ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 4/1 ਸਫ਼ੇ 14-19
  • ਸੱਚੀ ਮਸੀਹੀਅਤ ਪ੍ਰਬਲ ਹੁੰਦੀ ਹੈ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੱਚੀ ਮਸੀਹੀਅਤ ਪ੍ਰਬਲ ਹੁੰਦੀ ਹੈ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੇ ਦਿਨਾਂ ਵਿਚ ਬਚਨ ਦਾ ਵਾਧਾ
  • ਅੱਜ ਪਵਿੱਤਰ ਆਤਮਾ ਦਾ ਕੰਮ
  • ਪਰਮੇਸ਼ੁਰ ਦਾ ਬਚਨ ਜੋਸ਼ੀਲੇ ਕਾਮਿਆਂ ਵਿਚ ਪ੍ਰਬਲ ਹੁੰਦਾ ਹੈ
  • ਪਰਮੇਸ਼ੁਰ ਦਾ ਪਿਆਰ ਜ਼ਰੂਰ ਪ੍ਰਬਲ ਹੋਵੇਗਾ
  • ‘ਯਹੋਵਾਹ ਦਾ ਬਚਨ ਵਧਦਾ ਗਿਆ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • “ਕੌਮਾਂ ਉੱਤੇ ਸਾਖੀ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਾਰੇ ਸੱਚੇ ਮਸੀਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 4/1 ਸਫ਼ੇ 14-19

ਸੱਚੀ ਮਸੀਹੀਅਤ ਪ੍ਰਬਲ ਹੁੰਦੀ ਹੈ!

“ਇਸੇ ਤਰਾਂ ਪ੍ਰਭੁ ਦਾ ਬਚਨ ਵਧਿਆ ਅਤੇ ਪਰਬਲ ਹੋਇਆ।”​—ਰਸੂਲਾਂ ਦੇ ਕਰਤੱਬ 19:20.

1. ਪਹਿਲੀ ਸਦੀ ਵਿਚ ਮਸੀਹੀਅਤ ਦੇ ਫੈਲਣ ਬਾਰੇ ਦੱਸੋ।

ਪਵਿੱਤਰ ਆਤਮਾ ਦੀ ਤਾਕਤ ਨਾਲ ਪਹਿਲੇ ਮਸੀਹੀਆਂ ਨੇ ਇੰਨੇ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕੀਤਾ ਕਿ ਇਸ ਜੋਸ਼ ਨੂੰ ਠੰਢਾ ਨਹੀਂ ਕੀਤਾ ਜਾ ਸਕਦਾ ਸੀ। ਇਕ ਇਤਿਹਾਸਕਾਰ ਨੇ ਲਿਖਿਆ: “ਮਸੀਹੀਅਤ ਪੂਰੇ ਰੋਮੀ ਸਾਮਰਾਜ ਵਿਚ ਬਹੁਤ ਹੀ ਤੇਜ਼ੀ ਨਾਲ ਫੈਲ ਗਈ ਸੀ। ਸਾਲ 100 ਤਕ ਸੰਭਵ ਤੌਰ ਤੇ ਭੂਮੱਧ-ਸਾਗਰ ਦੇ ਕੰਢੇ ਤੇ ਸਥਿਤ ਹਰ ਸੂਬੇ ਵਿਚ ਮਸੀਹੀ ਸਮਾਜ ਸੀ।”

2. ਸ਼ਤਾਨ ਨੇ ਖ਼ੁਸ਼ ਖ਼ਬਰੀ ਦੇ ਵਾਧੇ ਉੱਤੇ ਕਿਵੇਂ ਹਮਲਾ ਕੀਤਾ ਸੀ ਅਤੇ ਇਸ ਬਾਰੇ ਕੀ ਭਵਿੱਖਬਾਣੀ ਕੀਤੀ ਗਈ ਸੀ?

2 ਸ਼ਤਾਨ ਅਰਥਾਤ ਇਬਲੀਸ ਪਹਿਲੇ ਮਸੀਹੀਆਂ ਨੂੰ ਚੁੱਪ ਨਹੀਂ ਕਰਾ ਸਕਿਆ। ਇਸ ਦੀ ਬਜਾਇ, ਉਸ ਨੇ ਖ਼ੁਸ਼ ਖ਼ਬਰੀ ਦੇ ਵਾਧੇ ਉੱਤੇ ਧਰਮ-ਤਿਆਗ ਦੇ ਰਾਹੀਂ ਹਮਲਾ ਕੀਤਾ। ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੇ ਆਪਣੇ ਦ੍ਰਿਸ਼ਟਾਂਤ ਵਿਚ ਇਸ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ। (ਮੱਤੀ 13:24-30, 36-43) ਪਤਰਸ ਰਸੂਲ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਕਲੀਸਿਯਾ ਵਿਚ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਵਿਨਾਸ਼ਕਾਰੀ ਧੜੇ ਬਣਾ ਦੇਣਗੇ। (2 ਪਤਰਸ 2:1-3) ਇਸੇ ਤਰ੍ਹਾਂ, ਪੌਲੁਸ ਰਸੂਲ ਨੇ ਸਪੱਸ਼ਟ ਤੌਰ ਤੇ ਚੇਤਾਵਨੀ ਦਿੱਤੀ ਸੀ ਕਿ ਯਹੋਵਾਹ ਦਾ ਦਿਨ ਆਉਣ ਤੋਂ ਪਹਿਲਾਂ ਧਰਮ-ਤਿਆਗ ਹੋਵੇਗਾ।​—2 ਥੱਸਲੁਨੀਕੀਆਂ 2:1-3.

3. ਰਸੂਲਾਂ ਦੇ ਮਰਨ ਤੋਂ ਬਾਅਦ ਕੀ ਹੋਇਆ?

3 ਰਸੂਲਾਂ ਦੇ ਮਰਨ ਤੋਂ ਬਾਅਦ, ਝੂਠੀਆਂ ਸਿੱਖਿਆਵਾਂ ਅਤੇ ਫ਼ਲਸਫ਼ੇ ਖ਼ੁਸ਼ ਖ਼ਬਰੀ ਉੱਤੇ ਭਾਰੂ ਹੋ ਗਏ ਸਨ। ਜਿਵੇਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ, ਝੂਠੇ ਨਬੀਆਂ ਨੇ ਸੱਚਾਈ ਦੇ ਖਰੇ ਸੰਦੇਸ਼ ਨੂੰ ਤੋੜਿਆ-ਮਰੋੜਿਆ ਅਤੇ ਪਲੀਤ ਕੀਤਾ। ਹੌਲੀ-ਹੌਲੀ ਸੱਚੀ ਮਸੀਹੀਅਤ ਉੱਤੇ ਝੂਠੀ ਮਸੀਹੀਅਤ ਦਾ ਗਲਬਾ ਪੈ ਗਿਆ। ਪਾਦਰੀ ਵਰਗ ਖੜ੍ਹਾ ਹੋਇਆ ਜਿਸ ਨੇ ਬਾਈਬਲ ਨੂੰ ਆਮ ਲੋਕਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਆਪਣੇ ਆਪ ਨੂੰ ਮਸੀਹੀ ਕਹਿਣ ਵਾਲੇ ਲੋਕਾਂ ਦੀ ਗਿਣਤੀ ਵਧੀ, ਪਰ ਉਨ੍ਹਾਂ ਦੀ ਭਗਤੀ ਸ਼ੁੱਧ ਨਹੀਂ ਸੀ। ਈਸਾਈ ਧਰਮ ਦੂਰ-ਦੁਰਾਡੇ ਖੇਤਰਾਂ ਤਕ ਫੈਲ ਗਿਆ ਅਤੇ ਪੱਛਮੀ ਦੇਸ਼ਾਂ ਵਿਚ ਇਕ ਸ਼ਕਤੀਸ਼ਾਲੀ ਧਰਮ ਬਣ ਗਿਆ ਜਿਸ ਨੇ ਉੱਥੋਂ ਦੇ ਸਭਿਆਚਾਰ ਉੱਤੇ ਡੂੰਘਾ ਪ੍ਰਭਾਵ ਪਾਇਆ। ਪਰ ਇਸ ਧਰਮ ਤੇ ਨਾ ਤਾਂ ਪਰਮੇਸ਼ੁਰ ਦੀ ਬਰਕਤ ਸੀ ਤੇ ਨਾ ਹੀ ਉਸ ਦੀ ਪਵਿੱਤਰ ਆਤਮਾ।

4. ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕਣ ਲਈ ਸ਼ਤਾਨ ਦੀ ਸਕੀਮ ਕਾਮਯਾਬ ਕਿਉਂ ਨਹੀਂ ਹੋਈ?

4 ਪਰ ਯਹੋਵਾਹ ਦੇ ਮਕਸਦ ਨੂੰ ਰੋਕਣ ਲਈ ਸ਼ਤਾਨ ਦੀ ਸਕੀਮ ਨਾਕਾਮਯਾਬ ਰਹੀ। ਜਦੋਂ ਧਰਮ-ਤਿਆਗ ਜ਼ੋਰਾਂ ਤੇ ਸੀ, ਉਦੋਂ ਵੀ ਕੁਝ ਲੋਕਾਂ ਵਿਚ ਸੱਚੀ ਮਸੀਹੀਅਤ ਜੀਉਂਦੀ ਰਹੀ। ਜਿਨ੍ਹਾਂ ਲੋਕਾਂ ਨੇ ਬਾਈਬਲ ਦੀਆਂ ਕਾਪੀਆਂ ਬਣਾਈਆਂ ਉਨ੍ਹਾਂ ਨੇ ਇਸ ਨੂੰ ਸਹੀ-ਸਹੀ ਕਾਪੀ ਕਰਨ ਲਈ ਬਹੁਤ ਮਿਹਨਤ ਕੀਤੀ। ਇਸ ਲਈ ਬਾਈਬਲ ਵਿਚ ਕੋਈ ਤਬਦੀਲੀ ਨਹੀਂ ਆਈ, ਭਾਵੇਂ ਕਿ ਇਸ ਨੂੰ ਸਿਖਾਉਣ ਦੇ ਅਧਿਕਾਰ ਦਾ ਦਾਅਵਾ ਕਰਨ ਵਾਲਿਆਂ ਨੇ ਇਸ ਦੇ ਸੰਦੇਸ਼ ਨੂੰ ਤੋੜਿਆ-ਮਰੋੜਿਆ। ਸਦੀਆਂ ਦੌਰਾਨ ਜਰੋਮ ਅਤੇ ਟਿੰਡੇਲ ਵਰਗੇ ਵਿਦਵਾਨਾਂ ਨੇ ਬਹੁਤ ਬਹਾਦਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਤਰਜਮਾ ਕਰ ਕੇ ਇਸ ਨੂੰ ਵੰਡਿਆ। ਕਰੋੜਾਂ ਲੋਕਾਂ ਨੂੰ ਬਾਈਬਲ ਵਿੱਚੋਂ ਜਾਣਕਾਰੀ ਮਿਲੀ ਅਤੇ ਮਸੀਹੀਅਤ ਦੇ ਕਿਸੇ ਨਾ ਕਿਸੇ ਰੂਪ ਬਾਰੇ ਪਤਾ ਲੱਗਾ, ਭਾਵੇਂ ਇਹ ਰੂਪ ਨਕਲੀ ਹੀ ਸੀ।

5. ਸਹੀ ਗਿਆਨ ਬਾਰੇ ਨਬੀ ਦਾਨੀਏਲ ਨੇ ਕੀ ਭਵਿੱਖਬਾਣੀ ਕੀਤੀ ਸੀ?

5 ਅਖ਼ੀਰ, ਜਿਵੇਂ ਦਾਨੀਏਲ ਦੀ ਕਿਤਾਬ ਵਿਚ ਭਵਿੱਖਬਾਣੀ ਕੀਤੀ ਗਈ ਸੀ, ‘ਵਿੱਦਿਆ ਵਧੀ।’ ਇਹ “ਓੜਕ ਦੇ ਸਮੇਂ” ਵਿਚ ਹੋਇਆ ਜਿਸ ਵਿਚ ਅੱਜ ਅਸੀਂ ਰਹਿ ਰਹੇ ਹਾਂ। (ਦਾਨੀਏਲ 12:4) ਪਵਿੱਤਰ ਆਤਮਾ ਨੇ ਸੰਸਾਰ ਭਰ ਵਿਚ ਸੱਚਾਈ ਨੂੰ ਪਿਆਰ ਕਰਨ ਵਾਲਿਆਂ ਦੀ ਸੱਚੇ ਪਰਮੇਸ਼ੁਰ ਤੇ ਉਸ ਦੇ ਮਕਸਦ ਦੀ ਵਿੱਦਿਆ ਜਾਂ ਸਹੀ ਗਿਆਨ ਨੂੰ ਪ੍ਰਾਪਤ ਕਰਨ ਵਿਚ ਮਦਦ ਕੀਤੀ ਹੈ। ਸਦੀਆਂ ਤਕ ਧਰਮ-ਤਿਆਗੀ ਸਿੱਖਿਆਵਾਂ ਫੈਲੀਆਂ ਹੋਣ ਦੇ ਬਾਵਜੂਦ ਪਰਮੇਸ਼ੁਰ ਦਾ ਬਚਨ ਪ੍ਰਬਲ ਹੋਇਆ ਹੈ! ਅੱਜ ਖ਼ੁਸ਼ ਖ਼ਬਰੀ ਦਾ ਹਰ ਜਗ੍ਹਾ ਐਲਾਨ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਖ਼ੁਸ਼ੀਆਂ ਭਰੇ ਨਵੇਂ ਸੰਸਾਰ ਦੀ ਆਸ਼ਾ ਦਿੱਤੀ ਜਾ ਰਹੀ ਹੈ। (ਜ਼ਬੂਰ 37:11) ਆਓ ਆਪਾਂ ਆਧੁਨਿਕ ਸਮਿਆਂ ਵਿਚ ਹੋਏ ਪਰਮੇਸ਼ੁਰ ਦੇ ਬਚਨ ਦੇ ਵਾਧੇ ਬਾਰੇ ਜਾਣਕਾਰੀ ਲਈਏ।

ਸਾਡੇ ਦਿਨਾਂ ਵਿਚ ਬਚਨ ਦਾ ਵਾਧਾ

6. ਸਾਲ 1914 ਤਕ ਬਾਈਬਲ ਸਟੂਡੈਂਟਸ ਕਿਹੜੀਆਂ ਸੱਚਾਈਆਂ ਸਮਝ ਗਏ ਸਨ?

