ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w06 11/15 ਸਫ਼ੇ 4-7
  • ਸ਼ਤਾਨ ਦੇ ਮਿਹਣੇ ਨਾਲ ਤੁਹਾਡਾ ਤਅੱਲਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ਤਾਨ ਦੇ ਮਿਹਣੇ ਨਾਲ ਤੁਹਾਡਾ ਤਅੱਲਕ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਮੈਂ ਆਪਣੀ ਖਰਿਆਈ ਨਾ ਛੱਡਾਂਗਾ’
  • ਸ਼ਤਾਨ ਦੇ ਮਿਹਣੇ ਦਾ ਜਵਾਬ
  • ਤੁਹਾਨੂੰ ਕੀ ਕਰਨ ਦੀ ਲੋੜ ਹੈ?
  • ਬਦਚਲਣ ਕੰਮਾਂ ਤੋਂ ਦੂਰ ਰਹੋ
  • ਹੋਰਨਾਂ ਗੱਲਾਂ ਵਿਚ ਵੀ ਪਰਮੇਸ਼ੁਰ ਨੂੰ ਖ਼ੁਸ਼ ਕਰੋ
  • ਤੁਸੀਂ ਸਫ਼ਲ ਹੋ ਸਕਦੇ ਹੋ
  • ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਤੁਸੀਂ ਇਕ ਅਤਿ ਮਹੱਤਵਪੂਰਣ ਵਾਦ-ਵਿਸ਼ੇ ਵਿਚ ਅੰਤਰਗ੍ਰਸਤ ਹੋ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਆਪਣੀ ਖਰਿਆਈ ਬਣਾਈ ਰੱਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਆਪਣੇ ਕੰਮਾਂ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰੋ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
w06 11/15 ਸਫ਼ੇ 4-7

ਸ਼ਤਾਨ ਦੇ ਮਿਹਣੇ ਨਾਲ ਤੁਹਾਡਾ ਤਅੱਲਕ

ਕੀ ਤੁਹਾਡਾ ਕੋਈ ਅਜਿਹਾ ਰਿਸ਼ਤੇਦਾਰ ਜਾਂ ਦੋਸਤ ਹੈ ਜਿਸ ਨਾਲ ਤੁਸੀਂ ਬਹੁਤ ਪਿਆਰ ਕਰਦੇ ਹੋ? ਜੇ ਤੁਹਾਨੂੰ ਕੋਈ ਕਹੇ ਕਿ ਤੁਸੀਂ ਆਪਣੇ ਸੁਆਰਥ ਲਈ ਹੀ ਉਸ ਵਿਅਕਤੀ ਨਾਲ ਰਿਸ਼ਤਾ ਜੋੜ ਰੱਖਿਆ ਹੈ, ਤਾਂ ਤੁਸੀਂ ਕਿੱਦਾਂ ਮਹਿਸੂਸ ਕਰੋਗੇ? ਕੀ ਇਹ ਸੁਣ ਕੇ ਤੁਹਾਡੇ ਦਿਲ ਨੂੰ ਦੁੱਖ ਨਹੀਂ ਪਹੁੰਚੇਗਾ, ਸ਼ਾਇਦ ਤੁਹਾਨੂੰ ਗੁੱਸਾ ਵੀ ਆਵੇ? ਸ਼ਤਾਨ ਨੇ ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਉੱਤੇ ਇਹੋ ਹੀ ਦੋਸ਼ ਲਾਇਆ ਹੈ।

ਧਿਆਨ ਦਿਓ ਕਿ ਉਸ ਸਮੇਂ ਕੀ ਹੋਇਆ ਸੀ ਜਦ ਸ਼ਤਾਨ ਨੇ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਯਹੋਵਾਹ ਦੇ ਖ਼ਿਲਾਫ਼ ਜਾਣ ਲਈ ਉਕਸਾਇਆ ਸੀ। ਉਨ੍ਹਾਂ ਨੇ ਆਪਣੇ ਸੁਆਰਥ ਕਾਰਨ ਪਰਮੇਸ਼ੁਰ ਦਾ ਹੁਕਮ ਤੋੜ ਕੇ ਸ਼ਤਾਨ ਦਾ ਸਾਥ ਦਿੱਤਾ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਰੇ ਇਨਸਾਨ ਸਿਰਫ਼ ਉੱਨਾ ਚਿਰ ਹੀ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨਗੇ ਜਿੰਨਾ ਚਿਰ ਉਨ੍ਹਾਂ ਨੂੰ ਉਸ ਤੋਂ ਕੋਈ ਫ਼ਾਇਦਾ ਹੋਵੇਗਾ? (ਉਤਪਤ 3:1-6) ਆਦਮ ਦੇ ਭਟਕਣ ਤੋਂ ਕੁਝ 2,500 ਸਾਲ ਬਾਅਦ, ਸ਼ਤਾਨ ਨੇ ਅੱਯੂਬ ਨਾਂ ਦੇ ਸੇਵਕ ਦੀ ਵਫ਼ਾਦਾਰੀ ਤੇ ਇਹੋ ਸਵਾਲ ਖੜ੍ਹਾ ਕੀਤਾ ਸੀ ਕਿ ਉਹ ਸੁਆਰਥ ਕਾਰਨ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਸ਼ਤਾਨ ਦੇ ਉਠਾਏ ਗਏ ਸਵਾਲ ਬਾਰੇ ਸਾਨੂੰ ਪੂਰੀ ਜਾਣਕਾਰੀ ਅੱਯੂਬ ਦੀ ਕਹਾਣੀ ਤੋਂ ਮਿਲਦੀ ਹੈ। ਆਓ ਆਪਾਂ ਬਾਈਬਲ ਦੇ ਇਸ ਬਿਰਤਾਂਤ ਵੱਲ ਧਿਆਨ ਦੇਈਏ।

