ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w07 6/15 ਸਫ਼ੇ 21-25
  • ਸਾਡੀ ਬਣਤਰ “ਅਚਰਜ” ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੀ ਬਣਤਰ “ਅਚਰਜ” ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੀ ਸ਼ਾਨਦਾਰ ਸਰੀਰਕ ਬਣਤਰ
  • ਸਾਡਾ ਅਨੋਖਾ ਦਿਮਾਗ਼
  • ਵਿਸ਼ਵਾਸ ਕਰਨ ਦਾ ਕੀ ਮਤਲਬ ਹੈ?
  • ਆਪਣੇ ਸਿਰਜਣਹਾਰ ਦੀ ਅਗਵਾਈ ਭਾਲੋ
  • ਆਪਣੇ ਮਹਾਨ ਸਿਰਜਣਹਾਰ ਦੇ ਰਾਹਾਂ ਤੇ ਚੱਲੋ
  • ਸਾਨੂੰ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
w07 6/15 ਸਫ਼ੇ 21-25

ਸਾਡੀ ਬਣਤਰ “ਅਚਰਜ” ਹੈ

“ਮੈਂ ਭਿਆਣਕ ਰੀਤੀ ਤੇ ਅਚਰਜ ਹਾਂ।”—ਜ਼ਬੂਰਾਂ ਦੀ ਪੋਥੀ 139:14.

1. ਕਈ ਸਮਝਦਾਰ ਲੋਕ ਕੁਦਰਤ ਦੀਆਂ ਸ਼ਾਨਦਾਰ ਚੀਜ਼ਾਂ ਬਣਾਉਣ ਦਾ ਸਿਹਰਾ ਪਰਮੇਸ਼ੁਰ ਨੂੰ ਕਿਉਂ ਦਿੰਦੇ ਹਨ?

ਕੁਦਰਤ ਸ਼ਾਨਦਾਰ ਚੀਜ਼ਾਂ ਨਾਲ ਭਰੀ ਹੋਈ ਹੈ। ਇਹ ਸਭ ਚੀਜ਼ਾਂ ਕਿੱਥੋਂ ਆਈਆਂ? ਕੁਝ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤੇ ਬਿਨਾਂ ਵੀ ਇਸ ਸਵਾਲ ਦਾ ਜਵਾਬ ਮਿਲ ਸਕਦਾ ਹੈ। ਹੋਰਨਾਂ ਦਾ ਕਹਿਣਾ ਹੈ ਕਿ ਸਿਰਜਣਹਾਰ ਤੋਂ ਬਿਨਾਂ ਕੁਦਰਤ ਦੇ ਭੇਦ ਨੂੰ ਸਮਝਿਆ ਨਹੀਂ ਜਾ ਸਕਦਾ। ਉਨ੍ਹਾਂ ਦਾ ਮੰਨਣਾ ਹੈ ਕਿ ਧਰਤੀ ਦੇ ਜੀਵ-ਜੰਤੂਆਂ ਦੀ ਗੁੰਝਲਦਾਰ ਤੇ ਸ਼ਾਨਦਾਰ ਬਣਤਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਆਪੇ ਹੀ ਹੋਂਦ ਵਿਚ ਨਹੀਂ ਆਏ ਕਿਉਂਕਿ ਹਰ ਜੀਵ ਇਕ ਤੋਂ ਵਧ ਕੇ ਇਕ ਹੈ। ਬਹੁਤ ਸਾਰੇ ਲੋਕ, ਇੱਥੋਂ ਤਕ ਕਿ ਕੁਝ ਵਿਗਿਆਨੀ ਵੀ ਮੰਨਦੇ ਹਨ ਕਿ ਸੱਭੋ ਕੁਝ ਇਕ ਬੁੱਧੀਮਾਨ, ਤਾਕਤਵਰ ਅਤੇ ਸੂਝਵਾਨ ਦਾਤੇ ਦੇ ਹੱਥਾਂ ਦਾ ਕਮਾਲ ਹੈ।a

2. ਦਾਊਦ ਨੇ ਕਿਸ ਗੱਲ ਤੋਂ ਪ੍ਰੇਰਿਤ ਹੋ ਕੇ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਕੀਤੀ ਸੀ?

2 ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਦਾਊਦ ਨੂੰ ਯਕੀਨ ਸੀ ਕਿ ਸ਼ਾਨਦਾਰ ਚੀਜ਼ਾਂ ਬਣਾਉਣ ਵਾਲੇ ਕਰਤਾਰ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ। ਭਾਵੇਂ ਦਾਊਦ ਅੱਜ ਦੇ ਵਿਗਿਆਨਕ ਯੁਗ ਤੋਂ ਸਦੀਆਂ ਪਹਿਲਾਂ ਦੇ ਜ਼ਮਾਨੇ ਵਿਚ ਰਹਿੰਦਾ ਸੀ, ਫਿਰ ਵੀ ਉਹ ਆਪਣੇ ਆਲੇ-ਦੁਆਲੇ ਦੀਆਂ ਸ਼ਾਨਦਾਰ ਕੁਦਰਤੀ ਚੀਜ਼ਾਂ ਨੂੰ ਦੇਖ ਕੇ ਸਮਝ ਗਿਆ ਕਿ ਇਨ੍ਹਾਂ ਨੂੰ ਪਰਮੇਸ਼ੁਰ ਨੇ ਹੀ ਬਣਾਇਆ ਹੈ। ਆਪਣੇ ਸਰੀਰ ਦੀ ਬਣਾਵਟ ਦੇਖ ਕੇ ਹੀ ਦਾਊਦ ਦਾ ਦਿਲ ਪਰਮੇਸ਼ੁਰ ਲਈ ਸ਼ਰਧਾ ਨਾਲ ਭਰ ਗਿਆ ਹੋਣਾ। ਉਸ ਨੇ ਲਿਖਿਆ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!”—ਜ਼ਬੂਰਾਂ ਦੀ ਪੋਥੀ 139:14.

3, 4. ਸਾਡੇ ਸਾਰਿਆਂ ਲਈ ਯਹੋਵਾਹ ਦੀਆਂ ਕਾਰੀਗਰੀਆਂ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨਾ ਜ਼ਰੂਰੀ ਕਿਉਂ ਹੈ?

