ਜੀਵਨੀ
ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਫਲ ਦਿੰਦਾ ਹੈ
ਵਰਨਨ ਡਨਕਮ ਦੀ ਜ਼ਬਾਨੀ
ਮੈਂ ਆਪਣੀ ਰਾਤ ਦੀ ਰੋਟੀ ਖਾਧੀ ਅਤੇ ਰੋਜ਼ ਵਾਂਗ ਸਿਗਰਟ ਪੀਣ ਲੱਗ ਪਿਆ। ਫਿਰ, ਮੈਂ ਆਪਣੀ ਪਤਨੀ ਨੂੰ ਪੁੱਛਿਆ: “ਅੱਜ ਦੀ ਸਭਾ ਕਿੱਦਾਂ ਦੀ ਰਹੀ?”
ਉਹ ਥੋੜ੍ਹੀ ਦੇਰ ਰੁਕ ਕੇ ਬੋਲੀ: “ਕੁਝ ਵੱਖੋ-ਵੱਖਰੀਆਂ ਨਿਯੁਕਤੀਆਂ ਬਾਰੇ ਇਕ ਚਿੱਠੀ ਪੜ੍ਹੀ ਗਈ ਜਿਸ ਵਿਚ ਤੁਹਾਡਾ ਵੀ ਨਾਂ ਬੋਲਿਆ ਗਿਆ। ਤੁਹਾਨੂੰ ਸਾਊਂਡ ਸਿਸਟਮ ਸੰਭਾਲਣ ਦਾ ਕੰਮ ਸੌਂਪਿਆ ਗਿਆ ਹੈ। ਚਿੱਠੀ ਦੀ ਅਖ਼ੀਰਲੀ ਲਾਈਨ ਇੰਜ ਪੜ੍ਹੀ ਗਈ: ‘ਇਨ੍ਹਾਂ ਨਵੇਂ ਨਿਯੁਕਤ ਕੀਤੇ ਭਰਾਵਾਂ ਵਿੱਚੋਂ ਜੇ ਕੋਈ ਤਮਾਖੂਨੋਸ਼ੀ ਕਰਦਾ ਹੈ ਤਾਂ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸੋਸਾਇਟੀ ਨੂੰ ਲਿਖਣ ਕਿ ਉਹ ਇਹ ਜ਼ਿੰਮੇਵਾਰੀਆਂ ਨਹੀਂ ਸੰਭਾਲ ਸਕਦੇ।’”a ਇਹ ਸੁਣ ਕੇ ਮੈਂ ਕਿਹਾ: “ਅੱਛਾ, ਤਾਂ ਇਹ ਗੱਲ ਹੈ!”
ਮੈਂ ਆਪਣੇ ਦੰਦ ਮੀਚੇ ਤੇ ਸਿਗਰਟ ਨੂੰ ਨੇੜੇ ਪਈ ਰਾਖ਼ਦਾਨੀ ਵਿਚ ਦਬਾ ਕੇ ਬੁਝਾ ਦਿੱਤਾ। “ਮੈਨੂੰ ਨਹੀਂ ਪਤਾ ਕਿ ਮੈਨੂੰ ਇਸ ਜ਼ਿੰਮੇਦਾਰੀ ਲਈ ਕਿਉਂ ਚੁਣਿਆ ਗਿਆ ਹੈ। ਪਰ ਮੈਂ ਅੱਜ ਤਕ ਕਿਸੇ ਕੰਮ ਤੋਂ ਨਾਂਹ ਨਹੀਂ ਕੀਤੀ ਤੇ ਨਾ ਹੀ ਕਰਾਂਗਾ।” ਮੈਂ ਸਿਗਰਟ ਨਾ ਪੀਣ ਦਾ ਪੱਕਾ ਫ਼ੈਸਲਾ ਕਰ ਲਿਆ। ਇਕ ਮਸੀਹੀ ਅਤੇ ਇਕ ਸੰਗੀਤਕਾਰ ਵਜੋਂ ਇਸ ਫ਼ੈਸਲੇ ਨੇ ਮੇਰੀ ਜ਼ਿੰਦਗੀ ਤੇ ਡੂੰਘਾ ਅਸਰ ਪਾਇਆ। ਆਓ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਘਟਨਾਵਾਂ ਬਾਰੇ ਦੱਸਾਂ ਜਿਨ੍ਹਾਂ ਕਰਕੇ ਮੈਂ ਸਿਗਰਟ ਪੀਣੀ ਛੱਡਣ ਦਾ ਫ਼ੈਸਲਾ ਕਰ ਸਕਿਆ।
ਮੇਰੀ ਮੁਢਲੀ ਜ਼ਿੰਦਗੀ
ਮੇਰਾ ਜਨਮ ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਚ 21 ਸਤੰਬਰ 1914 ਨੂੰ ਹੋਇਆ। ਮੇਰੇ ਪਿਤਾ ਜੀ ਵਰਨਨ ਅਤੇ ਮਾਤਾ ਜੀ ਲਾਈਲਾ ਬੜੇ ਹੀ ਮਿਹਨਤੀ ਅਤੇ ਮਿੱਠੇ ਸੁਭਾਅ ਦੇ ਸਨ। ਮੇਰੇ ਮਾਪਿਆਂ ਨੂੰ ਚਾਰ ਮੁੰਡੇ ਤੇ ਦੋ ਧੀਆਂ ਦੇ ਪਰਿਵਾਰ ਦਾ ਖ਼ਰਚਾ ਚਲਾਉਣਾ ਪੈਂਦਾ ਸੀ। ਮੈਂ ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ ਸੀ। ਮੇਰੇ ਤਿੰਨ ਛੋਟੇ ਭਰਾਵਾਂ ਦਾ ਨਾਂ ਯੌਰਕ, ਔਰਲੈਂਡੋ ਅਤੇ ਡਗਲਸ ਸੀ। ਇਨ੍ਹਾਂ ਤੋਂ ਛੋਟੀਆਂ ਦੋ ਭੈਣਾਂ ਆਈਲੀਨ ਅਤੇ ਕੌਰਲ ਸੀ। ਜਦੋਂ ਮੈਂ ਅਜੇ ਨੌਂ ਸਾਲਾਂ ਦਾ ਹੀ ਸੀ, ਤਾਂ ਮੇਰੀ ਮਾਂ ਨੇ ਮੇਰੇ ਹੱਥਾਂ ਵਿਚ ਵਾਇਲਨ ਫੜਾਈ ਅਤੇ ਮੇਰੇ ਲਈ ਹੈਰਿਸ ਸਕੂਲ ਆਫ਼ ਮਿਊਜ਼ਿਕ ਤੋਂ ਸੰਗੀਤ ਦੀ ਸਿੱਖਿਆ ਲੈਣ ਦਾ ਪ੍ਰਬੰਧ ਕਰ ਦਿੱਤਾ। ਘਰ ਦੀ ਮਾਲੀ ਹਾਲਤ ਬਹੁਤੀ ਵਧੀਆ ਨਹੀਂ ਸੀ। ਪਰ ਮੇਰੇ ਮਾਪਿਆਂ ਨੇ ਮੇਰੇ ਸਕੂਲ ਆਉਣ-ਜਾਣ ਦਾ ਕਿਰਾਇਆ ਤੇ ਟਿਊਸ਼ਨ ਫੀਸ ਦੇਣ ਦਾ ਔਖੇ-ਸੌਖੇ ਜੁਗਾੜ ਕਰ ਹੀ ਲਿਆ ਸੀ। ਬਾਅਦ ਵਿਚ ਮੈਂ ਟੋਰੌਂਟੋ ਦੇ ਸ਼ਾਹੀ ਕਲਾ ਭਵਨ ਤੋਂ ਸੰਗੀਤ ਦੀ ਸਿੱਖਿਆ ਲਈ। ਬਾਰਾਂ ਸਾਲ ਦੀ ਉਮਰੇ ਮੈਂ ਮੈਸੀ ਹਾਲ ਵਿਖੇ ਟੋਰੌਂਟੋ ਦੇ ਮਸ਼ਹੂਰ ਸੰਗੀਤ ਆਡੀਟੋਰੀਅਮ ਵਿਚ ਸੰਗੀਤ-ਵਾਦਨ ਮੁਕਾਬਲੇ ਵਿਚ ਹਿੱਸਾ ਲਿਆ। ਮੈਂ ਇਸ ਮੁਕਾਬਲੇ ਵਿਚ ਪਹਿਲੇ ਨੰਬਰ ਤੇ ਆਇਆ ਤੇ ਮੈਨੂੰ ਇਨਾਮ ਵਜੋਂ ਮਗਰਮੱਛ ਦੀ ਖੱਲ ਵਾਲੇ ਬਕਸੇ ਵਿਚ ਇਕ ਵਾਇਲਨ ਮਿਲੀ।
ਇਸੇ ਦੌਰਾਨ ਮੈਂ ਪਿਆਨੋ ਅਤੇ ਡਬਲ ਬੇਸ ਵਾਇਲਨ ਵਜਾਉਣੀ ਵੀ ਸਿੱਖ ਲਈ ਸੀ। ਸਾਡਾ ਇਕ ਗਰੁੱਪ ਸੀ ਜੋ ਸ਼ੁੱਕਰਵਾਰ-ਸ਼ਨੀਵਾਰ ਦੀ ਸ਼ਾਮ ਨੂੰ ਛੋਟੀਆਂ-ਛੋਟੀਆਂ ਪਾਰਟੀਆਂ ਵਿਚ ਤੇ ਭਾਈਚਾਰੇ ਲਈ ਹੋਣ ਵਾਲੇ ਨਾਚ ਵਿਚ ਸੰਗੀਤ ਦੇ ਪ੍ਰੋਗ੍ਰਾਮ ਪੇਸ਼ ਕਰਦਾ ਹੁੰਦਾ ਸੀ। ਇਨ੍ਹਾਂ ਨਾਚਾਂ ਵਿਚ ਹੀ ਆਈਲੀਨ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਹਾਈ ਸਕੂਲ ਦੇ ਆਖ਼ਰੀ ਸਾਲ ਦੌਰਾਨ ਮੈਂ ਸ਼ਹਿਰ ਵਿਚ ਕਈ ਆਰਕੈਸਟਰਾ ਗਰੁੱਪਾਂ ਨਾਲ ਮਿਲ ਕੇ ਪ੍ਰੋਗ੍ਰਾਮ ਪੇਸ਼ ਕੀਤੇ। ਗ੍ਰੈਜੂਏਸ਼ਨ ਤੋਂ ਬਾਅਦ ਮੈਨੂੰ ਫ਼ਰਡੀ ਮਾਉਰੀ ਆਰਕੈਸਟਰਾ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਤੇ 1943 ਤਕ ਮੈਨੂੰ ਇਸ ਪੱਕੀ ਨੌਕਰੀ ਤੋਂ ਚੰਗੀ ਖਾਸੀ ਕਮਾਈ ਹੁੰਦੀ ਰਹੀ।
