‘ਤੁਸੀਂ ਜਾ ਕੇ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
“ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”—ਮੱਤੀ 28:19, 20.
1. ਸੀਨਈ ਪਹਾੜ ਦੇ ਕੋਲ ਇਸਰਾਏਲੀਆਂ ਨੇ ਕੀ ਕਰਨ ਦਾ ਵਾਅਦਾ ਕੀਤਾ ਸੀ?
ਤਕਰੀਬਨ 3,500 ਸਾਲ ਪਹਿਲਾਂ ਇਕ ਕੌਮ ਨੇ ਪਰਮੇਸ਼ੁਰ ਨਾਲ ਇਕ ਵਾਅਦਾ ਕੀਤਾ ਸੀ। ਸੀਨਈ ਪਹਾੜ ਕੋਲ ਇਕੱਠੇ ਹੋਏ ਇਸਰਾਏਲੀਆਂ ਨੇ ਕਿਹਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” ਉਸ ਸਮੇਂ ਤੋਂ ਇਸਰਾਏਲੀ ਲੋਕ ਪਰਮੇਸ਼ੁਰ ਦੀ ਸਮਰਪਿਤ ਕੌਮ ਤੇ “ਨਿਜੀ ਪਰਜਾ” ਬਣ ਗਏ। (ਕੂਚ 19:5, 8; 24:3) ਉਹ ਪਰਮੇਸ਼ੁਰ ਦੀ ਹਿਫਾਜ਼ਤ ਹੇਠ ਉਸ ਦੇਸ਼ ਵਿਚ ਪੀੜ੍ਹੀਓਂ-ਪੀੜ੍ਹੀ ਤਕ ਰਹਿਣ ਦੀ ਤਾਂਘ ਰੱਖਦੇ ਸਨ “ਜਿੱਥੇ ਦੁੱਧ ਅਤੇ ਸ਼ਹਿਤ ਵਗਦਾ” ਸੀ।—ਲੇਵੀਆਂ 20:24.
2. ਅੱਜ ਲੋਕ ਪਰਮੇਸ਼ੁਰ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਨ?
2 ਪਰ ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਕਿਹਾ ਕਿ ਇਸਰਾਏਲੀਆਂ ਨੇ “ਪਰਮੇਸ਼ੁਰ ਦੇ ਨੇਮ ਦੀ ਪਾਲਨਾ ਨਾ ਕੀਤੀ, ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਹ ਕੀਤੀ।” (ਜ਼ਬੂਰਾਂ ਦੀ ਪੋਥੀ 78:10) ਉਨ੍ਹਾਂ ਨੇ ਉਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਜੋ ਉਨ੍ਹਾਂ ਦੇ ਪੜਦਾਦਿਆਂ ਨੇ ਯਹੋਵਾਹ ਨਾਲ ਕੀਤਾ ਸੀ। ਇਸੇ ਕਰਕੇ ਉਹ ਪਰਮੇਸ਼ੁਰ ਦੀ ਨਿੱਜੀ ਪਰਜਾ ਹੋਣ ਦਾ ਸਨਮਾਨ ਗੁਆ ਬੈਠੇ। (ਉਪਦੇਸ਼ਕ ਦੀ ਪੋਥੀ 5:4; ਮੱਤੀ 23:37, 38) ਇਸ ਲਈ ਪਰਮੇਸ਼ੁਰ ਨੇ “ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।” ਇਹ ਲੋਕ ਪਰਮੇਸ਼ੁਰ ਦੀ ਖ਼ਾਸ ਪਰਜਾ ਬਣਨਗੇ ਅਤੇ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ। (ਰਸੂਲਾਂ ਦੇ ਕਰਤੱਬ 15:14) ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ” ਇਕੱਠੀ ਕਰ ਰਿਹਾ ਹੈ। ਇਹ ਲੋਕ ਖ਼ੁਸ਼ੀ ਨਾਲ ਕਹਿੰਦੇ ਹਨ: “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!”—ਪਰਕਾਸ਼ ਦੀ ਪੋਥੀ 7:9, 10.
3. ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ?
3 ਜੇ ਕੋਈ ਪਰਮੇਸ਼ੁਰ ਨਾਲ ਅਜਿਹਾ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਯਹੋਵਾਹ ਨੂੰ ਆਪਣਾ ਜੀਵਨ ਅਰਪਣ ਕਰ ਕੇ ਪਾਣੀ ਵਿਚ ਬਪਤਿਸਮਾ ਲੈਣ ਦੀ ਲੋੜ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਇਸਰਾਏਲੀਆਂ ਨੂੰ “ਨੇਮ ਦੀ ਪੋਥੀ” ਪੜ੍ਹ ਕੇ ਸੁਣਾਈ ਗਈ ਸੀ। (ਕੂਚ 24:3, 7, 8) ਇਸ ਲਈ ਉਨ੍ਹਾਂ ਨੂੰ ਸਾਫ਼ ਪਤਾ ਸੀ ਕਿ ਯਹੋਵਾਹ ਪ੍ਰਤੀ ਉਨ੍ਹਾਂ ਦੇ ਕੀ ਫ਼ਰਜ਼ ਸਨ। ਇਸੇ ਤਰ੍ਹਾਂ ਅੱਜ ਬਪਤਿਸਮਾ ਲੈਣ ਤੋਂ ਪਹਿਲਾਂ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਉਸ ਦੀ ਮਰਜ਼ੀ ਸੰਬੰਧੀ ਸਹੀ ਗਿਆਨ ਲੈਣਾ ਜ਼ਰੂਰੀ ਹੈ।
