ਪਰਮੇਸ਼ੁਰ ਸਾਰੀਆਂ ਕੌਮਾਂ ਦਾ ਸੁਆਗਤ ਕਰਦਾ ਹੈ
ਜਦੋਂ ਜੌਨ ਪਹਿਲੀ ਵਾਰ ਮਾਲੀ ਦੇਸ਼ ਗਿਆ, ਤਾਂ ਉਹ ਮਾਮਾਡੂ ਤੇ ਉਸ ਦੇ ਪਰਿਵਾਰ ਦੁਆਰਾ ਦਿਖਾਈ ਨਿੱਘੀ ਪਰਾਹੁਣਚਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ। ਇਕ ਦਿਨ ਜਦੋਂ ਜੌਨ ਜ਼ਮੀਨ ਉੱਤੇ ਬੈਠ ਕੇ ਇੱਕੋ ਡੌਂਗੇ ਵਿੱਚੋਂ ਖਾਣਾ ਲੈ ਕੇ ਖਾ ਰਿਹਾ ਸੀ, ਤਾਂ ਉਹ ਸੋਚ ਰਿਹਾ ਸੀ ਕਿ ਉਹ ਆਪਣੇ ਮੇਜ਼ਬਾਨ ਨਾਲ ਸਭ ਤੋਂ ਕੀਮਤੀ ਤੋਹਫ਼ਾ ਯਾਨੀ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਰਾਜ ਦੀ ਖ਼ੁਸ਼ ਖ਼ਬਰੀ ਕਿਵੇਂ ਸਾਂਝੀ ਕਰੇ। ਹਾਲਾਂਕਿ ਮਾਲੀ ਵਿਚ ਫਰਾਂਸੀਸੀ ਭਾਸ਼ਾ ਬੋਲੀ ਜਾਂਦੀ ਸੀ ਅਤੇ ਜੌਨ ਇਹ ਭਾਸ਼ਾ ਜਾਣਦਾ ਸੀ, ਪਰ ਉਹ ਸੋਚ ਰਿਹਾ ਸੀ ਕਿ ਉਹ ਉਸ ਪਰਿਵਾਰ ਨਾਲ ਕਿਵੇਂ ਗੱਲ ਕਰੇ ਜਿਸ ਦਾ ਧਰਮ ਤੇ ਸੋਚਣ ਦਾ ਤਰੀਕਾ ਬਿਲਕੁਲ ਵੱਖਰਾ ਸੀ।
ਉਦੋਂ ਜੌਨ ਨੂੰ ਬਾਬਲ ਸ਼ਹਿਰ ਬਾਰੇ ਬਾਈਬਲ ਦਾ ਬਿਰਤਾਂਤ ਯਾਦ ਆਇਆ। ਉੱਥੇ ਪਰਮੇਸ਼ੁਰ ਨੇ ਬਾਗ਼ੀ ਲੋਕਾਂ ਦੀ ਭਾਸ਼ਾ ਨੂੰ ਉਲਟ-ਪੁਲਟ ਦਿੱਤਾ ਸੀ। (ਉਤਪਤ 11:1-9) ਨਤੀਜੇ ਵਜੋਂ, ਧਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਭਾਸ਼ਾਵਾਂ, ਧਰਮਾਂ ਅਤੇ ਵਿਚਾਰਾਂ ਵਾਲੇ ਲੋਕ ਉੱਭਰ ਕੇ ਸਾਮ੍ਹਣੇ ਆਏ ਹਨ। ਅੱਜ ਲੋਕੀ ਅਕਸਰ ਦੂਸਰੇ ਦੇਸ਼ਾਂ ਦੀ ਸੈਰ ਕਰਦੇ ਹਨ ਜਾਂ ਉੱਥੇ ਜਾ ਕੇ ਵੱਸ ਜਾਂਦੇ ਹਨ। ਇਸ ਦੇ ਕਰਕੇ ਬਹੁਤ ਸਾਰੇ ਲੋਕ ਜੌਨ ਵਰਗੀ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਨ। ਕਈ ਤਾਂ ਆਪਣੇ ਗੁਆਂਢ ਵਿਚ ਵੀ ਇਸ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਨ: ਵੱਖਰੇ ਪਿਛੋਕੜ ਦੇ ਲੋਕਾਂ ਨਾਲ ਆਪਣੀ ਬਾਈਬਲ-ਆਧਾਰਿਤ ਆਸ਼ਾ ਕਿਵੇਂ ਸਾਂਝੀ ਕਰੀਏ?