3 ਦਾਊਦ ਨੇ ਡੂੰਘਾਈ ਨਾਲ ਸੋਚ-ਵਿਚਾਰ ਕੀਤਾ ਜਿਸ ਕਰਕੇ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਸੀ। ਅੱਜ-ਕੱਲ੍ਹ ਸਕੂਲਾਂ ਵਿਚ ਅਤੇ ਮੀਡੀਆ ਦੇ ਜ਼ਰੀਏ ਇਨਸਾਨ ਦੀ ਸ਼ੁਰੂਆਤ ਬਾਰੇ ਅਜਿਹੀਆਂ ਥਿਊਰੀਆਂ ਸਿਖਾਈਆਂ ਜਾਂਦੀਆਂ ਹਨ ਕਿ ਲੋਕ ਪਰਮੇਸ਼ੁਰ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ। ਦਾਊਦ ਵਰਗੀ ਪੱਕੀ ਨਿਹਚਾ ਪਾਉਣ ਲਈ ਸਾਨੂੰ ਵੀ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ। ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੂਜੇ ਸਾਡੇ ਵਾਸਤੇ ਇਹ ਤੈ ਨਾ ਕਰਨ ਕਿ ਸਾਨੂੰ ਸਿਰਜਣਹਾਰ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਨਹੀਂ ਜਾਂ ਸਾਰਾ ਕੁਝ ਉਸ ਨੇ ਬਣਾਇਆ ਹੈ ਜਾਂ ਨਹੀਂ।

4 ਇਸ ਤੋਂ ਇਲਾਵਾ, ਯਹੋਵਾਹ ਦੀਆਂ ਕਾਰੀਗਰੀਆਂ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨ ਦੁਆਰਾ ਸਾਡੇ ਦਿਲ ਵਿਚ ਉਸ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਪੈਦਾ ਹੁੰਦੀ ਹੈ ਅਤੇ ਉਸ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਪੱਕੀ ਹੁੰਦੀ ਹੈ। ਇਸ ਤਰ੍ਹਾਂ ਹੋਣ ਤੇ ਅਸੀਂ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣਾ ਚਾਹਾਂਗੇ ਅਤੇ ਉਸ ਦੀ ਸੇਵਾ ਕਰਨੀ ਚਾਹਾਂਗੇ। ਤਾਂ ਫਿਰ ਆਓ ਆਪਾਂ ਗੌਰ ਕਰੀਏ ਕਿ ਆਧੁਨਿਕ ਵਿਗਿਆਨ ਵੀ ਦਾਊਦ ਦੀ ਇਸ ਗੱਲ ਨਾਲ ਕਿਵੇਂ ਸਹਿਮਤ ਹੈ ਕਿ ਇਨਸਾਨ ਦੀ ਬਣਤਰ “ਅਚਰਜ” ਹੈ।

ਸਾਡੀ ਸ਼ਾਨਦਾਰ ਸਰੀਰਕ ਬਣਤਰ

5, 6. (ੳ) ਸਾਡੀ ਸਾਰਿਆਂ ਦੀ ਸ਼ੁਰੂਆਤ ਕਿਵੇਂ ਹੋਈ ਸੀ? (ਅ) ਸਾਡੇ ਗੁਰਦੇ ਕੀ ਕੰਮ ਕਰਦੇ ਹਨ?

5 “ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ, ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ।” (ਜ਼ਬੂਰਾਂ ਦੀ ਪੋਥੀ 139:13) ਸਾਡੀ ਸਾਰਿਆਂ ਦੀ ਸ਼ੁਰੂਆਤ ਆਪਣੀ ਮਾਂ ਦੀ ਕੁੱਖ ਵਿਚ ਰਾਈ ਦੇ ਦਾਣੇ ਨਾਲੋਂ ਵੀ ਛੋਟੇ ਸੈੱਲ ਨਾਲ ਹੋਈ ਸੀ। ਇਹ ਸੂਖਮ ਸੈੱਲ ਬਹੁਤ ਹੀ ਗੁੰਝਲਦਾਰ ਸੀ ਜਿਸ ਨੂੰ ਛੋਟੀ ਜਿਹੀ ਰਸਾਇਣਕ ਲੈਬਾਰਟਰੀ ਕਿਹਾ ਜਾ ਸਕਦਾ ਹੈ। ਇਹ ਸੈੱਲ ਤੇਜ਼ੀ ਨਾਲ ਵਧਣ ਲੱਗਾ। ਗਰਭ ਵਿਚ ਦੋ ਮਹੀਨਿਆਂ ਦੇ ਅਖ਼ੀਰ ਤਕ ਤੁਹਾਡੇ ਮਹੱਤਵਪੂਰਣ ਅੰਗ ਪਹਿਲਾਂ ਹੀ ਬਣ ਚੁੱਕੇ ਸਨ। ਉਨ੍ਹਾਂ ਵਿਚ ਤੁਹਾਡੇ ਗੁਰਦੇ ਵੀ ਸਨ। ਜਦ ਤੁਸੀਂ ਪੈਦਾ ਹੋਏ, ਤਾਂ ਤੁਹਾਡੇ ਗੁਰਦੇ ਤੁਹਾਡੇ ਖ਼ੂਨ ਨੂੰ ਫਿਲਟਰ ਕਰਨ ਲਈ ਤਿਆਰ-ਬਰ-ਤਿਆਰ ਸਨ। ਇਹ ਖ਼ੂਨ ਵਿੱਚੋਂ ਵਾਧੂ ਪਾਣੀ ਨੂੰ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਕੱਢ ਦਿੰਦੇ ਹਨ। ਖ਼ੂਨ ਨੂੰ ਸਾਫ਼ ਕਰਨ ਦੇ ਨਾਲ-ਨਾਲ ਇਹ ਫ਼ਾਇਦੇਮੰਦ ਪਦਾਰਥਾਂ ਨੂੰ ਖ਼ੂਨ ਵਿਚ ਰਹਿਣ ਦਿੰਦੇ ਹਨ। ਸਿਆਣਿਆਂ ਦੇ ਲਹੂ ਵਿਚ ਤਕਰੀਬਨ 5 ਲੀਟਰ ਪਾਣੀ ਹੁੰਦਾ ਹੈ ਜੋ ਸਾਡੇ ਗੁਰਦੇ ਹਰ 45 ਮਿੰਟਾਂ ਬਾਅਦ ਫਿਲਟਰ ਕਰਦੇ ਹਨ!

6 ਤੁਹਾਡੇ ਗੁਰਦੇ ਖ਼ੂਨ ਵਿਚਲੇ ਖਣਿਜ ਪਦਾਰਥ, ਐਸਿਡ ਅਤੇ ਬਲੱਡ-ਪ੍ਰੈਸ਼ਰ ਨੂੰ ਵੀ ਕੰਟ੍ਰੋਲ ਕਰਦੇ ਹਨ। ਇਹ ਹੋਰ ਵੀ ਕਈ ਮਹੱਤਵਪੂਰਣ ਕੰਮ ਕਰਦੇ ਹਨ ਜਿਵੇਂ ਵਿਟਾਮਿਨ ਡੀ ਨੂੰ ਹੋਰ ਤੱਤਾਂ ਵਿਚ ਬਦਲਣਾ ਤਾਂਕਿ ਹੱਡੀਆਂ ਦਾ ਸਹੀ ਵਿਕਾਸ ਹੋ ਸਕੇ ਅਤੇ ਇਰਿਥਰੋਪਾਇਟਿਨ ਹਾਰਮੋਨ ਪੈਦਾ ਕਰਨਾ ਜੋ ਤੁਹਾਡੀਆਂ ਹੱਡੀਆਂ ਵਿਚ ਖ਼ੂਨ ਦੇ ਲਾਲ ਸੈੱਲਾਂ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸੇ ਕਰਕੇ ਕਈ ਲੋਕ ਗੁਰਦਿਆਂ ਦੇ ਕੰਮ ਬਾਰੇ ਜਾਣ ਕੇ ਹੈਰਾਨ ਰਹਿ ਜਾਂਦੇ ਹਨ।

7, 8. (ੳ) ਮਾਤਾ ਦੀ ਕੁੱਖ ਵਿਚ ਬੱਚਾ ਕਿਵੇਂ ਬਣਦਾ ਹੈ? (ਅ) ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ‘ਧਰਤੀ ਦਿਆਂ ਹੇਠਲਿਆਂ ਥਾਂਵਾਂ ਵਿੱਚ ਉਸ ਦਾ ਕਸੀਦਾ ਕੱਢਿਆ’ ਗਿਆ ਸੀ?