ਯਹੋਵਾਹ ਨੂੰ ਜਾਣਨਾ
ਮੇਰੇ ਮਾਪਿਆਂ ਨੂੰ ਬਾਈਬਲ ਸੱਚਾਈ ਦਾ ਸਭ ਤੋਂ ਪਹਿਲਾਂ ਪਤਾ ਉਦੋਂ ਲੱਗਾ ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਹੀ ਵਾਲਾ ਸੀ। ਉਦੋਂ ਪਿਤਾ ਜੀ ਟੋਰੌਂਟੋ ਸ਼ਹਿਰ ਦੇ ਇਕ ਡਿਪਾਰਟਮੈਂਟਲ ਸਟੋਰ ਵਿਚ ਕੰਮ ਕਰਦੇ ਸਨ। ਦੁਪਹਿਰ ਦੀ ਰੋਟੀ ਦੇ ਵੇਲੇ ਉਹ ਉਸ ਸਟੋਰ ਵਿਚ ਕੰਮ ਕਰਨ ਵਾਲੇ ਦੋ ਕਰਮਚਾਰੀਆਂ ਵਿਚਲੀ ਗੱਲਬਾਤ ਸੁਣਦੇ ਹੁੰਦੇ ਸਨ। ਇਹ ਦੋਵੇਂ ਕਰਮਚਾਰੀ ਯਹੋਵਾਹ ਦੇ ਗਵਾਹ ਸਨ। ਜਦੋਂ ਪਿਤਾ ਜੀ ਸ਼ਾਮ ਨੂੰ ਘਰ ਆਉਂਦੇ ਸਨ ਤੇ ਉਹ ਸਾਰੀ ਗੱਲਬਾਤ ਸਾਡੇ ਮਾਤਾ ਜੀ ਨੂੰ ਦੱਸਦੇ ਹੁੰਦੇ ਸਨ। ਕੁਝ ਸਾਲਾਂ ਬਾਅਦ ਸੰਨ 1927 ਵਿਚ ਟੋਰੌਂਟੋ ਵਿਖੇ ਇਕ ਵੱਡੇ ਸਟੇਡੀਅਮ ਵਿਚ ਇਨ੍ਹਾਂ ਗਵਾਹਾਂ ਦਾ ਇਕ ਖ਼ਾਸ ਸੰਮੇਲਨ ਹੋਇਆ। ਸਾਡਾ ਘਰ ਸਟੇਡੀਅਮ ਦੇ ਕਾਫ਼ੀ ਨੇੜੇ ਸੀ, ਇਸ ਲਈ ਯੂ.ਐੱਸ.ਏ. ਦੇ ਓਹੀਓ ਤੋਂ ਆਉਣ ਵਾਲੇ 25 ਭੈਣ-ਭਰਾ ਸਾਡੇ ਘਰ ਠਹਿਰੇ।
ਇਸ ਤੋਂ ਬਾਅਦ, ਇਕ ਯਹੋਵਾਹ ਦੀ ਗਵਾਹ ਏਡਾ ਬਲੈਟਸੋ ਅਕਸਰ ਮਾਤਾ ਜੀ ਨੂੰ ਮਿਲਣ ਲਈ ਆਉਂਦੀ ਹੁੰਦੀ ਸੀ। ਉਹ ਮਾਤਾ ਜੀ ਨੂੰ ਨਵੇਂ ਲੇਖ ਪੜ੍ਹਨ ਲਈ ਦੇ ਕੇ ਜਾਂਦੀ ਹੁੰਦੀ ਸੀ। ਇਕ ਦਿਨ ਉਸ ਨੇ ਕਿਹਾ: “ਮਿਸਿਜ਼ ਡਨਕਮ ਮੈਂ ਕੁਝ ਸਮੇਂ ਤੋਂ ਤੁਹਾਨੂੰ ਪੜ੍ਹਨ ਲਈ ਰਸਾਲੇ ਦਿੰਦੀ ਆਈ ਹਾਂ। ਕੀ ਤੁਸੀਂ ਇਨ੍ਹਾਂ ਨੂੰ ਕਦੇ ਪੜ੍ਹ ਕੇ ਦੇਖਿਆ ਹੈ?” ਬੇਸ਼ੱਕ ਮਾਤਾ ਜੀ ਨੂੰ ਛੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਸੀ, ਪਰ ਉਦੋਂ ਤੋਂ ਹੀ ਉਨ੍ਹਾਂ ਨੇ ਰਸਾਲੇ ਪੜ੍ਹਨੇ ਸ਼ੁਰੂ ਕਰ ਦਿੱਤੇ। ਪਰ ਮੈਂ ਇਨ੍ਹਾਂ ਵੱਲ ਰਤਾ ਵੀ ਧਿਆਨ ਨਹੀਂ ਦਿੰਦਾ ਸੀ। ਸਕੂਲ ਤੋਂ ਗ੍ਰੈਜੂਏਸ਼ਨ ਪਾਸ ਕਰਨ ਦੀ ਕੋਸ਼ਿਸ਼ ਵਿਚ ਦਿਨ ਰਾਤ ਮੇਰਾ ਧਿਆਨ ਸੰਗੀਤ ਵਿਚ ਹੀ ਰਹਿੰਦਾ ਸੀ।
ਜੂਨ 1935 ਵਿਚ ਮੈਂ ਤੇ ਆਈਲੀਨ ਨੇ ਇਕ ਚਰਚ ਵਿਚ ਵਿਆਹ ਕਰਵਾ ਲਿਆ। ਤੇਰਾਂ ਸਾਲਾਂ ਦੀ ਉਮਰ ਤੋਂ ਮੇਰਾ ਕਿਸੇ ਚਰਚ ਜਾਂ ਕਿਸੇ ਹੋਰ ਧਾਰਮਿਕ ਅਦਾਰੇ ਨਾਲ ਕੋਈ ਰਿਸ਼ਤਾ ਨਹੀਂ ਸੀ। ਮੈਂ ਉਸ ਵੇਲੇ ਯਹੋਵਾਹ ਦਾ ਗਵਾਹ ਤਾਂ ਨਹੀਂ ਸੀ, ਪਰ ਵਿਆਹ ਦੇ ਰਜਿਸਟਰ ਤੇ ਮੈਂ ਯਹੋਵਾਹ ਦੇ ਗਵਾਹ ਵਜੋਂ ਆਪਣੇ ਦਸਤਖਤ ਕਰ ਦਿੱਤੇ।
ਅਸੀਂ ਭਵਿੱਖ ਵਿਚ ਬੱਚੇ ਚਾਹੁੰਦੇ ਸਾਂ। ਚੰਗੇ ਮਾਪੇ ਬਣਨ ਲਈ ਅਸੀਂ ਦੋਹਾਂ ਨੇ ਮਿਲ ਕੇ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਪਰ ਕਈ ਮੁਸ਼ਕਲਾਂ ਖੜ੍ਹੀਆਂ ਹੋਣ ਕਰਕੇ ਅਸੀਂ ਜ਼ਿਆਦਾ ਦੇਰ ਇਸ ਨੂੰ ਜਾਰੀ ਨਾ ਰੱਖ ਸਕੇ। ਅਸੀਂ ਇਕ ਵਾਰ ਫੇਰ ਕੋਸ਼ਿਸ਼ ਕੀਤੀ, ਪਰ ਪਹਿਲਾਂ ਵਾਂਗ ਹੀ ਕੋਈ ਨਾ ਕੋਈ ਮੁਸ਼ਕਲ ਖੜ੍ਹੀ ਹੁੰਦੀ ਰਹੀ। ਤਦ ਸੰਨ 1935 ਵਿਚ ਸਾਨੂੰ ਤੋਹਫ਼ੇ ਵਜੋਂ ਇਕ ਕਿਤਾਬ ਮਿਲੀ ਜਿਸ ਦਾ ਸਿਰਲੇਖ ਸੀ—ਪਰਮੇਸ਼ੁਰ ਦੀ ਬਰਬਤ। ਮੇਰੀ ਪਤਨੀ ਨੇ ਮੈਨੂੰ ਕਿਹਾ: “ਸੁਣੋ ਜੀ, ਵੇਖੋ ਤੁਹਾਡੀ ਮਾਤਾ ਜੀ ਨੇ ਕ੍ਰਿਸਮਸ ਦਾ ਇਕ ਅਨੋਖਾ ਤੋਹਫ਼ਾ ਭੇਜਿਆ ਹੈ।” ਪਰ ਜਦੋਂ ਮੈਂ ਕੰਮ ਤੇ ਚਲਾ ਗਿਆ ਤਾਂ ਉਹ ਇਸ ਕਿਤਾਬ ਨੂੰ ਪੜ੍ਹਨ ਲੱਗ ਪਈ। ਉਸ ਨੇ ਜਿੰਨੀ ਵੀ ਕਿਤਾਬ ਪੜ੍ਹੀ ਸਾਰੀ ਦੀ ਸਾਰੀ ਉਸ ਨੂੰ ਚੰਗੀ ਲੱਗੀ। ਪਰ, ਮੈਨੂੰ ਬਹੁਤ ਚਿਰ ਬਾਅਦ ਪਤਾ ਲੱਗਾ ਕਿ ਉਸ ਨੂੰ ਇਹ ਕਿਤਾਬ ਇੰਨੀ ਜ਼ਿਆਦਾ ਪਸੰਦ ਆਈ। ਜਿੱਥੇ ਤਕ ਸਾਡੇ ਪਰਿਵਾਰ ਦੀ ਗੱਲ ਸੀ ਅਸੀਂ ਸੋਚਿਆ ਸੀ ਕਿ ਸਾਡੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ, ਪਰ ਸਾਡੀਆਂ ਉਮੀਦਾਂ ਵਿੱਚੇ ਹੀ ਰਹਿ ਗਈਆਂ। ਸਾਡੀ ਧੀ 1 ਫਰਵਰੀ 1937 ਵਿਚ ਜੰਮੀ ਜਿਸ ਦੀ ਜੰਮਦੇ ਹੀ ਮੌਤ ਹੋ ਗਈ। ਸਾਡੇ ਦਿਲ ਅੰਦਰ ਤਕ ਵਿੰਨੇ ਗਏ!
