ਕੁਝ ਲੋਕਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ ਹਨ
ਲੱਖਾਂ ਹੀ ਲੋਕ ਪ੍ਰਾਰਥਨਾ ਕਰਦੇ ਹਨ। ਕਈਆਂ ਨੂੰ ਪੂਰਾ ਵਿਸ਼ਵਾਸ ਹੈ ਕਿ ਰੱਬ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਦੂਸਰੇ ਇੰਨਾ ਵੀ ਨਹੀਂ ਜਾਣਦੇ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਹਨ ਕਿ ਨਹੀਂ। ਹੋਰ ਲੋਕ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੀ ਬਜਾਇ, ਆਪਣੇ ਸਵਾਲਾਂ ਦੇ ਜਵਾਬ ਆਪ ਲੱਭਣ ਦੀ ਕੋਸ਼ਿਸ਼ ਕਰਦੇ ਹਨ।
ਬਾਈਬਲ ਵਿਚ ਲਿਖਿਆ ਹੈ ਕਿ ਸੱਚਾ ਪਰਮੇਸ਼ੁਰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਜੇਕਰ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਸੀਂ ਆਪਣੀ ਦੁਆ ਸੱਚੇ ਪਰਮੇਸ਼ੁਰ ਅੱਗੇ ਪੇਸ਼ ਕਰ ਰਹੇ ਹੋ? ਕੀ ਉਹ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ?
ਦੁਨੀਆਂ ਵਿਚ ਬਹੁਤ ਸਾਰਿਆਂ ਲੋਕਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ ਹਨ, ਪਰ ਕਿਵੇਂ? ਉਨ੍ਹਾਂ ਨੇ ਕੀ ਸਿੱਖਿਆ ਹੈ?
ਪਰਮੇਸ਼ੁਰ ਕੌਣ ਹੈ?
ਪੁਰਤਗਾਲ ਵਿਚ ਇਕ ਅਧਿਆਪਕਾ ਨੇ ਇਕ ਕੈਥੋਲਿਕ ਸਕੂਲ ਵਿਚ ਵਿਦਿਆ ਹਾਸਲ ਕੀਤੀ ਸੀ। ਉਹ ਆਪਣੇ ਧਰਮ ਨੂੰ ਬਹੁਤ ਮੰਨਦੀ ਸੀ। ਪਰ ਜਦੋਂ ਚਰਚ ਨੇ ਕੁਝ ਅਹਿਮ ਰੀਤਾਂ ਅਤੇ ਸਿੱਖਿਆਵਾਂ ਬਾਰੇ ਆਪਣੀ ਰਾਇ ਬਦਲ ਲਈ, ਤਾਂ ਉਹ ਉਲਝਣ ਵਿਚ ਪੈ ਗਈ। ਪੂਰਬੀ ਦੇਸ਼ਾਂ ਦੀ ਸੈਰ ਕਰਨ ਦੌਰਾਨ ਜਦੋਂ ਉਸ ਨੇ ਉੱਥੇ ਦੇ ਧਰਮਾਂ ਨੂੰ ਦੇਖਿਆ, ਤਾਂ ਉਹ ਸੋਚਾਂ ਵਿਚ ਪੈ ਗਈ। ਕੀ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ? ਉਸ ਨੂੰ ਪਰਮੇਸ਼ੁਰ ਦੀ ਪੂਜਾ ਕਿਸ ਤਰ੍ਹਾਂ ਕਰਨੀ ਚਾਹੀਦੀ ਸੀ? ਜਦੋਂ ਉਸ ਨੇ ਆਪਣੇ ਪਾਦਰੀ ਨੂੰ ਬਾਈਬਲ ਵਿਚ ਲਿਖੀਆਂ ਗੱਲਾਂ ਬਾਰੇ ਸਵਾਲ ਪੁੱਛੇ, ਤਾਂ ਪਾਦਰੀ ਨੇ ਉਸ ਦੇ ਸਵਾਲਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਸ ਕਰਕੇ ਇਹ ਅਧਿਆਪਕਾ ਨਿਰਾਸ਼ ਹੋ ਗਈ।
