ਆਪਣੀ ਜ਼ਿੰਦਗੀ ਦੀ ਕੀਮਤ ਪਛਾਣੋ
‘ਮਸੀਹ ਦਾ ਲਹੂ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੋ।’—ਇਬਰਾਨੀਆਂ 9:14.
1. ਇਸ ਗੱਲ ਦਾ ਕੀ ਸਬੂਤ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬੇਸ਼ਕੀਮਤੀ ਸਮਝਦੇ ਹਾਂ?
ਜੇ ਤੁਹਾਨੂੰ ਆਪਣੀ ਜ਼ਿੰਦਗੀ ਦੀ ਕੀਮਤ ਲਗਾਉਣ ਲਈ ਕਿਹਾ ਜਾਵੇ, ਤਾਂ ਤੁਸੀਂ ਇਸ ਦੀ ਕਿੰਨੀ ਕੀਮਤ ਲਗਾਓਗੇ? ਅਸੀਂ ਆਪਣੀ ਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਬੇਸ਼ਕੀਮਤੀ ਸਮਝਦੇ ਹਾਂ। ਇਸ ਕਰਕੇ ਬੀਮਾਰ ਹੋਣ ਤੇ ਜਾਂ ਫਿਰ ਪੂਰਾ ਚੈੱਕਅਪ ਕਰਾਉਣ ਵਾਸਤੇ ਅਸੀਂ ਡਾਕਟਰ ਕੋਲ ਜਾਂਦੇ ਹਾਂ। ਅਸੀਂ ਚੰਗੀ ਸਿਹਤ ਮਾਣਦੇ ਹੋਏ ਜੀਣਾ ਚਾਹੁੰਦੇ ਹਾਂ। ਜ਼ਿਆਦਾਤਰ ਬਿਰਧ ਜਾਂ ਅਪਾਹਜ ਲੋਕ ਵੀ ਮਰਨਾ ਨਹੀਂ ਚਾਹੁੰਦੇ, ਉਹ ਵੀ ਜੀਣਾ ਚਾਹੁੰਦੇ ਹਨ।
2, 3. (ੳ) ਕਹਾਉਤਾਂ 23:22 ਵਿਚ ਕਿਹੜੇ ਫ਼ਰਜ਼ ਬਾਰੇ ਦੱਸਿਆ ਗਿਆ ਹੈ? (ਅ) ਇਸ ਆਇਤ ਮੁਤਾਬਕ ਪਰਮੇਸ਼ੁਰ ਪ੍ਰਤੀ ਸਾਡਾ ਕੀ ਫ਼ਰਜ਼ ਬਣਦਾ ਹੈ?
2 ਜ਼ਿੰਦਗੀ ਬਾਰੇ ਤੁਹਾਡਾ ਨਜ਼ਰੀਆ ਦੂਸਰਿਆਂ ਨਾਲ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। ਉਦਾਹਰਣ ਲਈ, ਪਰਮੇਸ਼ੁਰ ਦਾ ਬਚਨ ਹੁਕਮ ਦਿੰਦਾ ਹੈ: “ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” (ਕਹਾਉਤਾਂ 23:22) ਇੱਥੇ ‘ਸੁਣਨ’ ਦਾ ਮਤਲਬ ਇਹ ਨਹੀਂ ਕਿ ਅਸੀਂ ਇਕ ਕੰਨੋਂ ਗੱਲ ਸੁਣ ਕੇ ਦੂਜੇ ਕੰਨੋਂ ਕੱਢ ਦੇਈਏ। ਪਰ ਇਸ ਦਾ ਮਤਲਬ ਹੈ ਗੱਲ ਸੁਣ ਕੇ ਕਹਿਣਾ ਮੰਨਣਾ। (ਕੂਚ 15:26; ਬਿਵਸਥਾ ਸਾਰ 7:12; 13:18; 15:5; ਯਹੋਸ਼ੁਆ 22:2; ਜ਼ਬੂਰਾਂ ਦੀ ਪੋਥੀ 81:13) ਪਰਮੇਸ਼ੁਰ ਦੇ ਬਚਨ ਵਿਚ ਮਾਪਿਆਂ ਦੀ ਗੱਲ ਸੁਣਨ ਦਾ ਕਿਹੜਾ ਕਾਰਨ ਦਿੱਤਾ ਗਿਆ ਹੈ? ਇਸ ਦਾ ਕਾਰਨ ਸਿਰਫ਼ ਇਹ ਹੀ ਨਹੀਂ ਕਿ ਤੁਹਾਡੇ ਮਾਤਾ-ਪਿਤਾ ਤੁਹਾਡੇ ਨਾਲੋਂ ਵੱਡੇ ਹਨ ਜਾਂ ਫਿਰ ਉਨ੍ਹਾਂ ਨੂੰ ਜ਼ਿਆਦਾ ਤਜਰਬਾ ਹੈ। ਇਸ ਦਾ ਇਹ ਵੀ ਕਾਰਨ ਹੈ ਕਿ ਉਨ੍ਹਾਂ ਨੇ ਤੁਹਾਨੂੰ “ਜੰਮਿਆ” ਹੈ। ਕੁਝ ਬਾਈਬਲਾਂ ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਆਪਣੇ ਪਿਤਾ ਦੀ ਗੱਲ ਸੁਣ ਜਿਸ ਨੇ ਤੈਨੂੰ ਜ਼ਿੰਦਗੀ ਦਿੱਤੀ ਹੈ।” ਇਸ ਲਈ ਜੇ ਤੁਸੀਂ ਆਪਣੀ ਜ਼ਿੰਦਗੀ ਦੀ ਕਦਰ ਕਰਦੇ ਹੋ, ਤਾਂ ਤੁਸੀਂ ਆਪਣੇ ਮਾਪਿਆਂ ਦੀ ਵੀ ਕਦਰ ਕਰੋਗੇ।
3 ਜੇ ਤੁਸੀਂ ਸੱਚੇ ਮਸੀਹੀ ਹੋ, ਤਾਂ ਤੁਸੀਂ ਮੰਨੋਗੇ ਕਿ ਯਹੋਵਾਹ ਹੀ ਜੀਵਨਦਾਤਾ ਹੈ। ਉਸ ਕਰਕੇ ਤੁਸੀਂ “ਜੀਉਂਦੇ” ਹੋ; ਤੁਸੀਂ “ਤੁਰਦੇ ਫਿਰਦੇ” ਹੋ, ਤੁਹਾਡੇ ਵਿਚ ਭਾਵਨਾਵਾਂ ਹਨ; ਤੁਸੀਂ “ਮਜੂਦ” ਹੋ ਅਤੇ ਭਵਿੱਖ ਬਾਰੇ ਯੋਜਨਾਵਾਂ ਬਣਾ ਸਕਦੇ ਹੋ, ਇੱਥੋਂ ਤਕ ਕਿ ਅਨੰਤ ਜ਼ਿੰਦਗੀ ਬਾਰੇ ਵੀ। (ਰਸੂਲਾਂ ਦੇ ਕਰਤੱਬ 17:28; ਜ਼ਬੂਰਾਂ ਦੀ ਪੋਥੀ 36:9; ਉਪਦੇਸ਼ਕ ਦੀ ਪੋਥੀ 3:11) ਕਹਾਉਤਾਂ 23:22 ਤੋਂ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਗੱਲ “ਸੁਣ” ਕੇ ਉਸ ਦਾ ਕਹਿਣਾ ਮੰਨੀਏ। ਸਾਨੂੰ ਜ਼ਿੰਦਗੀ ਬਾਰੇ ਇਨਸਾਨੀ ਨਜ਼ਰੀਆ ਅਪਣਾਉਣ ਦੀ ਬਜਾਇ ਪਰਮੇਸ਼ੁਰ ਦੇ ਨਜ਼ਰੀਏ ਨੂੰ ਸਮਝਣ ਅਤੇ ਉਸ ਦੇ ਮੁਤਾਬਕ ਚੱਲਣ ਦੀ ਇੱਛਾ ਰੱਖਣੀ ਚਾਹੀਦੀ ਹੈ।
ਜ਼ਿੰਦਗੀ ਦਾ ਆਦਰ ਕਰੋ
4. ਇਨਸਾਨਾਂ ਦੇ ਇਤਿਹਾਸ ਦੇ ਮੁਢਲੇ ਦਿਨਾਂ ਵਿਚ ਕਇਨ ਨੇ ਕਿਵੇਂ ਜ਼ਿੰਦਗੀ ਦਾ ਆਦਰ ਨਹੀਂ ਕੀਤਾ?
