ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 8/1 ਸਫ਼ੇ 4-6
  • ਤੁਹਾਡੇ ਵਿਸ਼ਵਾਸਾਂ ਦਾ ਆਧਾਰ ਕੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਹਾਡੇ ਵਿਸ਼ਵਾਸਾਂ ਦਾ ਆਧਾਰ ਕੀ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਹਾਨੂੰ ਬਚਪਨ ਤੋਂ ਇਨ੍ਹਾਂ ਦੀ ਸਿੱਖਿਆ ਦਿੱਤੀ ਗਈ ਹੈ?
  • ਕੀ ਇਹ ਤੁਹਾਨੂੰ ਸਕੂਲ ਵਿਚ ਸਿਖਾਇਆ ਗਿਆ ਸੀ?
  • ਸੰਚਾਰ ਮਾਧਿਅਮ ਦੁਆਰਾ ਪ੍ਰਭਾਵਿਤ?
  • ਆਪਣੇ ਵਿਸ਼ਵਾਸਾਂ ਦਾ ਠੋਸ ਆਧਾਰ ਲੱਭੋ
  • ਵਿਸ਼ਵਾਸ ਕਰਨ ਦਾ ਤੁਹਾਡਾ ਹੱਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਕੀ ਆਪਣਾ ਧਰਮ ਬਦਲਣਾ ਗ਼ਲਤ ਹੈ?
    ਜਾਗਰੂਕ ਬਣੋ!—2009
  • ਕੀ ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਤੁਹਾਡਾ ਧਰਮ ਵਾਸਤਵ ਵਿਚ ਮਹੱਤਤਾ ਰੱਖਦਾ ਹੈ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 8/1 ਸਫ਼ੇ 4-6

ਤੁਹਾਡੇ ਵਿਸ਼ਵਾਸਾਂ ਦਾ ਆਧਾਰ ਕੀ ਹੈ?

ਵਿਸ਼ਵਾਸ ਕਰਨ ਦਾ ਮਤਲਬ ਹੈ “ਕਿਸੇ ਗੱਲ ਨੂੰ ਸਹੀ ਜਾਂ ਸੱਚ ਮੰਨਣਾ।” ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਵਿਚ ਕਿਹਾ ਗਿਆ ਹੈ ਕਿ ਹਰ ਵਿਅਕਤੀ ਨੂੰ “ਵਿਚਾਰ, ਅੰਤਹਕਰਣ ਅਤੇ ਧਾਰਮਿਕ ਆਜ਼ਾਦੀ ਦਾ ਅਧਿਕਾਰ ਹੈ।” ਇਸ ਅਧਿਕਾਰ ਵਿਚ ਇਹ ਵੀ ਸ਼ਾਮਲ ਹੈ ਕਿ ਜੇ ਕੋਈ ਚਾਹੇ, ਤਾਂ ਉਹ “ਆਪਣਾ ਧਰਮ ਜਾਂ ਵਿਸ਼ਵਾਸ ਬਦਲ ਸਕਦਾ ਹੈ।”

ਪਰ ਕਿਉਂ ਕੋਈ ਆਪਣਾ ਧਰਮ ਜਾਂ ਵਿਸ਼ਵਾਸ ਬਦਲਣਾ ਚਾਹੇਗਾ? ਅੱਜ-ਕੱਲ੍ਹ ਲੋਕ ਆਮ ਕਹਿੰਦੇ ਹਨ, “ਮੇਰਾ ਆਪਣਾ ਧਰਮ ਹੈ ਤੇ ਮੈਂ ਇਸ ਤੋਂ ਖ਼ੁਸ਼ ਹਾਂ।” ਬਹੁਤ ਸਾਰੇ ਲੋਕ ਸੋਚਦੇ ਹਨ ਕਿ ਗ਼ਲਤ ਵਿਸ਼ਵਾਸਾਂ ਨਾਲ ਵੀ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਉਦਾਹਰਣ ਲਈ ਜੇ ਕੋਈ ਵਿਸ਼ਵਾਸ ਕਰਦਾ ਹੈ ਕਿ ਧਰਤੀ ਚਪਟੀ ਹੈ, ਤਾਂ ਇਸ ਨਾਲ ਉਸ ਨੂੰ ਜਾਂ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕਈ ਲੋਕ ਕਹਿੰਦੇ ਹਨ ਕਿ “ਸਾਰਿਆਂ ਨੂੰ ਆਪਣਾ-ਆਪਣਾ ਵਿਚਾਰ ਰੱਖਣ ਦਾ ਹੱਕ ਹੈ।” ਪਰ ਕੀ ਇਸ ਤਰ੍ਹਾਂ ਕਰਨਾ ਹਮੇਸ਼ਾ ਠੀਕ ਹੁੰਦਾ ਹੈ? ਕੀ ਕੋਈ ਡਾਕਟਰ ਚੁੱਪ ਰਹੇਗਾ ਜੇ ਉਸ ਦਾ ਸਾਥੀ ਡਾਕਟਰ ਵਿਸ਼ਵਾਸ ਕਰਦਾ ਹੈ ਕਿ ਮੁਰਦਾ ਘਰ ਵਿਚ ਮੁਰਦਿਆਂ ਨੂੰ ਹੱਥ ਲਾਉਣ ਤੋਂ ਬਾਅਦ ਉਹ ਸਿੱਧਾ ਹਸਪਤਾਲ ਦੇ ਵਾਰਡ ਵਿਚ ਬਿਨਾਂ ਹੱਥ ਧੋਤੇ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਲਈ ਜਾ ਸਕਦਾ ਹੈ?