ਜਿਸ ਸ਼ਹਿਰ ਵਿਚ ਇਹ ਔਰਤ ਰਹਿੰਦੀ ਸੀ, ਉੱਥੇ ਕੈਥੋਲਿਕ ਚਰਚ ਨੇ ਇਕ ਪਰਚਾ ਵੰਡਿਆ ਜਿਸ ਵਿਚ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਨਾਲ ਗੱਲਬਾਤ ਕਰਨ ਤੋਂ ਖ਼ਬਰਦਾਰ ਕੀਤਾ ਗਿਆ ਸੀ। ਇਕ ਦਿਨ ਯਹੋਵਾਹ ਦੇ ਗਵਾਹ ਇਸ ਔਰਤ ਦੇ ਘਰ ਆਏ ਅਤੇ ਉਸ ਨੇ ਉਨ੍ਹਾਂ ਦੀ ਗੱਲ ਸੁਣੀ, ਕਿਉਂਕਿ ਅਜੇ ਤਕ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਸਨ। ਉਨ੍ਹਾਂ ਦੀਆਂ ਗੱਲਾਂ ਉਸ ਨੂੰ ਚੰਗੀਆਂ ਲੱਗੀਆਂ।
ਆਪਣੇ ਸਵਾਲਾਂ ਦੇ ਜਵਾਬ ਪਾਉਣ ਲਈ ਇਸ ਔਰਤ ਨੇ ਗਵਾਹਾਂ ਵਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਉਹ ਉਨ੍ਹਾਂ ਨੂੰ ਹਰ ਹਫ਼ਤੇ ਬਹੁਤ ਸਾਰੇ ਸਵਾਲ ਪੁੱਛਦੀ ਸੀ। ਮਿਸਾਲ ਲਈ, ਪਰਮੇਸ਼ੁਰ ਦਾ ਨਾਂ ਕੀ ਹੈ? ਕੀ ਇੱਕੋ ਸੱਚਾ ਪਰਮੇਸ਼ੁਰ ਹੈ? ਕੀ ਸਾਨੂੰ ਮੂਰਤੀਆਂ ਦੀ ਪੂਜਾ ਕਰਨੀ ਚਾਹੀਦੀ ਹੈ? ਉਸ ਨੇ ਦੇਖਿਆ ਕਿ ਗਵਾਹ ਆਪਣੀ ਰਾਇ ਦੇਣ ਦੀ ਬਜਾਇ ਬਾਈਬਲ ਵਿੱਚੋਂ ਉਸ ਦੇ ਸਵਾਲਾਂ ਦੇ ਜਵਾਬ ਦਿੰਦੇ ਸਨ। ਉਹ ਬਾਈਬਲ ਦੀ ਸਿੱਖਿਆ ਤੋਂ ਬੜੀ ਹੈਰਾਨ ਅਤੇ ਖ਼ੁਸ਼ ਹੋਈ। ਅਖ਼ੀਰ ਵਿਚ ਉਸ ਨੂੰ ਆਪਣੇ ਹਰੇਕ ਸਵਾਲ ਦਾ ਜਵਾਬ ਮਿਲ ਗਿਆ। ਅੱਜ ਉਹ ਆਤਮਾ ਅਤੇ ਸੱਚਾਈ ਨਾਲ ਯਹੋਵਾਹ ਦੀ ਭਗਤੀ ਕਰਦੀ ਹੈ ਜਿਵੇਂ ਯਿਸੂ ਨੇ ਕਿਹਾ ਸੀ ਕਿ “ਸੱਚੇ ਭਗਤ” ਕਰਨਗੇ।—ਯੂਹੰਨਾ 4:23.
ਸ੍ਰੀ ਲੰਕਾ ਵਿਚ ਇਕ ਪਰਿਵਾਰ ਇਕੱਠੇ ਬੈਠ ਕੇ ਬਾਕਾਇਦਾ ਬਾਈਬਲ ਪੜ੍ਹਦਾ ਹੁੰਦਾ ਸੀ। ਪਰ ਉਨ੍ਹਾਂ ਨੂੰ ਕਈ ਅਹਿਮ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਸਨ। ਉਨ੍ਹਾਂ ਨੇ ਆਪਣੇ ਪਾਦਰੀ ਤੋਂ ਮਦਦ ਵੀ ਮੰਗੀ, ਪਰ ਉਹ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ। ਫਿਰ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਬਾਈਬਲ ਬਾਰੇ ਕੁਝ ਕਿਤਾਬਾਂ ਦਿੱਤੀਆਂ। ਬਾਅਦ ਵਿਚ ਜਦੋਂ ਗਵਾਹਾਂ ਨੇ ਆ ਕੇ ਇਸ ਪਰਿਵਾਰ ਦੇ ਸਵਾਲਾਂ ਦੇ ਜਵਾਬ ਦਿੱਤੇ, ਤਾਂ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਏ। ਜੋ ਕੁਝ ਇਸ ਪਰਿਵਾਰ ਨੇ ਸਿੱਖਿਆ ਇਹ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ।
