ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w08 9/15 ਸਫ਼ਾ 29 - ਸਫ਼ਾ 31 ਪੈਰਾ 11
  • ਥੱਸਲੁਨੀਕੀਆਂ ਅਤੇ ਤਿਮੋਥਿਉਸ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਥੱਸਲੁਨੀਕੀਆਂ ਅਤੇ ਤਿਮੋਥਿਉਸ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਜਾਗਦੇ ਰਹੋ’
  • (1 ਥੱਸ. 1:1–5:28)
  • “ਕਾਇਮ ਰਹੋ”
  • (2 ਥੱਸ. 1:1–3:18)
  • “ਅਮਾਨਤ ਦੀ ਰਖਵਾਲੀ ਕਰ”
  • (1 ਤਿਮੋ. 1:1–6:21)
  • “ਬਚਨ ਦਾ ਪਰਚਾਰ ਕਰ”
  • (2 ਤਿਮੋ. 1:1–4:22)
  • ਤਿਮੋਥਿਉਸ—‘ਨਿਹਚਾ ਵਿੱਚ ਇਕ ਸੱਚਾ ਬੱਚਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਅਸੀਂ ਸੱਚਾਈ ਦੇ ਬਚਨ ਨੂੰ ਕਿਵੇਂ ਚੰਗੀ ਤਰ੍ਹਾਂ ਵਰਤ ਸਕਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਤਿਮੋਥਿਉਸ—ਸੇਵਾ ਕਰਨ ਲਈ ਤਿਆਰ-ਬਰ-ਤਿਆਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਦਿਲ ਲਾ ਕੇ ਸੇਵਾ ਕਰ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
w08 9/15 ਸਫ਼ਾ 29 - ਸਫ਼ਾ 31 ਪੈਰਾ 11

ਯਹੋਵਾਹ ਦਾ ਬਚਨ ਜੀਉਂਦਾ ਹੈ

ਥੱਸਲੁਨੀਕੀਆਂ ਅਤੇ ਤਿਮੋਥਿਉਸ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਜਦ ਤੋਂ ਪੌਲੁਸ ਰਸੂਲ ਨੇ ਥੱਸਲੁਨੀਕਾ ਦੇ ਸ਼ਹਿਰ ਜਾ ਕੇ ਨਵੀਂ ਕਲੀਸਿਯਾ ਸ਼ੁਰੂ ਕੀਤੀ ਸੀ, ਉਦੋਂ ਤੋਂ ਭਰਾਵਾਂ ਨੂੰ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ ਸੀ। ਵੀਹਾਂ ਕੁ ਸਾਲਾਂ ਦਾ ਤਿਮੋਥਿਉਸ ਜਦ ਉਸ ਸ਼ਹਿਰ ਤੋਂ ਚੰਗੀ ਰਿਪੋਰਟ ਲੈ ਕੇ ਵਾਪਸ ਆਇਆ, ਤਾਂ ਪੌਲੁਸ ਨੇ ਉੱਥੇ ਦੇ ਭਰਾਵਾਂ ਦਾ ਹੌਸਲਾ ਵਧਾਉਣ ਅਤੇ ਉਨ੍ਹਾਂ ਦੀ ਤਾਰੀਫ਼ ਕਰਨ ਲਈ ਉਨ੍ਹਾਂ ਨੂੰ ਚਿੱਠੀ ਲਿਖੀ। ਬਾਈਬਲ ਵਿਚ ਪੌਲੁਸ ਦੁਆਰਾ ਲਿਖੀਆਂ ਗਈਆਂ ਚਿੱਠੀਆਂ ਵਿੱਚੋਂ ਇਹ ਪਹਿਲੀ ਚਿੱਠੀ ਸੀ ਜੋ ਉਸ ਨੇ ਸ਼ਾਇਦ 50 ਈਸਵੀ ਵਿਚ ਲਿਖੀ ਸੀ। ਕੁਝ ਹੀ ਸਮੇਂ ਬਾਅਦ ਉਸ ਨੇ ਥੱਸਲੁਨੀਕੀਆਂ ਨੂੰ ਦੂਜੀ ਚਿੱਠੀ ਲਿਖੀ ਜਿਸ ਵਿਚ ਉਸ ਨੇ ਕੁਝ ਭਰਾਵਾਂ ਦੀ ਗ਼ਲਤ ਸੋਚਣੀ ਸੁਧਾਰੀ ਅਤੇ ਉਨ੍ਹਾਂ ਨੂੰ ਨਿਹਚਾ ਵਿਚ ਤਕੜੇ ਰਹਿਣ ਲਈ ਕਿਹਾ।