ਇਸ ਸਮੇਂ ਦੌਰਾਨ, ਮੇਰਾ ਪਰਿਵਾਰ ਪ੍ਰਚਾਰ ਕੰਮ ਵਿਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਸੀ। ਮੈਨੂੰ ਪਤਾ ਲੱਗਾ ਕਿ ਪਿਤਾ ਜੀ ਨੂੰ ਅਜੇ ਤਕ ਦਿਲਾਸਾ (ਅੰਗ੍ਰੇਜ਼ੀ) (ਹੁਣ ਜਾਗਰੂਕ ਬਣੋ!) ਲਈ ਕੋਈ ਸਬਸਕ੍ਰਿਪਸ਼ਨ ਨਹੀਂ ਮਿਲਿਆ ਸੀ। ਸਾਰੇ ਪ੍ਰਕਾਸ਼ਕਾਂ ਲਈ ਸਬਸਕ੍ਰਿਪਸ਼ਨ ਲੈਣਾ ਉਸ ਮਹੀਨੇ ਦਾ ਟੀਚਾ ਸੀ। ਚਾਹੇ ਮੈਂ ਸੋਸਾਇਟੀ ਦਾ ਕੋਈ ਵੀ ਸਾਹਿੱਤ ਨਹੀਂ ਪੜ੍ਹਿਆ ਸੀ, ਪਰ ਮੈਨੂੰ ਡੈਡੀ ਜੀ ਉੱਤੇ ਤਰਸ ਆਇਆ ਤੇ ਮੈਂ ਉਨ੍ਹਾਂ ਨੂੰ ਕਿਹਾ: “ਕੋਈ ਗੱਲ ਨਹੀਂ ਡੈਡੀ, ਚਿੰਤਾ ਨਾ ਕਰੋ, ਤੁਸੀਂ ਮੇਰੇ ਨਾਂ ਤੇ ਸਬਸਕ੍ਰਿਪਸ਼ਨ ਭਰੋ। ਇਸ ਤਰ੍ਹਾਂ ਤੁਸੀਂ ਬਾਕੀ ਪ੍ਰਕਾਸ਼ਕਾਂ ਦੇ ਬਰਾਬਰ ਹੋ ਜਾਓਗੇ।” ਗਰਮੀਆਂ ਸ਼ੁਰੂ ਹੋਣ ਤੇ ਸਾਡਾ ਆਰਕੈਸਟਰਾ ਇਕ ਸੈਰਗਾਹ ਤੇ ਪ੍ਰੋਗ੍ਰਾਮ ਪੇਸ਼ ਕਰਨ ਲਈ ਸ਼ਹਿਰੋਂ ਬਾਹਰ ਚਲਾ ਗਿਆ। ਦਿਲਾਸਾ ਮੈਨੂੰ ਬਾਕਾਇਦਾ ਡਾਕ ਰਾਹੀਂ ਮਿਲਦਾ ਰਿਹਾ। ਪਤਝੜ ਆਉਣ ਤੇ ਸਾਡਾ ਆਰਕੈਸਟਰਾ ਦੁਬਾਰਾ ਟੋਰੌਂਟੋ ਵਾਪਸ ਪਰਤ ਆਇਆ। ਮੈਨੂੰ ਰਸਾਲੇ ਨਵੇਂ ਪਤੇ ਤੇ ਮਿਲਣੇ ਸ਼ੁਰੂ ਹੋ ਗਏ ਪਰ ਮੈਂ ਇਨ੍ਹਾਂ ਨੂੰ ਕਦੇ ਖੋਲ੍ਹ ਕੇ ਵੀ ਨਹੀਂ ਦੇਖਿਆ ਸੀ।
ਇਕ ਵਾਰ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਮੇਰੀ ਨਜ਼ਰ ਰਸਾਲਿਆਂ ਦੇ ਢੇਰ ਤੇ ਪਈ। ਮੇਰੇ ਦਿਲ ਵਿਚ ਆਇਆ ਕਿ ਜੇ ਮੈਂ ਇਨ੍ਹਾਂ ਉੱਤੇ ਪੈਸੇ ਲਾਏ ਹਨ ਤਾਂ ਮੈਨੂੰ ਇਨ੍ਹਾਂ ਵਿੱਚੋਂ ਇੱਕ ਅੱਧਾ ਰਸਾਲਾ ਜ਼ਰੂਰ ਪੜ੍ਹ ਕੇ ਦੇਖਣਾ ਚਾਹੀਦਾ ਹੈ ਕਿ ਆਖ਼ਰ ਇਨ੍ਹਾਂ ਵਿਚ ਲਿਖਿਆ ਕੀ ਹੈ। ਪਹਿਲਾ ਰਸਾਲਾ ਖੋਲ੍ਹਣ ਤੇ ਹੀ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ। ਇਸ ਵਿਚ ਰਾਜਨੀਤੀ ਦੀਆਂ ਸਾਜ਼ਸ਼ਾਂ ਅਤੇ ਉਸ ਵਿਚ ਪਾਏ ਜਾਂਦੇ ਭ੍ਰਿਸ਼ਟਾਚਾਰ ਦਾ ਕੱਚਾ-ਚਿੱਠਾ ਖੋਲ੍ਹ ਕੇ ਲਿਖਿਆ ਗਿਆ ਸੀ। ਮੈਂ ਜੋ ਵੀ ਪੜ੍ਹਦਾ ਸੀ ਉਸ ਬਾਰੇ ਮੈਂ ਆਪਣੇ ਸਾਥੀ ਸੰਗੀਤਕਾਰਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਪਰ ਉਹ ਮੇਰੀਆਂ ਗੱਲਾਂ ਨੂੰ ਨਿਰਾ ਝੂਠ ਸਮਝਦੇ ਸਨ, ਇਸ ਲਈ ਸੱਚਾਈ ਦਾ ਪੱਖ ਲੈਣ ਲਈ ਮੈਂ ਇਨ੍ਹਾਂ ਰਸਾਲਿਆਂ ਨੂੰ ਲਗਾਤਾਰ ਪੜ੍ਹਦਾ ਸੀ। ਅਣਜਾਣੇ ਵਿਚ ਹੀ ਮੈਂ ਯਹੋਵਾਹ ਪਰਮੇਸ਼ੁਰ ਬਾਰੇ ਲੋਕਾਂ ਨੂੰ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਉਦੋਂ ਤੋਂ ਲੈ ਕੇ ਅੱਜ ਤਕ ਮੈਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੀਆਂ ਬਾਈਬਲ ਆਧਾਰਿਤ ਕਿਤਾਬਾਂ ਅਤੇ ਰਸਾਲੇ ਹਮੇਸ਼ਾ ਪੜ੍ਹਦਾ ਰਿਹਾ ਹਾਂ।—ਮੱਤੀ 24:45.