4 ਮਨੁੱਖੀ ਇਤਿਹਾਸ ਦੇ ਮੁਢਲੇ ਦਿਨਾਂ ਵਿਚ ਯਹੋਵਾਹ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਜ਼ਿੰਦਗੀ ਬਾਰੇ ਫ਼ੈਸਲਾ ਕਰਨ ਦਾ ਹੱਕ ਇਨਸਾਨ ਨੂੰ ਨਹੀਂ ਦਿੱਤਾ ਗਿਆ ਹੈ। ਈਰਖਾ ਅਤੇ ਗੁੱਸੇ ਦੀ ਅੱਗ ਵਿਚ ਬਲਦੇ ਹੋਏ ਕਇਨ ਨੇ ਆਪਣੇ ਹੀ ਭੋਲੇ-ਭਾਲੇ ਭਰਾ ਹਾਬਲ ਦੀ ਅਲਖ਼ ਮੁਕਾ ਦਿੱਤੀ। ਕੀ ਤੁਸੀਂ ਸੋਚਦੇ ਹੋ ਕਿ ਕਇਨ ਨੂੰ ਜ਼ਿੰਦਗੀ ਬਾਰੇ ਅਜਿਹਾ ਫ਼ੈਸਲਾ ਕਰਨ ਦਾ ਹੱਕ ਸੀ? ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸ ਕੋਲ ਇਹ ਹੱਕ ਨਹੀਂ ਸੀ। ਉਸ ਨੇ ਕਇਨ ਨੂੰ ਕਿਹਾ: “ਤੈਂ ਕੀ ਕੀਤਾ? ਤੇਰੇ ਭਰਾ ਦੇ ਲਹੂ ਦੀ ਅਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ।” (ਉਤਪਤ 4:10) ਧਿਆਨ ਦਿਓ ਕਿ ਜ਼ਮੀਨ ਉੱਤੇ ਡੁੱਲਿਆ ਹਾਬਲ ਦਾ ਲਹੂ ਉਸ ਦੀ ਜ਼ਿੰਦਗੀ ਦਾ ਪ੍ਰਤੀਕ ਸੀ ਜੋ ਬੇਰਹਿਮੀ ਨਾਲ ਖ਼ਤਮ ਕਰ ਦਿੱਤੀ ਗਈ ਸੀ। ਉਸ ਦਾ ਲਹੂ ਬਦਲੇ ਲਈ ਪਰਮੇਸ਼ੁਰ ਅੱਗੇ ਦੁਹਾਈ ਦੇ ਰਿਹਾ ਸੀ।—ਇਬਰਾਨੀਆਂ 12:24.
5. (ੳ) ਪਰਮੇਸ਼ੁਰ ਨੇ ਨੂਹ ਦੇ ਦਿਨਾਂ ਵਿਚ ਕਿਹੜੀ ਪਾਬੰਦੀ ਲਾਈ ਸੀ ਅਤੇ ਇਹ ਕਿਨ੍ਹਾਂ ਉੱਤੇ ਲਾਗੂ ਹੋਣੀ ਸੀ? (ਅ) ਇਹ ਪਾਬੰਦੀ ਮਹੱਤਵਪੂਰਣ ਕਿਉਂ ਸੀ?
5 ਜਲ-ਪਰਲੋ ਤੋਂ ਬਾਅਦ ਅੱਠ ਵਿਅਕਤੀਆਂ ਨੇ ਮੁੜ ਤੋਂ ਇਨਸਾਨੀ ਸਮਾਜ ਦੀ ਨੀਂਹ ਰੱਖੀ। ਪਰਮੇਸ਼ੁਰ ਨੇ ਜ਼ਿੰਦਗੀ ਅਤੇ ਲਹੂ ਬਾਰੇ ਆਪਣੇ ਨਜ਼ਰੀਏ ਨੂੰ ਹੋਰ ਸਪੱਸ਼ਟ ਕਰਦੇ ਹੋਏ ਇਕ ਹੁਕਮ ਦਿੱਤਾ ਜੋ ਸਾਰੇ ਇਨਸਾਨਾਂ ਉੱਤੇ ਲਾਗੂ ਹੋਣਾ ਸੀ। ਉਸ ਨੇ ਕਿਹਾ ਕਿ ਇਨਸਾਨ ਜਾਨਵਰਾਂ ਦਾ ਮੀਟ ਖਾ ਸਕਦੇ ਸਨ, ਪਰ ਉਸ ਨੇ ਇਹ ਪਾਬੰਦੀ ਲਾਈ: “ਹਰ ਚੱਲਣਹਾਰ ਜਿਹ ਦੇ ਵਿੱਚ ਜੀਵਣ ਹੈ ਤੁਹਾਡੇ ਭੋਜਨ ਲਈ ਹੋਵੇਗਾ। ਜਿਵੇਂ ਮੈਂ ਸਾਗ ਪੱਤ ਦਿੱਤਾ ਤਿਵੇਂ ਤੁਹਾਨੂੰ ਹੁਣ ਸਭ ਕੁਝ ਦਿੰਦਾ ਹਾਂ। ਪਰ ਮਾਸ ਉਹ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ।” (ਉਤਪਤ 9:3, 4) ਕੁਝ ਯਹੂਦੀ ਕਹਿੰਦੇ ਹਨ ਕਿ ਇਨਸਾਨਾਂ ਨੂੰ ਜੀਉਂਦੇ-ਜਾਗਦੇ ਜਾਨਵਰਾਂ ਦਾ ਮੀਟ ਜਾਂ ਲਹੂ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ। ਪਰ ਬਾਅਦ ਵਿਚ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਪਰਮੇਸ਼ੁਰ ਨੇ ਕਿਸੇ ਵੀ ਹਾਲਤ ਵਿਚ ਲਹੂ ਨਾ ਖਾਣ ਲਈ ਕਿਹਾ ਸੀ। ਇਸ ਤੋਂ ਇਲਾਵਾ, ਨੂਹ ਨੂੰ ਲਹੂ ਸੰਬੰਧੀ ਹੁਕਮ ਦੇ ਕੇ ਪਰਮੇਸ਼ੁਰ ਨੇ ਆਪਣੇ ਮਹਾਨ ਮਕਸਦ ਨੂੰ ਪੂਰਾ ਕਰਨ ਵੱਲ ਇਕ ਅਹਿਮ ਕਦਮ ਵਧਾਇਆ। ਪਰਮੇਸ਼ੁਰ ਦਾ ਮਕਸਦ ਹੈ ਕਿ ਉਹ ਇਨਸਾਨਾਂ ਨੂੰ ਅਨੰਤ ਜ਼ਿੰਦਗੀ ਦੇਵੇ ਅਤੇ ਇਹ ਮਕਸਦ ਲਹੂ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ।
6. ਨੂਹ ਨੂੰ ਦਿੱਤੇ ਹੁਕਮ ਦੁਆਰਾ ਪਰਮੇਸ਼ੁਰ ਨੇ ਜ਼ਿੰਦਗੀ ਬਾਰੇ ਆਪਣੇ ਨਜ਼ਰੀਏ ਉੱਤੇ ਕਿਵੇਂ ਜ਼ੋਰ ਦਿੱਤਾ?
