ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 7/15 ਸਫ਼ੇ 4-7
  • ਸਹੀ ਸਿੱਖਿਆ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਹੀ ਸਿੱਖਿਆ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਕਿੰਨੀ ਕੁ ਪੁਰਾਣੀ ਹੈ?
  • ਬਾਈਬਲ ਨੂੰ ਕਿਵੇਂ ਕ੍ਰਮਬੱਧ ਕੀਤਾ ਗਿਆ ਹੈ?
  • ਕੀ ਤੁਸੀਂ ਬਾਈਬਲ ਤੇ ਭਰੋਸਾ ਰੱਖ ਸਕਦੇ ਹੋ?
  • ਬਾਈਬਲ ਸਾਨੂੰ ਕੀ ਸਿਖਾਉਂਦੀ ਹੈ?
  • ਤੁਸੀਂ ਕੀ ਫ਼ੈਸਲਾ ਕਰੋਗੇ?
  • ਉਹ ਪੁਸਤਕ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ਕੀ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਬਾਈਬਲ ਕੀ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 7/15 ਸਫ਼ੇ 4-7

ਸਹੀ ਸਿੱਖਿਆ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੈ

ਜੇ ਪਰਮੇਸ਼ੁਰ ਦੀ ਇੱਛਾ ਹੈ ਕਿ ਇਨਸਾਨਾਂ ਨੂੰ ਪਤਾ ਲੱਗੇ ਕਿ ਉਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਅਤੇ ਉਸ ਨੂੰ ਕਿਹੜੀ ਸਿੱਖਿਆ ਮਨਜ਼ੂਰ ਹੈ, ਤਾਂ ਜ਼ਰੂਰੀ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਵਿਚਾਰ ਦੱਸੇ। ਇਹ ਵੀ ਜ਼ਰੂਰੀ ਹੈ ਕਿ ਉਹ ਆਪਣੇ ਵਿਚਾਰ ਜਾਂ ਆਪਣੀ ਸਿੱਖਿਆ ਸਾਰੀ ਦੁਨੀਆਂ ਤਕ ਪਹੁੰਚਾਵੇ। ਇਸ ਤਰ੍ਹਾਂ ਕਰਨ ਨਾਲ ਹੀ ਇਨਸਾਨ ਜਾਣ ਸਕਦੇ ਹਨ ਕਿ ਪਰਮੇਸ਼ੁਰ ਨੂੰ ਕਿਹੜੀ ਸਿੱਖਿਆ, ਕਿਸ ਤਰ੍ਹਾਂ ਦੀ ਪੂਜਾ ਅਤੇ ਕਿਸ ਤਰ੍ਹਾਂ ਦਾ ਚਾਲ-ਚੱਲਣ ਮਨਜ਼ੂਰ ਹੈ। ਕੀ ਪਰਮੇਸ਼ੁਰ ਨੇ ਇਹ ਜਾਣਕਾਰੀ ਪ੍ਰਗਟ ਕੀਤੀ ਹੈ? ਜੇ ਕੀਤੀ ਹੈ, ਤਾਂ ਕਿਸ ਤਰ੍ਹਾਂ?

ਕੀ ਕੁਝ ਦਹਾਕਿਆਂ ਦੀ ਉਮਰ ਜੀਣ ਵਾਲਾ ਕੋਈ ਇਨਸਾਨ ਸਾਰੀ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਵਿਚਾਰ ਦੱਸ ਸਕਦਾ ਹੈ? ਨਹੀਂ। ਪਰ ਜੇ ਪਰਮੇਸ਼ੁਰ ਆਪਣੇ ਵਿਚਾਰ ਇਕ ਕਿਤਾਬ ਵਿਚ ਲਿਖਵਾਏ, ਤਾਂ ਇਸ ਰਾਹੀਂ ਇਹ ਕੰਮ ਕੀਤਾ ਜਾ ਸਕਦਾ ਹੈ। ਪਰਮੇਸ਼ੁਰ ਨੇ ਇਸੇ ਤਰ੍ਹਾਂ ਕੀਤਾ ਹੈ। ਇਹ ਕਿਤਾਬ ਉਸ ਦਾ ਬਚਨ ਬਾਈਬਲ ਹੈ। ਬਾਈਬਲ ਦੇ ਇਕ ਲਿਖਾਰੀ ਨੇ ਕਿਹਾ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਆਓ ਆਪਾਂ ਧਿਆਨ ਨਾਲ ਦੇਖੀਏ ਕਿ ਬਾਈਬਲ ਵਿਚ ਪਾਈ ਗਈ ਸਿੱਖਿਆ ਸਹੀ ਹੈ ਜਾਂ ਨਹੀਂ।

ਬਾਈਬਲ ਕਿੰਨੀ ਕੁ ਪੁਰਾਣੀ ਹੈ?

