“ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ”
“ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।”—ਯਾਕੂਬ 5:11.
1, 2. ਪੋਲੈਂਡ ਵਿਚ ਇਕ ਜੋੜੇ ਨੂੰ ਕਿਹੜੀ ਬਿਪਤਾ ਸਹਿਣੀ ਪਈ ਸੀ?
ਹਾਰਾਲਟ ਔਪਟ ਨੂੰ ਯਹੋਵਾਹ ਦਾ ਗਵਾਹ ਬਣੇ ਨੂੰ ਅਜੇ ਇਕ ਸਾਲ ਵੀ ਨਹੀਂ ਹੋਇਆ ਸੀ ਕਿ ਹਿਟਲਰ ਦੀ ਫ਼ੌਜ ਨੇ ਉੱਤਰੀ ਪੋਲੈਂਡ ਵਿਚ ਡੈਨਸਿਗ ਸ਼ਹਿਰ (ਹੁਣ ਗਡਾਂਸਕ) ਉੱਤੇ ਕਬਜ਼ਾ ਕਰ ਲਿਆ। ਉਦੋਂ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪਿਆ। ਜਰਮਨੀ ਦੀ ਖੁਫੀਆ ਪੁਲਸ ਗਸਤਾਪੋ ਨੇ ਹਾਰਾਲਟ ਉੱਤੇ ਇਕ ਦਸਤਾਵੇਜ਼ ਤੇ ਦਸਤਖਤ ਕਰਨ ਦਾ ਜ਼ੋਰ ਪਾਇਆ ਜਿਸ ਵਿਚ ਲਿਖਿਆ ਸੀ ਕਿ ਉਹ ਆਪਣਾ ਧਰਮ ਛੱਡ ਦੇਵੇਗਾ। ਪਰ ਹਾਰਾਲਟ ਨਹੀਂ ਮੰਨਿਆ। ਜੇਲ੍ਹ ਵਿਚ ਕੁਝ ਹਫ਼ਤੇ ਰਹਿਣ ਤੋਂ ਬਾਅਦ ਉਸ ਨੂੰ ਜ਼ਾਕਸਨਹਾਊਸਨ ਨਜ਼ਰਬੰਦੀ-ਕੈਂਪ ਭੇਜ ਦਿੱਤਾ ਗਿਆ ਜਿੱਥੇ ਉਸ ਨੂੰ ਵਾਰ-ਵਾਰ ਮਾਰਿਆ-ਕੁੱਟਿਆ ਤੇ ਡਰਾਇਆ-ਧਮਕਾਇਆ ਗਿਆ। ਇਕ ਜਰਮਨ ਅਫ਼ਸਰ ਨੇ ਨਜ਼ਰਬੰਦੀ-ਕੈਂਪ ਵਿਚ ਬਣੀ ਭੱਠੀ ਦੀ ਚਿਮਨੀ ਵੱਲ ਇਸ਼ਾਰਾ ਕਰਦਿਆਂ ਹਾਰਾਲਟ ਨੂੰ ਕਿਹਾ: “ਜੇ ਤੂੰ ਆਪਣਾ ਧਰਮ ਨਾ ਛੱਡਿਆ, ਤਾਂ ਚੌਦਾਂ ਦਿਨਾਂ ਵਿਚ ਉਸ ਭੱਠੀ ਵਿਚ ਤੇਰਾ ਵੀ ਅੰਤਿਮ-ਸੰਸਕਾਰ ਕਰ ਦਿੱਤਾ ਜਾਵੇਗਾ ਤੇ ਤੂੰ ਧੂੰਆਂ ਬਣ ਕੇ ਆਪਣੇ ਯਹੋਵਾਹ ਕੋਲ ਚਲਾ ਜਾਏਂਗਾ।”
2 ਹਾਰਾਲਟ ਦੀ ਗਿਰਫ਼ਤਾਰੀ ਦੇ ਸਮੇਂ ਉਸ ਦੀ ਪਤਨੀ ਐਲਜ਼ਾ ਅਜੇ ਆਪਣੀ ਦਸਾਂ ਮਹੀਨਿਆਂ ਦੀ ਧੀ ਨੂੰ ਦੁੱਧ ਚੁੰਘਾ ਰਹੀ ਸੀ। ਫਿਰ ਵੀ ਗਸਤਾਪੋ ਨੇ ਐਲਜ਼ਾ ਨੂੰ ਆਪਣੇ ਬੱਚੇ ਤੋਂ ਅਲੱਗ ਕਰ ਕੇ ਉਸ ਨੂੰ ਆਉਸ਼ਵਿਟਸ ਨਜ਼ਰਬੰਦੀ-ਕੈਂਪ ਭੇਜ ਦਿੱਤਾ ਜਿੱਥੋਂ ਘੱਟ ਹੀ ਲੋਕ ਜ਼ਿੰਦਾ ਵਾਪਸ ਆਉਂਦੇ ਸਨ। ਪਰ ਸਾਲਾਂ ਬੱਧੀ ਤਸੀਹੇ ਸਹਿਣ ਦੇ ਬਾਵਜੂਦ ਐਲਜ਼ਾ ਤੇ ਹਾਰਾਲਟ ਜ਼ਿੰਦਾ ਰਹੇ। ਤੁਸੀਂ 15 ਅਪ੍ਰੈਲ 1980 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਰਸਾਲੇ ਵਿਚ ਉਨ੍ਹਾਂ ਦੇ ਸਬਰ ਦੀ ਕਹਾਣੀ ਪੜ੍ਹ ਸਕਦੇ ਹੋ। ਆਪਣੀ ਕਹਾਣੀ ਵਿਚ ਹਾਰਾਲਟ ਨੇ ਲਿਖਿਆ: “ਆਪਣੇ ਧਰਮ ਦੀ ਖ਼ਾਤਰ ਮੈਂ ਨਜ਼ਰਬੰਦੀ-ਕੈਂਪਾਂ ਤੇ ਕੈਦਖ਼ਾਨਿਆਂ ਵਿਚ ਆਪਣੀ ਜ਼ਿੰਦਗੀ ਦੇ 14 ਸਾਲ ਗੁਜ਼ਾਰੇ। ਕਈਆਂ ਨੇ ਮੈਨੂੰ ਪੁੱਛਿਆ ਕਿ ‘ਕੀ ਇਹ ਸਭ ਕੁਝ ਸਹਿਣ ਵਿਚ ਤੁਹਾਡੀ ਪਤਨੀ ਨੇ ਤੁਹਾਡੀ ਮਦਦ ਕੀਤੀ?’ ਹਾਂ, ਉਸ ਨੇ ਮੇਰੀ ਬਹੁਤ ਮਦਦ ਕੀਤੀ! ਮੈਨੂੰ ਪੱਕਾ ਯਕੀਨ ਸੀ ਕਿ ਐਲਜ਼ਾ ਕਦੇ ਆਪਣੇ ਧਰਮ ਨੂੰ ਨਹੀਂ ਛੱਡੇਗੀ ਅਤੇ ਇਸ ਗੱਲ ਨੇ ਮੈਨੂੰ ਵੀ ਆਪਣੀ ਵਫ਼ਾਦਾਰੀ ਬਣਾਈ ਰੱਖਣ ਦੀ ਤਾਕਤ ਦਿੱਤੀ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜੇ ਮੈਂ ਯਹੋਵਾਹ ਨੂੰ ਛੱਡ ਕੇ ਆਜ਼ਾਦ ਹੋ ਜਾਂਦਾ, ਤਾਂ ਉਸ ਨੂੰ ਬਿਲਕੁਲ ਖ਼ੁਸ਼ੀ ਨਹੀਂ ਹੋਣੀ ਸੀ। ਪਰ ਜੇ ਮੈਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਮਰ ਵੀ ਜਾਂਦਾ, ਤਾਂ ਉਸ ਨੂੰ ਮੇਰੇ ਤੇ ਫ਼ਖ਼ਰ ਹੋਣਾ ਸੀ। . . . ਐਲਜ਼ਾ ਨੇ ਜਰਮਨ ਨਜ਼ਰਬੰਦੀ-ਕੈਂਪਾਂ ਵਿਚ ਬਹੁਤ ਦੁੱਖ ਝੱਲੇ।”
3, 4. (ੳ) ਕਿਨ੍ਹਾਂ ਦੀ ਮਿਸਾਲ ਸਾਨੂੰ ਸਬਰ ਕਰਨ ਵਿਚ ਮਦਦ ਕਰ ਸਕਦੀ ਹੈ? (ਅ) ਬਾਈਬਲ ਸਾਨੂੰ ਅੱਯੂਬ ਦੇ ਤਜਰਬੇ ਉੱਤੇ ਗੌਰ ਕਰਨ ਲਈ ਕਿਉਂ ਕਹਿੰਦੀ ਹੈ?