7 “ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, ਅਤੇ ਧਰਤੀ ਦਿਆਂ ਹੇਠਲਿਆਂ ਥਾਂਵਾਂ ਵਿੱਚ ਮੇਰਾ ਕਸੀਦਾ ਕੱਢੀਦਾ ਸੀ।” (ਜ਼ਬੂਰਾਂ ਦੀ ਪੋਥੀ 139:15) ਪਹਿਲੇ ਸੈੱਲ ਦੇ ਦੋ ਸੈੱਲ ਬਣ ਗਏ ਅਤੇ ਉਹ ਦੋ ਸੈੱਲ ਅੱਗੋਂ ਚਾਰ ਬਣ ਗਏ। ਨਵੇਂ ਸੈੱਲਾਂ ਤੋਂ ਹੋਰ ਸੈੱਲ ਬਣਦੇ ਗਏ। ਜਲਦੀ ਹੀ ਕੁਝ ਸੈੱਲ ਨਾੜੀਆਂ ਦੇ ਸੈੱਲਾਂ ਦਾ ਰੂਪ ਧਾਰਨ ਲੱਗੇ ਤੇ ਕੁਝ ਮਾਸ-ਪੇਸ਼ੀਆਂ ਦੇ ਸੈੱਲਾਂ ਦਾ ਅਤੇ ਕੁਝ ਚਮੜੀ ਦੇ ਸੈੱਲਾਂ ਆਦਿ ਦਾ। ਫਿਰ ਇੱਕੋ ਕਿਸਮ ਦੇ ਸੈੱਲ ਇਕੱਠੇ ਹੋ ਕੇ ਤੰਤੂ ਅਤੇ ਅੰਗ ਬਣ ਗਏ। ਮਿਸਾਲ ਲਈ, ਗਰਭ-ਧਾਰਣ ਦੇ ਤੀਸਰੇ ਹਫ਼ਤੇ ਦੌਰਾਨ ਤੁਹਾਡਾ ਪਿੰਜਰ ਬਣਨਾ ਸ਼ੁਰੂ ਹੋ ਗਿਆ। ਸੱਤਵੇਂ ਹਫ਼ਤੇ ਤੋਂ ਬਾਅਦ ਜਦ ਤੁਸੀਂ ਮਸੀਂ ਇਕ ਇੰਚ ਲੰਬੇ ਸੀ, ਤੁਹਾਡੀਆਂ 206 ਹੱਡੀਆਂ ਨੇ ਆਪਣਾ ਮੁਢਲਾ ਰੂਪ ਲੈ ਲਿਆ ਸੀ, ਪਰ ਇਹ ਅਜੇ ਸਖ਼ਤ ਨਹੀਂ ਹੋਈਆਂ ਸਨ।

8 ਇਹ ਸਾਰਾ ਕੁਝ ਤੁਹਾਡੀ ਮਾਤਾ ਦੀ ਕੁੱਖ ਵਿਚ ਹੋ ਰਿਹਾ ਸੀ ਜਿਵੇਂ ਕਿਤੇ ਇਹ ਧਰਤੀ ਦੀਆਂ ਹੇਠਲੀਆਂ ਥਾਵਾਂ ਵਿਚ ਹੋ ਰਿਹਾ ਹੋਵੇ ਜਿੱਥੇ ਕੋਈ ਇਨਸਾਨ ਇਸ ਨੂੰ ਦੇਖ ਨਹੀਂ ਸਕਦਾ ਸੀ। ਦਰਅਸਲ ਕਿਸੇ ਨੂੰ ਬਹੁਤਾ ਨਹੀਂ ਪਤਾ ਕਿ ਗਰਭ ਵਿਚ ਬੱਚਾ ਕਿਵੇਂ ਬਣਦਾ ਹੈ। ਕਿਸੇ ਨੂੰ ਇਹ ਨਹੀਂ ਪਤਾ ਕਿ ਕਿਸ ਚੀਜ਼ ਨੇ ਇਹ ਗੱਲ ਤੈਅ ਕੀਤੀ ਕਿ ਕਿਹੜੇ ਸੈੱਲ ਕੀ ਬਣਨਗੇ। ਇਕ ਦਿਨ ਸ਼ਾਇਦ ਵਿਗਿਆਨੀਆਂ ਨੂੰ ਇਹ ਪਤਾ ਲੱਗ ਜਾਵੇ, ਪਰ ਦਾਊਦ ਨੇ ਕਿਹਾ ਕਿ ਯਹੋਵਾਹ ਸਾਡਾ ਕਰਤਾਰ ਸਭ ਕੁਝ ਪਹਿਲਾਂ ਹੀ ਜਾਣਦਾ ਹੈ।

9, 10. ਬੱਚੇ ਦੀ ਬਣਤਰ ਦਾ ਡੀਜ਼ਾਈਨ ਪਰਮੇਸ਼ੁਰ ਦੀ ਪੋਥੀ ਵਿਚ ਕਿਵੇਂ ਲਿਖਿਆ ਗਿਆ ਹੈ?

9 “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ।” (ਜ਼ਬੂਰਾਂ ਦੀ ਪੋਥੀ 139:16) ਤੁਹਾਡੇ ਪਹਿਲੇ ਸੈੱਲ ਵਿਚ ਹੀ ਤੁਹਾਡੇ ਸਾਰੇ ਸਰੀਰ ਦੀ ਪੂਰੀ ਜਾਣਕਾਰੀ ਸੀ। ਤੁਹਾਡੇ ਜਨਮ ਤੋਂ ਪਹਿਲਾਂ ਨੌਂ ਮਹੀਨਿਆਂ ਦੌਰਾਨ ਗਰਭ ਵਿਚ ਇਸ ਜਾਣਕਾਰੀ ਅਨੁਸਾਰ ਤੁਹਾਡਾ ਵਿਕਾਸ ਹੋਣ ਲੱਗਾ। ਉਸ ਸਮੇਂ ਦੌਰਾਨ ਤੁਹਾਡਾ ਸਰੀਰ ਵਿਕਾਸ ਦੇ ਕਈ ਪੜਾਵਾਂ ਵਿੱਚੋਂ ਲੰਘਿਆ ਅਤੇ ਇਹ ਸਾਰੀ ਜਾਣਕਾਰੀ ਉਸ ਪਹਿਲੇ ਸੈੱਲ ਵਿਚ ਪਹਿਲਾਂ ਹੀ ਲਿਖੀ ਹੋਈ ਸੀ।

