ਕੀ ਬਾਈਬਲ ਤੋਂ ਇਲਾਵਾ ਯਿਸੂ ਦੀ ਹੋਂਦ ਦਾ ਕੋਈ ਹੋਰ ਸਬੂਤ ਹੈ?
“ਪੱਥਰ ਉੱਤੇ ਉੱਕਰੀ ਲਿਖਤ ਯਿਸੂ ਦੀ ਹੋਂਦ ਦਾ ਸਬੂਤ।” ਬਿਬਲੀਕਲ ਆਰਕਿਓਲੌਜੀ ਰਿਵਿਊ (ਨਵੰਬਰ/ ਦਸੰਬਰ 2002) ਰਸਾਲੇ ਦੀ ਜਿਲਦ ਉੱਤੇ ਇਸ ਤਰ੍ਹਾਂ ਲਿਖਿਆ ਸੀ। ਇਸ ਜਿਲਦ ਉੱਤੇ ਚੂਨੇ ਦੇ ਪੱਥਰ ਤੋਂ ਬਣੇ ਇਕ ਅਸਥੀ-ਪਾਤਰ ਜਾਂ ਬਕਸੇ ਦੀ ਤਸਵੀਰ ਦਿੱਤੀ ਗਈ ਸੀ ਜੋ ਇਸਰਾਏਲ ਵਿੱਚੋਂ ਮਿਲਿਆ ਸੀ। ਪਹਿਲੀ ਸਦੀ ਸਾ.ਯੁ.ਪੂ. ਤੋਂ 70 ਸਾ.ਯੁ. ਤਕ ਯਹੂਦੀ ਮਰੇ ਹੋਏ ਲੋਕਾਂ ਦੀਆਂ ਹੱਡੀਆਂ ਇਨ੍ਹਾਂ ਬਕਸਿਆਂ ਵਿਚ ਰੱਖਦੇ ਹੁੰਦੇ ਸਨ। ਪਰ ਜਿਸ ਗੱਲ ਨੇ ਇਸ ਬਕਸੇ ਨੂੰ ਖ਼ਾਸ ਬਣਾਇਆ ਹੈ, ਉਹ ਹੈ ਇਸ ਬਕਸੇ ਦੇ ਇਕ ਪਾਸੇ ਲਿਖੀ ਐਰੇਮਿਕ ਭਾਸ਼ਾ ਦੀ ਇਕ ਲਿਖਤ। ਵਿਦਵਾਨਾਂ ਅਨੁਸਾਰ ਇਸ ਬਕਸੇ ਉੱਤੇ ਲਿਖਿਆ ਹੈ: “ਯਾਕੂਬ, ਯੂਸੁਫ਼ ਦਾ ਪੁੱਤਰ, ਯਿਸੂ ਦਾ ਭਰਾ।”
ਬਾਈਬਲ ਦੇ ਅਨੁਸਾਰ, ਨਾਸਰਤ ਵਿਚ ਰਹਿਣ ਵਾਲੇ ਯਿਸੂ ਦੇ ਭਰਾ ਦਾ ਨਾਂ ਯਾਕੂਬ ਸੀ ਅਤੇ ਉਹ ਯੂਸੁਫ਼ ਦਾ ਪੁੱਤਰ ਸੀ ਜੋ ਮਰਿਯਮ ਦਾ ਪਤੀ ਸੀ। ਜਦੋਂ ਯਿਸੂ ਮਸੀਹ ਆਪਣੇ ਸ਼ਹਿਰ ਵਿਚ ਉਪਦੇਸ਼ ਦੇ ਰਿਹਾ ਸੀ, ਤਾਂ ਸੁਣਨ ਵਾਲੇ ਲੋਕਾਂ ਨੇ ਹੈਰਾਨ ਹੋ ਕੇ ਪੁੱਛਿਆ ਸੀ: “ਭਲਾ, ਇਹ ਤਰਖਾਣ ਦਾ ਪੁੱਤ੍ਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਾਈ ਯਾਕੂਬ ਅਰ ਯੂਸੁਫ਼ ਅਰ ਸ਼ਮਊਨ ਅਰ ਯਹੂਦਾ ਨਹੀਂ ਹਨ? ਅਤੇ ਉਹ ਦੀਆਂ ਸੱਭੇ ਭੈਣਾਂ ਸਾਡੇ ਕੋਲ ਨਹੀਂ ਹਨ?”—ਮੱਤੀ 13:54-56; ਲੂਕਾ 4:22; ਯੂਹੰਨਾ 6:42.
