿਰਾ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਅੰਤਹਕਰਨ ਵੀ ਦੇ ਕਾਰਨ ਅਧੀਨ ਹੋਣਾ ਲੋੜੀਦਾ ਹੈ। ਤੁਸੀਂ ਇਸੇ ਕਾਰਨ ਹਾਲਾ ਭੀ ਦਿੰਦੇ ਹੋ ਕਿ ਓਹ ਇਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਪਰਮੇਸ਼ੁਰ ਦੇ ਖਾਦਮ ਹਨ।”
ਇਹ ਦੇਖਣਾ ਟੈਕਸ ਦੇਣ ਵਾਲਿਆਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਟੈਕਸ ਨੂੰ ਕਿਵੇਂ ਵਰਤਿਆ ਜਾਣਾ ਚਾਹੀਦਾ ਹੈ, ਸਗੋਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਈਮਾਨਦਾਰ ਨਾਗਰਿਕ ਹੋਣ ਦੇ ਨਾਤੇ, ਇਕ ਮਸੀਹੀ ਆਪਣੇ ਅੰਤਹਕਰਣ ਨੂੰ ਸਾਫ਼ ਰੱਖਦਾ ਹੈ। ਉਹ ਜਾਣਦਾ ਹੈ ਕਿ ਸਰਕਾਰ ਦੇ ਅਧੀਨ ਰਹਿ ਕੇ ਅਤੇ ਟੈਕਸ ਦੇਣ ਨਾਲ ਸਿਰਫ਼ ਉਹ ਸਮਾਜ ਦੇ ਮਿਆਰਾਂ ਦੀ ਹੀ ਪਾਲਣਾ ਨਹੀਂ ਕਰਦਾ, ਸਗੋਂ ਉਹ ਪਰਮੇਸ਼ੁਰੀ ਮੰਗਾਂ ਮੁਤਾਬਕ ਆਪਣੀ ਜ਼ਿੰਦਗੀ ਵੀ ਜੀਉਂਦਾ ਹੈ।
ਪਰਿਵਾਰ ਵਿਚ ਅਧਿਕਾਰ
ਪਰਿਵਾਰ ਵਿਚਲੇ ਅਧਿਕਾਰ ਬਾਰੇ ਕੀ? ਇਕ ਨਿਆਣਾ ਉੱਚੀ-ਉੱਚੀ ਰੋ ਕੇ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਸਿਆਣੇ ਮਾਂ-ਬਾਪ ਬੱਚੇ ਦਾ ਰੋਣਾ ਸੁਣ ਕੇ ਇਕਦਮ ਗੁੱਸੇ ਵਿਚ ਨਹੀਂ ਆਉਣਗੇ, ਸਗੋਂ ਸਮਝ ਜਾਣਗੇ ਕਿ ਬੱਚੇ ਨੂੰ ਕੀ ਚਾਹੀਦਾ ਹੈ। ਵੱਡੇ ਹੋਣ ਤੇ ਕੁਝ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਨੇ ਇਹ ਖੁੱਲ੍ਹ ਦਿੱਤੀ ਹੋਈ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਉਣ। ਪਰ ਤਜਰਬੇ ਦੀ ਘਾਟ ਕਰਕੇ ਅਜਿਹੇ ਬੱਚੇ ਜੁਰਮ ਕਰਨ ਜਾਂ ਹੋਰ ਗ਼ਲਤ ਕੰਮਾਂ ਵਿਚ ਪੈ ਸਕਦੇ ਹਨ। ਇਸ ਤਰ੍ਹਾਂ ਉਹ ਆਪਣੇ ਪਰਿਵਾਰ ਤੇ ਸਾਰੇ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਦੇ ਹਨ ਤੇ ਉਹ ਹਮੇਸ਼ਾ ਉੱਥੋਂ ਦੇ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਰਹਿੰਦੇ ਹਨ।
