ਯਿਰਮਿਯਾਹ ਦਾ ਵਫ਼ਾਦਾਰ ਸੈਕਟਰੀ ਬਾਰੂਕ
ਕੀ ਤੁਸੀਂ “ਨੇਰੀਯਾਹ ਦੇ ਪੁੱਤ੍ਰ ਬਾਰੂਕ” ਬਾਰੇ ਸੁਣਿਆ ਹੈ? (ਯਿਰਮਿਯਾਹ 36:4) ਬਾਈਬਲ ਵਿਚ ਹਾਲਾਂਕਿ ਬਾਰੂਕ ਦਾ ਜ਼ਿਕਰ ਸਿਰਫ਼ ਚਾਰ ਅਧਿਆਵਾਂ ਵਿਚ ਆਉਂਦਾ ਹੈ, ਪਰ ਬਾਈਬਲ ਨੂੰ ਪੜ੍ਹਨ ਵਾਲੇ ਉਸ ਨੂੰ ਯਿਰਮਿਯਾਹ ਦੇ ਗੂੜ੍ਹੇ ਮਿੱਤਰ ਤੇ ਨਿੱਜੀ ਸੈਕਟਰੀ ਵਜੋਂ ਜਾਣਦੇ ਹਨ। ਯਿਰਮਿਯਾਹ ਤੇ ਬਾਰੂਕ ਦੋਹਾਂ ਨੇ ਕਾਫ਼ੀ ਕੁਝ ਸਹਿਆ ਜਿਵੇਂ ਕਿ ਯਹੂਦਾਹ ਦੇ ਨਾਸ਼ ਤੋਂ ਪਹਿਲਾਂ ਦੇ ਸੰਕਟ ਭਰੇ 18 ਸਾਲ, 607 ਵਿਚ ਹੋਈ ਬਾਬਲੀ ਫ਼ੌਜ ਵੱਲੋਂ ਯਰੂਸ਼ਲਮ ਸ਼ਹਿਰ ਦੀ ਤਬਾਹੀ ਅਤੇ ਸਜ਼ਾ ਵਜੋਂ ਯਹੂਦੀਆਂ ਨੂੰ ਮਿਸਰ ਵਿਚ ਗ਼ੁਲਾਮਾਂ ਵਜੋਂ ਲੈ ਜਾਏ ਜਾਣਾ।
ਹਾਲ ਹੀ ਦੇ ਸਾਲਾਂ ਵਿਚ ਖੋਜਕਾਰਾਂ ਨੂੰ ਚੀਕਣੀ ਮਿੱਟੀ ਦੀਆਂ ਬਣੀਆਂ ਮੁਹਰਾਂ a ਲੱਭੀਆਂ ਹਨ ਜਿਨ੍ਹਾਂ ਤੇ ਇਹ ਲਿਖਿਆ ਹੋਇਆ ਹੈ: “ਨੇਰੀਯਾਹੂ [ਨੇਰੀਯਾਹ ਦਾ ਇਬਰਾਨੀ ਨਾਂ] ਦਾ ਪੁੱਤਰ, ਨਕਲਨਵੀਸ ਬਰਕਯਾਹ [ਬਾਰੂਕ ਦਾ ਇਬਰਾਨੀ ਨਾਂ] ਦਾ।” ਇਹ ਮੁਹਰਾਂ ਸੱਤਵੀਂ ਸਦੀ ਦੀਆਂ ਹਨ ਅਤੇ ਇਨ੍ਹਾਂ ਨੇ ਬਾਈਬਲ ਵਿਦਵਾਨਾਂ ਦੀ ਰੁਚੀ ਇਸ ਸ਼ਖ਼ਸ ਵਿਚ ਜਗਾਈ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਬਾਰੂਕ ਕੌਣ ਸੀ? ਉਸ ਦਾ ਪਿਛੋਕੜ ਕੀ ਸੀ, ਉਹ ਕਿੰਨਾ ਕੁ ਪੜ੍ਹਿਆ-ਲਿਖਿਆ ਸੀ ਤੇ ਉਹ ਕੀ ਰੁਤਬਾ ਰੱਖਦਾ ਸੀ? ਬਾਰੂਕ ਨੇ ਯਿਰਮਿਯਾਹ ਦੀ ਮਦਦ ਕੀਤੀ, ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਕਰਨ ਲਈ ਆਓ ਆਪਾਂ ਬਾਈਬਲ ਵਿੱਚੋਂ ਅਤੇ ਉਪਲਬਧ ਇਤਿਹਾਸਕ ਜਾਣਕਾਰੀ ਤੇ ਗੌਰ ਕਰੀਏ।
ਪਿਛੋਕੜ ਅਤੇ ਰੁਤਬਾ
ਕਈ ਵਿਦਵਾਨ ਮੰਨਦੇ ਹਨ ਕਿ ਬਾਰੂਕ ਦਾ ਜਨਮ ਯਹੂਦਾਹ ਦੇ ਇਕ ਜਾਣੇ-ਮਾਣੇ ਨਕਲਨਵੀਸਾਂ ਦੇ ਪਰਿਵਾਰ ਵਿਚ ਹੋਇਆ ਸੀ। ਇਸ ਨਤੀਜੇ ਤੇ ਪਹੁੰਚਣ ਦੇ ਉਹ ਕਈ ਕਾਰਨ ਦੱਸਦੇ ਹਨ। ਮਿਸਾਲ ਲਈ, ਬਾਈਬਲ ਦੇ ਕੁਝ ਅਨੁਵਾਦਾਂ ਵਿਚ ਬਾਰੂਕ ਨੂੰ “ਸੈਕਟਰੀ” ਜਾਂ “ਨਕਲਨਵੀਸ” ਦਾ ਖ਼ਿਤਾਬ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਬਾਈਬਲ ਬਾਰੂਕ ਦੇ ਭਰਾ ਸਰਾਯਾਹ ਦਾ ਵੀ ਜ਼ਿਕਰ ਕਰਦੀ ਹੈ ਜਿਸ ਦੀ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਦੇ ਦਰਬਾਰ ਵਿਚ ਅਹਿਮ ਪਦਵੀ ਸੀ।—ਯਿਰਮਿਯਾਹ 36:32; 51:59.
