ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w07 11/15 ਸਫ਼ੇ 18-20
  • ਲੂਕਾ—ਪੌਲੁਸ ਦਾ ਪਿਆਰਾ ਮਿੱਤਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੂਕਾ—ਪੌਲੁਸ ਦਾ ਪਿਆਰਾ ਮਿੱਤਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਲੇਖਕ ਤੇ ਮਿਸ਼ਨਰੀ
  • ਉਸ ਨੇ ਜਾਣਕਾਰੀ ਇਕੱਠੀ ਕੀਤੀ
  • ਕੈਦੀ ਪੌਲੁਸ ਦੀ ਦੇਖ-ਭਾਲ
  • “ਇਸ ਪਾਰ ਮਕਦੂਨੀਆ ਵਿਚ ਆ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਲੂਕਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
w07 11/15 ਸਫ਼ੇ 18-20

ਲੂਕਾ—ਪੌਲੁਸ ਦਾ ਪਿਆਰਾ ਮਿੱਤਰ

ਸਾਲ 65 ਈਸਵੀ। ਜਗ੍ਹਾ ਰੋਮ। ਪੌਲੁਸ ਰਸੂਲ ਆਪਣੇ ਵਿਸ਼ਵਾਸਾਂ ਕਰਕੇ ਕੈਦ ਵਿਚ ਸੀ। ਇੰਜ ਲੱਗਦਾ ਸੀ ਕਿ ਪੌਲੁਸ ਨੂੰ ਸਜ਼ਾ-ਏ-ਮੌਤ ਮਿਲ ਜਾਣੀ ਸੀ। ਲੂਕਾ ਨੂੰ ਪਤਾ ਸੀ ਕਿ ਪੌਲੁਸ ਦਾ ਦੋਸਤ ਹੋਣ ਕਰਕੇ ਉਸ ਦੀ ਜਾਨ ਨੂੰ ਵੀ ਖ਼ਤਰਾ ਸੀ, ਪਰ ਫਿਰ ਵੀ ਇਸ ਕਠਿਨ ਘੜੀ ਵਿਚ ਸਿਰਫ਼ ਉਸੇ ਨੇ ਪੌਲੁਸ ਦਾ ਸਾਥ ਦਿੱਤਾ।—2 ਤਿਮੋਥਿਉਸ 4:6, 11.

ਬਾਈਬਲ ਪੜ੍ਹਨ ਵਾਲੇ ਲੂਕਾ ਤੋਂ ਵਾਕਫ਼ ਹਨ ਕਿਉਂਕਿ ਲੂਕਾ ਦੀ ਇੰਜੀਲ ਉਸੇ ਨੇ ਹੀ ਲਿਖੀ ਸੀ। ਪ੍ਰਚਾਰ ਕੰਮ ਵਿਚ ਪੌਲੁਸ ਦੇ ਸਾਥੀ ਤੇ ‘ਪਿਆਰੇ ਵੈਦ’ ਲੂਕਾ ਨੇ ਪੌਲੁਸ ਨਾਲ ਲੰਬੇ-ਲੰਬੇ ਸਫ਼ਰ ਤੈ ਕੀਤੇ ਸਨ। (ਕੁਲੁੱਸੀਆਂ 4:14; ਫਿਲੇਮੋਨ 24) ਲੂਕਾ ਬਾਰੇ ਬਾਈਬਲ ਬਹੁਤਾ ਕੁਝ ਨਹੀਂ ਦੱਸਦੀ। ਉਸ ਦੇ ਨਾਂ ਦਾ ਜ਼ਿਕਰ ਸਿਰਫ਼ ਤਿੰਨ ਵਾਰੀ ਕੀਤਾ ਗਿਆ ਹੈ। ਆਓ ਦੇਖੀਏ ਕਿ ਲੂਕਾ ਬਾਰੇ ਅਸੀਂ ਕੀ ਸਿੱਖ ਸਕਦੇ ਹਾਂ ਕਿਉਂਕਿ ਉਸ ਬਾਰੇ ਹੋਰ ਜਾਣਨ ਨਾਲ ਸਾਡੇ ਦਿਲ ਵਿਚ ਉਸ ਲਈ ਇੱਜ਼ਤ ਵਧੇਗੀ।

ਲੇਖਕ ਤੇ ਮਿਸ਼ਨਰੀ

ਲੂਕਾ ਦੀ ਇੰਜੀਲ ਤੇ ਰਸੂਲਾਂ ਦੇ ਕਰਤੱਬ ਨਾਮਕ ਪੋਥੀ ਦੋਵੇਂ ਥਿਉਫ਼ਿਲੁਸ ਨਾਂ ਦੇ ਵਿਅਕਤੀ ਨੂੰ ਲਿਖੀਆਂ ਗਈਆਂ ਸਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਪਰਮੇਸ਼ੁਰ ਵੱਲੋਂ ਪ੍ਰੇਰਿਤ ਇਹ ਦੋਵੇਂ ਪੋਥੀਆਂ ਲੂਕਾ ਨੇ ਹੀ ਲਿਖੀਆਂ ਸਨ। (ਲੂਕਾ 1:3; ਰਸੂਲਾਂ ਦੇ ਕਰਤੱਬ 1:1) ਲੂਕਾ ਨੇ ਇਹ ਨਹੀਂ ਕਿਹਾ ਕਿ ਯਿਸੂ ਮਸੀਹ ਨੇ ਆਪਣੀ ਸੇਵਕਾਈ ਦੌਰਾਨ ਜੋ ਕੀਤਾ, ਉਸ ਨੇ ਆਪਣੀ ਅੱਖੀਂ ਦੇਖਿਆ। ਨਹੀਂ, ਪਰ ਉਸ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲੈ ਕੇ ਤੇ “ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕਰ ਕੇ” ਉਸ ਨੇ ਪੋਥੀਆਂ ਲਿਖੀਆਂ। (ਲੂਕਾ 1:1-3) ਤਾਂ ਫਿਰ ਜ਼ਾਹਰ ਹੈ ਕਿ ਲੂਕਾ ਪੰਤੇਕੁਸਤ 33 ਈ. ਤੋਂ ਬਾਅਦ ਹੀ ਮਸੀਹ ਦਾ ਚੇਲਾ ਬਣਿਆ ਸੀ।

ਕਈ ਮੰਨਦੇ ਹਨ ਕਿ ਲੂਕਾ ਸੀਰੀਆ ਦੇ ਅੰਤਾਕਿਯਾ ਸ਼ਹਿਰ ਦਾ ਜੰਮ-ਪਲ ਸੀ। ਕਿਉਂ? ਕਿਉਂਕਿ ਰਸੂਲਾਂ ਦੇ ਕਰਤੱਬ ਵਿਚ ਅੰਤਾਕਿਯਾ ਸ਼ਹਿਰ ਵਿਚ ਵਾਪਰੀਆਂ ਕਈ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਇਲਾਵਾ, ਲੂਕਾ ਨੇ ਇਸ ਕਿਤਾਬ ਵਿਚ “ਸੱਤ ਨੇਕ ਨਾਮ ਆਦਮੀਆਂ” ਵਿੱਚੋਂ ਸਿਰਫ਼ ਇਕ ਦਾ ਖ਼ਾਸ ਤੌਰ ਤੇ ਜ਼ਿਕਰ ਕਰਦਿਆਂ ਦੱਸਿਆ ਕਿ ਉਹ “ਅੰਤਾਕਿਯਾ ਦਾ ਇੱਕ ਯਹੂਦੀ-ਮੁਰੀਦ” ਸੀ, ਪਰ ਬਾਕੀ ਛੇਆਂ ਆਦਮੀਆਂ ਦੇ ਸ਼ਹਿਰਾਂ ਦੇ ਨਾਂ ਨਹੀਂ ਦੱਸੇ। ਪਰ ਇਹ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਲੂਕਾ ਨੇ ਅੰਤਾਕਿਯਾ ਸ਼ਹਿਰ ਦਾ ਖ਼ਾਸ ਤੌਰ ਤੇ ਜ਼ਿਕਰ ਇਸ ਲਈ ਕੀਤਾ ਸੀ ਕਿਉਂਕਿ ਉਹ ਉਸ ਸ਼ਹਿਰ ਦਾ ਜੰਮ-ਪਲ ਸੀ।—ਰਸੂਲਾਂ ਦੇ ਕਰਤੱਬ 6:3-6.

ਰਸੂਲਾਂ ਦੇ ਕਰਤੱਬ ਵਿਚ ਲੂਕਾ ਨੇ ਆਪਣੇ ਨਾਂ ਦਾ ਜ਼ਿਕਰ ਨਹੀਂ ਕੀਤਾ। ਪਰ ਕਈ ਆਇਤਾਂ ਵਿਚ “ਅਸਾਂ” ਅਤੇ “ਸਾਡੀ” ਵਰਗੇ ਪੜਨਾਂਵ ਵਰਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਪੋਥੀ ਵਿਚ ਦੱਸੀਆਂ ਕੁਝ ਘਟਨਾਵਾਂ ਜਦੋਂ ਵਾਪਰੀਆਂ ਸਨ ਉਦੋਂ ਲੂਕਾ ਵੀ ਉੱਥੇ ਹੀ ਸੀ। ਮਿਸਾਲ ਲਈ, ਜਦੋਂ ਪੌਲੁਸ ਤੇ ਉਸ ਦੇ ਸਾਥੀ ਏਸ਼ੀਆ ਮਾਈਨਰ ਦਾ ਦੌਰਾ ਕਰ ਰਹੇ ਸਨ, ਤਾਂ ਲੂਕਾ ਨੇ ਉਨ੍ਹਾਂ ਦੇ ਸਫ਼ਰ ਬਾਰੇ ਲਿਖਿਆ: ‘ਸੋ ਓਹ ਮੁਸਿਯਾ ਕੋਲ ਦੀ ਲੰਘ ਕੇ ਤ੍ਰੋਆਸ ਵਿੱਚ ਆ ਉਤਰੇ।’ ਤ੍ਰੋਆਸ ਵਿਚ ਹੀ ਪੌਲੁਸ ਨੇ ਦਰਸ਼ਣ ਵਿਚ ਇਕ ਮਕਦੂਨੀ ਬੰਦੇ ਨੂੰ ਇਹ ਮਿੰਨਤਾਂ ਕਰਦਿਆਂ ਦੇਖਿਆ: “ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ।” ਫਿਰ ਲੂਕਾ ਨੇ ਅੱਗੇ ਕਿਹਾ: ‘ਜਾਂ ਉਸ ਨੇ ਇਹ ਦਰਸ਼ਣ ਪਾਇਆ ਤਾਂ ਓਸੇ ਵੇਲੇ ਅਸਾਂ ਮਕਦੂਨਿਯਾ ਵਿੱਚ ਜਾਣ ਦਾ ਜਤਨ ਕੀਤਾ।’ (ਰਸੂਲਾਂ ਦੇ ਕਰਤੱਬ 16:8-10) ਪੜਨਾਂਵ “ਓਹ” ਦੀ ਜਗ੍ਹਾ “ਅਸਾਂ” ਦੀ ਵਰਤੋਂ ਤੋਂ ਇਹ ਗੱਲ ਪਤਾ ਚੱਲਦੀ ਹੈ ਕਿ ਲੂਕਾ ਤ੍ਰੋਆਸ ਵਿਚ ਪੌਲੁਸ ਤੇ ਉਸ ਦੇ ਸਾਥੀਆਂ ਨਾਲ ਸਫ਼ਰ ਤੇ ਤੁਰ ਪਿਆ ਸੀ। ਉਸ ਨੇ ਫਿਰ ਫ਼ਿਲਿੱਪੈ ਵਿਚ ਕੀਤੇ ਗਏ ਪ੍ਰਚਾਰ ਦੇ ਕੰਮ ਬਾਰੇ ਗੱਲ ਕੀਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਵੀ ਇਸ ਕੰਮ ਵਿਚ ਹਿੱਸਾ ਲਿਆ ਸੀ। ਉਸ ਨੇ ਲਿਖਿਆ: ‘ਅਸੀਂ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਅਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ।’ ਤੀਵੀਆਂ ਨੂੰ ਪ੍ਰਚਾਰ ਕਰਨ ਦਾ ਨਤੀਜਾ ਇਹ ਨਿਕਲਿਆ ਕਿ ਲੁਦਿਯਾ ਤੇ ਉਸ ਦੇ ਘਰਾਣੇ ਨੇ ਖ਼ੁਸ਼ ਖ਼ਬਰੀ ਸੁਣ ਕੇ ਨਿਹਚਾ ਕੀਤੀ ਤੇ ਬਪਤਿਸਮਾ ਲੈ ਲਿਆ।—ਰਸੂਲਾਂ ਦੇ ਕਰਤੱਬ 16:11-15.

ਫ਼ਿਲਿੱਪੈ ਵਿਚ ਪ੍ਰਚਾਰ ਕਰਦੇ ਵੇਲੇ ਪੌਲੁਸ ਤੇ ਉਸ ਦੇ ਸਾਥੀਆਂ ਨੂੰ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਇੱਥੇ ਪੌਲੁਸ ਨੇ ਇਕ ਗੋਲੀ ਨੂੰ “ਭੇਤ ਬੁਝਣ ਦੀ ਰੂਹ” ਤੋਂ ਮੁਕਤ ਕੀਤਾ। ਇਹ ਗੋਲੀ ਇਸ ਰੂਹ ਦੀ ਮਦਦ ਨਾਲ ਆਪਣੇ ਮਾਲਕਾਂ ਲਈ ਬਹੁਤ ਪੈਸਾ ਕਮਾ ਲਿਆਉਂਦੀ ਸੀ। ਆਮਦਨੀ ਦਾ ਸਾਧਨ ਖ਼ਤਮ ਹੋਣ ਤੇ ਗੋਲੀ ਦੇ ਮਾਲਕ ਪੌਲੁਸ ਤੇ ਸੀਲਾਸ ਨੂੰ ਪੈ ਗਏ। ਦੋਨਾਂ ਨੂੰ ਕੁੱਟਿਆ-ਮਾਰਿਆ ਗਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਲੱਗਦਾ ਹੈ ਕਿ ਲੂਕਾ ਵਿਰੋਧੀਆਂ ਦੇ ਹੱਥੋਂ ਬਚ ਗਿਆ ਸੀ ਕਿਉਂਕਿ ਉਸ ਨੇ ਇਸ ਵਾਰਦਾਤ ਬਾਰੇ ਦੱਸਦਿਆਂ ਪੜਨਾਂਵ “ਸਾਨੂੰ” ਦੀ ਜਗ੍ਹਾ “ਉਨ੍ਹਾਂ” ਵਰਤਿਆ ਸੀ। ਲੂਕਾ ਅੱਗੇ ਦੱਸਦਾ ਹੈ ਕਿ ਰਿਹਾ ਹੋਣ ਤੇ ‘ਓਹ ਲੁਦਿਯਾ ਦੇ ਗਏ ਅਰ ਭਾਈਆਂ ਨੂੰ ਵੇਖ ਕੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਤੁਰ ਪਏ।’ ਇਸ ਤੋਂ ਪਤਾ ਲੱਗਦਾ ਹੈ ਕਿ ਲੂਕਾ ਉਨ੍ਹਾਂ ਨਾਲ ਨਹੀਂ ਗਿਆ ਸੀ। ਸ਼ਾਇਦ ਉਹ ਪ੍ਰਚਾਰ ਕੰਮ ਦੀ ਨਿਗਰਾਨੀ ਕਰਨ ਲਈ ਫ਼ਿਲਿੱਪੈ ਵਿਚ ਹੀ ਰੁਕ ਗਿਆ ਸੀ। ਕੁਝ ਸਮੇਂ ਬਾਅਦ ਪੌਲੁਸ ਦੇ ਫ਼ਿਲਿੱਪੈ ਪਰਤ ਆਉਣ ਤੇ ਹੀ ਲੂਕਾ ਨੇ ਫਿਰ ਤੋਂ ਬਿਰਤਾਂਤ ਵਿਚ “ਸਾਨੂੰ” ਪੜਨਾਂਵ ਵਰਤਿਆ।—ਰਸੂਲਾਂ ਦੇ ਕਰਤੱਬ 16:16-40; 20:5, 6.

