ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w07 11/1 ਸਫ਼ੇ 4-7
  • ‘ਅਧੀਨਗੀ ਨੂੰ ਪਹਿਨ ਲਓ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਅਧੀਨਗੀ ਨੂੰ ਪਹਿਨ ਲਓ’
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਸਰਬਸ਼ਕਤੀਮਾਨ ਪਰਮੇਸ਼ੁਰ ਨਿਮਰ ਹੈ?
  • ਨਿਮਰਤਾ ਬਾਰੇ ਲੋਕਾਂ ਦੇ ਭਰਮ
  • ਨਿਰਮਾਤਾ ਤੇ ਦਲੇਰੀ ਦਾ ਤਾਲਮੇਲ
  • ਨਿਰਮਾਤਾ ਦੇ ਫ਼ਾਇਦੇ
  • ਆਪਣੇ ਅੰਦਰ ਨਿਮਰਤਾ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਯਹੋਵਾਹ ਨਿਮਰ ਲੋਕਾਂ ਉੱਤੇ ਆਪਣਾ ਤੇਜ ਪ੍ਰਗਟ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਯਿਸੂ ਨਿਮਰਤਾ ਦੀ ਮਿਸਾਲ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
w07 11/1 ਸਫ਼ੇ 4-7

‘ਅਧੀਨਗੀ ਨੂੰ ਪਹਿਨ ਲਓ’

ਸੌਲੁਸ ਇਕ ਪ੍ਰਸਿੱਧ ਸ਼ਹਿਰ ਤੋਂ ਸੀ। ਉਸ ਨੂੰ ਇਸ ਗੱਲ ਦਾ ਮਾਣ ਸੀ ਕਿ ਉਹ ਰੋਮ ਦਾ ਵਾਸੀ ਸੀ ਤੇ ਉਹ ਸ਼ਾਇਦ ਇਕ ਮੰਨੇ-ਪ੍ਰਮੰਨੇ ਪਰਿਵਾਰ ਤੋਂ ਸੀ। ਉਸ ਨੇ ਪਹਿਲੀ ਸਦੀ ਦੇ ਸਭ ਤੋਂ ਵਧੀਆ ਸਕੂਲਾਂ ਵਿਚ ਪੜ੍ਹਾਈ-ਲਿਖਾਈ ਕੀਤੀ ਸੀ ਤੇ ਉਹ ਘੱਟੋ-ਘੱਟ ਦੋ ਬੋਲੀਆਂ ਬੋਲ ਸਕਦਾ ਸੀ। ਉਹ ਇਕ ਫ਼ਰੀਸੀ ਵੀ ਸੀ ਜੋ ਯਹੂਦੀਆਂ ਦਾ ਇਕ ਕਹਿੰਦਾ-ਕਹਾਉਂਦਾ ਧਾਰਮਿਕ ਸਮੂਹ ਸੀ।

ਫ਼ਰੀਸੀ ਲੋਕ ਆਪਣੇ ਆਪ ਨੂੰ ਵੱਡਾ ਸਮਝਦੇ ਸਨ ਤੇ ਦੂਸਰਿਆਂ ਦੀਆਂ ਸਿਫ਼ਤਾਂ ਦੇ ਭੁੱਖੇ ਸਨ। (ਮੱਤੀ 23:6, 7; ਲੂਕਾ 11:43) ਅਜਿਹੇ ਲੋਕਾਂ ਨਾਲ ਉੱਠਣ-ਬੈਠਣ ਕਰਕੇ ਸੌਲੁਸ ਵੀ ਹੰਕਾਰੀ ਬਣਿਆ ਹੋਣਾ। ਉਸ ਨੇ ਵੀ ਆਮ ਲੋਕਾਂ ਨੂੰ ਨੀਚ ਸਮਝਣਾ ਤੇ ਆਪਣੀ ਧਾਰਮਿਕਤਾ ਉੱਤੇ ਘਮੰਡ ਕਰਨਾ ਜ਼ਰੂਰ ਸਿੱਖਿਆ ਹੋਣਾ। (ਲੂਕਾ 18:11, 12; ਰਸੂਲਾਂ ਦੇ ਕਰਤੱਬ 26:5) ਅਸੀਂ ਜਾਣਦੇ ਹਾਂ ਕਿ ਉਸ ਨੇ ਮਸੀਹੀਆਂ ਤੇ ਵੱਡੇ-ਵੱਡੇ ਜ਼ੁਲਮ ਕੀਤੇ ਸਨ। ਕਈ ਸਾਲ ਬਾਅਦ ਜਦ ਉਹ ਆਪ ਮਸੀਹੀ ਬਣਿਆ, ਤਾਂ ਉਸ ਨੇ ਕਿਹਾ ਕਿ ਉਹ “ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ” ਹੁੰਦਾ ਸੀ।—1 ਤਿਮੋਥਿਉਸ 1:13.

