ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w03 6/15 ਸਫ਼ੇ 12-17
  • ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦੀ ਮਸ਼ਹੂਰੀ ਦਾ ਅਸਰ
  • ਅਬਰਾਹਾਮ ਅਤੇ ਇਸਰਾਏਲੀਆਂ ਨਾਲ ਵਰਤਾਉ
  • ਯਿਸੂ ਇਕ ਨਿਰਪੱਖ ਸਿੱਖਿਅਕ ਸੀ
  • ਚੰਗਾ ਅਸਰ
  • ਨਫ਼ਰਤ ਨੂੰ ਦੂਰ ਕਰਨਾ
  • “ਖੁਲ੍ਹੇ ਦਿਲ ਦੇ ਹੋਵੋ”
  • ਯਹੋਸ਼ੁਆ ਅਤੇ ਗਿਬਓਨੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਯਹੋਸ਼ੁਆ ਨੇ ਸਾਰਾ ਕੁਝ ਯਾਦ ਰੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਇਸਰਾਏਲੀ ਕਨਾਨ ਦੇਸ਼ ਵਿਚ ਗਏ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
w03 6/15 ਸਫ਼ੇ 12-17

ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ

“ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ।”​—ਰੋਮੀਆਂ 2:11.

1, 2. (ੳ) ਯਹੋਵਾਹ ਨੇ ਸਾਰੇ ਕਨਾਨੀਆਂ ਨਾਲ ਕੀ ਕਰਨ ਦਾ ਫ਼ੈਸਲਾ ਕੀਤਾ ਸੀ? (ਅ) ਯਹੋਵਾਹ ਨੇ ਕੀ ਕੀਤਾ ਤੇ ਇਸ ਨਾਲ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

ਅੱਜ ਤੋਂ ਤਕਰੀਬਨ 3,500 ਸਾਲ ਪਹਿਲਾਂ (1473 ਸਾ.ਯੁ.ਪੂ) ਇਸਰਾਏਲੀਆਂ ਨੇ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ ਹੋਇਆ ਸੀ। ਉਹ ਬੜੇ ਧਿਆਨ ਨਾਲ ਮੂਸਾ ਦੀ ਗੱਲ ਸੁਣ ਰਹੇ ਸਨ। ਉਨ੍ਹਾਂ ਨੇ ਯਰਦਨ ਦਰਿਆ ਤੋਂ ਪਾਰ ਇਕ ਵੱਡੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਸੀ। ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਚਾਹੁੰਦਾ ਸੀ ਕਿ ਇਸਰਾਏਲ ਵਾਅਦਾ ਕੀਤੇ ਹੋਏ ਦੇਸ਼ ਵਿਚ ਵਸ ਰਹੀਆਂ ਸੱਤ ਸ਼ਕਤੀਸ਼ਾਲੀ ਕਨਾਨੀ ਕੌਮਾਂ ਨੂੰ ਹਰਾਵੇ। ਮੂਸਾ ਦੇ ਇਨ੍ਹਾਂ ਸ਼ਬਦਾਂ ਤੋਂ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਿਆ: “ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੇ ਲਾ ਦੇਵੇ ਤਾਂ ਤੁਸੀਂ ਓਹਨਾਂ ਨੂੰ ਮਾਰ ਸੁੱਟਿਓ”! ਇਸਰਾਏਲੀਆਂ ਨੇ ਉਨ੍ਹਾਂ ਕੌਮਾਂ ਨਾਲ ਨਾ ਤਾਂ ਕੋਈ ਨੇਮ ਬੰਨ੍ਹਣਾ ਸੀ ਤੇ ਨਾ ਹੀ ਉਨ੍ਹਾਂ ਉੱਤੇ ਦਇਆ ਕਰਨੀ ਸੀ।​—ਬਿਵਸਥਾ ਸਾਰ 1:1; 7:1, 2.

2 ਪਰ ਜਦੋਂ ਇਸਰਾਏਲੀਆਂ ਨੇ ਪਹਿਲੇ ਸ਼ਹਿਰ ਤੇ ਹਮਲਾ ਕੀਤਾ, ਤਾਂ ਯਹੋਵਾਹ ਨੇ ਉਸ ਸ਼ਹਿਰ ਦੇ ਇਕ ਪਰਿਵਾਰ ਨੂੰ ਬਚਾਇਆ। ਪਰਮੇਸ਼ੁਰ ਨੇ ਹੋਰ ਚਾਰ ਸ਼ਹਿਰਾਂ ਦੇ ਲੋਕਾਂ ਦੀ ਵੀ ਰੱਖਿਆ ਕੀਤੀ। ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ? ਇਨ੍ਹਾਂ ਕਨਾਨੀਆਂ ਨੂੰ ਬਚਾਉਣ ਦੇ ਕਾਰਨਾਂ ਉੱਤੇ ਗੌਰ ਕਰ ਕੇ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਯਹੋਵਾਹ ਦੀ ਮਸ਼ਹੂਰੀ ਦਾ ਅਸਰ

3, 4. ਇਸਰਾਏਲੀਆਂ ਦੀਆਂ ਜਿੱਤਾਂ ਬਾਰੇ ਖ਼ਬਰਾਂ ਸੁਣ ਕੇ ਕਨਾਨ ਦੇ ਲੋਕਾਂ ਉੱਤੇ ਕਿਹੋ ਜਿਹਾ ਅਸਰ ਪਿਆ?

3 ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਪਹਿਲਾਂ ਯਹੋਵਾਹ ਨੇ 40 ਸਾਲ ਤਕ ਉਜਾੜ ਵਿਚ ਇਸਰਾਏਲੀਆਂ ਦੀ ਰੱਖਿਆ ਕੀਤੀ ਅਤੇ ਉਨ੍ਹਾਂ ਲਈ ਲੜਿਆ। ਇਸ ਦੇਸ਼ ਦੇ ਦੱਖਣ ਵਿਚ ਇਸਰਾਏਲੀਆਂ ਨੂੰ ਅਰਾਦ ਸ਼ਹਿਰ ਦੇ ਕਨਾਨੀ ਰਾਜੇ ਦਾ ਸਾਮ੍ਹਣਾ ਕਰਨਾ ਪਿਆ। ਯਹੋਵਾਹ ਦੀ ਮਦਦ ਨਾਲ ਇਸਰਾਏਲੀਆਂ ਨੇ ਉਸ ਨੂੰ ਅਤੇ ਉਸ ਦੀ ਫ਼ੌਜ ਨੂੰ ਹਾਰਮਾਹ ਵਿਚ ਹਰਾਇਆ। (ਗਿਣਤੀ 21:1-3) ਬਾਅਦ ਵਿਚ ਉਹ ਅਦੋਮ ਦੀ ਸਰਹੱਦ ਲਾਗਿਓਂ ਲੰਘ ਕੇ ਉੱਤਰ ਵੱਲ ਮ੍ਰਿਤ ਸਾਗਰ ਦੇ ਉੱਤਰ-ਪੂਰਬੀ ਇਲਾਕੇ ਵਿਚ ਚਲੇ ਗਏ। ਇਸ ਇਲਾਕੇ ਵਿਚ ਪਹਿਲਾਂ ਮੋਆਬੀ ਰਹਿੰਦੇ ਹੁੰਦੇ ਸਨ, ਪਰ ਹੁਣ ਅਮੋਰੀ ਰਹਿੰਦੇ ਸਨ। ਅਮੋਰੀਆਂ ਦੇ ਰਾਜੇ ਸੀਹੋਨ ਨੇ ਇਸਰਾਏਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਅਰਨੋਨ ਵਾਦੀ ਦੇ ਉੱਤਰ ਵੱਲ ਯਹਸ ਵਿਚ ਅਮੋਰੀਆਂ ਅਤੇ ਇਸਰਾਏਲੀਆਂ ਵਿਚ ਲੜਾਈ ਹੋਈ ਜਿਸ ਵਿਚ ਸੀਹੋਨ ਮਾਰਿਆ ਗਿਆ। (ਗਿਣਤੀ 21:23, 24; ਬਿਵਸਥਾ ਸਾਰ 2:30-33) ਇਸ ਤੋਂ ਅੱਗੇ ਉੱਤਰ ਵੱਲ ਬਾਸ਼ਾਨ ਵਿਚ ਓਗ ਦੂਸਰੇ ਅਮੋਰੀਆਂ ਉੱਤੇ ਰਾਜ ਕਰਦਾ ਸੀ। ਭਾਵੇਂ ਕਿ ਓਗ ਦਾ ਕੱਦ-ਕਾਠ ਬਹੁਤ ਉੱਚਾ ਸੀ, ਫਿਰ ਵੀ ਉਹ ਯਹੋਵਾਹ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਅਰਦਈ ਵਿਚ ਹੋਈ ਲੜਾਈ ਵਿਚ ਓਗ ਮਾਰਿਆ ਗਿਆ। (ਗਿਣਤੀ 21:33-35; ਬਿਵਸਥਾ ਸਾਰ 3:1-3, 11) ਇਨ੍ਹਾਂ ਜਿੱਤਾਂ ਦੀਆਂ ਕਹਾਣੀਆਂ ਅਤੇ ਮਿਸਰ ਤੋਂ ਇਸਰਾਏਲੀਆਂ ਦੇ ਆਜ਼ਾਦ ਹੋਣ ਦੀਆਂ ਕਹਾਣੀਆਂ ਦਾ ਕਨਾਨ ਦੇ ਲੋਕਾਂ ਉੱਤੇ ਬਹੁਤ ਪ੍ਰਭਾਵ ਪਿਆ।a