3 ਯਹੋਵਾਹ ਦੇ ਬਹੁਤ ਸਾਰੇ ਸੇਵਕ ਆਪਣੇ ਤਜਰਬੇ ਤੋਂ ਦੱਸ ਸਕਦੇ ਹਨ ਕਿ ਦੁੱਖ ਝੱਲਣਾ ਆਸਾਨ ਨਹੀਂ ਹੈ। ਸੋ ਬਾਈਬਲ ਸਾਰੇ ਮਸੀਹੀਆਂ ਨੂੰ ਇਹ ਸਲਾਹ ਦਿੰਦੀ ਹੈ: “ਜਿਹੜੇ ਨਬੀ ਪ੍ਰਭੁ ਦਾ ਨਾਮ ਲੈ ਕੇ ਬੋਲਦੇ ਸਨ ਉਨ੍ਹਾਂ ਨੂੰ ਦੁਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਓ।” (ਯਾਕੂਬ 5:10) ਪੂਰੇ ਇਤਿਹਾਸ ਵਿਚ ਪਰਮੇਸ਼ੁਰ ਦੇ ਕਈ ਸੇਵਕਾਂ ਨੂੰ ਬਿਨਾਂ ਵਜ੍ਹਾ ਸਤਾਇਆ ਗਿਆ ਸੀ। ਉਨ੍ਹਾਂ ਦੀ ਚੰਗੀ ਮਿਸਾਲ ਤੋਂ ਸਾਨੂੰ ਵੀ ਆਪਣੀ ਮਸੀਹੀ ਦੌੜ ਵਿਚ ਸਬਰ ਨਾਲ ਦੌੜਦੇ ਰਹਿਣ ਦਾ ਹੌਸਲਾ ਮਿਲਦਾ ਹੈ।—ਇਬਰਾਨੀਆਂ 11:32-38; 12:1.
4 ਬਾਈਬਲ ਵਿਚ ਅੱਯੂਬ ਦੇ ਸਬਰ ਦੀ ਕਹਾਣੀ ਵਾਕਈ ਬੇਮਿਸਾਲ ਹੈ। ਇਸ ਬਾਰੇ ਯਾਕੂਬ ਨੇ ਲਿਖਿਆ: “ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ। ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।” (ਯਾਕੂਬ 5:11) ਅੱਯੂਬ ਦੇ ਤਜਰਬੇ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਨੂੰ ਵੱਡਾ ਇਨਾਮ ਦਿੰਦਾ ਹੈ। ਪਰ ਅਸੀਂ ਕਈ ਹੋਰ ਜ਼ਰੂਰੀ ਗੱਲਾਂ ਵੀ ਸਿੱਖਦੇ ਹਾਂ ਜੋ ਮੁਸ਼ਕਲ ਸਮਿਆਂ ਵਿੱਚੋਂ ਲੰਘਦੇ ਵੇਲੇ ਸਾਡੀ ਮਦਦ ਕਰ ਸਕਦੀਆਂ ਹਨ। ਅੱਯੂਬ ਦੀ ਪੋਥੀ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੀ ਹੈ: ਦੁੱਖ ਸਹਿੰਦੇ ਵੇਲੇ ਸਾਨੂੰ ਅਸਲੀ ਮੁੱਦਿਆਂ ਨੂੰ ਸਮਝਣ ਅਤੇ ਚੇਤੇ ਰੱਖਣ ਦੀ ਕਿਉਂ ਲੋੜ ਹੈ? ਕਿਹੜੇ ਗੁਣ ਅਤੇ ਨਜ਼ਰੀਆ ਪੈਦਾ ਕਰਨ ਨਾਲ ਅਸੀਂ ਸਬਰ ਰੱਖ ਸਕਾਂਗੇ? ਅਸੀਂ ਦੁੱਖ ਸਹਿ ਰਹੇ ਮਸੀਹੀ ਭੈਣਾਂ-ਭਰਾਵਾਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ?
ਅਸਲੀ ਮਸਲੇ ਨੂੰ ਸਮਝੋ
5. ਅਜ਼ਮਾਇਸ਼ ਦੀ ਘੜੀ ਵਿਚ ਸਾਨੂੰ ਕਿਸ ਅਹਿਮ ਮੁੱਦੇ ਨੂੰ ਚੇਤੇ ਰੱਖਣਾ ਚਾਹੀਦਾ ਹੈ?
5 ਮੁਸ਼ਕਲ ਸਮਿਆਂ ਵਿੱਚੋਂ ਲੰਘਦਿਆਂ ਆਪਣੀ ਨਿਹਚਾ ਪੱਕੀ ਰੱਖਣ ਲਈ ਸਾਨੂੰ ਅਸਲੀ ਮਸਲੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਨਹੀਂ ਤਾਂ ਅਸੀਂ ਆਪਣੀਆਂ ਹੀ ਸਮੱਸਿਆਵਾਂ ਵਿਚ ਇੰਨੇ ਉਲਝੇ ਰਹਾਂਗੇ ਕਿ ਅਸੀਂ ਅਸਲੀ ਮੁੱਦੇ ਨੂੰ ਭੁੱਲ ਜਾਵਾਂਗੇ। ਅਸਲੀ ਮੁੱਦਾ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਹੈ। ਸਾਡਾ ਪਿਆਰਾ ਪਿਤਾ ਯਹੋਵਾਹ ਸਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਯਹੋਵਾਹ ਨੇ ਸਾਨੂੰ ਕਿੰਨਾ ਮਾਣ ਬਖ਼ਸ਼ਿਆ ਹੈ! ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਅਸੀਂ ਅਜ਼ਮਾਇਸ਼ ਦੀ ਘੜੀ ਵਿਚ ਆਪਣੇ ਸਿਰਜਣਹਾਰ ਪ੍ਰਤੀ ਆਪਣੇ ਪਿਆਰ ਦਾ ਸਬੂਤ ਦੇ ਕੇ ਉਸ ਦੇ ਜੀ ਨੂੰ ਖ਼ੁਸ਼ ਕਰ ਸਕਦੇ ਹਾਂ। ਪਰਮੇਸ਼ੁਰ ਲਈ ਸੱਚਾ ਪਿਆਰ ਹੋਣ ਕਰਕੇ ਅਸੀਂ ਸਭ ਕੁਝ ਝੱਲ ਲੈਂਦੇ ਹਾਂ। ਇਹ ਪਿਆਰ ਕਦੇ ਟਲਦਾ ਨਹੀਂ ਯਾਨੀ ਨਾਕਾਮ ਨਹੀਂ ਹੁੰਦਾ।—1 ਕੁਰਿੰਥੀਆਂ 13:7, 8.