ਬੇਸ਼ੱਕ ਮੈਂ ਪੂਰਾ ਹਫ਼ਤਾ ਕਾਫ਼ੀ ਰੁੱਝਿਆ ਰਹਿੰਦਾ ਸੀ, ਪਰ ਫੇਰ ਵੀ ਮੈਂ ਤੇ ਆਈਲੀਨ ਨੇ ਐਤਵਾਰ ਨੂੰ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਸਾਲ 1938 ਵਿਚ ਜਦੋਂ ਅਸੀਂ ਐਤਵਾਰ ਦੀ ਸਭਾ ਵਿਚ ਗਏ, ਤਾਂ ਦੋ ਬਜ਼ੁਰਗ ਭੈਣਾਂ ਨੇ ਸਾਨੂੰ ਜੀ ਆਇਆਂ ਕਿਹਾ। ਉਨ੍ਹਾਂ ਵਿੱਚੋਂ ਇਕ ਨੇ ਕਿਹਾ: “ਕਿੱਦਾਂ ਵਰਨਨ, ਕੀ ਤੂੰ ਯਹੋਵਾਹ ਦੀ ਸੇਵਾ ਕਰਨ ਦਾ ਮਨ ਬਣਾਇਆ ਹੈ ਕਿ ਨਹੀਂ? ਤੈਨੂੰ ਪਤਾ ਹੈ ਨਾ ਕਿ ਆਰਮਾਗੇਡਨ ਬਿਲਕੁਲ ਕੰਢੇ ਤੇ ਹੈ!” ਮੈਂ ਜਾਣਦਾ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਹੀ ਸੱਚਾ ਸੰਗਠਨ ਹੈ। ਮੈਂ ਇਸ ਸੰਗਠਨ ਦਾ ਹਿੱਸਾ ਬਣਨਾ ਚਾਹੁੰਦਾ ਸੀ, ਇਸ ਲਈ 15 ਅਕਤੂਬਰ 1938 ਨੂੰ ਮੈਂ ਬਪਤਿਸਮਾ ਲੈ ਲਿਆ। ਆਈਲੀਨ ਦਾ ਬਪਤਿਸਮਾ ਤਕਰੀਬਨ ਛੇ ਮਹੀਨਿਆਂ ਬਾਅਦ ਹੋਇਆ। ਮੈਨੂੰ ਇਹ ਕਹਿੰਦੇ ਹੋਏ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਮੇਰਾ ਪੂਰਾ ਪਰਿਵਾਰ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਦਾ ਹੈ।
ਪਰਮੇਸ਼ੁਰ ਦੇ ਲੋਕਾਂ ਨੂੰ ਮਿਲ ਕੇ ਮੈਨੂੰ ਕਿੰਨੀ ਖ਼ੁਸ਼ੀ ਹੋਈ! ਛੇਤੀ ਹੀ ਉਹ ਮੈਨੂੰ ਆਪਣੇ ਲੱਗਣ ਲੱਗੇ। ਜਦੋਂ ਮੈਂ ਸਭਾ ਵਿਚ ਨਹੀਂ ਜਾਂਦਾ ਸੀ ਤਾਂ ਮੈਨੂੰ ਹਮੇਸ਼ਾ ਇਹ ਜਾਣਨ ਦੀ ਤਾਂਘ ਰਹਿੰਦੀ ਸੀ ਕਿ ਸਭਾ ਵਿਚ ਅੱਜ ਕੀ-ਕੀ ਹੋਇਆ। ਲੇਖ ਦੇ ਸ਼ੁਰੂ ਵਿਚ ਜਿਸ ਸ਼ਾਮ ਦਾ ਜ਼ਿਕਰ ਕੀਤਾ ਗਿਆ ਹੈ, ਉਸ ਸ਼ਾਮ ਜੋ ਕੁਝ ਹੋਇਆ, ਉਹ ਮੇਰੇ ਲਈ ਯਹੋਵਾਹ ਦੀ ਸੇਵਾ ਪੂਰੇ ਤਨ-ਮਨ ਨਾਲ ਕਰਨ ਵਿਚ ਬਹੁਤ ਮਦਦਗਾਰ ਸਿੱਧ ਹੋਇਆ।
ਵੱਡੀਆਂ ਤਬਦੀਲੀਆਂ ਦਾ ਸਮਾਂ
ਸਾਡੀ ਜ਼ਿੰਦਗੀ ਵਿਚ ਇਕ ਹੋਰ ਤਬਦੀਲੀ 1 ਮਈ 1943 ਵਿਚ ਆਈ। ਸਾਲ 1942 ਵਿਚ ਅਸੀਂ ਕਲੀਵਲੈਂਡ, ਓਹੀਓ ਵਿਖੇ ਹੋਏ ਨਿਊ ਵਰਲਡ ਥਿਓਕ੍ਰੈਟਿਕ ਸੰਮੇਲਨ ਵਿਚ ਹਾਜ਼ਰ ਹੋਏ। ਇਹ ਸਾਡਾ ਪਹਿਲਾ ਵੱਡਾ ਸੰਮੇਲਨ ਸੀ। ਉਸ ਸਮੇਂ ਇਕ ਭਿਆਨਕ ਵਿਸ਼ਵ-ਯੁੱਧ ਦੌਰਾਨ, ਜਿਸ ਦੇ ਖ਼ਤਮ ਹੋਣ ਦਾ ਕੋਈ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ ਸੀ, ਅਸੀਂ ਉਸ ਵੇਲੇ ਦੇ ਸੋਸਾਇਟੀ ਦੇ ਪ੍ਰਧਾਨ ਭਰਾ ਨੌਰ ਦਾ ਜੋਸ਼ੀਲਾ ਭਾਸ਼ਣ ਸੁਣਿਆ ਜਿਸ ਦਾ ਸਿਰਲੇਖ ਸੀ: “ਸ਼ਾਂਤੀ—ਕੀ ਇਹ ਸਦਾ ਲਈ ਮਿਲ ਸਕਦੀ ਹੈ?” ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਨ੍ਹਾਂ ਨੇ ਪਰਕਾਸ਼ ਦੀ ਪੋਥੀ ਦੇ ਪਾਠ 17 ਤੋਂ ਦੱਸਿਆ ਸੀ ਕਿ ਜੰਗ ਤੋਂ ਬਾਅਦ ਇਕ ਸ਼ਾਂਤੀ ਦਾ ਸਮਾਂ ਆਵੇਗਾ ਜਿਸ ਵਿਚ ਵੱਡੇ ਪੱਧਰ ਤੇ ਪ੍ਰਚਾਰ ਦਾ ਕੰਮ ਪੂਰਾ ਕੀਤਾ ਜਾਵੇਗਾ।
ਸਾਡੇ ਉੱਤੇ ਸਭ ਤੋਂ ਜ਼ਿਆਦਾ ਉਨ੍ਹਾਂ ਦੇ ਪਹਿਲੇ ਭਾਸ਼ਣ ਦਾ ਅਸਰ ਹੋਇਆ ਸੀ ਜਿਸ ਦਾ ਸਿਰਲੇਖ ਸੀ: ਯਿਫ਼ਤਾਹ ਅਤੇ ਉਸ ਦੀ ਸੁੱਖਣਾ।” ਇਸ ਭਾਸ਼ਣ ਵਿਚ ਜ਼ੋਰ ਦਿੱਤਾ ਗਿਆ ਕਿ ਹੋਰ ਬਹੁਤ ਸਾਰੇ ਪਾਇਨੀਅਰਾਂ ਦੀ ਲੋੜ ਸੀ! ਆਈਲੀਨ ਅਤੇ ਮੈਂ ਦੋਹਾਂ ਨੇ ਇਕ ਦੂਜੇ ਵੱਲ ਦੇਖਿਆ ਅਤੇ ਬਾਕੀ ਸਾਰਿਆਂ ਨਾਲ ਰਲ ਕੇ ਕਿਹਾ: “ਅਸੀਂ ਕਰਾਂਗੇ!” ਛੇਤੀ ਹੀ ਅਸੀਂ ਦੋਹਾਂ ਨੇ ਇਸ ਅੱਤ ਜ਼ਰੂਰੀ ਕੰਮ ਨੂੰ ਸ਼ੁਰੂ ਕਰਨ ਲਈ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਕੈਨੇਡਾ ਵਿਚ 4 ਜੁਲਾਈ 1940 ਤੋਂ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਸੀ। ਜਦੋਂ ਅਸੀਂ 1 ਮਈ 1943 ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ, ਤਾਂ ਉਸ ਵੇਲੇ ਪ੍ਰਚਾਰ ਦੌਰਾਨ ਸੋਸਾਇਟੀ ਦਾ ਸਾਹਿੱਤ ਦੇਣਾ ਅਤੇ ਯਹੋਵਾਹ ਬਾਰੇ ਗਵਾਹੀ ਦੇਣਾ ਗ਼ੈਰ-ਕਾਨੂੰਨੀ ਸੀ। ਪ੍ਰਚਾਰ ਲਈ ਅਸੀਂ ਕਿੰਗ ਜੇਮਜ਼ ਵਰਯਨ ਦੀਆਂ ਆਪਣੀਆਂ ਨਿੱਜੀ ਬਾਈਬਲਾਂ ਹੀ ਲੈ ਕੇ ਜਾਂਦੇ ਹੁੰਦੇ ਸਾਂ। ਪੈਰੀ ਸਾਉਂਡ, ਔਨਟੇਰੀਓ ਵਿਖੇ ਪਾਇਨੀਅਰੀ ਸ਼ੁਰੂ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਸ਼ਾਖ਼ਾ ਦਫ਼ਤਰ ਵੱਲੋਂ ਇਕ ਤਜਰਬੇਕਾਰ ਭਰਾ ਸਟੂਅਰਟ ਮੈਨ ਨੂੰ ਸਾਡੇ ਨਾਲ ਪ੍ਰਚਾਰ ਕਰਨ ਲਈ ਭੇਜਿਆ ਗਿਆ। ਸੋਸਾਇਟੀ ਨੇ ਸਾਨੂੰ ਕਿੰਨੀ ਵੱਡੀ ਮਦਦ ਦਿੱਤੀ! ਭਰਾ ਮੈਨ ਬੜਾ ਖ਼ੁਸ਼ਮਿਜ਼ਾਜ ਅਤੇ ਚੰਗਾ ਇਨਸਾਨ ਸੀ। ਅਸੀਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ ਅਤੇ ਉਨ੍ਹਾਂ ਦੀ ਸੰਗਤ ਦਾ ਚੰਗਾ ਆਨੰਦ ਮਾਣਿਆ। ਜਦੋਂ ਸੋਸਾਇਟੀ ਨੇ ਸਾਨੂੰ ਹੈਮਿਲਟਨ ਸ਼ਹਿਰ ਵਿਖੇ ਪ੍ਰਚਾਰ ਲਈ ਭੇਜਿਆ, ਤਾਂ ਉਦੋਂ ਸਾਡੇ ਕੋਲ ਕਈ ਬਾਈਬਲ ਸਟੱਡੀਆਂ ਸਨ। ਭਾਵੇਂ ਕਿ ਮੇਰੀ ਉਮਰ ਮਿਲਟਰੀ ਵਿਚ ਭਰਤੀ ਹੋਣ ਤੋਂ ਟੱਪ ਚੁੱਕੀ ਸੀ, ਪਰ ਫੇਰ ਵੀ ਮੈਨੂੰ ਇਸ ਵਿਚ ਭਰਤੀ ਹੋਣ ਦਾ ਹੁਕਮ ਦਿੱਤਾ ਗਿਆ। ਮੇਰੇ ਇਨਕਾਰ ਕਰਨ ਤੇ 31 ਦਸੰਬਰ 1943 ਨੂੰ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ। ਜਦੋਂ ਅਦਾਲਤ ਦੀ ਕਾਰਵਾਈ ਅਜੇ ਚੱਲ ਰਹੀ ਸੀ ਤਾਂ ਮੈਨੂੰ ਅਸੈਨਿਕ ਕੈਂਪ ਵਿਚ ਪਾ ਦਿੱਤਾ ਗਿਆ ਜਿੱਥੇ ਮੈਂ ਅਗਸਤ 1945 ਤਕ ਰਿਹਾ।
ਮੇਰੇ ਰਿਹਾ ਹੋਣ ਤੋਂ ਬਾਅਦ ਮੈਨੂੰ ਅਤੇ ਆਈਲੀਨ ਨੂੰ ਕੋਰਨਵਾਲ, ਔਂਟਾਰਿਓ ਵਿਖੇ ਪਾਇਨੀਅਰੀ ਕਰਨ ਲਈ ਭੇਜਿਆ ਗਿਆ। ਇਸ ਤੋਂ ਥੋੜ੍ਹੀ ਹੀ ਦੇਰ ਬਾਅਦ, ਸੋਸਾਇਟੀ ਦੇ ਕਾਨੂੰਨੀ ਵਿਭਾਗ ਨੇ ਸਾਨੂੰ ਅਦਾਲਤੀ ਮੁਕੱਦਮਿਆਂ ਨਾਲ ਨਜਿੱਠਣ ਲਈ ਕਿਊਬੈੱਕ ਭੇਜਿਆ ਗਿਆ। ਇਹ ਉਦੋਂ ਦੀ ਗੱਲ ਹੈ ਜਦੋਂ ਕਿਊਬੈੱਕ ਵਿਚ ਡੂਪਲੇਸੀ ਪ੍ਰਧਾਨ ਮੰਤਰੀ ਸੀ ਜਿਸ ਦੇ ਰਾਜ ਵਿਚ ਯਹੋਵਾਹ ਦੇ ਗਵਾਹਾਂ ਨੂੰ ਹੱਦੋਂ ਵੱਧ ਸਤਾਇਆ ਗਿਆ ਸੀ। ਇਸ ਲਈ ਹਫ਼ਤੇ ਵਿਚ ਕਈ ਦਿਨ ਮੈਂ ਭਰਾਵਾਂ ਦੀ ਮਦਦ ਲਈ ਵੱਖ-ਵੱਖ ਕਚਹਿਰੀਆਂ ਵਿਚ ਜਾਂਦਾ ਹੁੰਦਾ ਸੀ। ਇਸ ਸਮੇਂ ਦੌਰਾਨ ਸੱਚਾਈ ਲਈ ਮੇਰਾ ਜੋਸ਼ ਹੋਰ ਵੀ ਵਧਿਆ ਅਤੇ ਮੇਰੀ ਨਿਹਚਾ ਹੋਰ ਵੀ ਤਕੜੀ ਹੋਈ।
ਕਲੀਵਲੈਂਡ ਵਿਖੇ ਸੰਨ 1946 ਵਿਚ ਹੋਏ ਸੰਮੇਲਨ ਤੋਂ ਬਾਅਦ, ਮੈਂ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ ਦਾ ਕੰਮ ਕੀਤਾ ਜਿਸ ਦੇ ਲਈ ਅਸੀਂ ਕੈਨੇਡਾ ਦੇ ਕੋਨੇ-ਕੋਨੇ ਤਕ ਸਫ਼ਰ ਕੀਤਾ। ਅਸੀਂ ਉਸ ਸਮੇਂ ਬਹੁਤ ਰੁੱਝੇ ਹੋਏ ਸੀ ਤੇ ਅਜੇ ਵੀ ਕਾਫ਼ੀ ਸਾਰਾ ਕੰਮ ਕਰਨ ਨੂੰ ਪਿਆ ਸੀ। ਸਾਨੂੰ 1948 ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 11ਵੀਂ ਕਲਾਸ ਲਈ ਸੱਦਾ ਮਿਲਿਆ। ਭਰਾ ਐਲਬਰਟ ਸ਼੍ਰੋਡਰ ਅਤੇ ਮੈਕਸਵੈੱਲ ਫਰੈਂਡ ਸਾਡੇ ਦੋ ਇੰਸਟ੍ਰਕਟਰ ਸਨ। ਸਾਡੀ ਕਲਾਸ ਵਿਚ ਕੁੱਲ 108 ਵਿਦਿਆਰਥੀ ਸਨ ਜਿਨ੍ਹਾਂ ਵਿੱਚੋਂ 40 ਮਸਹ ਕੀਤੇ ਹੋਏ ਸਨ। ਇੰਨੇ ਲੰਮੇ ਸਮੇਂ ਤੋਂ ਸੇਵਾ ਕਰਦੇ ਆਏ ਇਨ੍ਹਾਂ ਭੈਣ-ਭਰਾਵਾਂ ਨਾਲ ਗਿਲਿਅਡ ਕਲਾਸ ਵਿਚ ਸ਼ਾਮਲ ਹੋਣਾ ਵਾਕਈ ਇਕ ਫ਼ਾਇਦੇਮੰਦ ਤਜਰਬਾ ਸੀ!
ਇਕ ਦਿਨ ਬਰੁਕਲਿਨ ਤੋਂ ਸਾਨੂੰ ਭਰਾ ਨੌਰ ਮਿਲਣ ਲਈ ਆਏ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਕਿ ਜਪਾਨੀ ਭਾਸ਼ਾ ਸਿੱਖਣ ਲਈ 25 ਜਣੇ ਚਾਹੀਦੇ ਹਨ। ਹੈਰਾਨੀ ਦੀ ਗੱਲ ਕਿ ਸਾਡੀ ਕਲਾਸ ਦੇ ਸਾਰੇ ਦੇ ਸਾਰੇ 108 ਭੈਣ-ਭਰਾ ਇਸ ਕੰਮ ਲਈ ਤਿਆਰ ਹੋ ਗਏ! ਇਸ ਲਈ ਹੁਣ ਇਹ ਪ੍ਰਧਾਨ ਉੱਤੇ ਹੀ ਨਿਰਭਰ ਕਰਦਾ ਸੀ ਕਿ ਉਹ ਕਿਸ ਨੂੰ ਚੁਣੇਗਾ। ਇਸ ਚੋਣ ਦੇ ਬਾਅਦ ਵਿਚ ਚੰਗੇ ਨਤੀਜੇ ਨਿਕਲੇ, ਇਸ ਲਈ ਮੈਨੂੰ ਲੱਗਦਾ ਹੈ ਕਿ ਯਹੋਵਾਹ ਦੀ ਮਦਦ ਨਾਲ ਇਹ ਚੋਣ ਬਿਲਕੁਲ ਸਹੀ ਕੀਤੀ ਗਈ ਸੀ। ਉਨ੍ਹਾਂ ਪੱਚੀਆਂ ਵਿੱਚੋਂ ਕਈ ਜਣੇ ਜਿਨ੍ਹਾਂ ਨੂੰ ਜਪਾਨ ਵਿਚ ਪ੍ਰਚਾਰ ਸ਼ੁਰੂ ਕਰਨ ਦਾ ਮੌਕਾ ਮਿਲਿਆ, ਬਜ਼ੁਰਗ ਹੋਣ ਦੇ ਬਾਵਜੂਦ ਅੱਜ ਵੀ, ਉਹ ਪੂਰੇ ਜੀ-ਜਾਨ ਨਾਲ ਇਸ ਕੰਮ ਵਿਚ ਲੱਗੇ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਭੈਣ-ਭਰਾ ਜਿਵੇਂ ਲੋਈਡ ਅਤੇ ਮੇਲਬਾ ਬੈਰੀ ਕਈ ਦੂਜੀਆਂ ਥਾਵਾਂ ਤੇ ਚਲੇ ਗਏ। ਪਿਛਲੇ ਸਾਲ ਭਰਾ ਲੋਈਡ ਗੁਜ਼ਰ ਗਏ। ਜਦੋਂ ਉਨ੍ਹਾਂ ਦੀ ਮੌਤ ਹੋਈ, ਉਸ ਵੇਲੇ ਉਹ ਪ੍ਰਬੰਧਕ ਸਭਾ ਦੇ ਮੈਂਬਰ ਸਨ। ਉਹ ਮੌਤ ਤਕ ਪ੍ਰਬੰਧਕ ਸਭਾ ਦੇ ਮੈਂਬਰ ਰਹੇ। ਯਹੋਵਾਹ ਨੇ ਉਨ੍ਹਾਂ ਨੂੰ ਜੋ ਸਵਰਗੀ ਇਨਾਮ ਦਿੱਤਾ ਉਸ ਤੋਂ ਅਸੀਂ ਸਾਰੇ ਖ਼ੁਸ਼ ਹਾਂ।
ਗ੍ਰੈਜੂਏਸ਼ਨ ਦੇ ਦਿਨ ਸਾਨੂੰ ਜਮੈਕਾ ਜਾਣ ਦੀ ਨਿਯੁਕਤੀ ਮਿਲੀ। ਪਰ, ਕਿਊਬੈੱਕ ਦੀ ਅਦਾਲਤ ਵਿਚ ਕੁਝ ਤਾਰੀਖ਼ਾਂ ਭੁਗਤਾਉਣ ਵਾਲੀਆਂ ਸਨ ਜਿਸ ਲਈ ਸਾਨੂੰ ਕੈਨੇਡਾ ਵਾਪਸ ਪਰਤਣਾ ਪਿਆ।
ਸੰਗੀਤ ਹੀ ਸੰਗੀਤ!