ਧਰਮ ਗ੍ਰੰਥਾਂ ਵਿੱਚੋਂ ਬਾਈਬਲ ਸਭ ਤੋਂ ਪੁਰਾਣੀ ਹੈ। ਇਸ ਦੇ ਕੁਝ ਹਿੱਸੇ ਲਗਭਗ 3,500 ਸਾਲ ਪਹਿਲਾਂ ਲਿਖੇ ਗਏ ਸਨ ਅਤੇ ਇਹ 98 ਈ. ਵਿਚ ਪੂਰੀ ਕੀਤੀ ਗਈ ਸੀ।a ਭਾਵੇਂ ਬਾਈਬਲ ਲਿਖਵਾਉਣ ਨੂੰ 1,600 ਸਾਲ ਲੱਗ ਗਏ ਸਨ ਅਤੇ ਇਸ ਨੂੰ ਕੁਝ 40 ਵਿਅਕਤੀਆਂ ਨੇ ਲਿਖਿਆ ਸੀ, ਫਿਰ ਵੀ ਬਾਈਬਲ ਵਿਚ ਲਿਖੀਆਂ ਸਾਰੀਆਂ ਗੱਲਾਂ ਇਕ-ਦੂਜੇ ਨਾਲ ਸਹਿਮਤ ਹਨ। ਇਹ ਇਸ ਲਈ ਹੈ ਕਿਉਂਕਿ ਬਾਈਬਲ ਦਾ ਅਸਲੀ ਲੇਖਕ ਪਰਮੇਸ਼ੁਰ ਹੈ।

ਬਾਈਬਲ ਦੁਨੀਆਂ ਦੀ ਸਭ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਅਤੇ ਸਭ ਤੋਂ ਜ਼ਿਆਦਾ ਵੰਡੀ ਗਈ ਕਿਤਾਬ ਹੈ। ਹਰ ਸਾਲ ਬਾਈਬਲ ਦੀਆਂ ਲਗਭਗ ਛੇ ਕਰੋੜ ਕਾਪੀਆਂ ਵੰਡੀਆਂ ਜਾਂਦੀਆਂ ਹਨ। ਪੂਰੀ ਦੀ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ 2,300 ਨਾਲੋਂ ਜ਼ਿਆਦਾ ਭਾਸ਼ਾਵਾਂ ਤੇ ਉਪ-ਭਾਸ਼ਾਵਾਂ ਵਿਚ ਅਨੁਵਾਦ ਕੀਤੇ ਜਾ ਚੁੱਕੇ ਹਨ। ਦੁਨੀਆਂ ਦੇ 90 ਫੀ ਸਦੀ ਲੋਕ ਬਾਈਬਲ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਦੇ ਹਨ। ਇਸ ਕਿਤਾਬ ਨੇ ਸਾਰੀਆਂ ਕੌਮੀ, ਜਾਤੀ ਅਤੇ ਨਸਲੀ ਦੀਵਾਰਾਂ ਨੂੰ ਤੋੜ ਦਿੱਤਾ ਹੈ।

ਬਾਈਬਲ ਨੂੰ ਕਿਵੇਂ ਕ੍ਰਮਬੱਧ ਕੀਤਾ ਗਿਆ ਹੈ?

ਜੇ ਤੁਹਾਡੇ ਕੋਲ ਬਾਈਬਲ ਹੈ, ਤਾਂ ਕਿਉਂ ਨਾ ਇਸ ਨੂੰ ਖੋਲ੍ਹ ਕੇ ਦੇਖੋ ਕਿ ਇਸ ਨੂੰ ਕਿਵੇਂ ਕ੍ਰਮਬੱਧ ਕੀਤਾ ਗਿਆ ਹੈ?b ਪਹਿਲਾਂ ਵਿਸ਼ਾ-ਸੂਚੀ ਵੱਲ ਧਿਆਨ ਦਿਓ। ਜ਼ਿਆਦਾਤਰ ਬਾਈਬਲਾਂ ਵਿਚ ਵਿਸ਼ਾ-ਸੂਚੀ ਸ਼ੁਰੂ ਵਿਚ ਹੀ ਹੁੰਦੀ ਹੈ ਅਤੇ ਇਸ ਵਿਚ ਬਾਈਬਲ ਦੀਆਂ ਪੁਸਤਕਾਂ ਦੇ ਨਾਂ ਅਤੇ ਉਨ੍ਹਾਂ ਦੇ ਸਫ਼ਾ ਨੰਬਰ ਦਿੱਤੇ ਹੁੰਦੇ ਹਨ। ਤੁਸੀਂ ਦੇਖੋਗੇ ਕਿ ਬਾਈਬਲ ਛੋਟੀਆਂ-ਛੋਟੀਆਂ ਪੁਸਤਕਾਂ ਦੀ ਬਣੀ ਹੋਈ ਹੈ ਜਿਨ੍ਹਾਂ ਪੁਸਤਕਾਂ ਦੇ ਆਪਣੇ-ਆਪਣੇ ਨਾਂ ਹਨ। ਪਹਿਲੀ ਪੁਸਤਕ ਦਾ ਨਾਂ ਉਤਪਤ ਹੈ ਤੇ ਆਖ਼ਰੀ ਪੁਸਤਕ ਦਾ ਨਾਂ ਪਰਕਾਸ਼ ਦੀ ਪੋਥੀ ਹੈ। ਇਹ ਸਾਰੀਆਂ ਪੁਸਤਕਾਂ ਦੋ ਹਿੱਸਿਆਂ ਵਿਚ ਵੰਡੀਆਂ ਗਈਆਂ ਹਨ। ਪਹਿਲੀਆਂ 39 ਪੁਸਤਕਾਂ ਨੂੰ ਇਬਰਾਨੀ ਸ਼ਾਸਤਰ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਰੀਆਂ ਤਕਰੀਬਨ ਇਬਰਾਨੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ। ਇਨ੍ਹਾਂ ਤੋਂ ਬਾਅਦ ਦੀਆਂ 27 ਪੁਸਤਕਾਂ ਯੂਨਾਨੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਯੂਨਾਨੀ ਸ਼ਾਸਤਰ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਦੋ ਹਿੱਸਿਆਂ ਨੂੰ ਪੁਰਾਣਾ ਤੇ ਨਵਾਂ ਨੇਮ ਕਹਿੰਦੇ ਹਨ।