‘ਮੈਂ ਆਪਣੀ ਖਰਿਆਈ ਨਾ ਛੱਡਾਂਗਾ’

ਅੱਯੂਬ ‘ਖਰਾ ਤੇ ਨੇਕ ਮਨੁੱਖ ਸੀ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਸੀ।’ ਲੇਕਿਨ ਸ਼ਤਾਨ ਨੇ ਇਹ ਦਾਅਵਾ ਕੀਤਾ ਕਿ ਅੱਯੂਬ ਦੀ ਨੀਅਤ ਮਾੜੀ ਸੀ। ਸ਼ਤਾਨ ਨੇ ਯਹੋਵਾਹ ਨੂੰ ਪੁੱਛਿਆ: ‘ਕੀ ਅੱਯੂਬ ਐਵੇਂ ਹੀ ਤੇਰੀ ਸੇਵਾ ਕਰਦਾ ਹੈ?’ ਫਿਰ ਸ਼ਤਾਨ ਨੇ ਯਹੋਵਾਹ ਅਤੇ ਅੱਯੂਬ ਦੋਹਾਂ ਉੱਤੇ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ। ਉਸ ਨੇ ਕਿਹਾ ਕਿ ਯਹੋਵਾਹ ਅੱਯੂਬ ਦੀ ਰੱਖਿਆ ਕਰ ਕੇ ਅਤੇ ਉਸ ਨੂੰ ਬਰਕਤਾਂ ਦੇ ਕੇ ਉਸ ਤੋਂ ਭਗਤੀ ਕਰਾ ਰਿਹਾ ਸੀ। ਸ਼ਤਾਨ ਨੇ ਯਹੋਵਾਹ ਨੂੰ ਮਿਹਣਾ ਮਾਰ ਕੇ ਕਿਹਾ: “ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!”—ਅੱਯੂਬ 1:8-11.

ਇਸ ਮਿਹਣੇ ਦਾ ਜਵਾਬ ਦੇਣ ਲਈ ਯਹੋਵਾਹ ਨੇ ਸ਼ਤਾਨ ਨੂੰ ਅੱਯੂਬ ਉੱਤੇ ਪਰੀਖਿਆਵਾਂ ਲਿਆਉਣ ਦੀ ਇਜਾਜ਼ਤ ਦਿੱਤੀ। ਸ਼ਤਾਨ ਨੇ ਯਹੋਵਾਹ ਨਾਲ ਅੱਯੂਬ ਦਾ ਰਿਸ਼ਤਾ ਤੋੜਣ ਦੀ ਕੋਸ਼ਿਸ਼ ਵਿਚ ਅੱਯੂਬ ਉੱਤੇ ਇਕ-ਇਕ ਕਰ ਕੇ ਕਈ ਬਿਪਤਾਵਾਂ ਲਿਆਂਦੀਆਂ। ਪਹਿਲਾਂ ਲੁਟੇਰੇ, ਅੱਯੂਬ ਦੇ ਨੌਕਰਾਂ-ਚਾਕਰਾਂ ਨੂੰ ਮਾਰ ਕੇ ਉਸ ਦੇ ਸਾਰੇ ਜਾਨਵਰ ਚੁਰਾ ਕੇ ਲੈ ਗਏ। ਫਿਰ ਇਕ ਭਿਆਨਕ ਤੂਫ਼ਾਨ ਵਿਚ ਅੱਯੂਬ ਦੇ ਸਾਰੇ ਬੱਚੇ ਮਰ ਗਏ। (ਅੱਯੂਬ 1:12-19) ਲੇਕਿਨ ਇਨ੍ਹਾਂ ਬਿਪਤਾਵਾਂ ਦੇ ਬਾਵਜੂਦ, ਅੱਯੂਬ ਨੇ ਪਰਮੇਸ਼ੁਰ ਦਾ ਲੜ ਨਹੀਂ ਛੱਡਿਆ। ਅੱਯੂਬ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਦੁੱਖਾਂ ਦੇ ਪਿੱਛੇ ਸ਼ਤਾਨ ਦਾ ਹੱਥ ਸੀ, ਇਸ ਲਈ ਉਸ ਨੇ ਕਿਹਾ: “ਯਹੋਵਾਹ ਨੇ ਦਿੱਤਾ ਯਹੋਵਾਹ ਨੇ ਹੀ ਲੈ ਲਿਆ ਯਹੋਵਾਹ ਦਾ ਨਾਮ ਮੁਬਾਰਕ ਹੋਵੇ।”—ਅੱਯੂਬ 1:21.

ਜਦ ਸ਼ਤਾਨ ਫਿਰ ਯਹੋਵਾਹ ਅੱਗੇ ਆਇਆ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “[ਅੱਯੂਬ] ਹਾਲੇ ਵੀ ਵਫਾਦਾਰ ਹੈ, ਹਾਲਾਂ ਕਿ ਤੂੰ ਬੇਵਜ੍ਹਾ ਉਸ ਦੀਆਂ ਸਾਰੀਆਂ ਚੀਜ਼ਾਂ ਤਬਾਹ ਕਰਨ ਲਈ ਮੈਨੂੰ ਉਸ ਦੇ ਖਿਲਾਫ਼ ਉਕਸਾਇਆ।” (ਅੱਯੂਬ 2:1-3, ਈਜ਼ੀ ਟੂ ਰੀਡ ਵਰਯਨ) ਸ਼ਤਾਨ ਨੇ ਅੱਯੂਬ ਦੀ ਖਰਿਆਈ ਬਾਰੇ ਸਵਾਲ ਖੜ੍ਹਾ ਕੀਤਾ ਸੀ। ਖਰਿਆਈ ਰੱਖਣ ਦਾ ਮਤਲਬ ਹੈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਈਮਾਨਦਾਰ ਤੇ ਨਿਰਦੋਸ਼ ਹੋਣਾ ਅਤੇ ਨੇਕੀ ਤੇ ਧਰਮ ਦੇ ਰਾਹ ਤੇ ਚੱਲਣਾ। ਇਸ ਮਾਮਲੇ ਵਿਚ ਅੱਯੂਬ ਨੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਕਿਉਂਕਿ ਉਸ ਨੇ ਸਖ਼ਤ ਅਜ਼ਮਾਇਸ਼ਾਂ ਅਧੀਨ ਵਫ਼ਾਦਾਰ ਰਹਿ ਕੇ ਸ਼ਤਾਨ ਦੇ ਮਿਹਣੇ ਦਾ  ਜਵਾਬ ਦਿੱਤਾ। ਪਰ ਸ਼ਤਾਨ ਨੇ ਅੱਯੂਬ ਦਾ ਪਿੱਛਾ ਨਹੀਂ ਛੱਡਿਆ।

