ਵਿਗਿਆਨ ਅਤੇ ਧਰਮ ਵਿਚ ਟਕਰਾਅ
ਇਹ ਸੰਨ 1543 ਦੀ ਗੱਲ ਹੈ। ਸੱਤਰ ਸਾਲਾਂ ਦਾ ਖਗੋਲ-ਵਿਗਿਆਨੀ ਤੇ ਪੋਲਿਸ਼ ਕੈਥੋਲਿਕ ਨਿਕੋਲੇਅਸ ਕੋਪਰਨਿਕਸ ਆਪਣੇ ਆਖ਼ਰੀ ਸਾਹਾਂ ਤੇ ਸੀ। ਉਹ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਹੱਥਾਂ ਵਿਚ ਉਸ ਦੀ ਆਪਣੀ ਕਿਤਾਬ ਦਾ ਖਰੜਾ ਸੀ ਜੋ ਛਪਣ ਵਾਲਾ ਸੀ। ਪਤਾ ਨਹੀਂ ਉਸ ਨੂੰ ਇਸ ਗੱਲ ਦੀ ਖ਼ਬਰ ਸੀ ਜਾਂ ਨਹੀਂ ਕਿ ਉਸ ਦੀ ਕਿਤਾਬ ਨੇ ਬ੍ਰਹਿਮੰਡ ਬਾਰੇ ਇਨਸਾਨ ਦੇ ਵਿਚਾਰਾਂ ਨੂੰ ਬਿਲਕੁਲ ਬਦਲ ਦੇਣਾ ਸੀ। ਇਸ ਨੇ ਈਸਾਈ-ਜਗਤ ਵਿਚ ਝਗੜੇ ਦੀ ਜੜ੍ਹ ਵੀ ਬਣਨਾ ਸੀ। ਇਸ ਝਗੜੇ ਦੇ ਅਸਰ ਅਜੇ ਵੀ ਮਹਿਸੂਸ ਕੀਤੇ ਜਾਂਦੇ ਹਨ।
ਆਪਣੀ ਕਿਤਾਬ (On the Revolutions of the Heavenly Spheres) ਵਿਚ ਕੋਪਰਨਿਕਸ ਨੇ ਦੱਸਿਆ ਕਿ ਧਰਤੀ ਸੂਰਜੀ ਪਰਿਵਾਰ ਦਾ ਕੇਂਦਰ ਨਹੀਂ, ਸਗੋਂ ਸੂਰਜ ਇਸ ਦਾ ਕੇਂਦਰ ਹੈ। ਭੂ-ਕੇਂਦਰੀ ਸਿਧਾਂਤ [ਜਿਸ ਅਨੁਸਾਰ ਧਰਤੀ ਸੂਰਜੀ ਪਰਿਵਾਰ ਦਾ ਕੇਂਦਰ ਸੀ] ਬਹੁਤ ਹੀ ਗੁੰਝਲਦਾਰ ਸੀ। ਪਰ ਇਸ ਕਿਤਾਬ ਵਿਚ ਸੂਰਜ-ਕੇਂਦਰੀ ਸਿਧਾਂਤ ਰਾਹੀਂ ਬ੍ਰਹਿਮੰਡ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਇਆ ਗਿਆ ਸੀ।
ਪਹਿਲਾਂ-ਪਹਿਲ ਤਾਂ ਕਿਸੇ ਨੇ ਇਸ ਨਵੇਂ ਸਿਧਾਂਤ ਤੇ ਇਤਰਾਜ਼ ਨਹੀਂ ਕੀਤਾ। ਇਕ ਕਾਰਨ ਸੀ ਕਿ ਕੋਪਰਨਿਕਸ ਨੇ ਬੜੀ ਸਮਝਦਾਰੀ ਨਾਲ ਆਪਣੇ ਵਿਚਾਰ ਸਿਰਫ਼ ਗਿਣੇ-ਚੁਣੇ ਲੋਕਾਂ ਨੂੰ ਹੀ ਦੱਸੇ ਸਨ। ਇਸ ਤੋਂ ਇਲਾਵਾ, ਭੂ-ਕੇਂਦਰੀ ਸਿਧਾਂਤ ਨੂੰ ਮੰਨਣ ਵਾਲਾ ਕੈਥੋਲਿਕ ਧਰਮ ਉਸ ਸਮੇਂ ਵਿਗਿਆਨਕ ਖੋਜਾਂ ਪ੍ਰਤੀ ਜ਼ਿਆਦਾ ਸਹਿਣਸ਼ੀਲ ਸੀ। ਪੋਪ ਨੇ ਖ਼ੁਦ ਕੋਪਰਨਿਕਸ ਨੂੰ ਆਪਣੀ ਕਿਤਾਬ ਛਪਾਉਣ ਦੀ ਹੱਲਾਸ਼ੇਰੀ ਦਿੱਤੀ ਸੀ। ਪਰ ਜਦੋਂ ਕੋਪਰਨਿਕਸ ਨੇ ਆਪਣੀ ਕਿਤਾਬ ਛਪਵਾ ਦਿੱਤੀ, ਤਾਂ ਸੰਪਾਦਕ ਨੇ ਡਰ ਦੇ ਮਾਰੇ ਮੁਖਬੰਧ ਵਿਚ ਆਪਣੇ ਵੱਲੋਂ ਲਿਖ ਦਿੱਤਾ ਕਿ ਸੂਰਜ-ਕੇਂਦਰੀ ਸਿਧਾਂਤ ਗਣਿਤ ਦੇ ਆਧਾਰ ਤੇ ਇਕ ਕਲਪਨਾ ਸੀ, ਨਾ ਕਿ ਵਿਗਿਆਨਕ ਹਕੀਕਤ।