ਪੁਰਾਤੱਤਵ-ਵਿਗਿਆਨੀ ਫ਼ਿਲਿਪ ਜੇ. ਕਿੰਗ ਯਿਰਮਿਯਾਹ ਦੇ ਦਿਨਾਂ ਦੇ ਨਕਲਨਵੀਸਾਂ ਬਾਰੇ ਲਿਖਦਾ ਹੈ: “ਨਕਲਨਵੀਸ ਪੇਸ਼ਾਵਰ ਵਰਗ ਦੇ ਸਨ ਤੇ ਯਹੂਦਾਹ ਵਿਚ ਸੱਤਵੀਂ ਸਦੀ ਦੇ ਅੰਤ ਤੋਂ ਲੈ ਕੇ ਛੇਵੀਂ ਸਦੀ ਦੇ ਸ਼ੁਰੂ ਤਕ ਮਸ਼ਹੂਰ ਸਨ . . . ਨਕਲਨਵੀਸ ਦਾ ਖ਼ਿਤਾਬ ਸ਼ਾਹੀ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਸੀ।”
ਇਸ ਤੋਂ ਇਲਾਵਾ, ਯਿਰਮਿਯਾਹ ਦੇ 36ਵੇਂ ਅਧਿਆਇ, ਜਿਸ ਦੀ ਅਸੀਂ ਬਾਅਦ ਵਿਚ ਚਰਚਾ ਕਰਾਂਗੇ, ਤੋਂ ਇੰਜ ਲੱਗਦਾ ਹੈ ਕਿ ਬਾਰੂਕ ਦੀ ਪਾਤਸ਼ਾਹ ਦੇ ਸਲਾਹਕਾਰਾਂ ਨਾਲ ਥੋੜ੍ਹੀ-ਬਹੁਤੀ ਵਾਕਫ਼ੀਅਤ ਸੀ ਤੇ ਉਸ ਨੂੰ ਰਾਜਕੁਮਾਰ ਗਮਰਯਾਹ ਦੀ ਸਰਕਾਰੀ ਬੈਠਕ ਵਿਚ ਆਉਣ ਦੀ ਇਜਾਜ਼ਤ ਸੀ। ਬਾਈਬਲ ਵਿਦਵਾਨ ਜੇਮਜ਼ ਮੂਲਿਨਬਰਗ ਇਸ ਬਾਰੇ ਆਪਣੀ ਰਾਇ ਦਿੰਦਾ ਹੈ: “ਬਾਰੂਕ ਦਾ ਸਰਕਾਰੀ ਬੈਠਕ ਵਿਚ ਆਉਣ ਦਾ ਜਾਇਜ਼ ਹੱਕ ਬਣਦਾ ਸੀ ਕਿਉਂਕਿ ਉਹ ਵੀ ਉਨ੍ਹਾਂ ਸ਼ਾਹੀ ਅਧਿਕਾਰੀਆਂ ਵਿਚ ਸ਼ਾਮਲ ਸੀ ਜੋ ਉਸ ਅਹਿਮ ਅਵਸਰ ਤੇ ਪਰਜਾ ਅੱਗੇ ਪੱਤਰੀ ਪੜ੍ਹਨ ਲਈ ਇਕੱਠੇ ਹੋਏ ਸਨ। ਹਾਂ, ਉਹ ਆਪਣੇ ਬਰਾਬਰ ਦੇ ਰੁਤਬੇ ਦੇ ਵਿਅਕਤੀਆਂ ਨਾਲ ਸੀ।”
ਇਕ ਕਿਤਾਬ ਬਾਰੂਕ ਦੇ ਰੁਤਬੇ ਬਾਰੇ ਦੱਸਦੀ ਹੈ: “ਕਿਉਂਕਿ ਬਰਕਯਾਹ ਦੀ ਮੁਹਰ ਦੂਸਰੇ ਉੱਚੇ ਰੁਤਬੇ ਵਾਲੇ ਅਧਿਕਾਰੀਆਂ ਦੀਆਂ ਬਹੁਤ ਸਾਰੀਆਂ ਮੁਹਰਾਂ ਨਾਲ ਮਿਲਿਆ ਹੈ, ਤਾਂ ਇਹ ਮੰਨਣਾ ਵਾਜਬ ਹੈ ਕਿ ਬਾਰੂਕ/ਬਰਕਯਾਹ ਇਨ੍ਹਾਂ ਹੀ ਅਧਿਕਾਰੀਆਂ ਦੇ ਦਾਇਰੇ ਵਿਚ ਕੰਮ ਕਰਦਾ ਸੀ।” ਮਿਲੀ ਜਾਣਕਾਰੀ ਤੋਂ ਇੰਜ ਲੱਗਦਾ ਹੈ ਕਿ ਬਾਰੂਕ ਤੇ ਉਸ ਦਾ ਭਰਾ ਸਰਾਯਾਹ ਦੋਵੇਂ ਉੱਚੇ ਰੁਤਬੇ ਦੇ ਅਧਿਕਾਰੀ ਸਨ ਜਿਨ੍ਹਾਂ ਨੇ ਯਰੂਸ਼ਲਮ ਸ਼ਹਿਰ ਦੀ ਤਬਾਹੀ ਤੋਂ ਪਹਿਲਾਂ ਦੇ ਭਿਆਨਕ ਸਾਲਾਂ ਦੌਰਾਨ ਯਹੋਵਾਹ ਦੇ ਵਫ਼ਾਦਾਰ ਨਬੀ ਯਿਰਮਿਯਾਹ ਦੀ ਮਦਦ ਕੀਤੀ ਸੀ।—ਪੱਛਮੀ ਸਾਮੀ ਲੋਕਾਂ ਦੇ ਠੱਪਿਆਂ ਦਾ ਸੰਗ੍ਰਹਿ; ਅੰਗ੍ਰੇਜ਼ੀ।
ਯਿਰਮਿਯਾਹ ਨੂੰ ਜਨਤਕ ਸਮਰਥਨ
ਬਾਈਬਲ ਵਿਚ ਬਾਰੂਕ ਦਾ ਜ਼ਿਕਰ ਪਹਿਲੀ ਵਾਰ ਯਿਰਮਿਯਾਹ ਦੇ ਅਧਿਆਇ 36 ਵਿਚ ਆਉਂਦਾ ਹੈ। ਇਹ ਤਕਰੀਬਨ 625 ਈਸਵੀ ਪੂਰਵ ਦੀ ਗੱਲ ਹੈ ਜਦ ਰਾਜਾ ‘ਯਹੋਯਾਕੀਮ ਦਾ ਚੌਥਾ ਵਰ੍ਹਾ’ ਚੱਲ ਰਿਹਾ ਸੀ। ਇਸ ਸਮੇਂ ਤਕ ਯਿਰਮਿਯਾਹ ਨੂੰ ਇਕ ਨਬੀ ਵਜੋਂ ਕੰਮ ਕਰਦਿਆਂ 23 ਸਾਲ ਹੋ ਗਏ ਸਨ।—ਯਿਰਮਿਯਾਹ 25:1-3; 36:1, 4.