ਜੀ ਹਾਂ, ਬਕਸੇ ਉੱਤੇ ਅੰਕਿਤ ਲਿਖਤ ਨਾਸਰਤ ਵਿਚ ਰਹਿਣ ਵਾਲੇ ਯਿਸੂ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਹੈ। ਪ੍ਰਾਚੀਨ ਲਿਖਤਾਂ ਦਾ ਮਾਹਰ ਅਤੇ ਬਿਬਲੀਕਲ ਆਰਕਿਓਲੌਜੀ ਰਿਵਿਊ ਰਸਾਲੇ ਦਾ ਲੇਖਕ ਆਂਡ੍ਰੇ ਲਮੈਰ ਦਾਅਵੇ ਨਾਲ ਕਹਿੰਦਾ ਹੈ ਕਿ ਜੇ ਇਸ ਲਿਖਤ ਵਿਚ ਜ਼ਿਕਰ ਕੀਤਾ ਹੋਇਆ ਯਾਕੂਬ ਯਿਸੂ ਮਸੀਹ ਦਾ ਭਰਾ ਹੈ, ਤਾਂ ‘ਬਾਈਬਲ ਤੋਂ ਇਲਾਵਾ, ਇਹ ਬਕਸਾ ਯਿਸੂ ਦੀ ਹੋਂਦ ਦਾ ਸਭ ਤੋਂ ਪੁਰਾਣਾ ਸਬੂਤ ਹੈ।’ ਰਸਾਲੇ ਦੇ ਐਡੀਟਰ ਹਰਸ਼ਲ ਸ਼ੈਂਕਸ ਨੇ ਕਿਹਾ ਕਿ ਇਹ ਬਕਸਾ “ਇਕ ਠੋਸ ਸਬੂਤ ਹੈ ਜੋ ਧਰਤੀ ਉੱਤੇ ਆਏ ਸਭ ਤੋਂ ਮਸ਼ਹੂਰ ਵਿਅਕਤੀ ਦੇ ਜ਼ਮਾਨੇ ਦਾ ਬਣਿਆ ਹੋਇਆ ਹੈ।”
ਪਰ ਬਕਸੇ ਉੱਤੇ ਉੱਕਰੇ ਤਿੰਨੋਂ ਨਾਂ ਪਹਿਲੀ ਸਦੀ ਵਿਚ ਆਮ ਸਨ। ਇਸ ਲਈ ਮੁਮਕਿਨ ਹੈ ਕਿ ਯਿਸੂ ਮਸੀਹ ਦੇ ਪਰਿਵਾਰ ਤੋਂ ਇਲਾਵਾ, ਹੋਰ ਵੀ ਅਜਿਹੇ ਪਰਿਵਾਰ ਸਨ ਜਿਨ੍ਹਾਂ ਦੇ ਮੈਂਬਰਾਂ ਦੇ ਨਾਂ ਯਾਕੂਬ, ਯੂਸੁਫ਼ ਅਤੇ ਯਿਸੂ ਸਨ। ਪ੍ਰੋਫ਼ੈਸਰ ਲਮੈਰ ਅਨੁਮਾਨ ਲਾਉਂਦਾ ਹੈ: ‘70 ਸਾ.ਯੁ. ਤੋਂ ਪਹਿਲਾਂ ਦੀਆਂ ਦੋ ਪੀੜ੍ਹੀਆਂ ਦੌਰਾਨ ਯਰੂਸ਼ਲਮ ਵਿਚ ਘੱਟੋ-ਘੱਟ 20 ਵਿਅਕਤੀ ਅਜਿਹੇ ਸਨ ਜਿਨ੍ਹਾਂ ਦਾ ਨਾਂ “ਯਾਕੂਬ, ਪਿਤਾ ਦਾ ਨਾਂ ਯੂਸੁਫ਼ ਅਤੇ ਭਰਾ ਦਾ ਨਾਂ ਯਿਸੂ ਸੀ।”’ ਫਿਰ ਵੀ ਉਹ ਇਸ ਗੱਲ ਨੂੰ 90 ਪ੍ਰਤਿਸ਼ਤ ਸੱਚ ਮੰਨਦਾ ਹੈ ਕਿ ਬਕਸੇ ਉੱਤੇ ਜਿਸ ਯਾਕੂਬ ਦਾ ਨਾਂ ਲਿਖਿਆ ਹੋਇਆ ਹੈ, ਉਹ ਯਿਸੂ ਮਸੀਹ ਦਾ ਭਰਾ ਸੀ।