4. ਬਪਤਿਸਮੇ ਤੋਂ ਪਹਿਲਾਂ ਇਕ ਵਿਅਕਤੀ ਨੂੰ ਕੀ ਕਰਨ ਦੀ ਜ਼ਰੂਰਤ ਹੈ? (ਇਸ ਸਫ਼ੇ ਉੱਤੇ ਡੱਬੀ ਦੇਖੋ।)
4 ਜੀ ਹਾਂ, ਯਿਸੂ ਚਾਹੁੰਦਾ ਸੀ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਉਸ ਦੇ ਚੇਲਿਆਂ ਦੀ ਨਿਹਚਾ ਪੱਕੀ ਹੋਵੇ। ਉਸ ਨੇ ਆਪਣੇ ਚੇਲਿਆਂ ਨੂੰ ਸਿਰਫ਼ ਇਹੀ ਨਹੀਂ ਕਿਹਾ ਸੀ ਕਿ ਉਹ ਜਾ ਕੇ ਹੋਰ ਚੇਲੇ ਬਣਾਉਣ, ਸਗੋਂ ਇਹ ਵੀ ਕਿਹਾ ਸੀ ਕਿ “ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 7:24, 25; ਅਫ਼ਸੀਆਂ 3:17-19) ਇਸ ਲਈ ਬਪਤਿਸਮਾ ਲੈਣ ਵਾਲਿਆਂ ਨੇ ਕਈ ਮਹੀਨੇ, ਸਾਲ ਜਾਂ ਦੋ ਸਾਲ ਬਾਈਬਲ ਦਾ ਅਧਿਐਨ ਕੀਤਾ ਹੁੰਦਾ ਹੈ। ਸੋ ਉਹ ਜਲਦਬਾਜ਼ੀ ਵਿਚ ਨਹੀਂ, ਬਲਕਿ ਸੋਚ-ਸਮਝ ਕੇ ਇਹ ਕਦਮ ਚੁੱਕਦੇ ਹਨ। ਬਪਤਿਸਮੇ ਵਾਲੇ ਦਿਨ ਤੇ ਉਨ੍ਹਾਂ ਨੂੰ ਦੋ ਅਹਿਮ ਸਵਾਲ ਪੁੱਛੇ ਜਾਂਦੇ ਹਨ ਜਿਨ੍ਹਾਂ ਦਾ ਜਵਾਬ ਉਹ ਹਾਂ ਵਿਚ ਦਿੰਦੇ ਹਨ। ਯਿਸੂ ਨੇ ਕਿਹਾ ਸੀ ਕਿ “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ,” ਇਸ ਲਈ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਦੋ ਸਵਾਲਾਂ ਦੀ ਅਹਿਮੀਅਤ ਬਾਰੇ ਧਿਆਨ ਨਾਲ ਸੋਚੀਏ।—ਮੱਤੀ 5:37.
ਤੋਬਾ ਅਤੇ ਸਮਰਪਣ
5. ਬਪਤਿਸਮਾ ਲੈਣ ਵਾਲਿਆਂ ਨੂੰ ਪੁੱਛੇ ਜਾਂਦੇ ਪਹਿਲੇ ਸਵਾਲ ਵਿਚ ਕਿਨ੍ਹਾਂ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਗਿਆ ਹੈ?
5 ਬਪਤਿਸਮਾ ਲੈਣ ਵਾਲੇ ਵਿਅਕਤੀ ਨੂੰ ਪਹਿਲੇ ਸਵਾਲ ਵਿਚ ਇਹ ਪੁੱਛਿਆ ਜਾਂਦਾ ਹੈ ਕਿ ਕੀ ਉਸ ਨੇ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕੀਤੀ ਹੈ। ਇਸ ਸਵਾਲ ਵਿਚ ਦੋ ਅਹਿਮ ਗੱਲਾਂ ਤੇ ਜ਼ੋਰ ਦਿੱਤਾ ਗਿਆ ਹੈ ਜੋ ਬਪਤਿਸਮਾ ਲੈਣ ਤੋਂ ਪਹਿਲਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ ਯਾਨੀ ਤੋਬਾ ਅਤੇ ਸਮਰਪਣ।
6, 7. (ੳ) ਬਪਤਿਸਮਾ ਲੈਣ ਤੋਂ ਪਹਿਲਾਂ ਤੋਬਾ ਕਰਨੀ ਕਿਉਂ ਜ਼ਰੂਰੀ ਹੈ? (ਅ) ਤੋਬਾ ਕਰਨ ਤੋਂ ਬਾਅਦ ਸਾਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ?
6 ਬਪਤਿਸਮਾ ਲੈਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਤੋਬਾ ਕਰਨ ਦੀ ਲੋੜ ਕਿਉਂ ਹੈ? ਪੌਲੁਸ ਰਸੂਲ ਨੇ ਕਿਹਾ: “ਅਸੀਂ ਵੀ ਸੱਭੇ . . . ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ।” (ਅਫ਼ਸੀਆਂ 2:3) ਪਰਮੇਸ਼ੁਰ ਦਾ ਸਹੀ ਗਿਆਨ ਲੈਣ ਤੋਂ ਪਹਿਲਾਂ ਅਸੀਂ ਇਸ ਦੁਨੀਆਂ ਦੇ ਤੌਰ-ਤਰੀਕਿਆਂ ਮੁਤਾਬਕ ਆਪਣੀ ਜ਼ਿੰਦਗੀ ਜੀ ਰਹੇ ਸੀ। ਜਾਂ ਇੰਜ ਕਹਿ ਲਵੋ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਦੇ ਮੁਤਾਬਕ ਨਹੀਂ, ਸਗੋਂ ਇਸ ਦੁਨੀਆਂ ਦੇ ਈਸ਼ਵਰ ਸ਼ਤਾਨ ਦੀ ਇੱਛਾ ਮੁਤਾਬਕ ਜੀ ਰਹੇ ਸੀ। (2 ਕੁਰਿੰਥੀਆਂ 4:4) ਪਰ ਪਰਮੇਸ਼ੁਰ ਦੀ ਮਰਜ਼ੀ ਜਾਣਨ ਤੋਂ ਬਾਅਦ ਅਸੀਂ “ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾਂ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ” ਜੀਣ ਦਾ ਫ਼ੈਸਲਾ ਕੀਤਾ।—1 ਪਤਰਸ 4:2.
