ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਯਿਸੂ ਨੂੰ ਜੋਤਸ਼ੀ ਕਦੋਂ ਮਿਲਣ ਆਏ ਸਨ?
ਇਕ ਬਾਈਬਲ ਅਨੁਵਾਦ ਨੇ ਟਿੱਪਣੀ ਕੀਤੀ: ‘ਜੋਤਸ਼ੀ ਅਯਾਲੀਆਂ ਦੇ ਵਾਂਙੁ, ਯਿਸੂ ਦੇ ਜਨਮ ਦੀ ਰਾਤ ਉਸ ਨੂੰ ਖੁਰਲੀ ਵਿਚ ਦੇਖਣ ਨਹੀਂ ਗਏ ਸਨ। ਸਗੋਂ ਉਹ ਉਸ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਉਸ ਨੂੰ ਦੇਖਣ ਗਏ ਸਨ।’ ਉਸ ਸਮੇਂ ਤਕ ਯਿਸੂ ਦੀ ਉਮਰ ਇਕ-ਦੋ ਸਾਲ ਦੇ ਵਿਚਕਾਰ ਸੀ ਤੇ ਜੋਤਸ਼ੀ ਯਿਸੂ ਨੂੰ ਉਸ ਦੇ “ਘਰ” ਮਿਲਣ ਗਏ ਸਨ। (ਮੱਤੀ 2:7-11) ਜੇ ਜੋਤਸ਼ੀਆਂ ਨੇ ਯਿਸੂ ਦੇ ਜਨਮ ਦੀ ਰਾਤ ਉਸ ਲਈ ਸੋਨਾ ਤੇ ਕੀਮਤੀ ਤੋਹਫ਼ੇ ਲਿਆਂਦੇ ਸਨ, ਤਾਂ ਮਰਿਯਮ ਨੇ 40 ਦਿਨਾਂ ਬਾਅਦ ਪਰਮੇਸ਼ੁਰ ਦੀ ਹੈਕਲ ਵਿਚ ਲੇਲੇ ਦੀ ਭੇਟ ਕਿਉਂ ਨਹੀਂ ਚੜ੍ਹਾਈ?—1/1, ਸਫ਼ਾ 31.
• ਜ਼ਿੰਦਗੀ ਨੂੰ ਸੁਆਰਨ ਲਈ ਤੁਸੀਂ ਕੀ ਕਰ ਸਕਦੇ ਹੋ?
ਸ਼ਾਇਦ ਕਈ ਪੁੱਛਣ, ‘ਕੀ ਮੈਂ ਆਪਣੀ ਜ਼ਿੰਦਗੀ ਸਾਦੀ ਰੱਖ ਸਕਦਾ ਹਾਂ?’ ਏਮੀ ਨੇ ਇੱਦਾਂ ਹੀ ਕੀਤਾ ਸੀ। ਉਸ ਨੂੰ ਪੈਸਿਆਂ ਦੀ ਕੋਈ ਘਾਟ ਨਹੀਂ ਸੀ, ਪਰ ਫਿਰ ਵੀ ਉਸ ਦੀ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਨਹੀਂ ਸੀ। ਉਸ ਨੂੰ ਅਹਿਸਾਸ ਹੋਇਆ ਕਿ ਪੈਸਿਆਂ ਪਿੱਛੇ ਭੱਜਣ ਕਰਕੇ ਉਹ ਨਿਹਚਾ ਦੇ ਰਾਹੋਂ ਦੂਰ ਹੋ ਗਈ ਸੀ। ਉਸ ਨੇ ਆਪਣੀ ਜ਼ਿੰਦਗੀ ਨੂੰ ਸਾਦੀ ਕੀਤਾ ਤੇ ਅਕਲ ਤੋਂ ਕੰਮ ਲੈ ਕੇ ਉਸ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਲਈ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਏਮੀ ਨੇ ਕਿਹਾ, “ਪਾਇਨੀਅਰੀ ਕਰਦਿਆਂ ਜਿੰਨੀ ਖ਼ੁਸ਼ੀ ਮੈਂ ਮਾਣੀ ਹੈ, ਉੱਨੀ ਮੈਂ ਆਪਣਾ ਤਕਰੀਬਨ ਸਾਰਾ ਸਮਾਂ ਦੁਨੀਆਂ ਵਾਸਤੇ ਕੰਮ ਕਰਦਿਆਂ ਕਦੇ ਨਹੀਂ ਮਾਣੀ।”—1/15, ਸਫ਼ਾ 19.