ਇਕ ਪੁਰਾਣੀ ਉਦਾਹਰਣ
ਇਸਰਾਏਲ ਦੇ ਦੂਜੇ ਨਬੀਆਂ ਵਾਂਗ ਯੂਨਾਹ ਨੇ ਸਿਰਫ਼ ਇਸਰਾਏਲੀਆਂ ਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਸੀ। ਉਸ ਨੇ ਉਸ ਸਮੇਂ ਇਕ ਨਬੀ ਦੇ ਤੌਰ ਤੇ ਸੇਵਾ ਕੀਤੀ ਸੀ ਜਦੋਂ ਧਰਮ-ਤਿਆਗੀ ਦਸ-ਗੋਤੀ ਰਾਜ ਖੁੱਲ੍ਹੇ-ਆਮ ਪਰਮੇਸ਼ੁਰ ਦਾ ਨਿਰਾਦਰ ਕਰਨ ਵਾਲੇ ਕੰਮ ਕਰ ਰਿਹਾ ਸੀ। (2 ਰਾਜਿਆਂ 14:23-25) ਕਲਪਨਾ ਕਰੋ ਯੂਨਾਹ ਨੂੰ ਉਦੋਂ ਕਿਵੇਂ ਮਹਿਸੂਸ ਹੋਇਆ ਹੋਣਾ ਜਦੋਂ ਉਸ ਨੂੰ ਆਪਣਾ ਦੇਸ਼ ਛੱਡ ਕੇ ਅੱਸ਼ੂਰ ਦੇ ਸ਼ਹਿਰ ਨੀਨਵਾਹ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਖ਼ਾਸ ਕੰਮ ਦਿੱਤਾ ਗਿਆ ਸੀ ਜਿਨ੍ਹਾਂ ਦਾ ਧਰਮ ਤੇ ਸਭਿਆਚਾਰ ਬਿਲਕੁਲ ਵੱਖਰਾ ਸੀ। ਯੂਨਾਹ ਸ਼ਾਇਦ ਨੀਨਵਾਹ ਦੇ ਲੋਕਾਂ ਦੀ ਭਾਸ਼ਾ ਵੀ ਨਹੀਂ ਜਾਣਦਾ ਸੀ ਜਾਂ ਉਸ ਭਾਸ਼ਾ ਨੂੰ ਚੰਗੀ ਤਰ੍ਹਾਂ ਨਹੀਂ ਬੋਲ ਸਕਦਾ ਸੀ। ਚਾਹੇ ਉਹ ਜਾਣਦਾ ਸੀ ਜਾਂ ਨਹੀਂ, ਯੂਨਾਹ ਨੂੰ ਇਹ ਕੰਮ ਬੜਾ ਮੁਸ਼ਕਲ ਲੱਗਾ ਤੇ ਉਹ ਕਿਸੇ ਹੋਰ ਥਾਂ ਨੂੰ ਭੱਜ ਗਿਆ।—ਯੂਨਾਹ 1:1-3.
ਸਪੱਸ਼ਟ ਤੌਰ ਤੇ, ਯੂਨਾਹ ਨੂੰ ਇਹ ਜਾਣਨ ਦੀ ਲੋੜ ਸੀ ਕਿ ਯਹੋਵਾਹ ਪਰਮੇਸ਼ੁਰ ਬਾਹਰੀ ਰੂਪ ਨਹੀਂ ਦੇਖਦਾ, ਸਗੋਂ ਦਿਲਾਂ ਨੂੰ ਜਾਂਚਦਾ ਹੈ। (1 ਸਮੂਏਲ 16:7) ਯੂਨਾਹ ਨੂੰ ਚਮਤਕਾਰੀ ਤਰੀਕੇ ਨਾਲ ਡੁੱਬਣ ਤੋਂ ਬਚਾਉਣ ਤੋਂ ਬਾਅਦ, ਯਹੋਵਾਹ ਨੇ ਦੂਜੀ ਵਾਰ ਉਸ ਨੂੰ ਨੀਨਵਾਹ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਯੂਨਾਹ ਨੇ ਆਗਿਆ ਮੰਨੀ ਜਿਸ ਦੇ ਨਤੀਜੇ ਵਜੋਂ ਨੀਨਵਾਹ ਦੇ ਸਾਰੇ ਲੋਕਾਂ ਨੇ ਤੋਬਾ ਕੀਤੀ। ਪਰ ਫਿਰ ਵੀ ਯੂਨਾਹ ਦਾ ਸੋਚਣ ਦਾ ਤਰੀਕਾ ਸਹੀ ਨਹੀਂ ਸੀ। ਇਕ ਪ੍ਰਭਾਵਸ਼ਾਲੀ ਉਦਾਹਰਣ ਦੇ ਕੇ ਯਹੋਵਾਹ ਨੇ ਯੂਨਾਹ ਨੂੰ ਸਿਖਾਇਆ ਕਿ ਉਸ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਸੀ। ਯਹੋਵਾਹ ਨੇ ਯੂਨਾਹ ਤੋਂ ਪੁੱਛਿਆ: “ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ?” (ਯੂਨਾਹ 4:5-11) ਅੱਜ ਸਾਡੇ ਬਾਰੇ ਕੀ? ਅਸੀਂ ਵੱਖਰੇ ਪਿਛੋਕੜ ਦੇ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
