ਸਾਨੂੰ ਸਹੀ ਕੰਮ ਕਿਉਂ ਕਰਨੇ ਚਾਹੀਦੇ ਹਨ?
ਯਿਸੂ ਦੇ ਚੇਲੇ ਪੌਲੁਸ ਨੇ ਇਕ ਵਾਰ ਕਿਹਾ: “ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ। ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।” ਪੌਲੁਸ ਨੂੰ ਸਹੀ ਕੰਮ ਕਰਨ ਵਿਚ ਇੰਨੀ ਮੁਸ਼ਕਲ ਕਿਉਂ ਆ ਰਹੀ ਸੀ? ਉਹ ਦੱਸਦਾ ਹੈ: “ਮੈਂ ਇਹ ਕਾਨੂਨ ਵੇਖਦਾ ਹਾਂ ਭਈ ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ। ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।”—ਰੋਮੀਆਂ 7:18, 19, 21-23.
2,000 ਸਾਲ ਪਹਿਲਾਂ ਕਹੇ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਵਰਗੇ ਪਾਪੀ ਇਨਸਾਨਾਂ ਲਈ ਸਹੀ ਕੰਮ ਕਰਨਾ ਇੰਨਾ ਮੁਸ਼ਕਲ ਕਿਉਂ ਹੈ। ਸਹੀ ਅਸੂਲਾਂ ਤੇ ਚੱਲਣ ਲਈ, ਖ਼ਾਸ ਕਰਕੇ ਅਜ਼ਮਾਇਸ਼ਾਂ ਦੌਰਾਨ, ਸਾਨੂੰ ਅੰਦਰੂਨੀ ਤਾਕਤ ਦੀ ਲੋੜ ਹੈ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਸਹੀ ਕੰਮ ਕਰਨ ਦਾ ਸਭ ਤੋਂ ਜ਼ਰੂਰੀ ਕਾਰਨ ਕੀ ਹੈ?
ਧਿਆਨ ਦਿਓ ਕਿ ਬਾਈਬਲ ਵਿਚ ਖਰੇ ਜਾਂ ਨੇਕ ਇਨਸਾਨ ਦੇ ਭਵਿੱਖ ਬਾਰੇ ਕੀ ਕਿਹਾ ਗਿਆ ਹੈ। ਜ਼ਬੂਰ 37:37, 38 ਦੇ ਲਿਖਾਰੀ ਨੇ ਕਿਹਾ: “ਸੰਪੂਰਨ [ਜਾਂ ਖਰੇ] ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ। ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ!” ਕਹਾਉਤਾਂ 2:21, 22 ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”
ਬਾਈਬਲ ਵਿਚ ਦੱਸੇ ਗਏ ਅਜਿਹੇ ਵਾਅਦਿਆਂ ਬਾਰੇ ਜਾਣ ਕੇ ਸਾਨੂੰ ਉਹ ਕੰਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਪਰ ਸਹੀ ਕੰਮ ਕਰਨ ਦਾ ਇਸ ਤੋਂ ਵੀ ਇਕ ਵੱਡਾ ਕਾਰਨ ਹੈ। ਇਹ ਕਾਰਨ ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਖੜ੍ਹੇ ਹੋਏ ਅਜਿਹੇ ਮਸਲੇ ਨਾਲ ਜੁੜਿਆ ਹੋਇਆ ਹੈ ਜਿਸ ਵਿਚ ਸਵਰਗ ਅਤੇ ਧਰਤੀ ਉੱਤੇ ਸਾਰੇ ਪ੍ਰਾਣੀ ਸ਼ਾਮਲ ਹਨ। ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਇਹ ਮਸਲਾ ਕੀ ਹੈ ਅਤੇ ਇਸ ਦਾ ਸਾਡੇ ਨਾਲ ਕੀ ਤਅੱਲਕ ਹੈ।