ਦਾਨ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ
ਇਹ ਵਧੀਆ ਕਹਾਣੀ ਨਹੀਂ ਹੈ। ਬਹੁਤ ਸਾਲ ਪਹਿਲਾਂ ਇਕ ਰਾਣੀ ਅਥਲਯਾਹ ਨੇ ਸਾਜ਼ਸ਼ ਰਚੀ ਅਤੇ ਖ਼ੂਨ ਦੀ ਹੋਲੀ ਖੇਡ ਕੇ ਯਹੂਦਾਹ ਦੀ ਰਾਜ-ਗੱਦੀ ਤੇ ਕਬਜ਼ਾ ਕਰ ਲਿਆ। ਉਸ ਨੇ ਸੋਚਿਆ ਕਿ ਰਾਜ-ਗੱਦੀ ਦੇ ਸਾਰੇ ਵਾਰਸ ਕਤਲ ਕੀਤੇ ਜਾ ਚੁੱਕੇ ਸਨ, ਇਸ ਲਈ ਉਹ ਆਪ ਰਾਣੀ ਬਣ ਬੈਠੀ। ਪਰ ਰਾਜਕੁਮਾਰੀ ਯਹੋਸ਼ਬਾ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਦੀ ਬਿਵਸਥਾ ਨੂੰ ਮੰਨਦੀ ਸੀ। ਉਸ ਨੇ ਦਲੇਰੀ ਨਾਲ ਸ਼ਾਹੀ ਵੰਸ਼ ਦੇ ਆਖ਼ਰੀ ਚਿਰਾਗ ਯੋਆਸ਼ ਨੂੰ ਲੁਕੋ ਲਿਆ। ਯਹੋਸ਼ਬਾ ਤੇ ਉਸ ਦੇ ਪਤੀ ਪ੍ਰਧਾਨ ਜਾਜਕ ਯਹੋਯਾਦਾ ਨੇ ਰਾਜ-ਗੱਦੀ ਦੇ ਵਾਰਸ ਨੂੰ ਛੇ ਸਾਲਾਂ ਤਕ ਯਹੋਵਾਹ ਦੇ ਭਵਨ ਵਿਚ ਲੁਕਾਈ ਰੱਖਿਆ।—2 ਰਾਜਿਆਂ 11:1-3.
ਜਦੋਂ ਯੋਆਸ਼ ਸੱਤਾਂ ਸਾਲਾਂ ਦਾ ਹੋਇਆ, ਤਾਂ ਪ੍ਰਧਾਨ ਜਾਜਕ ਯਹੋਯਾਦਾ ਧੋਖੇਬਾਜ਼ ਰਾਣੀ ਨੂੰ ਸਿੰਘਾਸਣ ਤੋਂ ਲਾਹੁਣ ਦੀ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਲਈ ਤਿਆਰ ਸੀ। ਉਸ ਨੇ ਰਾਜ ਦੇ ਅਸਲੀ ਵਾਰਸ ਯੋਆਸ਼ ਨੂੰ ਲੋਕਾਂ ਸਾਮ੍ਹਣੇ ਲਿਆ ਕੇ ਤਾਜ ਪਹਿਨਾਇਆ। ਬੁਰੀ ਰਾਣੀ ਅਥਲਯਾਹ ਨੂੰ ਸ਼ਾਹੀ ਪਹਿਰੇਦਾਰਾਂ ਨੇ ਘੜੀਸ ਕੇ ਮੰਦਰ ਤੋਂ ਬਾਹਰ ਲਿਆਂਦਾ ਤੇ ਜਾਨੋਂ ਮਾਰ ਦਿੱਤਾ। ਇਸ ਨਾਲ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਯਹੋਯਾਦਾ ਅਤੇ ਯਹੋਸ਼ਬਾ ਨੇ ਆਪਣੇ ਕੰਮਾਂ ਦੁਆਰਾ ਯਹੂਦਾਹ ਵਿਚ ਸੱਚੀ ਭਗਤੀ ਮੁੜ ਬਹਾਲ ਕਰਨ ਵਿਚ ਵੱਡਾ ਯੋਗਦਾਨ ਪਾਇਆ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਨੇ ਦਾਊਦ ਦੇ ਸ਼ਾਹੀ ਵੰਸ਼ ਨੂੰ ਨਾਸ਼ ਹੋਣੋਂ ਬਚਾਇਆ ਜਿਸ ਵਿੱਚੋਂ ਮਸੀਹਾ ਨੇ ਆਉਣਾ ਸੀ।—2 ਰਾਜਿਆਂ 11:4-21.
ਹੁਣ ਨਵੇਂ ਬਣੇ ਪਾਤਸ਼ਾਹ ਨੇ ਵੀ ਕੁਝ ਕੀਤਾ ਜਿਸ ਤੋਂ ਪਰਮੇਸ਼ੁਰ ਦਾ ਦਿਲ ਖ਼ੁਸ਼ ਹੋਇਆ। ਯਹੋਵਾਹ ਦੇ ਭਵਨ ਦਾ ਬੁਰਾ ਹਾਲ ਸੀ। ਅਥਲਯਾਹ ਦੇ ਰਾਜ ਦੌਰਾਨ ਨਾ ਸਿਰਫ਼ ਮੰਦਰ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਸਗੋਂ ਇਸ ਦੀ ਲੁੱਟ-ਖਸੁੱਟ ਵੀ ਕੀਤੀ ਗਈ। ਇਸ ਲਈ ਯੋਆਸ਼ ਨੇ ਹੈਕਲ ਦੀ ਮੁਰੰਮਤ ਕਰਨ ਦਾ ਫ਼ੈਸਲਾ ਕੀਤਾ। ਬਿਨਾਂ ਦੇਰ ਕੀਤਿਆਂ ਉਸ ਨੇ ਲੋੜੀਂਦਾ ਪੈਸਾ ਇਕੱਠਾ ਕਰਨ ਦਾ ਹੁਕਮ ਦਿੱਤਾ ਤਾਂਕਿ ਯਹੋਵਾਹ ਦੇ ਘਰ ਨੂੰ ਮੁੜ ਪਹਿਲੀ ਹਾਲਤ ਵਿਚ ਲਿਆਂਦਾ ਜਾਵੇ। ਉਸ ਨੇ ਕਿਹਾ: “ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਉਹ ਸਾਰਾ ਰੁਪਿਆ ਜੋ ਯਹੋਵਾਹ ਦੇ ਭਵਨ ਵਿੱਚ ਲਿਆਂਦਾ ਜਾਵੇ ਅਰਥਾਤ ਗਿਣਿਆ ਹੋਇਆ ਲੋਕਾਂ ਦਾ ਰੁਪਿਆ ਅਤੇ ਉਹ ਸਭ ਰੁਪਿਆ ਜੋ ਕੋਈ ਆਦਮੀ ਆਪਣੀ ਇੱਛਿਆ ਨਾਲ ਯਹੋਵਾਹ ਦੇ ਭਵਨ ਵਿੱਚ ਲਿਆਵੇ, ਜਾਜਕ ਆਪਣੇ ਜਾਣ ਪਛਾਣਾਂ ਕੋਲੋਂ ਲੈ ਲਿਆ ਕਰਨ ਅਰ ਜਿੱਥੇ ਕਿਤੇ ਯਹੋਵਾਹ ਦੇ ਭਵਨ ਵਿੱਚ ਟੁੱਟ ਫੁੱਟ ਹੋਵੇ ਉਨ੍ਹਾਂ ਟੁੱਟਾਂ ਫੁੱਟਾਂ ਦੀ ਮੁਰੰਮਤ ਕਰਨ।”—2 ਰਾਜਿਆਂ 12:4, 5.
ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਪਰ ਜਾਜਕ ਹੈਕਲ ਦੀ ਮੁਰੰਮਤ ਕਰਾਉਣ ਵਿਚ ਢਿੱਲ-ਮੱਠ ਕਰ ਰਹੇ ਸਨ। ਇਸ ਲਈ ਪਾਤਸ਼ਾਹ ਨੇ ਇਹ ਜ਼ਿੰਮੇਵਾਰੀ ਆਪਣੇ ਹੱਥਾਂ ਵਿਚ ਲੈ ਲਈ ਤੇ ਹੁਕਮ ਦਿੱਤਾ ਕਿ ਸਾਰਾ ਦਾਨ ਇਕ ਖ਼ਾਸ ਡੱਬੇ ਵਿਚ ਪਾਇਆ ਜਾਵੇ। ਉਸ ਨੇ ਦਾਨ ਇਕੱਠਾ ਕਰਨ ਦੀ ਜ਼ਿੰਮੇਵਾਰੀ ਯਹੋਯਾਦਾ ਜਾਜਕ ਨੂੰ ਦਿੱਤੀ। ਇਸ ਬਾਰੇ ਬਿਰਤਾਂਤ ਦੱਸਦਾ ਹੈ: “ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ ਅਰ ਉਹ ਦੇ ਢੱਕਣੇ ਵਿੱਚ ਮੋਰੀ ਕੀਤੀ ਅਰ ਉਹ ਨੂੰ ਜਗਵੇਦੀ ਦੇ ਕੋਲ ਐਉਂ ਟਿਕਾਇਆ ਭਈ ਯਹੋਵਾਹ ਦੇ ਭਵਨ ਵਿੱਚ ਵੜਨ ਵਾਲੇ ਦੇ ਸੱਜੇ ਪਾਸੇ ਰਹੇ ਅਰ ਓਹ ਜਾਜਕ ਜੋ ਡਿੳੜ੍ਹੀ ਦੀ ਰੱਖਵਾਲੀ ਕਰਦੇ ਸਨ ਉਹ ਸਾਰਾ ਰੁਪਿਆ ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਂਦਾ ਸੀ ਉਸ ਵਿੱਚ ਪਾ ਦਿੰਦੇ ਸਨ। ਅਤੇ ਐਉਂ ਹੋਇਆ ਕਿ ਜਦ ਵੇਖਦੇ ਸਨ ਭਈ ਸੰਦੂਕ ਵਿੱਚ ਬਹੁਤ ਰੁਪਿਆ ਹੋ ਗਿਆ ਹੈ ਤਾਂ ਪਾਤਸ਼ਾਹ ਦਾ ਮੁਸੱਦੀ ਅਰ ਪਰਧਾਨ ਜਾਜਕ ਉੱਤੇ ਆ ਕੇ ਉਸ ਰੁਪਏ ਨੂੰ ਜਿਹੜਾ ਯਹੋਵਾਹ ਦੇ ਭਵਨ ਵਿੱਚ ਮਿਲਦਾ ਸੀ ਥੈਲੀਆਂ ਵਿੱਚ ਪਾ ਕੇ ਗਿਣ ਲੈਂਦੇ ਸਨ। ਤਦ ਓਹ ਉਸ ਰੁਪਏ ਨੂੰ ਜੋ ਤੋਲਿਆ ਹੋਇਆ ਹੁੰਦਾ ਸੀ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦੇ ਦਿੰਦੇ ਸਨ ਜੋ ਯਹੋਵਾਹ ਦੇ ਭਵਨ ਦੀ ਵੇਖ ਭਾਲ ਕਰਦੇ ਸਨ ਅਰ ਓਹ ਤਰਖਾਣਾਂ ਤੇ ਉਸਾਰੀ ਕਰਨ ਵਾਲਿਆਂ ਨੂੰ ਜੋ ਯਹੋਵਾਹ ਦੇ ਭਵਨ ਦਾ ਕੰਮ ਕਰਦੇ ਸਨ ਦੇ ਦਿੰਦੇ ਸਨ। ਨਾਲੇ ਰਾਜਾਂ ਅਰ ਪੱਥਰ ਕੱਟਣ ਵਾਲਿਆਂ ਨੂੰ ਅਰ ਯਹੋਵਾਹ ਦੇ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਦੇ ਲਈ ਲੱਕੜ ਤੇ ਕੱਟੇ ਹੋਏ ਪੱਥਰ ਮੁੱਲ ਲੈਣ ਲਈ ਅਰ ਸਭ ਕੁਝ ਲਈ ਜੋ ਭਵਨ ਦੀ ਮੁਰੰਮਤ ਦੇ ਲਈ ਆਉਂਦਾ ਸੀ।”—2 ਰਾਜਿਆਂ 12:9-12.
ਲੋਕਾਂ ਨੇ ਖੁੱਲ੍ਹ-ਦਿਲੀ ਨਾਲ ਦਾਨ ਕੀਤਾ। ਯਹੋਵਾਹ ਦੇ ਭਵਨ ਦੀ ਮੁਰੰਮਤ ਕਰ ਦਿੱਤੀ ਗਈ ਤਾਂਕਿ ਯਹੋਵਾਹ ਦੀ ਭਗਤੀ ਮਾਣ ਤੇ ਸ਼ਰਧਾ ਨਾਲ ਹੁੰਦੀ ਰਹੇ। ਇਸ ਤਰ੍ਹਾਂ ਯੋਆਸ਼ ਪਾਤਸ਼ਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਸਾਰਾ ਦਾਨ ਸਹੀ ਢੰਗ ਨਾਲ ਵਰਤਿਆ ਜਾਵੇ।
ਅੱਜ ਯਹੋਵਾਹ ਦਾ ਜ਼ਮੀਨੀ ਸੰਗਠਨ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਦਾਨ ਕੀਤਾ ਗਿਆ ਪੈਸਾ ਸਹੀ ਢੰਗ ਨਾਲ ਯਹੋਵਾਹ ਦੀ ਭਗਤੀ ਲਈ ਵਰਤਿਆ ਜਾਵੇ। ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਵਾਂਗ ਸੱਚੇ ਮਸੀਹੀ ਵੀ ਅੱਜ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਸ਼ਾਇਦ ਤੁਸੀਂ ਵੀ ਉਨ੍ਹਾਂ ਵਿਚ ਹੋ ਜਿਨ੍ਹਾਂ ਨੇ ਪਿਛਲੇ ਸੇਵਾ ਸਾਲ ਦੌਰਾਨ ਪਰਮੇਸ਼ੁਰੀ ਕੰਮਾਂ ਲਈ ਦਾਨ ਦਿੱਤਾ ਸੀ। ਆਓ ਦੇਖੀਏ ਕਿ ਕਿਨ੍ਹਾਂ ਕੁਝ ਕੰਮਾਂ ਲਈ ਤੁਹਾਡੇ ਦਾਨ ਨੂੰ ਵਰਤਿਆ ਗਿਆ ਹੈ।