ਫਿਰ ਵੀ, ਬਚਪਨ ਤੋਂ ਪਤਨੀ ਦੇ ਮਨ ਵਿਚ ਚਰਚ ਦੀ ਸਿੱਖਿਆ ਇੰਨੀ ਪੱਕੀ ਤਰ੍ਹਾਂ ਜੜ੍ਹ ਫੜ ਚੁੱਕੀ ਸੀ ਕਿ ਉਹ ਯਿਸੂ ਮਸੀਹ ਦੀ ਕਹੀ ਇਹ ਗੱਲ ਕਬੂਲ ਨਾ ਕਰ ਸਕੀ ਕਿ ਉਸ ਦਾ ਪਿਤਾ ਹੀ “ਸੱਚਾ ਵਾਹਿਦ ਪਰਮੇਸ਼ੁਰ ਹੈ।” (ਯੂਹੰਨਾ 17:1, 3) ਉਸ ਨੂੰ ਸਿਖਾਇਆ ਗਿਆ ਸੀ ਕਿ ਯਿਸੂ ਆਪਣੇ ਪਿਤਾ ਦੇ ਬਰਾਬਰ ਹੈ ਅਤੇ ਭਾਵੇਂ ਇਹ ਗੱਲ ਕਿਸੇ ਨੂੰ ਸਮਝ ਨਹੀਂ ਆਉਂਦੀ ਸੀ ਇਸ ਬਾਰੇ ਸਵਾਲ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਕ ਦਿਨ ਉਸ ਨੇ ਯਹੋਵਾਹ ਦਾ ਨਾਂ ਲੈ ਕੇ ਉਸ ਨੂੰ ਦਿਲੋਂ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਦਿਖਾਵੇ ਕਿ ਯਿਸੂ ਕੌਣ ਹੈ। ਫਿਰ ਉਸ ਨੇ ਯਹੋਵਾਹ ਤੇ ਯਿਸੂ ਬਾਰੇ ਬਾਈਬਲ ਵਿੱਚੋਂ ਕਈ ਹਵਾਲਿਆਂ ਨੂੰ ਦੁਬਾਰਾ ਪੜ੍ਹਿਆ। (ਯੂਹੰਨਾ 14:28; 17:21; 1 ਕੁਰਿੰਥੀਆਂ 8:5, 6) ਇਸ ਨਾਲ ਉਸ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਗਈਆਂ ਅਤੇ ਉਹ ਸਮਝ ਗਈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਜਿਸ ਨੇ ਜ਼ਮੀਨ-ਆਸਮਾਨ ਨੂੰ ਰਚਿਆ ਅਤੇ ਉਹ ਯਿਸੂ ਮਸੀਹ ਦਾ ਪਿਤਾ ਹੈ।—ਯਸਾਯਾਹ 42:8; ਯਿਰਮਿਯਾਹ 10:10-12.
ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?
ਅੱਯੂਬ ਨਾਂ ਦੇ ਮਨੁੱਖ ਨੇ ਹੱਦੋਂ ਵੱਧ ਦੁੱਖ ਸਹੇ ਸਨ। ਇਕ ਤੂਫ਼ਾਨ ਵਿਚ ਉਸ ਦੇ ਸਾਰੇ ਬੱਚੇ ਮਾਰੇ ਗਏ। ਉਹ ਅਮੀਰ ਤੋਂ ਗ਼ਰੀਬ ਬਣ ਗਿਆ। ਉਸ ਨੂੰ ਇਕ ਦਰਦਨਾਕ ਬੀਮਾਰੀ ਲੱਗ ਗਈ ਅਤੇ ਉਸ ਦੇ ਦੋਸਤਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਇਸ ਲਈ ਅੱਯੂਬ ਨੇ ਦੁਖੀ ਹੋ ਕੇ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਉਸ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਸਨ। (ਅੱਯੂਬ 6:3) ਪਰ ਪਰਮੇਸ਼ੁਰ ਜਾਣਦਾ ਸੀ ਕਿ ਉਹ ਸਿਰਫ਼ ਆਪਣੇ ਹਾਲਾਤ ਕਰਕੇ ਇਸ ਤਰ੍ਹਾਂ ਕਹਿ ਰਿਹਾ ਸੀ। (ਅੱਯੂਬ 35:15) ਉਹ ਅੱਯੂਬ ਦੇ ਦਿਲ ਨੂੰ ਜਾਣਦਾ ਸੀ ਅਤੇ ਉਸ ਨੇ ਉਸ ਨੂੰ ਜ਼ਰੂਰੀ ਸਲਾਹ ਦਿੱਤੀ। ਅੱਜ ਵੀ ਪਰਮੇਸ਼ੁਰ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਸਲਾਹ ਦਿੰਦਾ ਹੈ।
