ਪਾਠਕਾਂ ਵੱਲੋਂ ਸਵਾਲ
ਬਿਵਸਥਾ ਸਾਰ 14:21 ਵਿਚ ਲਿਖਿਆ ਹੈ: “ਤੁਸੀਂ ਮੁਰਦਾਰ ਨਾ ਖਾਇਓ।” ਕੀ ਇਹ ਲੇਵੀਆਂ 11:40 ਵਿਚ ਲਿਖੀ ਗੱਲ ਦੇ ਉਲਟ ਹੈ ਜਿਸ ਵਿਚ ਕਿਹਾ ਗਿਆ: “ਜਿਹੜਾ ਉਸ ਦੀ ਲੋਥ ਤੋਂ ਕੁਝ ਖਾਵੇ ਤਾਂ ਆਪਣੇ ਲੀੜੇ ਧੋ ਸੁੱਟੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ”?
ਇਹ ਆਇਤਾਂ ਇਕ-ਦੂਜੇ ਦੇ ਉਲਟ ਨਹੀਂ ਹਨ। ਬਿਵਸਥਾ ਸਾਰ 14:21 ਵਿਚ ਮੂਸਾ ਦੀ ਬਿਵਸਥਾ ਦੀ ਗੱਲ ਦੁਹਰਾਈ ਗਈ ਹੈ ਜਿਸ ਵਿਚ ਕਿਸੇ ਮੋਏ ਜਾਨਵਰ ਦਾ ਮਾਸ ਖਾਣਾ ਮਨ੍ਹਾ ਸੀ, ਖ਼ਾਸਕਰ ਜੇ ਉਸ ਨੂੰ ਜੰਗਲੀ ਜਾਨਵਰਾਂ ਨੇ ਮਾਰ ਸੁੱਟਿਆ ਹੋਵੇ। (ਕੂਚ 22:31; ਲੇਵੀਆਂ 22:8) ਲੇਵੀਆਂ 11:40 ਵਿਚ ਦੱਸਿਆ ਕਿ ਜੇ ਕਿਸੇ ਇਸਰਾਏਲੀ ਤੋਂ ਇਸ ਹੁਕਮ ਦੀ ਉਲੰਘਣਾ ਹੋ ਜਾਂਦੀ ਸੀ, ਤਾਂ ਉਹ ਕੀ ਕਰ ਸਕਦਾ ਸੀ।
ਇਹ ਠੀਕ ਹੈ ਕਿ ਮੂਸਾ ਦੀ ਬਿਵਸਥਾ ਵਿਚ ਕੁਝ ਗੱਲਾਂ ਮਨ੍ਹਾ ਕੀਤੀਆਂ ਗਈਆਂ ਸਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਵੀ ਕਦੇ ਇਨ੍ਹਾਂ ਦੀ ਉਲੰਘਣਾ ਨਹੀਂ ਕਰੇਗਾ। ਮਿਸਾਲ ਲਈ, ਚੋਰੀ, ਕਤਲ ਅਤੇ ਝੂਠੀ ਗਵਾਹੀ ਦੇਣ ਵਰਗੀਆਂ ਗੱਲਾਂ ਮਨ੍ਹਾ ਸਨ। ਇਸ ਦੇ ਬਾਵਜੂਦ ਜੇ ਕੋਈ ਪਰਮੇਸ਼ੁਰ ਦੇ ਹੁਕਮਾਂ ਨੂੰ ਤੋੜ ਕੇ ਇਹ ਕੰਮ ਕਰਦਾ ਸੀ, ਤਾਂ ਬਿਵਸਥਾ ਵਿਚ ਇਨ੍ਹਾਂ ਕੰਮਾਂ ਦੀ ਸਜ਼ਾ ਵੀ ਦੱਸੀ ਗਈ ਸੀ। ਇਸ ਤਰ੍ਹਾਂ ਹੁਕਮ ਲਾਗੂ ਕੀਤੇ ਜਾਂਦੇ ਸਨ ਅਤੇ ਸਾਰਿਆਂ ਨੂੰ ਪਤਾ ਲੱਗਦਾ ਸੀ ਕਿ ਇਨ੍ਹਾਂ ਨੂੰ ਮਾਮੂਲੀ ਗੱਲ ਨਹੀਂ ਸਮਝਿਆ ਜਾਣਾ ਚਾਹੀਦਾ।
ਜੇ ਕੋਈ ਇਨਸਾਨ ਮੋਏ ਜਾਨਵਰ ਦਾ ਮਾਸ ਖਾਂਦਾ ਸੀ, ਤਾਂ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਜਾਂਦਾ ਸੀ। ਉਸ ਨੂੰ ਸਹੀ ਤਰੀਕੇ ਨਾਲ ਸੁੱਚਾ ਹੋਣ ਦੀ ਲੋੜ ਸੀ। ਜੇ ਉਹ ਆਪਣੇ ਆਪ ਨੂੰ ਪਵਿੱਤਰ ਨਹੀਂ ਕਰਦਾ ਸੀ, ਤਾਂ “ਉਸ ਦਾ ਦੋਸ਼ ਉਸ ਦੇ ਜੁੰਮੇ” ਲੱਗਦਾ ਸੀ।—ਲੇਵੀਆਂ 17:15, 16.