10 ਦਾਊਦ ਨੂੰ ਸੈੱਲਾਂ ਅਤੇ ਜੀਨਾਂ ਦਾ ਕੋਈ ਗਿਆਨ ਨਹੀਂ ਸੀ ਤੇ ਨਾ ਹੀ ਉਸ ਵੇਲੇ ਮਾਈਕ੍ਰੋਸਕੋਪ ਵਰਗੀ ਕੋਈ ਚੀਜ਼ ਸੀ। ਪਰ ਉਹ ਆਪਣੀ ਸਰੀਰਕ ਬਣਤਰ ਨੂੰ ਦੇਖ ਕੇ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਉਸ ਨੂੰ ਬਹੁਤ ਸੋਚ-ਸਮਝ ਕੇ ਬਣਾਇਆ ਗਿਆ ਸੀ। ਉਸ ਨੂੰ ਸ਼ਾਇਦ ਥੋੜ੍ਹਾ-ਬਹੁਤਾ ਗਿਆਨ ਸੀ ਕਿ ਗਰਭ ਵਿਚ ਭਰੂਣ ਦਾ ਵਿਕਾਸ ਕਿਵੇਂ ਹੁੰਦਾ ਹੈ। ਸੋ ਉਸ ਨੇ ਆਪਣੀ ਸੋਚ ਮੁਤਾਬਕ ਸਮਝਿਆ ਹੋਣਾ ਕਿ ਬੱਚੇ ਦੀ ਬਣਤਰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਡੀਜ਼ਾਈਨ ਕੀਤੀ ਗਈ ਹੁੰਦੀ ਹੈ ਅਤੇ ਨਿਰਧਾਰਿਤ ਕੀਤੇ ਗਏ ਸਮੇਂ ਅਨੁਸਾਰ ਬੱਚਾ ਬਣਦਾ ਹੈ। ਫਿਰ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਉਸ ਨੇ ਉਸ ਡੀਜ਼ਾਈਨ ਬਾਰੇ ਕਿਹਾ ਕਿ ਪਰਮੇਸ਼ੁਰ ਦੀ ‘ਪੋਥੀ ਵਿੱਚ ਓਹ ਸਭ ਲਿਖਿਆ ਗਿਆ’ ਸੀ।

11. ਸਾਡਾ ਰੰਗ-ਰੂਪ ਕਿਸ ਗੱਲ ਤੇ ਨਿਰਭਰ ਕਰਦਾ ਹੈ?

11 ਅੱਜ-ਕੱਲ੍ਹ ਹਰ ਕੋਈ ਜਾਣਦਾ ਹੈ ਕਿ ਸਾਡਾ ਰੰਗ-ਰੂਪ ਆਪਣੇ ਮਾਪਿਆਂ ਅਤੇ ਦਾਦੇ-ਪੜਦਾਦਿਆਂ ਤੋਂ ਮਿਲੀਆਂ ਜੀਨਾਂ ਤੇ ਨਿਰਭਰ ਕਰਦਾ ਹੈ ਜਿਵੇਂ ਸਾਡਾ ਕੱਦ, ਸਾਡੀ ਸ਼ਕਲ, ਸਾਡੇ ਵਾਲਾਂ ਤੇ ਅੱਖਾਂ ਦਾ ਰੰਗ, ਵਗੈਰਾ-ਵਗੈਰਾ। ਸਾਡੇ ਹਰ ਸੈੱਲ ਵਿਚ ਕਈ ਹਜ਼ਾਰ ਜੀਨਾਂ ਹਨ ਅਤੇ ਹਰ ਜੀਨ ਡੀ. ਐੱਨ. ਏ. (ਡੀਆਕਸੀਰਾਈਬੋਨੁਕਲੇਇਕ ਐਸਿਡ) ਦੀ ਬਣੀ ਲੰਬੀ ਜ਼ੰਜੀਰ ਨਾਲ ਜੁੜੀ ਹੋਈ ਹੈ। ਸਾਡੀ ਬਣਤਰ ਦੀ ਇਕ-ਇਕ ਗੱਲ ਡੀ. ਐੱਨ. ਏ. ਵਿਚ “ਲਿਖੀ” ਹੋਈ ਹੈ। ਜਦ ਵੀ ਸਾਡੇ ਸੈੱਲਾਂ ਤੋਂ ਨਵੇਂ ਸੈੱਲ ਬਣਦੇ ਹਨ ਜਾਂ ਪੁਰਾਣੇ ਸੈੱਲਾਂ ਦੀ ਥਾਂ ਲੈਂਦੇ ਹਨ, ਤਾਂ ਸਾਡਾ ਡੀ. ਐੱਨ. ਏ. ਨਵੇਂ ਸੈੱਲਾਂ ਨੂੰ ਸਾਰੀ ਜਾਣਕਾਰੀ ਦੇ ਦਿੰਦਾ ਹੈ ਜਿਸ ਕਰਕੇ ਅਸੀਂ ਜ਼ਿੰਦਾ ਰਹਿੰਦੇ ਹਾਂ ਅਤੇ ਸਾਡੀ ਸ਼ਕਲ ਨਹੀਂ ਬਦਲਦੀ। ਪਰਮੇਸ਼ੁਰ ਦੀ ਤਾਕਤ ਅਤੇ ਬੁੱਧ ਦੀ ਇਹ ਕਿੰਨੀ ਸ਼ਾਨਦਾਰ ਮਿਸਾਲ ਹੈ!

ਸਾਡਾ ਅਨੋਖਾ ਦਿਮਾਗ਼

12. ਇਨਸਾਨਾਂ ਅਤੇ ਜਾਨਵਰਾਂ ਵਿਚ ਇਕ ਵੱਡਾ ਫ਼ਰਕ ਕੀ ਹੈ?