ਆਸਾਨੀ ਨਾਲ ਹਵਾਲੇ ਲੱਭਣ ਲਈ ਬਾਈਬਲ ਦੀਆਂ ਕਿਤਾਬਾਂ ਵਿਚ ਅਧਿਆਇ ਅਤੇ ਆਇਤਾਂ ਦਿੱਤੀਆਂ ਗਈਆਂ ਹਨ। ਜਦ ਇਸ ਰਸਾਲੇ ਵਿਚ ਬਾਈਬਲ ਦਾ ਕੋਈ ਹਵਾਲਾ ਦਿੱਤਾ ਜਾਂਦਾ ਹੈ, ਤਾਂ ਪੁਸਤਕ ਦੇ ਨਾਂ ਤੋਂ ਬਾਅਦ ਦਿੱਤਾ ਨੰਬਰ ਕਿਤਾਬ ਦੇ ਅਧਿਆਇ ਨੂੰ ਸੰਕੇਤ ਕਰਦਾ ਹੈ ਅਤੇ ਉਸ ਤੋਂ ਬਾਅਦ ਦਾ ਨੰਬਰ ਆਇਤ ਨੂੰ ਸੰਕੇਤ ਕਰਦਾ ਹੈ। ਮਿਸਾਲ ਲਈ, “2 ਤਿਮੋਥਿਉਸ 3:16” ਦਾ ਮਤਲਬ ਹੈ, ਤਿਮੋਥਿਉਸ ਦੀ ਦੂਜੀ ਪੱਤ੍ਰੀ ਦੇ ਤੀਸਰੇ ਅਧਿਆਇ ਦੀ 16ਵੀਂ ਆਇਤ। ਕਿਉਂ ਨਾ ਆਪਣੀ ਬਾਈਬਲ ਵਿਚ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰੋ।

ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਜੇ ਅਸੀਂ ਬਾਈਬਲ ਤੋਂ ਜਾਣੂ ਹੋਣਾ ਚਾਹੁੰਦੇ ਹਾਂ, ਤਾਂ ਇਸ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਅਸੀਂ ਇਸ ਨੂੰ ਹਰ ਰੋਜ਼ ਪੜ੍ਹੀਏ? ਕਈਆਂ ਨੂੰ ਯੂਨਾਨੀ ਸ਼ਾਸਤਰ ਪਹਿਲਾਂ ਪੜ੍ਹਨਾ ਸੌਖਾ ਲੱਗਦਾ ਹੈ ਜੋ ਮੱਤੀ ਦੀ ਇੰਜੀਲ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਹਰ ਰੋਜ਼ ਤਿੰਨ-ਪੰਜ ਅਧਿਆਇ ਪੜ੍ਹੋ, ਤਾਂ ਤੁਸੀਂ ਸਾਲ ਦੇ ਅੰਦਰ-ਅੰਦਰ ਪੂਰੀ ਬਾਈਬਲ ਪੜ੍ਹ ਲਵੋਗੇ। ਪਰ ਤੁਸੀਂ ਇਹ ਕਿਸ ਤਰ੍ਹਾਂ ਯਕੀਨ ਕਰ ਸਕਦੇ ਹੋ ਕਿ ਜੋ ਤੁਸੀਂ ਬਾਈਬਲ ਵਿਚ ਪੜ੍ਹ ਰਹੇ ਹੋ, ਉਹ ਪਰਮੇਸ਼ੁਰ ਨੇ ਹੀ ਲਿਖਵਾਇਆ ਹੈ?

ਕੀ ਤੁਸੀਂ ਬਾਈਬਲ ਤੇ ਭਰੋਸਾ ਰੱਖ ਸਕਦੇ ਹੋ?