6. ਸ਼ਤਾਨ ਯਹੋਵਾਹ ਨੂੰ ਕੀ ਮਿਹਣਾ ਮਾਰਦਾ ਹੈ ਅਤੇ ਕਿਸ ਹੱਦ ਤਕ?
6 ਅੱਯੂਬ ਦੀ ਪੋਥੀ ਵਿਚ ਸਾਫ਼ ਦੱਸਿਆ ਹੈ ਕਿ ਸ਼ਤਾਨ ਯਹੋਵਾਹ ਨੂੰ ਮਿਹਣੇ ਮਾਰਦਾ ਹੈ। ਇਸ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਤਾਨ ਕਿੰਨਾ ਖੁਣਸੀ ਹੈ। ਉਹ ਸਾਨੂੰ ਪਰਮੇਸ਼ੁਰ ਤੋਂ ਦੂਰ ਕਰਨਾ ਚਾਹੁੰਦਾ ਹੈ। ਅੱਯੂਬ ਦੇ ਤਜਰਬੇ ਤੋਂ ਅਸੀਂ ਦੇਖ ਸਕਦੇ ਹਾਂ ਕਿ ਸ਼ਤਾਨ ਯਹੋਵਾਹ ਦੇ ਸਾਰੇ ਸੇਵਕਾਂ ਉੱਤੇ ਸੁਆਰਥੀ ਹੋਣ ਦਾ ਦੋਸ਼ ਲਾਉਂਦਾ ਹੈ। ਉਹ ਸਾਬਤ ਕਰਨਾ ਚਾਹੁੰਦਾ ਹੈ ਕਿ ਔਕੜਾਂ ਵੇਲੇ ਯਹੋਵਾਹ ਦੇ ਸੇਵਕਾਂ ਦਾ ਉਸ ਲਈ ਪਿਆਰ ਠੰਢਾ ਪੈ ਜਾਵੇਗਾ। ਉਹ ਹਜ਼ਾਰਾਂ ਸਾਲਾਂ ਤੋਂ ਯਹੋਵਾਹ ਨੂੰ ਇਹੋ ਤਾਅਨਾ ਮਾਰ ਰਿਹਾ ਹੈ। ਜਿਸ ਵੇਲੇ ਸ਼ਤਾਨ ਨੂੰ ਸਵਰਗ ਵਿੱਚੋਂ ਕੱਢਿਆ ਗਿਆ ਸੀ, ਉਦੋਂ ਇਕ ਦੂਤ ਨੇ ਸ਼ਤਾਨ ਨੂੰ “ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ” ਕਿਹਾ ਸੀ “ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ।” (ਪਰਕਾਸ਼ ਦੀ ਪੋਥੀ 12:10) ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰ ਰਹਿ ਕੇ ਅਸੀਂ ਸ਼ਤਾਨ ਦੇ ਦੋਸ਼ਾਂ ਨੂੰ ਝੂਠਾ ਸਾਬਤ ਕਰ ਸਕਦੇ ਹਾਂ।
7. ਸਰੀਰਕ ਕਮਜ਼ੋਰੀਆਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ?
7 ਇਹ ਕਦੇ ਨਾ ਭੁੱਲੋ ਕਿ ਸ਼ਤਾਨ ਸਾਡੇ ਮੁਸ਼ਕਲ ਹਾਲਾਤਾਂ ਦਾ ਫ਼ਾਇਦਾ ਉਠਾ ਕੇ ਸਾਨੂੰ ਯਹੋਵਾਹ ਤੋਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰੇਗਾ। ਯਾਦ ਕਰੋ ਕਿ ਉਸ ਨੇ ਯਿਸੂ ਨੂੰ ਕਦੋਂ ਪਰਤਾਇਆ ਸੀ। ਉਦੋਂ ਜਦ ਯਿਸੂ ਕਈ ਦਿਨਾਂ ਤੋਂ ਭੁੱਖਾ ਸੀ। (ਲੂਕਾ 4:1-3) ਤਾਂ ਵੀ ਯਿਸੂ ਨਿਹਚਾ ਦਾ ਪੱਕਾ ਹੋਣ ਕਰਕੇ ਸ਼ਤਾਨ ਦੇ ਧੋਖੇ ਵਿਚ ਨਹੀਂ ਆਇਆ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੋ ਕਿ ਜੇਕਰ ਅਸੀਂ ਬੁਢਾਪੇ ਜਾਂ ਬੀਮਾਰੀ ਕਰਕੇ ਸਰੀਰਕ ਤੌਰ ਤੇ ਕਮਜ਼ੋਰ ਵੀ ਹੋਈਏ, ਤਾਂ ਵੀ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਨਾਲ ਅਸੀਂ ਆਪਣੀ ਕਮਜ਼ੋਰੀ ਨਾਲ ਨਜਿੱਠ ਸਕਦੇ ਹਾਂ। “ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ,” ਪਰ ਅਸੀਂ ਹਿੰਮਤ ਨਹੀਂ ਹਾਰਦੇ ਕਿਉਂਕਿ ਸਾਡੀ “ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ।”—2 ਕੁਰਿੰਥੀਆਂ 4:16.
8. (ੳ) ਨਿਰਾਸ਼ ਕਰਨ ਵਾਲੀਆਂ ਗੱਲਾਂ ਸੋਚਦੇ ਰਹਿਣ ਦਾ ਸਾਡੇ ਤੇ ਕੀ ਬੁਰਾ ਅਸਰ ਪੈ ਸਕਦਾ ਹੈ? (ਅ) ਯਿਸੂ ਨੇ ਕਿਹੋ ਜਿਹਾ ਨਜ਼ਰੀਆ ਰੱਖਿਆ ਸੀ?