ਮੋਜ਼ਾਮਬੀਕ ਵਿਚ ਕਾਸਟਰੂ ਸਿਰਫ਼ 10 ਸਾਲ ਦਾ ਸੀ ਜਦੋਂ ਉਸ ਦੀ ਮਾਂ ਗੁਜ਼ਰ ਗਈ। ਇਸ ਨਾਲ ਉਸ ਨੂੰ ਇੰਨਾ ਡੂੰਘਾ ਸਦਮਾ ਲੱਗਾ ਕਿ ਉਸ ਨੇ ਰੋ-ਰੋ ਕੇ ਪੁੱਛਿਆ: “ਉਹ ਕਿਉਂ ਸਾਨੂੰ ਛੱਡ ਕੇ ਚਲੀ ਗਈ?” ਭਾਵੇਂ ਉਹ ਅਜਿਹੇ ਘਰਾਣੇ ਵਿਚ ਪਲਿਆ ਸੀ ਜਿੱਥੇ ਸਾਰੇ ਰੱਬ ਨੂੰ ਮੰਨਦੇ ਸਨ, ਪਰ ਹੁਣ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਸ ਦੇ ਦਿਲ ਨੂੰ ਤਸੱਲੀ ਕਿਸ ਤਰ੍ਹਾਂ ਹੋ ਸਕਦੀ ਹੈ? ਚੀਚੇਵਾ ਭਾਸ਼ਾ ਵਿਚ ਬਾਈਬਲ ਪੜ੍ਹ ਕੇ ਅਤੇ ਆਪਣੇ ਵੱਡੇ ਭਰਾਵਾਂ ਨਾਲ ਇਸ ਬਾਰੇ ਗੱਲਬਾਤ ਕਰਕੇ ਉਸ ਨੂੰ ਦਿਲਾਸਾ ਮਿਲਿਆ।
ਹੌਲੀ-ਹੌਲੀ ਕਾਸਟਰੂ ਸਮਝ ਗਿਆ ਕਿ ਉਸ ਦੀ ਮਾਂ ਦੀ ਮੌਤ ਪਰਮੇਸ਼ੁਰ ਦੀ ਕਿਸੇ ਬੇਇਨਸਾਫ਼ੀ ਕਰਕੇ ਨਹੀਂ ਹੋਈ ਸੀ। ਪਰ ਸਾਰੇ ਇਨਸਾਨ ਆਦਮ ਦੇ ਪਾਪ ਕਰਕੇ ਮਰਦੇ ਹਨ। (ਰੋਮੀਆਂ 5:12; 6:23) ਬਾਈਬਲ ਵਿੱਚੋਂ ਖ਼ਾਸ ਕਰਕੇ ਇਸ ਵਾਅਦੇ ਤੋਂ ਉਸ ਨੂੰ ਬੜਾ ਹੌਸਲਾ ਮਿਲਿਆ ਕਿ ਮਰੇ ਹੋਏ ਲੋਕ ਦੁਬਾਰਾ ਜੀ ਉੱਠਣਗੇ। ਕਾਸਟਰੂ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਆਪਣੀ ਮਾਂ ਨੂੰ ਦੁਬਾਰਾ ਦੇਖੇਗਾ। (ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਅਫ਼ਸੋਸ ਦੀ ਗੱਲ ਹੈ ਕਿ ਚਾਰ ਸਾਲ ਬਾਅਦ ਉਸ ਦੇ ਪਿਤਾ ਜੀ ਵੀ ਮੌਤ ਦੀ ਨੀਂਦ ਸੌਂ ਗਏ। ਪਰ ਇਸ ਵਾਰ ਕਾਸਟਰੂ ਇਹ ਸਦਮਾ ਅੱਗੇ ਨਾਲੋਂ ਬਿਹਤਰ ਸਹਿ ਸਕਿਆ। ਅੱਜ ਉਹ ਯਹੋਵਾਹ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦਾ ਹੈ। ਉਸ ਦੀ ਖ਼ੁਸ਼ੀ ਉਸ ਦੇ ਚਿਹਰੇ ਤੇ ਸਾਫ਼ ਨਜ਼ਰ ਆਉਂਦੀ ਹੈ।
ਕਾਸਟਰੂ ਵਾਂਗ, ਬਹੁਤ ਸਾਰੇ ਲੋਕਾਂ ਨੇ ਆਪਣੇ ਕਿਸੇ ਸਾਕ-ਸੰਬੰਧੀ ਜਾਂ ਦੋਸਤ-ਮਿੱਤਰ ਦੀ ਮੌਤ ਹੋ ਜਾਣ ਤੇ ਬਾਈਬਲ ਦੀਆਂ ਸੱਚਾਈਆਂ ਤੋਂ ਦਿਲਾਸਾ ਪਾਇਆ ਹੈ। ਜ਼ਾਲਮ ਲੋਕਾਂ ਦੇ ਭੈੜੇ ਕੰਮਾਂ ਕਰਕੇ ਦੁੱਖ ਸਹਿ ਰਹੇ ਲੋਕ ਅੱਯੂਬ ਦੀ ਤਰ੍ਹਾਂ ਪੁੱਛਦੇ ਹਨ: ‘ਦੁਸ਼ਟ ਕਿਉਂ ਜੀਉਂਦੇ ਰਹਿੰਦੇ ਹਨ?’ (ਅੱਯੂਬ 21:7) ਜਦੋਂ ਲੋਕ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਜਵਾਬ ਨੂੰ ਧਿਆਨ ਨਾਲ ਪੜ੍ਹਦੇ ਹਨ, ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਜੋ ਕੁਝ ਕਰਦਾ ਹੈ ਉਹ ਉਨ੍ਹਾਂ ਦੇ ਭਲੇ ਲਈ ਹੀ ਹੁੰਦਾ ਹੈ।—2 ਪਤਰਸ 3:9.