ਉਸ ਵਕਤ ਯਹੋਵਾਹ ਨੇ ਯਿਰਮਿਯਾਹ ਨੂੰ ਕਿਹਾ: “ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਓਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਵਿਖੇ ਅਤੇ ਸਾਰੀਆਂ ਕੌਮਾਂ ਦੇ ਵਿਖੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਆਖੀਆਂ ਉਹ ਦੇ ਵਿੱਚ ਲਿੱਖ ਲੈ।” ਯਿਰਮਿਯਾਹ ਨੇ ਕੀ ਕੀਤਾ? ਉਸ ਨੇ “ਨੇਰੀਯਾਹ ਦੇ ਪੁੱਤ੍ਰ ਬਾਰੂਕ ਨੂੰ ਬੁਲਾਇਆ ਅਤੇ ਬਾਰੂਕ ਨੇ ਯਿਰਮਿਯਾਹ ਦੇ ਮੂੰਹ ਤੋਂ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਸ ਨੂੰ ਬੋਲਿਆ ਲਪੇਟਵੀਂ ਪੱਤ੍ਰੀ ਵਿੱਚ ਲਿੱਖ ਲਈਆਂ।”—ਯਿਰਮਿਯਾਹ 36:2-4.
ਬਾਰੂਕ ਨੂੰ ਬੁਲਾਉਣ ਦੀ ਕੀ ਵਜ੍ਹਾ ਸੀ? ਯਿਰਮਿਯਾਹ ਨੇ ਉਸ ਨੂੰ ਦੱਸਿਆ: “ਮੈਂ ਰੋਕਿਆ ਗਿਆ ਹਾਂ ਅਤੇ ਯਹੋਵਾਹ ਦੇ ਭਵਨ ਵਿੱਚ ਜਾ ਨਹੀਂ ਸੱਕਦਾ।” (ਯਿਰਮਿਯਾਹ 36:5) ਲੱਗਦਾ ਹੈ ਕਿ ਯਿਰਮਿਯਾਹ ਨੂੰ ਭਵਨ ਵਿਚ ਜਾਣ ਤੋਂ ਵਰਜਿਆ ਗਿਆ ਸੀ ਜਿੱਥੇ ਪੱਤਰੀ ਪੜ੍ਹੀ ਜਾਣੀ ਸੀ। ਇਸ ਦਾ ਇਕ ਕਾਰਨ ਹੋ ਸਕਦਾ ਹੈ ਕਿ ਯਿਰਮਿਯਾਹ ਵੱਲੋਂ ਸੁਣਾਏ ਗਏ ਪਹਿਲੇ ਸੰਦੇਸ਼ਾਂ ਨੇ ਅਧਿਕਾਰੀਆਂ ਦੇ ਕ੍ਰੋਧ ਨੂੰ ਸ਼ਾਇਦ ਭੜਕਾਇਆ ਹੋਵੇ। (ਯਿਰਮਿਯਾਹ 26:1-9) ਕੋਈ ਸ਼ੱਕ ਨਹੀਂ ਕਿ ਬਾਰੂਕ ਯਹੋਵਾਹ ਦਾ ਭਗਤ ਸੀ ਕਿਉਂਕਿ ਉਸ ਨੇ “ਸਭ ਕੁਝ ਓਵੇਂ ਹੀ ਕੀਤਾ ਜਿਵੇਂ ਯਿਰਮਿਯਾਹ ਨਬੀ ਨੇ ਉਹ ਨੂੰ ਹੁਕਮ ਦਿੱਤਾ ਸੀ।”—ਯਿਰਮਿਯਾਹ 36:8.
ਗੁਜ਼ਰੇ 23 ਸਾਲਾਂ ਵਿਚ ਦਿੱਤੀਆਂ ਚੇਤਾਵਨੀਆਂ ਬਾਰੂਕ ਲਈ ਲਿਖਣੀਆਂ ਕੋਈ ਸੌਖਾ ਕੰਮ ਨਹੀਂ ਸੀ। ਸ਼ਾਇਦ ਯਿਰਮਿਯਾਹ ਵੀ ਚੇਤਾਵਨੀਆਂ ਸੁਣਾਉਣ ਲਈ ਸਹੀ ਮੌਕੇ ਦੇ ਇੰਤਜ਼ਾਰ ਵਿਚ ਸੀ। ਉਹ ਮੌਕਾ ਹੱਥੋਂ ਖੁੰਝਿਆ ਨਹੀਂ ਸਗੋਂ ਜ਼ਰੂਰ ਆਇਆ। ਨਵੰਬਰ ਜਾਂ ਦਸੰਬਰ 624 ਈਸਵੀ ਪੂਰਵ ਵਿਚ ਬਾਰੂਕ ਨੇ ਦਲੇਰੀ ਨਾਲ “ਯਹੋਵਾਹ ਦੇ ਭਵਨ ਵਿੱਚ ਯਿਰਮਿਯਾਹ ਦੀਆਂ ਗੱਲਾਂ ਪੱਤ੍ਰੀ ਵਿੱਚੋਂ ਗਮਰਯਾਹ ਲਿਖਾਰੀ ਦੀ ਕੋਠੜੀ ਦੇ ਵਿੱਚ . . . ਸਾਰੀ ਪਰਜਾ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈਆਂ।”—ਯਿਰਮਿਯਾਹ 36:8-10.
ਜਦ ਮੀਕਾਯਾਹ ਦੇ ਕੰਨੀਂ ਇਹ ਖ਼ਬਰ ਪਈ, ਤਾਂ ਉਸ ਨੇ ਆਪਣੇ ਬਾਪ ਗਮਰਯਾਹ ਅਤੇ ਹੋਰ ਰਾਜਕੁਮਾਰਾਂ ਨੂੰ ਸਭ ਕੁਝ ਦੱਸ ਦਿੱਤਾ ਜਿਸ ਦੇ ਫਲਸਰੂਪ ਉਨ੍ਹਾਂ ਨੇ ਬਾਰੂਕ ਨੂੰ ਪੱਤਰੀ ਦੁਬਾਰਾ ਪੜ੍ਹਨ ਲਈ ਸੱਦਾ ਘੱਲਿਆ। ਫਿਰ ਇੱਦਾਂ ਹੋਇਆ ਕਿ “ਜਦ ਓਹਨਾਂ ਏਹ [ਪੱਤਰੀਆਂ ਵਿਚਲੀਆਂ] ਗੱਲਾਂ ਸੁਣੀਆਂ ਤਾਂ ਹਰੇਕ ਆਪਣੇ ਸਾਥੀ ਵੱਲ ਵੇਖ ਕੇ ਕੰਬਣ ਲੱਗ ਪਿਆ। ਓਹਨਾਂ ਨੇ ਬਾਰੂਕ ਨੂੰ ਆਖਿਆ ਕਿ ਸਾਨੂੰ ਏਹ ਸਾਰੀਆਂ ਗੱਲਾਂ ਪਾਤਸ਼ਾਹ ਨੂੰ ਦੱਸਣੀਆਂ ਪੈਣਗੀਆਂ। . . . ਜਾਹ ਤੂੰ ਅਤੇ ਯਿਰਮਿਯਾਹ, ਆਪਣੇ ਆਪ ਨੂੰ ਲੁਕਾ ਲਓ ਅਤੇ ਕੋਈ ਨਾ ਜਾਣੇ ਕਿ ਤੁਸੀਂ ਕਿੱਥੇ ਹੋ!”—ਯਿਰਮਿਯਾਹ 36:11-19.