ਚਰਚ ਦਾ ਗੁੱਸਾ ਭੜਕਿਆ
ਸੂਰਜ-ਕੇਂਦਰੀ ਸਿਧਾਂਤ ਦਾ ਸਮਰਥਨ ਕਰਨ ਵਾਲਾ ਅਗਲਾ ਵਿਅਕਤੀ ਇਟਲੀ ਦਾ ਖਗੋਲਵੇਤਾ, ਗਣਿਤ-ਸ਼ਾਸਤਰੀ ਤੇ ਭੌਤਿਕ-ਵਿਗਿਆਨੀ ਗਲੀਲੀਓ ਗੈਲੇਲਈ (1564-1642) ਸੀ। ਗਲੀਲੀਓ ਵੀ ਕੈਥੋਲਿਕ ਧਰਮ ਨੂੰ ਮੰਨਦਾ ਸੀ। ਉਸ ਵੇਲੇ ਨਵੇਂ ਲੈੱਨਜ਼ਾਂ ਦੀ ਕਾਢ ਕੱਢੀ ਗਈ ਸੀ ਜਿਨ੍ਹਾਂ ਨੂੰ ਇਸਤੇਮਾਲ ਕਰ ਕੇ ਉਸ ਨੇ ਇਕ ਦੂਰਬੀਨ ਬਣਾਈ। ਇਸ ਦੂਰਬੀਨ ਦੀ ਮਦਦ ਨਾਲ ਗਲੀਲੀਓ ਨੂੰ ਬ੍ਰਹਿਮੰਡ ਇੰਨਾ ਸਾਫ਼ ਨਜ਼ਰ ਆਇਆ ਜਿੰਨਾ ਪਹਿਲਾਂ ਹੋਰ ਕਿਸੇ ਨੂੰ ਨਹੀਂ ਆਇਆ ਸੀ। ਖੋਜ ਕਰਨ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਕੋਪਰਨਿਕਸ ਸਹੀ ਸੀ। ਗਲੀਲੀਓ ਨੇ ਸੂਰਜ ਉੱਤੇ ਧੱਬੇ ਵੀ ਦੇਖੇ ਜਿਨ੍ਹਾਂ ਨੂੰ ਅੱਜ ਸੂਰਜੀ ਧੱਬੇ ਕਿਹਾ ਜਾਂਦਾ ਹੈ। ਇਸ ਖੋਜ ਨਾਲ ਗਲੀਲੀਓ ਨੇ ਇਕ ਹੋਰ ਅਹਿਮ ਦਾਰਸ਼ਨਿਕ ਤੇ ਧਾਰਮਿਕ ਸਿਧਾਂਤ ਤੇ ਸੱਟ ਮਾਰੀ। ਉਦੋਂ ਇਹ ਮੰਨਿਆ ਜਾਂਦਾ ਸੀ ਕਿ ਸੂਰਜ ਵਿਚ ਕਦੇ ਵਿਗਾੜ ਨਹੀਂ ਆ ਸਕਦਾ ਜਾਂ ਇਹ ਬਦਲ ਨਹੀਂ ਸਕਦਾ।
ਕੋਪਰਨਿਕਸ ਤੋਂ ਉਲਟ, ਗਲੀਲੀਓ ਨੇ ਪੂਰੇ ਜੋਸ਼ ਤੇ ਨਿਡਰਤਾ ਨਾਲ ਆਪਣੇ ਵਿਚਾਰ ਦੂਸਰਿਆਂ ਨੂੰ ਦੱਸੇ। ਉਸ ਵੇਲੇ ਧਾਰਮਿਕ ਮਾਹੌਲ ਇੰਨਾ ਵਧੀਆ ਨਹੀਂ ਸੀ ਕਿਉਂਕਿ ਕੈਥੋਲਿਕ ਚਰਚ ਨੇ ਕਾਪਰਨੀਕੀ ਸਿਧਾਂਤ ਦਾ ਖੁੱਲ੍ਹੇ-ਆਮ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਜਦੋਂ ਗਲੀਲੀਓ ਨੇ ਇਸ ਗੱਲ ਦੀ ਦਲੀਲ ਦਿੱਤੀ ਕਿ ਸੂਰਜ-ਕੇਂਦਰੀ ਸਿਧਾਂਤ ਸਹੀ ਸੀ ਤੇ ਬਾਈਬਲ ਦੇ ਨਾਲ ਮੇਲ ਖਾਂਦਾ ਸੀ, ਤਾਂ ਕੈਥੋਲਿਕ ਚਰਚ ਨੂੰ ਇਸ ਵਿੱਚੋਂ ਧਰਮ-ਧਰੋਹ ਦੀ ਬੋ ਆਉਣ ਲੱਗੀ।a