ਛਪਾਈ
ਅਧਿਐਨ ਕਰਨ ਅਤੇ ਵੰਡਣ ਲਈ ਦੁਨੀਆਂ ਭਰ ਵਿਚ ਇਹ ਪ੍ਰਕਾਸ਼ਨ ਤਿਆਰ ਕੀਤੇ ਗਏ ਸਨ:
• ਕਿਤਾਬਾਂ: 4,74,90,247
• ਪੁਸਤਿਕਾਵਾਂ: 68,34,740
• ਬਰੋਸ਼ਰ: 16,78,54,462
• ਕਲੰਡਰ: 54,05,955
• ਰਸਾਲੇ: 1,17,92,66,348
• ਟ੍ਰੈਕਟ: 44,09,95,740
• ਵਿਡਿਓ: 31,68,611
ਛਪਾਈ ਅਫ਼ਰੀਕਾ, ਉੱਤਰੀ, ਕੇਂਦਰੀ ਤੇ ਦੱਖਣੀ ਅਮਰੀਕਾ, ਏਸ਼ੀਆ, ਯੂਰਪ ਅਤੇ ਸ਼ਾਂਤ ਮਹਾਂਸਾਗਰ ਦੇ ਟਾਪੂ ਦੇਸ਼ਾਂ ਵਿਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕੁੱਲ 19 ਦੇਸ਼ਾਂ ਵਿਚ ਛਪਾਈ ਹੁੰਦੀ ਹੈ।
“ਮੇਰਾ ਨਾਂ ਕੇਟਲੀਨ ਮੇ ਹੈ। ਮੈਂ ਅੱਠਾਂ ਸਾਲਾਂ ਦੀ ਹਾਂ। ਮੇਰੇ ਕੋਲ 28 ਡਾਲਰ (1,260 ਰੁਪਏ) ਹਨ ਤੇ ਇਹ ਮੈਂ ਛਪਾਈ ਮਸ਼ੀਨਾਂ ਲਈ ਭੇਜ ਰਹੀ ਹਾਂ। ਤੁਹਾਡੀ ਛੋਟੀ ਭੈਣ ਕੇਟਲੀਨ।”
“ਅਸੀਂ ਸਾਰਾ ਪਰਿਵਾਰ ਨਵੀਆਂ ਪ੍ਰੈੱਸਾਂ ਬਾਰੇ ਗੱਲ ਕਰ ਰਹੇ ਸਾਂ। ਸਾਡੇ 11 ਤੇ 9 ਸਾਲਾਂ ਦੇ ਬੱਚਿਆਂ ਨੇ ਆਪਣੇ ਜਮ੍ਹਾ ਕੀਤੇ ਪੈਸਿਆਂ ਵਿੱਚੋਂ ਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਅਸੀਂ ਖ਼ੁਸ਼ੀ ਭਰੇ ਦਿਲਾਂ ਨਾਲ ਆਪਣੇ ਦਾਨ ਦੇ ਨਾਲ-ਨਾਲ ਉਨ੍ਹਾਂ ਦਾ ਦਾਨ ਵੀ ਭੇਜ ਰਹੇ ਹਾਂ।”
ਉਸਾਰੀ
ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦੇ ਸਮਰਥਨ ਲਈ ਥੱਲੇ ਕੁਝ ਉਸਾਰੀ ਪ੍ਰਾਜੈਕਟ ਪੂਰੇ ਕੀਤੇ ਗਏ ਸਨ:
• ਗ਼ਰੀਬ ਦੇਸ਼ਾਂ ਵਿਚ ਕਿੰਗਡਮ ਹਾਲ: 2,180
• ਸੰਮੇਲਨ ਹਾਲ: 15
• ਬ੍ਰਾਂਚਾਂ: 10
• ਅੰਤਰਰਾਸ਼ਟਰੀ ਸਵੈ-ਸੇਵਕ: 2,342