7 ਪਰਮੇਸ਼ੁਰ ਦੀ ਇੱਛਾ ਮੁਤਾਬਕ ਜੀਣ ਨਾਲ ਸਾਨੂੰ ਕਈ ਬਰਕਤਾਂ ਮਿਲਦੀਆਂ ਹਨ। ਸਭ ਤੋਂ ਵੱਡੀ ਬਰਕਤ ਇਹ ਹੈ ਕਿ ਅਸੀਂ ਯਹੋਵਾਹ ਦੇ ਦੋਸਤ ਬਣਦੇ ਹਾਂ। ਦਾਊਦ ਨੇ ਇਸ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਲਈ ਕਿਹਾ ਸੀ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਆਪਣੇ “ਡੇਹਰੇ” ਅਤੇ “ਪਵਿੱਤਰ ਪਹਾੜ” ਵਿਚ ਆਉਣ ਦਾ ਸੱਦਾ ਦਿੰਦਾ ਹੈ। ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ! (ਜ਼ਬੂਰਾਂ ਦੀ ਪੋਥੀ 15:1) ਯਹੋਵਾਹ ਕਿਸੇ ਐਰੇ-ਗ਼ੈਰੇ ਨੂੰ ਆਪਣੇ ਡੇਹਰੇ ਵਿਚ ਨਹੀਂ ਬੁਲਾਉਂਦਾ ਹੈ, ਬਲਕਿ ਸਿਰਫ਼ ਉਸ ਨੂੰ ਜੋ “ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ।” (ਜ਼ਬੂਰਾਂ ਦੀ ਪੋਥੀ 15:2) ਕਈਆਂ ਲਈ ਇਹ ਸਭ ਕਰਨਾ ਸੌਖਾ ਤੇ ਕਈਆਂ ਲਈ ਔਖਾ ਹੋਵੇਗਾ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸੱਚਾਈ ਜਾਣਨ ਤੋਂ ਪਹਿਲਾਂ ਅਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਸੀ। ਪਰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣੇ ਚਾਲ-ਚਲਣ ਅਤੇ ਸੁਭਾਅ ਵਿਚ ਤਬਦੀਲੀਆਂ ਕਰਨ ਦੀ ਲੋੜ ਹੈ। (1 ਕੁਰਿੰਥੀਆਂ 6:9-11; ਕੁਲੁੱਸੀਆਂ 3:5-10) ਅਜਿਹੀਆਂ ਤਬਦੀਲੀਆਂ ਕਰਨ ਲਈ ਸਾਨੂੰ ਤੋਬਾ ਕਰਨੀ ਚਾਹੀਦੀ ਹੈ, ਮਤਲਬ ਆਪਣੇ ਬੁਰੇ ਕੰਮਾਂ ਉੱਤੇ ਦਿਲੋਂ ਪਛਤਾਵਾ ਕਰਨ ਦੇ ਨਾਲ-ਨਾਲ ਸਾਨੂੰ ਯਹੋਵਾਹ ਨੂੰ ਖ਼ੁਸ਼ ਕਰਨ ਦਾ ਪੱਕਾ ਇਰਾਦਾ ਵੀ ਕਰਨਾ ਚਾਹੀਦਾ ਹੈ। ਨਤੀਜੇ ਵਜੋਂ ਅਸੀਂ ਆਪਣੇ ਪੁਰਾਣੇ ਸੁਆਰਥੀ ਤੇ ਦੁਨਿਆਵੀ ਤੌਰ-ਤਰੀਕੇ ਛੱਡ ਕੇ ਯਹੋਵਾਹ ਦੇ ਰਾਹਾਂ ਤੇ ਚੱਲਣ ਲੱਗ ਪੈਂਦੇ ਹਾਂ।—ਰਸੂਲਾਂ ਦੇ ਕਰਤੱਬ 3:19.
8. ਅਸੀਂ ਯਹੋਵਾਹ ਨੂੰ ਆਪਣਾ ਜੀਵਨ ਕਿਵੇਂ ਸੌਂਪਦੇ ਹਾਂ ਅਤੇ ਇਸ ਦਾ ਬਪਤਿਸਮੇ ਨਾਲ ਕੀ ਤਅੱਲਕ ਹੈ?
8 ਬਪਤਿਸਮਾ ਲੈਣ ਵਾਲੇ ਵਿਅਕਤੀ ਨੂੰ ਪਹਿਲੇ ਸਵਾਲ ਵਿਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਕੀ ਉਸ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕੀਤੀ ਹੈ। ਬਪਤਿਸਮਾ ਲੈਣ ਤੋਂ ਪਹਿਲਾਂ ਸਮਰਪਣ ਕਰਨਾ ਬਹੁਤ ਜ਼ਰੂਰੀ ਹੈ। ਯਿਸੂ ਦੇ ਨਾਂ ਰਾਹੀਂ ਪ੍ਰਾਰਥਨਾ ਕਰਦੇ ਹੋਏ ਅਸੀਂ ਯਹੋਵਾਹ ਨੂੰ ਦੱਸਦੇ ਹਾਂ ਕਿ ਅਸੀਂ ਆਪਣਾ ਜੀਵਨ ਉਸ ਨੂੰ ਸੌਂਪਣਾ ਚਾਹੁੰਦੇ ਹਾਂ। (ਰੋਮੀਆਂ 14:7, 8; 2 ਕੁਰਿੰਥੀਆਂ 5:15) ਫਿਰ ਯਹੋਵਾਹ ਸਾਡਾ ਮਾਲਕ ਬਣ ਜਾਂਦਾ ਹੈ ਅਤੇ ਅਸੀਂ ਯਿਸੂ ਵਾਂਗ ਉਸ ਦੀ ਮਰਜ਼ੀ ਖ਼ੁਸ਼ੀ ਨਾਲ ਪੂਰੀ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 40:8; ਅਫ਼ਸੀਆਂ 6:6) ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨਾਲ ਅਜਿਹਾ ਵਾਅਦਾ ਸਿਰਫ਼ ਇੱਕੋ ਵਾਰ ਕਰਦੇ ਹਾਂ ਜਿਸ ਬਾਰੇ ਸਿਰਫ਼ ਸਾਨੂੰ ਅਤੇ ਯਹੋਵਾਹ ਨੂੰ ਪਤਾ ਹੁੰਦਾ ਹੈ। ਇਸ ਲਈ ਬਪਤਿਸਮੇ ਦੇ ਦਿਨ ਅਸੀਂ ਸਾਰਿਆਂ ਦੇ ਸਾਮ੍ਹਣੇ ਆਪਣੇ ਸਮਰਪਣ ਦਾ ਐਲਾਨ ਕਰਦੇ ਹਾਂ।—ਰੋਮੀਆਂ 10:10.