ਜੀ ਹਾਂ, ਉਹ ਮਸੀਹੀ ਬਣਿਆ ਤੇ ਉਸ ਨੇ ਆਪਣਾ ਸੁਭਾਅ ਪੂਰੀ ਤਰ੍ਹਾਂ ਬਦਲ ਲਿਆ। ਇੱਦਾਂ ਉਹ ਸੌਲੁਸ ਤੋਂ ਪੌਲੁਸ ਰਸੂਲ ਬਣ ਗਿਆ। ਮਸੀਹੀ ਹੋਣ ਦੇ ਨਾਤੇ ਉਸ ਨੇ ਕਿਹਾ ਕਿ ਉਹ “ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ” ਸੀ। (ਅਫ਼ਸੀਆਂ 3:8) ਇਕ ਜੋਸ਼ੀਲਾ ਪ੍ਰਚਾਰਕ ਹੋਣ ਦੇ ਨਾਤੇ ਉਸ ਨੇ ਕਈ ਲੋਕਾਂ ਦੀ ਮਦਦ ਕੀਤੀ, ਪਰ ਫਿਰ ਵੀ ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਪਰਮੇਸ਼ੁਰ ਨੂੰ ਦਿੱਤਾ। (1 ਕੁਰਿੰਥੀਆਂ 3:5-9; 2 ਕੁਰਿੰਥੀਆਂ 11:7) ਪੌਲੁਸ ਨੇ ਹੀ ਮਸੀਹੀਆਂ ਨੂੰ ਤਾਕੀਦ ਕੀਤੀ ਸੀ: “ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।”—ਕੁਲੁੱਸੀਆਂ 3:12.

ਕੀ ਇਹ ਸਲਾਹ ਅੱਜ 21ਵੀਂ ਸਦੀ ਵਿਚ ਵੀ ਲਾਗੂ ਹੁੰਦੀ ਹੈ? ਕੀ ਨਿਮਰ ਹੋਣ ਦਾ ਕੋਈ ਫ਼ਾਇਦਾ ਹੈ? ਨਿਮਰਤਾ ਤੋਂ ਹਿੰਮਤ ਦਾ ਸਬੂਤ ਕਿਵੇਂ ਮਿਲਦਾ ਹੈ?

ਕੀ ਸਰਬਸ਼ਕਤੀਮਾਨ ਪਰਮੇਸ਼ੁਰ ਨਿਮਰ ਹੈ?

ਨਿਮਰਤਾ ਦੇ ਸੰਬੰਧ ਵਿਚ ਸਾਨੂੰ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਵੀ ਪਤਾ ਕਰਨ ਦੀ ਲੋੜ ਹੈ। ਕਿਉਂ? ਕਿਉਂਕਿ ਉਹ ਸਾਡਾ ਬਣਾਉਣ ਵਾਲਾ ਤੇ ਮਾਲਕ ਹੈ। ਸਾਡੇ ਵਿਚ ਤਾਂ ਕਮੀਆਂ-ਕਮਜ਼ੋਰੀਆਂ ਹਨ ਜਿਨ੍ਹਾਂ ਨੂੰ ਸਾਨੂੰ ਕਬੂਲ ਕਰਨ ਦੀ ਲੋੜ ਹੈ। ਪਰ ਪਰਮੇਸ਼ੁਰ ਵਿਚ ਕੋਈ ਕਮੀ-ਕਮਜ਼ੋਰੀ ਨਹੀਂ। ਅਸੀਂ ਹਰ ਚੀਜ਼ ਲਈ ਉਸ ਉੱਤੇ ਨਿਰਭਰ ਕਰਦੇ ਹਾਂ। ਪੁਰਾਣੇ ਜ਼ਮਾਨੇ ਦੇ ਅਲੀਹੂ ਨਾਂ ਦੇ ਬੁੱਧੀਮਾਨ ਆਦਮੀ ਨੇ ਕਿਹਾ: “ਸਰਬ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸੱਕਦੇ, ਉਹ ਸ਼ਕਤੀ ਵਿੱਚ ਮਹਾਨ ਹੈਗਾ।” (ਅੱਯੂਬ 37:23) ਜਦ ਅਸੀਂ ਵਿਸ਼ਵ ਵੱਲ ਧਿਆਨ ਦਿੰਦੇ ਹਾਂ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿੰਨੇ ਛੋਟੇ ਹਾਂ। ਯਸਾਯਾਹ ਨਬੀ ਨੇ ਕਿਹਾ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”—ਯਸਾਯਾਹ 40:26.