ਹਾਲਾਂਕਿ ਮੈਂ ਪਾਇਨੀਅਰੀ ਲਈ ਸੰਗੀਤ ਛੱਡ ਦਿੱਤਾ ਸੀ, ਪਰ ਹੁਣ ਮੈਨੂੰ ਇੰਜ ਲੱਗਦਾ ਸੀ ਕਿ ਸੰਗੀਤ ਮੈਨੂੰ ਨਹੀਂ ਛੱਡਣਾ ਚਾਹੁੰਦਾ ਸੀ। ਅਗਲੇ ਸਾਲ ਸੋਸਾਇਟੀ ਦੇ ਪ੍ਰਧਾਨ ਨੇਥਨ ਨੌਰ ਅਤੇ ਉਨ੍ਹਾਂ ਦੇ ਸਕੱਤਰ ਟੋਰੌਂਟੋ ਦੇ ਮੈਪਲ ਲੀਫ਼ ਗਾਰਡਨਜ਼ ਵਿਚ ਆਏ। ਅਗਲੇ ਸਾਲ ਸੋਸਾਇਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਸਕੱਤਰ, ਮਿਲਟਨ ਹੈੱਨਸ਼ਲ, ਟੋਰੌਂਟੋ ਦੇ ਮੈਪਲ ਲੀਫ਼ ਗਾਰਡਨਜ਼ ਵਿਚ ਆਏ। ਭਰਾ ਨੌਰ ਦੇ ਜਨਤਕ ਭਾਸ਼ਣ ਦਾ ਸਿਰਲੇਖ ਸੀ: “ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਬਹੁਤ ਘੱਟ ਸਮਾਂ ਬਚਿਆ ਹੈ!” ਇਸ ਭਾਸ਼ਣ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਮੈਨੂੰ ਪਹਿਲੀ ਵਾਰ ਸੰਮੇਲਨ ਦੇ ਆਰਕੈਸਟਰਾ ਦੀ ਜ਼ਿੰਮੇਵਾਰੀ ਸੌਂਪੀ ਗਈ। ਅਸੀਂ ਪੁਰਾਣੀ ਗੀਤ ਪੁਸਤਿਕਾ (1944) ਦੇ ਖ਼ਾਸ-ਖ਼ਾਸ ਗੀਤਾਂ ਨੂੰ ਤਿੰਨ ਤਾਲ ਵਿਚ ਤਿਆਰ ਕੀਤਾ ਤਾਂਕਿ ਇਹ ਆਸਾਨੀ ਨਾਲ ਗਾਏ ਜਾ ਸਕਣ ਤੇ ਇਹ ਗੀਤ ਭਰਾਵਾਂ ਨੂੰ ਬਹੁਤ ਪਸੰਦ ਆਏ। ਜਦੋਂ ਸ਼ਨੀਵਾਰ ਦੀ ਦੁਪਹਿਰ ਨੂੰ ਪ੍ਰੋਗ੍ਰਾਮ ਖ਼ਤਮ ਹੋਇਆ, ਤਾਂ ਅਸੀਂ ਆਪਣੇ ਐਤਵਾਰ ਦੇ ਪ੍ਰੋਗ੍ਰਾਮ ਦੀ ਰਿਹਰਸਲ ਕਰਨ ਲੱਗੇ। ਥੋੜ੍ਹੀ ਦੇਰ ਬਾਅਦ ਮੈਂ ਦੇਖਿਆ ਕਿ ਭਰਾ ਮਿਲਟਨ ਹੈੱਨਸ਼ਲ ਸਾਡੇ ਵੱਲ ਆ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮੈਂ ਆਰਕੈਸਟਰਾ ਬੰਦ ਕਰ ਦਿੱਤਾ ਤਾਂਕਿ ਮੈਂ ਉਨ੍ਹਾਂ ਨੂੰ ਮਿਲਣ ਲਈ ਜਾ ਸਕਾਂ। ਉਨ੍ਹਾਂ ਨੇ ਕਿਹਾ: “ਇੱਥੇ ਤੇਰੇ ਆਰਕੈਸਟਰਾ ਵਿਚ ਕੁੱਲ ਕਿੰਨੇ ਜਣੇ ਹਨ?” ਮੈਂ ਜਵਾਬ ਦਿੱਤਾ: “ਕੁੱਲ 35।” ਉਨ੍ਹਾਂ ਨੇ ਜਵਾਬ ਦਿੱਤਾ: “ਅਗਲੀਆਂ ਗਰਮੀਆਂ ਨੂੰ ਨਿਊ ਯੌਰਕ ਵਿਚ ਤੇਰੇ ਆਰਕੈਸਟਰਾ ਵਿਚ ਦੁੱਗਣੇ ਮੈਂਬਰ ਹੋਣਗੇ।”
ਅਗਲੀਆਂ ਗਰਮੀਆਂ ਆਉਣ ਤੋਂ ਪਹਿਲਾਂ ਮੈਨੂੰ ਬਰੁਕਲਿਨ ਬੈਥਲ ਵਿਚ ਬੁਲਾਇਆ ਗਿਆ। ਸ਼ੁਰੂ ਵਿਚ ਹਾਲਾਤ ਬਹੁਤੇ ਠੀਕ ਨਾ ਹੋਣ ਕਰਕੇ ਆਈਲੀਨ ਮੇਰੇ ਨਾਲ ਨਾ ਜਾ ਸਕੀ। ਜਦੋਂ ਮੈਂ ਉੱਥੇ ਪਹੁੰਚਿਆ, ਤਾਂ ਉਸ ਵੇਲੇ 124 ਕੋਲੰਬੀਆ ਹਾਈਟਸ ਦੀ ਇਮਾਰਤ ਅਜੇ ਪੂਰੀ ਨਹੀਂ ਬਣੀ ਸੀ, ਇਸ ਲਈ ਮੈਨੂੰ ਪੁਰਾਣੇ ਬੈਥਲ ਵਿਚ ਹੀ ਦੋ ਮਸਹ ਕੀਤੇ ਹੋਏ ਭਰਾਵਾਂ ਨਾਲ ਇਕ ਕਮਰੇ ਵਿਚ ਠਹਿਰਾਇਆ ਗਿਆ। ਇਹ ਇਕ ਛੋਟਾ ਜਿਹਾ ਕਮਰਾ ਸੀ ਜਿਸ ਵਿਚ ਅਸੀਂ ਤਿੰਨ ਜਣੇ ਭਰਾ ਕਾਰਲ ਕਲਾਈਨ, ਭਰਾ ਪੇਨ ਅਤੇ ਮੈਂ ਰਹਿੰਦੇ ਸਾਂ। ਇਨ੍ਹਾਂ ਭਰਾਵਾਂ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ। ਕੀ ਇਹ ਕਮਰਾ ਭੀੜਾ ਸੀ? ਜੀ ਹਾਂ, ਕਾਫ਼ੀ ਭੀੜਾ ਸੀ। ਪਰ, ਫੇਰ ਵੀ ਸਾਡੀ ਤਿੰਨਾਂ ਦੀ ਕਾਫ਼ੀ ਚੰਗੀ ਿਨੱਭੀ। ਬਜ਼ੁਰਗ ਭਰਾ ਕਾਫ਼ੀ ਧੀਰਜ ਵਾਲੇ ਅਤੇ ਸਹਿਣਸ਼ੀਲ ਸਨ। ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਕਿ ਕਿਸੇ ਗ਼ਲਤਫ਼ਹਿਮੀ ਕਰਕੇ ਸਾਡਾ ਆਪਸ ਵਿਚ ਕਿਸੇ ਗੱਲ ਤੇ ਝਗੜਾ ਨਾ ਹੋਵੇ! ਮੈਂ ਉਨ੍ਹਾਂ ਦੇ ਰਾਹ ਵਿਚ ਕਦੇ ਨਾ ਆਵਾਂ! ਇੰਜ ਕਰਨ ਤੇ ਸਾਡਾ ਇਸ ਗੱਲ ਵਿਚ ਵਿਸ਼ਵਾਸ ਹੋਰ ਵੀ ਪੱਕਾ ਹੋਇਆ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਸਭ ਕੁਝ ਹੋ ਸਕਦਾ ਹੈ। ਭਰਾ ਕਲਾਈਨ ਨੂੰ ਮਿਲਣ ਅਤੇ ਉਨ੍ਹਾਂ ਨਾਲ ਕੰਮ ਕਰਨ ਨਾਲ ਮੈਨੂੰ ਹੋਰ ਵੀ ਕਈ ਅਸੀਸਾਂ ਮਿਲੀਆਂ! ਇਹ ਭਰਾ ਬਹੁਤ ਮਿਲਾਪੜਾ ਅਤੇ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਸੀ। ਸਾਡੀ ਚੰਗੀ ਿਨੱਭੀ ਤੇ ਤਕਰੀਬਨ 50 ਸਾਲਾਂ ਤਕ ਇਕ ਦੂਜੇ ਦੇ ਪੱਕੇ ਦੋਸਤ ਬਣੇ ਰਹੇ।