ਸਾਮਰੀਆਂ ਅਤੇ ਗ਼ੈਰ-ਯਹੂਦੀਆਂ ਦਾ ਸੁਆਗਤ
ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ। (ਮੱਤੀ 28:19) ਇਹ ਉਨ੍ਹਾਂ ਲਈ ਕੋਈ ਸੌਖਾ ਕੰਮ ਨਹੀਂ ਸੀ। ਯਿਸੂ ਦੇ ਚੇਲੇ ਯਹੂਦੀ ਸਨ ਅਤੇ ਯੂਨਾਹ ਦੀ ਤਰ੍ਹਾਂ ਉਹ ਵੀ ਸਿਰਫ਼ ਆਪਣੇ ਪਿਛੋਕੜ ਅਤੇ ਸਭਿਆਚਾਰ ਦੇ ਲੋਕਾਂ ਨਾਲ ਹੀ ਗੱਲ ਕਰਨ ਦੇ ਆਦੀ ਸਨ। ਸੁਭਾਵਕ ਹੈ ਕਿ ਉਹ ਵੀ ਆਪਣੇ ਦਿਨਾਂ ਦੇ ਪ੍ਰਚਲਿਤ ਭੇਦ-ਭਾਵ ਤੋਂ ਪ੍ਰਭਾਵਿਤ ਹੋਏ ਹੋਣਗੇ। ਪਰ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਸੇਧ ਦਿੱਤੀ ਜਿਸ ਕਰਕੇ ਉਹ ਹੌਲੀ-ਹੌਲੀ ਉਸ ਦੀ ਇੱਛਾ ਨੂੰ ਪਛਾਣ ਗਏ।
ਪਹਿਲਾ ਕਦਮ ਸੀ ਯਹੂਦੀਆਂ ਤੇ ਸਾਮਰੀਆਂ ਵਿਚਲੇ ਭੇਦ-ਭਾਵ ਨੂੰ ਮਿਟਾਉਣਾ। ਯਹੂਦੀਆਂ ਦਾ ਸਾਮਰੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਹੁੰਦਾ। ਪਰ ਯਿਸੂ ਨੇ ਕਈ ਵਾਰ ਸਾਮਰੀਆਂ ਲਈ ਰਾਹ ਤਿਆਰ ਕੀਤਾ ਤਾਂਕਿ ਉਹ ਭਵਿੱਖ ਵਿਚ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰ ਸਕਣ। ਉਸ ਨੇ ਇਕ ਸਾਮਰੀ ਔਰਤ ਨਾਲ ਗੱਲ ਕਰ ਕੇ ਦਿਖਾਇਆ ਕਿ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। (ਯੂਹੰਨਾ 4:7-26) ਇਕ ਹੋਰ ਮੌਕੇ ਉੱਤੇ ਇਕ ਦਿਆਲੂ ਸਾਮਰੀ ਦੀ ਉਦਾਹਰਣ ਦੇ ਕੇ ਉਸ ਨੇ ਇਕ ਧਾਰਮਿਕ ਯਹੂਦੀ ਨੂੰ ਦਿਖਾਇਆ ਕਿ ਯਹੂਦੀਆਂ ਤੋਂ ਇਲਾਵਾ ਦੂਜੇ ਲੋਕ ਵੀ ਆਪਣੇ ਗੁਆਂਢੀ ਨੂੰ ਪਿਆਰ ਕਰ ਸਕਦੇ ਸਨ। (ਲੂਕਾ 10:25-37) ਜਦੋਂ ਸਾਮਰੀਆਂ ਨੂੰ ਮਸੀਹੀ ਕਲੀਸਿਯਾ ਵਿਚ ਲਿਆਉਣ ਦਾ ਯਹੋਵਾਹ ਦਾ ਸਮਾਂ ਆਇਆ, ਤਾਂ ਫ਼ਿਲਿੱਪੁਸ, ਪਤਰਸ ਅਤੇ ਯੂਹੰਨਾ, ਜੋ ਯਹੂਦੀ ਪਿਛੋਕੜ ਦੇ ਸਨ, ਨੇ ਸਾਮਰਿਯਾ ਦੇ ਵਾਸੀਆਂ ਨੂੰ ਪ੍ਰਚਾਰ ਕੀਤਾ। ਉਨ੍ਹਾਂ ਦੇ ਸੰਦੇਸ਼ ਨੂੰ ਸੁਣ ਕੇ ਪੂਰੇ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ।—ਰਸੂਲਾਂ ਦੇ ਕਰਤੱਬ 8:4-8, 14-17.