6 ਉੱਨੀਵੀਂ ਸਦੀ ਦੇ ਅਖ਼ੀਰ ਵਿਚ ਬਾਈਬਲ ਸੱਚਾਈ ਨੇ ਬਾਈਬਲ ਸਟੂਡੈਂਟਸ ਜਿਨ੍ਹਾਂ ਨੂੰ ਅੱਜ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਦੇ ਛੋਟੇ ਜਿਹੇ ਗਰੁੱਪ ਉੱਤੇ ਅਸਰ ਪਾਇਆ। ਸਾਲ 1914 ਤਕ ਉਨ੍ਹਾਂ ਨੂੰ ਬਾਈਬਲ ਦਾ ਕਾਫ਼ੀ ਗਿਆਨ ਹੋ ਚੁੱਕਾ ਸੀ। ਉਨ੍ਹਾਂ ਨੂੰ ਪਰਮੇਸ਼ੁਰ ਦੇ ਮਕਸਦ ਸੰਬੰਧੀ ਸ਼ਾਨਦਾਰ ਸੱਚਾਈਆਂ ਸਮਝ ਆਈਆਂ। ਉਨ੍ਹਾਂ ਉੱਤੇ ਯਹੋਵਾਹ ਦੇ ਪਿਆਰ ਦਾ ਬਹੁਤ ਅਸਰ ਪਿਆ ਜਿਸ ਨੇ ਅਨੰਤ ਜ਼ਿੰਦਗੀ ਪ੍ਰਾਪਤ ਕਰਨ ਦਾ ਰਾਹ ਖੋਲ੍ਹਣ ਵਾਸਤੇ ਆਪਣੇ ਪੁੱਤਰ ਨੂੰ ਧਰਤੀ ਉੱਤੇ ਘੱਲਿਆ ਸੀ। ਉਨ੍ਹਾਂ ਨੇ ਯਹੋਵਾਹ ਦੇ ਨਾਂ ਅਤੇ ਸ਼ਖ਼ਸੀਅਤ ਬਾਰੇ ਜਾਣਿਆ ਤੇ ਉਸ ਦੀ ਵਡਿਆਈ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪਤਾ ਲੱਗਾ ਕਿ “ਪਰਾਈਆਂ ਕੌਮਾਂ” ਦੇ ਸਮੇਂ ਖ਼ਤਮ ਹੋ ਚੁੱਕੇ ਸਨ ਅਤੇ ਕਿ ਪਰਮੇਸ਼ੁਰ ਦੀ ਸਰਕਾਰ ਜਲਦੀ ਹੀ ਮਨੁੱਖਜਾਤੀ ਨੂੰ ਬਰਕਤਾਂ ਦੇਵੇਗੀ। (ਲੂਕਾ 21:24) ਇਹ ਕਿੰਨੀ ਵਧੀਆ ਖ਼ੁਸ਼ ਖ਼ਬਰੀ ਹੈ! ਇਨ੍ਹਾਂ ਸ਼ਕਤੀਸ਼ਾਲੀ ਸੱਚਾਈਆਂ ਬਾਰੇ ਹਰ ਜਗ੍ਹਾ ਹਰ ਵਿਅਕਤੀ ਨੂੰ ਦੱਸਿਆ ਜਾਣਾ ਸੀ। ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਸਨ!

7. ਆਧੁਨਿਕ ਸਮਿਆਂ ਵਿਚ ਬਾਈਬਲ ਸੱਚਾਈ ਕਿਵੇਂ ਪ੍ਰਬਲ ਹੋਈ ਹੈ?

7 ਯਹੋਵਾਹ ਨੇ ਪਵਿੱਤਰ ਆਤਮਾ ਦੁਆਰਾ ਮਸਹ ਕੀਤੇ ਹੋਏ ਉਨ੍ਹਾਂ ਮੁੱਠੀ ਭਰ ਮਸੀਹੀਆਂ ਨੂੰ ਬਰਕਤ ਦਿੱਤੀ। ਅੱਜ ਸੱਚੀ ਮਸੀਹੀਅਤ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ 60 ਲੱਖ ਤੋਂ ਜ਼ਿਆਦਾ ਹੈ। ਕਿਉਂਕਿ 235 ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਹਨ ਜਿਸ ਕਰਕੇ ਪਰਮੇਸ਼ੁਰ ਦਾ ਬਚਨ ਹੋਰ ਜ਼ਿਆਦਾ ਖੇਤਰਾਂ ਵਿਚ ਫੈਲ ਚੁੱਕਾ ਹੈ। ਇਸ ਤੋਂ ਇਲਾਵਾ, ਬਾਈਬਲ ਸੱਚਾਈਆਂ ਨੇ ਲੋਕਾਂ ਤੇ ਪ੍ਰਭਾਵ ਪਾਇਆ ਹੈ ਤੇ ਧਾਰਮਿਕ ਤੇ ਦੂਸਰੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਹੈ। ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਇਹ ਪ੍ਰਚਾਰ ਦਾ ਕੰਮ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਯਿਸੂ ਅੱਜ ਰਾਜ ਕਰ ਰਿਹਾ ਹੈ।​—ਮੱਤੀ 24:3, 14.

8. ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਹੋਏ ਵਾਧੇ ਬਾਰੇ ਕੁਝ ਲੋਕਾਂ ਨੇ ਕੀ ਕਿਹਾ ਹੈ?

8 ਜਿਵੇਂ ਪਹਿਲੀ ਸਦੀ ਵਿਚ ਮਸੀਹੀਅਤ ਦੇ ਹੈਰਾਨੀਜਨਕ ਵਾਧੇ ਉੱਤੇ ਇਤਿਹਾਸਕਾਰਾਂ ਨੇ ਟਿੱਪਣੀਆਂ ਕੀਤੀਆਂ ਸਨ, ਉਸੇ ਤਰ੍ਹਾਂ ਬਹੁਤ ਸਾਰੇ ਵਿਦਵਾਨਾਂ ਨੇ ਆਧੁਨਿਕ ਸਮਿਆਂ ਵਿਚ ਵੀ ਯਹੋਵਾਹ ਦੇ ਲੋਕਾਂ ਦੀ ਗਿਣਤੀ ਵਿਚ ਹੋਏ ਵਾਧੇ ਬਾਰੇ ਟਿੱਪਣੀਆਂ ਕੀਤੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿਚ ਦੋ ਵਿਦਵਾਨਾਂ ਨੇ ਲਿਖਿਆ: “ਪਿਛਲੇ 75 ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਲਗਾਤਾਰ ਅਸਾਧਾਰਣ ਵਾਧਾ ਹੋਇਆ ਹੈ . . . ਅਤੇ ਇਹ ਵਾਧਾ ਪੂਰੀ ਦੁਨੀਆਂ ਵਿਚ ਹੋਇਆ ਹੈ।” ਪੂਰਬੀ ਅਫ਼ਰੀਕਾ ਦੇ ਇਕ ਰਸਾਲੇ ਨੇ ਕਿਹਾ ਕਿ ਗਵਾਹਾਂ ਦਾ ਧਰਮ “ਦੁਨੀਆਂ ਵਿਚ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਧਰਮਾਂ ਵਿੱਚੋਂ ਹੈ ਅਤੇ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਪੂਰੀ ਤਰ੍ਹਾਂ ਚੱਲਣ ਕਰਕੇ ਇਸ ਦੀ ਦੁਨੀਆਂ ਭਰ ਵਿਚ ਬਹੁਤ ਹੀ ਸ਼ਲਾਘਾ ਕੀਤੀ ਜਾਂਦੀ ਹੈ।” ਯੂਰਪ ਵਿਚ ਛਪਣ ਵਾਲੇ ਇਕ ਰੂੜ੍ਹੀਵਾਦੀ ਕੈਥੋਲਿਕ ਰਸਾਲੇ ਨੇ “ਯਹੋਵਾਹ ਦੇ ਗਵਾਹਾਂ ਦੇ ਹੈਰਾਨੀਜਨਕ ਵਾਧੇ” ਬਾਰੇ ਦੱਸਿਆ। ਇਹ ਵਾਧਾ ਕਿੱਦਾਂ ਹੋਇਆ?