ਅੰਗ੍ਰੇਜ਼ੀ ਦੀ ਚਿਲਡਰਨ ਵੀ ਡਿਜਰਵ ਨਾਮਕ ਕਿਤਾਬ ਦੀ ਲੇਖਕਾ ਰੋਜ਼ਲਿੰਡ ਮਾਈਲਜ਼ ਕਹਿੰਦੀ ਹੈ, “ਮਾਪੇ ਬੱਚਿਆਂ ਨੂੰ ਉਦੋਂ ਅਨੁਸ਼ਾਸਨ ਦਿੰਦੇ ਹਨ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਬੱਚੇ ਨੂੰ ਜਨਮ ਤੋਂ ਹੀ ਅਨੁਸ਼ਾਸਨ ਦੇਣਾ ਚਾਹੀਦਾ ਹੈ।” ਜੇ ਸ਼ੁਰੂ ਤੋਂ ਹੀ ਮਾਂ-ਬਾਪ ਪਿਆਰ ਨਾਲ ਗੱਲਬਾਤ ਕਰਨ, ਆਪਣੇ ਅਧਿਕਾਰ ਦੀ ਚੰਗੀ ਵਰਤੋਂ ਕਰਨ ਅਤੇ ਲਗਾਤਾਰ ਅਨੁਸ਼ਾਸਨ ਦੇਣ, ਤਾਂ ਉਨ੍ਹਾਂ ਦੇ ਬੱਚੇ ਜਲਦੀ ਹੀ ਉਨ੍ਹਾਂ ਦੇ ਅਧਿਕਾਰ ਨੂੰ ਸਵੀਕਾਰ ਕਰਨਗੇ ਅਤੇ ਅਨੁਸ਼ਾਸਨ ਵਿਚ ਰਹਿਣਗੇ।
ਬਾਈਬਲ ਵਿਚ ਪਰਿਵਾਰਕ ਅਧਿਕਾਰ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਆਪਣੇ ਬੱਚਿਆਂ ਨੂੰ ਸਿਖਾਉਣ ਵੇਲੇ ਪਰਮੇਸ਼ੁਰ ਤੋਂ ਡਰਨ ਵਾਲੇ ਮਾਪਿਆਂ ਦਾ ਇੱਕੋ ਜਿਹਾ ਵਿਚਾਰ ਹੋਣਾ ਚਾਹੀਦਾ ਹੈ। ਕਹਾਉਤਾਂ ਦੀ ਕਿਤਾਬ ਵਿਚ ਬੁੱਧੀਮਾਨ ਸੁਲੇਮਾਨ ਇਸ ਵੱਲ ਸਾਡਾ ਧਿਆਨ ਦਿਵਾਉਂਦਾ ਹੋਇਆ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।” (ਕਹਾਉਤਾਂ 1:8) ਜਦੋਂ ਮਾਂ-ਬਾਪ ਇਕ-ਦੂਜੇ ਨੂੰ ਸਹਿਯੋਗ ਦਿੰਦੇ ਹਨ, ਤਾਂ ਬੱਚੇ ਸਮਝ ਜਾਂਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਦੇ ਕੀ ਵਿਚਾਰ ਹਨ ਤੇ ਉਹ ਉਨ੍ਹਾਂ ਤੋਂ ਕਿਸ ਗੱਲ ਦੀ ਉਮੀਦ ਰੱਖਦੇ ਹਨ। ਜੇ ਮਾਪੇ ਮਿਲ ਕੇ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਨਹੀਂ ਦੇਣਗੇ, ਤਾਂ ਬੱਚੇ ਆਪਣਾ ਮਤਲਬ ਕੱਢਣ ਲਈ ਮਾਪਿਆਂ ਨੂੰ ਇਕ-ਦੂਜੇ ਵਿਰੁੱਧ ਭੜਕਾ ਸਕਦੇ ਹਨ। ਪਰ ਜੇ ਮਾਪੇ ਇਕੱਠੇ ਮਿਲ ਕੇ ਸਿਖਾਉਣ, ਤਾਂ ਬੱਚੇ ਗ਼ਲਤ ਕੰਮ ਕਰਨ ਤੋਂ ਬਚੇ ਰਹਿਣਗੇ।