ਬਾਬਰਾ ਨੇ ਅਮਰੀਕਾ ਵਿਚ ਰਹਿਣ ਕਰਕੇ ਖ਼ੁਦ ਤਾਂ ਲੜਾਈਆਂ ਦੇ ਭੈੜੇ ਨਤੀਜੇ ਨਹੀਂ ਸਹੇ ਸਨ, ਪਰ ਉਹ ਹਰ ਰੋਜ਼ ਸੰਸਾਰ ਭਰ ਵਿਚ ਹੋ ਰਹੀਆਂ ਲੜਾਈਆਂ ਦੀਆਂ ਖ਼ਬਰਾਂ ਸੁਣਦੀ ਸੀ। ਜਦੋਂ ਉਹ ਸਕੂਲ ਵਿਚ ਪੜ੍ਹਦੀ ਸੀ, ਤਾਂ ਉਹ ਹੈਰਾਨ ਹੁੰਦੀ ਸੀ ਕਿ ਇਤਿਹਾਸ ਵਿਚ ਕੀ ਕੁਝ ਹੋਇਆ ਸੀ। ਦੁਨੀਆਂ ਦੀ ਹਾਲਤ ਇੰਨੀ ਭੈੜੀ ਕਿਉਂ ਸੀ? ਕੀ ਪਰਮੇਸ਼ੁਰ ਨੂੰ ਦੁਨੀਆਂ ਦੀ ਹਾਲਤ ਬਾਰੇ ਕੋਈ ਫ਼ਿਕਰ ਨਹੀਂ ਸੀ? ਉਹ ਮੰਨਦੀ ਸੀ ਕਿ ਪਰਮੇਸ਼ੁਰ ਹੈ, ਪਰ ਉਹ ਦੇ ਮਨ ਵਿਚ ਬਹੁਤ ਸਵਾਲ ਸਨ।
ਯਹੋਵਾਹ ਦੇ ਗਵਾਹਾਂ ਨੂੰ ਮਿਲਣ ਤੋਂ ਬਾਅਦ ਜ਼ਿੰਦਗੀ ਬਾਰੇ ਬਾਬਰਾ ਦੀ ਰਾਇ ਹੌਲੀ-ਹੌਲੀ ਬਦਲਣ ਲੱਗ ਪਈ। ਉਸ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਅਤੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਉਹ ਕਿੰਗਡਮ ਹਾਲ ਵਿਚ ਉਨ੍ਹਾਂ ਦੀਆਂ ਸਭਾਵਾਂ ਵਿਚ ਗਈ। ਉਹ ਉਨ੍ਹਾਂ ਦੇ ਇਕ ਵੱਡੇ ਸੰਮੇਲਨ ਵਿਚ ਵੀ ਗਈ। ਇਸ ਤੋਂ ਇਲਾਵਾ ਜਦੋਂ ਵੀ ਉਹ ਕੋਈ ਸਵਾਲ ਪੁੱਛਦੀ ਸੀ, ਤਾਂ ਉਸ ਨੇ ਦੇਖਿਆ ਕਿ ਵੱਖੋ-ਵੱਖਰੇ ਗਵਾਹ ਉਸ ਨੂੰ ਆਪੋ-ਆਪਣੀ ਰਾਇ ਨਹੀਂ ਦਿੰਦੇ ਸਨ। ਇਸ ਦੀ ਬਜਾਇ ਸਾਰੇ ਗਵਾਹਾਂ ਨੇ ਉਸ ਨੂੰ ਇੱਕੋ ਜਿਹਾ ਜਵਾਬ ਦਿੱਤਾ ਕਿਉਂਕਿ ਉਨ੍ਹਾਂ ਦੀ ਸੋਚ ਬਾਈਬਲ ਉੱਤੇ ਆਧਾਰਿਤ ਸੀ।
ਗਵਾਹਾਂ ਨੇ ਬਾਈਬਲ ਵਿੱਚੋਂ ਉਸ ਨੂੰ ਦਿਖਾਇਆ ਕਿ ਇਸ ਦੁਨੀਆਂ ਉੱਤੇ ਸ਼ਤਾਨ ਦਾ ਰਾਜ ਹੈ ਅਤੇ ਇਸ ਲਈ ਦੁਨੀਆਂ ਵਿਚ ਇੰਨੀ ਬੁਰਾਈ ਹੈ। (ਯੂਹੰਨਾ 14:30; 2 ਕੁਰਿੰਥੀਆਂ 4:4; ਅਫ਼ਸੀਆਂ 2:1-3; 1 ਯੂਹੰਨਾ 5:19) ਉਨ੍ਹਾਂ ਨੇ ਬਾਬਰਾ ਨੂੰ ਸਮਝਾਇਆ ਕਿ ਜਿਨ੍ਹਾਂ ਘਟਨਾਵਾਂ ਕਰਕੇ ਉਹ ਇੰਨੀ ਪਰੇਸ਼ਾਨ ਸੀ, ਉਹ ਬਾਈਬਲ ਵਿਚ ਪਹਿਲਾਂ ਹੀ ਲਿਖੀਆਂ ਗਈਆਂ ਸਨ। (ਦਾਨੀਏਲ ਦਾ ਦੂਜਾ, ਸੱਤਵਾਂ ਅਤੇ ਅੱਠਵਾਂ ਅਧਿਆਇ) ਪਰਮੇਸ਼ੁਰ ਪਹਿਲਾਂ ਹੀ ਉਨ੍ਹਾਂ ਬਾਰੇ ਦੱਸ ਸਕਿਆ ਸੀ ਕਿਉਂਕਿ ਜਦੋਂ ਵੀ ਉਹ ਚਾਹੇ ਉਹ ਭਵਿੱਖ ਵਿਚ ਦੇਖ ਸਕਦਾ ਹੈ। ਉਸ ਨੂੰ ਪਤਾ ਲੱਗਾ ਕਿ ਕੁਝ ਘਟਨਾਵਾਂ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਸੀ ਅਤੇ ਦੂਸਰੀਆਂ ਨੂੰ ਉਸ ਨੇ ਵਾਪਰਨ ਦਿੱਤਾ ਸੀ। ਗਵਾਹਾਂ ਨੇ ਬਾਬਰਾ ਨੂੰ ਦੱਸਿਆ ਕਿ ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਸਾਡੇ ਜ਼ਮਾਨੇ ਵਿਚ ਕਿਹੜੀਆਂ ਮਾੜੀਆਂ ਤੇ ਚੰਗੀਆਂ ਘਟਨਾਵਾਂ ਵਾਪਰਨਗੀਆਂ ਅਤੇ ਇਨ੍ਹਾਂ ਦਾ ਕੀ ਅਰਥ ਹੈ। (ਮੱਤੀ 24:3-14) ਉਨ੍ਹਾਂ ਨੇ ਬਾਈਬਲ ਵਿੱਚੋਂ ਉਸ ਨੂੰ ਦਿਖਾਇਆ ਕਿ ਪਰਮੇਸ਼ੁਰ ਇਕ ਨਵੇਂ ਸੰਸਾਰ ਦਾ ਵਾਅਦਾ ਕਰਦਾ ਹੈ ਜਿਸ ਵਿਚ ਧਾਰਮਿਕਤਾ ਵਸੇਗੀ ਅਤੇ ਜਿੱਥੇ ਕੋਈ ਦੁੱਖ ਨਾ ਹੋਵੇਗਾ।—2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4.
ਹੌਲੀ-ਹੌਲੀ ਬਾਬਰਾ ਸਮਝ ਗਈ ਕਿ ਯਹੋਵਾਹ ਪਰਮੇਸ਼ੁਰ ਇਨਸਾਨਾਂ ਉੱਤੇ ਦੁੱਖ ਨਹੀਂ ਲਿਆਉਂਦਾ ਅਤੇ ਨਾ ਹੀ ਉਹ ਕਿਸੇ ਨੂੰ ਉਸ ਦੇ ਹੁਕਮ ਮੰਨਣ ਲਈ ਮਜਬੂਰ ਕਰ ਕੇ ਇਨ੍ਹਾਂ ਦੁੱਖਾਂ ਨੂੰ ਖ਼ਤਮ ਕਰਦਾ ਹੈ। (ਬਿਵਸਥਾ ਸਾਰ 30:19, 20) ਪਰਮੇਸ਼ੁਰ ਨੇ ਅਜਿਹੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਰਾਹੀਂ ਅਸੀਂ ਹਮੇਸ਼ਾ ਲਈ ਖ਼ੁਸ਼ੀ ਵਿਚ ਜੀ ਸਕਾਂਗੇ, ਪਰ ਉਹ ਸਾਰਿਆਂ ਨੂੰ ਇਹ ਦਿਖਾਉਣ ਦਾ ਮੌਕਾ ਦੇ ਰਿਹਾ ਹੈ ਕਿ ਉਹ ਉਸ ਦੇ ਧਰਮੀ ਅਸੂਲਾਂ ਉੱਤੇ ਚੱਲਣਾ ਚਾਹੁੰਦੇ ਹਨ ਕਿ ਨਹੀਂ। (ਪਰਕਾਸ਼ ਦੀ ਪੋਥੀ 14:6, 7) ਬਾਬਰਾ ਨੇ ਫ਼ੈਸਲਾ ਕੀਤਾ ਕਿ ਉਹ ਪਰਮੇਸ਼ੁਰ ਦੇ ਧਰਮੀ ਮਿਆਰਾਂ ਬਾਰੇ ਸਿੱਖ ਕੇ ਉਨ੍ਹਾਂ ਅਨੁਸਾਰ ਚੱਲੇਗੀ। ਉਸ ਨੇ ਯਹੋਵਾਹ ਦੇ ਗਵਾਹਾਂ ਵਿਚ ਉਹ ਸੱਚਾ ਪਿਆਰ ਦੇਖਿਆ ਜੋ ਯਿਸੂ ਦੇ ਚੇਲਿਆਂ ਦੀ ਨਿਸ਼ਾਨੀ ਹੈ।—ਯੂਹੰਨਾ 13:34, 35.