9, 10. (ੳ) ਯਹੋਵਾਹ ਦੀ ਮਰਜ਼ੀ ਪੂਰੀ ਕਰਨ ਵਿਚ ਕੀ-ਕੀ ਸ਼ਾਮਲ ਹੈ? (ਅ) ਨਾਜ਼ੀ ਅਫ਼ਸਰਾਂ ਨੂੰ ਵੀ ਕੀ ਮੰਨਣਾ ਪਿਆ?
9 ਯਿਸੂ ਵਾਂਗ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਕੀ-ਕੀ ਸ਼ਾਮਲ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ [ਯਾਨੀ ਤਸੀਹੇ ਦੀ ਸੂਲੀ] ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਇੱਥੇ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਾਨੂੰ ਕਰਨੀਆਂ ਚਾਹੀਦੀਆਂ ਹਨ। ਪਹਿਲੀ, ਸਾਨੂੰ “ਆਪਣੇ ਆਪ ਦਾ ਇਨਕਾਰ” ਕਰਨਾ ਚਾਹੀਦਾ ਹੈ। ਕਹਿਣ ਦਾ ਭਾਵ ਸਾਨੂੰ ਆਪਣੀਆਂ ਖ਼ੁਦਗਰਜ਼ ਤੇ ਪਾਪੀ ਇੱਛਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸਲਾਹ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਦੂਜੀ, ਅਸੀਂ ਤਸੀਹੇ ਦੀ ਸੂਲੀ ਚੁੱਕਦੇ ਹਾਂ। ਯਿਸੂ ਦੇ ਜ਼ਮਾਨੇ ਵਿਚ ਸੂਲੀ ਉੱਤੇ ਟੰਗੇ ਜਾਣ ਦਾ ਮਤਲਬ ਸੀ ਕਸ਼ਟ ਤੇ ਬਦਨਾਮੀ ਸਹਿਣੀ। ਅੱਜ ਅਸੀਂ ਵੀ ਮਸੀਹੀ ਹੋਣ ਦੇ ਨਾਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਦੁੱਖ ਸਹਿਣ ਨੂੰ ਤਿਆਰ ਹਾਂ। (2 ਤਿਮੋਥਿਉਸ 1:8) ਭਾਵੇਂ ਲੋਕ ਸਾਡਾ ਮਜ਼ਾਕ ਉਡਾਉਣ ਤੇ ਸਾਨੂੰ ਬੁਰਾ-ਭਲਾ ਕਹਿਣ, ਫਿਰ ਵੀ ਅਸੀਂ “ਸ਼ਰਮਿੰਦਗੀ ਦੀ ਕੋਈ ਪਰਵਾਹ ਨਾ” ਕਰਦੇ ਹੋਏ ਖ਼ੁਸ਼ੀ-ਖ਼ੁਸ਼ੀ ਹਰ ਦੁੱਖ ਸਹਿੰਦੇ ਹਾਂ। ਸਾਨੂੰ ਮਾਣ ਹੈ ਕਿ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਰਹੇ ਹਾਂ। (ਇਬਰਾਨੀਆਂ 12:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤੀਜੀ, ਅਸੀਂ ਸਦਾ ‘ਯਿਸੂ ਦੇ ਪਿੱਛੇ ਚੱਲਦੇ ਹਾਂ।’—ਜ਼ਬੂਰਾਂ ਦੀ ਪੋਥੀ 73:26; 119:44; 145:2.
10 ਯਹੋਵਾਹ ਦੇ ਗਵਾਹਾਂ ਦੇ ਵਿਰੋਧੀਆਂ ਨੇ ਵੀ ਇਹ ਦੇਖਿਆ ਹੈ ਕਿ ਗਵਾਹਾਂ ਨੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਪੱਕਾ ਵਾਅਦਾ ਕੀਤਾ ਹੈ। ਮਿਸਾਲ ਲਈ, ਨਾਜ਼ੀ ਜਰਮਨੀ ਵਿਚ ਬੁਕਨਵਾਲਡ ਨਜ਼ਰਬੰਦੀ-ਕੈਂਪ ਵਿਚ ਆਪਣੀ ਨਿਹਚਾ ਨਾ ਤਿਆਗਣ ਵਾਲੇ ਗਵਾਹਾਂ ਨੂੰ ਇਕ ਕਾਗਜ਼ ਤੇ ਦਸਤਖਤ ਕਰਨੇ ਪਏ ਜਿਸ ਉੱਤੇ ਲਿਖਿਆ ਸੀ: “ਮੈਂ ਅਜੇ ਵੀ ਬਾਈਬਲ ਸਟੂਡੈਂਟ ਹਾਂ ਅਤੇ ਮੈਂ ਯਹੋਵਾਹ ਨਾਲ ਕੀਤੇ ਆਪਣੇ ਵਾਅਦੇ ਨੂੰ ਕਦੀ ਨਹੀਂ ਤੋੜਾਂਗਾ।” ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕ ਯਕੀਨਨ ਇਸ ਗੱਲ ਨਾਲ ਸਹਿਮਤ ਹੋਣਗੇ!—ਰਸੂਲਾਂ ਦੇ ਕਰਤੱਬ 5:32.