12 “ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ! ਜੇ ਮੈਂ ਉਨ੍ਹਾਂ ਨੂੰ ਗਿਣਾਂ, ਓਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ।” (ਜ਼ਬੂਰਾਂ ਦੀ ਪੋਥੀ 139:17, 18ੳ) ਜਾਨਵਰਾਂ ਨੂੰ ਵੀ ਅਸਚਰਜ ਢੰਗ ਨਾਲ ਬਣਾਇਆ ਗਿਆ ਹੈ। ਉਨ੍ਹਾਂ ਦੀਆਂ ਕੁਝ ਗਿਆਨ-ਇੰਦਰੀਆਂ ਅਤੇ ਕਾਬਲੀਅਤਾਂ ਇਨਸਾਨਾਂ ਨੂੰ ਵੀ ਮਾਤ ਦੇ ਦਿੰਦੀਆਂ ਹਨ। ਪਰ ਪਰਮੇਸ਼ੁਰ ਨੇ ਇਨਸਾਨ ਨੂੰ ਜਾਨਵਰਾਂ ਨਾਲੋਂ ਤੇਜ਼ ਦਿਮਾਗ਼ੀ ਸ਼ਕਤੀ ਦਿੱਤੀ ਹੈ। ਵਿਗਿਆਨ ਦੀ ਇਕ ਪਾਠ-ਪੁਸਤਕ ਕਹਿੰਦੀ ਹੈ: “ਭਾਵੇਂ ਇਨਸਾਨ ਅਤੇ ਹੋਰ ਜੀਵ-ਜੰਤੂ ਕਈ ਤਰੀਕਿਆਂ ਨਾਲ ਮਿਲਦੇ-ਜੁਲਦੇ ਹਨ, ਫਿਰ ਵੀ ਇਨਸਾਨ ਦੀ ਇਕ ਗੱਲ ਉਸ ਨੂੰ ਸਭ ਤੋਂ ਅਨੋਖਾ ਬਣਾਉਂਦੀ ਹੈ। ਇਹ ਹੈ ਸਾਡੀ ਬੋਲਣ ਅਤੇ ਸੋਚਣ ਦੀ ਯੋਗਤਾ। ਇਸ ਤੋਂ ਇਲਾਵਾ, ਆਪਣੇ ਆਪ ਬਾਰੇ ਜਾਣਨ ਦੀ ਸਾਡੀ ਜਿਗਿਆਸਾ ਵੀ ਅਨੋਖੀ ਹੈ ਕਿਉਂਕਿ ਅਸੀਂ ਸਵਾਲ ਪੁੱਛਦੇ ਹਾਂ ਕਿ ਸਾਡੇ ਸਰੀਰ ਨੂੰ ਕਿਵੇਂ ਬਣਾਇਆ ਗਿਆ ਸੀ?” ਹੋ ਸਕਦਾ ਹੈ ਕਿ ਦਾਊਦ ਨੇ ਵੀ ਇਹ ਸਵਾਲ ਪੁੱਛਿਆ ਹੋਵੇ।

13. (ੳ) ਦਾਊਦ ਪਰਮੇਸ਼ੁਰ ਦੇ ਵਿਚਾਰਾਂ ਉੱਤੇ ਕਿਵੇਂ ਸੋਚ-ਵਿਚਾਰ ਕਰ ਸਕਿਆ? (ਅ) ਅਸੀਂ ਦਾਊਦ ਦੀ ਨਕਲ ਕਿਵੇਂ ਕਰ ਸਕਦੇ ਹਾਂ?

13 ਜਾਨਵਰਾਂ ਦੇ ਉਲਟ ਸਾਡੇ ਵਿਚ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਪਰਮੇਸ਼ੁਰ ਦੇ ਵਿਚਾਰਾਂ ਉੱਤੇ ਸੋਚ-ਵਿਚਾਰ ਕਰਨ ਦੀ ਕਾਬਲੀਅਤ ਰੱਖਦੇ ਹਾਂ।b ਇਹ ਇਕ ਖ਼ਾਸ ਦਾਤ ਹੈ ਕਿ ਅਸੀਂ “ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਏ ਗਏ ਹਾਂ। (ਉਤਪਤ 1:27) ਦਾਊਦ ਨੇ ਆਪਣੀ ਇਸ ਦਾਤ ਨੂੰ ਚੰਗੀ ਤਰ੍ਹਾਂ ਵਰਤਿਆ ਸੀ। ਉਸ ਨੇ ਆਪਣੇ ਆਲੇ-ਦੁਆਲੇ ਕੁਦਰਤੀ ਚੀਜ਼ਾਂ ਵੱਲ ਧਿਆਨ ਨਾਲ ਦੇਖ ਕੇ ਪਰਮੇਸ਼ੁਰ ਦੇ ਗੁਣਾਂ ਉੱਤੇ ਗੌਰ ਕੀਤਾ ਜੋ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਹਨ। ਦਾਊਦ ਕੋਲ ਬਾਈਬਲ ਦੀਆਂ ਪਹਿਲੀਆਂ ਪੋਥੀਆਂ ਵੀ ਸਨ ਜਿਨ੍ਹਾਂ ਵਿਚ ਪਰਮੇਸ਼ੁਰ ਅਤੇ ਉਸ ਦੇ ਕੰਮਾਂ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਦੇ ਜ਼ਰੀਏ ਉਹ ਪਰਮੇਸ਼ੁਰ ਨੂੰ ਜਾਣ ਸਕਿਆ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ, ਉਸ ਦੇ ਵਿਚਾਰ ਅਤੇ ਉਸ ਦਾ ਮਕਸਦ ਕੀ ਹੈ। ਜਦ ਦਾਊਦ ਨੇ ਪਰਮੇਸ਼ੁਰ ਦੇ ਬਚਨ ਉੱਤੇ, ਉਸ ਦੀ ਸ੍ਰਿਸ਼ਟੀ ਉੱਤੇ ਅਤੇ ਉਸ ਨਾਲ ਪੇਸ਼ ਆਉਣ ਦੇ ਪਰਮੇਸ਼ੁਰ ਦੇ ਤਰੀਕੇ ਉੱਤੇ ਮਨਨ ਕੀਤਾ, ਤਾਂ ਦਾਊਦ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਨਾ ਰਹਿ ਸਕਿਆ।

ਵਿਸ਼ਵਾਸ ਕਰਨ ਦਾ ਕੀ ਮਤਲਬ ਹੈ?

14. ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਲਈ ਸਾਨੂੰ ਉਸ ਬਾਰੇ ਹਰ ਗੱਲ ਜਾਣਨ ਦੀ ਲੋੜ ਕਿਉਂ ਨਹੀਂ ਹੈ?

14 ਦਾਊਦ ਨੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਸ੍ਰਿਸ਼ਟੀ ਉੱਤੇ ਜਿੰਨਾ ਜ਼ਿਆਦਾ ਸੋਚ-ਵਿਚਾਰ ਕੀਤਾ, ਉਸ ਨੂੰ ਉੱਨਾ ਹੀ ਜ਼ਿਆਦਾ ਅਹਿਸਾਸ ਹੋਇਆ ਕਿ ਪਰਮੇਸ਼ੁਰ ਦੇ ਗਿਆਨ ਅਤੇ ਉਸ ਦੀ ਕਾਬਲੀਅਤ ਨੂੰ ਪੂਰੀ ਤਰ੍ਹਾਂ ਸਮਝਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। (ਜ਼ਬੂਰਾਂ ਦੀ ਪੋਥੀ 139:6) ਇਹ ਗੱਲ ਸਾਡੇ ਬਾਰੇ ਵੀ ਸੱਚ ਹੈ। ਅਸੀਂ ਕਦੇ ਵੀ ਪਰਮੇਸ਼ੁਰ ਦੇ ਸਾਰੇ ਕੰਮ ਸਮਝ ਨਹੀਂ ਸਕਾਂਗੇ। (ਉਪਦੇਸ਼ਕ ਦੀ ਪੋਥੀ 3:11; 8:17) ਪਰ ਪਰਮੇਸ਼ੁਰ ਨੇ ਬਾਈਬਲ ਅਤੇ ਸ੍ਰਿਸ਼ਟੀ ਦੇ ਰਾਹੀਂ ਕਾਫ਼ੀ ਕੁਝ “ਪਰਗਟ ਕੀਤਾ” ਹੈ ਜਿਸ ਕਰਕੇ ਸਾਡੇ ਲਈ ਵਿਸ਼ਵਾਸ ਕਰਨਾ ਔਖਾ ਨਹੀਂ ਹੈ। ਇਸ ਲਈ ਸੱਚਾਈ ਦੀ ਭਾਲ ਕਰਨ ਵਾਲਾ ਹਰ ਇਨਸਾਨ ਭਾਵੇਂ ਉਹ ਕਿਸੇ ਵੀ ਜ਼ਮਾਨੇ ਵਿਚ ਰਹਿੰਦਾ ਹੋਵੇ, ਸਬੂਤ ਦੇਖ ਸਕਦਾ ਹੈ ਕਿ ਪਰਮੇਸ਼ੁਰ ਹੈ ਅਤੇ ਉਸ ਨੇ ਹੀ ਸਭ ਕੁਝ ਬਣਾਇਆ ਹੈ।—ਰੋਮੀਆਂ 1:19, 20; ਇਬਰਾਨੀਆਂ 11:1, 3.