8 ਨਿਰਾਸ਼ ਕਰਨ ਵਾਲੀਆਂ ਗੱਲਾਂ ਸੋਚਦੇ ਰਹਿਣ ਨਾਲ ਵੀ ਸਾਡੀ ਨਿਹਚਾ ਕਮਜ਼ੋਰ ਪੈ ਸਕਦੀ ਹੈ। ਦੁੱਖਾਂ ਵਿੱਚੋਂ ਲੰਘਦਿਆਂ ਅਸੀਂ ਸ਼ਾਇਦ ਹੈਰਾਨ ਹੋਈਏ ਕਿ ‘ਯਹੋਵਾਹ ਨੇ ਸਾਡੇ ਨਾਲ ਇੱਦਾਂ ਕਿਉਂ ਹੋਣ ਦਿੱਤਾ?’ ਜਾਂ ਕਿਸੇ ਮਸੀਹੀ ਭੈਣ ਜਾਂ ਭਰਾ ਦੇ ਭੈੜੇ ਵਤੀਰੇ ਬਾਰੇ ਸੋਚ-ਸੋਚ ਕੇ ਅਸੀਂ ਸ਼ਾਇਦ ਬਹੁਤ ਪਰੇਸ਼ਾਨ ਹੋ ਜਾਈਏ। ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਸੋਚਦੇ ਰਹਿਣ ਨਾਲ ਅਸੀਂ ਸਿਰਫ਼ ਆਪਣਾ ਹੀ ਫ਼ਿਕਰ ਕਰ ਰਹੇ ਹੋਵਾਂਗੇ ਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦੇ ਅਸਲੀ ਮੁੱਦੇ ਨੂੰ ਭੁੱਲ ਜਾਵਾਂਗੇ। ਅੱਯੂਬ ਪਹਿਲਾਂ ਹੀ ਆਪਣੀ ਬੀਮਾਰੀ ਕਰਕੇ ਸੱਤਿਆ ਹੋਇਆ ਸੀ, ਉੱਪਰੋਂ ਉਸ ਦੇ ਤਿੰਨ ਦੋਸਤਾਂ ਨੇ ਆਪਣੀਆਂ ਊਲ-ਜਲੂਲ ਗੱਲਾਂ ਨਾਲ ਉਸ ਦੇ ਮਨ ਦੀ ਸ਼ਾਂਤੀ ਵੀ ਖੋਹ ਲਈ ਸੀ। (ਅੱਯੂਬ 16:20; 19:2) ਪੌਲੁਸ ਰਸੂਲ ਨੇ ਕਿਹਾ ਸੀ ਕਿ ਲੰਬੇ ਸਮੇਂ ਤਕ ਗੁੱਸੇ ਰਹਿ ਕੇ ਅਸੀਂ ‘ਸ਼ਤਾਨ ਨੂੰ ਥਾਂ ਦਿੰਦੇ ਹਾਂ’ ਯਾਨੀ ਉਸ ਨੂੰ ਆਪਣੀ ਚਾਲ ਚੱਲਣ ਦਾ ਮੌਕਾ ਦਿੰਦੇ ਹਾਂ। (ਅਫ਼ਸੀਆਂ 4:26, 27) ਦੂਸਰਿਆਂ ਉੱਤੇ ਆਪਣਾ ਗੁੱਸਾ ਕੱਢਣ ਜਾਂ ਆਪਣੇ ਨਾਲ ਹੋਈ ਕਿਸੇ ਬੇਇਨਸਾਫ਼ੀ ਬਾਰੇ ਸੋਚਦੇ ਰਹਿਣ ਨਾਲੋਂ ਚੰਗਾ ਹੈ ਕਿ ਅਸੀਂ ਯਿਸੂ ਦੀ ਰੀਸ ਕਰਦਿਆਂ ‘ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਦੇ ਹੱਥ ਸੌਂਪ ਦੇਈਏ ਜਿਹੜਾ ਜਥਾਰਥ ਨਿਆਉਂ ਕਰਦਾ ਹੈ।’ (1 ਪਤਰਸ 2:21-23) ਯਿਸੂ ਵਰਗਾ ਨਜ਼ਰੀਆ ਰੱਖਣ ਨਾਲ ਅਸੀਂ ਸ਼ਤਾਨ ਦੇ ਹਮਲਿਆਂ ਦਾ ਮੂੰਹ-ਤੋੜ ਜਵਾਬ ਦੇ ਸਕਾਂਗੇ।—1 ਪਤਰਸ 4:1.
9. ਪਰਮੇਸ਼ੁਰ ਸਾਨੂੰ ਕੀ ਭਰੋਸਾ ਦਿਵਾਉਂਦਾ ਹੈ?
9 ਸਾਡੇ ਉੱਤੇ ਜੋ ਮਰਜ਼ੀ ਮੁਸ਼ਕਲਾਂ ਆਉਣ, ਪਰ ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸਾਨੂੰ ਕਿਸੇ ਗੱਲ ਦੀ ਸਜ਼ਾ ਦੇ ਰਿਹਾ ਹੈ। ਆਪਣੇ ਝੂਠੇ ਦੋਸਤਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਅੱਯੂਬ ਮੰਨ ਬੈਠਾ ਸੀ ਕਿ ਪਰਮੇਸ਼ੁਰ ਉਸ ਤੋਂ ਨਾਰਾਜ਼ ਸੀ। ਇਸ ਗੱਲ ਤੋਂ ਅੱਯੂਬ ਦਾ ਦਿਲ ਬਹੁਤ ਦੁਖੀ ਹੋਇਆ। (ਅੱਯੂਬ 19:21, 22) ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ “ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਮੁਸ਼ਕਲਾਂ ਦਾ ਬੋਝ ਚੁੱਕਣ ਵਿਚ ਸਾਡੀ ਮਦਦ ਕਰੇਗਾ ਅਤੇ ਪਰਤਾਵਿਆਂ ਵਿੱਚੋਂ ਨਿਕਲਣ ਦਾ ਉਪਾਅ ਕਰੇਗਾ। (ਜ਼ਬੂਰਾਂ ਦੀ ਪੋਥੀ 55:22; 1 ਕੁਰਿੰਥੀਆਂ 10:13) ਕਸ਼ਟ ਵੇਲੇ ਪਰਮੇਸ਼ੁਰ ਦੇ ਨੇੜੇ ਰਹਿ ਕੇ ਅਸੀਂ ਆਪਣੇ ਹਾਲਾਤਾਂ ਨੂੰ ਸਹੀ ਨਜ਼ਰ ਤੋਂ ਦੇਖ ਸਕਾਂਗੇ ਅਤੇ ਸ਼ਤਾਨ ਦਾ ਡੱਟ ਕੇ ਸਾਮ੍ਹਣਾ ਕਰ ਸਕਾਂਗੇ।—ਯਾਕੂਬ 4:7, 8.
ਮੁਸ਼ਕਲਾਂ ਸਹਿਣ ਦੀ ਤਾਕਤ
10, 11. (ੳ) ਅੱਯੂਬ ਦੇ ਸਬਰ ਦਾ ਕੀ ਕਾਰਨ ਸੀ? (ਅ) ਸਾਫ਼ ਜ਼ਮੀਰ ਹੋਣ ਦਾ ਅੱਯੂਬ ਨੂੰ ਕੀ ਫ਼ਾਇਦਾ ਹੋਇਆ?
10 ਹਾਲਾਂਕਿ ਅੱਯੂਬ ਆਪਣੇ ਦੁੱਖਾਂ ਦਾ ਅਸਲੀ ਕਾਰਨ ਨਹੀਂ ਜਾਣਦਾ ਸੀ ਅਤੇ “ਤਸੱਲੀ ਦੇਣ ਵਾਲੇ” ਦੋਸਤਾਂ ਨੇ ਉਸ ਨੂੰ ਬਹੁਤ ਬੁਰਾ-ਭਲਾ ਕਿਹਾ, ਪਰ ਫਿਰ ਵੀ ਉਸ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ। ਅੱਯੂਬ ਦੇ ਸਬਰ ਤੋਂ ਅਸੀਂ ਕੀ ਸਿੱਖਦੇ ਹਾਂ? ਇਹੋ ਕਿ ਉਹ ਆਪਣੀ ਪਰੀਖਿਆ ਵਿਚ ਇਸ ਲਈ ਸਫ਼ਲ ਹੋ ਸਕਿਆ ਕਿਉਂਕਿ ਉਹ ਯਹੋਵਾਹ ਦਾ ਵਫ਼ਾਦਾਰ ਸੀ। ‘ਉਹ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ।’ (ਅੱਯੂਬ 1:1) ਇਹੋ ਉਸ ਦੇ ਜੀਵਨ ਦਾ ਅਸੂਲ ਸੀ। ਦੁੱਖਾਂ ਦਾ ਕਾਰਨ ਨਾ ਜਾਣਦੇ ਹੋਏ ਵੀ ਅੱਯੂਬ ਨੇ ਯਹੋਵਾਹ ਦਾ ਪੱਲਾ ਨਹੀਂ ਛੱਡਿਆ। ਉਹ ਚੰਗੇ-ਮਾੜੇ ਸਭ ਸਮਿਆਂ ਵਿਚ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਵਿਚ ਵਿਸ਼ਵਾਸ ਰੱਖਦਾ ਸੀ।—ਅੱਯੂਬ 1:21; 2:10.