ਬਾਈਬਲ ਦੱਸਦੀ ਹੈ ਕਿ ਪਤੀ ਦੀ ਮੁੱਖ ਜ਼ਿੰਮੇਵਾਰੀ ਸਿਰਫ਼ ਬੱਚਿਆਂ ਦੀ ਹੀ ਅਧਿਆਤਮਿਕ ਭਲਾਈ ਨੂੰ ਦੇਖਣਾ ਨਹੀਂ, ਸਗੋਂ ਪਤਨੀ ਦੀ ਅਧਿਆਤਮਿਕਤਾ ਨੂੰ ਵੀ ਦੇਖਣਾ ਹੈ। ਬਾਈਬਲ ਵਿਚ ਇਸ ਜ਼ਿੰਮੇਵਾਰੀ ਨੂੰ ਸਰਦਾਰੀ ਕਿਹਾ ਗਿਆ ਹੈ। ਇਸ ਸਰਦਾਰੀ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ? ਪੌਲੁਸ ਨੇ ਕਿਹਾ ਕਿ ਜਿਵੇਂ ਮਸੀਹ ਕਲੀਸਿਯਾ ਦਾ ਸਿਰ ਹੈ, ਉਸੇ ਤਰ੍ਹਾਂ ਪਤੀ ਆਪਣੀ ਪਤਨੀ ਦਾ ਸਿਰ ਹੈ। ਫਿਰ ਪੌਲੁਸ ਅੱਗੇ ਕਹਿੰਦਾ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ [ਮਸੀਹ ਦੀ ਆਤਮਿਕ ਪਤਨੀ] ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:25) ਜਦੋਂ ਪਤੀ ਯਿਸੂ ਦੀ ਮਿਸਾਲ ਉੱਤੇ ਚੱਲਦਾ ਹੈ ਤੇ ਪ੍ਰੇਮ ਨਾਲ ਆਪਣੀ ਸਰਦਾਰੀ ਕਰਦਾ ਹੈ, ਤਾਂ ਪਤਨੀ ਉਸ ਦਾ “ਮਾਨ” ਜਾਂ ਆਦਰ ਕਰੇਗੀ। (ਅਫ਼ਸੀਆਂ 5:33) ਅਜਿਹੇ ਪਰਿਵਾਰ ਵਿਚ ਬੱਚੇ ਵੀ ਪਰਮੇਸ਼ੁਰ ਵੱਲੋਂ ਮਾਪਿਆਂ ਲਈ ਠਹਿਰਾਏ ਅਧਿਕਾਰ ਦੀ ਕਦਰ ਕਰਨਗੇ ਤੇ ਇਸ ਨੂੰ ਮੰਨਣ ਲਈ ਉਤਸ਼ਾਹਿਤ ਹੋਣਗੇ।—ਅਫ਼ਸੀਆਂ 6:1-3.
ਪਰ ਇਕੱਲੀ ਮਾਤਾ ਜਾਂ ਪਿਤਾ ਜਾਂ ਜਿਨ੍ਹਾਂ ਦੇ ਸਾਥੀ ਦੀ ਮੌਤ ਹੋ ਚੁੱਕੀ ਹੈ, ਉਹ ਅਧਿਕਾਰ ਦੀ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਹਨ? ਭਾਵੇਂ ਮਾਤਾ ਹੋਵੇ ਜਾਂ ਪਿਤਾ, ਉਹ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਨਕਲ ਕਰ ਸਕਦੇ ਹਨ। ਯਿਸੂ ਵੀ ਹਮੇਸ਼ਾ ਆਪਣੇ ਪਿਤਾ ਅਤੇ ਪਵਿੱਤਰ ਲਿਖਤਾਂ ਦੇ ਇਖ਼ਤਿਆਰ ਨਾਲ ਬੋਲਦਾ ਸੀ।—ਮੱਤੀ 4:1-10; 7:29; ਯੂਹੰਨਾ 5:19, 30; 8:28.
ਬੱਚਿਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਬਾਈਬਲ ਬਹੁਤ ਸਾਰੇ ਬਹੁਮੁੱਲੇ ਅਸੂਲ ਦੱਸਦੀ ਹੈ। ਮਾਪੇ ਇਨ੍ਹਾਂ ਅਸੂਲਾਂ ਨੂੰ ਲੱਭਣ ਅਤੇ ਉਨ੍ਹਾਂ ਤੇ ਚੱਲਣ ਦੁਆਰਾ ਆਪਣੇ ਬੱਚਿਆਂ ਨੂੰ ਪ੍ਰੇਮ-ਭਰੀ ਤੇ ਮਦਦਗਾਰ ਸਲਾਹ ਦੇ ਸਕਦੇ ਹਨ। (ਉਤਪਤ 6:22; ਕਹਾਉਤਾਂ 13:20; ਮੱਤੀ 6:33; 1 ਕੁਰਿੰਥੀਆਂ 15:33; ਫ਼ਿਲਿੱਪੀਆਂ 