ਜਦ ਪਾਤਸ਼ਾਹ ਯਹੋਯਾਕੀਮ ਨੂੰ ਪਤਾ ਲੱਗਾ ਕਿ ਬਾਰੂਕ ਨੇ ਯਿਰਮਿਯਾਹ ਦੇ ਕਹੇ ਮੁਤਾਬਕ ਕੀ ਲਿਖਿਆ ਸੀ, ਤਾਂ ਉਸ ਦਾ ਖ਼ੂਨ ਖੌਲ ਉੱਠਿਆ ਤੇ ਉਸ ਨੇ ਪੱਤਰੀ ਦੇ ਟੁਕੜੇ-ਟੁਕੜੇ ਕਰ ਕੇ ਉਸ ਨੂੰ ਅੱਗ ਵਿਚ ਭਸਮ ਕਰ ਦਿੱਤਾ। ਫਿਰ ਉਸ ਨੇ ਆਪਣੇ ਬੰਦਿਆਂ ਨੂੰ ਯਿਰਮਿਯਾਹ ਤੇ ਬਾਰੂਕ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਜਦ ਉਹ ਲੁਕੇ ਹੋਏ ਸਨ, ਯਹੋਵਾਹ ਨੇ ਉਨ੍ਹਾਂ ਨੂੰ ਇਕ ਹੋਰ ਪੱਤਰੀ ਲਿਖਣ ਲਈ ਕਿਹਾ।—ਯਿਰਮਿਯਾਹ 36:21-32.
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਰੂਕ ਇਸ ਕੰਮ ਨਾਲ ਜੁੜੇ ਖ਼ਤਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਕੁਝ ਸਾਲ ਪਹਿਲਾਂ ਉਸ ਨੇ ਯਿਰਮਿਯਾਹ ਨੂੰ ਦਿੱਤੀਆਂ ਧਮਕੀਆਂ ਬਾਰੇ ਸੁਣਿਆ ਹੋਵੇਗਾ। ਨਾਲੇ ਉਹ ਇਹ ਵੀ ਜਾਣਦਾ ਸੀ ਕਿ ਪਾਤਸ਼ਾਹ ਯਹੋਯਾਕੀਮ ਨੇ ਊਰੀਯਾਹ ਨੂੰ ਮਾਰ ਦਿੱਤਾ ਸੀ ਜਿਸ ਨੇ “ਯਿਰਮਿਯਾਹ ਦੀਆਂ ਸਾਰੀਆਂ ਗੱਲਾਂ ਵਾਂਙੁ” ਅਗੰਮ ਵਾਚਿਆ ਸੀ। ਇਸ ਦੇ ਬਾਵਜੂਦ ਬਾਰੂਕ ਨੇ ਯਿਰਮਿਯਾਹ ਦੇ ਕੰਮ ਵਿਚ ਯੋਗਦਾਨ ਪਾਉਣ ਲਈ ਆਪਣੇ ਪੇਸ਼ਾਵਰ ਹੁਨਰਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਆਪਣੀ ਵਾਕਫ਼ੀਅਤ ਨੂੰ ਵਰਤਿਆ।—ਯਿਰਮਿਯਾਹ 26:1-9, 20-24.
“ਵੱਡੀਆਂ ਚੀਜ਼ਾਂ” ਨਾ ਭਾਲ
ਪਹਿਲੀ ਪੱਤਰੀ ਲਿਖਣ ਵੇਲੇ ਬਾਰੂਕ ਅਤਿਅੰਤ ਉਦਾਸ ਹੋ ਗਿਆ ਸੀ। ਹਉਕਾ ਭਰ ਕੇ ਉਹ ਬੋਲਿਆ: “ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ।” ਬਾਰੂਕ ਇੰਜ ਕਿਉਂ ਮਹਿਸੂਸ ਕਰ ਰਿਹਾ ਸੀ?—ਯਿਰਮਿਯਾਹ 45:1-3.
ਬਾਈਬਲ ਵਿਚ ਸਾਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਪਰ ਜ਼ਰਾ ਕਲਪਨਾ ਕਰ ਕੇ ਦੇਖੋ ਕਿ ਬਾਰੂਕ ਇਸ ਤਰ੍ਹਾਂ ਕਿਉਂ ਸੋਚਣ ਲੱਗ ਪਿਆ ਸੀ। ਇਸਰਾਏਲ ਤੇ ਯਹੂਦਾਹ ਦੇ ਲੋਕ ਯਹੋਵਾਹ ਤੋਂ ਬੇਮੁੱਖ ਹੋ ਗਏ ਸਨ। ਯਹੋਵਾਹ ਵੱਲੋਂ 23 ਸਾਲਾਂ ਦੌਰਾਨ ਦਿੱਤੀਆਂ ਚੇਤਾਵਨੀਆਂ ਸੁਣਾ ਕੇ ਬਾਰੂਕ ਨੇ ਇਨ੍ਹਾਂ ਲੋਕਾਂ ਦੇ ਕੰਮਾਂ ਦਾ ਪਰਦਾਫ਼ਾਸ਼ ਕੀਤਾ ਸੀ। ਯਹੋਵਾਹ ਨੇ ਤੈਅ ਕਰ ਲਿਆ ਸੀ ਕਿ ਯਰੂਸ਼ਲਮ ਤੇ ਯਹੂਦਾਹ ਦੋਹਾਂ ਦਾ ਉਜੜਨਾ ਬਾਬੁਲ ਦੇ ਹੱਥੀਂ ਹੋਏਗਾ ਤੇ ਇਸਰਾਏਲੀਆਂ ਨੂੰ 70 ਸਾਲਾਂ ਲਈ ਬਾਬੁਲ ਵਿਚ ਰਹਿਣਾ ਪਏਗਾ। ਇਹ ਜਾਣਕਾਰੀ ਯਹੋਵਾਹ ਨੇ ਯਿਰਮਿਯਾਹ ਨੂੰ ਉਦੋਂ ਦਿੱਤੀ ਸੀ ਜਦ ਬਾਰੂਕ ਨੇ ਪਹਿਲੀ ਪੱਤਰੀ ਲਿਖੀ ਸੀ ਅਤੇ ਹੋ ਸਕਦਾ ਹੈ ਕਿ ਇਹ ਜਾਣਕਾਰੀ ਪੱਤਰੀ ਵਿਚ ਵੀ ਦਰਜ ਕੀਤੀ ਗਈ ਸੀ। ਇਸ ਬਾਰੇ ਸੋਚ ਕੇ ਬਾਰੂਕ ਦਾ ਦਿਮਾਗ਼ ਚਕਰਾ ਗਿਆ ਹੋਣਾ। (ਯਿਰਮਿਯਾਹ 25:1-11) ਇਸ ਤੋਂ ਇਲਾਵਾ, ਉਸ ਨੂੰ ਡਰ ਸੀ ਕਿ ਇਸ ਔਖੀ ਘੜੀ ਵਿਚ ਯਿਰਮਿਯਾਹ ਦੀ ਸਹਾਇਤਾ ਕਰਦੇ-ਕਰਦੇ ਉਸ ਦਾ ਰੁਤਬਾ ਤੇ ਕੈਰੀਅਰ ਵੀ ਜਾਂਦਾ ਲੱਗੇਗਾ।
ਗੱਲ ਜੋ ਵੀ ਸੀ, ਯਹੋਵਾਹ ਨੇ ਭਵਿੱਖ ਵਿਚ ਹੋਣ ਵਾਲੇ ਨਿਆਂ ਨੂੰ ਮਨ ਵਿਚ ਰੱਖਣ ਵਿਚ ਬਾਰੂਕ ਦੀ ਮਦਦ ਕੀਤੀ। “ਜੋ ਮੈਂ ਬਣਾਇਆ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਏਹ ਸਾਰੇ ਦੇਸ ਨੂੰ,” ਯਹੋਵਾਹ ਨੇ ਕਿਹਾ। ਫਿਰ ਉਸ ਨੇ ਬਾਰੂਕ ਨੂੰ ਇਹ ਢੁਕਵੀਂ ਸਲਾਹ ਦਿੱਤੀ: “ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ।”—ਯਿਰਮਿਯਾਹ 45:4, 5.