ਸਾਮਰੀ ਲੋਕ ਯਹੂਦੀਆਂ ਦੇ ਦੂਰ ਦੇ ਰਿਸ਼ਤੇਦਾਰ ਸਨ। ਜੇ ਯਹੂਦੀ ਮਸੀਹੀਆਂ ਲਈ ਸਾਮਰੀਆਂ ਨੂੰ ਪਿਆਰ ਕਰਨਾ ਮੁਸ਼ਕਲ ਸੀ, ਤਾਂ ਉਨ੍ਹਾਂ ਲਈ ਗ਼ੈਰ-ਯਹੂਦੀਆਂ ਜਾਂ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਗੁਆਂਢੀ ਵਾਂਗ ਪਿਆਰ ਕਰਨਾ ਹੋਰ ਵੀ ਮੁਸ਼ਕਲ ਹੋਇਆ ਹੋਣਾ ਜਿਨ੍ਹਾਂ ਨੂੰ ਉਹ ਨੀਵੀਂ ਜਾਤੀ ਦੇ ਲੋਕ ਸਮਝਦੇ ਸਨ ਤੇ ਨਫ਼ਰਤ ਕਰਦੇ ਸਨ। ਪਰ ਯਿਸੂ ਦੀ ਮੌਤ ਤੋਂ ਬਾਅਦ ਯਹੂਦੀ ਮਸੀਹੀਆਂ ਅਤੇ ਪਰਾਈਆਂ ਕੌਮਾਂ ਵਿਚਕਾਰ ਬਣੀ ਕੰਧ ਢਾਹ ਦਿੱਤੀ ਗਈ। (ਅਫ਼ਸੀਆਂ 2:13, 14) ਇਸ ਨਵੇਂ ਪ੍ਰਬੰਧ ਨੂੰ ਸਵੀਕਾਰ ਕਰਨ ਵਿਚ ਪਤਰਸ ਦੀ ਮਦਦ ਕਰਨ ਲਈ ਯਹੋਵਾਹ ਨੇ ਉਸ ਨੂੰ ਇਕ ਦਰਸ਼ਣ ਦਿਖਾਇਆ ਜਿਸ ਵਿਚ ਉਸ ਨੇ ਪਤਰਸ ਨੂੰ ਕਿਹਾ ਕਿ ‘ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਉਹ ਨੂੰ ਉਹ ਅਸ਼ੁੱਧ ਨਾ ਕਹੇ।’ ਫਿਰ ਯਹੋਵਾਹ ਦੀ ਆਤਮਾ ਉਸ ਨੂੰ ਕੁਰਨੇਲਿਯੁਸ ਨਾਮਕ ਇਕ ਗ਼ੈਰ-ਯਹੂਦੀ ਆਦਮੀ ਕੋਲ ਲੈ ਗਈ। ਜਦੋਂ ਪਤਰਸ ਪਰਮੇਸ਼ੁਰ ਦੇ ਨਜ਼ਰੀਏ ਨੂੰ ਸਮਝ ਗਿਆ ਕਿ ਉਸ ਨੂੰ ਪਰਾਈ ਕੌਮ ਦੇ ਇਸ ਆਦਮੀ ਨੂੰ ਅਸ਼ੁੱਧ ਨਹੀਂ ਕਹਿਣਾ ਚਾਹੀਦਾ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਸ਼ੁੱਧ ਕੀਤਾ ਹੈ, ਤਾਂ ਉਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਕਿਹਾ: “ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:9-35) ਪਤਰਸ ਉਦੋਂ ਕਿੰਨਾ ਹੈਰਾਨ ਹੋਇਆ ਹੋਣਾ ਜਦੋਂ ਪਰਮੇਸ਼ੁਰ ਨੇ ਕੁਰਨੇਲਿਯੁਸ ਅਤੇ ਉਸ ਦੇ ਪਰਿਵਾਰ ਉੱਤੇ ਪਵਿੱਤਰ ਆਤਮਾ ਪਾਉਣ ਦੁਆਰਾ ਦਿਖਾਇਆ ਕਿ ਉਸ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਸੀ!
ਪੌਲੁਸ—ਕੌਮਾਂ ਨੂੰ ਪ੍ਰਚਾਰ ਕਰਨ ਲਈ ਚੁਣਿਆ ਗਿਆ ਵਸੀਲਾ
ਪੌਲੁਸ ਦੀ ਸੇਵਕਾਈ ਇਸ ਗੱਲ ਦੀ ਸ਼ਾਨਦਾਰ ਮਿਸਾਲ ਹੈ ਕਿ ਯਹੋਵਾਹ ਹਰ ਤਰ੍ਹਾਂ ਦੇ ਲੋਕਾਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕਿਵੇਂ ਆਪਣੇ ਸੇਵਕਾਂ ਨੂੰ ਤਿਆਰ ਕਰਦਾ ਹੈ। ਪੌਲੁਸ ਦੇ ਮਸੀਹੀ ਬਣਨ ਦੇ ਸਮੇਂ ਯਿਸੂ ਨੇ ਕਿਹਾ ਕਿ ਪੌਲੁਸ ਕੌਮਾਂ ਅੱਗੇ ਉਸ ਦੇ ਨਾਂ ਦਾ ਪ੍ਰਚਾਰ ਕਰਨ ਲਈ ਇਕ ਚੁਣੇ ਹੋਏ ਵਸੀਲੇ ਵਜੋਂ ਸੇਵਾ ਕਰੇਗਾ। (ਰਸੂਲਾਂ ਦੇ ਕਰਤੱਬ 9:15) ਫਿਰ ਪੌਲੁਸ ਸ਼ਾਇਦ ਪਰਮੇਸ਼ੁਰ ਦੇ ਇਸ ਮਕਸਦ ਉੱਤੇ ਮਨਨ ਕਰਨ ਲਈ ਅਰਬ ਦੇਸ਼ ਚਲਾ ਗਿਆ।—ਗਲਾਤੀਆਂ 1:15-17.
ਆਪਣੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ, ਪੌਲੁਸ ਨੇ ਗ਼ੈਰ-ਯਹੂਦੀਆਂ ਨੂੰ ਜੋਸ਼ ਨਾਲ ਪ੍ਰਚਾਰ ਕੀਤਾ। (ਰਸੂਲਾਂ ਦੇ ਕਰਤੱਬ 13:46-48) ਯਹੋਵਾਹ ਨੇ ਪੌਲੁਸ ਦੇ ਕੰਮ ਉੱਤੇ ਬਰਕਤ ਪਾਈ ਜੋ ਇਸ ਗੱਲ ਦਾ ਸਬੂਤ ਸੀ ਕਿ ਪੌਲੁਸ ਰਸੂਲ ਯਹੋਵਾਹ ਦੇ ਇੰਤਜ਼ਾਮ ਅਨੁਸਾਰ ਕੰਮ ਕਰ ਰਿਹਾ ਸੀ। ਜਦੋਂ ਪਤਰਸ ਨੇ ਗ਼ੈਰ-ਯਹੂਦੀ ਭਰਾਵਾਂ ਨਾਲ ਸੰਗਤੀ ਨਾ ਕਰ ਕੇ ਪੱਖਪਾਤ ਕੀਤਾ ਸੀ, ਤਾਂ ਉਦੋਂ ਪੌਲੁਸ ਨੇ ਦਲੇਰੀ ਨਾਲ ਉਸ ਨੂੰ ਤਾੜਨਾ ਦੇ ਕੇ ਦਿਖਾਇਆ ਕਿ ਉਹ ਇਸ ਮਾਮਲੇ ਵਿਚ ਯਹੋਵਾਹ ਦੇ ਨਜ਼ਰੀਏ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ।—ਗਲਾਤੀਆਂ 2:11-14.
ਪਰਮੇਸ਼ੁਰ ਪੌਲੁਸ ਦੇ ਜਤਨਾਂ ਨੂੰ ਸੇਧ ਦੇ ਰਿਹਾ ਸੀ, ਇਸ ਗੱਲ ਦਾ ਇਕ ਹੋਰ ਸਬੂਤ ਉਸ ਦੇ ਦੂਜੇ ਮਿਸ਼ਨਰੀ ਦੌਰੇ ਵਿਚ ਦੇਖਿਆ ਜਾ ਸਕਦਾ ਹੈ ਜਦੋਂ ਪਵਿੱਤਰ ਆਤਮਾ ਨੇ ਪੌਲੁਸ ਨੂੰ ਬਿਥੁਨਿਯਾ ਨਾਮਕ ਰੋਮੀ ਇਲਾਕੇ ਵਿਚ ਪ੍ਰਚਾਰ ਕਰਨ ਤੋਂ ਰੋਕਿਆ ਸੀ। (ਰਸੂਲਾਂ ਦੇ ਕਰਤੱਬ 16:7) ਉੱਥੇ ਪ੍ਰਚਾਰ ਕਰਨ ਦਾ ਸਮਾਂ ਢੁਕਵਾਂ ਨਹੀਂ ਸੀ। ਪਰ ਬਾਅਦ ਵਿਚ ਬਿਥੁਨਿਯਾ ਦੇ ਕੁਝ ਲੋਕ ਮਸੀਹੀ ਬਣ ਗਏ। (1 ਪਤਰਸ 1:1) ਇਕ ਦਰਸ਼ਣ ਵਿਚ ਇਕ ਮਕਦੂਨੀ ਆਦਮੀ ਨੇ ਪੌਲੁਸ ਦੀ ਮਿੰਨਤ ਕਰਦੇ ਹੋਏ ਕਿਹਾ: “ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ।” ਇਸ ਤੋਂ ਪੌਲੁਸ ਨੇ ਸਿੱਟਾ ਕੱਢਿਆ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ ਕਿ ਉਹ ਆਪਣਾ ਰਾਹ ਬਦਲ ਕੇ ਇਸ ਰੋਮੀ ਸੂਬੇ ਵਿਚ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੇ।—ਰਸੂਲਾਂ ਦੇ ਕਰਤੱਬ 16:9, 10.