ਬਾਬਰਾ ਵਾਂਗ ਤੁਸੀਂ ਵੀ ਆਪਣੇ ਸਵਾਲਾਂ ਦਾ ਜਵਾਬ ਪਾਉਣ ਵਿਚ ਯਹੋਵਾਹ ਦੇ ਗਵਾਹਾਂ ਤੋਂ ਮਦਦ ਲੈ ਸਕਦੇ ਹੋ।
ਮਕਸਦ-ਭਰੀ ਜ਼ਿੰਦਗੀ
ਕੁਝ ਲੋਕ ਰਾਜ਼ੀ-ਖ਼ੁਸ਼ੀ ਹੋਣ ਦੇ ਬਾਵਜੂਦ ਜ਼ਿੰਦਗੀ ਬਾਰੇ ਸਵਾਲ ਕਰਦੇ ਹਨ। ਮਿਸਾਲ ਲਈ, ਮੈਥਿਊ ਇੰਗਲੈਂਡ ਦਾ ਰਹਿਣ ਵਾਲਾ ਇਕ ਨੌਜਵਾਨ ਹੈ। ਉਹ ਸੱਚੇ ਪਰਮੇਸ਼ੁਰ ਬਾਰੇ ਅਤੇ ਜ਼ਿੰਦਗੀ ਦੇ ਮਕਸਦ ਬਾਰੇ ਜਾਣਨ ਲਈ ਤਰਸਦਾ ਸੀ। ਜਦ ਮੈਥਿਊ 17 ਸਾਲਾਂ ਦਾ ਸੀ, ਤਾਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੈਥਿਊ ਨੇ ਯੂਨੀਵਰਸਿਟੀ ਵਿਚ ਸੰਗੀਤ-ਵਿੱਦਿਆ ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਅਸਲੀ ਖ਼ੁਸ਼ੀ ਪੈਸੇ ਕਮਾਉਣ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਨਾਲ ਨਹੀਂ ਮਿਲਦੀ। ਘਰ ਛੱਡ ਕੇ ਉਹ ਲੰਡਨ ਵਿਚ ਰਹਿਣ ਲੱਗ ਪਿਆ ਜਿੱਥੇ ਉਸ ਨੇ ਜ਼ਿੰਦਗੀ ਦਾ ਮਕਸਦ ਲੱਭਣ ਲਈ ਨਸ਼ੇ, ਕਲੱਬਾਂ, ਜਾਦੂ-ਟੂਣੇ, ਜੋਤਸ਼-ਵਿੱਦਿਆ, ਬੁੱਧ ਧਰਮ ਦੇ ਜ਼ੈੱਨਵਾਦੀ ਫ਼ਲਸਫ਼ੇ ਤੇ ਹੋਰਨਾਂ ਫ਼ਲਸਫ਼ਿਆਂ ਨੂੰ ਅਜ਼ਮਾ ਕੇ ਦੇਖਿਆ। ਅਖ਼ੀਰ ਵਿਚ ਪੂਰੀ ਤਰ੍ਹਾਂ ਨਿਰਾਸ਼ ਹੋ ਕੇ ਮੈਥਿਊ ਨੇ ਪਰਮੇਸ਼ੁਰ ਅੱਗੇ ਤਰਲੇ ਕੀਤੇ ਕਿ ਉਹ ਉਸ ਨੂੰ ਸੱਚਾਈ ਦਾ ਰਾਹ ਦਿਖਾਵੇ।
ਦੋ ਦਿਨ ਬਾਅਦ ਮੈਥਿਊ ਇਕ ਪੁਰਾਣੇ ਦੋਸਤ ਨੂੰ ਮਿਲਿਆ ਅਤੇ ਮੈਥਿਊ ਨੇ ਉਸ ਨੂੰ ਆਪਣੀ ਸਮੱਸਿਆ ਦੱਸੀ। ਇਹ ਦੋਸਤ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਪੜ੍ਹ ਚੁੱਕਾ ਸੀ। ਜਦੋਂ ਮੈਥਿਊ ਨੂੰ ਬਾਈਬਲ ਵਿੱਚੋਂ 2 ਤਿਮੋਥਿਉਸ 3:1-5 ਦਿਖਾਇਆ ਗਿਆ, ਤਾਂ ਉਹ ਇਹ ਦੇਖ ਕੇ ਹੱਕਾ-ਬੱਕਾ ਰਹਿ ਗਿਆ ਕਿ ਇਹ ਆਇਤਾਂ ਅੱਜ ਦੀ ਦੁਨੀਆਂ ਨੂੰ ਸਹੀ-ਸਹੀ ਬਿਆਨ ਕਰਦੀਆਂ ਹਨ। ਜਦੋਂ ਉਸ ਨੇ ਯਿਸੂ ਦਾ ਪਹਾੜੀ ਉਪਦੇਸ਼ ਪੜ੍ਹਿਆ, ਤਾਂ ਉਹ ਬੜਾ ਪ੍ਰਭਾਵਿਤ ਹੋਇਆ। (ਮੱਤੀ ਦੇ 5 ਤੋਂ 7 ਅਧਿਆਇ) ਪਹਿਲਾਂ-ਪਹਿਲਾਂ ਉਹ ਦੁਬਿਧਾ ਵਿਚ ਪੈ ਗਿਆ ਕਿਉਂਕਿ ਉਸ ਨੇ ਯਹੋਵਾਹ ਦੇ ਗਵਾਹਾਂ ਬਾਰੇ ਭੈੜੀਆਂ ਗੱਲਾਂ ਪੜ੍ਹੀਆਂ ਸਨ। ਪਰ ਆਖ਼ਰਕਾਰ ਉਸ ਨੇ ਲਾਗੇ ਦੇ ਇਕ ਕਿੰਗਡਮ ਹਾਲ ਵਿਚ ਜਾਣ ਦਾ ਫ਼ੈਸਲਾ ਕੀਤਾ।