4 ਜਦੋਂ ਇਸਰਾਏਲੀ ਯਰਦਨ ਦਰਿਆ ਪਾਰ ਕਰ ਕੇ ਕਨਾਨ ਵਿਚ ਆਏ ਸਨ, ਤਾਂ ਉਨ੍ਹਾਂ ਨੇ ਪਹਿਲਾਂ ਗਿਲਗਾਲ ਵਿਚ ਡੇਰਾ ਲਾਇਆ ਸੀ। (ਯਹੋਸ਼ੁਆ 4:9-19) ਉੱਥੋਂ ਯਰੀਹੋ ਸ਼ਹਿਰ ਨੇੜੇ ਹੀ ਸੀ। ਕਨਾਨੀ ਤੀਵੀਂ ਰਾਹਾਬ ਨੇ ਯਹੋਵਾਹ ਦੇ ਕੰਮਾਂ ਬਾਰੇ ਜੋ ਕੁਝ ਸੁਣਿਆ, ਉਸ ਤੋਂ ਪ੍ਰਭਾਵਿਤ ਹੋ ਕੇ ਉਹ ਯਹੋਵਾਹ ਉੱਤੇ ਨਿਹਚਾ ਕਰਨ ਲੱਗ ਪਈ। ਨਤੀਜੇ ਵਜੋਂ ਜਦੋਂ ਯਹੋਵਾਹ ਨੇ ਯਰੀਹੋ ਸ਼ਹਿਰ ਨੂੰ ਤਬਾਹ ਕੀਤਾ ਸੀ, ਤਾਂ ਉਸ ਨੇ ਰਾਹਾਬ ਨੂੰ ਅਤੇ ਉਸ ਦੇ ਘਰ ਵਿਚ ਮੌਜੂਦ ਲੋਕਾਂ ਨੂੰ ਬਚਾ ਲਿਆ।​—ਯਹੋਸ਼ੁਆ 2:1-13; 6:17, 18; ਯਾਕੂਬ 2:25.

5. ਗਿਬਓਨੀਆਂ ਨੇ ਇਸਰਾਏਲੀਆਂ ਨਾਲ ਚਲਾਕੀ ਕਿਉਂ ਕੀਤੀ ਸੀ?

5 ਇਸ ਤੋਂ ਬਾਅਦ ਇਸਰਾਏਲੀ ਯਰਦਨ ਦੇ ਨੀਵੇਂ ਇਲਾਕੇ ਨੂੰ ਛੱਡ ਕੇ ਪਹਾੜੀ ਇਲਾਕੇ ਵਿਚ ਚਲੇ ਗਏ। ਯਹੋਵਾਹ ਦੀਆਂ ਹਿਦਾਇਤਾਂ ਉੱਤੇ ਚੱਲਦੇ ਹੋਏ ਯਹੋਸ਼ੁਆ ਨੇ ਅਈ ਸ਼ਹਿਰ ਉੱਤੇ ਘਾਤ ਲਾ ਕੇ ਹਮਲੇ ਕੀਤੇ। (ਯਹੋਸ਼ੁਆ ਅਧਿਆਇ 8) ਜਦੋਂ ਕਨਾਨੀ ਰਾਜਿਆਂ ਨੇ ਇਸਰਾਏਲੀਆਂ ਦੀਆਂ ਭਾਰੀ ਜਿੱਤਾਂ ਬਾਰੇ ਸੁਣਿਆ, ਤਾਂ ਉਹ ਇਸਰਾਏਲੀਆਂ ਨਾਲ ਲੜਾਈ ਕਰਨ ਲਈ ਇਕੱਠੇ ਹੋ ਗਏ। (ਯਹੋਸ਼ੁਆ 9:1, 2) ਪਰ ਹਿੱਵੀਆਂ ਦੇ ਸ਼ਹਿਰ ਗਿਬਓਨ ਦੇ ਵਾਸੀਆਂ ਨੇ ਇਸ ਤਰ੍ਹਾਂ ਨਹੀਂ ਕੀਤਾ। ਯਹੋਸ਼ੁਆ 9:4 ਵਿਚ ਦੱਸਿਆ ਹੈ: ‘ਓਹਨਾਂ ਨੇ ਇੱਕ ਛਲ ਕੀਤਾ।’ ਰਾਹਾਬ ਵਾਂਗ ਉਨ੍ਹਾਂ ਨੇ ਵੀ ਯਹੋਵਾਹ ਦੁਆਰਾ ਆਪਣੇ ਲੋਕਾਂ ਨੂੰ ਛੁਡਾਉਣ ਬਾਰੇ ਅਤੇ ਸੀਹੋਨ ਤੇ ਓਗ ਨੂੰ ਹਰਾਉਣ ਬਾਰੇ ਸੁਣਿਆ ਸੀ। (ਯਹੋਸ਼ੁਆ 9:6-10) ਗਿਬਓਨੀਆਂ ਨੂੰ ਪਤਾ ਸੀ ਕਿ ਇਸਰਾਏਲੀਆਂ ਨਾਲ ਲੜਨ ਦਾ ਕੋਈ ਫ਼ਾਇਦਾ ਨਹੀਂ ਸੀ। ਇਸ ਲਈ ਗਿਬਓਨ ਅਤੇ ਨੇੜੇ ਦੇ ਹੋਰ ਤਿੰਨ ਸ਼ਹਿਰਾਂ ਕਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਵੱਲੋਂ ਉਨ੍ਹਾਂ ਨੇ ਗਿਲਗਾਲ ਵਿਚ ਯਹੋਸ਼ੁਆ ਨੂੰ ਮਿਲਣ ਲਈ ਆਪਣੇ ਕੁਝ ਬੰਦੇ ਘੱਲੇ। ਉਹ ਬੰਦੇ ਯਹੋਸ਼ੁਆ ਦੇ ਸਾਮ੍ਹਣੇ ਫਟੇ-ਪੁਰਾਣੇ ਕੱਪੜੇ ਪਾ ਕੇ ਗਏ ਜਿਸ ਤੋਂ ਉਸ ਨੂੰ ਇਸ ਤਰ੍ਹਾਂ ਲੱਗੇ ਕਿ ਉਹ ਬਹੁਤ ਦੂਰੋਂ ਆਏ ਸਨ। ਉਨ੍ਹਾਂ ਦੀ ਚਲਾਕੀ ਕਾਮਯਾਬ ਹੋਈ। ਯਹੋਸ਼ੁਆ ਨੇ ਉਨ੍ਹਾਂ ਨਾਲ ਇਕ ਨੇਮ ਬੰਨ੍ਹਿਆ ਜਿਸ ਕਰਕੇ ਉਹ ਨਾਸ਼ ਹੋਣ ਤੋਂ ਬਚ ਗਏ। ਤਿੰਨ ਦਿਨਾਂ ਬਾਅਦ ਯਹੋਸ਼ੁਆ ਅਤੇ ਇਸਰਾਏਲੀਆਂ ਨੂੰ ਪਤਾ ਲੱਗ ਗਿਆ ਕਿ ਗਿਬਓਨੀਆਂ ਨੇ ਉਨ੍ਹਾਂ ਨਾਲ ਚਲਾਕੀ ਕੀਤੀ ਸੀ। ਪਰ ਉਨ੍ਹਾਂ ਨੇ ਯਹੋਵਾਹ ਦੀ ਸੌਂਹ ਖਾ ਕੇ ਨੇਮ ਬੰਨ੍ਹਿਆ ਸੀ, ਇਸ ਲਈ ਉਨ੍ਹਾਂ ਨੇ ਨੇਮ ਨਹੀਂ ਤੋੜਿਆ। (ਯਹੋਸ਼ੁਆ 9:16-19) ਕੀ ਯਹੋਵਾਹ ਨੂੰ ਇਸਰਾਏਲੀਆਂ ਦੀ ਇਹ ਗੱਲ ਮਨਜ਼ੂਰ ਸੀ?