4:8, 9) ਮਾਪੇ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਤੇ ਰਸਾਲੇ ਵੀ ਦੇਖ ਸਕਦੇ ਹਨ ਜੋ ਖ਼ਾਸ ਕਰਕੇ ਉਨ੍ਹਾਂ ਦੀ ਮਦਦ ਲਈ ਤਿਆਰ ਕੀਤੇ ਗਏ ਹਨ। ਉਹ ਇਨ੍ਹਾਂ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਬਾਈਬਲ ਦੇ ਅਧਿਕਾਰ ਦਾ ਆਦਰ ਕਰਨ ਤੋਂ ਮਿਲਣ ਵਾਲੇ ਫ਼ਾਇਦਿਆਂ ਦੀ ਕਦਰ ਕਰਨੀ ਸਿਖਾ ਸਕਦੇ ਹਨ।a
ਮਸੀਹੀ ਕਲੀਸਿਯਾ ਵਿਚ ਅਧਿਕਾਰ
“ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” (ਮੱਤੀ 17:5) ਇਹ ਸ਼ਬਦ ਯਹੋਵਾਹ ਪਰਮੇਸ਼ੁਰ ਨੇ ਖ਼ੁਦ ਕਹੇ ਸਨ ਤੇ ਇਹ ਕਹਿ ਕੇ ਯਹੋਵਾਹ ਨੇ ਦੱਸਿਆ ਕਿ ਉਸ ਨੇ ਯਿਸੂ ਨੂੰ ਬੋਲਣ ਦਾ ਇਖ਼ਤਿਆਰ ਦਿੱਤਾ ਸੀ। ਯਿਸੂ ਨੇ ਜੋ ਕੁਝ ਕਿਹਾ, ਉਹ ਅਸੀਂ ਇੰਜੀਲ ਦੀਆਂ ਚਾਰ ਕਿਤਾਬਾਂ ਵਿਚ ਪੜ੍ਹ ਸਕਦੇ ਹਾਂ।
ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18) ਕਲੀਸਿਯਾ ਦਾ ਸਿਰ ਹੋਣ ਦੇ ਨਾਤੇ, ਯਿਸੂ ਨੇ ਨਾ ਸਿਰਫ਼ ਧਰਤੀ ਉੱਤੇ ਮਸਹ ਕੀਤੇ ਲੋਕਾਂ ਤੇ ਨਿਗਾਹ ਰੱਖੀ, ਸਗੋਂ ਪੰਤੇਕੁਸਤ 33 ਸਾ.ਯੁ. ਨੂੰ ਉਨ੍ਹਾਂ ਉੱਤੇ ਪਵਿੱਤਰ ਆਤਮਾ ਪਾਉਣ ਦੁਆਰਾ ਉਨ੍ਹਾਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਵਜੋਂ ਜਾਂ ਸੱਚਾਈ ਦੇ ਇਕ ਜ਼ਰੀਏ ਵਜੋਂ ਵੀ ਇਸਤੇਮਾਲ ਕੀਤਾ ਹੈ। (ਮੱਤੀ 24:45-47; ਰਸੂਲਾਂ ਦੇ ਕਰਤੱਬ 2:1-36) ਉਸ ਨੇ ਮਸੀਹੀ ਕਲੀਸਿਯਾ ਨੂੰ ਮਜ਼ਬੂਤ ਬਣਾਉਣ ਲਈ ਹੋਰ ਕੀ ਕੀਤਾ? “ਜਾਂ ਉਹ ਉਤਾਹਾਂ ਨੂੰ ਚੜ੍ਹਿਆ . . . ਅਤੇ ਮਨੁੱਖਾਂ ਨੂੰ ਦਾਨ ਦਿੱਤੇ।” (ਅਫ਼ਸੀਆਂ 4:8) ਇਹ “ਮਨੁੱਖਾਂ ਨੂੰ ਦਾਨ” ਮਸੀਹੀ ਬਜ਼ੁਰਗ ਹਨ ਜੋ ਪਵਿੱਤਰ ਆਤਮਾ ਦੁਆਰਾ ਥਾਪੇ ਗਏ ਹਨ। ਇਨ੍ਹਾਂ ਨੂੰ ਆਪਣੇ ਸੰਗੀ ਮਸੀਹੀਆਂ ਦੇ ਅਧਿਆਤਮਿਕ ਹਿੱਤਾਂ ਦੀ ਦੇਖ-ਭਾਲ ਕਰਨ ਦਾ ਇਖ਼ਤਿਆਰ ਦਿੱਤਾ ਗਿਆ ਹੈ।—ਰਸੂਲਾਂ ਦੇ ਕਰਤੱਬ 20:28.