6 ਪਰਮੇਸ਼ੁਰ ਨੇ ਅੱਗੇ ਕਿਹਾ: “ਮੈਂ ਜ਼ਰੂਰ ਤੁਹਾਡੀਆਂ ਜਾਨਾਂ ਦੇ ਲਹੂ ਦਾ ਬਦਲਾ ਲਵਾਂਗਾ। ਹਰ ਇੱਕ ਜੰਗਲੀ ਜਾਨਵਰ ਤੋਂ ਮੈਂ ਬਦਲਾ ਲਵਾਂਗਾ ਅਤੇ ਆਦਮੀ ਦੇ ਹੱਥੀਂ ਅਰਥਾਤ ਹਰ ਮਨੁੱਖ ਦੇ ਭਰਾ ਦੇ ਹੱਥੀਂ ਮੈਂ ਆਦਮੀ ਦੀ ਜਾਨ ਦਾ ਬਦਲਾ ਲਵਾਂਗਾ। ਜੋ ਆਦਮੀ ਦਾ ਲਹੂ ਵਹਾਵੇਗਾ ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਦੇ ਸਰੂਪ ਉੱਤੇ ਉਸ ਨੇ ਆਦਮੀ ਨੂੰ ਬਣਾਇਆ ਸੀ।” (ਉਤਪਤ 9:5, 6) ਪੂਰੇ ਇਨਸਾਨੀ ਪਰਿਵਾਰ ਨੂੰ ਦਿੱਤੇ ਇਸ ਹੁਕਮ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਆਦਮੀ ਦਾ ਖ਼ੂਨ ਉਸ ਦੀ ਜ਼ਿੰਦਗੀ ਨੂੰ ਦਰਸਾਉਂਦਾ ਹੈ। ਸਿਰਜਣਹਾਰ ਇਨਸਾਨ ਨੂੰ ਜ਼ਿੰਦਗੀ ਦਿੰਦਾ ਹੈ ਅਤੇ ਕਿਸੇ ਨੂੰ ਇਹ ਜ਼ਿੰਦਗੀ ਲੈਣ ਦਾ ਹੱਕ ਨਹੀਂ। ਕਇਨ ਵਾਂਗ ਜੇ ਕੋਈ ਕਤਲ ਕਰਦਾ ਹੈ, ਤਾਂ ਸਿਰਜਣਹਾਰ ਕੋਲ ਕਾਤਲ ਦੀ ਜਾਨ ਲੈ ਕੇ “ਬਦਲਾ” ਲੈਣ ਦਾ ਹੱਕ ਹੈ।
7. ਲਹੂ ਬਾਰੇ ਨੂਹ ਨੂੰ ਦਿੱਤੇ ਪਰਮੇਸ਼ੁਰ ਦੇ ਹੁਕਮ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
7 ਇਸ ਹੁਕਮ ਰਾਹੀਂ ਪਰਮੇਸ਼ੁਰ ਨੇ ਇਨਸਾਨਾਂ ਨੂੰ ਲਹੂ ਦੀ ਦੁਰਵਰਤੋਂ ਨਾ ਕਰਨ ਬਾਰੇ ਕਿਹਾ ਸੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਉਸ ਨੇ ਇਹ ਹੁਕਮ ਕਿਉਂ ਦਿੱਤਾ ਸੀ? ਲਹੂ ਬਾਰੇ ਪਰਮੇਸ਼ੁਰ ਦਾ ਇਸ ਤਰ੍ਹਾਂ ਦਾ ਨਜ਼ਰੀਆ ਕਿਉਂ ਸੀ? ਇਨ੍ਹਾਂ ਸਵਾਲਾਂ ਦਾ ਜਵਾਬ ਬਾਈਬਲ ਦੀ ਇਕ ਬਹੁਤ ਹੀ ਮਹੱਤਵਪੂਰਣ ਸਿੱਖਿਆ ਤੋਂ ਮਿਲਦਾ ਹੈ। ਇਹ ਮਸੀਹੀ ਧਰਮ ਦੀ ਇਕ ਬੁਨਿਆਦੀ ਸਿੱਖਿਆ ਹੈ, ਭਾਵੇਂ ਕਿ ਬਹੁਤ ਸਾਰੇ ਚਰਚ ਇਸ ਸਿੱਖਿਆ ਨੂੰ ਨਜ਼ਰਅੰਦਾਜ਼ ਕਰਦੇ ਹਨ। ਇਹ ਸਿੱਖਿਆ ਕੀ ਹੈ ਅਤੇ ਇਸ ਦਾ ਤੁਹਾਡੀ ਜ਼ਿੰਦਗੀ, ਫ਼ੈਸਲਿਆਂ ਅਤੇ ਕੰਮਾਂ ਉੱਤੇ ਕੀ ਅਸਰ ਪੈਂਦਾ ਹੈ?
ਲਹੂ—ਇਸ ਨੂੰ ਕਿਵੇਂ ਵਰਤਿਆ ਜਾਣਾ ਸੀ?
8. ਬਿਵਸਥਾ ਵਿਚ ਯਹੋਵਾਹ ਨੇ ਲਹੂ ਦੀ ਵਰਤੋਂ ਉੱਤੇ ਕਿਹੜੀ ਪਾਬੰਦੀ ਲਾਈ ਸੀ?
8 ਇਸਰਾਏਲੀਆਂ ਨੂੰ ਦਿੱਤੀ ਬਿਵਸਥਾ ਵਿਚ ਯਹੋਵਾਹ ਨੇ ਜ਼ਿੰਦਗੀ ਅਤੇ ਲਹੂ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ। ਇਸ ਤਰ੍ਹਾਂ ਕਰਕੇ ਉਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਇਕ ਹੋਰ ਕਦਮ ਚੁੱਕਿਆ। ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਬਿਵਸਥਾ ਵਿਚ ਕਣਕ, ਤੇਲ, ਮੈ ਤੇ ਹੋਰ ਚੀਜ਼ਾਂ ਦਾ ਪਰਮੇਸ਼ੁਰ ਨੂੰ ਚੜ੍ਹਾਵਾ ਚੜ੍ਹਾਉਣ ਲਈ ਕਿਹਾ ਗਿਆ ਸੀ। (ਲੇਵੀਆਂ 2:1-4; 23:13; ਗਿਣਤੀ 15:1-5) ਕੁਝ ਜਾਨਵਰਾਂ ਦੀਆਂ ਬਲੀਆਂ ਵੀ ਚੜ੍ਹਾਉਣ ਲਈ ਕਿਹਾ ਗਿਆ ਸੀ। ਪਰਮੇਸ਼ੁਰ ਨੇ ਇਨ੍ਹਾਂ ਬਾਰੇ ਕਿਹਾ: “ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਤੁਹਾਨੂੰ ਦਿੱਤਾ ਹੈ, ਕਿਉਂ ਕਿ ਜਿਹੜਾ ਪ੍ਰਾਸਚਿਤ ਕਰਦਾ ਹੈ ਸੋ ਜਿੰਦ ਦੇ ਕਾਰਨ ਲਹੂ ਹੈ। ਇਸ ਲਈ ਮੈਂ ਇਸਰਾਏਲੀਆਂ ਨੂੰ ਆਖਿਆ, ਜੋ ਤੁਹਾਡੇ ਵਿੱਚੋਂ ਕੋਈ ਪ੍ਰਾਣੀ ਲਹੂ ਨਾ ਖਾਵੇ।” ਯਹੋਵਾਹ ਨੇ ਅੱਗੇ ਕਿਹਾ ਕਿ ਜੇ ਕੋਈ ਵਿਅਕਤੀ, ਜਿਵੇਂ ਸ਼ਿਕਾਰੀ ਜਾਂ ਕਿਸਾਨ ਖਾਣ ਲਈ ਕਿਸੇ ਜਾਨਵਰ ਨੂੰ ਮਾਰਦਾ ਸੀ, ਤਾਂ ਉਹ ਜਾਨਵਰ ਦਾ ਲਹੂ ਜ਼ਮੀਨ ਤੇ ਵਹਾਵੇ ਤੇ ਫਿਰ ਇਸ ਨੂੰ ਮਿੱਟੀ ਨਾਲ ਢੱਕ ਦੇਵੇ। ਧਰਤੀ ਪਰਮੇਸ਼ੁਰ ਦੇ ਪੈਰਾਂ ਦੀ ਚੌਂਕੀ ਹੈ। ਇਸ ਲਈ ਧਰਤੀ ਉੱਤੇ ਲਹੂ ਡੋਲ੍ਹ ਕੇ ਉਹ ਵਿਅਕਤੀ ਦਿਖਾਉਂਦਾ ਸੀ ਕਿ ਉਸ ਜਾਨਵਰ ਦੀ ਜ਼ਿੰਦਗੀ ਜੀਵਨਦਾਤੇ ਨੂੰ ਵਾਪਸ ਦੇ ਦਿੱਤੀ ਗਈ।—ਲੇਵੀਆਂ 17:11-13; ਯਸਾਯਾਹ 66:1.