ਉਸ ਨੇ ਜਾਣਕਾਰੀ ਇਕੱਠੀ ਕੀਤੀ

ਰਸੂਲਾਂ ਦੇ ਕਰਤੱਬ ਅਤੇ ਇੰਜੀਲ ਲਿਖਣ ਲਈ ਲੂਕਾ ਨੇ ਜਾਣਕਾਰੀ ਕਿੱਦਾਂ ਇਕੱਠੀ ਕੀਤੀ ਸੀ? ਰਸੂਲਾਂ ਦੇ ਕਰਤੱਬ ਦੇ ਜਿਨ੍ਹਾਂ ਬਿਰਤਾਂਤਾਂ ਵਿਚ ਲੂਕਾ ਨੇ ਆਪਣੇ ਆਪ ਨੂੰ ਵੀ ਸ਼ਾਮਲ ਕੀਤਾ ਸੀ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਪੌਲੁਸ ਨਾਲ ਫ਼ਿਲਿੱਪੈ ਤੋਂ ਯਰੂਸ਼ਲਮ ਗਿਆ ਸੀ। ਯਰੂਸ਼ਲਮ ਵਿਚ ਪੌਲੁਸ ਨੂੰ ਦੁਬਾਰਾ ਗਿਰਫ਼ਤਾਰ ਕਰ ਲਿਆ ਗਿਆ ਸੀ। ਲੇਕਿਨ ਯਰੂਸ਼ਲਮ ਜਾਂਦੇ ਵਕਤ ਉਹ ਰਾਹ ਵਿਚ ਕੈਸਰਿਯਾ ਸ਼ਹਿਰ ਵਿਚ ਰੁਕੇ ਅਤੇ ਇੰਜੀਲ ਦੇ ਪ੍ਰਚਾਰਕ ਫ਼ਿਲਿੱਪੁਸ ਦੇ ਘਰ ਠਹਿਰੇ। (ਰਸੂਲਾਂ ਦੇ ਕਰਤੱਬ 20:6; 21:1-17) ਸਾਮਰਿਯਾ ਵਿਚ ਪ੍ਰਚਾਰ ਕੰਮ ਨੂੰ ਫ਼ਿਲਿੱਪੁਸ ਨੇ ਖ਼ਾਸ ਕਰਕੇ ਅੱਗੇ ਵਧਾਇਆ ਸੀ, ਇਸ ਲਈ ਲੂਕਾ ਨੇ ਉਸ ਕੋਲੋਂ ਸਾਮਰਿਯਾ ਵਿਚ ਪ੍ਰਚਾਰ ਕੰਮ ਦੀ ਸ਼ੁਰੂਆਤ ਬਾਰੇ ਜਾਣਕਾਰੀ ਲਈ ਹੋਣੀ। (ਰਸੂਲਾਂ ਦੇ ਕਰਤੱਬ 8:4-25) ਪਰ ਲੂਕਾ ਨੂੰ ਇੰਜੀਲ ਵਾਸਤੇ ਜਾਣਕਾਰੀ ਕਿੱਥੋਂ ਮਿਲੀ?

ਕੈਸਰਿਯਾ ਵਿਚ ਪੌਲੁਸ ਨੇ ਦੋ ਸਾਲ ਕੈਦ ਵਿਚ ਕੱਟੇ ਸਨ ਜਿਸ ਕਰਕੇ ਲੂਕਾ ਨੂੰ ਇੰਜੀਲ ਲਈ ਲੋੜੀਂਦੀ ਰੀਸਰਚ ਕਰਨ ਦਾ ਮੌਕਾ ਮਿਲਿਆ। ਯਰੂਸ਼ਲਮ ਕੈਸਰਿਯਾ ਤੋਂ ਦੂਰ ਨਹੀਂ ਸੀ, ਇਸ ਲਈ ਉਹ ਉੱਥੇ ਜਾ ਕੇ ਯਿਸੂ ਦੀ ਬੰਸਾਵਲੀ ਦੇ ਰਿਕਾਰਡ ਦੇਖ ਕੇ ਇੰਜੀਲ ਵਿਚ ਦਰਜ ਕਰ ਸਕਦਾ ਸੀ। ਲੂਕਾ ਨੇ ਯਿਸੂ ਦੇ ਜੀਵਨ ਤੇ ਸੇਵਕਾਈ ਬਾਰੇ ਕਈ ਗੱਲਾਂ ਦਰਜ ਕੀਤੀਆਂ ਜੋ ਬਾਕੀ ਇੰਜੀਲਾਂ ਵਿਚ ਨਹੀਂ ਹਨ। ਇਕ ਵਿਦਵਾਨ ਨੇ ਅਜਿਹੀਆਂ 82 ਦੇ ਕਰੀਬ ਗੱਲਾਂ ਨੋਟ ਕੀਤੀਆਂ ਜੋ ਸਿਰਫ਼ ਲੂਕਾ ਦੀ ਇੰਜੀਲ ਵਿਚ ਪਾਈਆਂ ਜਾਂਦੀਆਂ ਹਨ।