ਕੀ ਇਹ ਜ਼ਰੂਰੀ ਨਹੀਂ ਕਿ ਜੋ ਕਿਤਾਬ ਪਰਮੇਸ਼ੁਰ ਵੱਲੋਂ ਪ੍ਰੇਰਿਤ ਹੈ ਉਸ ਵਿਚ ਹਰ ਜ਼ਮਾਨੇ ਦੇ ਲੋਕਾਂ ਲਈ ਸਲਾਹ ਪਾਈ ਜਾਵੇ? ਬਿਲਕੁਲ। ਬਾਈਬਲ ਵਿਚ ਮਨੁੱਖੀ ਸੁਭਾਅ ਨੂੰ ਧਿਆਨ ਵਿਚ ਰੱਖਦੇ ਹੋਏ ਸਲਾਹ ਦਿੱਤੀ ਗਈ ਹੈ ਜੋ ਹਰ ਪੀੜ੍ਹੀ ਲਈ ਫ਼ਾਇਦੇਮੰਦ ਹੈ। ਜੀ ਹਾਂ, ਇਸ ਵਿਚ ਦਿੱਤੇ ਸਿਧਾਂਤ ਹੁਣ ਵੀ ਉੱਨੇ ਹੀ ਫ਼ਾਇਦੇਮੰਦ ਹਨ ਜਿੰਨੇ ਇਹ ਬਾਈਬਲ ਨੂੰ ਲਿਖਣ ਵੇਲੇ ਸਨ। ਇਸ ਗੱਲ ਦਾ ਸਬੂਤ ਸਾਨੂੰ ਮੱਤੀ ਦੇ 5-7 ਅਧਿਆਵਾਂ ਵਿਚ ਦਰਜ ਸ਼ਬਦਾਂ ਤੋਂ ਮਿਲਦਾ ਹੈ ਜੋ ਮਸੀਹੀ ਧਰਮ ਦੇ ਮੋਢੀ ਯਿਸੂ ਮਸੀਹ ਨੇ ਕਹੇ ਸਨ। ਇਨ੍ਹਾਂ ਅਧਿਆਵਾਂ ਵਿਚ ਪਾਏ ਜਾਂਦੇ ਯਿਸੂ ਦੇ ਸ਼ਬਦ ਪਹਾੜੀ ਉਪਦੇਸ਼ ਵਜੋਂ ਜਾਣੇ ਜਾਂਦੇ ਹਨ। ਇਸ ਉਪਦੇਸ਼ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਅਸਲੀ ਖ਼ੁਸ਼ੀ ਕਿਸ ਤਰ੍ਹਾਂ ਪਾ ਸਕਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਜੇ ਸਾਡੀ ਕਿਸੇ ਦੇ ਨਾਲ ਅਣਬਣ ਹੋ ਜਾਏ, ਤਾਂ ਅਸੀਂ ਮਾਮਲੇ ਨੂੰ ਕਿਸ ਤਰ੍ਹਾਂ ਸੁਲਝਾ ਸਕਦੇ ਹਾਂ, ਸਾਨੂੰ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਭੌਤਿਕ ਚੀਜ਼ਾਂ ਪ੍ਰਤੀ ਕੀ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਕਈ ਹੋਰ ਗੱਲਾਂ ਬਾਰੇ ਵੀ ਅਸੀਂ ਸਿੱਖਦੇ ਹਾਂ। ਇਸ ਉਪਦੇਸ਼ ਵਿਚ ਅਤੇ ਬਾਕੀ ਬਾਈਬਲ ਵਿਚ ਸਾਨੂੰ ਸਾਫ਼-ਸਾਫ਼ ਦੱਸਿਆ ਜਾਂਦਾ ਹੈ ਕਿ ਅਸੀਂ ਕਿਨ੍ਹਾਂ ਚੀਜ਼ਾਂ ਤੋਂ ਦੂਰ ਰਹਿ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਾਂ ਅਤੇ ਸੁਖੀ ਜ਼ਿੰਦਗੀ ਪਾ ਸਕਦੇ ਹਾਂ।

ਇਕ ਹੋਰ ਕਾਰਨ ਕਰਕੇ ਵੀ ਅਸੀਂ ਬਾਈਬਲ ਤੇ ਭਰੋਸਾ ਰੱਖ ਸਕਦੇ ਹਾਂ। ਇਹ ਪੁਰਾਣੀ ਕਿਤਾਬ ਵਿਗਿਆਨਕ ਵਿਸ਼ਿਆਂ ਬਾਰੇ ਸਹੀ-ਸਹੀ ਜਾਣਕਾਰੀ ਦਿੰਦੀ ਹੈ। ਮਿਸਾਲ ਵਜੋਂ, ਇਕ ਸਮਾਂ ਸੀ ਜਦ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਧਰਤੀ ਚਪਟੀ ਹੈ, ਪਰ ਬਾਈਬਲ ਵਿਚ “ਧਰਤੀ ਦੇ ਕੁੰਡਲ [ਜਾਂ ਗੋਲ]”c ਹੋਣ ਦੀ ਗੱਲ ਕੀਤੀ ਗਈ ਸੀ। (ਯਸਾਯਾਹ 40:22) ਇਕ ਹੋਰ ਗੱਲ ਇਹ ਹੈ ਕਿ ਮਸ਼ਹੂਰ ਵਿਗਿਆਨੀ, ਸਰ ਆਈਜ਼ਕ ਨਿਊਟਨ ਨੇ ਸਾਬਤ ਕੀਤਾ ਸੀ ਕਿ ਗਰੂਤਾ ਦੇ ਕਾਰਨ ਗ੍ਰਹਿ ਖਾਲੀ ਪੁਲਾੜ ਵਿਚ ਟਿਕੇ ਹੋਏ ਹਨ। ਪਰ ਉਸ ਦੇ ਇਹ ਸਾਬਤ ਕਰਨ ਤੋਂ 3,000 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਬਾਈਬਲ ਵਿਚ ਦੱਸਿਆ ਸੀ ਕਿ ‘ਧਰਤੀ ਬਿਨਾਂ ਸਹਾਰੇ ਦੇ ਲਟਕੀ ਹੈ।’ (ਅੱਯੂਬ 26:7) ਇਸ ਤੇ ਵੀ ਗੌਰ ਕਰੋ ਕਿ ਕੁਝ 3,000 ਸਾਲ ਪਹਿਲਾਂ ਬਾਈਬਲ ਵਿਚ ਪਾਣੀ ਦੇ ਚੱਕਰ ਬਾਰੇ ਕੀ ਲਿਖਿਆ ਗਿਆ ਸੀ: “ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ, ਉੱਥੇ ਹੀ ਮੁੜ ਜਾਂਦੀਆਂ ਹਨ।” (ਉਪਦੇਸ਼ਕ ਦੀ ਪੋਥੀ 1:7) ਜੀ ਹਾਂ, ਵਿਸ਼ਵ-ਮੰਡਲ ਦਾ ਸ੍ਰਿਸ਼ਟੀਕਰਤਾ ਹੀ ਬਾਈਬਲ ਦਾ ਲੇਖਕ ਹੈ।