11 ਅੱਯੂਬ ਨੂੰ ਇਸ ਗੱਲ ਤੋਂ ਤਸੱਲੀ ਮਿਲੀ ਕਿ ਉਸ ਦੀ ਜ਼ਮੀਰ ਬਿਲਕੁਲ ਸਾਫ਼ ਸੀ। ਜਦੋਂ ਉਸ ਨੂੰ ਲੱਗਾ ਕਿ ਉਸ ਦੀ ਅੰਤਿਮ ਘੜੀ ਨੇੜੇ ਸੀ, ਤਾਂ ਉਹ ਇਹ ਸੋਚ ਕੇ ਖ਼ੁਸ਼ ਹੋਇਆ ਕਿ ਉਸ ਨੇ ਹਮੇਸ਼ਾ ਦੂਸਰਿਆਂ ਦੀ ਮਦਦ ਕੀਤੀ, ਯਹੋਵਾਹ ਦੇ ਖਰੇ ਮਿਆਰਾਂ ਉੱਤੇ ਪੂਰਾ ਉਤਰਿਆ ਅਤੇ ਉਸ ਨੇ ਸੱਚੇ ਪਰਮੇਸ਼ੁਰ ਨੂੰ ਛੱਡ ਹੋਰ ਕਿਸੇ ਦੀ ਪੂਜਾ ਨਹੀਂ ਕੀਤੀ।—ਅੱਯੂਬ 31:4-11.
12. ਅਲੀਹੂ ਦੀ ਸਲਾਹ ਦਾ ਅੱਯੂਬ ਉੱਤੇ ਕੀ ਅਸਰ ਪਿਆ?
12 ਪਰ ਕੁਝ ਗੱਲਾਂ ਵਿਚ ਅੱਯੂਬ ਨੂੰ ਆਪਣੀ ਸੋਚ ਨੂੰ ਸੁਧਾਰਨ ਦੀ ਲੋੜ ਪਈ। ਜਦੋਂ ਅੱਯੂਬ ਨੂੰ ਸੁਧਾਰਿਆ ਗਿਆ, ਤਾਂ ਉਸ ਨੇ ਹਲੀਮੀ ਨਾਲ ਤਾੜਨਾ ਕਬੂਲ ਕੀਤੀ। ਅੱਯੂਬ ਦੇ ਹਲੀਮ ਸੁਭਾਅ ਨੇ ਵੀ ਸਬਰ ਕਰਨ ਵਿਚ ਉਸ ਦੀ ਮਦਦ ਕੀਤੀ ਹੋਣੀ। ਅੱਯੂਬ ਨੇ ਅਲੀਹੂ ਦੀ ਸਲਾਹ ਅਤੇ ਯਹੋਵਾਹ ਦੀ ਤਾੜਨਾ ਨੂੰ ਧਿਆਨ ਨਾਲ ਸੁਣਿਆ ਅਤੇ ਆਪਣੀ ਗ਼ਲਤੀ ਨੂੰ ਕਬੂਲ ਕਰਦਿਆਂ ਕਿਹਾ: ‘ਮੈਂ ਉਹ ਬਕਿਆ ਜਿਹ ਨੂੰ ਮੈਂ ਨਾ ਸਮਝਿਆ, ਏਸ ਲਈ ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!’ (ਅੱਯੂਬ 42:3, 6) ਭਾਵੇਂ ਅੱਯੂਬ ਆਪਣੀ ਭੈੜੀ ਬੀਮਾਰੀ ਕਰਕੇ ਅਜੇ ਵੀ ਕਸ਼ਟ ਭੋਗ ਰਿਹਾ ਸੀ, ਪਰ ਉਹ ਇਸ ਗੱਲੋਂ ਖ਼ੁਸ਼ ਸੀ ਕਿ ਯਹੋਵਾਹ ਨੇ ਉਸ ਦੀ ਸੋਚ ਨੂੰ ਸੁਧਾਰਿਆ ਜਿਸ ਕਰਕੇ ਉਹ ਪਰਮੇਸ਼ੁਰ ਦੇ ਹੋਰ ਨੇੜੇ ਜਾ ਸਕਿਆ। ਇਸ ਲਈ ਅੱਯੂਬ ਨੇ ਕਿਹਾ: “ਮੈਂ ਜਾਣਦਾ ਹਾਂ ਭਈ ਤੂੰ [ਯਹੋਵਾਹ] ਸਭ ਕੁਝ ਕਰ ਸੱਕਦਾ ਹੈਂ।” (ਅੱਯੂਬ 42:2) ਜਦੋਂ ਯਹੋਵਾਹ ਨੇ ਅੱਯੂਬ ਨੂੰ ਆਪਣੀ ਮਹਾਨਤਾ ਦੀਆਂ ਉਦਾਹਰਣਾਂ ਦਿੱਤੀਆਂ, ਤਾਂ ਅੱਯੂਬ ਆਪਣੇ ਸਿਰਜਣਹਾਰ ਦੇ ਅੱਗੇ ਆਪਣੀ ਹੈਸੀਅਤ ਚੰਗੀ ਤਰ੍ਹਾਂ ਸਮਝ ਗਿਆ।
13. ਆਪਣੇ ਦੋਸਤਾਂ ਉੱਤੇ ਦਇਆ ਕਰ ਕੇ ਅੱਯੂਬ ਨੂੰ ਕੀ ਫ਼ਾਇਦਾ ਹੋਇਆ?
13 ਦਇਆ ਦੇ ਮਾਮਲੇ ਵਿਚ ਵੀ ਅੱਯੂਬ ਨੇ ਸਾਡੇ ਲਈ ਚੰਗੀ ਮਿਸਾਲ ਕਾਇਮ ਕੀਤੀ। ਉਸ ਦੇ ਝੂਠੇ ਦੋਸਤਾਂ ਨੇ ਉਸ ਦੇ ਦਿਲ ਤੇ ਗਹਿਰੀ ਸੱਟ ਲਾਈ, ਪਰ ਫਿਰ ਵੀ ਯਹੋਵਾਹ ਦੇ ਕਹਿਣ ਤੇ ਅੱਯੂਬ ਨੇ ਉਨ੍ਹਾਂ ਲਈ ਦੁਆ ਕੀਤੀ। ਇਸ ਮਗਰੋਂ ਯਹੋਵਾਹ ਨੇ ਅੱਯੂਬ ਨੂੰ ਮੁੜ ਤੰਦਰੁਸਤੀ ਬਖ਼ਸ਼ੀ। (ਅੱਯੂਬ 42:8, 10) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਦੂਸਰਿਆਂ ਦੀਆਂ ਗ਼ਲਤੀਆਂ ਕਰਕੇ ਕੁੜ੍ਹਦੇ ਰਹਾਂਗੇ, ਤਾਂ ਮੁਸ਼ਕਲਾਂ ਨੂੰ ਸਹਿਣਾ ਸਾਡੇ ਲਈ ਹੋਰ ਵੀ ਔਖਾ ਹੋ ਜਾਵੇਗਾ। ਇਸ ਦੀ ਬਜਾਇ, ਸਾਨੂੰ ਪਿਆਰ ਤੇ ਦਇਆ ਵਰਗੇ ਗੁਣ ਪੈਦਾ ਕਰਨੇ ਚਾਹੀਦੇ ਹਨ। ਨਾਰਾਜ਼ਗੀ ਛੱਡ ਦੇਣ ਨਾਲ ਅਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰ ਸਕਾਂਗੇ ਅਤੇ ਯਹੋਵਾਹ ਦੀ ਮਿਹਰ ਹਾਸਲ ਕਰਾਂਗੇ।—ਮਰਕੁਸ 11:25.