ਹੋ ਸਕਦਾ ਹੈ ਕਿ ਲੂਕਾ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਬਾਰੇ ਉਸ ਦੀ ਮਾਂ ਇਲੀਸਬਤ ਤੋਂ ਜਾਣਕਾਰੀ ਲਈ ਹੋਵੇ। ਅਤੇ ਯਿਸੂ ਦੇ ਜਨਮ ਤੇ ਜਵਾਨੀ ਬਾਰੇ ਉਸ ਦੀ ਮਾਂ ਮਰਿਯਮ ਤੋਂ। (ਲੂਕਾ 1:5-80) ਸ਼ਾਇਦ ਪਤਰਸ, ਯਾਕੂਬ ਜਾਂ ਫਿਰ ਯੂਹੰਨਾ ਨੇ ਲੂਕਾ ਨੂੰ ਦੱਸਿਆ ਹੋਣਾ ਕਿ ਉਨ੍ਹਾਂ ਨੇ ਯਿਸੂ ਦੀ ਮਦਦ ਨਾਲ ਬਹੁਤ ਸਾਰੀਆਂ ਮੱਛੀਆਂ ਫੜੀਆਂ ਸਨ। (ਲੂਕਾ 5:4-10) ਲੂਕਾ ਦੀ ਇੰਜੀਲ ਵਿਚ ਹੀ ਸਾਨੂੰ ਯਿਸੂ ਵੱਲੋਂ ਦੱਸੀਆਂ ਕੁਝ ਨਿਰਾਲੀਆਂ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ, ਜਿਵੇਂ ਸਾਮਰੀ ਬੰਦੇ ਦੀ ਕਹਾਣੀ, ਭੀੜੇ ਬੂਹੇ ਦੀ ਉਦਾਹਰਣ, ਗੁਆਚੀ ਅੱਠਿਆਨੀ ਦੀ ਕਹਾਣੀ, ਉਜਾੜੂ ਪੁੱਤਰ ਦੀ ਕਹਾਣੀ ਅਤੇ ਲਾਜ਼ਰ ਤੇ ਅਮੀਰ ਬੰਦੇ ਦੀ ਕਹਾਣੀ।—ਲੂਕਾ 10:29-37; 13:23, 24; 15:8-32; 16:19-31.

ਲੂਕਾ ਲੋਕਾਂ ਵਿਚ ਦਿਲਚਸਪੀ ਰੱਖਣ ਵਾਲਾ ਬੰਦਾ ਸੀ। ਇਕੱਲੇ ਉਸ ਨੇ ਹੀ ਜ਼ਿਕਰ ਕੀਤਾ ਕਿ ਯਿਸੂ ਦੇ ਜਨਮ ਤੋਂ ਬਾਅਦ ਮਰਿਯਮ ਨੇ ਹੈਕਲ ਵਿਚ ਬਲੀ ਚੜ੍ਹਾਈ ਸੀ, ਇਕ ਵਿਧਵਾ ਦੇ ਮੁੰਡੇ ਨੂੰ ਜੀ ਉਠਾਇਆ ਗਿਆ ਸੀ ਤੇ ਇਕ ਔਰਤ ਨੇ ਯਿਸੂ ਦੇ ਚਰਨਾਂ ਤੇ ਅਤਰ ਮਲਿਆ ਸੀ। ਸਿਰਫ਼ ਲੂਕਾ ਨੇ ਹੀ ਉਨ੍ਹਾਂ ਤੀਵੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਯਿਸੂ ਦੀ ਟਹਿਲ-ਸੇਵਾ ਕੀਤੀ ਤੇ ਇਹ ਦੱਸਿਆ ਕਿ ਮਾਰਥਾ ਤੇ ਮਰਿਯਮ ਨੇ ਯਿਸੂ ਨੂੰ ਆਪਣੇ ਘਰ ਬੁਲਾ ਕੇ ਖੁਆਇਆ-ਪਿਆਇਆ। ਲੂਕਾ ਦੀ ਇੰਜੀਲ ਪੜ੍ਹ ਕੇ ਸਾਨੂੰ ਕੁੱਬੀ ਤੀਵੀਂ ਦੇ ਠੀਕ ਹੋਣ, ਜਲੋਧਰੀ ਮਨੁੱਖ ਦੇ ਰਾਜ਼ੀ ਹੋਣ ਤੇ ਦਸ ਕੋੜ੍ਹੀਆਂ ਦੇ ਸ਼ੁੱਧ ਹੋਣ ਬਾਰੇ ਪਤਾ ਲੱਗਦਾ ਹੈ। ਲੂਕਾ ਸਾਨੂੰ ਮਧਰੇ ਜ਼ੱਕੀ ਦੀ ਜਾਣ-ਪਛਾਣ ਕਰਾਉਂਦਾ ਹੈ ਜੋ ਯਿਸੂ ਨੂੰ ਦੇਖਣ ਲਈ ਦਰਖ਼ਤ ਤੇ ਚੜ੍ਹਿਆ ਸੀ। ਨਾਲੇ ਯਿਸੂ ਨਾਲ ਸੂਲੀ ਤੇ ਟੰਗੇ ਅਪਰਾਧੀ ਦੇ ਪਸ਼ਚਾਤਾਪੀ ਰਵੱਈਏ ਬਾਰੇ ਦੱਸਿਆ।—ਲੂਕਾ 2:24; 7:11-17, 36-50; 8:2, 3; 10:38-42; 13:10-17; 14:1-6; 17:11-19; 19:1-10; 23:39-43.