ਯਾਂਕੀ ਸਟੇਡੀਅਮ ਵਿਖੇ ਸੰਨ 1950, 1953, 1955 ਅਤੇ 1958 ਵਿਚ ਹੋਣ ਵਾਲੇ ਸੰਮੇਲਨਾਂ ਦੇ ਸੰਗੀਤ ਵਿਚ ਮਦਦ ਕਰਨ ਤੋਂ ਇਲਾਵਾ, 1963 ਵਿਚ ਪੈਸਾਡੀਨਾ, ਕੈਲੇਫ਼ੋਰਨੀਆ ਵਿਚ ਹੋਣ ਵਾਲੇ ਸੰਮੇਲਨ ਵਿਚ ਅਲ ਕੈਵਲਨ ਨਾਲ ਆਰਕੈਸਟਰਾ ਦੀ ਜ਼ਿੰਮੇਦਾਰੀ ਸੰਭਾਲਣ ਦਾ ਵੀ ਮੈਨੂੰ ਸਨਮਾਨ ਮਿਲਿਆ। ਸੰਨ 1953 ਵਿਚ ਯਾਂਕੀ ਸਟੇਡੀਅਮ ਵਿਖੇ ਹੋਣ ਵਾਲੇ ਸੰਮੇਲਨ ਵਿਚ ਐਤਵਾਰ ਨੂੰ ਜਨਤਕ ਭਾਸ਼ਣ ਤੋਂ ਪਹਿਲਾਂ ਸੰਗੀਤ ਦਾ ਇਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਸੀ। ਐਰਿਕ ਫਰੋਸਟ ਨੇ ਈਡਿਥ ਸ਼ੈਮੀਔਨਿਕ ਨੂੰ ਗੀਤ ਗਾਉਣ ਲਈ ਕਿਹਾ। (ਉਸ ਨੂੰ ਬਾਅਦ ਵਿਚ ਵਾਈਗਾਂਟ ਕਿਹਾ ਜਾਣ ਲੱਗਾ) ਜਿਸ ਨੇ ਸਾਡੇ ਆਰਕੈਸਟਰਾ ਨਾਲ ਇਸ ਗੀਤ ਦੀ ਧੁਨ ਤਿਆਰ ਕਰ ਕੇ ਇਹ ਗੀਤ ਗਾਇਆ, “ਗਵਾਹੋ ਤੁਸੀਂ ਅੱਗੇ ਵਧੋ!” ਹੈਰੀ ਆਰਨਟ ਜ਼ੈਂਬੀਆ ਤੋਂ ਸਾਡੇ ਲਈ ਇਕ ਬਹੁਤ ਵਧੀਆ ਟੇਪ ਸੁਣਨ ਲਈ ਲਿਆਏ ਸਨ। ਜਦੋਂ ਅਸੀਂ ਪਹਿਲੀ ਵਾਰ ਆਪਣੇ ਅਫ਼ਰੀਕਨ ਭੈਣ-ਭਰਾਵਾਂ ਦੀਆਂ ਸੁਰੀਲੀਆਂ ਅਤੇ ਮਿੱਠੀਆਂ ਆਵਾਜ਼ਾਂ ਸੁਣੀਆਂ ਤਾਂ ਅਸੀਂ ਖ਼ੁਸ਼ੀ ਨਾਲ ਨੱਚ ਉੱਠੇ। ਉਨ੍ਹਾਂ ਦੀ ਸੁਰੀਲੀ ਆਵਾਜ਼ ਨਾਲ ਪੂਰਾ ਸਟੇਡੀਅਮ ਗੂੰਜ ਉੱਠਿਆ।
ਸੰਨ 1966 ਦੀ ਗੀਤ-ਪੁਸਤਿਕਾ ਤਿਆਰ ਕਰਨੀ
ਕੀ ਤੁਹਾਨੂੰ ਗੁਲਾਬੀ ਰੰਗ ਦੀ ਪਲਾਸਟਿਕ ਜਿਲਦ ਵਾਲੀ ਪੁਰਾਣੀ ਗੀਤ ਪੁਸਤਿਕਾ ਯਾਦ ਹੈ? ਜਦੋਂ ਇਹ ਕਿਤਾਬ ਬਣ ਕੇ ਪੂਰੀ ਹੋਣ ਹੀ ਵਾਲੀ ਸੀ, ਤਾਂ ਭਰਾ ਨੌਰ ਨੇ ਕਿਹਾ: “ਅਸੀਂ ਕੁਝ ਰਿਕਾਰਡਿੰਗ ਕਰਨ ਵਾਲੇ ਹਾਂ। ਮੈਂ ਚਾਹੁੰਦਾ ਹਾਂ ਕਿ ਤੂੰ ਇਕ ਛੋਟੇ ਜਿਹੇ ਆਰਕੈਸਟਰਾ ਦਾ ਪ੍ਰਬੰਧ ਕਰੀਂ ਜਿਸ ਵਿਚ ਸਿਰਫ਼ ਕੁਝ ਕੁ ਵਾਇਲਨਾਂ ਅਤੇ ਥੋੜ੍ਹੀਆਂ ਜਿਹੀਆਂ ਹੀ ਬੰਸਰੀਆਂ ਹੋਣ। ਮੈਂ ਨਹੀਂ ਚਾਹੁੰਦਾ ਕਿ ਕੋਈ ਆਪਣੀ ਤੂਤੀ ਵਜਾਵੇ!” ਬੈਥਲ ਦੇ ਕਿੰਗਡਮ ਹਾਲ ਨੂੰ ਅਸੀਂ ਸਟੂਡੀਓ ਵਜੋਂ ਵਰਤਣਾ ਸੀ, ਪਰ ਇਸ ਵਿਚ ਰਿਕਾਰਡਿੰਗ ਕਰਨ ਬਾਰੇ ਸਾਨੂੰ ਚਿੰਤਾ ਲੱਗੀ ਹੋਈ ਸੀ। ਸਾਨੂੰ ਡਰ ਸੀ ਕਿ ਨੰਗੀਆਂ ਕੰਧਾਂ, ਟੈਲਾਂ ਵਾਲੇ ਫ਼ਰਸ਼ ਅਤੇ ਧਾਤ ਦੀਆਂ ਕੁਰਸੀਆਂ ਵਾਲੇ ਕਿੰਗਡਮ ਹਾਲ ਵਿਚ ਰਿਕਾਰਡਿੰਗ ਕਰਨ ਤੇ ਅਸਰ ਕੀ ਪਵੇਗਾ? ਇਹ ਮੁਸ਼ਕਲ ਹੱਲ ਕਰਨ ਵਿਚ ਸਾਡੀ ਕੌਣ ਮਦਦ ਕਰ ਸਕਦਾ ਸੀ? ਕਿਸੇ ਨੇ ਇਕ ਨਾਂ ਦੱਸਿਆ: “ਟੋਮੀ ਮਿਚਲ! ਉਹ ਅਮਰੀਕਨ ਬ੍ਰਾਡਕਾਸਟਿੰਗ ਕੰਪਨੀ ਵਿਚ ਕੰਮ ਕਰਦਾ ਹੈ।” ਜਦੋਂ ਅਸੀਂ ਟੋਮੀ ਮਿਚਲ ਨਾਲ ਗੱਲ ਕੀਤੀ ਤਾਂ ਉਹ ਖ਼ੁਸ਼ੀ-ਖ਼ੁਸ਼ੀ ਸਾਡੀ ਮਦਦ ਕਰਨ ਨੂੰ ਰਾਜ਼ੀ ਹੋ ਗਿਆ।
ਰਿਕਾਰਡਿੰਗ ਦੇ ਪਹਿਲੇ ਸ਼ਨੀਵਾਰ ਦੀ ਸਵੇਰ ਨੂੰ ਜਦੋਂ ਸਾਰੇ ਸੰਗੀਤਕਾਰ ਇਕ ਦੂਜੇ ਨੂੰ ਮਿਲੇ ਤਾਂ ਮੈਂ ਦੇਖਿਆ ਕਿ ਇਕ ਭਰਾ ਦੇ ਬਕਸੇ ਵਿਚ ਵੱਡੀ ਬਿਗੁਲ ਸੀ। ਮੈਨੂੰ ਭਰਾ ਨੌਰ ਦੀ ਚੇਤਾਵਨੀ ਯਾਦ ਆਈ: “ਮੈਂ ਨਹੀਂ ਚਾਹੁੰਦਾ ਕਿ ਕੋਈ ਆਪਣੀ ਤੂਤੀ ਵਜਾਵੇ!” ਹੁਣ ਮੈਂ ਕੀ ਕਰਦਾ? ਮੈਂ ਇਸ ਭਰਾ ਨੂੰ ਬਕਸੇ ਵਿੱਚੋਂ ਆਪਣੀ ਬਿਗਲ ਕੱਢਦਿਆਂ, ਉਸ ਦੇ ਪੁਰਜੇ ਫਿੱਟ ਕਰਦਿਆਂ ਅਤੇ ਉਸ ਨੂੰ ਵਜਾਉਣ ਦਾ ਅਭਿਆਸ ਕਰਦੇ ਦੇਖਿਆ। ਇਹ ਭਰਾ ਟੌਮ ਮਿਚਲ ਹੀ ਸੀ। ਸ਼ੁਰੂ ਦੀਆਂ ਉਸ ਦੀਆਂ ਧੁਨਾਂ ਬਹੁਤ ਸੁਰੀਲੀਆਂ ਸਨ। ਉਹ ਇਸ ਵੱਡੇ ਬਿਗਲ ਦੀ ਧੁਨ ਵਾਇਲਨ ਵਾਂਗ ਵਜਾਉਂਦਾ ਸੀ! ਮੈਂ ਸੋਚਿਆ, ‘ਇਸ ਭਰਾ ਨੂੰ ਜ਼ਰੂਰ ਇੱਥੇ ਰਹਿਣਾ ਚਾਹੀਦਾ ਹੈ!’ ਮੈਂ ਭਰਾ ਨੌਰ ਨਾਲ ਗੱਲ ਕੀਤੀ ਤੇ ਉਹ ਮੰਨ ਗਏ।