ਉੱਥੇ ਮੈਥਿਊ ਨੇ ਜੋ ਕੁਝ ਸੁਣਿਆ ਉਸ ਨੂੰ ਬਹੁਤ ਚੰਗਾ ਲੱਗਾ ਅਤੇ ਉਸ ਨੇ ਕਲੀਸਿਯਾ ਦੇ ਇਕ ਬਜ਼ੁਰਗ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਜਲਦੀ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ। ਉਸ ਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਸੀ। ਉਸ ਨੇ ਉਹ ਕੰਮ ਕਰਨੇ ਛੱਡ ਦਿੱਤੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹਨ ਅਤੇ ਇਸ ਦਾ ਉਸ ਨੂੰ ਬਹੁਤ ਫ਼ਾਇਦਾ ਹੋਇਆ। ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਆਪਣਾ ਜੀਵਨ ਬਦਲਿਆ ਅਤੇ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲਣ ਲੱਗ ਪਿਆ। ਬਾਈਬਲ ਸਟੱਡੀ ਤੋਂ ਮੈਥਿਊ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਜੀਉਣ ਨਾਲ ਇਨਸਾਨਾਂ ਨੂੰ ਖ਼ੁਸ਼ੀ ਮਿਲਦੀ ਹੈ।—ਉਪਦੇਸ਼ਕ ਦੀ ਪੋਥੀ 12:13.
ਇਹ ਮੈਥਿਊ ਜਾਂ ਇੱਥੇ ਜ਼ਿਕਰ ਕੀਤੇ ਗਏ ਬਾਕੀ ਲੋਕਾਂ ਦੀ ਕਿਸਮਤ ਵਿਚ ਨਹੀਂ ਲਿਖਿਆ ਹੋਇਆ ਸੀ ਕਿ ਉਹ ਆਪਣੇ ਸਵਾਲਾਂ ਦੇ ਜਵਾਬ ਪਾ ਕੇ ਸੁੱਖ ਪਾਉਣਗੇ। ਪਰ ਉਨ੍ਹਾਂ ਨੇ ਸਿੱਖਿਆ ਕਿ ਯਹੋਵਾਹ ਪਰਮੇਸ਼ੁਰ ਦਾ ਉਨ੍ਹਾਂ ਸਾਰੇ ਇਨਸਾਨਾਂ ਲਈ ਇਕ ਸ਼ਾਨਦਾਰ ਮਕਸਦ ਹੈ ਜੋ ਖ਼ੁਸ਼ੀ ਨਾਲ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। (ਰਸੂਲਾਂ ਦੇ ਕਰਤੱਬ 10:34, 35) ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨ ਅਜਿਹੀ ਦੁਨੀਆਂ ਵਿਚ ਹਮੇਸ਼ਾ ਲਈ ਜੀਉਣ ਜਿੱਥੇ ਨਾ ਲੜਾਈ, ਨਾ ਬਿਮਾਰੀ, ਨਾ ਭੁੱਖ ਅਤੇ ਨਾ ਮੌਤ ਹੋਵੇਗੀ। (ਯਸਾਯਾਹ 2:4; 25:6-8; 33:24; ਯੂਹੰਨਾ 3:16) ਕੀ ਤੁਸੀਂ ਅਜਿਹੀ ਦੁਨੀਆਂ ਵਿਚ ਜੀਉਣਾ ਚਾਹੁੰਦੇ ਹੋ? ਜੇਕਰ ਹਾਂ, ਤਾਂ ਕਿਉਂ ਨਾ ਯਹੋਵਾਹ ਦੇ ਗਵਾਹਾਂ ਦੇ ਇਕ ਕਿੰਗਡਮ ਹਾਲ ਵਿਚ ਜਾਓ ਜਿੱਥੇ ਤੁਹਾਨੂੰ ਬਾਈਬਲ ਦੀ ਸਿੱਖਿਆ ਮਿਲੇਗੀ। ਤੁਹਾਨੂੰ ਇਸ ਤਰ੍ਹਾਂ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ।
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਦਾ ਨਾਂ ਲੈ ਕੇ ਦਿਲੋਂ ਪ੍ਰਾਰਥਨਾ ਕਰੋ
[ਸਫ਼ੇ 7 ਉੱਤੇ ਤਸਵੀਰ]
ਉਨ੍ਹਾਂ ਨਾਲ ਬਾਈਬਲ ਪੜ੍ਹੋ ਜੋ ਬਾਈਬਲ ਦਾ ਸਹੀ ਗਿਆਨ ਦਿੰਦੇ ਹਨ
[ਸਫ਼ੇ 7 ਉੱਤੇ ਤਸਵੀਰ]
ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਓ
[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Hiker: Chad Ehlers/Index Stock Photography