ਯਹੋਵਾਹ ਨੇ ਖੁੱਲ੍ਹ ਕੇ ਨਹੀਂ ਦੱਸਿਆ ਕਿ ਇਹ “ਵੱਡੀਆਂ ਚੀਜ਼ਾਂ” ਕੀ ਸਨ, ਪਰ ਬਾਰੂਕ ਨੂੰ ਪਤਾ ਹੋਣਾ ਕਿ ਇਹ ਚੀਜ਼ਾਂ ਸੁਆਰਥੀ ਖ਼ਾਹਸ਼ਾਂ, ਸ਼ਾਨੋ-ਸ਼ੌਕਤ ਜਾਂ ਮਾਇਆ ਸੀ ਕਿ ਕੁਝ ਹੋਰ। ਯਹੋਵਾਹ ਨੇ ਉਸ ਨੂੰ ਅਕਲ ਤੋਂ ਕੰਮ ਲੈਣ ਦੀ ਨਸੀਹਤ ਦਿੱਤੀ ਅਤੇ ਉਸ ਨੂੰ ਯਾਦ ਕਰਾਇਆ ਕਿ ਭਵਿੱਖ ਵਿਚ ਕੀ ਹੋਣ ਵਾਲਾ ਸੀ: “ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।” ਹਾਂ, ਯਹੋਵਾਹ ਦਾ ਵਾਅਦਾ ਸੀ ਕਿ ਬਾਰੂਕ ਭਾਵੇਂ ਜਿੱਥੇ ਮਰਜ਼ੀ ਚਲਾ ਜਾਏ, ਉਸ ਦੀ ਸਭ ਤੋਂ ਕੀਮਤੀ ਚੀਜ਼ ਯਾਨੀ ਉਸ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ।—ਯਿਰਮਿਯਾਹ 45:5.
ਯਿਰਮਿਯਾਹ ਦੇ ਅਧਿਆਇ 36 ਤੇ 45 ਵਿਚ ਜ਼ਿਕਰ ਕੀਤੀਆਂ ਇਨ੍ਹਾਂ ਘਟਨਾਵਾਂ (ਜੋ 625 ਤੋਂ 624 ਈਸਵੀ ਪੂਰਵ ਵਿਚ ਹੋਈਆਂ) ਦੇ ਹੋਣ ਤੋਂ ਬਾਅਦ, ਬਾਈਬਲ 607 ਈ. ਪੂ. ਵਿਚ ਬਾਬਲੀ ਫ਼ੌਜਾਂ ਦੁਆਰਾ ਕੀਤੇ ਯਰੂਸ਼ਲਮ ਤੇ ਯਹੂਦਾਹ ਦੇ ਨਾਸ਼ ਤੋਂ ਪਹਿਲਾਂ ਦੇ ਕੁਝ ਮਹੀਨਿਆਂ ਤਕ ਬਾਰੂਕ ਬਾਰੇ ਕੁਝ ਨਹੀਂ ਦੱਸਦੀ। ਇਨ੍ਹਾਂ ਮਹੀਨਿਆਂ ਵਿਚ ਬਾਰੂਕ ਨੇ ਕੀ ਕੀਤਾ ਹੋਵੇਗਾ?
ਬਾਰੂਕ ਫਿਰ ਤੋਂ ਯਿਰਮਿਯਾਹ ਦੀ ਮਦਦ ਕਰਦਾ ਹੈ
ਯਰੂਸ਼ਲਮ ਵਿਰੁੱਧ ਬਾਬਲੀ ਫ਼ੌਜਾਂ ਦੀ ਚੜ੍ਹਾਈ ਸਮੇਂ, ਬਾਰੂਕ ਦਾ ਜ਼ਿਕਰ ਫਿਰ ਤੋਂ ਬਾਈਬਲ ਦੇ ਬਿਰਤਾਂਤ ਵਿਚ ਆਉਂਦਾ ਹੈ। ਯਿਰਮਿਯਾਹ ਪਾਤਸ਼ਾਹ ਦੇ “ਕੈਦ ਖ਼ਾਨੇ ਦੇ ਵੇਹੜੇ” ਵਿਚ ਬੰਦ ਸੀ ਜਦ ਯਹੋਵਾਹ ਨੇ ਉਸ ਨੂੰ ਅਨਾਥੋਥ ਵਿਚ ਰਹਿੰਦੇ ਆਪਣੇ ਚਾਚੇ ਦੇ ਮੁੰਡੇ ਦਾ ਖੇਤ ਮੁੱਲ ਲੈਣ ਲਈ ਆਖਿਆ। ਇਹ ਇਕ ਨਿਸ਼ਾਨੀ ਹੋਣੀ ਸੀ ਕਿ ਯਰੂਸ਼ਲਮ ਤੇ ਯਹੂਦਾਹ ਵਿਚ ਖ਼ੁਸ਼ਹਾਲੀ ਦਾ ਸੂਰਜ ਇਕ ਵਾਰ ਫਿਰ ਚੜ੍ਹੇਗਾ ਤੇ ਇਸਰਾਏਲੀ ਬਾਬਲ ਦੀ ਗ਼ੁਲਾਮੀ ਵਿੱਚੋਂ ਵਾਪਸ ਆਪਣੇ ਦੇਸ਼ ਮੁੜਨਗੇ। ਬਾਰੂਕ ਨੂੰ ਖੇਤ ਸੰਬੰਧੀ ਕਾਨੂੰਨੀ ਤੌਰ ਤੇ ਮਦਦ ਕਰਨ ਲਈ ਬੁਲਾਇਆ ਗਿਆ ਸੀ।—ਯਿਰਮਿਯਾਹ 32:1, 2, 6, 7.