9. ਬਿਵਸਥਾ ਵਿਚ ਲਹੂ ਨੂੰ ਕਿੱਥੇ ਵਰਤਣ ਵਾਸਤੇ ਕਿਹਾ ਗਿਆ ਸੀ ਅਤੇ ਇਸ ਦਾ ਕਾਰਨ ਕੀ ਸੀ?
9 ਇਹ ਨਿਯਮ ਕੋਈ ਧਾਰਮਿਕ ਰਸਮ ਨਹੀਂ ਸੀ ਜਿਸ ਦਾ ਅੱਜ ਸਾਡੇ ਲਈ ਕੋਈ ਮਤਲਬ ਨਹੀਂ। ਕੀ ਤੁਸੀਂ ਧਿਆਨ ਦਿੱਤਾ ਕਿ ਇਸਰਾਏਲੀਆਂ ਨੇ ਲਹੂ ਕਿਉਂ ਨਹੀਂ ਖਾਣਾ ਸੀ? ਪਰਮੇਸ਼ੁਰ ਨੇ ਕਿਹਾ: “ਮੈਂ [ਲਹੂ] ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਤੁਹਾਨੂੰ ਦਿੱਤਾ ਹੈ। . . . ਇਸ ਲਈ ਮੈਂ ਇਸਰਾਏਲੀਆਂ ਨੂੰ ਆਖਿਆ, ਜੋ ਤੁਹਾਡੇ ਵਿੱਚੋਂ ਕੋਈ ਪ੍ਰਾਣੀ ਲਹੂ ਨਾ ਖਾਵੇ।” ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਨੇ ਨੂਹ ਨੂੰ ਕਿਉਂ ਕਿਹਾ ਸੀ ਕਿ ਕੋਈ ਵੀ ਇਨਸਾਨ ਲਹੂ ਨਾ ਖਾਵੇ। ਸਿਰਜਣਹਾਰ ਯਹੋਵਾਹ ਨੇ ਆਪ ਖ਼ੂਨ ਨੂੰ ਇੰਨੀ ਅਹਿਮੀਅਤ ਦਿੱਤੀ ਅਤੇ ਇਸ ਨੂੰ ਸਿਰਫ਼ ਇਕ ਖ਼ਾਸ ਮਕਸਦ ਲਈ ਚੁਣਿਆ ਸੀ ਜਿਸ ਰਾਹੀਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣੀਆਂ ਸਨ। ਇਸ ਨੇ ਪਾਪਾਂ ਦੀ ਮਾਫ਼ੀ (ਪ੍ਰਾਸਚਿਤ) ਵਿਚ ਅਹਿਮ ਭੂਮਿਕਾ ਨਿਭਾਉਣੀ ਸੀ। ਤਾਂ ਫਿਰ, ਬਿਵਸਥਾ ਵਿਚ ਯਹੋਵਾਹ ਨੇ ਸਿਰਫ਼ ਇਸ ਗੱਲ ਦੀ ਪ੍ਰਵਾਨਗੀ ਦਿੱਤੀ ਸੀ ਕਿ ਉਸ ਤੋਂ ਮਾਫ਼ੀ ਮੰਗਣ ਵਾਲੇ ਇਸਰਾਏਲੀਆਂ ਦੇ ਪ੍ਰਾਸਚਿਤ ਲਈ ਲਹੂ ਜਗਵੇਦੀ ਉੱਤੇ ਚੜ੍ਹਾਇਆ ਜਾਵੇ।
10. ਜਾਨਵਰਾਂ ਦੇ ਲਹੂ ਤੋਂ ਪੂਰੀ ਮਾਫ਼ੀ ਕਿਉਂ ਨਹੀਂ ਮਿਲ ਸਕਦੀ ਸੀ, ਪਰ ਇਨ੍ਹਾਂ ਬਲੀਆਂ ਨੇ ਇਸਰਾਏਲੀਆਂ ਨੂੰ ਕਿਹੜੀ ਗੱਲ ਯਾਦ ਕਰਾਈ?
10 ਪ੍ਰਾਸਚਿਤ ਲਈ ਲਹੂ ਦੀ ਵਰਤੋਂ ਦਾ ਵਿਚਾਰ ਪਹਿਲੀ ਸਦੀ ਦੇ ਮਸੀਹੀਆਂ ਲਈ ਨਵਾਂ ਨਹੀਂ ਸੀ। ਬਿਵਸਥਾ ਵਿਚ ਦਿੱਤੇ ਇਸ ਪਰਮੇਸ਼ੁਰੀ ਪ੍ਰਬੰਧ ਦਾ ਜ਼ਿਕਰ ਕਰਦੇ ਹੋਏ ਮਸੀਹੀ ਰਸੂਲ ਪੌਲੁਸ ਨੇ ਲਿਖਿਆ: “ਸ਼ਰਾ ਦੇ ਅਨੁਸਾਰ ਲਗ ਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ।” (ਇਬਰਾਨੀਆਂ 9:22) ਪੌਲੁਸ ਨੇ ਇਹ ਸਪੱਸ਼ਟ ਕੀਤਾ ਕਿ ਜਾਨਵਰਾਂ ਦੀਆਂ ਬਲੀਆਂ ਚੜ੍ਹਾ ਕੇ ਕੋਈ ਵੀ ਇਸਰਾਏਲੀ ਪਾਪ ਤੋਂ ਮੁਕਤ ਹੋ ਕੇ ਮੁਕੰਮਲ ਨਹੀਂ ਬਣ ਜਾਂਦਾ ਸੀ। ਉਸ ਨੇ ਲਿਖਿਆ: “ਇਨ੍ਹਾਂ ਬਲੀਦਾਨਾਂ ਤੋਂ ਵਰਹੇ ਦੇ ਵਰਹੇ ਪਾਪ ਚੇਤੇ ਆਉਂਦੇ ਹਨ। ਕਿਉਂ ਜੋ ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।” (ਇਬਰਾਨੀਆਂ 10:1-4) ਫਿਰ ਵੀ ਇਨ੍ਹਾਂ ਬਲੀਆਂ ਦਾ ਇਕ ਮਕਸਦ ਸੀ। ਇਨ੍ਹਾਂ ਬਲੀਆਂ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ ਕਿ ਉਹ ਪਾਪੀ ਸਨ ਅਤੇ ਪੂਰੀ ਤਰ੍ਹਾਂ ਮਾਫ਼ ਕੀਤੇ ਜਾਣ ਲਈ ਸਿਰਫ਼ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣੀਆਂ ਹੀ ਕਾਫ਼ੀ ਨਹੀਂ ਸਨ। ਪਰ ਜੇ ਜਾਨਵਰਾਂ ਦਾ ਖ਼ੂਨ ਇਨਸਾਨ ਦੇ ਪਾਪਾਂ ਨੂੰ ਪੂਰੀ ਤਰ੍ਹਾਂ ਧੋ ਨਹੀਂ ਸਕਦਾ, ਤਾਂ ਫਿਰ ਕਿਸ ਦਾ ਖ਼ੂਨ ਧੋ ਸਕਦਾ ਹੈ?
ਜੀਵਨਦਾਤੇ ਦਾ ਹੱਲ
11. ਅਸੀਂ ਕਿਵੇਂ ਜਾਣਦੇ ਹਾਂ ਕਿ ਜਾਨਵਰਾਂ ਦੇ ਲਹੂ ਦਾ ਚੜ੍ਹਾਵਾ ਕਿਸੇ ਅਹਿਮ ਚੀਜ਼ ਵੱਲ ਇਸ਼ਾਰਾ ਕਰਦਾ ਸੀ?