ਅੱਜ ਪਵਿੱਤਰ ਆਤਮਾ ਦਾ ਕੰਮ

9. (ੳ) ਅੱਜ ਪਰਮੇਸ਼ੁਰ ਦੇ ਬਚਨ ਦੇ ਪ੍ਰਬਲ ਹੋਣ ਦਾ ਇਕ ਮੁੱਖ ਕਾਰਨ ਕੀ ਹੈ? (ਅ) ਯਹੋਵਾਹ ਲੋਕਾਂ ਨੂੰ ਆਪਣੇ ਵੱਲ ਕਿਵੇਂ ਖਿੱਚਦਾ ਹੈ?

9 ਅੱਜ ਪਰਮੇਸ਼ੁਰ ਦੇ ਬਚਨ ਦੇ ਪ੍ਰਬਲ ਹੋਣ ਦਾ ਇਕ ਮੁੱਖ ਕਾਰਨ ਇਹ ਹੈ ਕਿ ਪਹਿਲੀ ਸਦੀ ਦੀ ਤਰ੍ਹਾਂ ਅੱਜ ਵੀ ਯਹੋਵਾਹ ਦੀ ਪਵਿੱਤਰ ਆਤਮਾ ਕੰਮ ਕਰ ਰਹੀ ਹੈ। ਯਿਸੂ ਨੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਇਹ ਆਇਤ ਦੱਸਦੀ ਹੈ ਕਿ ਪਰਮੇਸ਼ੁਰ ਸਹੀ ਮਨੋਬਿਰਤੀ ਰੱਖਣ ਵਾਲੇ ਲੋਕਾਂ ਦੇ ਦਿਲਾਂ ਤਕ ਪਹੁੰਚ ਕੇ ਉਨ੍ਹਾਂ ਨੂੰ ਬੜੇ ਪਿਆਰ ਨਾਲ ਆਪਣੇ ਵੱਲ ਖਿੱਚਦਾ ਹੈ। ਆਪਣੇ ਗਵਾਹਾਂ ਦੇ ਪ੍ਰਚਾਰ ਕੰਮ ਦੁਆਰਾ ਯਹੋਵਾਹ ਆਪਣੀ ਸੇਵਾ ਲਈ “ਸਾਰੀਆਂ ਕੌਮਾਂ ਦੇ ਪਦਾਰਥ” ਯਾਨੀ ਨਿਮਰ ਅਤੇ ਭੇਡਾਂ ਵਰਗੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ।​—ਹੱਜਈ 2:6, 7.

10. ਕਿਸ ਤਰ੍ਹਾਂ ਦੇ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਸਵੀਕਾਰ ਕੀਤਾ ਹੈ?

10 ਪਵਿੱਤਰ ਆਤਮਾ ਨੇ ਨਾ ਸਿਰਫ਼ ਪਰਮੇਸ਼ੁਰ ਦੇ ਬਚਨ ਨੂੰ ਧਰਤੀ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਲੈ ਜਾਣ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕੀਤੀ ਹੈ, ਬਲਕਿ ਇਸ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਪ੍ਰਤੀ ਹੁੰਗਾਰਾ ਭਰਨ ਲਈ ਪ੍ਰੇਰਿਤ ਕੀਤਾ ਹੈ। ਹਾਂ, ਜਿਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਸਵੀਕਾਰ ਕੀਤਾ ਹੈ ਉਹ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ” ਵਿੱਚੋਂ ਆਏ ਹਨ। (ਪਰਕਾਸ਼ ਦੀ ਪੋਥੀ 5:9; 7:9, 10) ਉਹ ਅਮੀਰ ਵੀ ਹਨ ਤੇ ਗ਼ਰੀਬ ਵੀ, ਬਹੁਤ ਪੜ੍ਹੇ-ਲਿਖੇ ਵੀ ਹਨ ਤੇ ਅਨਪੜ੍ਹ ਵੀ। ਕੁਝ ਲੋਕਾਂ ਨੇ ਬਚਨ ਨੂੰ ਲੜਾਈ ਜਾਂ ਨਿਰਦਈ ਅਤਿਆਚਾਰ ਦੇ ਸਮੇਂ ਵਿਚ ਸਵੀਕਾਰ ਕੀਤਾ ਤੇ ਕਈਆਂ ਨੇ ਸ਼ਾਂਤੀ ਤੇ ਖ਼ੁਸ਼ਹਾਲੀ ਦੇ ਸਮਿਆਂ ਵਿਚ। ਹਰ ਤਰ੍ਹਾਂ ਦੀ ਸਰਕਾਰ ਦੇ ਅਧੀਨ, ਸਾਰੇ ਸਭਿਆਚਾਰਾਂ ਵਿਚ, ਨਜ਼ਰਬੰਦੀ-ਕੈਂਪਾਂ ਤੋਂ ਲੈ ਕੇ ਮਹਿਲਾਂ ਤਕ, ਆਦਮੀਆਂ ਤੇ ਤੀਵੀਆਂ ਨੇ ਖ਼ੁਸ਼ ਖ਼ਬਰੀ ਪ੍ਰਤੀ ਚੰਗਾ ਹੁੰਗਾਰਾ ਭਰਿਆ ਹੈ।

11. ਪਵਿੱਤਰ ਆਤਮਾ ਪਰਮੇਸ਼ੁਰ ਦੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਕਿਵੇਂ ਅਸਰ ਪਾਉਂਦੀ ਹੈ ਅਤੇ ਕਿਹੜਾ ਫ਼ਰਕ ਅਸੀਂ ਸਪੱਸ਼ਟ ਤੌਰ ਤੇ ਦੇਖ ਸਕਦੇ ਹਾਂ?

11 ਭਾਵੇਂ ਕਿ ਯਹੋਵਾਹ ਦੇ ਲੋਕ ਇਕ-ਦੂਜੇ ਤੋਂ ਬਹੁਤ ਵੱਖਰੇ ਹਨ, ਪਰ ਫਿਰ ਵੀ ਉਹ ਇਕ-ਦੂਜੇ ਨਾਲ ਮਿਲ-ਜੁਲ ਕੇ ਰਹਿੰਦੇ ਹਨ। (ਜ਼ਬੂਰ 133:1-3) ਇਸ ਤੋਂ ਹੋਰ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਵਿਚ ਪਵਿੱਤਰ ਆਤਮਾ ਕੰਮ ਕਰ ਰਹੀ ਹੈ। ਉਸ ਦੀ ਪਵਿੱਤਰ ਆਤਮਾ ਬਹੁਤ ਸ਼ਕਤੀਸ਼ਾਲੀ ਹੈ ਜੋ ਉਸ ਦੇ ਸੇਵਕਾਂ ਨੂੰ ਪ੍ਰੇਮ, ਆਨੰਦ, ਸ਼ਾਂਤੀ, ਦਿਆਲਗੀ ਅਤੇ ਦੂਸਰੇ ਵਧੀਆ ਗੁਣ ਦਿਖਾਉਣ ਦੇ ਕਾਬਲ ਬਣਾਉਂਦੀ ਹੈ। (ਗਲਾਤੀਆਂ 5:22, 23) ਅੱਜ ਅਸੀਂ ਮਲਾਕੀ ਨਬੀ ਦੁਆਰਾ ਬਹੁਤ ਚਿਰ ਪਹਿਲਾਂ ਕੀਤੀ ਭਵਿੱਖਬਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਉਸ ਨੇ ਕਿਹਾ ਸੀ: “ਤੁਸੀਂ . . . ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।”​—ਮਲਾਕੀ 3:18.