ਇਹ ਗੱਲ ਧਿਆਨਯੋਗ ਹੈ ਕਿ ਯਿਸੂ ਦੁਆਰਾ ਸੁਣਾਈ ਗਈ ਸਾਮਰੀ ਬੰਦੇ ਦੀ ਕਹਾਣੀ ਦਾ ਜ਼ਿਕਰ ਕਰਦਿਆਂ ਲੂਕਾ ਨੇ ਦੱਸਿਆ ਕਿ ਸਾਮਰੀ ਬੰਦੇ ਨੇ ਯਹੂਦੀ ਮੁਸਾਫ਼ਰ ਦੇ ਜ਼ਖ਼ਮਾਂ ਦਾ ਦਵਾ-ਦਾਰੂ ਕਿਵੇਂ ਕੀਤਾ ਸੀ। ਉਸ ਨੇ ਦੱਸਿਆ ਕਿ ਸਾਮਰੀ ਬੰਦੇ ਨੇ ਪਹਿਲਾਂ ਮੈ ਨਾਲ ਜ਼ਖ਼ਮਾਂ ਨੂੰ ਸਾਫ਼ ਕੀਤਾ, ਫਿਰ ਪੀੜ ਘਟਾਉਣ ਲਈ ਤੇਲ ਲਾ ਕੇ ਪੱਟੀ ਕੀਤੀ। ਲੂਕਾ ਆਪ ਵੈਦ ਸੀ, ਸ਼ਾਇਦ ਇਸ ਕਰਕੇ ਉਸ ਨੇ ਇਨ੍ਹਾਂ ਗੱਲਾਂ ਵੱਲ ਖ਼ਾਸ ਧਿਆਨ ਦਿੱਤਾ।—ਲੂਕਾ 10:30-37.

ਕੈਦੀ ਪੌਲੁਸ ਦੀ ਦੇਖ-ਭਾਲ

ਲੂਕਾ ਨੂੰ ਪੌਲੁਸ ਰਸੂਲ ਦਾ ਬਹੁਤ ਫ਼ਿਕਰ ਸੀ। ਕੈਸਰਿਯਾ ਵਿਚ ਕੈਦ ਪੌਲੁਸ ਬਾਰੇ ਰੋਮੀ ਹਾਕਮ ਫ਼ੇਲਿਕਸ ਨੇ ਸੂਬੇਦਾਰ ਨੂੰ ਹੁਕਮ ਦਿੱਤਾ: “ਉਸ ਦੇ ਆਪਣਿਆਂ ਵਿੱਚੋਂ ਕਿਸੇ ਨੂੰ ਉਹ ਦੀ ਟਹਿਲ ਕਰਨ ਤੋਂ ਨਾ ਰੋਕ।” (ਰਸੂਲਾਂ ਦੇ ਕਰਤੱਬ 24:23) ਜ਼ਾਹਰ ਹੈ ਕਿ ਪੌਲੁਸ ਦੇ ਆਪਣਿਆਂ ਵਿਚ ਲੂਕਾ ਵੀ ਸੀ ਜਿਸ ਨੇ ਪੌਲੁਸ ਦੀ ਸੇਵਾ-ਟਹਿਲ ਕੀਤੀ। ਪੌਲੁਸ ਦੀ ਸਿਹਤ ਅਕਸਰ ਖ਼ਰਾਬ ਰਹਿੰਦੀ ਸੀ, ਇਸ ਲਈ “ਪਿਆਰਾ ਵੈਦ” ਲੂਕਾ ਸ਼ਾਇਦ ਉਸ ਦੀ ਸਿਹਤ ਦਾ ਵੀ ਖ਼ਿਆਲ ਰੱਖਦਾ ਸੀ।—ਕੁਲੁੱਸੀਆਂ 4:14; ਗਲਾਤੀਆਂ 4:13.

ਜਦੋਂ ਪੌਲੁਸ ਨੇ ਇਨਸਾਫ਼ ਲਈ ਕੈਸਰ ਨੂੰ ਅਪੀਲ ਕੀਤੀ, ਤਾਂ ਰੋਮੀ ਹਾਕਮ ਫ਼ੇਸਤੁਸ ਨੇ ਉਸ ਨੂੰ ਰੋਮ ਘੱਲ ਦਿੱਤਾ। ਇਤਾਲਿਯਾ (ਇਟਲੀ) ਤਕ ਦੇ ਇਸ ਲੰਬੇ ਸਮੁੰਦਰੀ ਸਫ਼ਰ ਵਿਚ ਲੂਕਾ ਨੇ ਆਪਣੇ ਦੋਸਤ ਪੌਲੁਸ ਦਾ ਸਾਥ ਦਿੱਤਾ। ਲੂਕਾ ਨੇ ਲਿਖਿਆ ਕਿ ਸਫ਼ਰ ਦੌਰਾਨ ਕਈ ਦਿਨ ਹਨੇਰੀ ਵਗਣ ਕਰਕੇ ਜਹਾਜ਼ ਚਟਾਨਾਂ ਨਾਲ ਟਕਰਾ ਕੇ ਚਕਨਾਚੂਰ ਹੋ ਗਿਆ, ਪਰ ਸਾਰੇ ਮੁਸਾਫ਼ਰ ਬਚ ਗਏ ਸਨ। (ਰਸੂਲਾਂ ਦੇ ਕਰਤੱਬ 24:27; 25:9-12; 27:1, 9-44) ਜਦ ਪੌਲੁਸ ਰੋਮ ਵਿਚ ਦੋ ਸਾਲ ਕੈਦ ਵਿਚ ਰਿਹਾ, ਤਾਂ ਉਸ ਨੇ ਬਾਈਬਲ ਦੀਆਂ ਕਈ ਚਿੱਠੀਆਂ ਲਿਖੀਆਂ ਤੇ ਦੋ ਚਿੱਠੀਆਂ ਵਿਚ ਲੂਕਾ ਦਾ ਜ਼ਿਕਰ ਕੀਤਾ। (ਰਸੂਲਾਂ ਦੇ ਕਰਤੱਬ 28:30; ਕੁਲੁੱਸੀਆਂ 4:14; ਫਿਲੇਮੋਨ 24) ਲੂਕਾ ਨੇ ਰਸੂਲਾਂ ਦੇ ਕਰਤੱਬ ਦੀ ਪੋਥੀ ਇਨ੍ਹਾਂ ਦੋ ਸਾਲਾਂ ਦੌਰਾਨ ਲਿਖੀ ਹੋਣੀ।