ਯਹੋਵਾਹ ਦੇ ਗਵਾਹ ਵਜੋਂ ਪਛਾਣ
11. ਬਪਤਿਸਮਾ ਲੈਣ ਵਾਲੇ ਵਿਅਕਤੀ ਨੂੰ ਕਿਹੜਾ ਸਨਮਾਨ ਮਿਲਦਾ ਹੈ?
11 ਦੂਜੇ ਸਵਾਲ ਵਿਚ ਬਪਤਿਸਮਾ ਲੈਣ ਵਾਲੇ ਵਿਅਕਤੀ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਕੀ ਉਹ ਸਮਝਦਾ ਹੈ ਕਿ ਬਪਤਿਸਮੇ ਤੋਂ ਬਾਅਦ ਉਹ ਯਹੋਵਾਹ ਦੇ ਗਵਾਹ ਵਜੋਂ ਜਾਣਿਆ ਜਾਵੇਗਾ। ਪਾਣੀ ਵਿਚ ਗੋਤਾ ਲੈਣ ਤੋਂ ਬਾਅਦ ਉਹ ਯਹੋਵਾਹ ਦਾ ਸੇਵਕ ਬਣ ਜਾਂਦਾ ਹੈ। ਇਹ ਇਕ ਸਨਮਾਨ ਹੋਣ ਦੇ ਨਾਲ-ਨਾਲ ਇਕ ਵੱਡੀ ਜ਼ਿੰਮੇਵਾਰੀ ਵੀ ਹੈ। ਬਪਤਿਸਮਾ ਲੈ ਕੇ ਜੇ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ, ਤਾਂ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਮਿਲੇਗੀ।—ਮੱਤੀ 24:13.
12. ਯਹੋਵਾਹ ਦੇ ਨਾਮ ਤੋਂ ਜਾਣੇ ਜਾਣ ਦੇ ਨਾਲ-ਨਾਲ ਸਾਨੂੰ ਕਿਹੜਾ ਫ਼ਰਜ਼ ਨਿਭਾਉਣਾ ਚਾਹੀਦਾ ਹੈ?
12 ਵਾਕਈ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਨਾਮ ਤੋਂ ਜਾਣੇ ਜਾਣਾ ਬੜੇ ਮਾਣ ਦੀ ਗੱਲ ਹੈ। ਮੀਕਾਹ ਨਬੀ ਨੇ ਕਿਹਾ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾਹ 4:5) ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਮਾਣ ਦੇ ਨਾਲ ਇਕ ਫ਼ਰਜ਼ ਵੀ ਜੁੜਿਆ ਹੋਇਆ ਹੈ। ਅਸੀਂ ਆਪਣੇ ਤੌਰ-ਤਰੀਕਿਆਂ ਨਾਲ ਯਹੋਵਾਹ ਦਾ ਨਾਂ ਰੌਸ਼ਨ ਕਰਨਾ ਹੈ। ਜਿਵੇਂ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਯਾਦ ਦਿਲਾਇਆ ਸੀ, ਜੇ ਅਸੀਂ ਕਹਿੰਦੇ ਕੁਝ ਪਰ ਕਰਦੇ ਕੁਝ ਹੋਰ ਹਾਂ, ਤਾਂ ਪਰਮੇਸ਼ੁਰ ਦੇ ਨਾਮ ਦੀ “ਨਿੰਦਿਆ” ਹੁੰਦੀ ਹੈ।—ਰੋਮੀਆਂ 2:21-24.
13. ਯਹੋਵਾਹ ਦੇ ਸਮਰਪਿਤ ਸੇਵਕਾਂ ਨੂੰ ਆਪਣੇ ਪਰਮੇਸ਼ੁਰ ਬਾਰੇ ਦੂਸਰਿਆਂ ਨੂੰ ਕਿਉਂ ਦੱਸਣਾ ਚਾਹੀਦਾ ਹੈ?
13 ਜਦੋਂ ਇਕ ਵਿਅਕਤੀ ਯਹੋਵਾਹ ਦਾ ਗਵਾਹ ਬਣ ਜਾਂਦਾ ਹੈ, ਤਾਂ ਉਹ ਪਰਮੇਸ਼ੁਰ ਦਾ ਨਾਂ ਐਲਾਨ ਕਰਨ ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ। ਯਹੋਵਾਹ ਨੇ ਇਸਰਾਏਲ ਦੀ ਸਮਰਪਿਤ ਕੌਮ ਨੂੰ ਆਪਣੇ ਗਵਾਹ ਬਣਨ ਦਾ ਮੌਕਾ ਦਿੱਤਾ ਸੀ। ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਦੱਸਣਾ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। (ਯਸਾਯਾਹ 43:10-12, 21) ਪਰ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਉੱਤੋਂ ਆਪਣੀ ਮਿਹਰ ਹਟਾ ਲਈ। ਅੱਜ ਸੱਚੇ ਮਸੀਹੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਵੀ ਲੋਕਾਂ ਨੂੰ ਯਹੋਵਾਹ ਬਾਰੇ ਦੱਸਦੇ ਹਨ। ਅਸੀਂ ਉਸ ਦੇ ਨਾਂ ਬਾਰੇ ਇਸ ਲਈ ਦੱਸਦੇ ਹਾਂ ਕਿਉਂਕਿ ਅਸੀਂ ਉਸ ਨੂੰ ਬੇਹੱਦ ਪਿਆਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਸ ਦਾ ਨਾਂ ਪਵਿੱਤਰ ਮੰਨਿਆ ਜਾਵੇ। ਅਸੀਂ ਚੁੱਪ ਕਿਵੇਂ ਰਹਿ ਸਕਦੇ ਹਾਂ ਜਦ ਅਸੀਂ ਆਪਣੇ ਸਿਰਜਣਹਾਰ ਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਜਾਣਦੇ ਹਾਂ? ਅਸੀਂ ਪੌਲੁਸ ਰਸੂਲ ਨਾਲ ਸਹਿਮਤ ਹੁੰਦੇ ਹਾਂ ਜਿਸ ਨੇ ਕਿਹਾ: “ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!”—1 ਕੁਰਿੰਥੀਆਂ 9:16.