6. ਯਹੋਸ਼ੁਆ ਨੇ ਗਿਬਓਨੀਆਂ ਨਾਲ ਜੋ ਨੇਮ ਬੰਨ੍ਹਿਆ ਸੀ, ਉਸ ਪ੍ਰਤੀ ਯਹੋਵਾਹ ਦਾ ਕੀ ਨਜ਼ਰੀਆ ਸੀ?

6 ਗਿਬਓਨੀਆਂ ਨੂੰ ਇਸਰਾਏਲੀਆਂ ਵਾਸਤੇ ਅਤੇ ਤੰਬੂ ਵਿਚ “ਯਹੋਵਾਹ ਦੀ ਜਗਵੇਦੀ ਲਈ” ਲੱਕੜਾਂ ਵੱਢਣ ਅਤੇ ਪਾਣੀ ਲਿਆਉਣ ਦਾ ਕੰਮ ਦਿੱਤਾ ਗਿਆ। (ਯਹੋਸ਼ੁਆ 9:21-27) ਇਸ ਤੋਂ ਇਲਾਵਾ, ਜਦੋਂ ਪੰਜ ਅਮੋਰੀ ਰਾਜਿਆਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੇ ਗਿਬਓਨੀਆਂ ਉੱਤੇ ਹਮਲਾ ਕੀਤਾ, ਤਾਂ ਯਹੋਵਾਹ ਨੇ ਚਮਤਕਾਰ ਕਰ ਕੇ ਉਨ੍ਹਾਂ ਨੂੰ ਬਚਾਇਆ। ਜਿੰਨੇ ਦੁਸ਼ਮਣ ਯਹੋਸ਼ੁਆ ਦੀਆਂ ਫ਼ੌਜਾਂ ਨੇ ਮਾਰੇ, ਉਸ ਤੋਂ ਕਿਤੇ ਜ਼ਿਆਦਾ ਅਮੋਰੀ ਗੜ੍ਹਿਆਂ ਦੀ ਮਾਰ ਨਾਲ ਮਰੇ। ਯਹੋਵਾਹ ਨੇ ਯਹੋਸ਼ੁਆ ਦੀ ਇਹ ਬੇਨਤੀ ਵੀ ਸੁਣੀ ਕਿ ਅਮੋਰੀਆਂ ਨੂੰ ਖ਼ਤਮ ਕਰਨ ਤਕ ਸੂਰਜ ਤੇ ਚੰਨ ਆਪਣੀ ਥਾਂ ਤੇ ਹੀ ਟਿਕੇ ਰਹਿਣ। ਯਹੋਸ਼ੁਆ ਨੇ ਲਿਖਿਆ: “ਏਸ ਤੋਂ ਅੱਗੇ ਅਥਵਾ ਪਿੱਛੇ ਅਜੇਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾਹ ਨੇ ਮਨੁੱਖ ਦੀ ਅਵਾਜ਼ ਸੁਣੀ ਹੋਵੇ ਕਿਉਂ ਜੋ ਯਹੋਵਾਹ ਇਸਰਾਏਲ ਲਈ ਲੜਿਆ।”​—ਯਹੋਸ਼ੁਆ 10:1-14.

7. ਕੁਝ ਕਨਾਨੀਆਂ ਉੱਤੇ ਪਤਰਸ ਦੀ ਕਿਹੜੀ ਗੱਲ ਲਾਗੂ ਹੋਈ ਸੀ?

7 ਕਨਾਨੀ ਤੀਵੀਂ ਰਾਹਾਬ, ਉਸ ਦੇ ਪਰਿਵਾਰ ਅਤੇ ਗਿਬਓਨੀਆਂ ਦੇ ਦਿਲਾਂ ਵਿਚ ਯਹੋਵਾਹ ਦਾ ਡਰ ਸੀ ਤੇ ਇਸ ਦੇ ਮੁਤਾਬਕ ਉਨ੍ਹਾਂ ਨੇ ਕਦਮ ਚੁੱਕੇ। ਉਨ੍ਹਾਂ ਨਾਲ ਜੋ ਵੀ ਹੋਇਆ, ਉਸ ਤੋਂ ਮਸੀਹੀ ਰਸੂਲ ਪਤਰਸ ਦੀ ਇਸ ਗੱਲ ਦੀ ਸੱਚਾਈ ਪਤਾ ਲੱਗਦੀ ਹੈ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”​—ਰਸੂਲਾਂ ਦੇ ਕਰਤੱਬ 10:34, 35.

ਅਬਰਾਹਾਮ ਅਤੇ ਇਸਰਾਏਲੀਆਂ ਨਾਲ ਵਰਤਾਉ

8, 9. ਅਬਰਾਹਾਮ ਅਤੇ ਇਸਰਾਏਲ ਕੌਮ ਨਾਲ ਯਹੋਵਾਹ ਦੇ ਵਰਤਾਉ ਤੋਂ ਉਸ ਦੀ ਨਿਰਪੱਖਤਾ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?