ਜੋ ਸ਼ਤਾਨ ਨੇ ਅੱਗੇ ਕਿਹਾ ਉਸ ਦਾ ਹਰ ਇਨਸਾਨ ਉੱਤੇ ਅਸਰ ਪੈਂਦਾ ਹੈ। “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇਹ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ।” (ਅੱਯੂਬ 2:4, 5) ਇੱਥੇ ਸ਼ਤਾਨ ਸਿਰਫ਼ ਅੱਯੂਬ ਦੀ ਗੱਲ ਨਹੀਂ ਕਰ ਰਿਹਾ ਸੀ, ਸਗੋਂ ਹਰ ਇਕ “ਮਨੁੱਖ” ਦੀ ਗੱਲ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਹਰ ਮਨੁੱਖ ਪਰਮੇਸ਼ੁਰ ਦੀ ਭਗਤੀ ਦਿਲੋਂ ਨਹੀਂ, ਸਗੋਂ ਆਪਣੇ ਸੁਆਰਥ ਲਈ ਕਰ ਰਿਹਾ ਹੈ। ਜੀ ਹਾਂ, ਸ਼ਤਾਨ ਦਾ ਇਹ ਕਹਿਣਾ ਸੀ ਕਿ ਮਨੁੱਖ ਆਪਣੀ ਜਾਨ ਬਚਾਉਣ ਲਈ ਕੁਝ ਵੀ ਕਰ ਸਕਦਾ ਹੈ। ਸ਼ਤਾਨ ਨੇ ਦਾਅਵਾ ਕੀਤਾ ਕਿ ਜੇ ਉਸ ਨੂੰ ਇਕ ਮੌਕਾ ਦਿੱਤਾ ਜਾਵੇ, ਤਾਂ ਉਹ ਹਰ ਇਨਸਾਨ ਨੂੰ ਪਰਮੇਸ਼ੁਰ ਤੋਂ ਦੂਰ ਕਰ ਸਕਦਾ ਹੈ। ਕੀ ਇਹ ਸੱਚ ਹੈ ਕਿ ਕੋਈ ਵੀ ਇਨਸਾਨ ਅਜ਼ਮਾਇਸ਼ਾਂ ਦੌਰਾਨ ਹਮੇਸ਼ਾ ਲਈ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ?

ਯਹੋਵਾਹ ਨੇ ਸ਼ਤਾਨ ਨੂੰ ਅੱਯੂਬ ਦੀ ਹੋਰ ਪਰੀਖਿਆ ਲੈਣ ਦਿੱਤੀ। ਸ਼ਤਾਨ ਨੇ ਅੱਯੂਬ ਦਾ ਸਾਰਾ ਸਰੀਰ ਫੋੜਿਆਂ ਨਾਲ ਭਰ ਦਿੱਤਾ। ਅੱਯੂਬ ਇਸ ਗੰਭੀਰ ਬੀਮਾਰੀ ਕਾਰਨ ਇੰਨਾ ਤੜਫ਼ ਰਿਹਾ ਸੀ ਕਿ ਉਸ ਨੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਦੁਆ ਕੀਤੀ ਕਿ ਰੱਬ ਉਸ ਨੂੰ ਮੌਤ ਦੀ ਨੀਂਦ ਸੁਲਾ ਦੇਵੇ। (ਅੱਯੂਬ 2:7; 14:13) ਲੇਕਿਨ ਅੱਯੂਬ ਨੇ ਇਹ ਵੀ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂਬ 27:5) ਇਨ੍ਹਾਂ ਸ਼ਬਦਾਂ ਰਾਹੀਂ ਅੱਯੂਬ ਨੇ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਪਰਮੇਸ਼ੁਰ ਨਾਲ ਅੱਯੂਬ ਦਾ ਇਕ ਅਟੁੱਟ ਰਿਸ਼ਤਾ ਸੀ। ਅੱਯੂਬ ਵਾਕਈ ਇਕ ਵਫ਼ਾਦਾਰ ਆਦਮੀ ਸਾਬਤ ਹੋਇਆ। ਬਾਈਬਲ ਦੱਸਦੀ ਹੈ ਕਿ “ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਚੀਜ਼ਾਂ ਦੀ ਅਸੀਸ ਦਿੱਤੀ।” (ਅੱਯੂਬ 42:10-17, ਈਜ਼ੀ ਟੂ ਰੀਡ) ਕੀ ਅੱਯੂਬ ਵਰਗੇ ਹੋਰ ਵੀ ਵਫ਼ਾਦਾਰ ਸੇਵਕ ਸਨ? ਇਤਿਹਾਸ ਦੇ ਰਿਕਾਰਡ ਤੋਂ ਕੀ ਪਤਾ ਲੱਗਦਾ ਹੈ?