ਯਿਰਮਿਯਾਹ ਦੱਸਦਾ ਹੈ: “ਤਾਂ ਮੈਂ ਬੈ-ਨਾਮੇ ਉੱਤੇ ਦਸਤਖਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਕੀਤੀ ਅਰ ਚਾਂਦੀ ਕੰਡੇ ਵਿੱਚ ਤੋਲੀ। ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ [ਲਿਆ] ਜਿਹ ਨੂੰ ਮੋਹਰ ਲੱਗੀ ਹੋਈ ਸੀ . . . ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਭੀ ਲਿਆ। ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ . . . ਨੇਰੀਯਾਹ ਦੇ ਪੁੱਤ੍ਰ ਬਾਰੂਕ ਨੂੰ . . . ਦਿੱਤੀ।” ਫਿਰ ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦਿੱਤਾ ਕਿ ਬੈਨਾਮੇ ਯਾਨੀ ਰਜਿਸਟਰੀ ਦੇ ਕਾਗਜ਼ਾਂ ਨੂੰ ਮਿੱਟੀ ਦੇ ਭਾਂਡੇ ਵਿਚ ਸਾਂਭ ਕੇ ਰੱਖ। ਕੁਝ ਵਿਦਵਾਨ ਮੰਨਦੇ ਹਨ ਕਿ ਇਹ ਕਾਗਜ਼ ਯਿਰਮਿਯਾਹ ਨੇ ਬਾਰੂਕ ਕੋਲੋਂ ਲਿਖਵਾਏ ਸਨ ਜੋ ਇਕ ਹੁਨਰਮੰਦ ਨਕਲਨਵੀਸ ਸੀ।—ਯਿਰਮਿਯਾਹ 32:10-14; 36:4, 17, 18; 45:1.
ਬਾਰੂਕ ਤੇ ਯਿਰਮਿਯਾਹ ਦੋਹਾਂ ਨੇ ਉਸ ਸਮੇਂ ਦੇ ਕਾਨੂੰਨੀ ਨਿਯਮਾਂ ਮੁਤਾਬਕ ਕੰਮ ਕੀਤਾ। ਮਿਸਾਲ ਲਈ ਉਨ੍ਹਾਂ ਨੇ ਬੈਨਾਮੇ ਦੀਆਂ ਦੋ ਕਾਪੀਆਂ ਤਿਆਰ ਕੀਤੀਆਂ। ਕਿਉਂ? ਪੱਛਮੀ ਸਾਮੀ ਲੋਕਾਂ ਦੇ ਠੱਪਿਆਂ ਦਾ ਸੰਗ੍ਰਹਿ ਕਿਤਾਬ ਸਮਝਾਉਂਦੀ ਹੈ: “ਪਹਿਲੇ ਬੈਨਾਮੇ ਨੂੰ ‘ਮੁਹਰਬੰਦ ਲਿਖਤ’ ਕਿਹਾ ਜਾਂਦਾ ਸੀ ਕਿਉਂਕਿ ਇਸ ਨੂੰ ਲਪੇਟ ਕੇ ਮੁਹਰ ਨਾਲ ਸੀਲਬੰਦ ਕਰ ਦਿੱਤਾ ਜਾਂਦਾ ਸੀ। ਇਹ ਬੈਨਾਮੇ ਦੀ ਅਸਲੀ ਕਾਪੀ ਸੀ। . . . ਦੂਜੀ ਕਾਪੀ ਪਹਿਲੀ ਕਾਪੀ ਦੀ ‘ਖੁੱਲ੍ਹੀ ਨਕਲ’ ਸੀ ਅਤੇ ਇਸ ਨੂੰ ਲੋੜ ਪੈਣ ਤੇ ਪੜ੍ਹਿਆ ਜਾਂਦਾ ਸੀ। ਇਸ ਤਰ੍ਹਾਂ ਦੋ ਕਾਪੀਆਂ ਹੁੰਦੀਆਂ ਸਨ, ਇਕ ਅਸਲੀ ਅਤੇ ਦੂਈ ਨਕਲ ਕੀਤੀ ਹੋਈ ਕਾਪੀ ਤੇ ਇਹ ਦੋਵੇਂ ਲਿਖਤਾਂ ਅਲੱਗ-ਅਲੱਗ ਕਾਗਜ਼ਾਂ ਤੇ ਲਿਖੀਆਂ ਜਾਂਦੀਆਂ ਸਨ।” ਖੋਜਕਾਰਾਂ ਦੀਆਂ ਲੱਭਤਾਂ ਤੋਂ ਪਤਾ ਲੱਗਦਾ ਹੈ ਕਿ ਮਿੱਟੀ ਦੇ ਭਾਂਡਿਆਂ ਵਿਚ ਬੈਨਾਮਿਆਂ ਨੂੰ ਰੱਖਣਾ ਉਨ੍ਹਾਂ ਦਿਨਾਂ ਦੀ ਇਕ ਆਮ ਰੀਤ ਸੀ।
ਅਖ਼ੀਰ ਉਹ ਸਮਾਂ ਵੀ ਆਇਆ ਜਦ ਬਾਬਲੀ ਸੈਨਿਕਾਂ ਨੇ ਯਰੂਸ਼ਲਮ ਤੇ ਕਬਜ਼ਾ ਕਰ ਕੇ ਉਸ ਨੂੰ ਸਾੜ ਸੁੱਟਿਆ ਅਤੇ ਕੁਝ ਕੰਗਾਲ ਲੋਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਬੰਦੀ ਬਣਾ ਕੇ ਬਾਬਲ ਲੈ ਗਏ। ਬਾਦਸ਼ਾਹ ਨਬੂਕਦਨੱਸਰ ਨੇ ਗਦਲਯਾਹ ਨੂੰ ਗਵਰਨਰ ਵਜੋਂ ਨਾਮਜ਼ਦ ਕੀਤਾ, ਪਰ ਦੋ ਮਹੀਨਿਆਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਯਹੋਵਾਹ ਦੀ ਸਲਾਹ ਦੇ ਉਲਟ, ਯਰੂਸ਼ਲਮ ਵਿਚ ਬਾਕੀ ਰਹਿੰਦੇ ਯਹੂਦੀ ਮਿਸਰ ਨੂੰ ਜਾਣ ਦੀ ਸੋਚਣ ਲੱਗੇ ਤੇ ਇਸ ਵੇਲੇ ਬਾਰੂਕ ਦਾ ਇਕ ਵਾਰ ਫਿਰ ਜ਼ਿਕਰ ਆਉਂਦਾ ਹੈ।—ਯਿਰਮਿਯਾਹ 39:2, 8; 40:5; 41:1, 2; 42:13-17.