ਚੰਗੇ ਸਲਾਹਕਾਰ ਦੂਸਰਿਆਂ ਦਾ ਹੌਸਲਾ ਵਧਾਉਂਦੇ ਹਨ
14, 15. (ੳ) ਚੰਗੇ ਸਲਾਹਕਾਰਾਂ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ? (ਅ) ਸਮਝਾਓ ਕਿ ਅੱਯੂਬ ਲਈ ਅਲੀਹੂ ਦੀ ਸਲਾਹ ਨੂੰ ਸਵੀਕਾਰ ਕਰਨਾ ਕਿਉਂ ਆਸਾਨ ਸੀ।
14 ਅੱਯੂਬ ਦੀ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਸਲਾਹਕਾਰਾਂ ਨੂੰ ਸਿਆਣਪ ਨਾਲ ਗੱਲ ਕਰਨੀ ਚਾਹੀਦੀ ਹੈ। ਸਿਆਣੇ ਭਰਾ “ਬਿਪਤਾ ਦੇ ਦਿਨ” ਦੂਸਰਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (ਕਹਾਉਤਾਂ 17:17) ਪਰ ਜਿਵੇਂ ਅਸੀਂ ਅੱਯੂਬ ਦੇ ਤਜਰਬੇ ਤੋਂ ਦੇਖਿਆ ਹੈ, ਕੁਝ ਸਲਾਹਕਾਰ ਜ਼ਖ਼ਮਾਂ ਤੇ ਮਲ੍ਹਮ ਲਾਉਣ ਦੀ ਬਜਾਇ ਲੂਣ ਛਿੜਕਦੇ ਹਨ। ਸਲਾਹਕਾਰਾਂ ਲਈ ਜ਼ਰੂਰੀ ਹੈ ਕਿ ਉਹ ਅਲੀਹੂ ਵਾਂਗ ਹਮਦਰਦੀ, ਆਦਰ ਅਤੇ ਦਇਆ ਨਾਲ ਪੇਸ਼ ਆਉਣ। ਇਹ ਖ਼ਾਸਕਰ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਕਲੀਸਿਯਾ ਵਿਚ ਨਿਗਾਹਬਾਨਾਂ ਅਤੇ ਹੋਰ ਸਿਆਣੇ ਮਸੀਹੀਆਂ ਨੂੰ ਸਮੱਸਿਆਵਾਂ ਦੇ ਬੋਝ ਹੇਠ ਦੱਬੇ ਭੈਣਾਂ-ਭਰਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੀ ਸੋਚ ਨੂੰ ਸੁਧਾਰਨ ਦੀ ਲੋੜ ਪੈਂਦੀ ਹੈ।—ਗਲਾਤੀਆਂ 6:1; ਇਬਰਾਨੀਆਂ 12:12, 13.
15 ਅਲੀਹੂ ਦੀ ਮਿਸਾਲ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਸ ਨੇ ਅੱਯੂਬ ਦੇ ਤਿੰਨ ਸਾਥੀਆਂ ਦੀਆਂ ਗ਼ਲਤ ਦਲੀਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ। (ਅੱਯੂਬ 32:11; ਕਹਾਉਤਾਂ 18:13) ਅਲੀਹੂ ਇਕ ਦੋਸਤ ਦੀ ਤਰ੍ਹਾਂ ਅੱਯੂਬ ਨਾਲ ਪੇਸ਼ ਆਇਆ। (ਅੱਯੂਬ 33:1) ਅੱਯੂਬ ਦੇ ਤਿੰਨ ਝੂਠੇ ਦੋਸਤਾਂ ਦੇ ਉਲਟ, ਅਲੀਹੂ ਨੇ ਆਪਣੇ ਆਪ ਨੂੰ ਅੱਯੂਬ ਨਾਲੋਂ ਜ਼ਿਆਦਾ ਧਰਮੀ ਨਹੀਂ ਸਮਝਿਆ, ਸਗੋਂ ਉਸ ਨੇ ਕਿਹਾ, “ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਿਆ ਹੋਇਆ ਹਾਂ।” ਉਸ ਨੇ ਦੁੱਖ ਦੇਣ ਵਾਲੀਆਂ ਗੱਲਾਂ ਕਹਿ ਕੇ ਅੱਯੂਬ ਨੂੰ ਹੋਰ ਦੁਖੀ ਨਹੀਂ ਕੀਤਾ। (ਅੱਯੂਬ 33:6, 7; ਕਹਾਉਤਾਂ 12:18) ਅੱਯੂਬ ਦੇ ਆਚਰਣ ਤੇ ਚਿੱਕੜ ਉਛਾਲਣ ਦੀ ਥਾਂ ਅਲੀਹੂ ਨੇ ਉਸ ਦੀ ਨੇਕੀ ਦੀ ਤਾਰੀਫ਼ ਕੀਤੀ। (ਅੱਯੂਬ 33:32) ਅਲੀਹੂ ਪਰਮੇਸ਼ੁਰ ਦਾ ਨਜ਼ਰੀਆ ਰੱਖਦਾ ਸੀ, ਇਸ ਲਈ ਉਹ ਅੱਯੂਬ ਦੀ ਇਹ ਸਮਝਣ ਵਿਚ ਮਦਦ ਕਰ ਸਕਿਆ ਕਿ ਯਹੋਵਾਹ ਕਦੇ ਵੀ ਅਨਿਆਂ ਨਹੀਂ ਕਰਦਾ। (ਅੱਯੂਬ 34:10-12) ਉਸ ਨੇ ਅੱਯੂਬ ਨੂੰ ਆਪਣੀ ਨੇਕੀ ਸਿੱਧ ਕਰਨ ਲਈ ਹੱਥ-ਪੈਰ ਮਾਰਨ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਪ੍ਰੇਰਣਾ ਦਿੱਤੀ। (ਅੱਯੂਬ 35:2; 37:14, 23) ਕਲੀਸਿਯਾ ਦੇ ਨਿਗਾਹਬਾਨਾਂ ਅਤੇ ਹੋਰਨਾਂ ਲਈ ਅਲੀਹੂ ਦੀ ਰੀਸ ਕਰਨੀ ਚੰਗੀ ਗੱਲ ਹੋਵੇਗੀ।
16. ਅੱਯੂਬ ਦੇ ਤਿੰਨ ਦੋਸਤ ਕਿਵੇਂ ਸ਼ਤਾਨ ਦੇ ਮੋਹਰੇ ਸਾਬਤ ਹੋਏ?