ਜਦੋਂ ਧਰਮ ਦੀ ਗੱਲ ਆਉਂਦੀ ਹੈ, ਤਾਂ ਬੀਤੇ ਸਮੇਂ ਵਿਚ ਗ਼ਲਤ ਵਿਸ਼ਵਾਸਾਂ ਨੇ ਬਹੁਤ ਤਬਾਹੀ ਮਚਾਈ ਹੈ। ਜ਼ਰਾ ਉਸ ਖ਼ੌਫ਼ ਦੀ ਕਲਪਨਾ ਕਰੋ ਜੋ ਕਿ ਮੱਧਕਾਲ ਦੌਰਾਨ ਹੋਏ ਅਖਾਉਤੀ ਪਵਿੱਤਰ ਧਰਮ ਯੁੱਧਾਂ ਵਿਚ ਧਾਰਮਿਕ ਆਗੂਆਂ ਦੁਆਰਾ “ਭੜਕਾਏ ਈਸਾਈ ਕੱਟੜ-ਪੰਥੀਆਂ ਨੇ ਬੇਰਹਿਮੀ ਨਾਲ ਖ਼ੂਨ-ਖ਼ਰਾਬਾ” ਕਰ ਕੇ ਫੈਲਾਇਆ ਸੀ। ਜਾਂ ਹਾਲ ਹੀ ਵਿਚ ਹੋਏ ਇਕ ਘਰੇਲੂ ਯੁੱਧ ਵਿਚ ਅੱਜ ਦੇ “ਈਸਾਈ” ਬੰਦੂਕਧਾਰੀਆਂ ਬਾਰੇ ਸੋਚੋ। “ਜਿਵੇਂ ਮੱਧਕਾਲ ਵਿਚ ਯੋਧਿਆਂ ਨੇ ਆਪਣੀਆਂ ਤਲਵਾਰਾਂ ਦੀਆਂ ਮੁੱਠਾਂ ਉੱਤੇ ਆਪਣੇ ਸੰਤਾਂ ਦੇ ਨਾਂ ਲਿਖੇ ਸਨ, ਉਸੇ ਤਰ੍ਹਾਂ ਇਨ੍ਹਾਂ ਬੰਦੂਕਧਾਰੀਆਂ ਨੇ ਆਪਣੀਆਂ ਬੰਦੂਕਾਂ ਦੇ ਬੱਟਾਂ ਉੱਤੇ ਕੁਆਰੀ ਮਰਿਯਮ ਦੀਆਂ ਤਸਵੀਰਾਂ ਚੰਬੇੜੀਆਂ ਹੋਈਆਂ ਸਨ।” ਇਹ ਸਾਰੇ ਦੇ ਸਾਰੇ ਕੱਟੜ-ਪੰਥੀ ਇਹੀ ਸੋਚਦੇ ਸਨ ਕਿ ਉਹ ਸਹੀ ਸਨ। ਪਰ ਇਨ੍ਹਾਂ ਲੜਾਈਆਂ ਵਿਚ ਤੇ ਦੂਜੀਆਂ ਧਾਰਮਿਕ ਲੜਾਈਆਂ ਵਿਚ ਕੁਝ ਤਾਂ ਬਹੁਤ ਹੀ ਗ਼ਲਤ ਸੀ।