ਹਾਲਾਤਾਂ ਮੁਤਾਬਕ ਢਲ਼ਣ ਦੀ ਪੌਲੁਸ ਦੀ ਕਾਬਲੀਅਤ ਉਦੋਂ ਜ਼ਬਰਦਸਤ ਤਰੀਕੇ ਨਾਲ ਪਰਖੀ ਗਈ ਸੀ ਜਦੋਂ ਉਹ ਅਥੇਨੈ ਦੇ ਲੋਕਾਂ ਨੂੰ ਪ੍ਰਚਾਰ ਕਰ ਰਿਹਾ ਸੀ। ਯੂਨਾਨੀ ਅਤੇ ਰੋਮੀ ਕਾਨੂੰਨ ਮੁਤਾਬਕ ਪਰਾਏ ਦੇਵਤਿਆਂ ਅਤੇ ਨਵੇਂ ਧਾਰਮਿਕ ਰੀਤੀ-ਰਿਵਾਜਾਂ ਦਾ ਪ੍ਰਚਾਰ ਕਰਨਾ ਮਨ੍ਹਾ ਸੀ। ਲੋਕਾਂ ਲਈ ਡੂੰਘਾ ਪਿਆਰ ਦਿਖਾਉਂਦੇ ਹੋਏ ਪੌਲੁਸ ਨੇ ਉਨ੍ਹਾਂ ਦੀਆਂ ਧਾਰਮਿਕ ਰੀਤਾਂ ਉੱਤੇ ਧਿਆਨ ਨਾਲ ਸੋਚ-ਵਿਚਾਰ ਕੀਤਾ। ਅਥੇਨੈ ਵਿਚ ਉਸ ਨੇ ਇਕ ਵੇਦੀ ਦੇਖੀ ਜਿਸ ਉੱਤੇ ਲਿਖਿਆ ਹੋਇਆ ਸੀ “ਅਣਜਾਤੇ ਦੇਵ ਲਈ।” ਉਸ ਨੇ ਗਵਾਹੀ ਦੇਣ ਸਮੇਂ ਇਸ ਗੱਲ ਦਾ ਜ਼ਿਕਰ ਕੀਤਾ। (ਰਸੂਲਾਂ ਦੇ ਕਰਤੱਬ 17:22, 23) ਆਪਣੇ ਸੰਦੇਸ਼ ਨੂੰ ਪਿਆਰ ਅਤੇ ਆਦਰ ਨਾਲ ਸ਼ੁਰੂ ਕਰਨ ਦਾ ਕਿੰਨਾ ਵਧੀਆ ਤਰੀਕਾ!
ਪੌਲੁਸ ਕਿੰਨਾ ਖ਼ੁਸ਼ ਹੋਇਆ ਹੋਣਾ ਜਦੋਂ ਉਸ ਨੇ ਕੌਮਾਂ ਲਈ ਇਕ ਰਸੂਲ ਦੇ ਤੌਰ ਤੇ ਆਪਣੇ ਕੰਮ ਦੇ ਨਤੀਜਿਆਂ ਉੱਤੇ ਮੁੜ ਝਾਤ ਮਾਰੀ! ਉਸ ਨੇ ਕੁਰਿੰਥੁਸ, ਫ਼ਿਲਿੱਪੈ, ਥੱਸਲੁਨੀਕੇ ਅਤੇ ਗਲਾਤਿਯਾ ਦੇ ਕਸਬਿਆਂ ਵਿਚ ਕਲੀਸਿਯਾਵਾਂ ਸਥਾਪਿਤ ਕਰਨ ਵਿਚ ਮਦਦ ਕੀਤੀ ਸੀ ਜਿਨ੍ਹਾਂ ਵਿਚ ਗ਼ੈਰ-ਯਹੂਦੀ ਪਿਛੋਕੜ ਦੇ ਬਹੁਤ ਸਾਰੇ ਮਸੀਹੀ ਸਨ। ਉਸ ਨੇ ਦਾਮਰਿਸ, ਦਿਯਾਨੁਸਿਯੁਸ, ਸਰਗੀਉਸ ਪੌਲੁਸ ਅਤੇ ਤੀਤੁਸ ਵਰਗੇ ਨਿਹਚਾਵਾਨ ਆਦਮੀਆਂ ਤੇ ਤੀਵੀਆਂ ਦੀ ਮਦਦ ਕੀਤੀ ਸੀ। ਉਨ੍ਹਾਂ ਲੋਕਾਂ ਨੂੰ ਸੱਚੀ ਮਸੀਹੀਅਤ ਨੂੰ ਸਵੀਕਾਰ ਕਰਦੇ ਦੇਖਣਾ ਕਿੰਨੀ ਖ਼ੁਸ਼ੀ ਦੀ ਗੱਲ ਸੀ ਜੋ ਪਹਿਲਾਂ ਨਾ ਤਾਂ ਯਹੋਵਾਹ ਨੂੰ ਜਾਣਦੇ ਸਨ ਤੇ ਨਾ ਹੀ ਬਾਈਬਲ ਬਾਰੇ ਜਾਣਦੇ ਸਨ! ਗ਼ੈਰ-ਯਹੂਦੀਆਂ ਦੀ ਸੱਚਾਈ ਸਿੱਖਣ ਵਿਚ ਮਦਦ ਕਰਨ ਵਿਚ ਆਪਣੀ ਭੂਮਿਕਾ ਸੰਬੰਧੀ ਪੌਲੁਸ ਨੇ ਕਿਹਾ: “ਮੈਂ ਇਹ ਚਾਹ ਕੀਤੀ ਭਈ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ ਉੱਥੇ ਖੁਸ਼ ਖਬਰੀ ਸੁਣਾਵਾਂ . . . ਜਿਵੇਂ ਲਿਖਿਆ ਹੋਇਆ ਹੈ,—ਜਿਨ੍ਹਾਂ ਨੂੰ ਉਹ ਦੀ ਖਬਰ ਨਹੀਂ ਹੋਈ, ਓਹ ਵੇਖਣਗੇ, ਅਤੇ ਜਿਨ੍ਹਾਂ ਨਹੀਂ ਸੁਣਿਆ, ਓਹ ਸਮਝਣਗੇ।” (ਰੋਮੀਆਂ 15:20, 21) ਕੀ ਅਸੀਂ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਹਿੱਸਾ ਲੈ ਸਕਦੇ ਹਾਂ ਜੋ ਸਾਡੇ ਸਭਿਆਚਾਰ ਦੇ ਨਹੀਂ ਹਨ?