ਪਰ ਸਰਬਸ਼ਕਤੀਮਾਨ ਹੋਣ ਦੇ ਨਾਲ-ਨਾਲ ਪਰਮੇਸ਼ੁਰ ਨਿਮਰ ਵੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ? ਜਿਹੜਾ ਉਚਿਆਈ ਤੇ ਵੱਸਦਾ ਹੈ, ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਭਈ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ।” ਪਰਮੇਸ਼ੁਰ ਹਰ ਉਸ ਇਨਸਾਨ ਦੀ ਮਦਦ ਕਰਨ ਤੇ ਉਸ ਉੱਤੇ ਦਇਆ ਕਰਨ ਲਈ ਤਿਆਰ ਹੈ ਜੋ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ। ਯਹੋਵਾਹ ਪਰਮੇਸ਼ੁਰ ਆਕਾਸ਼ ਵਿਚ ਵੱਸਦਾ ਹੈ, ਪਰ ਫਿਰ ਵੀ ਉਹ ਧਰਤੀ ਉੱਤੇ ਮਾਮੂਲੀ ਜਿਹੇ ਇਨਸਾਨਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ।—ਜ਼ਬੂਰਾਂ ਦੀ ਪੋਥੀ 113:5-7.

ਯਹੋਵਾਹ ਆਪਣੇ ਲੋਕਾਂ ਵਿਚ ਨਿਮਰਤਾ ਦੇਖ ਕੇ ਖ਼ੁਸ਼ ਹੁੰਦਾ ਹੈ। ਪਤਰਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।” (1 ਪਤਰਸ 5:5) ਬਾਈਬਲ ਦੇ ਇਕ ਲਿਖਾਰੀ ਨੇ ਦੱਸਿਆ ਕਿ ਪਰਮੇਸ਼ੁਰ ਹੰਕਾਰ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਉਸ ਨੇ ਕਿਹਾ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।” (ਕਹਾਉਤਾਂ 16:5) ਆਓ ਦੇਖੀਏ ਕਿ ਨਿਮਰ ਹੋਣ ਲਈ ਹਿੰਮਤ ਦੀ ਕਿਉਂ ਲੋੜ ਹੈ।

ਨਿਮਰਤਾ ਬਾਰੇ ਲੋਕਾਂ ਦੇ ਭਰਮ

ਕਈ ਲੋਕ ਨਿਮਰਤਾ ਨੂੰ ਜ਼ਿੱਲਤ ਸਮਝਦੇ ਹਨ, ਪਰ ਇਹ ਗੱਲ ਸੱਚ ਨਹੀਂ ਹੈ। ਕੁਝ ਪੁਰਾਣੇ ਸਭਿਆਚਾਰਾਂ ਵਿਚ ਗ਼ੁਲਾਮ ਨਿਮਰ ਹੁੰਦੇ ਸਨ ਤੇ ਇਨ੍ਹਾਂ ਨੂੰ ਨੀਚ, ਦੁਖੀ ਤੇ ਤਰਸਯੋਗ ਸਮਝਿਆ ਜਾਂਦਾ ਸੀ। ਇਸ ਦੇ ਉਲਟ ਬਾਈਬਲ ਕਹਿੰਦੀ ਹੈ ਕਿ ਨਿਮਰਤਾ ਇਕ ਸਦਗੁਣ ਹੈ। ਮਿਸਾਲ ਲਈ, ਸੁਲੇਮਾਨ ਨੇ ਲਿਖਿਆ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” (ਕਹਾਉਤਾਂ 22:4) ਜ਼ਬੂਰ 138:6 ਵਿਚ ਲਿਖਿਆ ਹੈ: “ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!”