ਪਰ ਦੁਨੀਆਂ ਵਿਚ ਇੰਨੀ ਗੜਬੜੀ ਤੇ ਲੜਾਈਆਂ ਕਿਉਂ ਹੁੰਦੀਆਂ ਹਨ? ਬਾਈਬਲ ਇਸ ਦਾ ਜਵਾਬ ਦਿੰਦੀ ਹੈ ਕਿ ਸ਼ਤਾਨ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9; 2 ਕੁਰਿੰਥੀਆਂ 4:4; 11:3) ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ “ਨਾਸ” ਹੋ ਜਾਣਗੇ ਕਿਉਂਕਿ ਸ਼ਤਾਨ ‘ਝੂਠੀਆਂ ਨਿਸ਼ਾਨੀਆਂ ਅਤੇ ਅਚਰਜ’ ਦਿਖਾ ਕੇ ਉਨ੍ਹਾਂ ਨੂੰ ਭਰਮਾਵੇਗਾ। ਪੌਲੁਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ “ਸਚਿਆਈ ਦੇ ਪ੍ਰੇਮ ਨੂੰ ਕਬੂਲ ਨਾ” ਕਰਨਗੇ “ਜਿਸ ਤੋਂ ਓਹਨਾਂ ਦੀ ਮੁਕਤੀ ਹੋ ਜਾਂਦੀ” ਅਤੇ ਇਸ ਤਰ੍ਹਾਂ ਉਹ “ਝੂਠ ਨੂੰ ਸੱਚ ਮੰਨਣ” ਲੱਗ ਪੈਣਗੇ। (2 ਥੱਸਲੁਨੀਕੀਆਂ 2:9-12) ਤੁਸੀਂ ਝੂਠ ਨੂੰ ਸੱਚ ਮੰਨਣ ਤੋਂ ਕਿੱਦਾਂ ਬਚ ਸਕਦੇ ਹੋ? ਅਸਲ ਵਿਚ ਤੁਹਾਡੇ ਵਿਸ਼ਵਾਸਾਂ ਦਾ ਆਧਾਰ ਕੀ ਹੈ?

ਕੀ ਤੁਹਾਨੂੰ ਬਚਪਨ ਤੋਂ ਇਨ੍ਹਾਂ ਦੀ ਸਿੱਖਿਆ ਦਿੱਤੀ ਗਈ ਹੈ?

ਸ਼ਾਇਦ ਤੁਹਾਨੂੰ ਬਚਪਨ ਤੋਂ ਹੀ ਪਰਿਵਾਰ ਦੇ ਵਿਸ਼ਵਾਸਾਂ ਦੀ ਸਿੱਖਿਆ ਦਿੱਤੀ ਗਈ ਹੈ। ਇਕ ਤਰ੍ਹਾਂ ਨਾਲ ਇਹ ਚੰਗੀ ਗੱਲ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ। (ਬਿਵਸਥਾ ਸਾਰ 6:4-9; 11:18-21) ਉਦਾਹਰਣ ਲਈ ਨੌਜਵਾਨ ਤਿਮੋਥਿਉਸ ਨੂੰ ਆਪਣੀ ਮਾਂ ਅਤੇ ਨਾਨੀ ਦੀ ਸਿੱਖਿਆ ਤੋਂ ਬਹੁਤ ਫ਼ਾਇਦਾ ਹੋਇਆ ਸੀ। (2 ਤਿਮੋਥਿਉਸ 1:5; 3:14, 15) ਬਾਈਬਲ ਬੱਚਿਆਂ ਨੂੰ ਉਤਸ਼ਾਹ ਦਿੰਦੀ ਹੈ ਕਿ ਉਹ ਆਪਣੇ ਮਾਪਿਆਂ ਦੇ ਵਿਸ਼ਵਾਸਾਂ ਦੀ ਕਦਰ ਕਰਨ। (ਕਹਾਉਤਾਂ 1:8; ਅਫ਼ਸੀਆਂ 6:1) ਪਰ ਕੀ ਤੁਹਾਡਾ ਸਿਰਜਣਹਾਰ ਇਹ ਚਾਹੁੰਦਾ ਹੈ ਕਿ ਤੁਸੀਂ ਸਿਰਫ਼ ਇਸ ਕਰਕੇ ਕਿਸੇ ਗੱਲ ਤੇ ਵਿਸ਼ਵਾਸ ਕਰ ਲਵੋ ਕਿਉਂਕਿ ਤੁਹਾਡੇ ਮਾਪੇ ਉਸ ਵਿਚ ਵਿਸ਼ਵਾਸ ਕਰਦੇ ਹਨ? ਅਸਲ ਵਿਚ ਬੀਤੀਆਂ ਪੀੜ੍ਹੀਆਂ ਦੇ ਵਿਸ਼ਵਾਸਾਂ ਉੱਤੇ ਅੱਖਾਂ ਬੰਦ ਕਰ ਕੇ ਚੱਲਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।​—ਜ਼ਬੂਰ 78:8; ਆਮੋਸ 2:4.