16 ਅਲੀਹੂ ਦੀ ਸਿਆਣਪ ਭਰੀ ਨਸੀਹਤ ਅਲੀਫ਼ਜ਼, ਬਿਲਦਦ ਤੇ ਸੋਫ਼ਰ ਦੀਆਂ ਦੁਖਦਾਈ ਗੱਲਾਂ ਨਾਲੋਂ ਬਿਲਕੁਲ ਉਲਟ ਸੀ। ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ।” (ਅੱਯੂਬ 42:7) ਭਾਵੇਂ ਉਨ੍ਹਾਂ ਦੀ ਨੀਅਤ ਬੁਰੀ ਨਹੀਂ ਸੀ, ਪਰ ਫਿਰ ਵੀ ਉਹ ਅੱਯੂਬ ਦੇ ਸੱਚੇ ਦੋਸਤ ਸਾਬਤ ਹੋਣ ਦੀ ਬਜਾਇ ਸ਼ਤਾਨ ਦੇ ਮੋਹਰੇ ਸਿੱਧ ਹੋਏ। ਤਿੰਨਾਂ ਨੇ ਮਾਮਲੇ ਦੀ ਜਾਂਚ ਕੀਤੇ ਬਗੈਰ ਹੀ ਮਨ ਬਣਾ ਲਿਆ ਸੀ ਕਿ ਗ਼ਲਤੀ ਅੱਯੂਬ ਦੀ ਹੀ ਸੀ। (ਅੱਯੂਬ 4:7, 8; 8:6; 20:22, 29) ਅਲੀਫ਼ਜ਼ ਨੇ ਕਿਹਾ ਸੀ ਕਿ ਪਰਮੇਸ਼ੁਰ ਨੂੰ ਆਪਣੇ ਭਗਤਾਂ ਉੱਤੇ ਭਰੋਸਾ ਨਹੀਂ ਤੇ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਚੰਗੇ ਕੰਮ ਕਰਦੇ ਹਨ ਜਾਂ ਬੁਰੇ। (ਅੱਯੂਬ 15:15; 22:2, 3) ਅਲੀਫ਼ਜ਼ ਨੇ ਅੱਯੂਬ ਉੱਤੇ ਅਜਿਹੇ ਗ਼ਲਤ ਕੰਮ ਕਰਨ ਦੇ ਇਲਜ਼ਾਮ ਲਾਏ ਜੋ ਉਸ ਨੇ ਕੀਤੇ ਹੀ ਨਹੀਂ ਸਨ। (ਅੱਯੂਬ 22:5, 9) ਪਰ ਅਲੀਹੂ ਨੇ ਪਰਮੇਸ਼ੁਰ ਉੱਤੇ ਅੱਯੂਬ ਦੀ ਨਿਹਚਾ ਨੂੰ ਮਜ਼ਬੂਤ ਕੀਤਾ ਅਤੇ ਇਹੋ ਹਰ ਚੰਗੇ ਸਲਾਹਕਾਰ ਦਾ ਲਕਸ਼ ਹੋਣਾ ਚਾਹੀਦਾ ਹੈ।
17. ਅਜ਼ਮਾਇਸ਼ਾਂ ਹੇਠ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
17 ਅੱਯੂਬ ਦੀ ਪੋਥੀ ਵਿੱਚੋਂ ਅਸੀਂ ਸਬਰ ਬਾਰੇ ਇਕ ਹੋਰ ਗੱਲ ਸਿੱਖਦੇ ਹਾਂ। ਇਹ ਹੈ ਕਿ ਸਾਡਾ ਦਰਦੀ ਪਰਮੇਸ਼ੁਰ ਸਾਡੇ ਹਾਲਾਤਾਂ ਨੂੰ ਜਾਣਦਾ ਹੈ ਅਤੇ ਉਹ ਕਈ ਤਰੀਕਿਆਂ ਨਾਲ ਸਾਡੀ ਮਦਦ ਕਰ ਸਕਦਾ ਹੈ ਤੇ ਕਰੇਗਾ ਵੀ। ਇਸ ਲੇਖ ਦੇ ਸ਼ੁਰੂ ਵਿਚ ਅਸੀਂ ਐਲਜ਼ਾ ਔਪਟ ਦੇ ਤਜਰਬੇ ਬਾਰੇ ਚਰਚਾ ਕੀਤੀ ਸੀ। ਗੌਰ ਕਰੋ ਕਿ ਉਹ ਆਪਣੇ ਤਜਰਬੇ ਬਾਰੇ ਕੀ ਕਹਿੰਦੀ ਹੈ: “ਕੈਦ ਵਿਚ ਜਾਣ ਤੋਂ ਪਹਿਲਾਂ ਮੈਂ ਇਕ ਭੈਣ ਦੀ ਚਿੱਠੀ ਪੜ੍ਹੀ ਜਿਸ ਵਿਚ ਉਸ ਨੇ ਲਿਖਿਆ ਸੀ ਕਿ ਸਖ਼ਤ ਅਜ਼ਮਾਇਸ਼ਾਂ ਦੌਰਾਨ ਯਹੋਵਾਹ ਦੀ ਪਵਿੱਤਰ ਆਤਮਾ ਸਾਡੇ ਵਿਚ ਸਕੂਨ ਪੈਦਾ ਕਰ ਦਿੰਦੀ ਹੈ। ਉਦੋਂ ਮੈਂ ਸੋਚਦੀ ਸੀ ਕਿ ਭੈਣ ਗੱਲ ਨੂੰ ਵਧਾ-ਚੜ੍ਹਾ ਕੇ ਦੱਸ ਰਹੀ ਹੈ। ਪਰ ਜਦੋਂ ਮੈਂ ਆਪ ਤਸੀਹੇ ਸਹੇ, ਤਾਂ ਮੈਨੂੰ ਅਹਿਸਾਸ ਹੋਇਆ ਕਿ ਉਸ ਦੀ ਗੱਲ ਸੌ ਫੀ ਸਦੀ ਸੱਚ ਸੀ। ਮੈਂ ਵਾਕਈ ਸ਼ਾਂਤੀ ਮਹਿਸੂਸ ਕੀਤੀ। ਇਹ ਗੱਲ ਸ਼ਾਇਦ ਉਨ੍ਹਾਂ ਲਈ ਸਮਝਣੀ ਔਖੀ ਹੋਵੇ ਜਿਨ੍ਹਾਂ ਨੇ ਕਦੇ ਇਸ ਨੂੰ ਮਹਿਸੂਸ ਨਹੀਂ ਕੀਤਾ। ਪਰ ਮੈਂ ਆਪਣੇ ਅੰਦਰ ਇਹ ਸਕੂਨ ਮਹਿਸੂਸ ਕੀਤਾ ਹੈ। ਯਹੋਵਾਹ ਸੱਚ-ਮੁੱਚ ਸਾਡੀ ਮਦਦ ਕਰਦਾ ਹੈ।” ਐਲਜ਼ਾ ਅੱਯੂਬ ਦੇ ਜ਼ਮਾਨੇ ਦੀ ਗੱਲ ਨਹੀਂ ਕਰ ਰਹੀ ਸੀ, ਸਗੋਂ ਉਹ ਅੱਜ ਸਾਡੇ ਸਮੇਂ ਦੀ ਗੱਲ ਕਰ ਰਹੀ ਸੀ। ਹਾਂ, “ਯਹੋਵਾਹ ਸੱਚ-ਮੁੱਚ ਸਾਡੀ ਮਦਦ ਕਰਦਾ ਹੈ”!
ਸਬਰ ਰੱਖਣ ਵਾਲਿਆਂ ਨੂੰ ਖ਼ੁਸ਼ੀ ਮਿਲਦੀ ਹੈ
18. ਅੱਯੂਬ ਨੂੰ ਧੀਰਜ ਨਾਲ ਦੁੱਖ ਸਹਾਰਨ ਦੇ ਕੀ ਫ਼ਾਇਦੇ ਹੋਏ ਸਨ?