ਨਿਮਰ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਕੰਮ ਦੇ ਕਾਬਲ ਨਹੀਂ ਜਾਂ ਤੁਹਾਡੀ ਕੋਈ ਹੈਸੀਅਤ ਨਹੀਂ। ਮਿਸਾਲ ਲਈ, ਯਿਸੂ ਯਹੋਵਾਹ ਦਾ ਇਕਲੌਤਾ ਪੁੱਤਰ ਸੀ। ਲੋਕਾਂ ਨੂੰ ਉਸ ਨੇ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ ਜੋ ਕੋਈ ਮਾਮੂਲੀ ਕੰਮ ਨਹੀਂ ਸੀ। (ਮਰਕੁਸ 14:61, 62; ਯੂਹੰਨਾ 6:51) ਪਰ ਇਸ ਸਭ ਦੇ ਬਾਵਜੂਦ ਉਸ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਸਾਰੇ ਕੰਮਾਂ ਦਾ ਸਿਹਰਾ ਯਹੋਵਾਹ ਨੂੰ ਦਿੱਤਾ। ਉਸ ਨੇ ਕਦੀ ਵੀ ਆਪਣੀ ਤਾਕਤ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਇਆ, ਸਗੋਂ ਆਪਣੀ ਤਾਕਤ ਨੂੰ ਦੂਸਰਿਆਂ ਦੀ ਭਲਾਈ ਲਈ ਵਰਤਿਆ।

ਨਿਰਮਾਤਾ ਤੇ ਦਲੇਰੀ ਦਾ ਤਾਲਮੇਲ

ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਮਸੀਹ ਆਪਣੀਆਂ “ਕਰਾਮਾਤਾਂ” ਲਈ ਜਾਣਿਆ ਜਾਂਦਾ ਸੀ। (ਰਸੂਲਾਂ ਦੇ ਕਰਤੱਬ 2:22) ਪਰ ਕੁਝ ਲੋਕਾਂ ਦੀਆਂ ਨਜ਼ਰਾਂ ਵਿਚ ਉਹ ‘ਸਭਨਾਂ ਤੋਂ ਨੀਵਾਂ ਆਦਮੀ’ ਸੀ। (ਦਾਨੀਏਲ 4:17) ਉਹ ਆਪ ਹੀ ਨਿਮਰ ਇਨਸਾਨ ਨਹੀਂ ਸੀ, ਬਲਕਿ ਉਸ ਨੇ ਦੂਸਰਿਆਂ ਨੂੰ ਵੀ ਨਿਮਰ ਬਣਨਾ ਸਿਖਾਇਆ। (ਲੂਕਾ 9:48; ਯੂਹੰਨਾ 13:2-16) ਪਰ ਨਿਮਰਤਾ ਕਰਕੇ ਉਹ ਕਮਜ਼ੋਰ ਨਹੀਂ ਸੀ। ਉਸ ਨੇ ਨਿਡਰਤਾ ਨਾਲ ਪ੍ਰਚਾਰ ਕੀਤਾ ਤੇ ਇਸ ਤਰ੍ਹਾਂ ਆਪਣੇ ਪਿਤਾ ਯਹੋਵਾਹ ਦਾ ਨਾਂ ਰੌਸ਼ਨ ਕੀਤਾ ਤੇ ਆਪਣੀ ਸੇਵਕਾਈ ਪੂਰੀ ਕੀਤੀ। (ਫ਼ਿਲਿੱਪੀਆਂ 2:6-8) ਯਿਸੂ ਦੀ ਦਲੇਰੀ ਕਰਕੇ ਬਾਈਬਲ ਵਿਚ ਉਸ ਦੀ ਤੁਲਨਾ ਇਕ ਬਬਰ ਸ਼ੇਰ ਨਾਲ ਕੀਤੀ ਗਈ ਹੈ। (ਪਰਕਾਸ਼ ਦੀ ਪੋਥੀ 5:5) ਉਸ ਦੀ ਮਿਸਾਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਨਿਮਰ ਬਣਨ ਲਈ ਦਲੇਰੀ ਤੇ ਹਿੰਮਤ ਦੀ ਲੋੜ ਹੁੰਦੀ ਹੈ।