ਯਿਸੂ ਮਸੀਹ ਨੂੰ ਇਕ ਸਾਮਰੀ ਤੀਵੀਂ ਮਿਲੀ ਸੀ ਜਿਸ ਨੂੰ ਬਚਪਨ ਤੋਂ ਹੀ ਸਾਮਰੀ ਧਰਮ ਦੀ ਸਿੱਖਿਆ ਦਿੱਤੀ ਗਈ ਸੀ। (ਯੂਹੰਨਾ 4:20) ਯਿਸੂ ਨੇ ਉਸ ਦੇ ਵਿਸ਼ਵਾਸਾਂ ਦੀ ਕਦਰ ਕੀਤੀ, ਪਰ ਉਸ ਨੂੰ ਇਹ ਵੀ ਦੱਸਿਆ: “ਤੁਸੀਂ ਜਿਹ ਨੂੰ ਨਹੀਂ ਜਾਣਦੇ ਉਹ ਦੀ ਭਗਤੀ ਕਰਦੇ ਹੋ।” ਅਸਲ ਵਿਚ ਉਸ ਦੇ ਬਹੁਤ ਸਾਰੇ ਧਾਰਮਿਕ ਵਿਸ਼ਵਾਸ ਗ਼ਲਤ ਸਨ ਅਤੇ ਯਿਸੂ ਨੇ ਉਸ ਨੂੰ ਦੱਸਿਆ ਕਿ ਜੇ ਉਹ ਪਰਮੇਸ਼ੁਰ ਦੀ ਭਗਤੀ ਸਹੀ ਤਰੀਕੇ ਨਾਲ, ਯਾਨੀ “ਆਤਮਾ ਅਰ ਸਚਿਆਈ” ਨਾਲ ਕਰਨੀ ਚਾਹੁੰਦੀ ਸੀ, ਤਾਂ ਉਸ ਨੂੰ ਆਪਣੇ ਵਿਸ਼ਵਾਸ ਬਦਲਣੇ ਪੈਣੇ ਸਨ। ਜਿਨ੍ਹਾਂ ਵਿਸ਼ਵਾਸਾਂ ਨੂੰ ਉਹ ਬਚਪਨ ਤੋਂ ਮੰਨਦੀ ਆਈ ਸੀ, ਉਨ੍ਹਾਂ ਨੂੰ ਕੱਟੜਤਾ ਨਾਲ ਫੜੀ ਰੱਖਣ ਦੀ ਬਜਾਇ, ਉਸ ਨੂੰ ਤੇ ਉਸ ਵਰਗੇ ਦੂਸਰੇ ਲੋਕਾਂ ਨੂੰ ਯਿਸੂ ਮਸੀਹ ਦੁਆਰਾ ਪ੍ਰਗਟ ਕੀਤੇ ਗਏ ‘ਮੱਤ ਨੂੰ ਮੰਨਣਾ’ ਪੈਣਾ ਸੀ।​—ਯੂਹੰਨਾ 4:21-24, 39-41; ਰਸੂਲਾਂ ਦੇ ਕਰਤੱਬ 6:7.

ਕੀ ਇਹ ਤੁਹਾਨੂੰ ਸਕੂਲ ਵਿਚ ਸਿਖਾਇਆ ਗਿਆ ਸੀ?