11 ਬਿਵਸਥਾ ਅਸਲ ਵਿਚ ਉਸ ਚੀਜ਼ ਵੱਲ ਇਸ਼ਾਰਾ ਕਰ ਰਹੀ ਸੀ ਜਿਸ ਨੇ ਪਰਮੇਸ਼ੁਰ ਦੀ ਇੱਛਾ ਮੁਕੰਮਲ ਤੌਰ ਤੇ ਪੂਰੀ ਕਰਨੀ ਸੀ। ਪੌਲੁਸ ਨੇ ਪੁੱਛਿਆ: “ਵਿਵਸਥਾ ਕਿਉਂ ਦਿੱਤੀ ਗਈ?” ਉਸੇ ਨੇ ਉੱਤਰ ਦਿੱਤਾ: “ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਲਈ ਦਿੱਤੀ ਗਈ, ਪਰ ਇਹ ਅਬਰਾਹਾਮ ਦੀ ‘ਸੰਤਾਨ’ ਦੇ ਆਉਣ ਤਕ ਹੀ ਲਾਗੂ ਰਹਿ ਸਕਦੀ ਸੀ, ਜਿਸਦੇ ਨਾਲ ਪਰਮੇਸ਼ਰ ਨੇ ਪ੍ਰਤਿੱਗਿਆ ਕੀਤੀ ਸੀ। ਇਹ ਇਕ ਸਵਰਗ ਦੂਤ ਦੇ ਰਾਹੀਂ ਇਕ ਵਿਚੋਲੇ [ਮੂਸਾ] ਦੇ ਹੱਥੀਂ ਦਿੱਤੀ ਗਈ ਸੀ।” (ਗਲਾਤੀਆਂ 3:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪੌਲੁਸ ਨੇ ਇਹ ਵੀ ਲਿਖਿਆ ਸੀ: ‘ਸ਼ਰਾ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨਾਂ ਵਸਤਾਂ ਦਾ ਅਸਲੀ ਸਰੂਪ ਨਹੀਂ।’—ਇਬਰਾਨੀਆਂ 10:1.
12. ਲਹੂ ਸੰਬੰਧੀ ਪਰਮੇਸ਼ੁਰ ਦਾ ਮਕਸਦ ਕਿਵੇਂ ਪ੍ਰਗਟ ਕੀਤਾ ਗਿਆ ਸੀ?
12 ਹੁਣ ਤਕ ਅਸੀਂ ਦੇਖਿਆ ਹੈ ਕਿ ਨੂਹ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ਕਿ ਇਨਸਾਨ ਜੀਉਂਦੇ ਰਹਿਣ ਲਈ ਮਾਸ ਖਾ ਸਕਦੇ ਸਨ, ਪਰ ਉਹ ਲਹੂ ਨਹੀਂ ਖਾ ਸਕਦੇ ਸਨ। ਬਾਅਦ ਵਿਚ ਪਰਮੇਸ਼ੁਰ ਨੇ ਦੱਸਿਆ ਕਿ “ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ।” ਜੀ ਹਾਂ, ਉਸ ਨੇ ਲਹੂ ਨੂੰ ਜ਼ਿੰਦਗੀ ਦਾ ਪ੍ਰਤੀਕ ਬਣਾਇਆ ਅਤੇ ਕਿਹਾ: “ਮੈਂ [ਲਹੂ] ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਤੁਹਾਨੂੰ ਦਿੱਤਾ ਹੈ।” ਸਮਾਂ ਆਉਣ ਤੇ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਜਾਣਕਾਰੀ ਮਿਲੀ। ਬਿਵਸਥਾ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਸੀ। ਕਿਹੜੀਆਂ ਚੰਗੀਆਂ ਚੀਜ਼ਾਂ?
13. ਯਿਸੂ ਦੀ ਮੌਤ ਮਹੱਤਵਪੂਰਣ ਕਿਉਂ ਸੀ?
13 ਇਨ੍ਹਾਂ ਚੀਜ਼ਾਂ ਦਾ ਸੰਬੰਧ ਯਿਸੂ ਮਸੀਹ ਦੀ ਮੌਤ ਨਾਲ ਸੀ। ਤੁਸੀਂ ਜਾਣਦੇ ਹੋ ਕਿ ਯਿਸੂ ਨੂੰ ਤਸੀਹੇ ਦਿੱਤੇ ਗਏ ਤੇ ਫਿਰ ਸੂਲੀ ਤੇ ਟੰਗ ਦਿੱਤਾ ਗਿਆ। ਉਸ ਨੂੰ ਇਕ ਅਪਰਾਧੀ ਦੀ ਮੌਤ ਮਾਰਿਆ ਗਿਆ। ਪੌਲੁਸ ਨੇ ਲਿਖਿਆ: “ਜਦੋਂ ਅਸੀਂ ਨਿਰਬਲ ਹੀ ਸਾਂ ਤਦੋਂ ਮਸੀਹ ਵੇਲੇ ਸਿਰ ਕੁਧਰਮੀਆਂ ਦੇ ਲਈ ਮੋਇਆ। . . . ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” (ਰੋਮੀਆਂ 5:6, 8) ਸਾਡੇ ਲਈ ਮਰ ਕੇ ਯਿਸੂ ਨੇ ਪਾਪਾਂ ਤੋਂ ਸਾਡੇ ਛੁਟਕਾਰੇ ਲਈ ਨਿਸਤਾਰੇ ਦਾ ਮੁੱਲ ਭਰਿਆ। ਨਿਸਤਾਰੇ ਦੀ ਸਿੱਖਿਆ ਇਕ ਅਹਿਮ ਮਸੀਹੀ ਸਿੱਖਿਆ ਹੈ। (ਮੱਤੀ 20:28; ਯੂਹੰਨਾ 3:16; 1 ਕੁਰਿੰਥੀਆਂ 15:3; 1 ਤਿਮੋਥਿਉਸ 2:6) ਨਿਸਤਾਰੇ ਦਾ ਲਹੂ ਤੇ ਜੀਵਨ ਨਾਲ ਕੀ ਸੰਬੰਧ ਹੈ ਅਤੇ ਇਸ ਦਾ ਤੁਹਾਡੀ ਜ਼ਿੰਦਗੀ ਉੱਤੇ ਕੀ ਪ੍ਰਭਾਵ ਪੈਂਦਾ ਹੈ?
14, 15. (ੳ) ਕੁਝ ਅਨੁਵਾਦ ਅਫ਼ਸੀਆਂ 1:7 ਵਿਚ ਯਿਸੂ ਦੀ ਮੌਤ ਉੱਤੇ ਕਿਵੇਂ ਜ਼ੋਰ ਦਿੰਦੇ ਹਨ? (ਅ) ਇਨ੍ਹਾਂ ਅਨੁਵਾਦਾਂ ਵਿਚ ਅਫ਼ਸੀਆਂ 1:7 ਦਾ ਕਿਹੜਾ ਨੁਕਤਾ ਸ਼ਾਇਦ ਸਪੱਸ਼ਟ ਨਾ ਹੋਵੇ?