ਸ਼ਤਾਨ ਦੇ ਮਿਹਣੇ ਦਾ ਜਵਾਬ

ਬਾਈਬਲ ਵਿਚ ਇਬਰਾਨੀਆਂ ਦੀ ਪੋਥੀ ਦੇ 11ਵੇਂ ਅਧਿਆਇ ਵਿਚ ਪੌਲੁਸ ਰਸੂਲ ਨੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਇਕ ਲੰਬੀ ਸੂਚੀ ਦਿੱਤੀ। ਇਸ ਸੂਚੀ ਵਿਚ ਨੂਹ, ਅਬਰਾਹਾਮ, ਸਾਰਾਹ ਅਤੇ ਮੂਸਾ ਵਰਗੇ ਪੁਰਾਣੇ ਜ਼ਮਾਨੇ ਦੇ ਅਨੇਕ ਸੇਵਕਾਂ ਦਾ ਜ਼ਿਕਰ ਹੈ। ਪੌਲੁਸ ਇਨ੍ਹਾਂ ਸੇਵਕਾਂ ਦਾ ਜ਼ਿਕਰ ਕਰਨ ਤੋਂ ਬਾਅਦ ਕਹਿੰਦਾ ਹੈ: ‘ਵਿਹਲ ਨਹੀਂ ਭਈ ਮੈਂ ਹੋਰਨਾਂ ਦੀ ਵਾਰਤਾ ਕਰਾਂ।’ (ਇਬਰਾਨੀਆਂ 11:32) ਜੀ ਹਾਂ, ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਪੌਲੁਸ ਨੇ ਉਨ੍ਹਾਂ ਨੂੰ ‘ਗਵਾਹਾਂ ਦਾ ਵੱਡਾ ਬੱਦਲ’ ਕਿਹਾ। (ਇਬਰਾਨੀਆਂ 12:1) ਸਦੀਆਂ ਦੌਰਾਨ ਲੱਖਾਂ ਲੋਕ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਫ਼ੈਸਲਾ ਕਰ ਕੇ ਉਸ ਪ੍ਰਤੀ ਜੀਵਨ ਭਰ ਵਫ਼ਾਦਾਰ ਰਹੇ ਹਨ।—ਯਹੋਸ਼ੁਆ 24:15.

ਯਹੋਵਾਹ ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ ਨੇ ਸ਼ਤਾਨ ਦੇ ਮਿਹਣੇ ਦਾ ਮੂੰਹ-ਤੋੜ ਜਵਾਬ ਦਿੱਤਾ। ਯਿਸੂ ਨੂੰ ਤਸੀਹੇ ਦੇ ਕੇ ਸੂਲੀ ਤੇ ਟੰਗਿਆ ਗਿਆ ਸੀ, ਪਰ ਉਸ ਨੇ ਪਰਮੇਸ਼ੁਰ ਤੋਂ ਮੂੰਹ ਨਹੀਂ ਮੋੜਿਆ। ਉਸ ਨੇ ਸਾਬਤ ਕੀਤਾ ਕਿ ਸ਼ਤਾਨ ਹਰ ਇਨਸਾਨ ਨੂੰ ਪਰਮੇਸ਼ੁਰ ਤੋਂ ਦੂਰ ਨਹੀਂ ਕਰ ਸਕਦਾ। ਆਪਣਾ ਆਖ਼ਰੀ ਸਾਹ ਲੈਂਦਿਆਂ ਉਸ ਨੇ ਪੁਕਾਰਿਆ: “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ।”—ਲੂਕਾ 23:46.

ਸਮੇਂ ਦੇ ਬੀਤਣ ਨਾਲ ਇਹ ਸਾਬਤ ਹੋ ਚੁੱਕਾ ਹੈ ਕਿ ਸ਼ਤਾਨ ਹਰ ਇਨਸਾਨ ਨੂੰ ਪਰਮੇਸ਼ੁਰ ਤੋਂ ਬੇਮੁਖ ਕਰਨ ਵਿਚ ਸਫ਼ਲ ਨਹੀਂ ਹੋਇਆ। ਅਨੇਕ ਲੋਕ ਯਹੋਵਾਹ ਪਰਮੇਸ਼ੁਰ ਨੂੰ ਜਾਣ ਗਏ ਹਨ ਅਤੇ ਉਸ ਨੂੰ ‘ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰਦੇ’ ਹਨ। (ਮੱਤੀ 22:37) ਇਨ੍ਹਾਂ ਦੀ ਪੱਕੀ ਵਫ਼ਾਦਾਰੀ ਦੇ ਕਾਰਨ ਸ਼ਤਾਨ ਨੂੰ ਮੂੰਹ ਦੀ ਖਾਣੀ ਪਈ ਹੈ। ਤੁਸੀਂ ਵੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਕੇ ਸ਼ਤਾਨ ਦੇ ਮਿਹਣੇ ਦਾ ਮੂੰਹ-ਤੋੜ ਜਵਾਬ ਦੇ ਸਕਦੇ ਹੋ।

ਤੁਹਾਨੂੰ ਕੀ ਕਰਨ ਦੀ ਲੋੜ ਹੈ?

ਪਰਮੇਸ਼ੁਰ ਚਾਹੁੰਦਾ ਹੈ ਭਈ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਇਹ ਗਿਆਨ ਕਿਸ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ? ਤੁਹਾਨੂੰ ਸਮਾਂ ਕੱਢ ਕੇ ਬਾਈਬਲ ਪੜ੍ਹਨ ਦੁਆਰਾ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਨੂੰ ਜਾਣਨ ਦੀ ਲੋੜ ਹੈ।—ਯੂਹੰਨਾ 17:3.

