ਕੀ ਬਚਾਅ ਦੀ ਕੋਈ ਉਮੀਦ ਹੈ?
ਵੀਹਵੀਂ ਸਦੀ ਸਭ ਤੋਂ ਜ਼ਿਆਦਾ ਖ਼ੂਨ-ਖ਼ਰਾਬੇ ਵਾਲੀ ਸਦੀ ਸੱਦੀ ਗਈ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਹਿੰਸਾ, ਯੁੱਧ, ਨਸਲੀ ਝਗੜੇ, ਡ੍ਰੱਗਜ਼ ਦੀ ਕੁਵਰਤੋਂ, ਬੇਈਮਾਨੀ, ਅਤੇ ਲੜਾਈ-ਝਗੜੇ ਵਧ ਗਏ ਹਨ। ਇਸ ਦੇ ਨਾਲ-ਨਾਲ ਬੀਮਾਰੀ, ਬੁਢਾਪੇ, ਅਤੇ ਮੌਤ ਕਾਰਨ ਲੋਕਾਂ ਨੂੰ ਬਹੁਤ ਦੁੱਖ ਸਹਿਣਾ ਪਿਆ ਹੈ। ਦੁਨੀਆਂ ਦੀਆਂ ਇਨ੍ਹਾਂ ਵਧਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਕੌਣ ਨਹੀਂ ਚਾਹੁੰਦਾ? ਕੀ ਸਾਡੇ ਕੋਲ ਇਨ੍ਹਾਂ ਚੀਜ਼ਾਂ ਤੋਂ ਕਦੀ ਮੁਕਤ ਹੋਣ ਦੀ ਕੋਈ ਉਮੀਦ ਹੈ?
ਜ਼ਰਾ ਉਸ ਦਰਸ਼ਣ ਵੱਲ ਧਿਆਨ ਦਿਓ ਜੋ ਯੂਹੰਨਾ ਰਸੂਲ ਨੂੰ ਕੁਝ 2000 ਸਾਲ ਪਹਿਲਾਂ ਦਿੱਤਾ ਗਿਆ ਸੀ। ਉਸ ਨੇ ਲਿਖਿਆ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:3, 4) ਯਸਾਯਾਹ ਨਬੀ ਨੇ ਵੀ ਅਜਿਹੀ ਭਵਿੱਖਬਾਣੀ ਕੀਤੀ ਸੀ: “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।”—ਯਸਾਯਾਹ 25:8.
ਕਲਪਨਾ ਕਰੋ ਕਿ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਦਾ ਮਤਲਬ ਕੀ ਹੋਵੇਗਾ! ਜ਼ੁਲਮ, ਹਿੰਸਾ, ਅਤੇ ਦੁੱਖ-ਤਕਲੀਫ਼ ਦੇਣ ਵਾਲੀਆਂ ਚੀਜ਼ਾਂ ਤੋਂ ਇਨਸਾਨਾਂ ਨੂੰ ਛੁਟਕਾਰਾ ਮਿਲੇਗਾ। ਇੱਥੋਂ ਤਕ ਕਿ ਬੀਮਾਰੀ, ਬੁਢਾਪੇ, ਅਤੇ ਮੌਤ ਵਰਗੀਆਂ ਚੀਜ਼ਾਂ ਵੀ ਸਾਨੂੰ ਦੁਖੀ ਨਹੀਂ ਕਰਨਗੀਆਂ! ਪਰਮੇਸ਼ੁਰ ਦਾ ਬਚਨ ਸੰਪੂਰਣ ਧਰਤੀ ਉੱਤੇ ਸਦਾ ਦੇ ਜੀਵਨ ਦਾ ਵਾਅਦਾ ਕਰਦਾ ਹੈ। (ਲੂਕਾ 23:43; ਯੂਹੰਨਾ 17:3) ਅਤੇ ਇਹ ਉਨ੍ਹਾਂ ਸਾਰਿਆਂ ਲਈ ਸੰਭਵ ਹੈ ਜੋ ਅਜਿਹਾ ਜੀਵਨ ਚਾਹੁੰਦੇ ਹਨ। “[ਪਰਮੇਸ਼ੁਰ] ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋਥਿਉਸ 2:3, 4.
ਪਰ, ਪਰਮੇਸ਼ੁਰ ਦੇ ਵਾਅਦਿਆਂ ਤੋਂ ਲਾਭ ਉਠਾਉਣ ਲਈ ਸਾਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਬਚਾਅ ਨਾਲ ਯਿਸੂ ਮਸੀਹ ਦਾ ਕੀ ਸੰਬੰਧ ਹੈ ਅਤੇ ਸਾਨੂੰ ਉਸ ਵਿਚ ਕਿਉਂ ਪੱਕੀ ਨਿਹਚਾ ਰੱਖਣੀ ਚਾਹੀਦੀ ਹੈ। ਯਿਸੂ ਨੇ ਖ਼ੁਦ ਕਿਹਾ ਸੀ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਇਸ ਮਾਮਲੇ ਦੇ ਸੰਬੰਧ ਵਿਚ ਯਿਸੂ ਮਸੀਹ ਦੇ ਮਹੱਤਵਪੂਰਣ ਕੰਮ ਬਾਰੇ ਜ਼ਿਕਰ ਕਰਦੇ ਹੋਏ, ਪਤਰਸ ਰਸੂਲ ਨੇ ਕਿਹਾ: “ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।” (ਰਸੂਲਾਂ ਦੇ ਕਰਤੱਬ 4:12) ਪੌਲੁਸ ਰਸੂਲ ਅਤੇ ਉਸ ਦੇ ਸਾਥੀ ਸੀਲਾਸ ਨੇ ਸੱਚੇ ਦਿਲੋਂ ਸਵਾਲ ਪੁੱਛਣ ਵਾਲੇ ਇਕ ਬੰਦੇ ਨੂੰ ਕਿਹਾ ਕਿ “ਪ੍ਰਭੁ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ।”—ਰਸੂਲਾਂ ਦੇ ਕਰਤੱਬ 16:30, 31.
ਜੀ ਹਾਂ, ਯਿਸੂ ਮਸੀਹ ‘ਜੀਉਣ ਦਾ ਕਰਤਾ’ ਹੈ, ਅਤੇ ਸਿਰਫ਼ ਉਸ ਦੇ ਰਾਹੀਂ ਬਚਾਅ ਮਿਲ ਸਕਦਾ ਹੈ। (ਰਸੂਲਾਂ ਦੇ ਕਰਤੱਬ 3:15) ਪਰ ਇਕ ਆਦਮੀ ਮੁਕਤੀ ਲਿਆਉਣ ਵਿਚ ਇੰਨਾ ਖ਼ਾਸ ਕਿੱਦਾਂ ਹੋ ਸਕਦਾ ਹੈ? ਯਿਸੂ ਦੀ ਭੂਮਿਕਾ ਦੀ ਚੰਗੀ ਸਮਝ ਹਾਸਲ ਕਰਨ ਰਾਹੀਂ ਬਚਾਅ ਦੀ ਸਾਡੀ ਉਮੀਦ ਜ਼ਰੂਰ ਪੱਕੀ ਹੋਵੇਗੀ।
[ਸਫ਼ੇ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Page 3: Bombers: USAF photo; starving children: UNITED NATIONS/J. FRAND; burning battleship: U.S. Navy photo