ਬਾਈਬਲ ਜੋ ਜਾਣਕਾਰੀ ਇਤਿਹਾਸ ਬਾਰੇ ਦਿੰਦੀ ਹੈ, ਉਸ ਤੋਂ ਵੀ ਪਤਾ ਲੱਗਦਾ ਹੈ ਕਿ ਇਹ ਪਰਮੇਸ਼ੁਰ ਵੱਲੋਂ ਹੈ। ਬਾਈਬਲ ਵਿਚ ਦੱਸੀਆਂ ਘਟਨਾਵਾਂ ਕੋਈ ਮਨ-ਘੜਤ ਕਹਾਣੀਆਂ ਨਹੀਂ ਹਨ। ਇਸ ਵਿਚ ਘਟਨਾਵਾਂ ਦੀਆਂ ਤਾਰੀਖ਼ਾਂ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਤੇ ਥਾਵਾਂ ਦੇ ਨਾਂ ਦੱਸੇ ਗਏ ਹਨ। ਮਿਸਾਲ ਲਈ, ਲੂਕਾ 3:1 ਵਿਚ ਲਿਖਿਆ ਗਿਆ ਹੈ: “ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ।”

ਜਦ ਪ੍ਰਾਚੀਨ ਇਤਿਹਾਸਕਾਰ ਕਿਸੇ ਹਾਕਮ ਬਾਰੇ ਲਿਖਦੇ ਸਨ, ਤਾਂ ਉਹ ਹਮੇਸ਼ਾ ਉਨ੍ਹਾਂ ਦੀਆਂ ਕਾਮਯਾਬੀਆਂ ਬਾਰੇ ਜਾਂ ਉਨ੍ਹਾਂ ਦੇ ਸਦਗੁਣਾਂ ਬਾਰੇ ਹੀ ਲਿਖਦੇ ਸਨ। ਪਰ ਬਾਈਬਲ ਦੇ ਲੇਖਕ ਹਮੇਸ਼ਾ ਸੱਚੀਆਂ ਗੱਲਾਂ ਹੀ ਲਿਖਦੇ ਸਨ। ਉਨ੍ਹਾਂ ਨੇ ਤਾਂ ਆਪਣੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਬਾਰੇ ਵੀ ਲਿਖਿਆ ਸੀ। ਮਿਸਾਲ ਵਜੋਂ, ਇਸਰਾਏਲ ਦੇ ਰਾਜੇ ਦਾਊਦ ਨੇ ਕਬੂਲ ਕੀਤਾ: “ਏਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ! . . . ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ।” ਉਸ ਦੀ ਇਹ ਗੱਲ ਸਾਫ਼-ਸਾਫ਼ ਬਾਈਬਲ ਵਿਚ ਦਰਜ ਕੀਤੀ ਗਈ ਹੈ। (2 ਸਮੂਏਲ 24:10) ਮੂਸਾ ਨੇ ਵੀ ਆਪਣੀ ਗ਼ਲਤੀ ਬਾਰੇ ਲਿਖਿਆ ਸੀ ਜਦ ਉਸ ਨੇ ਪੂਰੀ ਤਰ੍ਹਾਂ ਪਰਮੇਸ਼ੁਰ ਤੇ ਭਰੋਸਾ ਨਹੀਂ ਕੀਤਾ ਸੀ।—ਗਿਣਤੀ 20:12.

ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਵੀ ਪਤਾ ਲੱਗਦਾ ਹੈ ਕਿ ਇਸ ਨੂੰ ਪਰਮੇਸ਼ੁਰ ਨੇ ਹੀ ਲਿਖਵਾਇਆ ਸੀ। ਇਹ ਭਵਿੱਖਬਾਣੀਆਂ ਸਾਰੀਆਂ ਸੋਲਾਂ ਆਨੇ ਸੱਚ ਸਾਬਤ ਹੋਈਆਂ ਹਨ। ਇਨ੍ਹਾਂ ਵਿੱਚੋਂ ਕਈ ਤਾਂ ਯਿਸੂ ਬਾਰੇ ਹਨ। ਮਿਸਾਲ ਲਈ, ਉਸ ਦੇ ਜਨਮ ਤੋਂ 700 ਸਾਲ ਪਹਿਲਾਂ, ਇਬਰਾਨੀ ਸ਼ਾਸਤਰ ਵਿਚ ਸਹੀ-ਸਹੀ ਲਿਖਿਆ ਹੋਇਆ ਸੀ ਕਿ ਉਹ “ਯਹੂਦਿਯਾ ਦੇ ਬੈਤਲਹਮ” ਵਿਚ ਪੈਦਾ ਹੋਵੇਗਾ।—ਮੱਤੀ 2:1-6; ਮੀਕਾਹ 5:2.