14 ਕੁਝ ਚਰਚ ਯਿਸੂ ਦੀ ਮੌਤ ਉੱਤੇ ਜ਼ਿਆਦਾ ਹੀ ਜ਼ੋਰ ਦਿੰਦੇ ਹਨ। ਚਰਚ ਦੇ ਮੈਂਬਰ ਅਕਸਰ ਕਹਿੰਦੇ ਹਨ ਕਿ ‘ਯਿਸੂ ਮੇਰੇ ਲਈ ਮਰਿਆ।’ ਧਿਆਨ ਦਿਓ ਕਿ ਕੁਝ ਬਾਈਬਲਾਂ ਵਿਚ ਅਫ਼ਸੀਆਂ 1:7 ਦਾ ਕੀ ਅਨੁਵਾਦ ਕੀਤਾ ਗਿਆ ਹੈ: “ਉਸ ਵਿਚ ਅਤੇ ਉਸ ਦੀ ਮੌਤ ਰਾਹੀਂ ਅਸੀਂ ਮੁਕਤੀ ਪ੍ਰਾਪਤ ਕੀਤੀ ਹੈ ਯਾਨੀ ਸਾਡੇ ਪਾਪ ਦੂਰ ਹੋਏ ਹਨ।” (ਦੀ ਅਮੈਰਿਕਨ ਬਾਈਬਲ, ਫਰੈਂਕ ਸ਼ਾਈਲ ਬਾਲਨਟਾਈਨ, 1902) “ਮਸੀਹ ਦੀ ਮੌਤ ਰਾਹੀਂ ਅਸੀਂ ਛੁਡਾਏ ਗਏ ਅਤੇ ਸਾਡੇ ਪਾਪ ਮਾਫ਼ ਕੀਤੇ ਗਏ।” (ਟੂਡੇਜ਼ ਇੰਗਲਿਸ਼ ਵਰਯਨ, 1966) “ਮਸੀਹ ਵਿਚ ਅਤੇ ਉਸ ਦੇ ਰਾਹੀਂ ਅਤੇ ਉਸ ਦੀ ਜ਼ਿੰਦਗੀ ਦੀ ਕੁਰਬਾਨੀ ਰਾਹੀਂ ਅਸੀਂ ਆਜ਼ਾਦ ਕੀਤੇ ਗਏ, ਅਜਿਹੀ ਆਜ਼ਾਦੀ ਜਿਸ ਦਾ ਮਤਲਬ ਹੈ ਪਾਪਾਂ ਦੀ ਮਾਫ਼ੀ।” (ਦ ਨਿਊ ਟੈਸਟਾਮੈਂਟ, ਵਿਲਿਅਮ ਬਾਰਕਲੇ, 1969) “ਮਸੀਹ ਦੀ ਮੌਤ ਰਾਹੀਂ ਸਾਡੇ ਪਾਪ ਮਾਫ਼ ਕੀਤੇ ਗਏ ਅਤੇ ਸਾਨੂੰ ਆਜ਼ਾਦ ਕੀਤਾ ਗਿਆ।” (ਦ ਟ੍ਰਾਂਸਲੇਟਰਜ਼ ਨਿਊ ਟੈਸਟਾਮੈਂਟ, 1973) ਇਨ੍ਹਾਂ ਅਨੁਵਾਦਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਯਿਸੂ ਦੀ ਮੌਤ ਉੱਤੇ ਜ਼ੋਰ ਦਿੱਤਾ ਗਿਆ ਹੈ। ਕੁਝ ਲੋਕ ਸ਼ਾਇਦ ਕਹਿਣ, ‘ਪਰ ਯਿਸੂ ਦੀ ਮੌਤ ਸੱਚ-ਮੁੱਚ ਮਹੱਤਵਪੂਰਣ ਸੀ। ਤਾਂ ਫਿਰ ਇਨ੍ਹਾਂ ਅਨੁਵਾਦਾਂ ਵਿਚ ਕੀ ਖ਼ਰਾਬੀ ਹੈ?’
15 ਅਸਲ ਵਿਚ, ਜੇ ਤੁਹਾਡੇ ਕੋਲ ਸਿਰਫ਼ ਅਜਿਹੇ ਅਨੁਵਾਦ ਹਨ, ਤਾਂ ਤੁਹਾਨੂੰ ਸ਼ਾਇਦ ਇਕ ਮਹੱਤਵਪੂਰਣ ਨੁਕਤਾ ਪਤਾ ਨਾ ਲੱਗੇ ਜਿਸ ਕਰਕੇ ਬਾਈਬਲ ਦੇ ਸੰਦੇਸ਼ ਬਾਰੇ ਤੁਹਾਡੀ ਸਮਝ ਅਧੂਰੀ ਰਹਿ ਸਕਦੀ ਹੈ। ਇਨ੍ਹਾਂ ਅਨੁਵਾਦਾਂ ਵਿਚ ਅਫ਼ਸੀਆਂ 1:7 ਵਿਚ ਉਹ ਯੂਨਾਨੀ ਸ਼ਬਦ ਨਹੀਂ ਵਰਤਿਆ ਗਿਆ ਜਿਸ ਦਾ ਮਤਲਬ ਹੈ “ਲਹੂ।” ਪੰਜਾਬੀ ਦੀ ਪਵਿੱਤਰ ਬਾਈਬਲ ਤੇ ਹੋਰ ਕਈ ਬਾਈਬਲਾਂ ਵਿਚ ਇਸ ਦਾ ਸਹੀ ਅਨੁਵਾਦ ਕੀਤਾ ਗਿਆ ਹੈ: ‘ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ।’
16. ‘ਉਸ ਦਾ ਲਹੂ’ ਸ਼ਬਦਾਂ ਤੋਂ ਸਾਨੂੰ ਕਿਹੜੀ ਗੱਲ ਪਤਾ ਲੱਗਦੀ ਹੈ?
16 ‘ਉਸ ਦਾ ਲਹੂ’ ਸ਼ਬਦਾਂ ਦਾ ਗਹਿਰਾ ਅਰਥ ਹੈ ਅਤੇ ਸਾਨੂੰ ਇਸ ਤੋਂ ਕਈ ਗੱਲਾਂ ਪਤਾ ਲੱਗਦੀਆਂ ਹਨ। ਮੁਕੰਮਲ ਇਨਸਾਨ ਦੇ ਤੌਰ ਤੇ ਯਿਸੂ ਦਾ ਮਰਨਾ ਹੀ ਕਾਫ਼ੀ ਨਹੀਂ ਸੀ। ਯਿਸੂ ਨੇ ਉਨ੍ਹਾਂ ਗੱਲਾਂ ਨੂੰ ਵੀ ਪੂਰਾ ਕੀਤਾ ਜੋ ਬਿਵਸਥਾ ਵਿਚ ਦੱਸੀਆਂ ਗਈਆਂ ਸਨ, ਖ਼ਾਸ ਕਰਕੇ ਪ੍ਰਾਸਚਿਤ ਦੇ ਦਿਨ ਨਾਲ ਸੰਬੰਧਿਤ ਗੱਲਾਂ। ਉਸ ਖ਼ਾਸ ਦਿਨ ਕੁਝ ਜਾਨਵਰਾਂ ਦੀ ਬਲੀ ਚੜ੍ਹਾਈ ਜਾਂਦੀ ਸੀ। ਫਿਰ ਪ੍ਰਧਾਨ ਜਾਜਕ ਉਨ੍ਹਾਂ ਦਾ ਕੁਝ ਲਹੂ ਡੇਹਰੇ ਜਾਂ ਹੈਕਲ ਦੇ ਅੱਤ ਪਵਿੱਤਰ ਕਮਰੇ ਵਿਚ ਲੈ ਜਾਂਦਾ ਸੀ। ਕਿਹਾ ਜਾ ਸਕਦਾ ਹੈ ਕਿ ਉੱਥੇ ਉਹ ਪਰਮੇਸ਼ੁਰ ਦੇ ਹਜ਼ੂਰ ਪੇਸ਼ ਹੁੰਦਾ ਸੀ।—ਕੂਚ 25:22; ਲੇਵੀਆਂ 16:2-19.
17. ਜੋ ਪ੍ਰਾਸਚਿਤ ਦੇ ਦਿਨ ਤੇ ਕੀਤਾ ਜਾਂਦਾ ਸੀ, ਉਹ ਯਿਸੂ ਨੇ ਕਿਵੇਂ ਕੀਤਾ?