ਇਸੇ ਕਾਰਨ ਪੌਲੁਸ ਸਲਾਹ ਦਿੰਦਾ ਹੈ: “ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ।” ਕਿਉਂਕਿ ਇਹ ਵਫ਼ਾਦਾਰ ਆਦਮੀ ਯਿਸੂ ਦੀ ਪੈੜ ਉੱਤੇ ਚੱਲਦੇ ਹਨ, ਸਾਡੇ ਲਈ ਵੀ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਇਨ੍ਹਾਂ ਦੀ ਨਿਹਚਾ ਦੀ ਰੀਸ ਕਰੀਏ। ਫਿਰ ਪੌਲੁਸ ਅੱਗੇ ਕਹਿੰਦਾ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ [“ਆਪਣੇ ਉੱਤੇ ਉਨ੍ਹਾਂ ਦੇ ਇਖ਼ਤਿਆਰ ਨੂੰ ਪਛਾਣੋ,” ਦ ਐਮਪਲੀਫਾਈਡ ਬਾਈਬਲ] ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।”—ਇਬਰਾਨੀਆਂ 13:7, 17.
ਉਦੋਂ ਕੀ ਹੁੰਦਾ ਹੈ ਜਦੋਂ ਅਜਿਹੀ ਸਲਾਹ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ? ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਇਸੇ ਤਰ੍ਹਾਂ ਕੀਤਾ ਤੇ ਉਹ ਧਰਮ-ਤਿਆਗੀ ਬਣ ਗਏ। ਹੁਮਿਨਾਯੁਸ ਅਤੇ ਫ਼ਿਲੇਤੁਸ ਅਜਿਹੇ ਆਦਮੀ ਸਨ ਜਿਨ੍ਹਾਂ ਨੇ ਕਈ ਲੋਕਾਂ ਦੀ ਨਿਹਚਾ ਨੂੰ ਤੋੜ ਦਿੱਤਾ ਤੇ ਫੋਕੀਆਂ ਬਹਿਸਾਂ ਨਾਲ ਪਵਿੱਤਰ ਗੱਲਾਂ ਨੂੰ ਭ੍ਰਿਸ਼ਟ ਕੀਤਾ। ਉਹ ਦਾਅਵਾ ਕਰਦੇ ਸਨ ਕਿ ਪੁਨਰ-ਉਥਾਨ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ, ਭਾਵੇਂ ਉਹ ਆਤਮਿਕ ਹੋਵੇ ਜਾਂ ਲਾਖਣਿਕ। ਨਾਲੇ ਉਹ ਇਹ ਕਹਿੰਦੇ ਸਨ ਕਿ ਪਰਮੇਸ਼ੁਰ ਦੇ ਆਉਣ ਵਾਲੇ ਰਾਜ ਵਿਚ ਕੋਈ ਪੁਨਰ-ਉਥਾਨ ਨਹੀਂ ਹੋਵੇਗਾ।—2 ਤਿਮੋਥਿਉਸ 2:16-18.
ਇਸ ਮਸਲੇ ਨੂੰ ਹੱਲ ਕਰਨ ਲਈ ਉਸ ਵੇਲੇ ਦੇ ਠਹਿਰਾਏ ਬਜ਼ੁਰਗਾਂ ਨੇ ਕਦਮ ਚੁੱਕਿਆ। ਉਹ ਮਸੀਹੀ ਬਜ਼ੁਰਗ ਯਿਸੂ ਮਸੀਹ ਦੇ ਨੁਮਾਇੰਦੇ ਸਨ ਤੇ ਉਨ੍ਹਾਂ ਨੇ ਬਾਈਬਲ ਦੇ ਇਖ਼ਤਿਆਰ ਨਾਲ ਝੂਠੀਆਂ ਬਹਿਸਬਾਜ਼ੀਆਂ ਨੂੰ ਗ਼ਲਤ ਸਾਬਤ ਕੀਤਾ। (2 ਤਿਮੋਥਿਉਸ 3:16, 17) ਅੱਜ ਵੀ ਮਸੀਹੀ ਕਲੀਸਿਯਾ ਜੋ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਹੈ, ਵਿਚ ਇਹੀ ਤਰੀਕਾ ਵਰਤਿਆ ਜਾਂਦਾ ਹੈ। (1 ਤਿਮੋਥਿਉਸ 3:15) ਇਸ ਲਈ, ਝੂਠੀਆਂ ਸਿੱਖਿਆਵਾਂ ਦੁਆਰਾ ਕਦੀ ਵੀ “ਖਰੀਆਂ ਗੱਲਾਂ ਦੇ ਨਮੂਨੇ ਨੂੰ” ਨਹੀਂ ਵਿਗਾੜਨ ਦਿੱਤਾ ਜਾਵੇਗਾ ਕਿਉਂਕਿ ਬਾਈਬਲ ਵਿਚ ਇਹ ਗੱਲਾਂ ਸਾਡੇ ਲਈ ਕੀਮਤੀ ਅਮਾਨਤ ਵਜੋਂ ਸਾਂਭ ਕੇ ਰੱਖੀਆਂ ਗਈਆਂ ਹਨ।—2 ਤਿਮੋਥਿਉਸ 1:13, 14.