ਯਹੂਦੀ ਆਗੂਆਂ ਨੇ ਯਿਰਮਿਯਾਹ ਨੂੰ ਕਿਹਾ: “ਤੂੰ ਝੂਠ ਬੋਲਦਾ ਹੈਂ, ਯਹੋਵਾਹ ਸਾਡੇ ਪਰਮੇਸ਼ੁਰ ਨੇ ਤੈਨੂੰ ਏਹ ਆਖਣ ਲਈ ਨਹੀਂ ਘੱਲਿਆ ਕਿ ਮਿਸਰ ਨੂੰ ਟਿਕਣ ਲਈ ਨਾ ਜਾਓ। ਤੈਨੂੰ ਤਾਂ ਨੇਰੀਯਾਹ ਦੇ ਪੁੱਤ੍ਰ ਬਾਰੂਕ ਨੇ ਸਾਡੇ ਵਿਰੁੱਧ ਪਰੇਰਿਆ ਹੈ ਭਈ ਸਾਨੂੰ ਕਸਦੀਆਂ ਦੇ ਹੱਥ ਵਿੱਚ ਦੇਵੇਂ ਅਤੇ ਓਹ ਸਾਨੂੰ ਮਾਰ ਸੁੱਟਣ ਅਤੇ ਸਾਨੂੰ ਅਸੀਰ ਕਰ ਕੇ ਬਾਬਲ ਨੂੰ ਲੈ ਜਾਣ।” (ਯਿਰਮਿਯਾਹ 43:2, 3) ਯਿਰਮਿਯਾਹ ਦੇ ਮੱਥੇ ਮੜੇ ਇਸ ਦੋਸ਼ ਤੋਂ ਇੰਜ ਲੱਗਦਾ ਹੈ ਕਿ ਯਹੂਦੀ ਆਗੂਆਂ ਦਾ ਇਹ ਮੰਨਣਾ ਸੀ ਕਿ ਬਾਰੂਕ ਯਿਰਮਿਯਾਹ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦਾ ਸੀ। ਸ਼ਾਇਦ ਉਹ ਇਸ ਕਰਕੇ ਇਵੇਂ ਸੋਚਦੇ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਬਾਰੂਕ ਆਪਣੇ ਰੁਤਬੇ ਕਾਰਨ ਜਾਂ ਯਿਰਮਿਯਾਹ ਨਾਲ ਆਪਣੀ ਗੂੜ੍ਹੀ ਮਿੱਤਰਤਾ ਕਾਰਨ ਯਿਰਮਿਯਾਹ ਦਾ ਸੈਕਟਰੀ ਹੀ ਨਹੀਂ ਸੀ, ਸਗੋਂ ਆਪਣੇ ਫ਼ਾਇਦੇ ਲਈ ਉਸ ਤੇ ਰੋਹਬ ਝਾੜਦਾ ਸੀ। ਆਗੂਆਂ ਦੀ ਸੋਚ ਜੋ ਮਰਜ਼ੀ ਸੀ, ਸੰਦੇਸ਼ ਤਾਂ ਯਹੋਵਾਹ ਵੱਲੋਂ ਹੀ ਆਇਆ ਸੀ।
ਪਰਮੇਸ਼ੁਰ ਵੱਲੋਂ ਆਈਆਂ ਚੇਤਾਵਨੀਆਂ ਦੇ ਬਾਵਜੂਦ, ਯਰੂਸ਼ਲਮ ਵਿਚ ਬਾਕੀ ਬਚੇ ਯਹੂਦੀ ਆਪਣਾ ਵਤਨ ਛੱਡ ਕੇ “ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤ੍ਰ ਬਾਰੂਕ” ਨੂੰ ਆਪਣੇ ਨਾਲ ਲੈ ਗਏ। ਯਿਰਮਿਯਾਹ ਨੇ ਲਿਖਿਆ: “ਓਹ ਮਿਸਰ ਦੇਸ ਨੂੰ ਆਏ ਕਿਉਂ ਜੋ ਓਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਤਹਪਨਹੇਸ ਤੀਕ ਆਏ,” ਜੋ ਮਿਸਰ ਦੀ ਨੀਲ ਨਦੀ ਦੇ ਡੈਲਟੇ ਅਤੇ ਸੀਨਈ ਦੀ ਸਰਹੱਦ ਤੇ ਵੱਸਿਆ ਸ਼ਹਿਰ ਸੀ। ਇਸ ਤੋਂ ਬਾਅਦ ਬਾਈਬਲ ਵਿਚ ਬਾਰੂਕ ਦਾ ਜ਼ਿਕਰ ਨਹੀਂ ਆਉਂਦਾ।—ਯਿਰਮਿਯਾਹ 43:5-7.
ਅਸੀਂ ਬਾਰੂਕ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
ਬਾਰੂਕ ਦੀ ਮਿਸਾਲ ਤੋਂ ਅਸੀਂ ਕਈ ਅਹਿਮ ਗੱਲਾਂ ਸਿੱਖ ਸਕਦੇ ਹਾਂ। ਇਕ ਗੱਲ ਅਸੀਂ ਇਹ ਸਿੱਖਦੇ ਹਾਂ ਕਿ ਬਾਰੂਕ ਨੇ ਅੰਜਾਮ ਦੀ ਪਰਵਾਹ ਕੀਤੇ ਬਿਨਾਂ ਯਹੋਵਾਹ ਦੀ ਸੇਵਾ ਵਿਚ ਆਪਣੇ ਪੇਸ਼ਾਵਰ ਹੁਨਰਾਂ ਤੇ ਉੱਚ-ਅਧਿਕਾਰੀਆਂ ਨਾਲ ਆਪਣੀ ਵਾਕਫ਼ੀਅਤ ਦਾ ਇਸਤੇਮਾਲ ਕੀਤਾ। ਅੱਜ ਯਹੋਵਾਹ ਦੇ ਕਈ ਗਵਾਹ, ਚਾਹੇ ਉਹ ਆਦਮੀ ਹਨ ਜਾਂ ਔਰਤਾਂ, ਬਾਰੂਕ ਵਾਂਗ ਆਪਣੇ ਹੁਨਰਾਂ ਨੂੰ ਬੈਥਲ ਸੇਵਾ, ਭਗਤੀ ਦੀਆਂ ਥਾਵਾਂ ਦੀ ਉਸਾਰੀ ਜਾਂ ਇੱਦਾਂ ਦੇ ਹੋਰ ਕਈ ਕੰਮਾਂ ਵਿਚ ਵਰਤ ਰਹੇ ਹਨ। ਤਾਂ ਫਿਰ ਅਸੀਂ ਬਾਰੂਕ ਵਾਂਗ ਕਿਵੇਂ ਬਣ ਸਕਦੇ ਹਾਂ?