“ਇਸ ਹਫ਼ਤੇ ਨਵੇਂ ਕਿੰਗਡਮ ਹਾਲ ਵਿਚ ਸਾਡੀ ਪਹਿਲੀ ਸਭਾ ਸੀ। ਅਸੀਂ ਬਹੁਤ ਖ਼ੁਸ਼ ਹਾਂ ਕਿ ਹੁਣ ਸਾਡੇ ਕੋਲ ਆਪਣੇ ਪਿਤਾ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਢੁਕਵੀਂ ਥਾਂ ਹੈ। ਅਸੀਂ ਯਹੋਵਾਹ ਦਾ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਕਿੰਗਡਮ ਹਾਲ ਬਣਾ ਕੇ ਸਾਡੀਆਂ ਲੋੜਾਂ ਵੱਲ ਧਿਆਨ ਦਿੰਦੇ ਹੋ। ਸੱਚ-ਮੁੱਚ, ਸਾਡੇ ਕਿੰਗਡਮ ਹਾਲ ਨੇ ਸਾਡੇ ਕਸਬੇ ਦੀ ਸ਼ਾਨ ਵਧਾਈ ਹੈ।”—ਚਿਲੀ।
“ਯਹੋਵਾਹ ਦੇ ਸੰਗਠਨ ਦੁਆਰਾ ਦਿੱਤੀ ਮਦਦ ਲਈ ਭੈਣ-ਭਰਾ ਬਹੁਤ ਸ਼ੁਕਰਗੁਜ਼ਾਰ ਹਨ। ਅੱਜ ਵੀ ਅਸੀਂ ਉਸਾਰੀ ਟੀਮ ਨਾਲ ਗੁਜ਼ਾਰੇ ਹਸੀਨ ਪਲਾਂ ਬਾਰੇ ਗੱਲ ਕਰਦੇ ਹਾਂ।”—ਮੋਲਡੋਵਾ।
“ਮੈਂ ਤੇ ਮੇਰੀ ਪਤਨੀ ਨੇ ਆਪਣੇ ਵਿਆਹ ਦੀ 35ਵੀਂ ਵਰ੍ਹੇਗੰਢ ਮਨਾਈ। ਅਸੀਂ ਸੋਚ ਰਹੇ ਸਾਂ ਕਿ ਇਸ ਮੌਕੇ ਤੇ ਅਸੀਂ ਇਕ-ਦੂਜੇ ਨੂੰ ਕੀ ਦੇਈਏ। ਪਰ ਇਕ-ਦੂਜੇ ਨੂੰ ਤੋਹਫ਼ਾ ਦੇਣ ਦੀ ਬਜਾਇ ਅਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਨੂੰ ਕੁਝ ਮੋੜਨ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਦੀ ਮਦਦ ਨਾਲ ਹੀ ਸਾਡਾ ਵਿਆਹ ਸਫ਼ਲ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਪੈਸਾ ਕਿਸੇ ਗ਼ਰੀਬ ਦੇਸ਼ ਵਿਚ ਕਿੰਗਡਮ ਹਾਲ ਬਣਾਉਣ ਲਈ ਵਰਤਿਆ ਜਾਵੇ।”
“ਹਾਲ ਹੀ ਵਿਚ ਮੈਨੂੰ ਮੇਰੇ ਹਿੱਸੇ ਦੀ ਜਾਇਦਾਦ ਮਿਲੀ ਹੈ। ਮੇਰੀਆਂ ‘ਖ਼ਾਹਸ਼ਾਂ’ ਘੱਟ ਹੀ ਹਨ ਤੇ ਮੇਰੀਆਂ ‘ਲੋੜਾਂ’ ਤਾਂ ਇਨ੍ਹਾਂ ਤੋਂ ਵੀ ਘੱਟ ਹਨ। ਇਸ ਲਈ ਮੈਂ ਚਾਹੁੰਦਾ ਹਾਂ ਕਿ ਇਹ ਪੈਸਾ ਉਨ੍ਹਾਂ ਦੇਸ਼ਾਂ ਵਿਚ ਕਿੰਗਡਮ ਹਾਲ ਬਣਾਉਣ ਲਈ ਵਰਤਿਆ ਜਾਵੇ ਜਿੱਥੇ ਇਨ੍ਹਾਂ ਦੀ ਸਖ਼ਤ ਜ਼ਰੂਰਤ ਹੈ।”
ਬਿਪਤਾ ਵੇਲੇ ਰਾਹਤ-ਸਾਮੱਗਰੀ