ਸ਼ਤਾਨ ਨੇ ਇਹ ਦਾਅਵਾ ਕੀਤਾ ਕਿ ਇਨਸਾਨ ਪਰਮੇਸ਼ੁਰ ਦੀ ਭਗਤੀ ਸਿਰਫ਼ ਆਪਣੇ ਫ਼ਾਇਦੇ ਲਈ ਕਰਦੇ ਹਨ। ਇਸ ਦਾਅਵੇ ਰਾਹੀਂ ਉਸ ਨੇ ਇਨਸਾਨਾਂ ਦੇ ਇਰਾਦਿਆਂ ਉੱਤੇ ਸ਼ੱਕ ਪੈਦਾ ਕੀਤਾ। ਜੇ ਤੁਸੀਂ ਸਹੀ ਇਰਾਦੇ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਦੇ ਗਿਆਨ ਨੂੰ ਆਪਣੇ ਦਿਲ ਤੇ ਅਸਰ ਕਰਨ ਦਿਓ। ਲੇਕਿਨ, ਬਾਈਬਲ ਪੜ੍ਹਨੀ ਹੀ ਕਾਫ਼ੀ ਨਹੀਂ ਹੈ, ਤੁਹਾਨੂੰ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਦੀ ਵੀ ਲੋੜ ਹੈ। (ਜ਼ਬੂਰਾਂ ਦੀ ਪੋਥੀ 143:5) ਜਦ ਤੁਸੀਂ ਬਾਈਬਲ ਜਾਂ ਬਾਈਬਲ ਤੇ ਆਧਾਰਿਤ ਪ੍ਰਕਾਸ਼ਨ ਪੜ੍ਹਦੇ ਹੋ, ਤਾਂ ਕਿਉਂ ਨਾ ਸਮਾਂ ਕੱਢ ਕੇ ਆਪਣੇ ਆਪ ਤੋਂ ਪੁੱਛੋ: ‘ਇਸ ਤੋਂ ਮੈਂ ਯਹੋਵਾਹ ਪਰਮੇਸ਼ੁਰ ਬਾਰੇ ਕੀ ਸਿੱਖਿਆ ਹੈ? ਇਸ ਵਿਚ ਪਰਮੇਸ਼ੁਰ ਦੇ ਕਿਹੜੇ ਗੁਣ ਪ੍ਰਗਟ ਕੀਤੇ ਗਏ ਹਨ? ਇਹ ਸਲਾਹ ਮੈਂ ਆਪਣੀ ਜ਼ਿੰਦਗੀ ਵਿਚ ਕਿੱਦਾਂ ਲਾਗੂ ਕਰ ਸਕਦਾ ਹਾਂ? ਇਸ ਤੋਂ ਮੈਂ ਯਹੋਵਾਹ ਦੀ ਪਸੰਦ ਅਤੇ ਨਾਪਸੰਦ ਬਾਰੇ ਕੀ ਸਿੱਖਿਆ ਹੈ? ਇਹ ਜਾਣ ਕੇ ਮੈਂ ਪਰਮੇਸ਼ੁਰ ਬਾਰੇ ਕਿੱਦਾਂ ਮਹਿਸੂਸ ਕਰਦਾ ਹਾਂ?’ ਇਸ ਤਰ੍ਹਾਂ ਸੋਚ-ਵਿਚਾਰ ਕਰਨ ਨਾਲ ਤੁਹਾਡਾ ਦਿਲ ਪਰਮੇਸ਼ੁਰ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰ ਜਾਵੇਗਾ।

ਤੁਹਾਨੂੰ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਸਿਰਫ਼ ਭਗਤੀ ਦੇ ਮਾਮਲੇ ਵਿਚ ਹੀ ਨਹੀਂ, ਸਗੋਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਉਸ ਦੇ ਨੈਤਿਕ ਅਸੂਲਾਂ ਉੱਤੇ ਚੱਲ ਕੇ ਦਿਖਾਉਣੀ ਚਾਹੀਦੀ ਹੈ। (1 ਰਾਜਿਆਂ 9:4) ਲੇਕਿਨ ਪਰਮੇਸ਼ੁਰ ਦੇ ਨੈਤਿਕ ਅਸੂਲਾਂ ਉੱਤੇ ਚੱਲਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਕਈ ਚੰਗੀਆਂ ਚੀਜ਼ਾਂ ਤੋਂ ਵਾਂਝੇ ਹੋ ਜਾਵੋਗੇ। ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਜ਼ਿੰਦਗੀ ਦਾ ਪੂਰਾ ਆਨੰਦ ਮਾਣੋ। ਧਿਆਨ ਦਿਓ ਕਿ ਤੁਹਾਨੂੰ ਕਿਹੜੇ ਕੰਮ ਜਾਂ ਆਦਤਾਂ ਛੱਡਣ ਦੀ ਲੋੜ ਹੈ, ਤਾਂਕਿ ਤੁਸੀਂ ਜ਼ਿੰਦਗੀ ਵਿਚ ਸੁਖ ਪਾ ਸਕੋ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕੋ।