ਧਰਤੀ ਦੇ ਸਾਰੇ ਲੋਕਾਂ ਦੀ ਮਦਦ ਕਰਨੀ
ਸੁਲੇਮਾਨ ਨੇ ਗ਼ੈਰ-ਇਸਰਾਏਲੀਆਂ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਜਿਹੜੇ ਯਰੂਸ਼ਲਮ ਦੀ ਹੈਕਲ ਵਿਚ ਭਗਤੀ ਕਰਨ ਆਉਣਗੇ। ਉਸ ਨੇ ਬੇਨਤੀ ਕੀਤੀ: “ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣ ਲੈਣ।” (ਟੇਢੇ ਟਾਈਪ ਸਾਡੇ।) (1 ਰਾਜਿਆਂ 8:41-43) ਅੱਜ ਬਹੁਤ ਸਾਰੇ ਦੇਸ਼ਾਂ ਵਿਚ ਹਜ਼ਾਰਾਂ ਹੀ ਰਾਜ ਘੋਸ਼ਕ ਇਹੋ ਜਿਹੀਆਂ ਭਾਵਨਾਵਾਂ ਪ੍ਰਗਟਾਉਂਦੇ ਹਨ। ਉਹ ਨੀਨਵਾਹ ਦੇ ਲੋਕਾਂ ਵਰਗੇ ਲੋਕਾਂ ਨੂੰ ਮਿਲਦੇ ਹਨ ਜੋ ਅਧਿਆਤਮਿਕ ਤੌਰ ਤੇ ‘ਆਪਣੇ ਸੱਜੇ ਖੱਬੇ ਹੱਥ ਨੂੰ ਨਹੀਂ ਸਿਆਣ ਸਕਦੇ।’ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕ ਬਹੁਤ ਸਾਰੀਆਂ ਕੌਮਾਂ ਵਿੱਚੋਂ ਸੱਚੇ ਉਪਾਸਕਾਂ ਨੂੰ ਇਕੱਠਾ ਕਰਨ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਵਿਚ ਹਿੱਸਾ ਲੈਣ ਲਈ ਬੜੇ ਉਤਾਵਲੇ ਹਨ।—ਯਸਾਯਾਹ 2:2, 3; ਮੀਕਾਹ 4:1-3.
ਜਿਵੇਂ ਈਸਾਈ-ਜਗਤ ਦੇ ਕਈ ਲੋਕਾਂ ਨੇ ਬਾਈਬਲ ਦੀ ਆਸ਼ਾ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਹੈ, ਉਸੇ ਤਰ੍ਹਾਂ ਦੂਜੇ ਧਾਰਮਿਕ ਪਿਛੋਕੜਾਂ ਦੇ ਲੋਕ ਵੀ ਇਸ ਸੰਦੇਸ਼ ਨੂੰ ਸਵੀਕਾਰ ਕਰ ਰਹੇ ਹਨ। ਇਸ ਦਾ ਤੁਹਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? ਈਮਾਨਦਾਰੀ ਨਾਲ ਆਪਣੀ ਜਾਂਚ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿਚ ਪੱਖਪਾਤ ਦੀ ਭਾਵਨਾ ਮਜ਼ਬੂਤੀ ਨਾਲ ਜੜ੍ਹ ਫੜ ਚੁੱਕੀ ਹੈ, ਤਾਂ ਪਿਆਰ ਦੇ ਗੁਣ ਨੂੰ ਪੈਦਾ ਕਰ ਕੇ ਇਸ ਜੜ੍ਹ ਨੂੰ ਪੁੱਟ ਸੁੱਟੋ।a ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਸਵੀਕਾਰ ਕਰਨ ਲਈ ਤਿਆਰ ਹੈ, ਉਨ੍ਹਾਂ ਨੂੰ ਠੁਕਰਾਓ ਨਾ।—ਯੂਹੰਨਾ 3:16.