ਇਕ ਹੋਰ ਉਦਾਹਰਣ ਉੱਤੇ ਵੀ ਗੌਰ ਕਰੋ। ਦੂਜਾ ਤਿਮੋਥਿਉਸ 3:1-5 ਵਿਚ ਲਿਖਿਆ ਹੈ: “ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਨ੍ਹਾਂ ਤੋਂ ਵੀ ਪਰੇ ਰਹੁ।” ਕੀ ਅੱਜ ਆਮ ਲੋਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਨਹੀਂ ਹੈ? ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸ਼ਬਦ 65 ਈ. ਵਿਚ ਲਿਖੇ ਗਏ ਸਨ ਯਾਨੀ ਕੁਝ 1,900 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ!

ਬਾਈਬਲ ਸਾਨੂੰ ਕੀ ਸਿਖਾਉਂਦੀ ਹੈ?

ਜਿਉਂ-ਜਿਉਂ ਤੁਸੀਂ ਬਾਈਬਲ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਜਾਵੋਗੇ, ਤਿਉਂ-ਤਿਉਂ ਤੁਸੀਂ ਇਸ ਵਿਚ ਪਾਈ ਜਾਂਦੀ ਬੁੱਧ ਤੋਂ ਪਛਾਣੋਗੇ ਕਿ ਇਹ ਸੱਚ-ਮੁੱਚ ਪਰਮੇਸ਼ੁਰ ਵੱਲੋਂ ਹੈ। ਇਸ ਵਿੱਚੋਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਦੇ ਹਨ: ਪਰਮੇਸ਼ੁਰ ਕੌਣ ਹੈ? ਕੀ ਸ਼ਤਾਨ ਅਸਲੀ ਵਿਅਕਤੀ ਹੈ? ਯਿਸੂ ਮਸੀਹ ਕੌਣ ਹੈ? ਅੱਜ-ਕੱਲ੍ਹ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? ਮੌਤ ਤੋਂ ਬਾਅਦ ਸਾਡੇ ਨਾਲ ਕੀ ਵਾਪਰਦਾ ਹੈ? ਲੋਕ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਵੱਖੋ-ਵੱਖਰੇ ਜਵਾਬ ਦੇਣਗੇ ਕਿਉਂਕਿ ਉਨ੍ਹਾਂ ਦੇ ਵਿਚਾਰ ਅਤੇ ਰੀਤੀ-ਰਿਵਾਜ ਵੱਖੋ-ਵੱਖਰੇ ਹਨ। ਪਰ ਬਾਈਬਲ ਇਨ੍ਹਾਂ ਸਵਾਲਾਂ ਬਾਰੇ ਅਤੇ ਕਈ ਹੋਰ ਗੱਲਾਂ ਬਾਰੇ ਸੱਚਾਈ ਪ੍ਰਗਟ ਕਰਦੀ ਹੈ। ਇਸ ਤੋਂ ਇਲਾਵਾ, ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਸਾਨੂੰ ਦੂਸਰਿਆਂ ਨਾਲ ਅਤੇ ਸਰਕਾਰਾਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ, ਇਸ ਨਾਲੋਂ ਵਧੀਆ ਸਲਾਹ ਹੋਰ ਕਿਤਿਓਂ ਨਹੀਂ ਮਿਲ ਸਕਦੀ।d

ਬਾਈਬਲ ਧਰਤੀ ਅਤੇ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਕੀ ਕਹਿੰਦੀ ਹੈ? ਬਾਈਬਲ ਵਾਅਦਾ ਕਰਦੀ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:10, 11) “ਪਰਮੇਸ਼ੁਰ ਆਪ ਓਹਨਾਂ [ਮਨੁੱਖਜਾਤੀ] ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:3, 4) “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.

ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲੜਾਈ, ਜੁਰਮ, ਹਿੰਸਾ ਅਤੇ ਹਰ ਕਿਸਮ ਦੀ ਬੁਰਾਈ ਖ਼ਤਮ ਕੀਤੀ ਜਾਵੇਗੀ। ਬੀਮਾਰੀ, ਬੁਢਾਪਾ ਅਤੇ ਮੌਤ ਦਾ ਵੀ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਫਿਰ ਅਸੀਂ ਇਕ ਸੁੰਦਰ ਬਾਗ਼ ਵਰਗੀ ਧਰਤੀ ਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਾਂਗੇ। ਵਾਕਈ, ਇਹ ਕਿੰਨੀ ਸ਼ਾਨਦਾਰ ਉਮੀਦ ਹੈ! ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਡੇ ਲਈ ਪਰਮੇਸ਼ੁਰ ਦਾ ਪਿਆਰ ਸਾਫ਼ ਜ਼ਾਹਰ ਹੁੰਦਾ ਹੈ!

ਤੁਸੀਂ ਕੀ ਫ਼ੈਸਲਾ ਕਰੋਗੇ?