• ਮਾਵਾਂ ਜ਼ਿੰਦਗੀ ਵਿਚ ਸੁਖ ਪਾਉਣ ਲਈ ਕੀ ਕਰ ਸਕਦੀਆਂ ਹਨ?
ਕਈ ਮਾਵਾਂ ਇਸ ਲਈ ਨੌਕਰੀ ਕਰਨ ਦਾ ਫ਼ੈਸਲਾ ਕਰਦੀਆਂ ਹਨ ਕਿਉਂਕਿ ਮਹਿੰਗਾਈ ਦੇ ਜ਼ਮਾਨੇ ਵਿਚ ਇਕ ਜਣੇ ਦੀ ਆਮਦਨੀ ਵਿਚ ਗੁਜ਼ਾਰਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਕਈ ਇਸ ਲਈ ਕੰਮ ਕਰਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਜੇਬ-ਖ਼ਰਚ ਲਈ ਆਪਣੇ ਪਤੀ ਅੱਗੇ ਹੱਥ ਨਾ ਅੱਡਣੇ ਪੈਣ ਜਾਂ ਉਹ ਆਪਣੇ ਪਸੰਦ ਦੀਆਂ ਚੀਜ਼ਾਂ ਖ਼ਰੀਦ ਸਕਣ। ਕਈ ਮਾਵਾਂ ਇਸ ਲਈ ਵੀ ਕੰਮ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਕੰਮ ਕਰ ਕੇ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ। ਪਰ ਮਸੀਹੀ ਮਾਵਾਂ ਜਾਣਦੀਆਂ ਹਨ ਕਿ ਬੱਚਿਆਂ ਦੀ ਪਰਵਰਿਸ਼ ਵਿਚ ਉਨ੍ਹਾਂ ਦਾ ਵੀ ਵੱਡਾ ਹੱਥ ਹੈ, ਖ਼ਾਸਕਰ ਜਦੋਂ ਬੱਚੇ ਅਜੇ ਛੋਟੇ ਹੁੰਦੇ ਹਨ। ਕਈਆਂ ਨੇ ਪਾਰਟ-ਟਾਈਮ ਨੌਕਰੀ ਕੀਤੀ ਹੈ ਜਾਂ ਕੰਮ ਨਾ ਕਰਨ ਦੀ ਚੋਣ ਕੀਤੀ ਹੈ ਤਾਂਕਿ ਉਹ ਆਪਣੇ ਪਰਿਵਾਰ ਦੀ ਦੇਖ-ਰੇਖ ਕਰਨ ਲਈ ਜ਼ਿਆਦਾ ਸਮਾਂ ਕੱਢ ਸਕਣ। ਇੱਦਾਂ ਕਰਨ ਨਾਲ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਿਲੀ ਹੈ।—2/1, ਸਫ਼ੇ 28-31.
• ਯਿਸੂ ਨੇ ਮੱਤੀ 24:34 ਵਿਚ ਕਿਸ ‘ਪੀਹੜੀ’ ਦਾ ਜ਼ਿਕਰ ਕੀਤਾ ਸੀ?