18 ਸਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਅੱਯੂਬ ਵਰਗੀਆਂ ਵੱਡੀਆਂ ਬਿਪਤਾਵਾਂ ਦਾ ਸਾਮ੍ਹਣਾ ਕਰਨਾ ਪਵੇ। ਪਰ ਸਾਡੇ ਉੱਤੇ ਭਾਵੇਂ ਜੋ ਵੀ ਦੁੱਖ ਆਉਣ, ਸਾਨੂੰ ਅੱਯੂਬ ਵਾਂਗ ਵਫ਼ਾਦਾਰ ਰਹਿਣਾ ਚਾਹੀਦਾ ਹੈ। ਧੀਰਜ ਨਾਲ ਦੁੱਖ ਸਹਾਰਨ ਕਰਕੇ ਅੱਯੂਬ ਨੂੰ ਬਹੁਤ ਫ਼ਾਇਦੇ ਹੋਏ ਸਨ। ਉਹ “ਸਿੱਧ ਅਤੇ ਸੰਪੂਰਨ” ਬਣਿਆ ਯਾਨੀ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਸੀ। (ਯਾਕੂਬ 1:2-4) ਇਸ ਬਾਰੇ ਅੱਯੂਬ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ।” (ਅੱਯੂਬ 42:5) ਸ਼ਤਾਨ ਨੂੰ ਮੂੰਹ ਦੀ ਖਾਣੀ ਪਈ ਕਿਉਂਕਿ ਉਹ ਅੱਯੂਬ ਦੀ ਵਫ਼ਾਦਾਰੀ ਨਾ ਤੋੜ ਸਕਿਆ। ਸੈਂਕੜੇ ਸਾਲਾਂ ਬਾਅਦ ਵੀ ਯਹੋਵਾਹ ਨੇ ਅੱਯੂਬ ਦੀ ਵਫ਼ਾਦਾਰੀ ਦੀ ਮਿਸਾਲ ਦਿੱਤੀ। (ਹਿਜ਼ਕੀਏਲ 14:14) ਉਸ ਦੇ ਸਬਰ ਅਤੇ ਵਫ਼ਾਦਾਰੀ ਦੀ ਕਹਾਣੀ ਤੋਂ ਅੱਜ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਹੌਸਲਾ ਮਿਲਦਾ ਹੈ।
19. ਤੁਹਾਡੇ ਖ਼ਿਆਲ ਵਿਚ ਸਬਰ ਰੱਖਣਾ ਕਿਉਂ ਚੰਗੀ ਗੱਲ ਹੈ?
19 ਪਹਿਲੀ ਸਦੀ ਦੇ ਮਸੀਹੀਆਂ ਨੂੰ ਸਬਰ ਰੱਖਣ ਬਾਰੇ ਲਿਖਦੇ ਸਮੇਂ ਯਾਕੂਬ ਨੇ ਕਿਹਾ ਸੀ ਕਿ ਸਬਰ ਰੱਖਣ ਨਾਲ ਸੰਤੁਸ਼ਟੀ ਮਿਲਦੀ ਹੈ। ਫਿਰ ਉਸ ਨੇ ਅੱਯੂਬ ਦੀ ਮਿਸਾਲ ਦੇ ਕੇ ਉਨ੍ਹਾਂ ਨੂੰ ਚੇਤੇ ਕਰਾਇਆ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਹੁਤ ਸਾਰੀਆਂ ਅਸੀਸਾਂ ਦਿੰਦਾ ਹੈ। (ਯਾਕੂਬ 5:11) ਅੱਯੂਬ 42:12 ਵਿਚ ਲਿਖਿਆ ਹੈ: “ਯਹੋਵਾਹ ਨੇ ਅੱਯੂਬ ਦੀ ਆਖ਼ਰੀ ਅਵਸਥਾ ਨੂੰ ਉਹ ਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ।” ਅੱਯੂਬ ਨੇ ਜੋ ਕੁਝ ਗੁਆਇਆ ਸੀ, ਪਰਮੇਸ਼ੁਰ ਨੇ ਉਸ ਨੂੰ ਉਸ ਦਾ ਦੁਗਣਾ ਦਿੱਤਾ ਅਤੇ ਅੱਯੂਬ ਨੂੰ ਲੰਬੀ ਤੇ ਸੁਖੀ ਜ਼ਿੰਦਗੀ ਦੀ ਅਸੀਸ ਵੀ ਦਿੱਤੀ। (ਅੱਯੂਬ 42:16, 17) ਇਸੇ ਤਰ੍ਹਾਂ, ਇਸ ਦੁਨੀਆਂ ਦੇ ਅੰਤ ਦੇ ਮੁਸ਼ਕਲ ਸਮਿਆਂ ਦੌਰਾਨ ਸਾਨੂੰ ਭਾਵੇਂ ਜੋ ਵੀ ਦੁੱਖ, ਦਰਦ ਜਾਂ ਸਦਮਾ ਸਹਿਣਾ ਪਵੇ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਰਾਜ ਵਿਚ ਇਹ ਸਭ ਖ਼ਤਮ ਕਰ ਦਿੱਤੇ ਜਾਣਗੇ ਅਤੇ ਇਹ ਸਾਰੇ ਦੁੱਖ ਸਾਨੂੰ ਯਾਦ ਤਕ ਨਹੀਂ ਆਉਣਗੇ। (ਯਸਾਯਾਹ 65:17; ਪਰਕਾਸ਼ ਦੀ ਪੋਥੀ 21:4) ਅਸੀਂ ਅੱਯੂਬ ਦੇ ਸਬਰ ਬਾਰੇ ਸੁਣਿਆ ਹੈ ਅਤੇ ਉਸ ਵਾਂਗ ਸਾਡਾ ਵੀ ਇਹੋ ਪੱਕਾ ਇਰਾਦਾ ਹੈ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਹਰ ਹੀਲੇ ਉਸ ਦੇ ਵਫ਼ਾਦਾਰ ਰਹਾਂਗੇ। ਬਾਈਬਲ ਦਾ ਇਹ ਪੱਕਾ ਵਾਅਦਾ ਹੈ: “ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪਰਾਪਤ ਹੋਵੇਗਾ ਜਿਹ ਦਾ ਪ੍ਰਭੁ ਨੇ ਆਪਣਿਆਂ ਪ੍ਰੇਮੀਆਂ ਨਾਲ ਵਾਇਦਾ ਕੀਤਾ ਹੈ।”—ਯਾਕੂਬ 1:12.
ਤੁਸੀਂ ਕੀ ਜਵਾਬ ਦਿਓਗੇ?
• ਅਸੀਂ ਯਹੋਵਾਹ ਦੇ ਦਿਲ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ?
• ਮੁਸ਼ਕਲਾਂ ਆਉਣ ਤੇ ਸਾਨੂੰ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸਾਡੇ ਤੋਂ ਨਾਰਾਜ਼ ਹੈ?
• ਦੁੱਖਾਂ ਨੂੰ ਸਹਿਣ ਵਿਚ ਕਿਨ੍ਹਾਂ ਗੱਲਾਂ ਨੇ ਅੱਯੂਬ ਦੀ ਮਦਦ ਕੀਤੀ ਸੀ?
• ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਤਕੜੇ ਕਰਨ ਵੇਲੇ ਅਸੀਂ ਅਲੀਹੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
[ਸਫ਼ਾ 28 ਉੱਤੇ ਤਸਵੀਰ]
ਚੰਗਾ ਸਲਾਹਕਾਰ ਹਮਦਰਦੀ, ਆਦਰ ਅਤੇ ਦਇਆ ਨਾਲ ਪੇਸ਼ ਆਉਂਦਾ ਹੈ
[ਸਫ਼ਾ 29 ਉੱਤੇ ਤਸਵੀਰਾਂ]
ਐਲਜ਼ਾ ਅਤੇ ਹਾਰਾਲਟ ਔਪਟ