ਬਾਈਬਲ ਸਾਡੇ ਸ੍ਰਿਸ਼ਟੀਕਰਤਾ ਵੱਲੋਂ ਸਾਡੇ ਲਈ ਇਕ ਤੋਹਫ਼ਾ ਹੈ। ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਇਸ ਤੋਹਫ਼ੇ ਦੀ ਕਦਰ ਕਰਦੇ ਹਾਂ? ਇਕ ਹਿੰਦੂ ਆਦਮੀ ਨੇ ਸਿੱਟਾ ਕੱਢਿਆ ਕਿ ਜੇ ਸਾਰੀ ਮਨੁੱਖਜਾਤੀ ਦੇ ਫ਼ਾਇਦੇ ਲਈ ਪਰਮੇਸ਼ੁਰ ਨੇ ਕੋਈ ਪਵਿੱਤਰ ਗ੍ਰੰਥ ਲਿਖਵਾਇਆ ਹੈ, ਤਾਂ ਇਹ ਗ੍ਰੰਥ ਮਨੁੱਖਜਾਤੀ ਦੀ ਸ਼ੁਰੂਆਤ ਤੋਂ ਲਿਖਿਆ ਹੋਣਾ ਚਾਹੀਦਾ ਹੈ। ਜਦ ਉਸ ਨੇ ਦੇਖਿਆ ਕਿ ਬਾਈਬਲ ਦੇ ਕਈ ਹਿੱਸੇ ਸਭ ਤੋਂ ਪੁਰਾਣੇ ਹਿੰਦੂ ਸ਼ਾਸਤਰਾਂ (ਵੇਦਾਂ) ਤੋਂ ਵੀ ਪਹਿਲਾਂ ਦੇ ਲਿਖੇ ਹੋਏ ਹਨ, ਤਦ ਉਸ ਨੇ ਬਾਈਬਲ ਪੜ੍ਹਨ ਅਤੇ ਇਸ ਦੇ ਵਿਸ਼ਿਆਂ ਦੀ ਜਾਂਚ ਕਰਨ ਦਾ ਮਨ ਬਣਾਇਆ।e ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੇ ਵੀ ਸਭ ਤੋਂ ਜ਼ਿਆਦਾ ਵੰਡੀ ਜਾਂਦੀ ਇਸ ਕਿਤਾਬ ਬਾਰੇ ਆਪਣੀ ਕੋਈ ਰਾਇ ਪੇਸ਼ ਕਰਨ ਤੋਂ ਪਹਿਲਾਂ ਇਸ ਨੂੰ ਪੜ੍ਹਨਾ ਮੁਨਾਸਬ ਸਮਝਿਆ।

ਜੇ ਤੁਸੀਂ ਬਾਈਬਲ ਨੂੰ ਪੜ੍ਹ ਕੇ ਇਸ ਦੀ ਸਿੱਖਿਆ ਤੇ ਚੱਲੋਗੇ, ਤਾਂ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ। ਬਾਈਬਲ ਦੱਸਦੀ ਹੈ: “ਧੰਨ ਹੈ ਉਹ ਮਨੁੱਖ ਜਿਹੜਾ . . . ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”f (ਜ਼ਬੂਰਾਂ ਦੀ ਪੋਥੀ 1:1-3) ਬਾਈਬਲ ਦਾ ਅਧਿਐਨ ਕਰ ਕੇ ਅਤੇ ਉਸ ਉੱਤੇ ਮਨਨ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਰੂਹਾਨੀ ਲੋੜ ਪੂਰੀ ਹੋਵੇਗੀ। (ਮੱਤੀ 5:3) ਬਾਈਬਲ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਾਮਯਾਬ ਤੇ ਸਫ਼ਲ ਕਿਸ ਤਰ੍ਹਾਂ ਹੋ ਸਕਦੇ ਹੋ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੇ ਹੋ। ਜੀ ਹਾਂ, ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਹੁਕਮਾਂ ਨੂੰ “ਮੰਨਣ ਵਿੱਚ ਵੱਡਾ ਲਾਭ ਹੈ।” (ਜ਼ਬੂਰਾਂ ਦੀ ਪੋਥੀ 19:11) ਇਸ ਦੇ ਨਾਲ-ਨਾਲ ਪਰਮੇਸ਼ੁਰ ਦੇ ਵਾਅਦਿਆਂ ਤੇ ਭਰੋਸਾ ਰੱਖਣ ਨਾਲ ਸਾਨੂੰ ਹੁਣ ਬਰਕਤਾਂ ਮਿਲਣਗੀਆਂ ਅਤੇ ਸਾਨੂੰ ਸੁਨਹਿਰੇ ਭਵਿੱਖ ਦੀ ਉਮੀਦ ਵੀ ਮਿਲੇਗੀ।

ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ।” (1 ਪਤਰਸ 2:2) ਇਕ ਬੱਚੇ ਨੂੰ ਦੁੱਧ ਜਾਂ ਖ਼ੁਰਾਕ ਦੀ ਲੋੜ ਹੁੰਦੀ ਹੈ ਅਤੇ ਜਿੰਨਾ ਚਿਰ ਉਸ ਦੀ ਇਹ ਲੋੜ ਪੂਰੀ ਨਾ ਕੀਤੀ ਜਾਵੇ, ਉੱਨਾ ਚਿਰ ਉਹ ਰੋਣ ਤੋਂ ਨਹੀਂ ਹਟਦਾ। ਇਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ। ਇਸ ਲਈ ਆਓ ਆਪਾਂ ਉਸ ਦੇ ਬਚਨ ਲਈ “ਲੋਚ” ਪੈਦਾ ਕਰੀਏ। ਬਾਈਬਲ ਪਰਮੇਸ਼ੁਰ ਵੱਲੋਂ ਹੈ ਅਤੇ ਸਹੀ ਸਿੱਖਿਆਵਾਂ ਨਾਲ ਭਰੀ ਹੋਈ ਹੈ। ਇਸ ਦਾ ਬਾਕਾਇਦਾ ਅਧਿਐਨ ਕਰਨ ਦਾ ਫ਼ੈਸਲਾ ਕਰੋ। ਤੁਹਾਡੇ ਲਾਗੇ ਰਹਿਣ ਵਾਲਾ ਕੋਈ ਵੀ ਯਹੋਵਾਹ ਦਾ ਗਵਾਹ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨ ਲਈ ਤਿਆਰ ਹੋਵੇਗਾ ਤਾਂਕਿ ਤੁਸੀਂ ਆਪਣੇ ਅਧਿਐਨ ਤੋਂ ਪੂਰਾ ਫ਼ਾਇਦਾ ਲੈ ਸਕੋ। ਤੁਸੀਂ ਉਨ੍ਹਾਂ ਕੋਲੋਂ ਮਦਦ ਮੰਗ ਸਕਦੇ ਹੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਮਦਦ ਹਾਸਲ ਕਰਨ ਲਈ ਲਿਖ ਸਕਦੇ ਹੋ।

[ਫੁਟਨੋਟ]

a ਈ. “ਈਸਵੀ” ਨੂੰ ਸੰਕੇਤ ਕਰਦਾ ਹੈ ਤੇ ਇਸ ਨੂੰ ਅਕਸਰ ਈਸਵੀ ਸੰਨ (A.D.) ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ “ਸਾਡੇ ਪ੍ਰਭੂ ਦੇ ਸਾਲ ਵਿਚ।” ਈ.ਪੂ. “ਈਸਾ ਪੂਰਵ” ਨੂੰ ਸੰਕੇਤ ਕਰਦਾ ਹੈ।

b ਜੇ ਤੁਹਾਡੇ ਕੋਲ ਬਾਈਬਲ ਨਹੀਂ ਹੈ, ਤਾਂ ਤੁਸੀਂ ਯਹੋਵਾਹ ਦੇ ਗਵਾਹਾਂ ਕੋਲੋਂ ਇਕ ਕਾਪੀ ਮੰਗਵਾ ਸਕਦੇ ਹੋ।

c ਯਸਾਯਾਹ 40:22 ਵਿਚ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਕੁੰਡਲ” ਕੀਤਾ ਗਿਆ ਹੈ, ਉਸ ਦਾ ਮਤਲਬ “ਗੋਲਾ” ਵੀ ਹੋ ਸਕਦਾ ਹੈ। ਕੁਝ ਬਾਈਬਲਾਂ ਵਿਚ ਇਸ ਦਾ ਅਨੁਵਾਦ “ਧਰਤੀ ਦਾ ਗੋਲਾ” (ਡੂਏ ਵਰਯਨ) ਅਤੇ “ਗੋਲ ਧਰਤੀ” ਕੀਤਾ ਗਿਆ ਹੈ।—ਮੌਫ਼ਟ।

d ਇਨ੍ਹਾਂ ਵਿਸ਼ਿਆਂ ਦੀ ਚਰਚਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਵਿਚ ਕੀਤੀ ਗਈ ਹੈ।

e ਮੰਨਿਆ ਜਾਂਦਾ ਹੈ ਕਿ ਵੇਦਾਂ ਦੇ ਸਭ ਤੋਂ ਪਹਿਲੇ ਭਜਨ ਤਕਰੀਬਨ 3,000 ਸਾਲ ਪਹਿਲਾਂ ਰਚੇ ਗਏ ਸਨ ਅਤੇ ਗੁਰੂਆਂ ਨੇ ਚੇਲਿਆਂ ਨੂੰ ਮੂੰਹ-ਜ਼ਬਾਨੀ ਦੱਸੇ ਸਨ। ਪੀ.ਕੇ. ਸਰਤਕੁਮਾਰ ਆਪਣੀ ਕਿਤਾਬ ਭਾਰਤ ਦਾ ਇਤਿਹਾਸ ਵਿਚ ਦੱਸਦਾ ਹੈ ਕਿ “ਰਿਗਵੇਦ ਚੌਦਾਂ ਈਸਵੀ ਸੰਨ ਵਿਚ ਲਿਖਿਆ ਗਿਆ ਸੀ।”

f ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਅਤੇ ਇਹ ਨਾਂ ਬਾਈਬਲ ਦੇ ਕਈ ਅਨੁਵਾਦਾਂ ਵਿਚ ਜ਼ਬੂਰਾਂ ਦੀ ਪੋਥੀ 83:18 ਵਿਚ ਪਾਇਆ ਜਾਂਦਾ ਹੈ।

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਲਈ “ਲੋਚ” ਪੈਦਾ ਕਰੋ। ਬਾਈਬਲ ਦਾ ਬਾਕਾਇਦਾ ਅਧਿਐਨ ਕਰੋ

[ਸਫ਼ੇ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

NASA photo

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