8 ਚੇਲੇ ਯਾਕੂਬ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਪਰਮੇਸ਼ੁਰ ਨੇ ਅਬਰਾਹਾਮ ਅਤੇ ਉਸ ਦੀ ਔਲਾਦ ਉੱਤੇ ਕਿੰਨੀ ਦਇਆ ਕੀਤੀ ਸੀ। ਯਹੋਵਾਹ ਨੇ ਅਬਰਾਹਾਮ ਨੂੰ ਇਸ ਕਰਕੇ ਆਪਣਾ “ਮਿੱਤਰ” ਨਹੀਂ ਬਣਾਇਆ ਸੀ ਕਿ ਉਹ ਕਿਸੇ ਖ਼ਾਸ ਕੌਮ ਜਾਂ ਨਸਲ ਵਿੱਚੋਂ ਸੀ, ਸਗੋਂ ਉਸ ਦੀ ਨਿਹਚਾ ਕਰਕੇ ਉਸ ਨੂੰ ਇਹ ਸਨਮਾਨ ਦਿੱਤਾ ਗਿਆ ਸੀ। (ਯਾਕੂਬ 2:23) ਅਬਰਾਹਾਮ ਦੀ ਨਿਹਚਾ ਅਤੇ ਯਹੋਵਾਹ ਲਈ ਉਸ ਦੇ ਪਿਆਰ ਕਰਕੇ ਉਸ ਦੀ ਔਲਾਦ ਨੂੰ ਬਰਕਤਾਂ ਮਿਲੀਆਂ। (2 ਇਤਹਾਸ 20:7) ਯਹੋਵਾਹ ਨੇ ਅਬਰਾਹਾਮ ਨੂੰ ਵਾਅਦਾ ਕੀਤਾ ਸੀ: “ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ।” ਪਰ ਧਿਆਨ ਦਿਓ ਕਿ ਅਗਲੀ ਆਇਤ ਵਿਚ ਕੀ ਵਾਅਦਾ ਕੀਤਾ ਗਿਆ ਹੈ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।”​—ਉਤਪਤ 22:17, 18; ਰੋਮੀਆਂ 4:1-8.

9 ਇਹ ਸੱਚ ਹੈ ਕਿ ਇਸਰਾਏਲੀ ਉਸ ਦੀ “ਨਿਜੀ ਪਰਜਾ” ਸਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਦੂਸਰੇ ਲੋਕਾਂ ਦੀ ਪਰਵਾਹ ਨਹੀਂ ਕਰਦਾ ਸੀ। (ਕੂਚ 19:5; ਬਿਵਸਥਾ ਸਾਰ 7:6-8) ਇਸਰਾਏਲੀਆਂ ਨਾਲ ਯਹੋਵਾਹ ਦੇ ਵਰਤਾਉ ਤੋਂ ਪਤਾ ਲੱਗਦਾ ਹੈ ਕਿ ਕਿਸੇ ਦਾ ਪੱਖਪਾਤ ਕਰਨ ਦੀ ਬਜਾਇ ਉਹ ਉਨ੍ਹਾਂ ਸਾਰਿਆਂ ਨਾਲ ਵਫ਼ਾਦਾਰੀ ਅਤੇ ਪਿਆਰ ਨਾਲ ਪੇਸ਼ ਆਉਂਦਾ ਹੈ ਜੋ ਉਸ ਦੇ ਹੁਕਮ ਮੰਨਦੇ ਹਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ। ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾ ਕੇ ਉਨ੍ਹਾਂ ਨੂੰ ਦੁਬਾਰਾ ਖ਼ਰੀਦ ਲਿਆ ਜਿਸ ਕਰਕੇ ਉਸ ਨੇ ਕਿਹਾ: “ਮੈਂ ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਕੇਵਲ ਤੁਹਾਨੂੰ ਜਾਤਾ।” ਪਰ ਆਮੋਸ ਨਬੀ ਅਤੇ ਦੂਸਰਿਆਂ ਨਬੀਆਂ ਦੇ ਜ਼ਰੀਏ ਯਹੋਵਾਹ ਨੇ “ਸਾਰੀਆਂ ਕੌਮਾਂ” ਦੇ ਲੋਕਾਂ ਨੂੰ ਵਧੀਆ ਭਵਿੱਖ ਪੇਸ਼ ਕੀਤਾ ਸੀ।​—ਆਮੋਸ 3:2; 9:11, 12; ਯਸਾਯਾਹ 2:2-4.

ਯਿਸੂ ਇਕ ਨਿਰਪੱਖ ਸਿੱਖਿਅਕ ਸੀ

10. ਯਿਸੂ ਨੇ ਨਿਰਪੱਖਤਾ ਦਿਖਾਉਣ ਵਿਚ ਆਪਣੇ ਪਿਤਾ ਦੀ ਰੀਸ ਕਿਵੇਂ ਕੀਤੀ ਸੀ?

10 ਧਰਤੀ ਉੱਤੇ ਸੇਵਾ ਕਰਦੇ ਸਮੇਂ ਯਿਸੂ ਨੇ ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕੀਤੀ। ਯਿਸੂ ਅਸਲ ਵਿਚ ਆਪਣੇ ਪਿਤਾ ਦਾ ਹੀ ਰੂਪ ਸੀ। (ਇਬਰਾਨੀਆਂ 1:3) ਉਸ ਸਮੇਂ ਉਸ ਦਾ ਮੁੱਖ ਕੰਮ “ਇਸਰਾਏਲ ਦੇ ਪਰਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ” ਨੂੰ ਲੱਭਣਾ ਸੀ। ਪਰ ਉਹ ਖੂਹ ਉੱਤੇ ਆਈ ਸਾਮਰੀ ਤੀਵੀਂ ਨੂੰ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟਿਆ। (ਮੱਤੀ 15:24; ਯੂਹੰਨਾ 4:7-30) ਉਸ ਨੇ ਇਕ ਗ਼ੈਰ-ਯਹੂਦੀ ਫ਼ੌਜੀ ਅਫ਼ਸਰ ਦੇ ਬੇਨਤੀ ਕਰਨ ਤੇ ਇਕ ਚਮਤਕਾਰ ਵੀ ਕੀਤਾ ਸੀ। (ਲੂਕਾ 7:1-10) ਯਿਸੂ ਨੇ ਕੰਮਾਂ ਦੁਆਰਾ ਪਰਮੇਸ਼ੁਰ ਦੇ ਲੋਕਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਇਲਾਵਾ ਦੂਸਰੀਆਂ ਕੌਮਾਂ ਦੇ ਲੋਕਾਂ ਲਈ ਵੀ ਆਪਣੇ ਪਿਆਰ ਦਾ ਸਬੂਤ ਦਿੱਤਾ। ਯਿਸੂ ਦੇ ਚੇਲਿਆਂ ਨੇ ਵੀ ਦੂਰ-ਦੂਰ ਤਕ ਪ੍ਰਚਾਰ ਕੀਤਾ ਸੀ। ਇਹ ਗੱਲ ਸਾਫ਼ ਹੋ ਗਈ ਸੀ ਕਿ ਪਰਮੇਸ਼ੁਰ ਦੀਆਂ ਬਰਕਤਾਂ ਪਾਉਣ ਲਈ ਕਿਸੇ ਖ਼ਾਸ ਕੌਮ ਦਾ ਨਾਗਰਿਕ ਹੋਣਾ ਜ਼ਰੂਰੀ ਨਹੀਂ ਸੀ, ਸਗੋਂ ਲੋਕਾਂ ਦਾ ਰਵੱਈਆ ਚੰਗਾ ਹੋਣਾ ਜ਼ਰੂਰੀ ਸੀ। ਸੱਚਾਈ ਦੇ ਭੁੱਖੇ, ਨਿਮਰ ਤੇ ਨੇਕਦਿਲ ਲੋਕਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਇਸ ਅਨੁਸਾਰ ਕਦਮ ਚੁੱਕੇ। ਇਸ ਤੋਂ ਉਲਟ, ਹੰਕਾਰੀ ਤੇ ਘਮੰਡੀ ਲੋਕਾਂ ਨੇ ਯਿਸੂ ਅਤੇ ਉਸ ਦੇ ਸੰਦੇਸ਼ ਨਾਲ ਨਫ਼ਰਤ ਕੀਤੀ। ਯਿਸੂ ਨੇ ਕਿਹਾ ਸੀ: “ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੈਨੂੰ ਚੰਗਾ ਲੱਗਾ।” (ਲੂਕਾ 10:21) ਜਦੋਂ ਅਸੀਂ ਪਿਆਰ ਅਤੇ ਨਿਹਚਾ ਕਾਰਨ ਦੂਸਰਿਆਂ ਨਾਲ ਪੇਸ਼ ਆਉਂਦੇ ਹਾਂ, ਤਾਂ ਅਸੀਂ ਨਿਰਪੱਖਤਾ ਦਿਖਾਉਂਦੇ ਹਾਂ ਕਿਉਂਕਿ ਯਹੋਵਾਹ ਇਹੋ ਚਾਹੁੰਦਾ ਹੈ।

11. ਮੁਢਲੀ ਮਸੀਹੀ ਕਲੀਸਿਯਾ ਵਿਚ ਨਿਰਪੱਖਤਾ ਕਿਵੇਂ ਦਿਖਾਈ ਗਈ ਸੀ?