ਕੈਦ ਦੌਰਾਨ ਪੌਲੁਸ ਦੀ ਰਿਹਾਇਸ਼ ਵਿਚ ਕਾਫ਼ੀ ਰੌਣਕ ਲੱਗੀ ਰਹਿੰਦੀ ਹੋਣੀ। ਕੋਈ ਸ਼ੱਕ ਨਹੀਂ ਕਿ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਦਿੱਤੀ। ਉੱਥੇ ਹੋਣ ਕਰਕੇ ਲੂਕਾ ਨੂੰ ਵੀ ਪੌਲੁਸ ਦੇ ਹੋਰ ਸਾਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚੋਂ ਕੁਝ ਸਨ ਤੁਖਿਕੁਸ, ਅਰਿਸਤਰਖੁਸ, ਮਰਕੁਸ, ਯੂਸਤੁਸ, ਇਪਫ੍ਰਾਸ ਤੇ ਉਨੇਸਿਮੁਸ।—ਕੁਲੁੱਸੀਆਂ 4:7-14.

ਜਦੋਂ ਪੌਲੁਸ ਦੂਜੀ ਵਾਰ ਕੈਦ ਹੋਇਆ, ਤਾਂ ਉਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ। ਉਸ ਦੇ ਸਾਰੇ ਸਾਥੀ ਉਸ ਨੂੰ ਛੱਡ ਕੇ ਚਲੇ ਗਏ ਸਨ, ਪਰ ਬਹਾਦਰ ਤੇ ਵਫ਼ਾਦਾਰ ਲੂਕਾ ਉਸ ਨੂੰ ਨਹੀਂ ਛੱਡ ਕੇ ਗਿਆ ਭਾਵੇਂ ਕਿ ਪੌਲੁਸ ਦੇ ਨਾਲ ਹੋਣ ਕਰਕੇ ਉਸ ਨੂੰ ਵੀ ਫੜਿਆ ਜਾ ਸਕਦਾ ਸੀ। ਸ਼ਾਇਦ ਪੌਲੁਸ ਦੇ ਸੈਕਟਰੀ ਦੇ ਤੌਰ ਤੇ ਲੂਕਾ ਨੇ ਆਪ ਪੌਲੁਸ ਦੇ ਇਹ ਸ਼ਬਦ ਲਿਖੇ: “ਇਕੱਲਾ ਲੂਕਾ ਹੀ ਮੇਰੇ ਕੋਲ ਹੈ।” ਮੰਨਿਆ ਜਾਂਦਾ ਹੈ ਕਿ ਇਸ ਤੋਂ ਜਲਦ ਬਾਅਦ ਪੌਲੁਸ ਦਾ ਸਿਰ ਵੱਢ ਦਿੱਤਾ ਗਿਆ ਸੀ।—2 ਤਿਮੋਥਿਉਸ 4:6-8, 11, 16.

ਲੂਕਾ ਵਿਚ ਹਲੀਮੀ ਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਸੀ। ਉਸ ਨੇ ਕਦੇ ਆਪਣੀ ਵਿੱਦਿਆ ਦਾ ਢੰਡੋਰਾ ਨਹੀਂ ਪਿੱਟਿਆ, ਨਾ ਹੀ ਉਹ ਦੂਜਿਆਂ ਦੀਆਂ ਸਿਫ਼ਤਾਂ ਦਾ ਭੁੱਖਾ ਸੀ। ਹਾਂ, ਵੈਦ ਹੋਣ ਕਰਕੇ ਉਹ ਆਪਣੇ ਲਈ ਕਾਫ਼ੀ ਧਨ-ਦੌਲਤ ਕਮਾ ਸਕਦਾ ਸੀ, ਪਰ ਉਸ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੱਤੀ। ਲੂਕਾ ਸਾਡੇ ਲਈ ਵਧੀਆ ਮਿਸਾਲ ਹੈ, ਇਸ ਲਈ ਆਓ ਅਸੀਂ ਉਸ ਵਾਂਗ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਸੁਣਾਈਏ ਤੇ ਨਿਮਰ ਹੋ ਕੇ ਮਹਾਨ ਪਾਤਸ਼ਾਹ ਯਹੋਵਾਹ ਦੀ ਸੇਵਾ ਕਰੀਏ।—ਲੂਕਾ 12:31.

[ਸਫ਼ਾ 19 ਉੱਤੇ ਡੱਬੀ]

ਥਿਉਫ਼ਿਲੁਸ ਕੌਣ ਸੀ?