ਗਿਆਨ ਦੇ ਖ਼ਾਸ ਖੇਤਰਾਂ ਵਿਚ ਬਹੁਤ ਸਾਰੇ ਅਧਿਆਪਕ ਅਤੇ ਵਿਦਵਾਨ ਸਾਡੇ ਆਦਰ ਦੇ ਯੋਗ ਹਨ। ਪਰ ਇਤਿਹਾਸ ਅਜਿਹੇ ਪ੍ਰਸਿੱਧ ਅਧਿਆਪਕਾਂ ਦੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਜੋ ਪੂਰੀ ਤਰ੍ਹਾਂ ਗ਼ਲਤ ਸਨ। ਉਦਾਹਰਣ ਲਈ ਯੂਨਾਨੀ ਫ਼ਿਲਾਸਫ਼ਰ ਅਰਸਤੂ ਦੁਆਰਾ ਵਿਗਿਆਨਕ ਵਿਸ਼ਿਆਂ ਉੱਤੇ ਲਿਖੀਆਂ ਦੋ ਕਿਤਾਬਾਂ ਦੇ ਸੰਬੰਧ ਵਿਚ ਇਤਿਹਾਸਕਾਰ ਬਰਟਰੈਂਡ ਰਸਲ ਨੇ ਕਿਹਾ ਕਿ ਜੇ ਅਸੀਂ “ਆਧੁਨਿਕ ਵਿਗਿਆਨ ਦੀ ਰੌਸ਼ਨੀ ਵਿਚ ਦੇਖੀਏ ਤਾਂ ਦੋਹਾਂ ਕਿਤਾਬਾਂ ਦੀ ਇਕ ਵੀ ਗੱਲ ਸੱਚ ਨਹੀਂ ਹੈ।” ਆਧੁਨਿਕ ਸਮੇਂ ਦੇ ਵਿਦਵਾਨ ਵੀ ਕਈ ਗੱਲਾਂ ਨੂੰ ਪੂਰੀ ਤਰ੍ਹਾਂ ਗ਼ਲਤ ਸਮਝ ਲੈਂਦੇ ਹਨ। ਸਾਲ 1895 ਵਿਚ ਅੰਗ੍ਰੇਜ਼ ਵਿਗਿਆਨੀ ਲਾਰਡ ਕੈਲਵਿਨ ਨੇ ਪੂਰੇ ਵਿਸ਼ਵਾਸ ਨਾਲ ਦਾਅਵਾ ਕੀਤਾ ਸੀ ਕਿ “ਹਵਾ ਤੋਂ ਭਾਰੀਆਂ ਚੀਜ਼ਾਂ ਦਾ ਉੱਡਣਾ ਨਾਮੁਮਕਿਨ ਹੈ।” ਇਸ ਲਈ ਸਮਝਦਾਰ ਆਦਮੀ ਅੱਖਾਂ ਬੰਦ ਕਰ ਕੇ ਕਿਸੇ ਗੱਲ ਤੇ ਇਸ ਕਰਕੇ ਵਿਸ਼ਵਾਸ ਨਹੀਂ ਕਰਦਾ ਕਿ ਕਿਸੇ ਵਿਦਵਾਨ ਨੇ ਉਹ ਗੱਲ ਕਹੀ ਹੈ।​—ਜ਼ਬੂਰ 146:3.

ਜਦੋਂ ਧਾਰਮਿਕ ਸਿੱਖਿਆ ਦੀ ਗੱਲ ਆਉਂਦੀ ਹੈ, ਤਾਂ ਉਦੋਂ ਵੀ ਸਾਨੂੰ ਇਸੇ ਤਰ੍ਹਾਂ ਖ਼ਬਰਦਾਰ ਰਹਿਣ ਦੀ ਜ਼ਰੂਰਤ ਹੈ। ਪੌਲੁਸ ਰਸੂਲ ਨੇ ਆਪਣੇ ਧਾਰਮਿਕ ਗੁਰੂਆਂ ਤੋਂ ਬਹੁਤ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਉਹ “ਆਪਣਿਆਂ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ” ਸੀ। ਪਰ ਆਪਣੇ ਪਿਉ-ਦਾਦਿਆਂ ਦੀਆਂ ਰੀਤਾਂ ਉੱਤੇ ਚੱਲਣ ਦੇ ਜੋਸ਼ ਕਾਰਨ ਉਸ ਨੂੰ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਇਸ ਜੋਸ਼ ਕਰਕੇ ਉਹ ‘ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਉਂਦਾ ਅਤੇ ਉਹ ਨੂੰ ਬਰਬਾਦ ਕਰਦਾ ਸੀ।’ (ਗਲਾਤੀਆਂ 1:13, 14; ਯੂਹੰਨਾ 16:2, 3) ਇਸ ਤੋਂ ਵੀ ਬੁਰੀ ਗੱਲ, ਪੌਲੁਸ ਕਾਫ਼ੀ ਲੰਬੇ ਸਮੇਂ ਤਕ ‘ਪ੍ਰੈਣ ਦੀ ਆਰ ਉੱਤੇ ਲੱਤ ਮਾਰਦਾ’ ਰਿਹਾ, ਮਤਲਬ ਕਿ ਉਹ ਉਨ੍ਹਾਂ ਗੱਲਾਂ ਦਾ ਵਿਰੋਧ ਕਰਦਾ ਰਿਹਾ ਜਿਨ੍ਹਾਂ ਨੂੰ ਦੇਖ ਕੇ ਉਸ ਦਾ ਯਿਸੂ ਮਸੀਹ ਵਿਚ ਵਿਸ਼ਵਾਸ ਪੈਦਾ ਹੋਣਾ ਚਾਹੀਦਾ ਸੀ। ਇਸ ਕਰਕੇ ਪੌਲੁਸ ਨੂੰ ਆਪਣੇ ਵਿਸ਼ਵਾਸਾਂ ਨੂੰ ਬਦਲਣ ਵਾਸਤੇ ਪ੍ਰੇਰਿਤ ਕਰਨ ਲਈ ਯਿਸੂ ਨੂੰ ਆਪ ਨਾਟਕੀ ਢੰਗ ਨਾਲ ਦਖ਼ਲ ਦੇਣਾ ਪਿਆ।​—ਰਸੂਲਾਂ ਦੇ ਕਰਤੱਬ 9:1-6; 26:14.