ਇਹ ਸੱਚ ਹੈ ਕਿ ਆਮ ਤੌਰ ਤੇ ਜਦ ਯਿਸੂ ‘ਬੁਰੀ ਪੀੜ੍ਹੀ’ ਬਾਰੇ ਗੱਲ ਕਰਦਾ ਸੀ, ਤਾਂ ਉਹ ਆਪਣੇ ਜ਼ਮਾਨੇ ਦੇ ਬੁਰੇ ਲੋਕਾਂ ਦੀ ਗੱਲ ਕਰ ਰਿਹਾ ਹੁੰਦਾ ਸੀ। ਪਰ ਇੱਥੇ ਯਿਸੂ ਆਪਣੇ ਚੇਲਿਆਂ ਨਾਲ ਗੱਲ ਰਿਹਾ ਸੀ ਜੋ ਕਿ ਜਲਦ ਹੀ ਪਵਿੱਤਰ ਆਤਮਾ ਨਾਲ ਮਸਹ ਕੀਤੇ ਜਾਣੇ ਸਨ। ਮੱਤੀ 24:32, 33 ਵਿਚ ਦਰਜ ਸ਼ਬਦਾਂ ਦਾ ਅਸਲੀ ਅਰਥ ਸਿਰਫ਼ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਹੀ ਸਮਝ ਸਕਦੇ ਸਨ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਇੱਥੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਦੀ ਗੱਲ ਕਰ ਰਿਹਾ ਸੀ, ਉਹ ਜੋ ਪਹਿਲੀ ਸਦੀ ਵਿਚ ਰਹਿੰਦੇ ਸਨ ਤੇ ਜੋ ਸਾਡੇ ਜ਼ਮਾਨੇ ਵਿਚ ਰਹਿੰਦੇ ਹਨ।—2/15, ਸਫ਼ੇ 23-4.
• ਯਾਕੂਬ 3:17 ਦੇ ਮੁਤਾਬਕ ਸਾਨੂੰ ਆਪਣੇ ਵਿਚ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ?
ਪਹਿਲਾ ਗੁਣ ਪਵਿੱਤਰ ਹੋਣਾ ਹੈ, ਜਿਸ ਦਾ ਮਤਲਬ ਹੈ ਕਿ ਸਾਨੂੰ ਬੁਰੀਆਂ ਚੀਜ਼ਾਂ ਦੇ ਲਾਗੇ ਵੀ ਨਹੀਂ ਜਾਣਾ ਚਾਹੀਦਾ। (ਉਤ. 39:7-9) ਸਾਨੂੰ ਮਿਲਣਸਾਰ ਬਣਨਾ ਚਾਹੀਦਾ ਹੈ ਯਾਨੀ ਸਾਨੂੰ ਝਗੜਾਲੂ ਰਵੱਈਆ ਛੱਡ ਦੇਣਾ ਚਾਹੀਦਾ ਅਤੇ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ। ਸਾਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਮੇਲ ਕਰਨ ਵਾਲਿਆਂ ਵਜੋਂ ਜਾਂ ਸ਼ਾਂਤੀ ਭੰਗ ਕਰਨ ਵਾਲਿਆਂ ਵਜੋਂ ਜਾਣਿਆ ਜਾਂਦਾ ਹਾਂ? ਕੀ ਮੈਂ ਦੂਜਿਆਂ ਨਾਲ ਝੱਟ ਬਹਿਸ ਕਰਨ ਲੱਗ ਪੈਂਦਾ ਹਾਂ ਤੇ ਮਾੜੀ-ਮਾੜੀ ਗੱਲ ਤੇ ਮੂੰਹ ਫੁਲਾ ਕੇ ਬਹਿ ਜਾਂਦਾ ਹਾਂ? ਕੀ ਮੈਂ ਦੂਜਿਆਂ ਦੀਆਂ ਗ਼ਲਤੀਆਂ ਛੇਤੀ ਮਾਫ਼ ਕਰ ਦਿੰਦਾ ਹਾਂ ਜਾਂ ਕੀ ਮੈਂ ਆਪਣੀ ਮਨ-ਮਰਜ਼ੀ ਪੁਗਵਾਉਣ ਦੀ ਕੋਸ਼ਿਸ਼ ਕਰਦਾ ਹਾਂ?’—3/15, ਸਫ਼ੇ 24-5.