ਇਕ ਹੋਰ ਗੱਲ ਕੁਝ ਲੋਕਾਂ ਨੂੰ ਯਕੀਨ ਦਿਵਾਉਂਦੀ ਹੈ ਕਿ ਯਾਕੂਬ ਯਿਸੂ ਮਸੀਹ ਦਾ ਭਰਾ ਸੀ। ਹਾਲਾਂਕਿ ਉਸ ਵੇਲੇ ਅਸਥੀ-ਪਾਤਰ ਉੱਤੇ ਮਰੇ ਹੋਏ ਵਿਅਕਤੀ ਦੇ ਪਿਤਾ ਦਾ ਨਾਂ ਲਿਖਣਾ ਆਮ ਗੱਲ ਸੀ, ਪਰ ਭਰਾ ਦਾ ਨਾਂ ਕਿਸੇ ਖ਼ਾਸ ਸਥਿਤੀ ਵਿਚ ਹੀ ਲਿਖਿਆ ਜਾਂਦਾ ਸੀ। ਇਸ ਲਈ, ਕੁਝ ਵਿਦਵਾਨ ਮੰਨਦੇ ਹਨ ਕਿ ਯਿਸੂ ਨਾਂ ਦਾ ਇਹ ਵਿਅਕਤੀ ਕੋਈ ਖ਼ਾਸ ਬੰਦਾ ਸੀ। ਉਹ ਸੋਚਦੇ ਹਨ ਕਿ ਇਹ ਉਹੀ ਯਿਸੂ ਮਸੀਹ ਸੀ ਜਿਸ ਨੇ ਮਸੀਹੀ ਧਰਮ ਦੀ ਸ਼ੁਰੂਆਤ ਕੀਤੀ ਸੀ।
ਕੀ ਇਹ ਅਸਥੀ-ਪਾਤਰ ਭਰੋਸੇਯੋਗ ਹੈ?
ਅਸਥੀ-ਪਾਤਰ ਕੀ ਹੁੰਦਾ ਹੈ? ਇਹ ਇਕ ਬਕਸਾ ਹੁੰਦਾ ਹੈ ਜਿਸ ਵਿਚ ਮਰੇ ਬੰਦੇ ਦੀਆਂ ਹੱਡੀਆਂ ਰੱਖੀਆਂ ਜਾਂਦੀਆਂ ਸਨ। ਯਰੂਸ਼ਲਮ ਦੀਆਂ ਕਬਰਾਂ ਵਿੱਚੋਂ ਬਹੁਤ ਸਾਰੇ ਅਸਥੀ-ਪਾਤਰ ਲੁੱਟ ਲਏ ਜਾਂਦੇ ਸਨ। ਇਸ ਲਈ, ਜਿਸ ਬਕਸੇ ਉੱਤੇ ਯਾਕੂਬ ਦਾ ਨਾਂ ਲਿਖਿਆ ਹੋਇਆ ਹੈ, ਉਹ ਵੀ ਖੁਦਾਈ ਕਰਦੇ ਵੇਲੇ ਨਹੀਂ ਮਿਲਿਆ, ਸਗੋਂ ਪੁਰਾਣੀਆਂ ਚੀਜ਼ਾਂ ਦੇ ਬਜ਼ਾਰ ਵਿੱਚੋਂ ਮਿਲਿਆ ਹੈ। ਇਸ ਅਸਥੀ-ਪਾਤਰ ਦੇ ਮਾਲਕ ਨੇ ਕਿਹਾ ਕਿ ਉਸ ਨੇ 1970 ਦੇ ਦਹਾਕੇ ਵਿਚ ਕੁਝ ਸੈਂਕੜੇ ਡਾਲਰ ਦੇ ਕੇ ਇਸ ਨੂੰ ਖ਼ਰੀਦਿਆ ਸੀ। ਇਸ ਤਰ੍ਹਾਂ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਇਹ ਬਕਸਾ ਕਿੱਥੋਂ ਆਇਆ ਹੈ। ਨਿਊਯਾਰਕ ਵਿਚ ਬਾਰਡ ਕਾਲਜ ਦਾ ਪ੍ਰੋਫ਼ੈਸਰ ਬਰੂਸ ਚਿਲਟਨ ਕਹਿੰਦਾ ਹੈ: “ਜੇ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਕੋਈ ਚੀਜ਼ ਕਿੱਥੋਂ ਮਿਲੀ ਹੈ ਅਤੇ ਤਕਰੀਬਨ 2,000 ਸਾਲਾਂ ਤਕ ਇਹ ਕਿੱਥੇ ਪਈ ਰਹੀ, ਤਾਂ ਤੁਸੀਂ ਇਸ ਚੀਜ਼ ਦਾ ਸੰਬੰਧ ਇਸ ਉੱਤੇ ਜ਼ਿਕਰ ਕੀਤੇ ਲੋਕਾਂ ਨਾਲ ਦੱਸਣ ਦੀ ਕੋਸ਼ਿਸ਼ ਨਹੀਂ ਕਰ ਸਕਦੇ।”