ਇਨ੍ਹਾਂ ਅੰਤਿਮ ਦਿਨਾਂ ਵਿਚ ਅਚਾਨਕ ਕੋਈ-ਨ-ਕੋਈ ਤਬਾਹੀ ਆਈ ਰਹਿੰਦੀ ਹੈ। ਕਈ ਯਹੋਵਾਹ ਦੇ ਗਵਾਹ ਜ਼ਿਆਦਾ ਦਾਨ ਕਰਦੇ ਹਨ ਤਾਂਕਿ ਆਫ਼ਤਾਂ ਤੋਂ ਪੀੜਿਤ ਇਲਾਕਿਆਂ ਦੇ ਭਰਾਵਾਂ ਦੀ ਮਦਦ ਕੀਤੀ ਜਾ ਸਕੇ। ਬਿਪਤਾ ਵਿਚ ਭੈਣਾਂ-ਭਰਾਵਾਂ ਦੀ ਮਦਦ ਵਾਸਤੇ ਦਾਨ ਦੇਣਾ ਦੁਨੀਆਂ ਭਰ ਵਿਚ ਹੁੰਦੇ ਪਰਮੇਸ਼ੁਰੀ ਕੰਮਾਂ ਦਾ ਹੀ ਹਿੱਸਾ ਹੈ। ਥੱਲੇ ਕੁਝ ਥਾਵਾਂ ਦੇ ਨਾਂ ਦਿੱਤੇ ਗਏ ਹਨ ਜਿੱਥੇ ਯਹੋਵਾਹ ਦੇ ਗਵਾਹਾਂ ਨੇ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ ਹੈ:
• ਅਫ਼ਰੀਕਾ
• ਏਸ਼ੀਆ
• ਕੈਰੀਬੀਅਨ ਦੇਸ਼
• ਸ਼ਾਂਤ ਮਹਾਂਸਾਗਰ ਦੇ ਟਾਪੂ
“ਮੇਰੇ ਤੇ ਮੇਰੇ ਪਤੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਤੂਫ਼ਾਨ ਕਾਰਨ ਮਚੀ ਤਬਾਹੀ ਦੌਰਾਨ ਸਾਨੂੰ ਰਾਹਤ-ਸਾਮੱਗਰੀ ਭੇਜੀ। ਇਸ ਸਦਕਾ ਅਸੀਂ ਆਪਣੇ ਘਰ ਉੱਤੇ ਨਵੀਂ ਛੱਤ ਪਾ ਸਕੇ। ਅਸੀਂ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਤੁਰੰਤ ਸਾਡੀ ਮਦਦ ਕੀਤੀ।”
“ਮੇਰਾ ਨਾਂ ਕੋਨਰ ਹੈ ਤੇ ਮੈਂ 11 ਸਾਲਾਂ ਦਾ ਹਾਂ। ਜਦੋਂ ਮੈਂ ਸੁਨਾਮੀ ਕਾਰਨ ਮਚੀ ਤਬਾਹੀ ਦੇਖੀ, ਤਾਂ ਮੇਰਾ ਦਿਲ ਕੀਤਾ ਕਿ ਮੈਂ ਵੀ ਪੀੜਿਤਾਂ ਦੀ ਮਦਦ ਕਰਾਂ। ਉਮੀਦ ਹੈ ਕਿ ਇਸ ਨਾਲ ਮੇਰੇ ਭੈਣਾਂ-ਭਰਾਵਾਂ ਦੀ ਕੁਝ ਮਦਦ ਹੋਵੇਗੀ।”
ਪੂਰਾ ਸਮਾਂ ਸੇਵਾ ਕਰਨ ਵਾਲੇ ਸੇਵਕ
ਬਹੁਤ ਸਾਰੇ ਮਸੀਹੀ ਪੂਰਾ ਸਮਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ ਜਾਂ ਬੈਥਲ ਵਿਚ ਸੇਵਾ ਕਰਦੇ ਹਨ। ਕੁਝ ਪੂਰੇ ਸਮੇਂ ਦੇ ਸਵੈ-ਸੇਵਕਾਂ ਦੇ ਖ਼ਰਚ ਦਾਨ ਨਾਲ ਪੂਰੇ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਸਵੈ-ਸੇਵਕ ਇਹ ਹਨ:
• ਮਿਸ਼ਨਰੀ: 2,635
• ਸਫ਼ਰੀ ਨਿਗਾਹਬਾਨ: 5,325
• ਬੈਥਲ ਵਿਚ ਸੇਵਾ ਕਰਦੇ ਭੈਣ-ਭਰਾ: 20,092
“ਮੈਂ ਅਜੇ (ਉਮਰ ਪੰਜ ਸਾਲ) ਬੈਥਲ ਵਿਚ ਸੇਵਾ ਨਹੀਂ ਕਰ ਸਕਦਾ, ਪਰ ਮੈਂ ਇਹ ਦਾਨ ਭੇਜਣਾ ਚਾਹੁੰਦਾ ਹਾਂ। ਜਦੋਂ ਮੈਂ ਵੱਡਾ ਹੋਵਾਂਗਾ, ਤਾਂ ਮੈਂ ਬੈਥਲ ਆ ਕੇ ਸਖ਼ਤ ਮਿਹਨਤ ਕਰਾਂਗਾ। ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ।”