ਯਹੂਦਾਹ ਦੇ ਨਾਸ਼ ਤੋਂ ਪਹਿਲਾਂ ਦੇ ਖਲਬਲੀ ਭਰੇ ਦਿਨਾਂ ਦੌਰਾਨ ਜਦ ਬਾਰੂਕ ਨੂੰ ਯਾਦ ਕਰਾਇਆ ਗਿਆ ਸੀ ਕਿ “ਵੱਡੀਆਂ ਚੀਜ਼ਾਂ” ਜਮ੍ਹਾ ਕਰਨ ਦਾ ਇਹ ਵਕਤ ਨਹੀਂ ਸੀ, ਤਾਂ ਉਸ ਨੇ ਇਸ ਗੱਲ ਨੂੰ ਮੰਨਿਆ ਅਤੇ ਇਨਾਮ ਵਜੋਂ ਯਹੋਵਾਹ ਨੇ ਉਸ ਦੀ ਜਾਨ ਬਖ਼ਸ਼ ਦਿੱਤੀ। ਇਸ ਤੋਂ ਅਸੀਂ ਵੀ ਇਕ ਅਹਿਮ ਗੱਲ ਸਿੱਖ ਸਕਦੇ ਹਾਂ ਕਿਉਂਕਿ ਅਸੀਂ ਵੀ ਇਸ ਦੁਨੀਆਂ ਦੇ ਅੰਤ ਦੇ ਸਮੇਂ ਵਿਚ ਰਹਿੰਦੇ ਹਾਂ। ਜੇ ਅਸੀਂ ਯਹੋਵਾਹ ਦੀ ਗੱਲ ਮੰਨਾਂਗੇ, ਤਾਂ ਸਾਡੀ ਜਾਨ ਵੀ ਬਖ਼ਸ਼ ਦਿੱਤੀ ਜਾਵੇਗੀ। ਕੀ ਅਸੀਂ ਬਾਰੂਕ ਵਰਗਾ ਰਵੱਈਆ ਅਪਣਾਵਾਂਗੇ?
ਅਸੀਂ ਇਸ ਕਿੱਸੇ ਤੋਂ ਇਕ ਹੋਰ ਗੱਲ ਵੀ ਸਿੱਖ ਸਕਦੇ ਹਾਂ। ਯਿਰਮਿਯਾਹ ਦੁਆਰਾ ਖੇਤ ਨੂੰ ਖ਼ਰੀਦਣ ਵੇਲੇ ਬਾਰੂਕ ਨੇ ਯਿਰਮਿਯਾਹ ਅਤੇ ਉਸ ਦੇ ਚਾਚੇ ਦੇ ਮੁੰਡੇ ਦੇ ਕਾਨੂੰਨੀ ਕਾਗਜ਼ਾਤ ਤਿਆਰ ਕਰਨ ਵਿਚ ਮਦਦ ਕੀਤੀ, ਭਾਵੇਂ ਉਨ੍ਹਾਂ ਦੋਹਾਂ ਵਿਚ ਖ਼ੂਨ ਦਾ ਰਿਸ਼ਤਾ ਸੀ। ਬਾਈਬਲ ਵਿੱਚੋਂ ਇਹ ਉਨ੍ਹਾਂ ਮਸੀਹੀਆਂ ਵਾਸਤੇ ਵਧੀਆ ਮਿਸਾਲ ਹੈ ਜੋ ਕਲੀਸਿਯਾ ਦੇ ਮੈਂਬਰਾਂ ਨਾਲ ਕਾਰੋਬਾਰ ਕਰਨ ਦੀ ਸੋਚ ਰਹੇ ਹਨ। ਹਾਂ, ਕਿਸੇ ਵੀ ਕਾਰੋਬਾਰ ਨੂੰ ਇਕੱਠਿਆਂ ਸ਼ੁਰੂ ਕਰਨ ਤੋਂ ਪਹਿਲਾਂ ਸਮਝਦਾਰੀ ਦੀ ਗੱਲ ਹੋਵੇਗੀ ਜੇ ਪੂਰੇ ਕਾਗਜ਼-ਪੱਤਰ ਤਿਆਰ ਕੀਤੇ ਜਾਣ ਤਾਂਕਿ ਬਾਅਦ ਵਿਚ ਕੋਈ ਸਮੱਸਿਆ ਨਾ ਖੜ੍ਹੀ ਹੋਵੇ।
ਭਾਵੇਂ ਕਿ ਬਾਈਬਲ ਵਿਚ ਬਾਰੂਕ ਦਾ ਥੋੜ੍ਹਾ ਜਿਹਾ ਜ਼ਿਕਰ ਆਉਂਦਾ ਹੈ, ਪਰ ਉਹ ਅੱਜ ਸਾਰੇ ਮਸੀਹੀਆਂ ਲਈ ਇਕ ਚੰਗੀ ਮਿਸਾਲ ਹੈ। ਕੀ ਤੁਸੀਂ ਯਿਰਮਿਯਾਹ ਦੇ ਇਸ ਵਫ਼ਾਦਾਰ ਸੈਕਟਰੀ ਦੀ ਮਿਸਾਲ ਤੇ ਚੱਲੋਗੇ?
[ਫੁਟਨੋਟ]
a ਇਹ ਮੁਹਰ ਚੀਕਣੀ ਮਿੱਟੀ ਦੀ ਬਣੀ ਹੁੰਦੀ ਸੀ ਅਤੇ ਇਹ ਜ਼ਰੂਰੀ ਕਾਗਜ਼ਾਤਾਂ ਨੂੰ ਲਪੇਟ ਕੇ ਬੰਨ੍ਹੇ ਧਾਗੇ ਤੇ ਲਾਈ ਜਾਂਦੀ ਸੀ। ਮਿੱਟੀ ਦੀ ਇਸ ਮੁਹਰ ਉੱਤੇ ਭੇਜਣ ਵਾਲੇ ਦਾ ਠੱਪਾ ਲਗਾਇਆ ਜਾਂਦਾ ਸੀ।
[ਸਫ਼ਾ 16 ਉੱਤੇ ਤਸਵੀਰ]
ਬਾਰੂਕ ਦੀ ਮੁਹਰ
[ਕ੍ਰੈਡਿਟ ਲਾਈਨ]
Bulla: Courtesy of Israel Museum, Jerusalem