15. ਉਦਾਹਰਣ ਦੇ ਕੇ ਸਮਝਾਓ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦਾ ਕੀ ਮਤਲਬ ਹੈ।

15 ਵਿਸ਼ਵਾਸ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਮੰਨਦੇ ਹਾਂ ਕਿ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ। ਇਸ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਨਾਲ ਦੋਸਤੀ ਕਰੀਏ। (ਯਾਕੂਬ 4:8) ਆਓ ਆਪਾਂ ਇਕ ਪਿਆਰ ਕਰਨ ਵਾਲੇ ਪਿਤਾ ਉੱਤੇ ਭਰੋਸਾ ਰੱਖਣ ਦੀ ਉਦਾਹਰਣ ਤੇ ਗੌਰ ਕਰੀਏ। ਜੇ ਕੋਈ ਤੁਹਾਨੂੰ ਪੁੱਛੇ ਕਿ ਤੁਹਾਡਾ ਪਿਤਾ ਮੁਸੀਬਤ ਵਿਚ ਤੁਹਾਡੀ ਮਦਦ ਕਰੇਗਾ ਜਾਂ ਨਹੀਂ, ਤਾਂ ਉਸ ਵੇਲੇ ਤੁਹਾਡੇ ਲੱਖ ਕਹਿਣ ਤੇ ਵੀ ਉਸ ਵਿਅਕਤੀ ਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਤੁਹਾਡੇ ਪਿਤਾ ਤੇ ਭਰੋਸਾ ਕੀਤਾ ਜਾ ਸਕਦਾ ਹੈ। ਪਰ ਜੇ ਤੁਸੀਂ ਖ਼ੁਦ ਇਸ ਗੱਲ ਨੂੰ ਅਨੁਭਵ ਕੀਤਾ ਹੈ ਕਿ ਤੁਹਾਡਾ ਪਿਤਾ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਤਾਂ ਤੁਹਾਨੂੰ ਵਿਸ਼ਵਾਸ ਹੋਵੇਗਾ ਕਿ ਉਹ ਤੁਹਾਨੂੰ ਨਿਰਾਸ਼ ਨਹੀਂ ਕਰੇਗਾ। ਇਸੇ ਤਰ੍ਹਾਂ ਅਸੀਂ ਬਾਈਬਲ ਦੀ ਸਟੱਡੀ ਕਰ ਕੇ, ਸ੍ਰਿਸ਼ਟੀ ਤੇ ਸੋਚ-ਵਿਚਾਰ ਕਰ ਕੇ ਅਤੇ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਤੋਂ ਮਦਦ ਹਾਸਲ ਕਰ ਕੇ ਯਹੋਵਾਹ ਨੂੰ ਜਾਣਿਆ ਹੈ ਜਿਸ ਕਰਕੇ ਅਸੀਂ ਉਸ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਅਸੀਂ ਦੂਜੇ ਲੋਕਾਂ ਨੂੰ ਉਸ ਬਾਰੇ ਦੱਸਣਾ ਚਾਹੁੰਦੇ ਹਾਂ। ਅਸੀਂ ਪਿਆਰ ਤੇ ਸ਼ਰਧਾ ਭਰੇ ਦਿਲ ਨਾਲ ਹਮੇਸ਼ਾ ਲਈ ਉਸ ਦੀ ਵਡਿਆਈ ਕਰਨੀ ਚਾਹੁੰਦੇ ਹਾਂ। ਸਾਡੇ ਲਈ ਇਸ ਤੋਂ ਵਧੀਆ ਮਕਸਦ ਹੋਰ ਕੋਈ ਨਹੀਂ ਹੋ ਸਕਦਾ।—ਅਫ਼ਸੀਆਂ 5:1, 2.

ਆਪਣੇ ਸਿਰਜਣਹਾਰ ਦੀ ਅਗਵਾਈ ਭਾਲੋ

16. ਯਹੋਵਾਹ ਨਾਲ ਦਾਊਦ ਦੇ ਨਜ਼ਦੀਕੀ ਰਿਸ਼ਤੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

16 “ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!” (ਜ਼ਬੂਰਾਂ ਦੀ ਪੋਥੀ 139:23, 24) ਦਾਊਦ ਨੂੰ ਪਤਾ ਸੀ ਕਿ ਯਹੋਵਾਹ ਉਸ ਦੀ ਰਗ-ਰਗ ਤੋਂ ਵਾਕਫ਼ ਸੀ। ਉਹ ਜੋ ਕੁਝ ਸੋਚਦਾ, ਕਹਿੰਦਾ ਜਾਂ ਕਰਦਾ ਸੀ, ਪਰਮੇਸ਼ੁਰ ਉਹ ਸਭ ਕੁਝ ਦੇਖ ਸਕਦਾ ਸੀ। (ਜ਼ਬੂਰਾਂ ਦੀ ਪੋਥੀ 139:1-12; ਇਬਰਾਨੀਆਂ 4:13) ਇਹ ਜਾਣ ਕੇ ਦਾਊਦ ਕਿਵੇਂ ਮਹਿਸੂਸ ਕਰਦਾ ਸੀ? ਜਿਵੇਂ ਇਕ ਛੋਟੇ ਬੱਚੇ ਨੂੰ ਆਪਣੇ ਮਾਪਿਆਂ ਦੀ ਗੋਦ ਵਿਚ ਹੁੰਦਿਆਂ ਕੋਈ ਡਰ ਨਹੀਂ ਹੁੰਦਾ, ਉਸੇ ਤਰ੍ਹਾਂ ਦਾਊਦ ਨੂੰ ਵੀ ਕੋਈ ਡਰ ਨਹੀਂ ਸੀ। ਉਹ ਪਰਮੇਸ਼ੁਰ ਦੇ ਨਜ਼ਦੀਕ ਰਹਿ ਕੇ ਬਹੁਤ ਖ਼ੁਸ਼ ਸੀ। ਇਸ ਕਰਕੇ ਉਹ ਪਰਮੇਸ਼ੁਰ ਦੇ ਕੰਮਾਂ ਬਾਰੇ ਸੋਚ-ਵਿਚਾਰ ਅਤੇ ਪ੍ਰਾਰਥਨਾ ਕਰਦਾ ਰਹਿੰਦਾ ਸੀ ਤਾਂਕਿ ਉਹ ਉਸ ਨਾਲ ਆਪਣਾ ਰਿਸ਼ਤਾ ਗੂੜ੍ਹਾ ਰੱਖ ਸਕੇ। ਦਰਅਸਲ 139ਵਾਂ ਜ਼ਬੂਰ ਅਤੇ ਕਈ ਹੋਰ ਜ਼ਬੂਰ ਸੰਗੀਤ ਨਾਲ ਗਾਈਆਂ ਗਈਆਂ ਦਾਊਦ ਦੀਆਂ ਪ੍ਰਾਰਥਨਾਵਾਂ ਹਨ। ਅਸੀਂ ਵੀ ਮਨਨ ਅਤੇ ਪ੍ਰਾਰਥਨਾ ਕਰ ਕੇ ਯਹੋਵਾਹ ਦੇ ਨੇੜੇ ਮਹਿਸੂਸ ਕਰ ਸਕਦੇ ਹਾਂ।