ਸੰਚਾਰ ਮਾਧਿਅਮ ਦੁਆਰਾ ਪ੍ਰਭਾਵਿਤ?

ਸ਼ਾਇਦ ਸੰਚਾਰ ਮਾਧਿਅਮ ਨੇ ਤੁਹਾਡੇ ਵਿਸ਼ਵਾਸਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੋਵੇ। ਜ਼ਿਆਦਾਤਰ ਲੋਕ ਖ਼ੁਸ਼ ਹਨ ਕਿ ਸੰਚਾਰ ਮਾਧਿਅਮ ਵਿਚ ਬੋਲਣ ਦੀ ਆਜ਼ਾਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀ ਫ਼ਾਇਦੇਮੰਦ ਜਾਣਕਾਰੀ ਮਿਲਦੀ ਹੈ। ਪਰ ਬਹੁਤ ਸਾਰੀਆਂ ਤਾਕਤਾਂ ਹਨ ਜੋ ਸੰਚਾਰ ਮਾਧਿਅਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਤੇ ਅਕਸਰ ਕਰਦੀਆਂ ਵੀ ਹਨ। ਇਸ ਕਰਕੇ ਸੰਚਾਰ ਮਾਧਿਅਮ ਵਿਚ ਅਕਸਰ ਪੱਖਪਾਤੀ ਜਾਣਕਾਰੀ ਪੇਸ਼ ਕੀਤੀ ਜਾਂਦੀ ਹੈ ਜੋ ਤੁਹਾਡੀ ਸੋਚਣੀ ਉੱਤੇ ਗੁੱਝੇ ਤਰੀਕੇ ਨਾਲ ਅਸਰ ਪਾ ਸਕਦੀ ਹੈ।

ਇਸ ਤੋਂ ਇਲਾਵਾ, ਵੱਡੀ ਗਿਣਤੀ ਵਿਚ ਲੋਕਾਂ ਦਾ ਧਿਆਨ ਖਿੱਚਣ ਲਈ ਸੰਚਾਰ ਮਾਧਿਅਮ ਵਿਚ ਸਨਸਨੀਖੇਜ਼ ਅਤੇ ਅਸਾਧਾਰਣ ਜਾਣਕਾਰੀ ਪੇਸ਼ ਕੀਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਜੋ ਗੱਲਾਂ ਲੋਕਾਂ ਨੂੰ ਦੱਸਣ ਜਾਂ ਛਾਪਣ ਦੀ ਆਜ਼ਾਦੀ ਨਹੀਂ ਸੀ, ਅੱਜ ਉਹ ਆਮ ਹੋ ਗਈਆਂ ਹਨ। ਹੌਲੀ-ਹੌਲੀ ਸ਼ਿਸ਼ਟਾਚਾਰ ਦੇ ਮਿਆਰਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਨ ਉਹ ਖ਼ਤਮ ਹੁੰਦੇ ਜਾ ਰਹੇ ਹਨ। ਲੋਕਾਂ ਦੀ ਸੋਚਣੀ ਹੌਲੀ-ਹੌਲੀ ਖ਼ਰਾਬ ਹੁੰਦੀ ਜਾ ਰਹੀ ਹੈ। ਉਹ “ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ” ਮੰਨਣ ਲੱਗ ਪਏ ਹਨ।​—ਯਸਾਯਾਹ 5:20; 1 ਕੁਰਿੰਥੀਆਂ 6:9, 10.