ਆਪਣੀ ਜ਼ਿੰਦਗੀ ਵਿਚ ਨਿਮਰਤਾ ਦਾ ਗੁਣ ਪੈਦਾ ਕਰਨ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਸਾਨੂੰ ਹਮੇਸ਼ਾ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਪਵੇਗੀ। ਨਿਮਰ ਬਣਨ ਲਈ ਹਿੰਮਤ ਦੀ ਲੋੜ ਹੈ ਤਾਂਕਿ ਅਸੀਂ ਆਪਣੀਆਂ ਖ਼ਾਹਸ਼ਾਂ ਨੂੰ ਇਕ ਪਾਸੇ ਕਰ ਕੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਈਏ ਤੇ ਦੂਸਰਿਆਂ ਦੀ ਮਦਦ ਕਰੀਏ।

ਨਿਰਮਾਤਾ ਦੇ ਫ਼ਾਇਦੇ

ਨਿਮਰ ਹੋਣ ਲਈ ਸਾਨੂੰ ਆਪਣੇ ਵਿੱਚੋਂ ਹੰਕਾਰ ਜਾਂ ਆਕੜ ਕੱਢਣੀ ਹੋਵੇਗੀ। ਬਾਈਬਲ ਵਿਚ ਨਿਮਰ ਹੋਣ ਦਾ ਮਤਲਬ “ਅਧੀਨਗੀ” ਵੀ ਹੈ। (ਅਫ਼ਸੀਆਂ 4:2) ਨਿਮਰ ਇਨਸਾਨ ਆਪਣੇ-ਆਪ ਬਾਰੇ ਹੱਦੋਂ ਵਧ ਨਹੀਂ ਸੋਚਦਾ। ਉਹ ਆਪਣੀਆਂ ਖੂਬੀਆਂ ਦੇ ਨਾਲ-ਨਾਲ ਕਮੀਆਂ ਨੂੰ ਵੀ ਪਛਾਣਦਾ ਹੈ। ਉਹ ਸਮਝਦਾ ਹੈ ਕਿ ਉਸ ਨੂੰ ਜ਼ਿੰਦਗੀ ਵਿਚ ਦੋਵੇਂ ਸਫ਼ਲਤਾ ਤੇ ਅਸਫ਼ਲਤਾ ਦਾ ਸਾਮ੍ਹਣਾ ਕਰਨਾ ਪਾਵੇਗਾ। ਇਸ ਦੇ ਸੰਬੰਧ ਵਿਚ ਪੌਲੁਸ ਨੇ ਵਧੀਆ ਸਲਾਹ ਦਿੱਤੀ ਸੀ: ‘ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ।’ (ਰੋਮੀਆਂ 12:3) ਇਸ ਸਲਾਹ ਤੇ ਚੱਲ ਕੇ ਅਸੀਂ ਨਿਮਰਤਾ ਦਾ ਸਬੂਤ ਦਿੰਦੇ ਹਾਂ।

ਅਸੀਂ ਉਦੋਂ ਵੀ ਨਿਮਰਤਾ ਦਾ ਸਬੂਤ ਦਿੰਦੇ ਹਾਂ ਜਦ ਅਸੀਂ ਆਪਣੇ ਬਾਰੇ ਹੀ ਨਹੀਂ, ਬਲਕਿ ਦੂਸਰਿਆਂ ਬਾਰੇ ਵੀ ਸੋਚਦੇ ਹਾਂ। ਪੌਲੁਸ ਨੇ ਮਸੀਹੀਆਂ ਨੂੰ ਕਿਹਾ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।” (ਫ਼ਿਲਿੱਪੀਆਂ 2:3) ਇਹ ਗੱਲ ਯਿਸੂ ਦੇ ਹੁਕਮ ਨਾਲ ਮੇਲ ਖਾਂਦੀ ਹੈ ਕਿ “ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂਆ ਹੋਵੇ ਅਤੇ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਸੋ ਉੱਚਾ ਕੀਤਾ ਜਾਵੇਗਾ।”—ਮੱਤੀ 23:11, 12.