11 ਮੁਢਲੀ ਮਸੀਹੀ ਕਲੀਸਿਯਾ ਵਿਚ ਯਹੂਦੀ ਅਤੇ ਗ਼ੈਰ-ਯਹੂਦੀ ਸਾਰੇ ਬਰਾਬਰ ਸਨ। ਪੌਲੁਸ ਨੇ ਇਹ ਗੱਲ ਸਮਝਾਈ ਸੀ: “ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਨੂੰ ਫੇਰ ਯੂਨਾਨੀ ਨੂੰ। ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ।”b (ਰੋਮੀਆਂ 2:10, 11) ਯਹੋਵਾਹ ਦੀ ਦਇਆ ਪਾਉਣ ਲਈ ਕਿਸੇ ਦੀ ਕੌਮ ਕੋਈ ਮਾਅਨੇ ਨਹੀਂ ਰੱਖਦੀ ਸੀ, ਸਗੋਂ ਇਹ ਗੱਲ ਮਾਅਨੇ ਰੱਖਦੀ ਸੀ ਕਿ ਯਹੋਵਾਹ ਬਾਰੇ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਸਿੱਖ ਕੇ ਉਹ ਲੋਕ ਕੀ ਕਰਦੇ ਹਨ। (ਯੂਹੰਨਾ 3:16, 36) ਪੌਲੁਸ ਨੇ ਲਿਖਿਆ: “ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਅਤੇ ਨਾ ਉਹ ਸੁੰਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ। ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ।” ਫਿਰ ਸ਼ਬਦ “ਯਹੂਦੀ” (ਜਿਸ ਦਾ ਮਤਲਬ “ਯਹੂਦਾਹ ਦਾ” ਯਾਨੀ ਜਿਸ ਦੀ ਸੋਭਾ ਜਾਂ ਪ੍ਰਸ਼ੰਸਾ ਕੀਤੀ ਗਈ ਹੋਵੇ) ਨੂੰ ਵਰਤਦੇ ਹੋਏ ਪੌਲੁਸ ਨੇ ਅੱਗੇ ਕਿਹਾ: “ਜਿਹ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।” (ਰੋਮੀਆਂ 2:28, 29) ਯਹੋਵਾਹ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਦੀ ਸੋਭਾ ਕਰਦਾ ਹੈ। ਕੀ ਅਸੀਂ ਨਿਰਪੱਖਤਾ ਨਾਲ ਦੂਸਰਿਆਂ ਦੀ ਸੋਭਾ ਕਰਦੇ ਹਾਂ?

12. ਪਰਕਾਸ਼ ਦੀ ਪੋਥੀ 7:9 ਵਿਚ ਕਿਨ੍ਹਾਂ ਨੂੰ ਕਿਹੜਾ ਮੌਕਾ ਦਿੱਤਾ ਗਿਆ ਹੈ?

12 ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਦੇਖਿਆ ਕਿ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਨੂੰ ਅਧਿਆਤਮਿਕ ਕੌਮ ਕਿਹਾ ਗਿਆ ਸੀ ਜਿਨ੍ਹਾਂ ਦੀ ਗਿਣਤੀ 1,44,000 ਸੀ। ਇਹ “ਇਸਰਾਏਲ ਦੇ ਵੰਸ ਦੇ ਸਭਨਾਂ ਗੋਤਾਂ” ਵਿੱਚੋਂ ਲਏ ਗਏ ਹਨ ਤੇ ਇਨ੍ਹਾਂ ਉੱਤੇ “ਮੋਹਰ” ਲੱਗੀ ਹੋਈ ਹੈ। ਇਨ੍ਹਾਂ ਤੋਂ ਬਾਅਦ ਯੂਹੰਨਾ ਨੇ “ਇੱਕ ਵੱਡੀ ਭੀੜ” ਦੇਖੀ ਜੋ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਆਈ ਹੈ ਅਤੇ ਉਹ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।’ (ਪਰਕਾਸ਼ ਦੀ ਪੋਥੀ 7:4, 9) ਇਸ ਤਰ੍ਹਾਂ ਅੱਜ ਮਸੀਹੀ ਕਲੀਸਿਯਾ ਵਿਚ ਹਰ ਕੌਮ ਜਾਂ ਭਾਸ਼ਾ ਦੇ ਲੋਕਾਂ ਨੂੰ “ਵੱਡੀ ਬਿਪਤਾ” ਵਿੱਚੋਂ ਬਚਣ ਅਤੇ ਨਵੇਂ ਸੰਸਾਰ ਵਿਚ “ਅੰਮ੍ਰਿਤ ਜਲ ਦਿਆਂ ਸੋਤਿਆਂ” ਦਾ ਪਾਣੀ ਪੀਣ ਦਾ ਮੌਕਾ ਦਿੱਤਾ ਜਾਂਦਾ ਹੈ।​—ਪਰਕਾਸ਼ ਦੀ ਪੋਥੀ 7:14-17.

ਚੰਗਾ ਅਸਰ

13-15. (ੳ) ਅਸੀਂ ਨਸਲੀ ਤੇ ਸਭਿਆਚਾਰਕ ਫ਼ਰਕ ਕਿਸ ਤਰ੍ਹਾਂ ਮਿਟਾ ਸਕਦੇ ਹਾਂ? (ਅ) ਦੋਸਤਾਨਾ ਰਵੱਈਆ ਦਿਖਾਉਣ ਨਾਲ ਹੋਣ ਵਾਲੇ ਫ਼ਾਇਦਿਆਂ ਦੀਆਂ ਉਦਾਹਰਣਾਂ ਦਿਓ।

13 ਯਹੋਵਾਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਵੇਂ ਚੰਗਾ ਪਿਤਾ ਆਪਣੇ ਬੱਚਿਆਂ ਨੂੰ ਜਾਣਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਦੂਸਰਿਆਂ ਦੇ ਸਭਿਆਚਾਰ ਤੇ ਪਿਛੋਕੜ ਵਿਚ ਦਿਲਚਸਪੀ ਲੈ ਕੇ ਉਨ੍ਹਾਂ ਬਾਰੇ ਜਾਣਦੇ ਹਾਂ, ਤਾਂ ਫ਼ਰਕ ਆਪਣੇ ਆਪ ਮਿਟ ਜਾਂਦੇ ਹਨ। ਜਾਤ-ਪਾਤ ਦੀਆਂ ਕੰਧਾਂ ਢਹਿ-ਢੇਰੀ ਹੋ ਜਾਂਦੀਆਂ ਹਨ ਅਤੇ ਦੋਸਤੀ ਤੇ ਪਿਆਰ ਦਾ ਰਿਸ਼ਤਾ ਮਜ਼ਬੂਤ ਹੋ ਜਾਂਦਾ ਹੈ। ਏਕਤਾ ਵੀ ਵਧ ਜਾਂਦੀ ਹੈ। (1 ਕੁਰਿੰਥੀਆਂ 9:19-23) ਵਿਦੇਸ਼ਾਂ ਵਿਚ ਸੇਵਾ ਕਰਦੇ ਮਿਸ਼ਨਰੀ ਇਸ ਦੀ ਜੀਉਂਦੀ-ਜਾਗਦੀ ਮਿਸਾਲ ਹਨ। ਉੱਥੇ ਦੇ ਲੋਕਾਂ ਵਿਚ ਦਿਲਚਸਪੀ ਲੈਣ ਕਰਕੇ ਮਿਸ਼ਨਰੀ ਉੱਥੇ ਦੇ ਭੈਣ-ਭਰਾਵਾਂ ਨਾਲ ਘੁਲ-ਮਿਲ ਜਾਂਦੇ ਹਨ।​—ਫ਼ਿਲਿੱਪੀਆਂ 2:4.