ਸਾਡੇ ਇਸ ਆਰਕੈਸਟਰਾ ਦੇ ਸੰਗੀਤਕਾਰ ਸਾਰੇ ਦੇ ਸਾਰੇ ਬਹੁਤ ਚੰਗੇ ਭੈਣ-ਭਰਾ ਸਨ। ਰਿਕਾਰਡਿੰਗ ਕਰਨੀ ਬੇਸ਼ੱਕ ਇਕ ਡਾਢਾ ਔਖਾ ਕੰਮ ਸੀ, ਪਰ ਕਿਸੇ ਨੂੰ ਕੋਈ ਗਿਲਾ ਨਹੀਂ ਸੀ ਤੇ ਨਾ ਹੀ ਕਿਸੇ ਨੇ ਕੋਈ ਮੁਸ਼ਕਲ ਖੜ੍ਹੀ ਕੀਤੀ। ਜਦੋਂ ਰਿਕਾਰਡਿੰਗ ਪੂਰੀ ਹੋ ਗਈ ਤਾਂ ਸਭ ਦੀਆਂ ਅੱਖਾਂ ਵਿਚ ਹੰਝੂ ਆ ਗਏ। ਇਸ ਸਮੇਂ ਤਕ ਸਾਡੀ ਸਾਰਿਆਂ ਵਿਚ ਨਿੱਘੀ ਦੋਸਤੀ ਹੋ ਚੁੱਕੀ ਸੀ। ਸਾਡੇ ਸਾਰਿਆਂ ਲਈ ਯਹੋਵਾਹ ਵੱਲੋਂ ਦਿੱਤਾ ਇਹ ਇਕ ਵੱਡਾ ਵਿਸ਼ੇਸ਼-ਸਨਮਾਨ ਸੀ ਜਿਸ ਨੂੰ ਪੂਰਾ ਕਰਨ ਤੇ ਅਸੀਂ ਯਹੋਵਾਹ ਦਾ ਧੰਨਵਾਦ ਕੀਤਾ।
ਹੋਰ ਵੀ ਲਾਹੇਵੰਦ ਵਿਸ਼ੇਸ਼-ਸਨਮਾਨ
ਕਈ ਸਾਲਾਂ ਬਾਅਦ ਮੈਂ ਅਜੇ ਵੀ ਪੂਰਣ-ਕਾਲੀ ਸੇਵਕਾਈ ਕਰਨ ਦਾ ਆਨੰਦ ਮਾਣਦਾ ਹਾਂ। ਅਸੀਂ 28 ਸਾਲ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ ਦੇ ਤੌਰ ਕੇ ਕੰਮ ਕੀਤਾ ਸੀ ਤੇ ਸਾਨੂੰ ਇਸ ਵਿਚ ਬਹੁਤ ਮਜ਼ਾ ਆਇਆ। ਇਸ ਤੋਂ ਬਾਅਦ, ਆਂਟਾਰੀਓ ਵਿਚ ਪੰਜ ਸਾਲ ਨੌਰਵਲ ਅਸੈਂਬਲੀ ਹਾਲ ਵਿਚ ਮੈਂ ਮੈਨੇਜਰ ਦਾ ਕੰਮ ਕੀਤਾ। ਵਿਦੇਸ਼ੀ ਜ਼ਿਲ੍ਹਾ ਸੰਮੇਲਨਾਂ ਅਤੇ ਹਰ ਹਫ਼ਤੇ ਵਿਚ ਆਉਣ ਵਾਲੇ ਸਰਕਟ ਸੰਮੇਲਨਾਂ ਕਰਕੇ ਆਈਲੀਨ ਅਤੇ ਮੈਂ ਬਹੁਤ ਰੁੱਝੇ ਰਹਿੰਦੇ ਸਾਂ। ਹੌਲਟਨ ਹਿਲਜ਼ ਵਿਚ ਸੋਸਾਇਟੀ ਦੀ ਨਵੀਂ ਸ਼ਾਖ਼ਾ ਬਣਾਉਣ ਤਕ ਸਾਰੇ ਆਰਕੀਟੈਕਟ ਅਤੇ ਇੰਜੀਨੀਅਰ 1979-80 ਵਿਚ ਇਸੇ ਅਸੈਂਬਲੀ ਹਾਲ ਵਿਚ ਰਹੇ। ਅਸੈਂਬਲੀ ਹਾਲ ਦੀ ਕਾਰਜ-ਨਿਯੁਕਤੀ ਪੂਰੀ ਕਰਨ ਤੋਂ ਬਾਅਦ, 1982 ਤੋਂ ਲੈ ਕੇ 1984 ਤਕ ਸਾਨੂੰ ਸੰਗੀਤ ਨਾਲ ਜੁੜੀ ਇਕ ਹੋਰ ਕਾਰਜ-ਨਿਯੁਕਤੀ ਮਿਲੀ।
ਸਾਡੀ 59ਵੀਂ ਵਰ੍ਹੇ-ਗੰਢ ਤੋਂ ਸਿਰਫ਼ ਸੱਤਾਂ ਦਿਨਾਂ ਬਾਅਦ, ਮੇਰੀ ਪਿਆਰੀ ਪਤਨੀ 17 ਜੂਨ 1994 ਨੂੰ ਗੁਜ਼ਰ ਗਈ। ਅਸੀਂ ਦੋਹਾਂ ਨੇ ਇਕੱਠੇ ਪਾਇਨੀਅਰੀ ਕਰਨ ਦੇ 51 ਸਾਲ ਪੂਰੇ ਕੀਤੇ ਸਨ।
ਮੈਂ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚਦਾ ਹਾਂ ਤੇ ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਬਾਈਬਲ ਨੇ ਜ਼ਿੰਦਗੀ ਦੀ ਹਰ ਮੁਸ਼ਕਲ ਸਮੇਂ ਸਾਨੂੰ ਬੇਸ਼ਕੀਮਤੀ ਸਲਾਹ ਅਤੇ ਹੌਸਲਾ-ਅਫ਼ਜ਼ਾਈ ਦਿੱਤੀ। ਆਈਲੀਨ ਦੀ ਬਾਈਬਲ ਵਿਚ ਉਸ ਦੀਆਂ ਮਨਪਸੰਦ ਆਇਤਾਂ ਤੇ ਸ਼ਬਦਾਂ ਹੇਠ ਲਾਈਨਾਂ ਲੱਗੀਆਂ ਹੋਈਆਂ ਹਨ। ਕਈ ਵਾਰ ਮੈਂ ਉਸ ਦੀ ਬਾਈਬਲ ਇਸਤੇਮਾਲ ਕਰਦਾ ਹਾਂ ਅਤੇ ਇਸ ਨੂੰ ਪੜ੍ਹ ਕੇ ਮੈਨੂੰ ਖ਼ੁਸ਼ੀ ਦੇ ਨਾਲ-ਨਾਲ ਬਹੁਤ ਹੌਸਲਾ ਵੀ ਮਿਲਦਾ ਹੈ। ਆਈਲੀਨ ਵਾਂਗ ਮੈਂ ਵੀ ਆਪਣੀ ਬਾਈਬਲ ਵਿਚ ਕਈ ਥਾਵਾਂ ਤੇ ਨਿਸ਼ਾਨ ਲਾਏ ਹੋਏ ਹਨ ਜਿਨ੍ਹਾਂ ਤੋਂ ਮੈਨੂੰ ਖ਼ਾਸ ਤੌਰ ਤੇ ਹੌਸਲਾ ਮਿਲਦਾ ਹੈ। ਇਸ ਵਿਚ ਇਕ 137ਵਾਂ ਜ਼ਬੂਰ ਹੈ ਜਿਸ ਵਿਚ ਯਹੋਵਾਹ ਲਈ ਇਕ ਖ਼ੂਬਸੂਰਤ ਅਰਜੋਈ ਲਿਖੀ ਹੋਈ ਹੈ: “ਹੇ ਯਰੂਸ਼ਲਮ ਜੇਕਰ ਮੈਂ ਤੈਨੂੰ ਭੁੱਲਾਂ, ਤਾਂ ਮੇਰੇ ਸਾਜ ਵਜਾਉਣ ਵਾਲੇ ਹੱਥ ਸੁੱਕ ਜਾਣ। ਮੇਰੀ ਜੀਭ ਵੀ ਹਮੇਸ਼ਾ ਦੇ ਲਈ ਤਾਲੂ ਨਾਲ ਜੁੜ ਜਾਵੇ, ਜੇਕਰ ਮੈਂ ਆਪਣੀਆਂ ਸਭ ਖ਼ੁਸ਼ੀਆਂ ਤੋਂ ਵੱਧ ਤੈਨੂੰ ਯਾਦ ਨਾ ਕਰਾਂ।” (ਜ਼ਬੂਰ 137:5, 6; ਪਵਿੱਤਰ ਬਾਈਬਲ ਨਵਾਂ ਅਨੁਵਾਦ) ਬੇਸ਼ੱਕ ਮੈਨੂੰ ਸੰਗੀਤ ਨਾਲ ਬੇਹੱਦ ਪਿਆਰ ਹੈ, ਪਰ ਮੈਨੂੰ ਸਭ ਤੋਂ ਵੱਧ ਖ਼ੁਸ਼ੀ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਨ ਵਿਚ ਮਿਲਦੀ ਹੈ ਜਿਸ ਨੇ ਮੈਨੂੰ ਖ਼ੁਸ਼ੀਆਂ-ਭਰਪੂਰ ਅਤੇ ਤਸੱਲੀਬਖ਼ਸ਼ ਜ਼ਿੰਦਗੀ ਬਖ਼ਸ਼ੀ ਹੈ।
[ਫੁਟਨੋਟ]
a 1 ਜੂਨ 1973 ਦੇ ਪਹਿਰਾਬੁਰਜ ਵਿਚ ਇਹ ਦੱਸਿਆ ਗਿਆ ਕਿ ਇਕ ਵਿਅਕਤੀ ਨੂੰ ਬਪਤਿਸਮਾ ਲੈਣ ਅਤੇ ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਤਮਾਖੂਨੋਸ਼ੀ ਕਿਉਂ ਛੱਡਣੀ ਚਾਹੀਦੀ ਹੈ।
[ਸਫ਼ੇ 28 ਉੱਤੇ ਤਸਵੀਰ]
ਸੰਨ 1947 ਵਿਚ ਆਈਲੀਨ ਨਾਲ
[ਸਫ਼ੇ 30 ਉੱਤੇ ਤਸਵੀਰ]
ਰਿਕਾਰਡਿੰਗ ਦੇ ਸਮੇਂ