ਪਰਮੇਸ਼ੁਰ ਦਾ ਬਚਨ ਜੋਸ਼ੀਲੇ ਕਾਮਿਆਂ ਵਿਚ ਪ੍ਰਬਲ ਹੁੰਦਾ ਹੈ

12. ਯਹੋਵਾਹ ਦੇ ਗਵਾਹਾਂ ਦਾ ਪ੍ਰਚਾਰ ਦੇ ਕੰਮ ਬਾਰੇ ਕੀ ਨਜ਼ਰੀਆ ਹੈ ਅਤੇ ਉਹ ਪ੍ਰਚਾਰ ਦੇ ਕੰਮ ਪ੍ਰਤੀ ਲੋਕਾਂ ਤੋਂ ਕਿਸ ਤਰ੍ਹਾਂ ਦੇ ਹੁੰਗਾਰੇ ਦੀ ਆਸ ਰੱਖਦੇ ਹਨ?

12 ਯਹੋਵਾਹ ਦੇ ਗਵਾਹ ਚਰਚ ਜਾਣ ਵਾਲੇ ਲੋਕਾਂ ਵਾਂਗ ਸੁਸਤ ਨਹੀਂ ਹਨ। ਉਹ ਪ੍ਰਚਾਰ ਦੇ ਕੰਮ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਪਹਿਲੇ ਮਸੀਹੀਆਂ ਵਾਂਗ, ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਪੇਸ਼ ਕਰਦੇ ਹਨ ਅਤੇ ਯਹੋਵਾਹ ਦੇ ਵਾਅਦਿਆਂ ਬਾਰੇ ਦੂਸਰਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਪਰਮੇਸ਼ੁਰ ਦੇ ਸੰਗੀ ਕਾਮੇ ਹਨ ਜਿਹੜੇ ਉਸ ਦੀ ਪਵਿੱਤਰ ਆਤਮਾ ਮੁਤਾਬਕ ਚੱਲ ਕੇ ਯਹੋਵਾਹ ਦੀ ਸੇਵਾ ਲਈ ਦੂਸਰੇ ਲੋਕਾਂ ਨੂੰ ਇਕੱਠਾ ਕਰਦੇ ਹਨ। ਇਸ ਤਰ੍ਹਾਂ ਕਰਨ ਦੁਆਰਾ ਉਹ ਯਹੋਵਾਹ ਵਾਂਗ ਅਵਿਸ਼ਵਾਸੀ ਲੋਕਾਂ ਨੂੰ ਦਇਆ ਅਤੇ ਪਿਆਰ ਦਿਖਾਉਂਦੇ ਹਨ। ਤੇ ਉਹ ਲੋਕਾਂ ਦੀ ਲਾਪਰਵਾਹੀ, ਮਖੌਲ ਅਤੇ ਸਤਾਹਟ ਦੇ ਬਾਵਜੂਦ ਵੀ ਇਹ ਕੰਮ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਗੱਲ ਲਈ ਤਿਆਰ ਕੀਤਾ ਸੀ ਕਿ ਲੋਕ ਖ਼ੁਸ਼ ਖ਼ਬਰੀ ਪ੍ਰਤੀ ਚੰਗਾ ਤੇ ਮਾੜਾ ਦੋਵੇਂ ਤਰ੍ਹਾਂ ਦਾ ਹੁੰਗਾਰਾ ਭਰਨਗੇ। ਉਸ ਨੇ ਕਿਹਾ: “ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ। ਜੇ ਉਨ੍ਹਾਂ ਮੇਰੇ ਬਚਨ ਦੀ ਪਾਲਨਾ ਕੀਤੀ ਤਾਂ ਤੁਹਾਡੇ ਦੀ ਵੀ ਪਾਲਨਾ ਕਰਨਗੇ।”​—ਯੂਹੰਨਾ 15:20.

13. ਈਸਾਈ-ਜਗਤ ਵਿਚ ਕਿਹੜੀਆਂ ਗੱਲਾਂ ਦੀ ਘਾਟ ਹੈ ਜਿਹੜੀਆਂ ਯਹੋਵਾਹ ਦੇ ਗਵਾਹਾਂ ਵਿਚ ਪਾਈਆਂ ਜਾਂਦੀਆਂ ਹਨ?

13 ਅਸੀਂ ਇਸ ਗੱਲ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ ਕਿ ਅੱਜ ਯਹੋਵਾਹ ਦੇ ਗਵਾਹਾਂ ਵਿਚ ਅਤੇ ਪਹਿਲੀ ਸਦੀ ਵਿਚ ਸੱਚੀ ਮਸੀਹੀਅਤ ਉੱਤੇ ਚੱਲਣ ਵਾਲਿਆਂ ਵਿਚ ਕਾਫ਼ੀ ਸਮਾਨਤਾ ਹੈ। ਇਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹਾਂ ਵਿਚ ਅਤੇ ਈਸਾਈ-ਜਗਤ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਪ੍ਰਚਾਰ ਵਿਚ ਪਹਿਲੇ ਮਸੀਹੀਆਂ ਦੇ ਜੋਸ਼ ਬਾਰੇ ਲਿਖਣ ਤੋਂ ਬਾਅਦ, ਇਕ ਵਿਦਵਾਨ ਅਫ਼ਸੋਸ ਨਾਲ ਕਹਿੰਦਾ ਹੈ: “ਜਦ ਤਕ ਚਰਚ ਦੀ ਪਾਲਸੀ ਵਿਚ ਤਬਦੀਲੀ ਨਹੀਂ ਆਉਂਦੀ ਤੇ ਹਰ ਬਪਤਿਸਮਾ-ਪ੍ਰਾਪਤ ਮਸੀਹੀ ਪ੍ਰਚਾਰ ਦਾ ਕੰਮ ਕਰਨਾ ਆਪਣਾ ਫ਼ਰਜ਼ ਨਹੀਂ ਸਮਝਦਾ ਅਤੇ ਆਪਣੇ ਵਿਚ ਚੰਗੇ ਗੁਣ ਪੈਦਾ ਨਹੀਂ ਕਰਦਾ ਜਿਸ ਨਾਲ ਉਹ ਅਵਿਸ਼ਵਾਸੀਆਂ ਤੋਂ ਵੱਖਰਾ ਨਜ਼ਰ ਆਵੇ, ਤਦ ਤਕ ਅਸੀਂ ਵਾਧੇ ਦੀ ਉਮੀਦ ਨਹੀਂ ਰੱਖ ਸਕਦੇ।” ਈਸਾਈ-ਜਗਤ ਵਿਚ ਇਨ੍ਹਾਂ ਗੱਲਾਂ ਦੀ ਘਾਟ ਹੈ, ਪਰ ਇਹ ਯਹੋਵਾਹ ਦੇ ਗਵਾਹਾਂ ਵਿਚ ਪਾਈਆਂ ਜਾਂਦੀਆਂ ਹਨ! ਉਨ੍ਹਾਂ ਦੀ ਨਿਹਚਾ ਜੀਉਂਦੀ ਤੇ ਸੱਚੀ ਹੈ ਅਤੇ ਬਾਈਬਲ ਦੀ ਸੱਚਾਈ ਉੱਤੇ ਆਧਾਰਿਤ ਹੈ ਜਿਸ ਬਾਰੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਲੋਕਾਂ ਨੂੰ ਇਹ ਸੱਚਾਈ ਦੱਸਣੀ ਚਾਹੀਦੀ ਹੈ ਜਿਹੜੇ ਸੁਣਨ ਲਈ ਤਿਆਰ ਹਨ।​—1 ਤਿਮੋਥਿਉਸ 2:3, 4.