ਬਦਚਲਣ ਕੰਮਾਂ ਤੋਂ ਦੂਰ ਰਹੋ

ਵਿਆਹ ਦੇ ਸੰਬੰਧ ਵਿਚ ਯਹੋਵਾਹ ਪਰਮੇਸ਼ੁਰ ਨੇ ਆਪਣੇ ਬਚਨ ਬਾਈਬਲ ਵਿਚ ਇਹ ਮਿਆਰ ਕਾਇਮ ਕੀਤਾ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:21-24) ਵਿਆਹ ਤੋਂ ਬਾਅਦ ਪਤੀ-ਪਤਨੀ “ਇੱਕ ਸਰੀਰ” ਹੋ ਜਾਂਦੇ ਹਨ। ਇਸ ਲਈ ਪਤੀ-ਪਤਨੀ ਨੂੰ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਨਹੀਂ ਰੱਖਣੇ ਚਾਹੀਦੇ। ਇਸ ਤਰ੍ਹਾਂ ਕਰਨ ਨਾਲ ਉਹ ਵਿਆਹ ਦੇ ਪਵਿੱਤਰ ਬੰਧਨ ਨੂੰ ਕਾਇਮ ਰੱਖਣਗੇ। ਪੌਲੁਸ ਰਸੂਲ ਨੇ ਕਿਹਾ ਸੀ ਕਿ “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਇਸ ਆਇਤ ਵਿਚ “ਵਿਛਾਉਣਾ” ਸ਼ਬਦ ਕਾਨੂੰਨੀ ਤੌਰ ਤੇ ਵਿਆਹੇ ਹੋਏ ਆਦਮੀ ਤੇ ਔਰਤ ਵਿਚਕਾਰ ਜਿਨਸੀ ਸੰਬੰਧਾਂ ਨੂੰ ਸੰਕੇਤ ਕਰਦਾ ਹੈ। ਸ਼ਾਦੀ-ਸ਼ੁਦਾ ਆਦਮੀ ਜਾਂ ਔਰਤ ਦਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣਾ ਜ਼ਨਾਹ ਹੈ ਤੇ ਇਸ ਪਾਪ ਦੀ ਸਜ਼ਾ ਪਰਮੇਸ਼ੁਰ ਜ਼ਰੂਰ ਦਿੰਦਾ ਹੈ।—ਮਲਾਕੀ 3:5.

ਵਿਆਹ ਤੋਂ ਪਹਿਲਾਂ ਸੈਕਸ ਕਰਨਾ ਵੀ ਪਰਮੇਸ਼ੁਰ ਦੇ ਮਿਆਰਾਂ ਦੇ ਖ਼ਿਲਾਫ਼ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੀ ਇੱਛਿਆ . . . ਹੈ ਭਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ।” (1 ਥੱਸਲੁਨੀਕੀਆਂ 4:3) ਸਮਲਿੰਗੀ ਸੰਬੰਧ ਅਤੇ ਨੇੜੇ ਦੇ ਸਾਕ-ਸੰਬੰਧੀ ਨਾਲ ਜਾਂ ਕਿਸੇ ਜਾਨਵਰ ਨਾਲ ਸੰਗ ਕਰਨਾ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗੰਭੀਰ ਪਾਪ ਹਨ। (ਲੇਵੀਆਂ 18:6, 23; ਰੋਮੀਆਂ 1:26, 27) ਜੇ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ ਅਤੇ ਸੁਖੀ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਅਜਿਹੇ ਬਦਚਲਣ ਕੰਮਾਂ ਤੋਂ ਦੂਰ ਰਹਿਣ ਦੀ ਲੋੜ ਹੈ।

ਕੀ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦਾ ਇਕ-ਦੂਜੇ ਨੂੰ ਪਲੋਸਣਾ ਜਾਂ ਚੁੰਮਾ-ਚੱਟੀ ਕਰਨਾ ਠੀਕ ਹੈ? ਨਹੀਂ! ਅਜਿਹੇ ਘਿਣਾਉਣੇ ਕੰਮ ਯਹੋਵਾਹ ਨੂੰ ਬਿਲਕੁਲ ਪਸੰਦ ਨਹੀਂ। (ਗਲਾਤੀਆਂ 5:19) ਇਨ੍ਹਾਂ ਕੰਮਾਂ ਤੋਂ ਦੂਰ ਰਹਿਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਨ ਵਿਚ ਗੰਦੇ ਵਿਚਾਰ ਨਾ ਆਉਣ ਦਿਓ। ਯਿਸੂ ਨੇ ਕਿਹਾ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਯਿਸੂ ਦੇ ਇਹ ਸ਼ਬਦ ਇੰਟਰਨੈੱਟ ਜਾਂ ਟੀ. ਵੀ. ਤੇ ਗੰਦੀਆਂ ਤਸਵੀਰਾਂ ਦੇਖਣ, ਗੰਦੇ ਕੰਮਾਂ ਬਾਰੇ ਪੜ੍ਹਨ ਅਤੇ ਗੀਤਾਂ ਦੇ ਗੰਦੇ ਬੋਲਾਂ ਨੂੰ ਸੁਣਨ ਸੰਬੰਧੀ ਵੀ ਲਾਗੂ ਹੁੰਦੇ ਹਨ। ਅਜਿਹੀ ਕਾਮ-ਉਤੇਜਕ ਸਾਮੱਗਰੀ ਤੋਂ ਦੂਰ ਰਹਿ ਕੇ ਤੁਹਾਡਾ ਭਲਾ ਹੋਵੇਗਾ ਅਤੇ ਤੁਸੀਂ ਪਰਮੇਸ਼ੁਰ ਦਾ ਜੀਅ ਖ਼ੁਸ਼ ਕਰ ਸਕੋਗੇ।