14, 15. (ੳ) ਯਹੋਵਾਹ ਦਾ ਸੰਗਠਨ ਅੱਗੇ ਵਧਣ ਵਿਚ ਸਾਡੀ ਮਦਦ ਕਿਵੇਂ ਕਰਦਾ ਹੈ? (ਅ) ਯਹੋਵਾਹ ਨੇ ਉਸ ਦੀ ਸੇਵਾ ਵਿਚ ਲੱਗੇ ਰਹਿਣ ਲਈ ਸਾਡੇ ਲਈ ਕਿਹੜੇ ਪ੍ਰਬੰਧ ਕੀਤੇ ਹਨ?
14 ਦੂਜੇ ਸਵਾਲ ਵਿਚ ਬਪਤਿਸਮਾ ਲੈਣ ਵਾਲੇ ਨੂੰ ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਚੱਲਣ ਦੀ ਜ਼ਿੰਮੇਵਾਰੀ ਵੀ ਚੇਤੇ ਕਰਾਈ ਜਾਂਦੀ ਹੈ। ਅਸੀਂ ਇਕੱਲੇ ਰਹਿ ਕੇ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦੇ। ਸਾਨੂੰ ਸਾਰਿਆਂ “ਭਾਈਆਂ” ਦੀ ਮਦਦ, ਸਹਾਰੇ ਤੇ ਹੌਸਲਾ-ਅਫ਼ਜ਼ਾਈ ਦੀ ਜ਼ਰੂਰਤ ਹੈ। (1 ਪਤਰਸ 2:17; 1 ਕੁਰਿੰਥੀਆਂ 12:12, 13) ਪਰਮੇਸ਼ੁਰ ਦੇ ਸੰਗਠਨ ਸਦਕਾ ਅਸੀਂ ਉਸ ਦੀ ਸੇਵਾ ਵਿਚ ਅੱਗੇ ਵਧਦੇ ਰਹਿ ਸਕਦੇ ਹਾਂ। ਇਸ ਰਾਹੀਂ ਸਾਨੂੰ ਬਾਈਬਲ ਤੇ ਆਧਾਰਿਤ ਪ੍ਰਕਾਸ਼ਨ ਮਿਲਦੇ ਹਨ ਜਿਨ੍ਹਾਂ ਤੋਂ ਸਾਨੂੰ ਬਾਈਬਲ ਦਾ ਸਹੀ ਗਿਆਨ ਮਿਲਦਾ ਹੈ। ਇਹ ਗਿਆਨ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਅਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਗੂੜ੍ਹਾ ਕਰਨ ਵਿਚ ਸਾਡੀ ਮਦਦ ਕਰਦਾ ਹੈ। ਜਿਸ ਤਰ੍ਹਾਂ ਇਕ ਮਾਂ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੀ ਹੈ, ਉਸੇ ਤਰ੍ਹਾਂ “ਮਾਤਬਰ ਅਤੇ ਬੁੱਧਵਾਨ ਨੌਕਰ” ਸਾਨੂੰ ਸਮੇਂ ਸਿਰ ਚੰਗੀ ਰੂਹਾਨੀ ਖ਼ੁਰਾਕ ਦਿੰਦਾ ਹੈ ਤਾਂਕਿ ਅਸੀਂ ਮਜ਼ਬੂਤ ਹੋ ਕੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੀਏ।—ਮੱਤੀ 24:45-47; 1 ਥੱਸਲੁਨੀਕੀਆਂ 2:7, 8.
15 ਹਰ ਹਫ਼ਤੇ ਸਭਾਵਾਂ ਵਿਚ ਸਾਨੂੰ ਯਹੋਵਾਹ ਦੇ ਪ੍ਰਤੀ ਵਫ਼ਾਦਾਰ ਰਹਿਣ ਦੀ ਸਿੱਖਿਆ ਤੇ ਹੌਸਲਾ ਦਿੱਤਾ ਜਾਂਦਾ ਹੈ। (ਇਬਰਾਨੀਆਂ 10:24, 25) ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਵਿਚ ਸਾਨੂੰ ਲੋਕਾਂ ਨਾਲ ਗੱਲ ਕਰਨੀ ਅਤੇ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਸਿਖਾਇਆ ਜਾਂਦਾ ਹੈ। ਆਪਣੀਆਂ ਸਭਾਵਾਂ ਅਤੇ ਨਿੱਜੀ ਅਧਿਐਨ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਆਪਣੀ ਪਵਿੱਤਰ ਆਤਮਾ ਰਾਹੀਂ ਆਪਣੇ ਸੰਗਠਨ ਨੂੰ ਕਿਵੇਂ ਚਲਾ ਰਿਹਾ ਹੈ। ਇਨ੍ਹਾਂ ਸਾਰੇ ਪ੍ਰਬੰਧਾਂ ਰਾਹੀਂ ਪਰਮੇਸ਼ੁਰ ਸਾਨੂੰ ਖ਼ਤਰਿਆਂ ਤੋਂ ਸਾਵਧਾਨ ਕਰਦਾ ਹੈ ਅਤੇ ਸਾਨੂੰ ਉਸ ਦੇ ਸੇਵਕ ਬਣਨ ਵਿਚ ਤੇ ਜਾਗਦੇ ਰਹਿਣ ਵਿਚ ਸਾਡੀ ਮਦਦ ਕਰਦਾ ਹੈ।—ਜ਼ਬੂਰਾਂ ਦੀ ਪੋਥੀ 19:7, 8, 11; 1 ਥੱਸਲੁਨੀਕੀਆਂ 5:6, 11; 1 ਤਿਮੋਥਿਉਸ 4:13.