14 ਨਿਰਪੱਖਤਾ ਦਾ ਚੰਗਾ ਅਸਰ ਬਹੁਤ ਸਾਰੇ ਦੇਸ਼ਾਂ ਵਿਚ ਸਾਫ਼ ਦਿਖਾਈ ਦਿੰਦਾ ਹੈ। ਅਕਲੀਲੂ ਇਥੋਪੀਆ ਤੋਂ ਇੰਗਲੈਂਡ ਆਇਆ ਸੀ। ਉਹ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਕੱਲਾ-ਕਾਰਾ ਸੀ। ਉਸ ਦਾ ਇਕੱਲਾਪਣ ਹੋਰ ਵਧ ਗਿਆ ਜਦੋਂ ਉਸ ਨੇ ਦੇਖਿਆ ਕਿ ਆਮ ਤੌਰ ਤੇ ਲੋਕ ਪ੍ਰਦੇਸੀਆਂ ਨਾਲ ਦੋਸਤੀ ਨਹੀਂ ਕਰਦੇ। ਇਹ ਗੱਲ ਯੂਰਪ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿਚ ਦੇਖੀ ਜਾਂਦੀ ਹੈ। ਜਦੋਂ ਉਹ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਇਕ ਮਸੀਹੀ ਸਭਾ ਵਿਚ ਗਿਆ, ਤਾਂ ਉਸ ਨੇ ਉੱਥੇ ਵੱਖਰੀ ਗੱਲ ਦੇਖੀ। ਕਿੰਗਡਮ ਹਾਲ ਵਿਚ ਲੋਕਾਂ ਨੇ ਉਸ ਦਾ ਸੁਆਗਤ ਕੀਤਾ ਅਤੇ ਉਸ ਦੀ ਸਾਰੀ ਝਿਜਕ ਨਿਕਲ ਗਈ। ਉਸ ਨੇ ਸਿਰਜਣਹਾਰ ਬਾਰੇ ਸਿੱਖਣਾ ਸ਼ੁਰੂ ਕਰ ਦਿੱਤਾ। ਉਹ ਉਸ ਇਲਾਕੇ ਵਿਚ ਦੂਸਰੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਦੱਸਣ ਦੇ ਮੌਕੇ ਲੱਭਣ ਲੱਗ ਪਿਆ। ਇਕ ਦਿਨ ਜਦੋਂ ਉਹ ਪ੍ਰਚਾਰ ਕਰ ਰਿਹਾ ਸੀ, ਤਾਂ ਉਸ ਦੇ ਸਾਥੀ ਨੇ ਉਸ ਨੂੰ ਪੁੱਛਿਆ ਕਿ ਹੁਣ ਉਸ ਦੀ ਜ਼ਿੰਦਗੀ ਦੇ ਟੀਚੇ ਕੀ ਸਨ। ਅਕਲੀਲੂ ਨੇ ਝੱਟ ਜਵਾਬ ਦਿੱਤਾ ਕਿ ਉਸ ਦੀ ਇੱਛਾ ਉਸ ਕਲੀਸਿਯਾ ਵਿਚ ਜਾਣ ਦੀ ਸੀ ਜੋ ਉਸ ਦੀ ਐਮਹੈਰਿਕ ਭਾਸ਼ਾ ਵਿਚ ਸਭਾਵਾਂ ਕਰਦੀ ਹੋਵੇ। ਜਦੋਂ ਅੰਗ੍ਰੇਜ਼ੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਅਕਲੀਲੂ ਦੀ ਭਾਸ਼ਾ ਵਿਚ ਬਾਈਬਲ ਉੱਤੇ ਇਕ ਪਬਲਿਕ ਭਾਸ਼ਣ ਦੇਣ ਦਾ ਇੰਤਜ਼ਾਮ ਕੀਤਾ। ਲੋਕਾਂ ਨੂੰ ਇਹ ਭਾਸ਼ਣ ਸੁਣਨ ਦਾ ਸੱਦਾ ਦਿੱਤਾ ਗਿਆ। ਨਤੀਜੇ ਵਜੋਂ ਇੰਗਲੈਂਡ ਵਿਚ ਐਮਹੈਰਿਕ ਭਾਸ਼ਾ ਵਿਚ ਪਹਿਲੀ ਸਭਾ ਨੂੰ ਸਮਰਥਨ ਦੇਣ ਲਈ ਬਹੁਤ ਸਾਰੇ ਪ੍ਰਦੇਸੀ ਅਤੇ ਸਥਾਨਕ ਲੋਕ ਆਏ। ਅੱਜ ਉਸ ਇਲਾਕੇ ਵਿਚ ਇਥੋਪੀਆਈ ਤੇ ਦੂਸਰੇ ਲੋਕ ਇਕ ਐਮਹੈਰਿਕ ਕਲੀਸਿਯਾ ਵਿਚ ਏਕਤਾ ਨਾਲ ਸਭਾਵਾਂ ਕਰਦੇ ਹਨ। ਉਨ੍ਹਾਂ ਵਿੱਚੋਂ ਕਈਆਂ ਨੇ ਜਾਣ ਲਿਆ ਹੈ ਕਿ ਯਹੋਵਾਹ ਦੇ ਪੱਖ ਵਿਚ ਖੜ੍ਹਨ ਅਤੇ ਇਸ ਦਾ ਸਬੂਤ ਦੇਣ ਲਈ ਮਸੀਹੀ ਬਪਤਿਸਮਾ ਲੈਣ ਤੋਂ ਉਨ੍ਹਾਂ ਨੂੰ ਕੋਈ ਚੀਜ਼ ਨਹੀਂ ਰੋਕਦੀ।​—ਰਸੂਲਾਂ ਦੇ ਕਰਤੱਬ 8:26-36.

15 ਹਰ ਵਿਅਕਤੀ ਦਾ ਸੁਭਾਅ ਤੇ ਪਿਛੋਕੜ ਵੱਖੋ-ਵੱਖਰਾ ਹੁੰਦਾ ਹੈ। ਇਨ੍ਹਾਂ ਤੋਂ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਉੱਚਾ ਹੈ ਤੇ ਕੌਣ ਨੀਵਾਂ। ਇਹ ਤਾਂ ਸਿਰਫ਼ ਵੰਨ-ਸੁਵੰਨਤਾ ਦੀ ਨਿਸ਼ਾਨੀ ਹੈ। ਮਾਲਟਾ ਟਾਪੂ ਉੱਤੇ ਲੋਕਾਂ ਨੂੰ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈਂਦੇ ਦੇਖ ਕੇ ਇੰਗਲੈਂਡ ਤੋਂ ਆਏ ਗਵਾਹਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ। ਅਤੇ ਸਥਾਨਕ ਗਵਾਹਾਂ ਨੇ ਜੈਕਾਰੇ ਗਜਾਏ। ਦੋਵਾਂ ਗਰੁੱਪਾਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਆਪਣੀ ਖ਼ੁਸ਼ੀ ਜ਼ਾਹਰ ਕੀਤੀ ਅਤੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਕਾਰਨ ਮਸੀਹੀ ਏਕਤਾ ਦਾ ਬੰਧਨ ਮਜ਼ਬੂਤ ਹੋਇਆ।​—ਜ਼ਬੂਰਾਂ ਦੀ ਪੋਥੀ 133:1; ਕੁਲੁੱਸੀਆਂ 3:14.