ਆਪਣੇ ਵਿਸ਼ਵਾਸਾਂ ਦਾ ਠੋਸ ਆਧਾਰ ਲੱਭੋ

ਇਨਸਾਨ ਦੇ ਵਿਚਾਰਾਂ ਤੇ ਫ਼ਲਸਫ਼ਿਆਂ ਉੱਤੇ ਵਿਸ਼ਵਾਸ ਕਰਨਾ ਰੇਤ ਉੱਤੇ ਘਰ ਬਣਾਉਣ ਦੇ ਬਰਾਬਰ ਹੈ। (ਮੱਤੀ 7:26; 1 ਕੁਰਿੰਥੀਆਂ 1:19, 20) ਤਾਂ ਫਿਰ ਤੁਸੀਂ ਕਿਸ ਚੀਜ਼ ਨੂੰ ਆਪਣੇ ਵਿਸ਼ਵਾਸਾਂ ਦਾ ਠੋਸ ਆਧਾਰ ਬਣਾ ਸਕਦੇ ਹੋ? ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆਂ ਦੀ ਖੋਜ ਕਰਨ ਅਤੇ ਅਧਿਆਤਮਿਕ ਮਾਮਲਿਆਂ ਬਾਰੇ ਸਵਾਲ ਪੁੱਛਣ ਦੀ ਦਿਮਾਗ਼ੀ ਯੋਗਤਾ ਦਿੱਤੀ ਹੈ, ਇਸ ਲਈ ਕੀ ਇਹ ਕਹਿਣਾ ਠੀਕ ਨਹੀਂ ਹੈ ਕਿ ਉਸ ਨੇ ਸਾਡੇ ਲਈ ਆਪਣੇ ਸਵਾਲਾਂ ਦਾ ਸਹੀ ਜਵਾਬ ਪ੍ਰਾਪਤ ਕਰਨ ਦਾ ਪ੍ਰਬੰਧ ਵੀ ਕੀਤਾ ਹੋਵੇਗਾ? (1 ਯੂਹੰਨਾ 5:20) ਜੀ ਹਾਂ, ਉਸ ਨੇ ਜ਼ਰੂਰ ਪ੍ਰਬੰਧ ਕੀਤਾ ਹੈ! ਪਰ ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਭਗਤੀ ਕਰਨ ਦੇ ਮਾਮਲੇ ਵਿਚ ਕਿਹੜੀ ਗੱਲ ਸੱਚੀ ਤੇ ਸਹੀ ਹੈ? ਸਾਨੂੰ ਇਹ ਦੱਸਦੇ ਹੋਏ ਕੋਈ ਹਿਚਕਚਾਹਟ ਨਹੀਂ ਹੁੰਦੀ ਕਿ ਪਰਮੇਸ਼ੁਰ ਦਾ ਬਚਨ ਬਾਈਬਲ ਹੀ ਇਹ ਨਿਸ਼ਚਿਤ ਕਰਨ ਦਾ ਇੱਕੋ-ਇਕ ਆਧਾਰ ਹੈ।—ਯੂਹੰਨਾ 17:17; 2 ਤਿਮੋਥਿਉਸ 3:16, 17.

“ਪਰ ਜ਼ਰਾ ਰੁਕੋ,” ਸ਼ਾਇਦ ਕੋਈ ਕਹੇ। “ਕੀ ਉਨ੍ਹਾਂ ਲੋਕਾਂ ਨੇ ਦੁਨੀਆਂ ਵਿਚ ਇੰਨੀ ਗੜਬੜੀ ਤੇ ਲੜਾਈਆਂ ਨਹੀਂ ਕਰਾਈਆਂ ਜਿਨ੍ਹਾਂ ਕੋਲ ਬਾਈਬਲ ਹੈ?” ਇਹ ਸੱਚ ਹੈ ਕਿ ਬਾਈਬਲ ਉੱਤੇ ਚੱਲਣ ਦਾ ਦਾਅਵਾ ਕਰਨ ਵਾਲੇ ਧਾਰਮਿਕ ਆਗੂਆਂ ਨੇ ਬਹੁਤ ਸਾਰੇ ਪਰੇਸ਼ਾਨ ਕਰ ਦੇਣ ਵਾਲੇ ਅਤੇ ਵਿਰੋਧੀ ਵਿਚਾਰਾਂ ਨੂੰ ਪੈਦਾ ਕੀਤਾ ਹੈ। ਅਸਲ ਵਿਚ ਇਹ ਇਸ ਕਰਕੇ ਹੈ ਕਿਉਂਕਿ ਉਹ ਬਾਈਬਲ ਨੂੰ ਆਪਣੇ ਵਿਸ਼ਵਾਸਾਂ ਦਾ ਆਧਾਰ ਨਹੀਂ ਬਣਾਉਂਦੇ। ਪਤਰਸ ਰਸੂਲ ਉਨ੍ਹਾਂ ਨੂੰ “ਝੂਠੇ ਨਬੀ” ਅਤੇ “ਝੂਠੇ ਗੁਰੂ” ਕਹਿੰਦਾ ਹੈ ਜਿਹੜੇ “ਨਾਸ ਕਰਨ ਵਾਲੀਆਂ ਬਿੱਦਤਾਂ” ਜਾਂ ਧੜੇ ਬਣਾਉਂਦੇ ਹਨ। ਪਤਰਸ ਕਹਿੰਦਾ ਹੈ ਕਿ ਉਨ੍ਹਾਂ ਦੇ ਇਨ੍ਹਾਂ ਕੰਮਾਂ ਕਰਕੇ “ਸਚਿਅਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ।” (2 ਪਤਰਸ 2:1, 2) ਪਰ ਪਤਰਸ ਲਿਖਦਾ ਹੈ ਕਿ “ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ।”​—2 ਪਤਰਸ 1:19; ਜ਼ਬੂਰ 119:105.