ਬਪਤਿਸਮਾ ਲੈਣ ਦਾ ਕਾਰਨ
16. ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਕਿਉਂ ਸੌਂਪਦੇ ਹਾਂ?
16 ਇਹ ਦੋ ਸਵਾਲ ਬਪਤਿਸਮਾ ਲੈਣ ਵਾਲੇ ਵਿਅਕਤੀ ਨੂੰ ਬਪਤਿਸਮੇ ਦੀ ਅਹਿਮੀਅਤ ਅਤੇ ਉਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਲਾਉਂਦੇ ਹਨ। ਤਾਂ ਫਿਰ ਬਪਤਿਸਮਾ ਲੈਣ ਦਾ ਕੀ ਕਾਰਨ ਹੋਣਾ ਚਾਹੀਦਾ ਹੈ? ਅਸੀਂ ਕਿਸੇ ਦੇ ਜ਼ੋਰ-ਜ਼ਬਰਦਸਤੀ ਕਰਕੇ ਨਹੀਂ, ਸਗੋਂ ਯਹੋਵਾਹ ਦੇ ਪਿਆਰ ਕਰਕੇ ਉਸ ਵੱਲ “ਖਿੱਚੇ” ਜਾਂਦੇ ਹਾਂ। (ਯੂਹੰਨਾ 6:44) “ਪਰਮੇਸ਼ੁਰ ਪ੍ਰੇਮ ਹੈ,” ਇਸ ਲਈ ਉਹ ਧੱਕੇ ਨਾਲ ਨਹੀਂ, ਸਗੋਂ ਪਿਆਰ ਨਾਲ ਰਾਜ ਕਰਦਾ ਹੈ। (1 ਯੂਹੰਨਾ 4:8) ਯਹੋਵਾਹ ਦਾ ਸਾਡੇ ਨਾਲ ਪੇਸ਼ ਆਉਣ ਦਾ ਤਰੀਕਾ ਤੇ ਉਸ ਦੇ ਚੰਗੇ ਗੁਣ ਸਾਨੂੰ ਮੋਹ ਲੈਂਦੇ ਹਨ। ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਵਾਰ ਦਿੱਤਾ ਤਾਂਕਿ ਸਾਨੂੰ ਵਧੀਆ ਭਵਿੱਖ ਮਿਲ ਸਕੇ। (ਯੂਹੰਨਾ 3:16) ਇਸ ਲਈ ਅਸੀਂ ਆਪਣਾ ਸਾਰਾ ਕੁਝ, ਇੱਥੋਂ ਤਕ ਕਿ ਆਪਣੀ ਜ਼ਿੰਦਗੀ ਵੀ ਉਸ ਨੂੰ ਸੌਂਪਣ ਲਈ ਤਿਆਰ ਹਾਂ।—ਕਹਾਉਤਾਂ 3:9; 2 ਕੁਰਿੰਥੀਆਂ 5:14, 15.
17. ਅਸੀਂ ਕਿਸ ਚੀਜ਼ ਦੇ ਲੇਖੇ ਆਪਣੀ ਜ਼ਿੰਦਗੀ ਨਹੀਂ ਲਾਈ ਹੈ?
17 ਅਸੀਂ ਕਿਸੇ ਅਸੂਲ ਜਾਂ ਕਿਸੇ ਕੰਮ ਦੇ ਲੇਖੇ ਆਪਣੀ ਜ਼ਿੰਦਗੀ ਨਹੀਂ ਲਾਉਂਦੇ, ਸਗੋਂ ਯਹੋਵਾਹ ਦੇ ਲੇਖੇ ਲਾਉਂਦੇ ਹਾਂ। ਪਰਮੇਸ਼ੁਰ ਨੇ ਸਾਨੂੰ ਜੋ ਕੰਮ ਦਿੱਤਾ ਹੈ ਉਹ ਭਲਕ ਨੂੰ ਬਦਲ ਜਾਵੇਗਾ, ਪਰ ਉਸ ਦੀ ਸੇਵਾ ਕਰਨ ਲਈ ਕੀਤਾ ਸਾਡਾ ਸਮਰਪਣ ਦਾ ਵਾਅਦਾ ਕਦੀ ਨਹੀਂ ਬਦਲੇਗਾ। ਮਿਸਾਲ ਲਈ, ਯਹੋਵਾਹ ਨੇ ਜੋ ਕੰਮ ਅਬਰਾਹਾਮ ਨੂੰ ਦਿੱਤਾ ਸੀ, ਉਹ ਯਿਰਮਿਯਾਹ ਨੂੰ ਦਿੱਤੇ ਗਏ ਕੰਮ ਤੋਂ ਬਹੁਤ ਵੱਖਰਾ ਸੀ। (ਉਤਪਤ 13:17, 18; ਯਿਰਮਿਯਾਹ 1:6, 7) ਪਰ ਦੋਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਕਿਉਂ? ਕਿਉਂਕਿ ਉਹ ਯਹੋਵਾਹ ਨਾਲ ਪਿਆਰ ਕਰਦੇ ਸਨ ਅਤੇ ਵਫ਼ਾਦਾਰੀ ਨਾਲ ਉਸ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਸਨ। ਜਿਨ੍ਹਾਂ ਨੇ ਬਪਤਿਸਮਾ ਲਿਆ ਹੈ, ਉਹ ਇਨ੍ਹਾਂ ਅੰਤ ਦੇ ਦਿਨਾਂ ਵਿਚ ਮਸੀਹ ਦੇ ਹੁਕਮ ਅਨੁਸਾਰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਅਤੇ ਚੇਲੇ ਬਣਾਉਂਦੇ ਹਨ। (ਮੱਤੀ 24:14; 28:19, 20) ਇਹ ਕੰਮ ਪੂਰੇ ਦਿਲ ਨਾਲ ਕਰ ਕੇ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਅਸੀਂ ਸੱਚ-ਮੁੱਚ ਆਪਣੀ ਜ਼ਿੰਦਗੀ ਉਸ ਦੇ ਨਾਂ ਲਾਈ ਹੈ।—1 ਯੂਹੰਨਾ 5:3.