ਜੀ ਹਾਂ, ਨਿਮਰ ਹੋਣ ਨਾਲ ਅਸੀਂ ਪਰਮੇਸ਼ੁਰ ਦੀ ਨਜ਼ਰ ਵਿਚ ਉੱਚੇ ਹੁੰਦੇ ਹਾਂ। ਯਾਕੂਬ ਨੇ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਜਦ ਉਸ ਨੇ ਲਿਖਿਆ: “ਪ੍ਰਭੁ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ।” (ਯਾਕੂਬ 4:10) ਕੌਣ ਅਜਿਹਾ ਇਨਸਾਨ ਹੈ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਉੱਚਾ ਨਹੀਂ ਹੋਣਾ ਚਾਹੁੰਦਾ?

ਘਮੰਡ ਕਰਕੇ ਲੋਕਾਂ ਵਿਚ ਨਫ਼ਰਤ ਤੇ ਲੜਾਈ-ਝਗੜੇ ਹੁੰਦੇ ਹਨ। ਦੂਜੇ ਪਾਸੇ, ਨਿਮਰਤਾ ਦੇ ਚੰਗੇ ਨਤੀਜੇ ਨਿਕਲਦੇ ਹਨ। ਪਹਿਲਾਂ ਤਾਂ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਹੁੰਦੀ ਹੈ। (ਮੀਕਾਹ 6:8) ਇਸ ਦੇ ਨਾਲ-ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਅਸੀਂ ਖ਼ੁਸ਼ ਤੇ ਸੰਤੁਸ਼ਟ ਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 101:5) ਅਸੀਂ ਆਪਣੇ ਪਰਿਵਾਰ, ਦੋਸਤਾਂ ਤੇ ਹੋਰਨਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਾਂ। ਨਿਮਰ ਲੋਕ ਗੁੱਸੇ, ਨਾਰਾਜ਼ਗੀ ਤੇ ਨਫ਼ਰਤ ਦੇ ਸ਼ਿਕਾਰ ਨਹੀਂ ਹੁੰਦੇ ਕਿਉਂਕਿ ਉਹ ਨਾ ਤਾਂ ਝਗੜਾਲੂ ਹੁੰਦੇ ਹਨ ਤੇ ਨਾ ਹੀ ਖ਼ੁਦਗਰਜ਼।—ਯਾਕੂਬ 3:14-16.

ਜੀ ਹਾਂ, ਨਿਮਰ ਹੋਣ ਨਾਲ ਅਸੀਂ ਦੂਸਰਿਆਂ ਨੂੰ ਚੰਗਾ ਸਮਝਦੇ ਹਾਂ। ਅਸੀਂ ਇਸ ਖ਼ੁਦਗਰਜ਼ ਤੇ ਘਮੰਡੀ ਦੁਨੀਆਂ ਦਾ ਸਾਮ੍ਹਣਾ ਕਰਨਾ ਸਿੱਖਦੇ ਹਾਂ। ਪਰਮੇਸ਼ੁਰ ਦੀ ਮਦਦ ਨਾਲ ਪੌਲੁਸ ਰਸੂਲ ਆਪਣੇ ਵਿੱਚੋਂ ਆਕੜ ਤੇ ਹੰਕਾਰ ਕੱਢ ਸਕਿਆ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬਿਹਤਰ ਨਹੀਂ ਸਮਝਣਾ ਚਾਹੀਦਾ। ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” (ਕਹਾਉਤਾਂ 16:18) ਪੌਲੁਸ ਦੀ ਮਿਸਾਲ ਅਤੇ ਉਸ ਦੀ ਸਲਾਹ ਤੇ ਚੱਲ ਕੇ ਅਸੀਂ ‘ਅਧੀਨਗੀ ਨੂੰ ਪਹਿਨਣ’ ਦਾ ਫ਼ਾਇਦਾ ਦੇਖਾਂਗੇ।—ਕੁਲੁੱਸੀਆਂ 3:12.

[ਸਫ਼ਾ 4 ਉੱਤੇ ਤਸਵੀਰ]

ਪੌਲੁਸ ਰਸੂਲ ਨੇ ਆਪਣੇ ਆਪ ਵਿੱਚੋਂ ਹੰਕਾਰ ਕੱਢਿਆ

[ਸਫ਼ਾ 7 ਉੱਤੇ ਤਸਵੀਰ]

ਨਿਮਰ ਹੋਣ ਕਰਕੇ ਅਸੀਂ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਵਾਂਗੇ

[ਸਫ਼ਾ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Anglo-Australian Observatory/David Malin Images

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