14. ਯਿਸੂ ਨੇ ਆਪਣੀ ਸੇਵਕਾਈ ਨੂੰ ਕਿੱਦਾਂ ਲਿਆ ਅਤੇ ਅੱਜ ਉਸ ਦੇ ਚੇਲੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਨ?

14 ਯਿਸੂ ਨੇ ਆਪਣੀ ਸੇਵਕਾਈ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਇਸ ਨੂੰ ਹਮੇਸ਼ਾ ਪਹਿਲ ਦਿੱਤੀ। ਉਸ ਨੇ ਪਿਲਾਤੁਸ ਨੂੰ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਪਰਮੇਸ਼ੁਰ ਦੇ ਲੋਕ ਵੀ ਯਿਸੂ ਵਾਂਗ ਮਹਿਸੂਸ ਕਰਦੇ ਹਨ। ਬਾਈਬਲ ਦੀ ਸੱਚਾਈ ਨੂੰ ਆਪਣੇ ਦਿਲਾਂ ਵਿਚ ਬਿਠਾ ਕੇ ਉਹ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸਾਂਝੀ ਕਰਨ ਦੇ ਤਰੀਕੇ ਲੱਭਦੇ ਹਨ। ਕੁਝ ਤਰੀਕੇ ਉਨ੍ਹਾਂ ਦੀ ਕਾਬਲੀਅਤ ਨੂੰ ਬਿਆਨ ਕਰਦੇ ਹਨ।

15. ਕੁਝ ਗਵਾਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕਿਹੜਾ ਸ਼ਾਨਦਾਰ ਤਰੀਕਾ ਵਰਤਿਆ?

15 ਇਕ ਦੱਖਣੀ ਅਮਰੀਕੀ ਦੇਸ਼ ਵਿਚ ਗਵਾਹ ਲੋਕਾਂ ਨੂੰ ਸੱਚਾਈ ਸੁਣਾਉਣ ਲਈ ਐਮੇਜ਼ਨ ਨਦੀ ਦੀ ਇਕ ਸਹਾਇਕ ਨਦੀ ਰਾਹੀਂ ਸਫ਼ਰ ਕਰਦੇ ਸਨ। ਪਰ 1995 ਵਿਚ ਉੱਥੇ ਘਰੇਲੂ ਯੁੱਧ ਛਿੜ ਗਿਆ ਜਿਸ ਕਰਕੇ ਆਮ ਲੋਕਾਂ ਉੱਤੇ ਉਸ ਨਦੀ ਰਾਹੀਂ ਸਫ਼ਰ ਕਰਨ ਦੀ ਪਾਬੰਦੀ ਲਾ ਦਿੱਤੀ ਗਈ। ਗਵਾਹਾਂ ਨੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਾਈਬਲ ਦੇ ਪ੍ਰਕਾਸ਼ਨ ਭੇਜਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਇਸ ਲਈ ਗਵਾਹਾਂ ਨੇ ਪਾਣੀ ਰਾਹੀਂ ਸੰਦੇਸ਼ ਘੱਲਣ ਦਾ ਫ਼ੈਸਲਾ ਕੀਤਾ। ਉਹ ਚਿੱਠੀਆਂ ਲਿਖ ਕੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕਾਪੀਆਂ ਨਾਲ ਇਨ੍ਹਾਂ ਨੂੰ ਪਲਾਸਟਿਕ ਦੀਆਂ ਖਾਲੀ ਬੋਤਲਾਂ ਵਿਚ ਪਾ ਦਿੰਦੇ ਸਨ। ਫਿਰ ਉਹ ਬੋਤਲਾਂ ਨਦੀ ਵਿਚ ਸੁੱਟ ਦਿੰਦੇ ਸਨ। ਇਹ ਸਿਲਸਿਲਾ ਸਾਢੇ ਚਾਰ ਸਾਲਾਂ ਤਕ ਚੱਲਦਾ ਰਿਹਾ ਜਦ ਤਕ ਆਮ ਲੋਕਾਂ ਨੂੰ ਫਿਰ ਤੋਂ ਨਦੀ ਰਾਹੀਂ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨਦੀ ਦੇ ਕੰਢਿਆਂ ਤੇ ਰਹਿਣ ਵਾਲੇ ਲੋਕਾਂ ਨੇ ਸਾਹਿੱਤ ਭੇਜਣ ਲਈ ਗਵਾਹਾਂ ਦਾ ਧੰਨਵਾਦ ਕੀਤਾ। ਇਕ ਤੀਵੀਂ ਜੋ ਬਾਈਬਲ ਅਧਿਐਨ ਕਰ ਰਹੀ ਸੀ, ਨੇ ਗਵਾਹਾਂ ਨੂੰ ਗਲੇ ਲਾਇਆ ਤੇ ਰੋਂਦੇ ਹੋਏ ਕਿਹਾ: “ਮੈਂ ਸੋਚਿਆ ਕਿ ਮੈਂ ਤੁਹਾਨੂੰ ਫਿਰ ਕਦੀ ਮਿਲ ਨਹੀਂ ਪਾਂਵਾਂਗੀ। ਪਰ ਜਦੋਂ ਮੈਨੂੰ ਬੋਤਲਾਂ ਵਿਚ ਸਾਹਿੱਤ ਮਿਲਣਾ ਸ਼ੁਰੂ ਹੋ ਗਿਆ, ਤਾਂ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਮੈਨੂੰ ਭੁੱਲੇ ਨਹੀਂ!” ਨਦੀ ਦੇ ਕੰਢੇ ਤੇ ਰਹਿੰਦੇ ਦੂਸਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਰਸਾਲੇ ਪੜ੍ਹੇ। ਨਦੀ ਦੇ ਕੰਢੇ ਉੱਤੇ ਬਹੁਤ ਸਾਰੀਆਂ ਬਸਤੀਆਂ ਦਾ ਇਕ “ਡਾਕਖਾਨਾ” ਯਾਨੀ ਇਕ ਘੁੰਮਣਘੇਰੀ ਸੀ ਜਿੱਥੇ ਤੈਰ ਰਹੀਆਂ ਚੀਜ਼ਾਂ ਕੁਝ ਸਮੇਂ ਲਈ ਇਕੱਠੀਆਂ ਹੋ ਜਾਂਦੀਆਂ ਸਨ। ਦਿਲਚਸਪੀ ਰੱਖਣ ਵਾਲੇ ਲੋਕ ਇੱਥੇ ਆ ਕੇ ਦੇਖਦੇ ਸਨ ਕਿ ਕੋਈ “ਚਿੱਠੀ” ਤਾਂ ਨਹੀਂ ਆਈ।

16. ਜਦੋਂ ਅਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ, ਤਾਂ ਸਾਨੂੰ ਕਿਵੇਂ ਚੇਲੇ ਬਣਾਉਣ ਦੇ ਮੌਕੇ ਮਿਲਦੇ ਹਨ?