ਆਂਡ੍ਰੇ ਲਮੈਰ ਨੇ ਇਹ ਬਕਸਾ ਜਿਓਲੌਜਿਕਲ ਸਰਵੇ ਆਫ ਇਜ਼ਰਾਈਲ ਨਾਂ ਦੀ ਸੰਸਥਾ ਨੂੰ ਭੇਜ ਦਿੱਤਾ ਤਾਂਕਿ ਪਤਾ ਲਾਇਆ ਜਾ ਸਕੇ ਕਿ ਇਹ ਕਿਸ ਚੀਜ਼ ਦਾ ਅਤੇ ਕਿਸ ਸਮੇਂ ਦਾ ਬਣਿਆ ਹੋਇਆ ਹੈ। ਵਿਦਵਾਨਾਂ ਨੇ ਜਾਂਚ ਕਰ ਕੇ ਦੱਸਿਆ ਕਿ ਇਹ ਅਸਥੀ-ਪਾਤਰ ਪਹਿਲੀ ਜਾਂ ਦੂਜੀ ਸਦੀ ਸਾ.ਯੁ. ਵਿਚ ਚੂਨੇ ਦੇ ਪੱਥਰ ਤੋਂ ਬਣਾਇਆ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਬਕਸੇ ਉੱਤੇ “ਕਿਸੇ ਵੀ ਆਧੁਨਿਕ ਸੰਦ ਜਾਂ ਯੰਤਰ ਦੀ ਵਰਤੋਂ ਨਹੀਂ ਕੀਤੀ ਗਈ।” ਨਿਊਯਾਰਕ ਟਾਈਮਜ਼ ਨੇ ਬਾਈਬਲ ਦੇ ਜਿਨ੍ਹਾਂ ਵਿਦਵਾਨਾਂ ਦੀ ਇੰਟਰਵਿਊ ਲਈ ਸੀ, ਉਨ੍ਹਾਂ ਨੇ ਆਪਣਾ ਵਿਚਾਰ ਪ੍ਰਗਟਾਇਆ ਕਿ ਭਾਵੇਂ “ਇਹ ਬਕਸਾ ਅਤੇ ਦੂਜੀਆਂ ਹੋਰ ਗੱਲਾਂ ਸਬੂਤ ਦਿੰਦੀਆਂ ਹਨ ਕਿ ਯਿਸੂ ਇਸ ਧਰਤੀ ਤੇ ਆਇਆ ਸੀ, ਪਰ ਇਹ ਪੱਕਾ ਸਬੂਤ ਨਹੀਂ ਹਨ।”
ਟਾਈਮ ਰਸਾਲੇ ਨੇ ਟਿੱਪਣੀ ਕੀਤੀ ਕਿ “ਅੱਜ ਕਿਸੇ ਵੀ ਪੜ੍ਹੇ-ਲਿਖੇ ਇਨਸਾਨ ਨੂੰ ਯਿਸੂ ਦੀ ਹੋਂਦ ਤੇ ਸ਼ੱਕ ਨਹੀਂ ਹੈ।” ਫਿਰ ਵੀ, ਕਈ ਸੋਚਦੇ ਹਨ ਕਿ ਯਿਸੂ ਦੀ ਹੋਂਦ ਬਾਰੇ ਬਾਈਬਲ ਤੋਂ ਇਲਾਵਾ ਵੀ ਕੋਈ ਸਬੂਤ ਹੋਣਾ ਚਾਹੀਦਾ ਹੈ। ਕੀ ਵਿਦਵਾਨਾਂ ਵੱਲੋਂ ਪ੍ਰਮਾਣਿਤ ਕੀਤੇ ਸਬੂਤਾਂ ਦੇ ਆਧਾਰ ਤੇ ਹੀ ਸਾਨੂੰ ਯਿਸੂ ਮਸੀਹ ਵਿਚ ਨਿਹਚਾ ਕਰਨੀ ਚਾਹੀਦੀ ਹੈ? “ਧਰਤੀ ਉੱਤੇ ਆਏ ਸਭ ਤੋਂ ਮਸ਼ਹੂਰ ਵਿਅਕਤੀ” ਦੀ ਹੋਂਦ ਬਾਰੇ ਸਾਡੇ ਕੋਲ ਹੋਰ ਕਿਹੜਾ ਸਬੂਤ ਹੈ?
[ਸਫ਼ੇ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
ਖੱਬੇ ਪਾਸੇ, ਯਾਕੂਬ ਦਾ ਅਸਥੀ-ਪਾਤਰ: AFP PHOTO/J.P. Moczulski; ਸੱਜੇ ਪਾਸੇ, ਲਿਖਤ: AFP PHOTO/HO