ਅੱਜ ਦੁਨੀਆਂ ਵਿਚ ਅਧਿਕਾਰ ਰੱਖਣ ਵਾਲਿਆਂ ਪ੍ਰਤੀ ਆਦਰ ਤੇਜ਼ੀ ਨਾਲ ਘੱਟਦਾ ਜਾ ਰਿਹਾ ਹੈ। ਪਰ ਮਸੀਹੀ ਜਾਣਦੇ ਹਨ ਕਿ ਸਮਾਜ, ਪਰਿਵਾਰ ਅਤੇ ਮਸੀਹੀ ਕਲੀਸਿਯਾ ਵਿਚ ਕੁਝ ਲੋਕਾਂ ਨੂੰ ਸਾਡੇ ਹੀ ਫ਼ਾਇਦੇ ਲਈ ਅਧਿਕਾਰ ਦਿੱਤਾ ਗਿਆ ਹੈ। ਆਪਣੀ ਸਰੀਰਕ, ਜਜ਼ਬਾਤੀ ਤੇ ਅਧਿਆਤਮਿਕ ਭਲਾਈ ਲਈ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਬਹੁਤ ਹੀ ਜ਼ਰੂਰੀ ਹੈ। ਜੇ ਅਸੀਂ ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਅਜਿਹੇ ਵਿਅਕਤੀਆਂ ਦੇ ਅਧਿਕਾਰ ਨੂੰ ਮੰਨਦੇ ਹਾਂ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ, ਤਾਂ ਸਭ ਤੋਂ ਜ਼ਿਆਦਾ ਅਧਿਕਾਰ ਰੱਖਣ ਵਾਲੇ ਵਿਅਕਤੀ ਯਾਨੀ ਯਹੋਵਾਹ ਪਰਮੇਸ਼ੁਰ ਤੇ ਯਿਸੂ ਮਸੀਹ ਹਮੇਸ਼ਾ ਸਾਡੀ ਰੱਖਿਆ ਕਰਨਗੇ।—ਜ਼ਬੂਰ 119:165; ਇਬਰਾਨੀਆਂ 12:9.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀਆਂ ਗਈਆਂ ਕਿਤਾਬਾਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਅਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਦੇਖੋ।
[ਸਫ਼ੇ 5 ਉੱਤੇ ਸੁਰਖੀ]
ਬਾਈਬਲ ਵਿਚ ਪਰਿਵਾਰ ਵਿਚਲੇ ਅਧਿਕਾਰ ਬਾਰੇ ਬੜੀ ਜਾਣਕਾਰੀ ਦਿੱਤੀ ਗਈ ਹੈ
[ਸਫ਼ੇ 6 ਉੱਤੇ ਤਸਵੀਰ]
ਇਕੱਲੀ ਮਾਤਾ ਜਾਂ ਇਕੱਲਾ ਪਿਤਾ ਯਹੋਵਾਹ ਪਰਮੇਸ਼ੁਰ ਤੇ ਯਿਸੂ ਮਸੀਹ ਦੁਆਰਾ ਉਨ੍ਹਾਂ ਨੂੰ ਦਿੱਤੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ
[ਸਫ਼ੇ 7 ਉੱਤੇ ਤਸਵੀਰਾਂ]
ਮਸੀਹੀ ਜਾਣਦੇ ਹਨ ਕਿ ਸਮਾਜ, ਪਰਿਵਾਰ ਅਤੇ ਮਸੀਹੀ ਕਲੀਸਿਯਾ ਵਿਚ ਕੁਝ ਲੋਕਾਂ ਨੂੰ ਸਾਡੇ ਹੀ ਫ਼ਾਇਦੇ ਲਈ ਅਧਿਕਾਰ ਦਿੱਤਾ ਗਿਆ ਹੈ
[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photo by Josh Mathes, Collection of the Supreme Court of the United States