17. (ੳ) ਦਾਊਦ ਕਿਉਂ ਚਾਹੁੰਦਾ ਸੀ ਕਿ ਯਹੋਵਾਹ ਉਸ ਦੇ ਦਿਲ ਨੂੰ ਪਰਖੇ? (ਅ) ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਾ ਸਾਡੀ ਜ਼ਿੰਦਗੀ ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ?

17 ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਜਾਣ ਕਾਰਨ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਹੈ। ਅਸੀਂ ਸਹੀ ਰਾਹ ਜਾਂ ਗ਼ਲਤ ਰਾਹ ਤੇ ਤੁਰ ਸਕਦੇ ਹਾਂ। ਪਰ ਇਸ ਆਜ਼ਾਦੀ ਦੇ ਕਾਰਨ ਅਸੀਂ ਆਪਣੇ ਕੰਮਾਂ ਦੇ ਲਈ ਪਰਮੇਸ਼ੁਰ ਅੱਗੇ ਜਵਾਬਦੇਹ ਹਾਂ। ਦਾਊਦ ਨਹੀਂ ਸੀ ਚਾਹੁੰਦਾ ਕਿ ਉਹ ਬੁਰੇ ਲੋਕਾਂ ਵਿਚ ਗਿਣਿਆ ਜਾਵੇ। (ਜ਼ਬੂਰਾਂ ਦੀ ਪੋਥੀ 139:19-22) ਉਹ ਗ਼ਲਤੀਆਂ ਕਰਨ ਤੋਂ ਬਚਣਾ ਚਾਹੁੰਦਾ ਸੀ। ਇਸੇ ਕਰਕੇ ਯਹੋਵਾਹ ਬਾਰੇ ਮਨਨ ਕਰਨ ਤੋਂ ਬਾਅਦ ਦਾਊਦ ਨੇ ਯਹੋਵਾਹ ਨੂੰ ਕਿਹਾ ਕਿ ਉਹ ਉਸ ਦੇ ਦਿਲ ਨੂੰ ਪਰਖੇ ਅਤੇ ਸਹੀ ਰਾਹ ਤੇ ਤੁਰਨ ਲਈ ਉਸ ਦੀ ਅਗਵਾਈ ਕਰੇ। ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰ ਹਰ ਕਿਸੇ ਤੇ ਲਾਗੂ ਹੁੰਦੇ ਹਨ, ਇਸ ਕਰਕੇ ਸਾਨੂੰ ਸਹੀ ਰਾਹ ਚੁਣਨ ਦੀ ਲੋੜ ਹੈ। ਯਹੋਵਾਹ ਸਾਨੂੰ ਸਾਰਿਆਂ ਨੂੰ ਉਸ ਦੇ ਕਹਿਣੇ ਵਿਚ ਰਹਿਣ ਲਈ ਕਹਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਨਾ ਸਿਰਫ਼ ਉਸ ਦੀ ਮਿਹਰ ਪ੍ਰਾਪਤ ਹੁੰਦੀ ਹੈ ਬਲਕਿ ਸਾਨੂੰ ਕਈ ਲਾਭ ਵੀ ਹੁੰਦੇ ਹਨ। (ਯੂਹੰਨਾ 12:50; 1 ਤਿਮੋਥਿਉਸ 4:8) ਹਰ ਰੋਜ਼ ਯਹੋਵਾਹ ਦੇ ਕਹੇ ਅਨੁਸਾਰ ਚੱਲ ਕੇ ਸਾਡੇ ਮਨ ਨੂੰ ਸ਼ਾਂਤੀ ਮਿਲੇਗੀ। ਉਨ੍ਹਾਂ ਸਮਿਆਂ ਤੇ ਵੀ ਸਾਡੇ ਦਿਲ ਨੂੰ ਸਕੂਨ ਮਿਲੇਗਾ ਜਦੋਂ ਮੁਸ਼ਕਲਾਂ ਸਾਨੂੰ ਘੇਰ ਲੈਂਦੀਆਂ ਹਨ।—ਫ਼ਿਲਿੱਪੀਆਂ 4:6, 7.

ਆਪਣੇ ਮਹਾਨ ਸਿਰਜਣਹਾਰ ਦੇ ਰਾਹਾਂ ਤੇ ਚੱਲੋ

18. ਸ੍ਰਿਸ਼ਟੀ ਤੇ ਮਨਨ ਕਰਨ ਤੋਂ ਬਾਅਦ ਦਾਊਦ ਕਿਸ ਸਿੱਟੇ ਤੇ ਪਹੁੰਚਿਆ ਸੀ?

18 ਜਵਾਨ ਹੁੰਦਿਆਂ ਦਾਊਦ ਜ਼ਿਆਦਾਤਰ ਸਮਾਂ ਘਰੋਂ ਬਾਹਰ ਭੇਡਾਂ ਚਰਾਉਣ ਵਿਚ ਬਿਤਾਉਂਦਾ ਸੀ। ਜਦ ਭੇਡਾਂ ਸਿਰ ਨੀਵਾਂ ਕਰ ਕੇ ਘਾਹ ਚਰਦੀਆਂ ਸਨ, ਤਾਂ ਦਾਊਦ ਉੱਪਰ ਆਸਮਾਨ ਵੱਲ ਤੱਕਦਾ ਸੀ। ਰਾਤ ਦੇ ਹਨੇਰੇ ਵਿਚ ਉਹ ਤਾਰਿਆਂ ਨਾਲ ਸਜੇ ਅੰਬਰ ਵੱਲ ਦੇਖ ਕੇ ਮਨਨ ਕਰਦਾ ਸੀ। ਉਸ ਨੇ ਲਿਖਿਆ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ।” (ਜ਼ਬੂਰਾਂ ਦੀ ਪੋਥੀ 19:1, 2) ਦਾਊਦ ਜਾਣਦਾ ਸੀ ਕਿ ਉਸ ਨੂੰ ਸਾਰੀਆਂ ਚੀਜ਼ਾਂ ਨੂੰ ਇੰਨੇ ਅਸਚਰਜ ਢੰਗ ਨਾਲ ਬਣਾਉਣ ਵਾਲੇ ਪਰਮੇਸ਼ੁਰ ਦੀ ਭਾਲ ਕਰਨ ਅਤੇ ਉਸ ਦੇ ਰਾਹਾਂ ਤੇ ਚੱਲਣ ਦੀ ਲੋੜ ਸੀ। ਸਾਨੂੰ ਵੀ ਇਸੇ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ।

19. ਆਪਣੀ “ਅਚਰਜ” ਬਣਤਰ ਉੱਤੇ ਸੋਚ-ਵਿਚਾਰ ਕਰ ਕੇ ਛੋਟੇ-ਵੱਡੇ ਸਾਰੇ ਲੋਕ ਕਿਹੜੇ ਸਬਕ ਸਿੱਖ ਸਕਦੇ ਹਨ?