ਬਾਈਬਲ ਸਾਨੂੰ ਉਤਸ਼ਾਹਿਤ ਕਰਦੀ ਹੈ ਕਿ ਅਸੀਂ ਬਾਈਬਲ ਦੀ ਸਿੱਖਿਆ ਦੇ ਆਧਾਰ ਉੱਤੇ ਆਪਣੇ ਵਿਸ਼ਵਾਸਾਂ ਦੀ ਜਾਂਚ ਕਰੀਏ। (1 ਯੂਹੰਨਾ 4:1) ਇਸ ਰਸਾਲੇ ਦੇ ਲੱਖਾਂ ਪਾਠਕ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਇਕ ਮਕਸਦ ਮਿਲਿਆ ਹੈ ਅਤੇ ਇਸ ਵਿਚ ਸਥਿਰਤਾ ਆਈ ਹੈ। ਇਸ ਲਈ ਬਰਿਯਾ ਸ਼ਹਿਰ ਦੇ ਬੁੱਧੀਮਾਨ ਲੋਕਾਂ ਵਰਗੇ ਬਣੋ। ਤੁਸੀਂ ਕਿਸ ਸਿੱਖਿਆ ਤੇ ਵਿਸ਼ਵਾਸ ਕਰੋਗੇ, ਇਸ ਦਾ ਫ਼ੈਸਲਾ ਕਰਨ ਤੋਂ ਪਹਿਲਾਂ ‘ਰੋਜ ਲਿਖਤਾਂ ਵਿੱਚ ਭਾਲ ਕਰੋ।’ (ਰਸੂਲਾਂ ਦੇ ਕਰਤੱਬ 17:11) ਯਹੋਵਾਹ ਦੇ ਗਵਾਹ ਇਸ ਮਾਮਲੇ ਵਿਚ ਤੁਹਾਡੀ ਮਦਦ ਕਰ ਕੇ ਖ਼ੁਸ਼ ਹੋਣਗੇ। ਪਰ ਫ਼ੈਸਲਾ ਤੁਸੀਂ ਆਪ ਕਰਨਾ ਹੈ ਕਿ ਤੁਸੀਂ ਕਿਸ ਗੱਲ ਤੇ ਵਿਸ਼ਵਾਸ ਕਰਨਾ ਚਾਹੁੰਦੇ ਹੋ। ਪਰ ਇਹ ਨਿਸ਼ਚਿਤ ਕਰਨਾ ਸਮਝਦਾਰੀ ਦੀ ਗੱਲ ਹੋਵੇਗੀ ਕਿ ਤੁਹਾਡੇ ਵਿਸ਼ਵਾਸਾਂ ਦਾ ਆਧਾਰ ਇਨਸਾਨੀ ਬੁੱਧ ਤੇ ਇੱਛਾਵਾਂ ਨਾ ਹੋਣ, ਸਗੋਂ ਪਰਮੇਸ਼ੁਰ ਦਾ ਬਚਨ ਹੋਵੇ ਜੋ ਕਿ ਸੱਚਾਈ ਦਾ ਬਚਨ ਹੈ।​—1 ਥੱਸਲੁਨੀਕੀਆਂ 2:13; 5:21.

[ਸਫ਼ੇ 6 ਉੱਤੇ ਤਸਵੀਰ]

ਤੁਸੀਂ ਪੂਰੇ ਭਰੋਸੇ ਨਾਲ ਬਾਈਬਲ ਨੂੰ ਆਪਣੇ ਵਿਸ਼ਵਾਸਾਂ ਦਾ ਆਧਾਰ ਬਣਾ ਸਕਦੇ ਹੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