ਇਸ਼ਕਬਾਜ਼ੀ ਬਾਰੇ ਕੀ? ਇਸ਼ਕਬਾਜ਼ੀ ਜਾਂ ਫਲਰਟ ਕਰਨ ਦਾ ਮਤਲਬ ਹੈ ਕਿਸੇ ਕੁੜੀ ਜਾਂ ਮੁੰਡੇ ਨਾਲ ਗ਼ਲਤ ਇਰਾਦੇ ਨਾਲ ਰੋਮਾਂਟਿਕ ਹੋਣਾ। ਸ਼ਾਦੀ-ਸ਼ੁਦਾ ਆਦਮੀ ਜਾਂ ਔਰਤ ਵੱਲੋਂ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਇਸ਼ਕਬਾਜ਼ੀ ਕਰਨੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਹੈ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦਾ ਨਿਰਾਦਰ ਕੀਤਾ ਜਾਂਦਾ ਹੈ। (ਅਫ਼ਸੀਆਂ 5:28-33) ਜੇ ਮੁੰਡਾ ਜਾਂ ਕੁੜੀ ਵਿਆਹ ਕਰਨ ਦੇ ਇਰਾਦੇ ਤੋਂ ਬਿਨਾਂ ਇਕ-ਦੂਜੇ ਨਾਲ ਫਲਰਟ ਕਰਨ, ਤਾਂ ਇਹ ਬਹੁਤ ਗ਼ਲਤ ਹੈ! ਦੂਸਰਿਆਂ ਦੀਆਂ ਭਾਵਨਾਵਾਂ ਨਾਲ ਇਸ ਤਰ੍ਹਾਂ ਖੇਡਣ ਨਾਲ ਉਨ੍ਹਾਂ ਦਾ ਦਿਲ ਟੁੱਟ ਸਕਦਾ ਹੈ। ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਫਲਰਟ ਕਰਨ ਦਾ ਨਤੀਜਾ ਜ਼ਨਾਹ ਹੋ ਸਕਦਾ ਹੈ। ਇਸ ਤੋਂ ਉਲਟ, ਜੇ ਮੁੰਡਾ-ਕੁੜੀ ਇਕ-ਦੂਜੇ ਦਾ ਆਦਰ-ਮਾਣ ਕਰਨ, ਤਾਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਇੱਜ਼ਤ ਵਧੇਗੀ।—1 ਤਿਮੋਥਿਉਸ 5:1, 2.

ਹੋਰਨਾਂ ਗੱਲਾਂ ਵਿਚ ਵੀ ਪਰਮੇਸ਼ੁਰ ਨੂੰ ਖ਼ੁਸ਼ ਕਰੋ

ਅਨੇਕ ਦੇਸ਼ਾਂ ਵਿਚ ਸ਼ਰਾਬ ਆਸਾਨੀ ਨਾਲ ਮਿਲ ਜਾਂਦੀ ਹੈ। ਕੀ ਸ਼ਰਾਬ ਪੀਣੀ ਮਨ੍ਹਾ ਹੈ? ਬਾਈਬਲ ਵਿਚ ਹਿਸਾਬ ਨਾਲ ਸ਼ਰਾਬ ਜਾਂ ਬੀਅਰ ਪੀਣੀ ਮਨ੍ਹਾ ਨਹੀਂ ਹੈ। (ਜ਼ਬੂਰਾਂ ਦੀ ਪੋਥੀ 104:15; 1 ਤਿਮੋਥਿਉਸ 5:23) ਲੇਕਿਨ ਜ਼ਿਆਦਾ ਸ਼ਰਾਬ ਪੀਣੀ ਜਾਂ ਸ਼ਰਾਬੀ ਹੋਣਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ। (1 ਕੁਰਿੰਥੀਆਂ 5:11-13) ਜ਼ਿਆਦਾ ਸ਼ਰਾਬ ਪੀਣ ਦੀ ਆਦਤ ਕਾਰਨ ਤੁਹਾਡੀ ਸਿਹਤ ਵਿਗੜ ਸਕਦੀ ਹੈ ਅਤੇ ਤੁਹਾਡੇ ਘਰ ਵਿਚ ਕਲੇਸ਼ ਪੈ ਸਕਦਾ ਹੈ ਜਾਂ ਪਰਿਵਾਰ ਟੁੱਟ ਕੇ ਬਿਖਰ ਸਕਦਾ ਹੈ। ਯਕੀਨਨ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ।—ਕਹਾਉਤਾਂ 23:20, 21, 29-35.

ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂਰਾਂ ਦੀ ਪੋਥੀ 31:5) ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ।” (ਇਬਰਾਨੀਆਂ 6:18) ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਡੇ ਨਾਲ ਖ਼ੁਸ਼ ਹੋਵੇ, ਤਾਂ ਤੁਹਾਨੂੰ ਝੂਠ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। (ਕਹਾਉਤਾਂ 6:16-19; ਕੁਲੁੱਸੀਆਂ 3:9, 10) ਬਾਈਬਲ ਮਸੀਹੀਆਂ ਨੂੰ ਤਾਕੀਦ ਕਰਦੀ ਹੈ: “ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ।”—ਅਫ਼ਸੀਆਂ 4:25.

ਜੂਆ ਖੇਡਣ ਦੀ ਆਦਤ ਵੀ ਬਹੁਤ ਬੁਰੀ ਹੈ। ਭਾਵੇਂ ਕਿ ਅਨੇਕ ਲੋਕ ਜੂਆ ਖੇਡਣਾ ਪਸੰਦ ਕਰਦੇ ਹਨ, ਫਿਰ ਵੀ ਜੂਆ ਖੇਡਣਾ ਇਕ ਕਿਸਮ ਦਾ ਲੋਭ ਹੈ ਕਿਉਂਕਿ ਜੁਆਰੀ ਦੂਸਰਿਆਂ ਦਾ ਨੁਕਸਾਨ ਕਰਨ ਦੁਆਰਾ ਨਫ਼ਾ ਕਮਾਉਣ ਦੀ ਕੋਸ਼ਿਸ਼ ਕਰਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਕਰਦਾ ਜੋ “ਝੂਠੀ ਕਮਾਈ ਦੇ ਲੋਭੀ” ਹਨ। (1 ਤਿਮੋਥਿਉਸ 3:8) ਜੇ ਤੁਸੀਂ ਯਹੋਵਾਹ ਦੀ ਮਿਹਰ ਪਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਲਾਟਰੀ, ਬਿੰਗੋ ਅਤੇ ਘੋੜਿਆਂ ਤੇ ਬਾਜ਼ੀ ਲਾਉਣ ਵਰਗੇ ਹਰ ਕਿਸਮ ਦੇ ਜੂਏ ਤੋਂ ਦੂਰ ਰਹਿਣ ਦੀ ਲੋੜ ਹੈ। ਨਤੀਜੇ ਵਜੋਂ ਤੁਸੀਂ ਪੈਸਾ ਬਰਬਾਦ ਕਰਨ ਦੀ ਬਜਾਇ, ਪੈਸਾ ਜੋੜ ਸਕੋਗੇ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਕਰ ਸਕੋਗੇ।

