ਆਪਣੇ ਬੱਚਿਆਂ ਨੂੰ ਸਭਾਵਾਂ ਵਿਚ ਟਿੱਪਣੀਆਂ ਕਰਨੀਆਂ ਸਿਖਾਓ
ਮੈਕਸੀਕੋ ਦੀ ਰਹਿਣ ਵਾਲੀ ਇਕ ਪਰਲਾ ਨਾਂ ਦੀ ਮਾਂ ਯਾਦ ਕਰਦੀ ਹੈ ਕਿ ਜਦੋਂ ਉਹ ਛੋਟੀ ਹੁੰਦੀ ਸੀ, ਤਾਂ ਉਸ ਦੇ ਮਾਤਾ ਜੀ ਉਸ ਨੂੰ ਪਹਿਰਾਬੁਰਜ ਅਧਿਐਨ ਵਿਚ ਜਵਾਬ ਦੇਣਾ ਸਿਖਾਉਂਦੇ ਹੁੰਦੇ ਸੀ। ਹੁਣ ਪਰਲਾ ਦਾ ਆਪਣਾ ਪੰਜ ਸਾਲ ਦਾ ਮੁੰਡਾ ਹੈ। ਉਹ ਉਸ ਦੀ ਕਿਵੇਂ ਮਦਦ ਕਰਦੀ ਹੈ? ਉਹ ਕਹਿੰਦੀ ਹੈ: “ਪਹਿਲਾਂ ਤਾਂ ਮੈਂ ਆਪ ਤਿਆਰੀ ਕਰਦੀ ਹਾਂ। ਫਿਰ ਮੈਂ ਲੇਖ ਵਿੱਚੋਂ ਕੋਈ ਪੈਰਾ ਲੱਭਦੀ ਹਾਂ ਜਿਸ ਨੂੰ ਮੇਰਾ ਮੁੰਡਾ ਸਮਝ ਸਕੇ ਤੇ ਜਿਸ ਦਾ ਮਤਲਬ ਉਹ ਆਪਣੇ ਸ਼ਬਦਾਂ ਵਿਚ ਸਮਝਾ ਸਕੇ। ਫਿਰ ਅਸੀਂ ਦੋਵੇਂ ਬੈਠ ਕੇ ਇਸ ਪੈਰੇ ਉੱਤੇ ਗੱਲਬਾਤ ਕਰਦੇ ਹਾਂ। ਮੇਰਾ ਮੁੰਡਾ ਇਸ ਨੂੰ ‘ਮੇਰਾ ਪੈਰਾ’ ਕਹਿੰਦਾ ਹੈ। ਮੈਂ ਉਸ ਨੂੰ ਸਾਧਾਰਣ ਮਿਸਾਲਾਂ ਦੁਆਰਾ ਪੈਰੇ ਨੂੰ ਸਮਝਾਉਣ ਲਈ ਕਹਿੰਦੀ ਹਾਂ। ਫਿਰ ਉਹ ਤਿਆਰ ਕੀਤੇ ਜਵਾਬ ਨੂੰ ਕਈ ਵਾਰ ਦੁਹਰਾਉਂਦਾ ਹੈ। ਮੈਂ ਉਸ ਨੂੰ ਮਾਈਕ ਵਰਗੀ ਕੋਈ ਚੀਜ਼ ਫੜਾਉਂਦੀ ਹਾਂ ਤਾਂਕਿ ਸਭਾ ਵਿਚ ਉਸ ਨੂੰ ਮਾਈਕ ਇਸਤੇਮਾਲ ਕਰਨਾ ਆਵੇ। ਮੈਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਉਹ ਹਰ ਸਭਾ ਵਿਚ ਜਵਾਬ ਦਿੰਦਾ ਹੈ ਜਾਂ ਟਿੱਪਣੀ ਕਰਨ ਲਈ ਹੱਥ ਖੜ੍ਹਾ ਕਰਦਾ ਹੈ। ਸਭਾ ਤੋਂ ਪਹਿਲਾਂ ਉਹ ਅਕਸਰ ਸਭਾ ਚਲਾਉਣ ਵਾਲੇ ਭਰਾ ਕੋਲ ਜਾ ਕੇ ਉਸ ਨੂੰ ਆਪਣੇ ਪੈਰੇ ਬਾਰੇ ਦੱਸ ਦਿੰਦਾ ਹੈ।”
ਯੈਨ ਇਕ ਹਿੰਦੀ ਗਰੁੱਪ ਵਿਚ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ। ਉਸ ਦੇ ਦੋ ਮੁੰਡੇ ਹਨ, ਇਕ ਦੋ ਸਾਲ ਦਾ ਅਤੇ ਦੂਜਾ ਚਾਰ ਸਾਲ ਦਾ। ਯੈਨ ਤੇ ਉਸ ਦੀ ਪਤਨੀ ਆਪਣੇ ਬੱਚਿਆਂ ਨਾਲ ਮਿਲ ਕੇ ਸਭਾਵਾਂ ਦੀ ਤਿਆਰੀ ਕਰਦੇ ਹਨ। ਸਭਾਵਾਂ ਦੀ ਤਿਆਰੀ ਕਰਨ ਵੇਲੇ ਯੈਨ ਆਪਣੇ ਮਾਪਿਆਂ ਦਾ ਤਰੀਕਾ ਵਰਤਦਾ ਹੈ। ਉਹ ਦੱਸਦਾ ਹੈ: “ਮੈਂ ਤੇ ਮੇਰੀ ਪਤਨੀ ਦੇਖਦੇ ਹਾਂ ਕਿ ਲੇਖ ਦਾ ਕਿਹੜਾ ਹਿੱਸਾ ਬੱਚਿਆਂ ਦੀ ਸਮਝ ਵਿਚ ਆਵੇਗਾ। ਫਿਰ ਅਸੀਂ ਬੱਚਿਆਂ ਨਾਲ ਬੈਠ ਕੇ ਉਨ੍ਹਾਂ ਨੂੰ ਉਸ ਖ਼ਾਸ ਵਿਸ਼ੇ ਜਾਂ ਲੇਖ ਦਾ ਸਾਰ ਦਿੰਦੇ ਹਾਂ। ਇਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਕੁਝ ਸਵਾਲ ਪੁੱਛਦੇ ਹਾਂ ਜੋ ਸਭਾ ਵਿਚ ਪੁੱਛੇ ਜਾਣਗੇ। ਅਕਸਰ ਉਹ ਇੰਨੇ ਵਧੀਆ ਤਰੀਕੇ ਨਾਲ ਜਵਾਬ ਦਿੰਦੇ ਹਨ ਕਿ ਅਸੀਂ ਹੈਰਾਨ ਰਹਿ ਜਾਂਦੇ ਹਾਂ। ਉਨ੍ਹਾਂ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਗੱਲ ਨੂੰ ਸਮਝਦੇ ਹਨ। ਇਸ ਤਰ੍ਹਾਂ ਉਹ ਆਪਣੀਆਂ ਟਿੱਪਣੀਆਂ ਦੁਆਰਾ ਆਪਣੀ ਨਿਹਚਾ ਦਾ ਇਜ਼ਹਾਰ ਕਰਦੇ ਹਨ ਤੇ ਯਹੋਵਾਹ ਦੀ ਮਹਿਮਾ ਕਰਦੇ ਹਨ।”