16 ਯਹੋਵਾਹ ਅਤੇ ਉਸ ਦੇ ਤਾਕਤਵਰ ਦੂਤ ਖ਼ੁਸ਼ ਖ਼ਬਰੀ ਦੇ ਕੰਮ ਨੂੰ ਨਿਰਦੇਸ਼ਿਤ ਕਰਦੇ ਹਨ ਤੇ ਇਸ ਨੂੰ ਕਰਨ ਵਿਚ ਮਦਦ ਦਿੰਦੇ ਹਨ। (ਪਰਕਾਸ਼ ਦੀ ਪੋਥੀ 14:6) ਆਪਣੇ ਆਪ ਨੂੰ ਇਸ ਕੰਮ ਲਈ ਪੇਸ਼ ਕਰਨ ਨਾਲ ਕਈ ਵਾਰੀ ਅਚਾਨਕ ਹੀ ਚੇਲੇ ਬਣਾਉਣ ਦੇ ਮੌਕੇ ਮਿਲ ਜਾਂਦੇ ਹਨ। ਕੀਨੀਆ ਦੇ ਨੈਰੋਬੀ ਸ਼ਹਿਰ ਵਿਚ ਦੋ ਮਸੀਹੀ ਤੀਵੀਆਂ ਨੇ ਪ੍ਰਚਾਰ ਕਰਦੇ ਹੋਏ ਆਪਣਾ ਖੇਤਰ ਖ਼ਤਮ ਕਰ ਲਿਆ। ਇਕ ਜਵਾਨ ਤੀਵੀਂ ਅਚਾਨਕ ਉਨ੍ਹਾਂ ਕੋਲ ਆਈ ਤੇ ਖ਼ੁਸ਼ ਹੁੰਦੇ ਹੋਏ ਕਹਿਣ ਲੱਗੀ: “ਮੈਂ ਤੁਹਾਡੇ ਵਰਗੇ ਲੋਕਾਂ ਨੂੰ ਮਿਲਣ ਲਈ ਪ੍ਰਾਰਥਨਾ ਕਰ ਰਹੀ ਸੀ।” ਉਸ ਨੇ ਗਵਾਹਾਂ ਨੂੰ ਬੇਨਤੀ ਕੀਤੀ ਕਿ ਉਹ ਉਸੇ ਵੇਲੇ ਉਸ ਦੇ ਘਰ ਆ ਕੇ ਉਹ ਦੇ ਨਾਲ ਗੱਲ ਕਰਨ। ਉਸੇ ਦਿਨ ਗਵਾਹਾਂ ਨੇ ਉਸ ਨੂੰ ਬਾਈਬਲ ਅਧਿਐਨ ਕਰਾਉਣਾ ਸ਼ੁਰੂ ਕਰ ਦਿੱਤਾ। ਉਸ ਤੀਵੀਂ ਨੇ ਉਨ੍ਹਾਂ ਮਸੀਹੀ ਭੈਣਾਂ ਨੂੰ ਫਟਾਫਟ ਆਉਣ ਲਈ ਕਿਉਂ ਕਿਹਾ? ਤਕਰੀਬਨ ਦੋ ਹਫ਼ਤੇ ਪਹਿਲਾਂ, ਉਸ ਦੀ ਬੱਚੀ ਦੀ ਮੌਤ ਹੋ ਗਈ ਸੀ। ਇਸ ਲਈ ਜਦੋਂ ਉਸ ਨੇ ਇਕ ਮੁੰਡੇ ਨੂੰ “ਮਰੇ ਹੋਏ ਪਿਆਰਿਆਂ ਲਈ ਕੀ ਉਮੀਦ?” ਨਾਮਕ ਟ੍ਰੈਕਟ ਲੈ ਕੇ ਜਾਂਦੇ ਹੋਏ ਦੇਖਿਆ, ਤਾਂ ਉਹ ਉਸ ਟ੍ਰੈਕਟ ਨੂੰ ਲੈਣਾ ਚਾਹੁੰਦੀ ਸੀ ਅਤੇ ਉਸ ਨੇ ਮੁੰਡੇ ਤੋਂ ਟ੍ਰੈਕਟ ਮੰਗਿਆ। ਮੁੰਡੇ ਨੇ ਟ੍ਰੈਕਟ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਉਸ ਨੇ ਗਵਾਹਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਨੇ ਉਸ ਨੂੰ ਟ੍ਰੈਕਟ ਦਿੱਤਾ ਸੀ। ਜਲਦੀ ਹੀ ਉਸ ਤੀਵੀਂ ਨੇ ਅਧਿਆਤਮਿਕ ਤੌਰ ਤੇ ਤਰੱਕੀ ਕੀਤੀ ਅਤੇ ਆਪਣੀ ਵਿੱਛੜ ਚੁੱਕੀ ਬੱਚੀ ਦੇ ਦੁੱਖ ਨੂੰ ਸਹਾਰ ਸਕੀ।

ਪਰਮੇਸ਼ੁਰ ਦਾ ਪਿਆਰ ਜ਼ਰੂਰ ਪ੍ਰਬਲ ਹੋਵੇਗਾ

17-19. ਰਿਹਾਈ-ਕੀਮਤ ਦੇਣ ਦੁਆਰਾ ਯਹੋਵਾਹ ਨੇ ਇਨਸਾਨਾਂ ਲਈ ਕਿਵੇਂ ਪਿਆਰ ਦਿਖਾਇਆ?

17 ਪੂਰੀ ਧਰਤੀ ਉੱਤੇ ਪਰਮੇਸ਼ੁਰ ਦੇ ਬਚਨ ਦੇ ਫੈਲਾਅ ਦਾ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਨਾਲ ਬਹੁਤ ਡੂੰਘਾ ਸੰਬੰਧ ਹੈ। ਰਿਹਾਈ-ਕੀਮਤ ਵਾਂਗ ਪ੍ਰਚਾਰ ਦਾ ਕੰਮ ਵੀ ਸਾਰੇ ਲੋਕਾਂ ਲਈ ਯਹੋਵਾਹ ਦੇ ਪਿਆਰ ਦਾ ਪ੍ਰਗਟਾਵਾ ਹੈ। ਯੂਹੰਨਾ ਰਸੂਲ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ ਗਿਆ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”​—ਯੂਹੰਨਾ 3:16.

18 ਜ਼ਰਾ ਯਹੋਵਾਹ ਦੇ ਪਿਆਰ ਬਾਰੇ ਸੋਚੋ ਜੋ ਉਸ ਨੇ ਰਿਹਾਈ-ਕੀਮਤ ਦੇਣ ਦੁਆਰਾ ਦਿਖਾਇਆ। ਅਰਬਾਂ ਸਾਲਾਂ ਤੋਂ ਪਰਮੇਸ਼ੁਰ ਨੇ ਆਪਣੇ ਇੱਕੋ-ਇਕ ਤੇ ਪਿਆਰੇ ਪੁੱਤਰ, ‘ਪਰਮੇਸ਼ੁਰ ਦੀ ਸਰਿਸ਼ਟ ਦੇ ਮੁੱਢ,’ ਨਾਲ ਇਕ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਿਆ। (ਪਰਕਾਸ਼ ਦੀ ਪੋਥੀ 3:14) ਯਿਸੂ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਯਹੋਵਾਹ ਆਪਣੇ ਪੁੱਤਰ ਨੂੰ “ਜਗਤ ਦੀ ਨੀਉਂ ਧਰਨ ਤੋਂ ਅੱਗੇ ਹੀ” ਪਿਆਰ ਕਰਦਾ ਸੀ। (ਯੂਹੰਨਾ 14:31; 17:24) ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਮਰਨ ਦਿੱਤਾ ਤਾਂਕਿ ਇਨਸਾਨਾਂ ਨੂੰ ਅਨੰਤ ਜ਼ਿੰਦਗੀ ਮਿਲੇ। ਪਰਮੇਸ਼ੁਰ ਨੇ ਕਿੰਨੇ ਵਧੀਆ ਤਰੀਕੇ ਨਾਲ ਇਨਸਾਨਾਂ ਲਈ ਆਪਣਾ ਪਿਆਰ ਦਿਖਾਇਆ!