19 ਦਾਊਦ ਨੇ ਉਸ ਸਲਾਹ ਤੇ ਚੱਲ ਕੇ ਵਧੀਆ ਮਿਸਾਲ ਕਾਇਮ ਕੀਤੀ ਸੀ ਜੋ ਬਾਅਦ ਵਿਚ ਉਸ ਦੇ ਪੁੱਤਰ ਸੁਲੇਮਾਨ ਨੇ ਨੌਜਵਾਨਾਂ ਨੂੰ ਦਿੱਤੀ ਸੀ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ . . . ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਉਪਦੇਸ਼ਕ ਦੀ ਪੋਥੀ 12:1, 13) ਆਪਣੀ ਜਵਾਨੀ ਵਿਚ ਹੀ ਦਾਊਦ ਸਮਝ ਗਿਆ ਸੀ ਕਿ ਉਸ ਦੀ ਬਣਤਰ “ਅਚਰਜ” ਸੀ। ਇਸ ਸਮਝ ਮੁਤਾਬਕ ਆਪਣੀ ਜ਼ਿੰਦਗੀ ਜੀ ਕੇ ਉਸ ਨੂੰ ਪੂਰੀ ਉਮਰ ਲਾਭ ਹੋਏ। ਜੇ ਅਸੀਂ ਛੋਟੇ-ਵੱਡੇ ਸਾਰੇ ਹੀ ਆਪਣੇ ਮਹਾਨ ਸਿਰਜਣਹਾਰ ਦੀ ਵਡਿਆਈ ਕਰੀਏ ਤੇ ਉਸ ਦੀ ਸੇਵਾ ਕਰੀਏ, ਤਾਂ ਅਸੀਂ ਨਾ ਸਿਰਫ਼ ਹੁਣ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਵਾਂਗੇ, ਸਗੋਂ ਭਵਿੱਖ ਵਿਚ ਵੀ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ। ਯਹੋਵਾਹ ਦੀ ਗੱਲ ਸੁਣਨ ਅਤੇ ਉਸ ਦੇ ਨੇੜੇ ਰਹਿਣ ਵਾਲਿਆਂ ਨਾਲ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ “ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ, ਭਈ ਓਹ ਪਰਗਟ ਕਰਨ ਕਿ ਯਹੋਵਾਹ ਸਤ ਹੈ।” (ਜ਼ਬੂਰਾਂ ਦੀ ਪੋਥੀ 92:14, 15) ਇਸ ਤੋਂ ਇਲਾਵਾ, ਸਾਡੇ ਕੋਲ ਹਮੇਸ਼ਾ ਵਾਸਤੇ ਆਪਣੇ ਸਿਰਜਣਹਾਰ  ਦੇ  ਸ਼ਾਨਦਾਰ ਕੰਮਾਂ ਨੂੰ ਦੇਖ ਕੇ ਖ਼ੁਸ਼ੀ ਮਨਾਉਣ ਦੀ ਉਮੀਦ ਹੈ।

[ਫੁਟਨੋਟ]

a ਅਕਤੂਬਰ-ਦਸੰਬਰ 2006 ਦਾ ਜਾਗਰੂਕ ਬਣੋ! ਰਸਾਲਾ ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

b ਜ਼ਬੂਰ 139:18ਅ ਵਿਚ ਦਾਊਦ ਦੇ ਕਹਿਣ ਦਾ ਮਤਲਬ ਸ਼ਾਇਦ ਇਹ ਸੀ ਕਿ ਜੇ ਉਹ ਸਾਰਾ ਦਿਨ ਪਰਮੇਸ਼ੁਰ ਦੇ ਵਿਚਾਰਾਂ ਨੂੰ ਗਿਣਦਾ ਰਹਿੰਦਾ ਅਤੇ ਇੱਦਾਂ ਹੀ ਗਿਣਦਾ-ਗਿਣਦਾ ਰਾਤ ਨੂੰ ਸੌਂ ਜਾਂਦਾ, ਫਿਰ ਵੀ ਅਗਲੇ ਦਿਨ ਇਨ੍ਹਾਂ ਦੀ ਗਿਣਤੀ ਨਹੀਂ ਮੁੱਕਣੀ ਸੀ।

ਕੀ ਤੁਸੀਂ ਸਮਝਾ ਸਕਦੇ ਹੋ?

• ਗਰਭ ਦੌਰਾਨ ਬੱਚੇ ਦੇ ਵਿਕਾਸ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਡੀ ਬਣਤਰ “ਅਚਰਜ” ਹੈ?

• ਸਾਨੂੰ ਯਹੋਵਾਹ ਦੇ ਵਿਚਾਰਾਂ ਉੱਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ?

• ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦਾ ਕੀ ਮਤਲਬ ਹੈ?

[ਸਫ਼ਾ 23 ਉੱਤੇ ਤਸਵੀਰਾਂ]

ਗਰਭ ਵਿਚ ਬੱਚੇ ਦਾ ਵਿਕਾਸ ਪਹਿਲਾਂ ਤੋਂ ਨਿਰਧਾਰਿਤ ਕੀਤੇ ਹੋਏ ਡੀਜ਼ਾਈਨ ਅਨੁਸਾਰ ਹੁੰਦਾ ਹੈ

ਡੀ. ਐੱਨ. ਏ.

[ਕ੍ਰੈਡਿਟ ਲਾਈਨ]

Unborn fetus: Lennart Nilsson

[ਸਫ਼ਾ 24 ਉੱਤੇ ਤਸਵੀਰ]

ਯਹੋਵਾਹ ਉੱਤੇ ਅਸੀਂ ਉਨ੍ਹਾਂ ਬੱਚਿਆਂ ਵਾਂਗ ਭਰੋਸਾ ਰੱਖਦੇ ਹਾਂ ਜੋ ਆਪਣੇ ਪਿਤਾ ਤੇ ਵਿਸ਼ਵਾਸ ਕਰਦੇ ਹਨ

[ਸਫ਼ਾ 25 ਉੱਤੇ ਤਸਵੀਰ]

ਯਹੋਵਾਹ ਦੇ ਕੰਮਾਂ ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਦਾਊਦ ਨੇ ਉਸ ਦੀ ਵਡਿਆਈ ਕੀਤੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