18, 19. (ੳ) ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ, ਤਾਂ ਅਸੀਂ ਸਾਰਿਆਂ ਨੂੰ ਕੀ ਦੱਸਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?
18 ਇਸ ਵਿਚ ਕੋਈ ਸ਼ੱਕ ਨਹੀਂ ਕਿ ਬਪਤਿਸਮਾ ਲੈਣ ਨਾਲ ਸਾਨੂੰ ਕਈ ਬਰਕਤਾਂ ਮਿਲਦੀਆਂ ਹਨ। ਪਰ ਸਾਨੂੰ ਇਹ ਕਦਮ ਸੋਚ-ਸਮਝ ਕੇ ਚੁੱਕਣਾ ਚਾਹੀਦਾ ਹੈ। (ਲੂਕਾ 14:26-33) ਬਪਤਿਸਮਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਡੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਸਭ ਤੋਂ ਜ਼ਰੂਰੀ ਚੀਜ਼ ਹੈ। (ਲੂਕਾ 9:62) ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ, ਤਾਂ ਅਸੀਂ ਅਸਲ ਵਿਚ ਸਾਰਿਆਂ ਨੂੰ ਇਹ ਦੱਸਦੇ ਹਾਂ ਕਿ “ਇਹੋ ਪਰਮੇਸ਼ੁਰ ਤਾਂ ਜੁੱਗੋ ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੀਕ ਵੀ ਉਹੋ ਸਾਡਾ ਆਗੂ ਰਹੇਗਾ!”—ਜ਼ਬੂਰਾਂ ਦੀ ਪੋਥੀ 48:14.
19 ਅਗਲੇ ਲੇਖ ਵਿਚ ਅਸੀਂ ਬਪਤਿਸਮੇ ਨਾਲ ਜੁੜੇ ਹੋਰ ਸਵਾਲਾਂ ਉੱਤੇ ਗੌਰ ਕਰਾਂਗੇ। ਕੀ ਬਪਤਿਸਮਾ ਨਾ ਲੈਣ ਦਾ ਕੋਈ ਜਾਇਜ਼ ਕਾਰਨ ਹੋ ਸਕਦਾ ਹੈ? ਕੀ ਇਸ ਵਿਚ ਉਮਰ ਕੋਈ ਮਾਅਨੇ ਰੱਖਦੀ ਹੈ? ਅਸੀਂ ਸਾਰੇ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਬਪਤਿਸਮੇ ਦੀ ਅਹਿਮੀਅਤ ਨੂੰ ਸਮਝਦੇ ਹਾਂ?
ਕੀ ਤੁਸੀਂ ਸਮਝਾ ਸਕਦੇ ਹੋ?
• ਬਪਤਿਸਮਾ ਲੈਣ ਤੋਂ ਪਹਿਲਾਂ ਹਰੇਕ ਮਸੀਹੀ ਨੂੰ ਤੋਬਾ ਕਰਨ ਦੀ ਕਿਉਂ ਲੋੜ ਹੈ?
• ਆਪਣਾ ਜੀਵਨ ਪਰਮੇਸ਼ੁਰ ਨੂੰ ਸੌਂਪਣ ਵਿਚ ਕੀ-ਕੀ ਸ਼ਾਮਲ ਹੈ?
• ਯਹੋਵਾਹ ਦੇ ਨਾਮ ਤੋਂ ਜਾਣੇ ਜਾਣ ਦੇ ਸਨਮਾਨ ਨਾਲ ਕਿਹੜੀਆਂ ਜ਼ਿੰਮੇਵਾਰੀਆਂ ਜੁੜੀਆਂ ਹਨ?
• ਬਪਤਿਸਮਾ ਲੈਣ ਦਾ ਕਾਰਨ ਕੀ ਹੋਣਾ ਚਾਹੀਦਾ ਹੈ?
[ਸਫ਼ਾ 22 ਉੱਤੇ ਡੱਬੀ/ਤਸਵੀਰ]
ਬਪਤਿਸਮੇ ਤੋਂ ਪਹਿਲਾਂ ਇਹ ਦੋ ਸਵਾਲ ਪੁੱਛੇ ਜਾਂਦੇ ਹਨ:
ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ, ਕੀ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕੀਤੀ ਹੈ?
ਕੀ ਤੁਸੀਂ ਇਹ ਗੱਲ ਸਮਝਦੇ ਹੋ ਕਿ ਬਪਤਿਸਮਾ ਲੈਣ ਤੋਂ ਬਾਅਦ ਤੁਸੀਂ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਓਗੇ ਅਤੇ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਚੱਲ ਰਹੇ ਉਸ ਦੇ ਸੰਗਠਨ ਦੇ ਮੈਂਬਰ ਬਣ ਜਾਓਗੇ?
[ਸਫ਼ਾ 23 ਉੱਤੇ ਤਸਵੀਰ]
ਸਮਰਪਣ ਪ੍ਰਾਰਥਨਾ ਰਾਹੀਂ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਵਾਅਦਾ ਹੈ
[ਸਫ਼ਾ 25 ਉੱਤੇ ਤਸਵੀਰ]
ਪ੍ਰਚਾਰ ਕਰ ਕੇ ਅਸੀਂ ਆਪਣੇ ਸਮਰਪਣ ਦਾ ਸਬੂਤ ਦਿੰਦੇ ਹਾਂ