17 ਪ੍ਰਾਸਚਿਤ ਦੇ ਦਿਨ ਤੇ ਜੋ ਕੀਤਾ ਜਾਂਦਾ ਸੀ, ਉਸ ਨੂੰ ਯਿਸੂ ਨੇ ਵੱਡੇ ਪੈਮਾਨੇ ਤੇ ਕੀਤਾ। ਪੌਲੁਸ ਨੇ ਸਮਝਾਇਆ ਕਿ ਯਿਸੂ ਨੇ ਇਹ ਕਿਵੇਂ ਕੀਤਾ। ਪਹਿਲਾਂ, ਉਸ ਨੇ ਦੱਸਿਆ ਕਿ ਇਸਰਾਏਲ ਵਿਚ ਪ੍ਰਧਾਨ ਜਾਜਕ “ਆਪਣੀਆਂ ਅਤੇ ਪਰਜਾ ਦੀਆਂ ਭੁੱਲਾਂ ਚੁੱਕਾ ਲਈ” ਸਾਲ ਵਿਚ ਇਕ ਵਾਰ ਅੱਤ ਪਵਿੱਤਰ ਕਮਰੇ ਵਿਚ ਜਾ ਕੇ ਲਹੂ ਚੜ੍ਹਾਉਂਦਾ ਸੀ। (ਇਬਰਾਨੀਆਂ 9:6, 7) ਇਸੇ ਤਰ੍ਹਾਂ, ਆਤਮਿਕ ਪ੍ਰਾਣੀ ਦੇ ਰੂਪ ਵਿਚ ਮੁੜ ਜੀਉਂਦਾ ਕੀਤੇ ਜਾਣ ਤੋਂ ਬਾਅਦ ਯਿਸੂ ਸਵਰਗ ਵਿਚ ਗਿਆ। ਹੱਡ-ਮਾਸ ਦਾ ਸਰੀਰ ਨਾ ਹੋਣ ਕਰਕੇ ਉਹ “ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼” ਹੋ ਸਕਦਾ ਸੀ। ਉਸ ਨੇ ਉੱਥੇ ਪਰਮੇਸ਼ੁਰ ਨੂੰ ਕੀ ਪੇਸ਼ ਕੀਤਾ? ਉਸ ਨੇ ਅਸਲੀ ਲਹੂ ਪੇਸ਼ ਨਹੀਂ ਕੀਤਾ, ਪਰ ਇਕ ਬਹੁਤ ਅਹਿਮ ਚੀਜ਼ ਪੇਸ਼ ਕੀਤੀ। ਪੌਲੁਸ ਨੇ ਅੱਗੇ ਦੱਸਿਆ: ‘ਜਾਂ ਮਸੀਹ ਪਰਧਾਨ ਜਾਜਕ ਹੋ ਕੇ ਆਇਆ ਤਾਂ ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਕਿਉਂਕਿ ਜੇ ਬੱਕਰਿਆਂ ਅਤੇ ਵਹਿੜਕਿਆਂ ਦਾ ਲਹੂ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦਾ ਹੈ, ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਹ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੋ।’ ਜੀ ਹਾਂ, ਯਿਸੂ ਨੇ ਆਪਣਾ ਲਹੂ ਵਹਾਉਣ ਮਗਰੋਂ ਸਵਰਗ ਜਾ ਕੇ ਪਰਮੇਸ਼ੁਰ ਨੂੰ ਸਾਡੇ ਨਿਸਤਾਰੇ ਦੀ ਕੀਮਤ ਅਦਾ ਕੀਤੀ।—ਇਬਰਾਨੀਆਂ 9:11-14, 24, 28; 10:11-14; 1 ਪਤਰਸ 3:18.
18. ਲਹੂ ਬਾਰੇ ਬਾਈਬਲ ਦੇ ਹਵਾਲੇ ਅੱਜ ਮਸੀਹੀਆਂ ਲਈ ਮਹੱਤਵਪੂਰਣ ਕਿਉਂ ਹਨ?
18 ਇਹ ਸੱਚਾਈ ਲਹੂ ਬਾਰੇ ਬਾਈਬਲ ਦੀ ਸਿੱਖਿਆ ਦੇ ਕਈ ਸ਼ਾਨਦਾਰ ਪਹਿਲੂਆਂ ਨੂੰ ਸਮਝਣ ਵਿਚ ਮਦਦ ਕਰਦੀ ਹੈ। ਮਿਸਾਲ ਲਈ, ਪਰਮੇਸ਼ੁਰ ਲਹੂ ਨੂੰ ਇੰਨੀ ਅਹਿਮੀਅਤ ਕਿਉਂ ਦਿੰਦਾ ਹੈ, ਸਾਡਾ ਨਜ਼ਰੀਆ ਉਸ ਵਰਗਾ ਕਿਉਂ ਹੋਣਾ ਚਾਹੀਦਾ ਹੈ ਅਤੇ ਲਹੂ ਦੀ ਵਰਤੋਂ ਉੱਤੇ ਪਰਮੇਸ਼ੁਰ ਵੱਲੋਂ ਲਾਈਆਂ ਬੰਦਸ਼ਾਂ ਨੂੰ ਸਾਨੂੰ ਕਿਉਂ ਮੰਨਣਾ ਚਾਹੀਦਾ ਹੈ। ਬਾਈਬਲ ਦੇ ਯੂਨਾਨੀ ਸ਼ਾਸਤਰ ਦੀਆਂ ਕਈ ਕਿਤਾਬਾਂ ਵਿਚ ਮਸੀਹ ਦੇ ਲਹੂ ਬਾਰੇ ਕਈ ਵਾਰ ਜ਼ਿਕਰ ਆਉਂਦਾ ਹੈ। (ਡੱਬੀ ਦੇਖੋ।) ਇਨ੍ਹਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਹਰ ਮਸੀਹੀ ਨੂੰ ‘ਯਿਸੂ ਦੇ ਲਹੂ’ ਉੱਤੇ ਨਿਹਚਾ ਕਰਨੀ ਚਾਹੀਦੀ ਹੈ। (ਰੋਮੀਆਂ 3:25) ‘ਯਿਸੂ ਦੇ ਲਹੂ ਦੇ ਵਸੀਲੇ’ ਹੀ ਸਾਨੂੰ ਮਾਫ਼ੀ ਮਿਲ ਸਕਦੀ ਹੈ ਅਤੇ ਅਸੀਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕਦੇ ਹਾਂ। (ਕੁਲੁੱਸੀਆਂ 1:20) ਇਹ ਗੱਲ ਉਨ੍ਹਾਂ ਲੋਕਾਂ ਬਾਰੇ ਬਿਲਕੁਲ ਸੱਚ ਹੈ ਜਿਨ੍ਹਾਂ ਨਾਲ ਯਿਸੂ ਨੇ ਖ਼ਾਸ ਨੇਮ ਬੰਨ੍ਹਿਆ ਸੀ ਕਿ ਉਹ ਉਸ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 22:20, 28-30; 1 ਕੁਰਿੰਥੀਆਂ 11:25; ਇਬਰਾਨੀਆਂ 13:20) ਇਹ ਗੱਲ ਅੱਜ “ਵੱਡੀ ਭੀੜ” ਉੱਤੇ ਵੀ ਲਾਗੂ ਹੁੰਦੀ ਹੈ ਜੋ “ਵੱਡੀ ਬਿਪਤਾ” ਵਿੱਚੋਂ ਬਚ ਜਾਵੇਗੀ ਅਤੇ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣੇਗੀ। ਲਾਖਣਿਕ ਤੌਰ ਤੇ ਉਹ ‘ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਂਦੇ ਹਨ।’—ਪਰਕਾਸ਼ ਦੀ ਪੋਥੀ 7:9, 14.
19, 20. (ੳ) ਪਰਮੇਸ਼ੁਰ ਨੇ ਲਹੂ ਦੀ ਵਰਤੋਂ ਉੱਤੇ ਪਾਬੰਦੀਆਂ ਕਿਉਂ ਲਾਈਆਂ ਸਨ ਅਤੇ ਸਾਨੂੰ ਇਨ੍ਹਾਂ ਪਾਬੰਦੀਆਂ ਨੂੰ ਕਿੱਦਾਂ ਵਿਚਾਰਨਾ ਚਾਹੀਦਾ ਹੈ? (ਅ) ਸਾਨੂੰ ਕਿਸ ਗੱਲ ਬਾਰੇ ਜਾਣਨ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ?