ਚੋਰੀ ਕਰਨੀ ਵੀ ਲੋਭ ਦਾ ਇਕ ਰੂਪ ਹੈ। ਬਾਈਬਲ ਕਹਿੰਦੀ ਹੈ: “ਤੂੰ ਚੋਰੀ ਨਾ ਕਰ।” (ਕੂਚ 20:15) ਜਾਣ-ਬੁੱਝ ਕੇ ਚੋਰੀ ਦਾ ਮਾਲ ਖ਼ਰੀਦਣਾ ਜਾਂ ਬਿਨਾਂ ਪੁੱਛੇ ਕੋਈ ਚੀਜ਼ ਲੈਣੀ ਗ਼ਲਤ ਹੈ। ਬਾਈਬਲ ਇਹ ਸਲਾਹ ਦਿੰਦੀ ਹੈ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।” (ਅਫ਼ਸੀਆਂ 4:28) ਯਹੋਵਾਹ ਦੇ ਸੇਵਕ ਕੰਮ ਦੀ ਥਾਂ ਤੇ ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ” ਹਨ। (ਇਬਰਾਨੀਆਂ 13:18) ਈਮਾਨਦਾਰੀ ਨਾਲ ਜ਼ਿੰਦਗੀ ਗੁਜ਼ਾਰਨ ਨਾਲ ਤੁਸੀਂ ਆਪਣੀ ਜ਼ਮੀਰ ਸ਼ੁੱਧ ਰੱਖ ਸਕੋਗੇ ਅਤੇ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ।

ਗੁੱਸੇਖ਼ੋਰ ਇਨਸਾਨਾਂ ਨੂੰ ਪਰਮੇਸ਼ੁਰ ਕਿਵੇਂ ਵਿਚਾਰਦਾ ਹੈ? ਬਾਈਬਲ ਚੇਤਾਵਨੀ ਦਿੰਦੀ ਹੈ: “ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ।” (ਕਹਾਉਤਾਂ 22:24) ਬੇਕਾਬੂ ਗੁੱਸਾ ਅਕਸਰ ਹਿੰਸਾ ਨੂੰ ਜਨਮ ਦਿੰਦਾ ਹੈ। (ਉਤਪਤ 4:5-8) ਬਦਲਾ ਲੈਣ ਬਾਰੇ ਬਾਈਬਲ ਇਹ ਸਲਾਹ ਦਿੰਦੀ ਹੈ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ। ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀਆਂ 12:17-19) ਅਜਿਹੀ ਸਲਾਹ ਉੱਤੇ ਚੱਲਣ  ਦੇ ਨਤੀਜੇ ਵਜੋਂ ਤੁਸੀਂ ਜ਼ਿੰਦਗੀ ਵਿਚ ਸੁਖ ਅਤੇ ਸ਼ਾਂਤੀ ਪਾਓਗੇ।

ਤੁਸੀਂ ਸਫ਼ਲ ਹੋ ਸਕਦੇ ਹੋ

ਗ਼ਲਤ ਕੰਮ ਕਰਨ ਦੇ ਦਬਾਅ ਆਉਣ ਦੇ ਬਾਵਜੂਦ, ਕੀ ਤੁਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਸਕੋਗੇ? ਹਾਂ ਬਿਲਕੁਲ। ਯਾਦ ਰੱਖੋ ਕਿ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਸ਼ਤਾਨ ਨੂੰ ਝੂਠਾ ਸਾਬਤ ਕਰਨ ਵਿਚ ਕਾਮਯਾਬ ਹੋਵੋ ਕਿਉਂਕਿ ਉਸ ਦਾ ਬਚਨ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”—ਕਹਾਉਤਾਂ 27:11.

ਤੁਸੀਂ ਪ੍ਰਾਰਥਨਾ ਕਰ ਕੇ ਯਹੋਵਾਹ ਪਰਮੇਸ਼ੁਰ ਤੋਂ ਸਹੀ ਕੰਮ ਕਰਨ ਦੀ ਤਾਕਤ ਮੰਗ ਸਕਦੇ ਹੋ। (ਫ਼ਿਲਿੱਪੀਆਂ 4:6, 7, 13) ਤੁਹਾਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਦਾ ਗਿਆਨ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ। ਫਿਰ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧੇਗਾ ਅਤੇ ਤੁਸੀਂ ਉਸ ਦੀ ਆਗਿਆ ਦੀ ਪਾਲਣਾ ਕਰਨੀ ਚਾਹੋਗੇ। ਪਹਿਲਾ ਯੂਹੰਨਾ 5:3 ਦੱਸਦਾ ਹੈ ਕਿ “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” ਤੁਹਾਡੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ ਤੁਹਾਡੇ ਨਾਲ ਬਾਈਬਲ ਦਾ ਅਧਿਐਨ ਕਰ ਕੇ ਖ਼ੁਸ਼ ਹੋਣਗੇ। ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ।

[ਸਫ਼ਾ 4 ਉੱਤੇ ਤਸਵੀਰ]

ਸਖ਼ਤ ਅਜ਼ਮਾਇਸ਼ਾਂ ਦੌਰਾਨ ਅੱਯੂਬ ਵਫ਼ਾਦਾਰ ਰਿਹਾ

[ਸਫ਼ਾ 7 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈ ਕੇ ਸਹੀ ਕੰਮ ਕਰਨ ਦੇ ਆਪਣੇ ਇਰਾਦੇ ਨੂੰ ਹੋਰ ਪੱਕਾ ਕਰੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