ਦੂਸਰੇ ਪਿਛੋਕੜ ਦੇ ਲੋਕਾਂ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਉਨ੍ਹਾਂ ਦੇ ਵਿਸ਼ਵਾਸਾਂ, ਉਨ੍ਹਾਂ ਦੀਆਂ ਦਿਲਚਸਪੀਆਂ ਅਤੇ ਉਨ੍ਹਾਂ ਦੇ ਸੋਚਣ ਦੇ ਤਰੀਕੇ ਨਾਲ ਵਾਕਫ਼ ਹੋਵੋ; ਫਿਰ ਰਲਦੇ-ਮਿਲਦੇ ਵਿਚਾਰਾਂ ਦੀ ਖੋਜ ਕਰੋ। ਦੂਜਿਆਂ ਨਾਲ ਭਲਾਈ ਕਰੋ ਅਤੇ ਹਮਦਰਦੀ ਦਿਖਾਓ। ਬਹਿਸਬਾਜ਼ੀ ਤੋਂ ਬਚੋ, ਸਗੋਂ ਹਾਲਾਤਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲ਼ੋ ਅਤੇ ਚੰਗੀਆਂ ਗੱਲਾਂ ਕਹੋ। (ਲੂਕਾ 9:52-56) ਇਸ ਤਰ੍ਹਾਂ ਕਰਨ ਨਾਲ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰ ਰਹੇ ਹੋਵੋਗੇ, “ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋਥਿਉਸ 2:4.
ਆਪਣੀਆਂ ਕਲੀਸਿਯਾਵਾਂ ਵਿਚ ਵੰਨ-ਸੁਵੰਨੇ ਪਿਛੋਕੜਾਂ ਦੇ ਲੋਕਾਂ ਨੂੰ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! (ਯਸਾਯਾਹ 56:6, 7) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਕਲੀਸਿਯਾ ਵਿਚ ਨਾ ਸਿਰਫ਼ ਮੈਰੀ, ਜੌਨ, ਸੁਨੀਲ ਅਤੇ ਟੋਨੀ ਵਰਗੇ ਨਾਂ ਸੁਣਦੇ ਹਾਂ, ਸਗੋਂ ਮਾਮਾਡੂ, ਜੈਗਨ, ਰੇਜ਼ਾ ਅਤੇ ਚੈੱਨ ਵਰਗੇ ਨਾਂ ਵੀ ਸੁਣਦੇ ਹਾਂ! ਸੱਚ-ਮੁੱਚ ਸਾਡੇ ਲਈ ‘ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ ਖੁੱਲ੍ਹਿਆ ਹੈ।’ (1 ਕੁਰਿੰਥੀਆਂ 16:9) ਆਓ ਆਪਾਂ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਨਿਰਪੱਖ ਪਰਮੇਸ਼ੁਰ ਯਹੋਵਾਹ ਦਾ ਸੱਦਾ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਦੇਈਏ ਅਤੇ ਉਨ੍ਹਾਂ ਦਾ ਸੁਆਗਤ ਕਰੀਏ!
[ਫੁਟਨੋਟ]
a ਜਾਗਰੂਕ ਬਣੋ!, 8 ਜੁਲਾਈ 1996, ਸਫ਼ੇ 5-7, “ਕੰਧਾਂ ਜੋ ਗੱਲਬਾਤ ਵਿਚ ਰੁਕਾਵਟ ਬਣਦੀਆਂ ਹਨ” (ਅੰਗ੍ਰੇਜ਼ੀ) ਦੇਖੋ।
[ਸਫ਼ੇ 23 ਉੱਤੇ ਤਸਵੀਰਾਂ]
ਪੌਲੁਸ ਨੇ ਹਾਲਾਤਾਂ ਮੁਤਾਬਕ ਢਲ਼ ਕੇ ਹਰ ਥਾਂ ਦੇ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕੀਤੀ
. . . ਅਥੇਨੈ ਵਿਚ
. . . ਫ਼ਿਲਿੱਪੈ ਵਿਚ
. . . ਸਫ਼ਰ ਕਰਦੇ ਸਮੇਂ