ਲੂਕਾ ਨੇ ਇੰਜੀਲ ਤੇ ਰਸੂਲਾਂ ਦੇ ਕਰਤੱਬ ਦੋਵੇਂ ਥਿਉਫ਼ਿਲੁਸ ਨਾਂ ਦੇ ਬੰਦੇ ਲਈ ਲਿਖੀਆਂ ਸਨ। ਲੂਕਾ ਦੀ ਇੰਜੀਲ ਵਿਚ ਇਸ ਆਦਮੀ ਨੂੰ “ਹੇ ਸਰਬ ਉਪਮਾ ਜੋਗ ਥਿਉਫ਼ਿਲੁਸ” ਕਿਹਾ ਗਿਆ ਹੈ। (ਲੂਕਾ 1:3) ਰੋਮੀ ਸਰਕਾਰ ਦੇ ਵੱਡੇ-ਵੱਡੇ ਅਫ਼ਸਰਾਂ ਤੇ ਅਮੀਰ ਅਤੇ ਪ੍ਰਸਿੱਧ ਹਸਤੀਆਂ ਨੂੰ ਮਾਣ ਨਾਲ “ਸਰਬ ਉਪਮਾ ਜੋਗ” ਜਾਂ “ਬਹਾਦੁਰ” ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। ਯਹੂਦਿਯਾ ਦੇ ਰੋਮੀ ਹਾਕਮ ਫ਼ੇਲਿਕਸ ਨੂੰ ਪੌਲੁਸ ਰਸੂਲ ਨੇ ਇਸੇ ਤਰ੍ਹਾਂ ਸੰਬੋਧਿਤ ਕੀਤਾ ਸੀ।—ਰਸੂਲਾਂ ਦੇ ਕਰਤੱਬ 26:25.

ਲੱਗਦਾ ਹੈ ਕਿ ਥਿਉਫ਼ਿਲੁਸ ਨੇ ਯਿਸੂ ਬਾਰੇ ਸੁਣਿਆ ਸੀ ਤੇ ਹੋਰ ਜਾਣਨਾ ਚਾਹੁੰਦਾ ਸੀ। ਲੂਕਾ ਨੇ ਇਸ ਤਰੀਕੇ ਨਾਲ ਇੰਜੀਲ ਤਿਆਰ ਕੀਤੀ ਤਾਂ ਜੋ ਥਿਉਫ਼ਿਲੁਸ ‘ਉਨ੍ਹਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇ ਜਿਨ੍ਹਾਂ ਦੀ ਉਸ ਨੇ ਸਿੱਖਿਆ ਪਾਈ ਸੀ।’—ਲੂਕਾ 1:4.

ਯੂਨਾਨੀ ਵਿਦਵਾਨ ਰਿਚਰਡ ਲੈਂਸਕੀ ਦੇ ਮੁਤਾਬਕ ਉਦੋਂ ਥਿਉਫ਼ਿਲੁਸ ਮਸੀਹੀ ਨਹੀਂ ਸੀ ਜਿਸ ਵੇਲੇ ਲੂਕਾ ਨੇ ਉਸ ਨੂੰ “ਸਰਬ ਉਪਮਾ ਜੋਗ” ਕਹਿ ਕੇ ਮਾਣ ਦਿੱਤਾ ਕਿਉਂਕਿ “ਸਾਰੇ ਮਸੀਹੀ ਸਾਹਿੱਤ ਵਿਚ . . . ਮਸੀਹੀ ਕਦੇ ਇਕ-ਦੂਜੇ ਲਈ ਇਹੋ ਜਿਹੇ ਸ਼ਾਹੀ ਜਾਂ ਵੱਡੇ-ਵੱਡੇ ਖ਼ਿਤਾਬ ਨਹੀਂ ਵਰਤਦੇ ਸਨ।” ਬਾਅਦ ਵਿਚ ਰਸੂਲਾਂ ਦੇ ਕਰਤੱਬ ਲਿਖਣ ਵੇਲੇ ਲੂਕਾ ਨੇ ਥਿਉਫ਼ਿਲੁਸ ਲਈ ਖ਼ਿਤਾਬ “ਸਰਬ ਉਪਮਾ ਜੋਗ” ਨਹੀਂ ਵਰਤਿਆ, ਬਲਕਿ ਉਸ ਨੂੰ ਸਿਰਫ਼ “ਹੇ ਥਿਉਫ਼ਿਲੁਸ” ਕਿਹਾ। (ਰਸੂਲਾਂ ਦੇ ਕਰਤੱਬ 1:1) ਲੈਂਸਕੀ ਨੇ ਇਸ ਤੋਂ ਇਹ ਸਿੱਟਾ ਕੱਢਿਆ: “ਜਦੋਂ ਲੂਕਾ ਨੇ ਥਿਉਫ਼ਿਲੁਸ ਲਈ ਇੰਜੀਲ ਲਿਖੀ ਸੀ, ਉਦੋਂ ਥਿਉਫ਼ਿਲੁਸ ਮਸੀਹੀ ਨਹੀਂ ਸੀ, ਪਰ ਮਸੀਹੀਅਤ ਬਾਰੇ ਜਾਣਨ ਲਈ ਬੜਾ ਉਤਸੁਕ ਸੀ। ਪਰ ਜਦੋਂ ਲੂਕਾ ਨੇ ਥਿਉਫ਼ਿਲੁਸ ਨੂੰ ਰਸੂਲਾਂ ਦੇ ਕਰਤੱਬ ਪੋਥੀ ਭੇਜੀ, ਤਾਂ ਉਹ ਮਸੀਹੀ ਬਣ ਚੁੱਕਾ ਸੀ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