ਨਫ਼ਰਤ ਨੂੰ ਦੂਰ ਕਰਨਾ

16-18. ਇਕ ਤਜਰਬਾ ਦੱਸੋ ਜੋ ਦਿਖਾਉਂਦਾ ਹੈ ਕਿ ਮਸੀਹੀ ਕਲੀਸਿਯਾ ਵਿਚ ਨਫ਼ਰਤ ਨੂੰ ਦੂਰ ਕੀਤਾ ਜਾ ਸਕਦਾ ਹੈ।

16 ਜਿਉਂ-ਜਿਉਂ ਯਹੋਵਾਹ ਅਤੇ ਆਪਣੇ ਮਸੀਹੀ ਭੈਣ-ਭਰਾਵਾਂ ਲਈ ਸਾਡਾ ਪਿਆਰ ਵਧਦਾ ਹੈ, ਤਿਉਂ-ਤਿਉਂ ਅਸੀਂ ਇਸ ਗੱਲ ਵਿਚ ਯਹੋਵਾਹ ਦੀ ਜ਼ਿਆਦਾ ਚੰਗੇ ਤਰੀਕੇ ਨਾਲ ਰੀਸ ਕਰ ਸਕਦੇ ਹਾਂ ਕਿ ਅਸੀਂ ਦੂਸਰਿਆਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ। ਸਾਡੇ ਦਿਲ ਵਿਚ ਜੇ ਕਿਸੇ ਕੌਮ, ਨਸਲ ਜਾ ਸਭਿਆਚਾਰ ਲਈ ਪਹਿਲਾਂ ਤੋਂ ਹੀ ਨਫ਼ਰਤ ਹੈ, ਉਸ ਨੂੰ ਮਿਟਾਇਆ ਜਾ ਸਕਦਾ ਹੈ। ਐਲਬਰਟ ਦੀ ਹੀ ਉਦਾਹਰਣ ਲਓ। ਉਸ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਦੀ ਫ਼ੌਜ ਵਿਚ ਕੰਮ ਕੀਤਾ ਸੀ। ਸਾਲ 1942 ਵਿਚ ਉਸ ਨੂੰ ਜਪਾਨੀਆਂ ਨੇ ਫੜ ਲਿਆ ਸੀ ਜਦੋਂ ਉਨ੍ਹਾਂ ਨੇ ਸਿੰਗਾਪੁਰ ਉੱਤੇ ਕਬਜ਼ਾ ਕੀਤਾ। ਬਾਅਦ ਵਿਚ ਉਸ ਨੇ ਕੁਝ ਤਿੰਨ ਸਾਲ ਕੁਆਏ ਨਦੀ ਦੇ ਲਾਗੇ ਰੇਲਵੇ ਲਾਈਨ ਵਿਛਾਉਣ ਦਾ ਕੰਮ ਕੀਤਾ ਜਿਸ ਨੂੰ “ਮਾਰੂ ਰੇਲਵੇ” ਕਿਹਾ ਗਿਆ। ਲੜਾਈ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਰਿਹਾ ਹੋਇਆ, ਤਾਂ ਉਸ ਦਾ ਭਾਰ ਸਿਰਫ਼ 32 ਕਿਲੋ ਸੀ ਤੇ ਉਸ ਦਾ ਜਬਾੜਾ ਤੇ ਨੱਕ ਟੁੱਟਿਆ ਹੋਇਆ ਸੀ। ਉਸ ਨੂੰ ਮਰੋੜ ਲੱਗੇ ਸਨ, ਢਿੱਡ ਵਿਚ ਮਲ੍ਹੱਪ ਸਨ ਤੇ ਉਸ ਨੂੰ ਮਲੇਰੀਆ ਸੀ। ਦੂਸਰੇ ਹਜ਼ਾਰਾਂ ਕੈਦੀਆਂ ਦੀ ਹਾਲਤ ਤਾਂ ਉਸ ਨਾਲੋਂ ਵੀ ਬੁਰੀ ਸੀ। ਬਹੁਤ ਸਾਰੇ ਕੈਦੀ ਮਰ ਗਏ। ਐਲਬਰਟ 1945 ਵਿਚ ਆਪਣੇ ਘਰ ਵਾਪਸ ਗਿਆ। ਉਸ ਨੇ ਜੋ ਤਸੀਹੇ ਸਹੇ, ਉਨ੍ਹਾਂ ਕਰਕੇ ਉਹ ਕੌੜੇ ਸੁਭਾਅ ਦਾ ਹੋ ਗਿਆ ਤੇ ਉਹ ਪਰਮੇਸ਼ੁਰ ਜਾਂ ਧਰਮ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ ਸੀ।

17 ਐਲਬਰਟ ਦੀ ਘਰ ਵਾਲੀ ਆਈਰੀਨ ਯਹੋਵਾਹ ਦੀ ਗਵਾਹ ਬਣ ਗਈ। ਉਸ ਨੂੰ ਖ਼ੁਸ਼ ਕਰਨ ਲਈ ਐਲਬਰਟ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਦੀਆਂ ਕੁਝ ਸਭਾਵਾਂ ਵਿਚ ਗਿਆ। ਇਕ ਨੌਜਵਾਨ ਪ੍ਰਚਾਰਕ ਪੌਲ ਉਸ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਿਆ। ਐਲਬਰਟ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਯਹੋਵਾਹ ਹਰ ਇਨਸਾਨ ਦੇ ਦਿਲ ਨੂੰ ਦੇਖਦਾ ਹੈ। ਉਸ ਨੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਣ ਕਰ ਕੇ ਬਪਤਿਸਮਾ ਲੈ ਲਿਆ।

18 ਪੌਲ ਬਾਅਦ ਵਿਚ ਲੰਡਨ ਚਲਾ ਗਿਆ ਤੇ ਉੱਥੇ ਜਪਾਨੀ ਭਾਸ਼ਾ ਸਿੱਖ ਕੇ ਜਪਾਨੀ ਭਾਸ਼ਾ ਦੀ ਕਲੀਸਿਯਾ ਵਿਚ ਜਾਣ ਲੱਗ ਪਿਆ। ਜਦੋਂ ਉਸ ਨੇ ਕੁਝ ਜਪਾਨੀ ਗਵਾਹਾਂ ਨੂੰ ਆਪਣੀ ਪੁਰਾਣੀ ਕਲੀਸਿਯਾ ਵਿਚ ਲੈ ਜਾਣ ਦੀ ਪੇਸ਼ਕਸ਼ ਕੀਤੀ, ਤਾਂ ਉਸ ਦੀ ਪੁਰਾਣੀ ਕਲੀਸਿਯਾ ਦੇ ਭਰਾਵਾਂ ਨੂੰ ਯਾਦ ਆਇਆ ਕਿ ਐਲਬਰਟ ਨੂੰ ਜਪਾਨੀ ਲੋਕਾਂ ਨਾਲ ਨਫ਼ਰਤ ਸੀ। ਇੰਗਲੈਂਡ ਵਾਪਸ ਆਉਣ ਤੋਂ ਬਾਅਦ ਉਹ ਕਿਸੇ ਵੀ ਜਪਾਨੀ ਬੰਦੇ ਨੂੰ ਮਿਲਣ ਤੋਂ ਕਤਰਾਉਂਦਾ ਰਿਹਾ। ਇਸ ਕਰਕੇ ਭਰਾਵਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਐਲਬਰਟ ਜਪਾਨੀ ਗਵਾਹਾਂ ਨਾਲ ਕਿੱਦਾਂ ਪੇਸ਼ ਆਵੇਗਾ। ਪਰ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਐਲਬਰਟ ਜਪਾਨੀ ਭਰਾਵਾਂ ਨੂੰ ਬੜੇ ਪਿਆਰ ਨਾਲ ਮਿਲਿਆ।​—1 ਪਤਰਸ 3:8, 9.