19 ਸੋ ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲਹੂ ਦੀ ਖ਼ਾਸ ਅਹਿਮੀਅਤ ਹੈ। ਸਾਡੀਆਂ ਨਜ਼ਰਾਂ ਵਿਚ ਵੀ ਲਹੂ ਦੀ ਖ਼ਾਸ ਅਹਿਮੀਅਤ ਹੋਣੀ ਚਾਹੀਦੀ ਹੈ। ਜੀਵਨ ਦੀ ਪਰਵਾਹ ਕਰਨ ਵਾਲੇ ਸਿਰਜਣਹਾਰ ਕੋਲ ਲਹੂ ਦੀ ਵਰਤੋਂ ਸੰਬੰਧੀ ਇਨਸਾਨ ਉੱਤੇ ਪਾਬੰਦੀਆਂ ਲਾਉਣ ਦਾ ਪੂਰਾ ਹੱਕ ਹੈ। ਸਾਡੀ ਜ਼ਿੰਦਗੀ ਦੀ ਗਹਿਰੀ ਪਰਵਾਹ ਕਰਦੇ ਹੋਏ ਉਸ ਨੇ ਲਹੂ ਨੂੰ ਇਕ ਬਹੁਤ ਹੀ ਮਹੱਤਵਪੂਰਣ ਮਕਸਦ ਵਾਸਤੇ ਚੁਣਿਆ ਜਿਸ ਰਾਹੀਂ ਅਨੰਤ ਜ਼ਿੰਦਗੀ ਮਿਲਣੀ ਮੁਮਕਿਨ ਹੋਈ। ਇਸ ਮਕਸਦ ਵਿਚ ਯਿਸੂ ਦਾ ਬਹੁਮੁੱਲਾ ਲਹੂ ਸ਼ਾਮਲ ਸੀ। ਸਾਨੂੰ ਯਹੋਵਾਹ ਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਸ ਨੇ ਯਿਸੂ ਦੇ ਲਹੂ ਨੂੰ ਵਰਤਦੇ ਹੋਏ ਸਾਡੀਆਂ ਜ਼ਿੰਦਗੀਆਂ ਬਚਾਉਣ ਦਾ ਪ੍ਰਬੰਧ ਕੀਤਾ! ਸਾਨੂੰ ਯਿਸੂ ਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਡੇ ਲਈ ਆਪਣਾ ਲਹੂ ਵਹਾਇਆ! ਅਸੀਂ ਯੂਹੰਨਾ ਰਸੂਲ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਾਂ ਜੋ ਉਸ ਨੇ ਇੱਥੇ ਪ੍ਰਗਟ ਕੀਤੀਆਂ: “ਉਹ ਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਭਈ ਅਸੀਂ ਉਹ ਦੇ ਪਰਮੇਸ਼ੁਰ ਅਤੇ ਪਿਤਾ ਲਈ ਜਾਜਕ ਬਣੀਏ, ਓਸੇ ਦੀ ਮਹਿਮਾ ਅਤੇ ਪ੍ਰਾਕਰਮ ਜੁੱਗੋ ਜੁੱਗ ਹੋਵੋ! ਆਮੀਨ।”—ਪਰਕਾਸ਼ ਦੀ ਪੋਥੀ 1:5, 6.
20 ਸਾਡੇ ਸਰਬਬੁੱਧੀਮਾਨ ਪਰਮੇਸ਼ੁਰ ਅਤੇ ਜੀਵਨਦਾਤੇ ਨੇ ਠਾਣ ਲਿਆ ਸੀ ਕਿ ਉਹ ਲਹੂ ਨੂੰ ਜ਼ਿੰਦਗੀਆਂ ਬਚਾਉਣ ਲਈ ਵਰਤੇਗਾ। ਇਸ ਲਈ ਅਸੀਂ ਆਪਣੇ ਤੋਂ ਪੁੱਛ ਸਕਦੇ ਹਾਂ, ‘ਇਸ ਦਾ ਮੇਰੇ ਫ਼ੈਸਲਿਆਂ ਅਤੇ ਕੰਮਾਂ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?’ ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।
ਤੁਸੀਂ ਕੀ ਜਵਾਬ ਦਿਓਗੇ?
• ਹਾਬਲ ਅਤੇ ਨੂਹ ਦੇ ਬਿਰਤਾਂਤ ਤੋਂ ਅਸੀਂ ਲਹੂ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਕੀ ਜਾਣ ਸਕਦੇ ਹਾਂ?
• ਬਿਵਸਥਾ ਵਿਚ ਲਹੂ ਦੀ ਵਰਤੋਂ ਉੱਤੇ ਪਰਮੇਸ਼ੁਰ ਨੇ ਕਿਹੜੀ ਪਾਬੰਦੀ ਲਾਈ ਸੀ ਅਤੇ ਕਿਉਂ?
• ਪ੍ਰਾਸਚਿਤ ਦੇ ਦਿਨ ਤੇ ਜੋ ਹੁੰਦਾ ਸੀ, ਉਸ ਨੂੰ ਯਿਸੂ ਨੇ ਕਿਵੇਂ ਕੀਤਾ?
• ਯਿਸੂ ਦਾ ਲਹੂ ਸਾਡੀ ਜ਼ਿੰਦਗੀ ਕਿਵੇਂ ਬਚਾ ਸਕਦਾ ਹੈ?
[ਡੱਬੀ/ਸਫ਼ੇ 18 ਉੱਤੇ ਤਸਵੀਰ]
ਕਿਸ ਦਾ ਲਹੂ ਜਾਨਾਂ ਬਚਾਉਂਦਾ ਹੈ?
“ਸੋ ਜਦੋਂ ਅਸੀਂ ਹੁਣ ਉਹ [ਯਿਸੂ] ਦੇ ਲਹੂ ਨਾਲ ਧਰਮੀ ਠਹਿਰਾਏ ਗਏ ਤਾਂ ਇਸ ਨਾਲੋਂ ਬਹੁਤ ਵਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚ ਜਾਵਾਂਗੇ।”—ਰੋਮੀਆਂ 5:9.
‘ਤੁਸੀਂ ਆਸਾ ਹੀਣ ਅਤੇ ਜਗਤ ਵਿੱਚ ਪਰਮੇਸ਼ੁਰ ਤੋਂ ਰਹਿਤ ਸਾਓ। ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਅੱਗੇ ਦੂਰ ਸਾਓ ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ।’—ਅਫ਼ਸੀਆਂ 2:12, 13.
“ਪਿਤਾ ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਅਕਾਸ਼ ਉਤਲੀਆਂ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ।”—ਕੁਲੁੱਸੀਆਂ 1:19, 20.
‘ਉਪਰੰਤ ਹੇ ਭਰਾਵੋ, ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਿਲੇਰੀ ਹੈ।’—ਇਬਰਾਨੀਆਂ 10:19.
“ਤੁਸੀਂ ਜੋ ਆਪਣੀ ਅਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਾਨ ਵਸਤਾਂ . . . ਨਾਲ ਨਹੀਂ, ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ।”—1 ਪਤਰਸ 1:18, 19.
“ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪੋ ਵਿੱਚੀਂ ਸੰਗਤ ਹੈ ਅਤੇ ਉਹ ਦੇ ਪੁੱਤ੍ਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ।”—1 ਯੂਹੰਨਾ 1:7.
“ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਜੋਗ ਹੈਂ, ਕਿਉਂਕਿ ਤੂੰ ਕੋਹਿਆ ਗਿਆ ਸੈਂ, ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ।”—ਪਰਕਾਸ਼ ਦੀ ਪੋਥੀ 5:9.
“ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ . . . ਹੇਠਾਂ ਸੁੱਟਿਆ ਗਿਆ ਹੈ! ਅਤੇ ਓਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ।”—ਪਰਕਾਸ਼ ਦੀ ਪੋਥੀ 12:10, 11.
[ਸਫ਼ੇ 16 ਉੱਤੇ ਤਸਵੀਰ]
ਬਿਵਸਥਾ ਵਿਚ ਪਰਮੇਸ਼ੁਰ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਪਾਪਾਂ ਦੀ ਮਾਫ਼ੀ ਵਿਚ ਲਹੂ ਅਹਿਮ ਭੂਮਿਕਾ ਨਿਭਾਵੇਗਾ
[ਸਫ਼ੇ 17 ਉੱਤੇ ਤਸਵੀਰ]
ਯਿਸੂ ਦੇ ਲਹੂ ਰਾਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਚ ਸਕਦੀਆਂ ਹਨ