ਬਾਈਬਲ ਦੀ ਸਿੱਖਿਆ ਦੇਣ ਲਈ
ਯਿਸੂ ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਸੀ। (ਮੱਤੀ 28:19) ਇਸ ਹੁਕਮ ਦੀ ਪਾਲਣਾ ਕਰਦੇ ਹੋਏ ਯਹੋਵਾਹ ਦੇ ਗਵਾਹ 235 ਦੇਸ਼ਾਂ ਵਿਚ ਬਾਈਬਲ ਦੇ ਸੰਦੇਸ਼ ਦਾ ਪ੍ਰਚਾਰ ਕਰਨ ਤੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਰੁੱਝੇ ਹੋਏ ਹਨ। ਉਹ 413 ਭਾਸ਼ਾਵਾਂ ਵਿਚ ਬਾਈਬਲ ਸਾਹਿੱਤ ਛਾਪਦੇ ਤੇ ਵੰਡਦੇ ਹਨ।
ਦੂਸਰਿਆਂ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਿਖਾਉਣ ਵਿਚ ਇਕ ਮਸੀਹੀ ਜੋ ਸਭ ਤੋਂ ਵੱਡਾ ਯੋਗਦਾਨ ਪਾ ਸਕਦਾ ਹੈ, ਉਹ ਹੈ ਉਸ ਦਾ ਸਮਾਂ। ਯਹੋਵਾਹ ਦੇ ਗਵਾਹਾਂ ਨੇ ਲੋਕਾਂ ਦੀ ਮਦਦ ਕਰਨ ਲਈ ਆਪਣਾ ਬਹੁਤ ਸਾਰਾ ਸਮਾਂ ਤੇ ਤਾਕਤ ਲਾਈ ਹੈ। ਉਨ੍ਹਾਂ ਨੇ ਪੈਸੇ-ਧੇਲੇ ਪੱਖੋਂ ਵੀ ਖੁੱਲ੍ਹ-ਦਿਲੀ ਦਿਖਾਈ ਹੈ। ਉਨ੍ਹਾਂ ਦੇ ਸਾਰੇ ਦਾਨ ਨੂੰ ਵੱਖੋ-ਵੱਖਰੇ ਕੰਮਾਂ ਲਈ ਵਰਤਿਆ ਗਿਆ ਹੈ ਜਿਸ ਨਾਲ ਸਾਰੀ ਧਰਤੀ ਉੱਤੇ ਯਹੋਵਾਹ ਦਾ ਨਾਂ ਅਤੇ ਉਸ ਦੇ ਮਕਸਦਾਂ ਦਾ ਐਲਾਨ ਕਰਨ ਵਿਚ ਮਦਦ ਮਿਲੀ ਹੈ। ਅਸੀਂ ਇਹੀ ਦੁਆ ਕਰਦੇ ਹਾਂ ਕਿ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਨ ਦੇ ਇਨ੍ਹਾਂ ਜਤਨਾਂ ਤੇ ਉਸ ਦੀ ਬਰਕਤ ਰਹੇ। (ਕਹਾਉਤਾਂ 19:17) ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਖ਼ੁਸ਼ੀ-ਖ਼ੁਸ਼ੀ ਇਸ ਤਰ੍ਹਾਂ ਮਦਦ ਕਰਦੇ ਹਾਂ।—ਇਬਰਾਨੀਆਂ 13:15, 16.
[Box on page 28-30]
ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ
ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮ ਲਈ ਦਾਨ
ਕਈ ਲੋਕ ਦਾਨ ਦੇਣ ਲਈ ਕੁਝ ਪੈਸਾ ਵੱਖਰਾ ਰੱਖਦੇ ਹਨ। ਉਹ ਇਹ ਪੈਸਾ ਦਾਨ-ਪੇਟੀਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮਾਂ ਲਈ ਦਾਨ—ਮੱਤੀ 24:14.”
ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਪੈਸੇ ਬ੍ਰਾਂਚ ਆਫ਼ਿਸ ਨੂੰ ਭੇਜ ਸਕਦਾ ਹੈ। ਬ੍ਰਾਂਚ ਆਫ਼ਿਸਾਂ ਦੇ ਪਤੇ ਇਸ ਰਸਾਲੇ ਦੇ ਦੂਜੇ ਸਫ਼ੇ ਤੇ ਦਿੱਤੇ ਗਏ ਹਨ। ਚੈੱਕ “Watch Tower” ਦੇ ਨਾਂ ਤੇ ਬਣਾਏ ਜਾਣੇ ਚਾਹੀਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ ਇਕ ਛੋਟੀ ਜਿਹੀ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਤੋਹਫ਼ੇ ਹਨ।
ਸ਼ਰਤੀਆ ਦਾਨ ਪ੍ਰਬੰਧ
ਇਸ ਖ਼ਾਸ ਪ੍ਰਬੰਧ ਅਧੀਨ ਇਕ ਵਿਅਕਤੀ ਆਪਣੇ ਪੈਸੇ Watch Tower ਦੀ ਅਮਾਨਤ ਦੇ ਤੌਰ ਤੇ ਟ੍ਰੱਸਟ ਵਿਚ ਰਖਵਾ ਸਕਦਾ ਹੈ। ਪਰ ਉਹ ਜਦੋਂ ਚਾਹੇ, ਆਪਣੇ ਪੈਸੇ ਵਾਪਸ ਲੈ ਸਕਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।
ਦਾਨ ਦੇਣ ਦੇ ਤਰੀਕੇ
ਆਪਣੀ ਇੱਛਾ ਨਾਲ ਰੁਪਏ-ਪੈਸੇ ਦਾਨ ਕਰਨ ਤੋਂ ਇਲਾਵਾ, ਰਾਜ ਦੇ ਵਿਸ਼ਵ-ਵਿਆਪੀ ਪ੍ਰਚਾਰ ਕੰਮ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ:
ਬੀਮਾ: Watch Tower ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।
ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ ਖਾਤੇ ਜਾਂ ਰੀਟਾਇਰਮੈਂਟ ਖਾਤੇ Watch Tower ਲਈ ਟ੍ਰੱਸਟ ਵਿਚ ਰੱਖੇ ਜਾ ਸਕਦੇ ਹਨ ਜਾਂ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ।
ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।
ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਹੀ ਰਹੇਗਾ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।
ਗਿਫ਼ਟ ਐਨਯੂਟੀ: ਇਸ ਪ੍ਰਬੰਧ ਅਧੀਨ ਵਿਅਕਤੀ ਆਪਣਾ ਪੈਸਾ ਜਾਂ ਸਟਾਕ ਤੇ ਬਾਂਡਸ Watch Tower ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸੇ ਸਾਲ ਤੋਂ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।
ਵਸੀਅਤ ਅਤੇ ਟ੍ਰੱਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower ਨੂੰ ਟ੍ਰੱਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਕੁਝ ਦੇਸ਼ਾਂ ਵਿਚ ਕਿਸੇ ਧਾਰਮਿਕ ਸੰਗਠਨ ਨੂੰ ਪੈਸੇ ਦਾਨ ਕਰਨ ਵਾਲੇ ਟ੍ਰੱਸਟ ਨੂੰ ਟੈਕਸ ਵਿਚ ਛੋਟ ਮਿਲ ਸਕਦੀ ਹੈ, ਪਰ ਭਾਰਤ ਵਿਚ ਛੋਟ ਨਹੀਂ ਮਿਲਦੀ।
ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ।a ਇਸ ਬਰੋਸ਼ਰ ਵਿਚ ਵੱਖ-ਵੱਖ ਤਰੀਕਿਆਂ ਨਾਲ ਦਾਨ ਕਰਨ ਜਾਂ ਵਸੀਅਤ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਰੋਸ਼ਰ ਨੂੰ ਪੜ੍ਹਨ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਦੇ ਕੰਮਾਂ ਵਿਚ ਮਦਦ ਕੀਤੀ ਹੈ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ।
ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਜਾਂ ਹੇਠਾਂ ਦਿੱਤੇ ਗਏ ਪਤੇ ਤੇ ਲਿਖੋ ਜਾਂ ਟੈਲੀਫ਼ੋਨ ਕਰੋ।
Jehovah’s Witnesses,
Post Box 6440,
Yelahanka,
Bangalore 560 064, Karnataka.
Telephone: (080) 28468072
[ਸਫ਼ੇ 27 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Faithful video: Stalin: U.S. Army photo
[ਫੁਟਨੋਟ]
a ਭਾਰਤ ਵਿਚ ਇਹ ਬਰੋਸ਼ਰ ਉਪਲਬਧ ਨਹੀਂ।