“ਖੁਲ੍ਹੇ ਦਿਲ ਦੇ ਹੋਵੋ”

19. ਪੌਲੁਸ ਦੀ ਕਿਹੜੀ ਸਲਾਹ ਪੱਖਪਾਤ ਨੂੰ ਪੂਰੀ ਤਰ੍ਹਾਂ ਮਿਟਾਉਣ ਵਿਚ ਸਾਡੀ ਮਦਦ ਕਰ ਸਕਦੀ ਹੈ?

19 ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਪੱਖ ਪਾਤ ਕਰਨਾ ਚੰਗਾ ਨਹੀਂ।” (ਕਹਾਉਤਾਂ 28:21) ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਉਨ੍ਹਾਂ ਨਾਲ ਨੇੜਤਾ ਰੱਖਣੀ ਆਸਾਨ ਹੁੰਦੀ ਹੈ। ਪਰ ਕਈ ਵਾਰ ਅਸੀਂ ਉਨ੍ਹਾਂ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ। ਇਸ ਤਰ੍ਹਾਂ ਪੱਖਪਾਤ ਕਰਨਾ ਯਹੋਵਾਹ ਦੇ ਸੇਵਕਾਂ ਲਈ ਠੀਕ ਨਹੀਂ ਹੈ। ਸਾਨੂੰ ਸਾਰਿਆਂ ਨੂੰ ਹੀ ਪੌਲੁਸ ਦੀ ਇਸ ਚੰਗੀ ਸਲਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ‘ਖੁਲ੍ਹੇ ਦਿਲ ਦੇ ਹੋਈਏ।’ ਜੀ ਹਾਂ, ਸਾਨੂੰ ਹਰ ਪਿਛੋਕੜ ਦੇ ਭੈਣਾਂ-ਭਰਾਵਾਂ ਨਾਲ ਖੁੱਲ੍ਹੇ ਦਿਲ ਨਾਲ ਪਿਆਰ ਕਰਨਾ ਚਾਹੀਦਾ ਹੈ।​—2 ਕੁਰਿੰਥੀਆਂ 6:13.

20. ਜ਼ਿੰਦਗੀ ਦੇ ਕਿਹੜੇ ਖੇਤਰਾਂ ਵਿਚ ਸਾਨੂੰ ਆਪਣੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰਨੀ ਚਾਹੀਦੀ ਹੈ?

20 ਚਾਹੇ ਸਾਨੂੰ ਸਵਰਗ ਵਿਚ ਜਾਣ ਦਾ ਸਨਮਾਨ ਮਿਲਿਆ ਹੈ ਜਾਂ ਫਿਰ ਧਰਤੀ ਉੱਤੇ ਹਮੇਸ਼ਾ ਰਹਿਣ ਦੀ ਉਮੀਦ ਮਿਲੀ ਹੈ, ਪਰ ਨਿਰਪੱਖ ਹੋਣ ਕਰਕੇ ਅਸੀਂ ਇਕ ਅਯਾਲੀ ਦੇ ਥੱਲੇ ਇਕ ਝੁੰਡ ਵਿਚ ਏਕਤਾ ਨਾਲ ਰਹਿ ਸਕਦੇ ਹਾਂ। (ਅਫ਼ਸੀਆਂ 4:4, 5, 16) ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਰੀਸ ਕਰਨ ਨਾਲ ਸਾਨੂੰ ਮਸੀਹੀ ਸੇਵਕਾਈ ਵਿਚ, ਆਪਣੇ ਪਰਿਵਾਰਾਂ ਵਿਚ, ਕਲੀਸਿਯਾ ਵਿਚ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਨਿਰਪੱਖ ਰਹਿਣ ਵਿਚ ਮਦਦ ਮਿਲੇਗੀ। ਕਿਵੇਂ? ਅਗਲਾ ਲੇਖ ਇਸ ਉੱਤੇ ਚਰਚਾ ਕਰੇਗਾ।

[ਫੁਟਨੋਟ]

a ਯਹੋਵਾਹ ਦੀ ਮਸ਼ਹੂਰੀ ਬਾਰੇ ਬਾਅਦ ਵਿਚ ਪਵਿੱਤਰ ਭਜਨ ਲਿਖੇ ਗਏ ਸਨ।​—ਜ਼ਬੂਰਾਂ ਦੀ ਪੋਥੀ 135:8-11; 136:11-20.

b ਇੱਥੇ “ਯੂਨਾਨੀ” ਸ਼ਬਦ ਸਾਰੇ ਗ਼ੈਰ-ਯਹੂਦੀਆਂ ਨੂੰ ਸੂਚਿਤ ਕਰਦਾ ਹੈ।​—ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 1, ਸਫ਼ਾ 1004.

ਤੁਸੀਂ ਕੀ ਜਵਾਬ ਦਿਓਗੇ?

• ਯਹੋਵਾਹ ਰਾਹਾਬ ਅਤੇ ਗਿਬਓਨੀਆਂ ਨਾਲ ਕਿਵੇਂ ਨਿਰਪੱਖਤਾ ਨਾਲ ਪੇਸ਼ ਆਇਆ?

• ਯਿਸੂ ਨੇ ਆਪਣੇ ਸਿੱਖਿਆ ਦੇ ਕੰਮ ਵਿਚ ਨਿਰਪੱਖਤਾ ਕਿਵੇਂ ਦਿਖਾਈ ਸੀ?

• ਕਿਸੇ ਸਭਿਆਚਾਰ ਅਤੇ ਜਾਤ ਪ੍ਰਤੀ ਨਫ਼ਰਤ ਨੂੰ ਦੂਰ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

[ਸਫ਼ੇ 13 ਉੱਤੇ ਤਸਵੀਰ]

ਇਸਰਾਏਲੀ ਲੋਕ ਕਨਾਨੀਆਂ ਨੂੰ ਜਿੱਤਣਾ ਸ਼ੁਰੂ ਕਰਦੇ ਹਨ

[ਸਫ਼ੇ 15 ਉੱਤੇ ਤਸਵੀਰ]

ਯਿਸੂ ਸਾਮਰੀ ਤੀਵੀਂ ਨੂੰ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟਿਆ

[ਸਫ਼ੇ 16 ਉੱਤੇ ਤਸਵੀਰ]

ਇੰਗਲੈਂਡ ਵਿਚ ਐਮਹੈਰਿਕ ਭਾਸ਼ਾ ਵਿਚ ਹੋ ਰਹੀ ਇਕ ਸਭਾ

[ਸਫ਼ੇ 16 ਉੱਤੇ ਤਸਵੀਰ]

ਐਲਬਰਟ ਨੇ ਯਹੋਵਾਹ ਨਾਲ ਪਿਆਰ ਕਰਨਾ ਸਿੱਖ ਕੇ ਨਫ਼ਰਤ ਨੂੰ ਮਿਟਾਇਆ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