ਗਲੀਲੀਓ ਆਪਣੀ ਸਫ਼ਾਈ ਦੇਣ ਰੋਮ ਗਿਆ, ਪਰ ਉੱਥੇ ਕਿਸੇ ਨੇ ਉਸ ਦੀ ਗੱਲ ਨਾ ਸੁਣੀ। ਸਾਲ 1616 ਵਿਚ ਚਰਚ ਨੇ ਉਸ ਨੂੰ ਕਾਪਰਨੀਕੀ ਸਿਧਾਂਤ ਦਾ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ। ਗਲੀਲੀਓ ਕੁਝ ਸਮੇਂ ਲਈ ਚੁੱਪ ਹੋ ਗਿਆ। ਫਿਰ 1632 ਵਿਚ ਉਸ ਨੇ ਕਾਪਰਨੀਕੀ ਸਿਧਾਂਤ ਦੇ ਸਮਰਥਨ ਵਿਚ ਇਕ ਹੋਰ ਕਿਤਾਬ ਛਾਪੀ। ਅਗਲੇ ਸਾਲ ਹੀ ਚਰਚ ਦੀ ਧਾਰਮਿਕ ਅਦਾਲਤ ਨੇ ਗਲੀਲੀਓ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਪਰ ਉਸ ਦੀ ਉਮਰ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਉਸ ਨੂੰ ਜੇਲ੍ਹ ਵਿਚ ਸੁੱਟਣ ਦੀ ਬਜਾਇ ਘਰ ਵਿਚ ਕੈਦ ਕਰ ਦਿੱਤਾ।
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਗਲੀਲੀਓ ਅਤੇ ਕੈਥੋਲਿਕ ਧਰਮ ਵਿਚ ਹੋਇਆ ਟਕਰਾਅ ਦਿਖਾਉਂਦਾ ਹੈ ਕਿ ਵਿਗਿਆਨ ਨੇ ਧਰਮ ਤੇ ਬਾਈਬਲ ਨੂੰ ਗ਼ਲਤ ਸਾਬਤ ਕੀਤਾ ਸੀ। ਪਰ ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਇਨ੍ਹਾਂ ਲੋਕਾਂ ਨੇ ਇਹ ਸਿੱਟਾ ਕੱਢਣ ਵੇਲੇ ਕਈ ਜ਼ਰੂਰੀ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ।
[ਫੁਟਨੋਟ]
a ਗਲੀਲੀਓ ਨੇ ਆਪਣੀ ਹਾਜ਼ਰ ਜਵਾਬੀ ਤੇ ਤਿੱਖੀਆਂ ਟਕੋਰਾਂ ਨਾਲ ਕਈ ਵੱਡੇ-ਵੱਡੇ ਬੰਦਿਆਂ ਨੂੰ ਬਿਨਾਂ ਵਜ੍ਹਾ ਆਪਣੇ ਦੁਸ਼ਮਣ ਬਣਾ ਲਿਆ। ਇਸ ਤੋਂ ਇਲਾਵਾ, ਇਹ ਕਹਿਣ ਦੁਆਰਾ ਕਿ ਸੂਰਜ-ਕੇਂਦਰੀ ਸਿਧਾਂਤ ਬਾਈਬਲ ਨਾਲ ਮੇਲ ਖਾਂਦਾ ਸੀ, ਉਸ ਨੇ ਚਰਚ ਦੇ ਆਗੂਆਂ ਦੇ ਅਧਿਕਾਰ ਨੂੰ ਲਲਕਾਰਿਆ ਸੀ। ਇਸ ਕਰਕੇ ਚਰਚ ਦਾ ਪਾਰਾ ਹੋਰ ਚੜ੍ਹ ਗਿਆ।
[ਸਫ਼ੇ 3 ਉੱਤੇ ਤਸਵੀਰ]
ਕੋਪਰਨਿਕਸ
[ਕ੍ਰੈਡਿਟ ਲਾਈਨ]
ਸੋਮਾ: Giordano Bruno and Galilei (ਜਰਮਨ ਸੰਸਕਰਣ)
[ਸਫ਼ੇ 3 ਉੱਤੇ ਤਸਵੀਰ]
ਗਲੀਲੀਓ ਕੈਥੋਲਿਕ ਚਰਚ ਦੀ ਧਾਰਮਿਕ ਅਦਾਲਤ ਅੱਗੇ ਸਫ਼ਾਈ ਪੇਸ਼ ਕਰਦਾ ਹੋਇਆ
[ਕ੍ਰੈਡਿਟ ਲਾਈਨ]
ਸੋਮਾ: The Historian’s History of the World, Vol. IX, 1904
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Background: Chart depicting Copernicus’ concept of the solar system