19 ਯੂਹੰਨਾ 3:17 ਦੱਸਦਾ ਹੈ: “ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।” ਇਸ ਤਰ੍ਹਾਂ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਮੁਕਤੀ ਦੇ ਮਿਸ਼ਨ ਉੱਤੇ ਘੱਲਿਆ, ਨਾ ਕਿ ਇਨਸਾਨਾਂ ਦਾ ਨਿਆਂ ਕਰਨ ਜਾਂ ਦੋਸ਼ੀ ਠਹਿਰਾਉਣ ਲਈ। ਪਤਰਸ ਨੇ ਵੀ ਇਹੀ ਦੱਸਿਆ: “[ਯਹੋਵਾਹ] ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”​—2 ਪਤਰਸ 3:9.

20. ਮੁਕਤੀ ਦਾ ਖ਼ੁਸ਼ ਖ਼ਬਰੀ ਦੇ ਨਾਲ ਕੀ ਸੰਬੰਧ ਹੈ?

20 ਭਾਰੀ ਕੀਮਤ ਦੇ ਕੇ ਯਹੋਵਾਹ ਨੇ ਮੁਕਤੀ ਪ੍ਰਾਪਤ ਕਰਨ ਦਾ ਜੋ ਕਾਨੂੰਨੀ ਰਾਹ ਖੋਲ੍ਹਿਆ ਹੈ, ਉਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਫ਼ਾਇਦਾ ਲੈਣ। ਪੌਲੁਸ ਰਸੂਲ ਨੇ ਲਿਖਿਆ: “ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?”​—ਰੋਮੀਆਂ 10:13, 14.

21. ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦੇ ਮੌਕੇ ਬਾਰੇ ਸਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ?

21 ਦੁਨੀਆਂ ਭਰ ਵਿਚ ਹੋ ਰਹੇ ਇਸ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਦੇ ਕੰਮ ਵਿਚ ਹਿੱਸਾ ਲੈਣਾ ਕਿੰਨਾ ਵੱਡਾ ਸਨਮਾਨ ਹੈ! ਇਹ ਕੋਈ ਆਸਾਨ ਕੰਮ ਨਹੀਂ ਹੈ, ਪਰ ਯਹੋਵਾਹ ਨੂੰ ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਆਪਣੇ ਲੋਕਾਂ ਨੂੰ ਵਫ਼ਾਦਾਰੀ ਨਾਲ ਸੱਚਾਈ ਉੱਤੇ ਚੱਲਦੇ ਅਤੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹੋਏ ਦੇਖਦਾ ਹੈ! ਇਸ ਲਈ ਤੁਹਾਡੇ ਹਾਲਾਤ ਜੋ ਵੀ ਹਨ, ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਅਤੇ ਆਪਣੇ ਦਿਲਾਂ ਵਿਚ ਪਿਆਰ ਲੈ ਕੇ ਇਸ ਕੰਮ ਨੂੰ ਕਰਦੇ ਰਹੋ। ਅਤੇ ਯਾਦ ਰੱਖੋ ਕਿ ਅਸੀਂ ਦੁਨੀਆਂ ਭਰ ਵਿਚ ਜੋ ਵੀ ਕੰਮ ਕਰਦੇ ਹਾਂ, ਉਹ ਇਸ ਗੱਲ ਦਾ ਪੱਕਾ ਸਬੂਤ ਦਿੰਦਾ ਹੈ ਕਿ ਯਹੋਵਾਹ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਨੂੰ ਲਿਆਉਣ ਦੇ ਆਪਣੇ ਵਾਅਦੇ ਨੂੰ ਜਲਦੀ ਹੀ ਪੂਰਾ ਕਰੇਗਾ “ਜਿਨ੍ਹਾਂ ਵਿਚ ਧਰਮ ਵੱਸਦਾ ਹੈ।”​—2 ਪਤਰਸ 3:13.

ਕੀ ਤੁਹਾਨੂੰ ਯਾਦ ਹੈ?

• ਧਰਮ-ਤਿਆਗ ਖ਼ੁਸ਼ ਖ਼ਬਰੀ ਦੇ ਐਲਾਨ ਨੂੰ ਕਿਉਂ ਨਹੀਂ ਰੋਕ ਸਕਿਆ?

• ਸਾਡੇ ਦਿਨਾਂ ਵਿਚ ਯਹੋਵਾਹ ਦਾ ਬਚਨ ਕਿਵੇਂ ਪ੍ਰਬਲ ਹੋਇਆ ਹੈ?

• ਅੱਜ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਆਤਮਾ ਸਰਗਰਮ ਹੈ?

• ਰਿਹਾਈ-ਕੀਮਤ ਦਾ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨਾਲ ਕੀ ਸੰਬੰਧ ਹੈ?

[ਸਫ਼ੇ 16 ਉੱਤੇ ਗ੍ਰਾਫ/​ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਵੀਹਵੀਂ ਸਦੀ ਵਿਚ ਰਾਜ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਵਾਧਾ

ਔਸਤ ਪ੍ਰਕਾਸ਼ਕ (ਲੱਖਾਂ ਵਿਚ)

60

55

50

45

40

35

30

25

20

15

10

5

1900 1910 1920 1930 1940 1950 1960 1970 1980 1990 2000

[ਸਫ਼ੇ 15 ਉੱਤੇ ਤਸਵੀਰਾਂ]

ਜਰੋਮ

ਟਿੰਡੇਲ

ਗੁਟਨਬਰਗ

ਹਸ

[ਕ੍ਰੈਡਿਟ ਲਾਈਨ]

Gutenberg and Hus: From the book The Story of Liberty, 1878

[ਸਫ਼ੇ 15 ਉੱਤੇ ਤਸਵੀਰ]

ਬਾਈਬਲ ਸਟੂਡੈਂਟਸ 1920 ਦੇ ਦਹਾਕੇ ਵਿਚ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਹੋਏ

[ਸਫ਼ੇ 16, 17 ਉੱਤੇ ਤਸਵੀਰਾਂ]

ਪੂਰੀ ਦੁਨੀਆਂ ਵਿਚ ਲੋਕ ਖ਼ੁਸ਼ ਖ਼ਬਰੀ ਪ੍ਰਤੀ ਹੁੰਗਾਰਾ ਭਰ ਰਹੇ ਹਨ

[ਸਫ਼ੇ 18 ਉੱਤੇ ਤਸਵੀਰ]

ਯਿਸੂ ਮਸੀਹ ਦੇ ਬਲੀਦਾਨ ਵਾਂਗ ਪ੍ਰਚਾਰ ਕੰਮ ਵੀ ਪਰਮੇਸ਼ੁਰ ਦੇ ਪਿਆਰ ਨੂੰ ਦਿਖਾਉਂਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