ਦੂਜੀ ਚਿੱਠੀ ਲਿਖਣ ਤੋਂ ਤਕਰੀਬਨ 10 ਸਾਲ ਬਾਅਦ ਜਦ ਪੌਲੁਸ ਮਕਦੂਨਿਯਾ ਵਿਚ ਸੀ ਅਤੇ ਤਿਮੋਥਿਉਸ ਅਫ਼ਸੁਸ ਵਿਚ ਸੀ, ਤਾਂ ਪੌਲੁਸ ਨੇ ਤਿਮੋਥਿਉਸ ਨੂੰ ਲਿਖ ਕੇ ਕਿਹਾ ਕਿ ਉਹ ਅਫ਼ਸੁਸ ਵਿਚ ਹੀ ਰਹੇ। ਕਿਉਂ? ਤਾਂਕਿ ਉਹ ਕਲੀਸਿਯਾ ਵਿਚ ਝੂਠੀ ਸਿੱਖਿਆ ਸਿਖਾਉਣ ਵਾਲਿਆਂ ਦਾ ਡੱਟ ਕੇ ਸਾਮ੍ਹਣਾ ਕਰ ਸਕੇ ਅਤੇ ਭੈਣਾਂ-ਭਰਾਵਾਂ ਦੀ ਸੱਚਾਈ ਵਿਚ ਤਕੜੇ ਰਹਿਣ ਵਿਚ ਮਦਦ ਕਰ ਸਕੇ। 64 ਈਸਵੀ ਵਿਚ ਰੋਮ ਸ਼ਹਿਰ ਅੱਗ ਲੱਗਣ ਕਾਰਨ ਭਸਮ ਹੋ ਗਿਆ। ਇਸ ਦਾ ਇਲਜ਼ਾਮ ਯਿਸੂ ਦੇ ਚੇਲਿਆਂ ਉੱਤੇ ਲਾਇਆ ਗਿਆ ਜਿਸ ਕਰਕੇ ਉਨ੍ਹਾਂ ਨੂੰ ਡਾਢੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਉਸ ਸਮੇਂ ਪੌਲੁਸ ਨੇ ਤਿਮੋਥਿਉਸ ਨੂੰ ਦੂਜੀ ਵਾਰ ਚਿੱਠੀ ਲਿਖੀ ਸੀ ਜੋ ਕਿ ਉਸ ਦੀ ਆਖ਼ਰੀ ਚਿੱਠੀ ਸਾਬਤ ਹੋਈ। ਅੱਜ ਸਾਨੂੰ ਸਾਰਿਆਂ ਨੂੰ ਪੌਲੁਸ ਦੀਆਂ ਇਨ੍ਹਾਂ ਚੌਹਾਂ ਚਿੱਠੀਆਂ ਤੋਂ ਕਾਫ਼ੀ ਹੌਸਲਾ ਮਿਲ ਸਕਦਾ ਅਤੇ ਲਾਭ ਵੀ ਹੋ ਸਕਦਾ ਹੈ।​—ਇਬ. 4:12.

‘ਜਾਗਦੇ ਰਹੋ’

(1 ਥੱਸ. 1:1–5:28)

ਪੌਲੁਸ ਨੇ ਥੱਸਲੁਨੀਕੀਆਂ ਦੇ ‘ਨਿਹਚਾ ਦੇ ਕੰਮ, ਪ੍ਰੇਮ ਦੀ ਮਿਹਨਤ ਅਤੇ ਉਨ੍ਹਾਂ ਦੇ ਧੀਰਜ’ ਦੀ ਸਿਫ਼ਤ ਕੀਤੀ ਸੀ। ਉਸ ਨੇ ਕਿਹਾ ਕਿ ਉਹ ‘ਉਸ ਦੀ ਆਸ ਯਾ ਅਨੰਦ ਯਾ ਅਭਮਾਨ ਦਾ ਮੁਕਟ’ ਸਨ।​—1 ਥੱਸ. 1:3; 2:19.

ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਹ ਇਕ-ਦੂਜੇ ਨੂੰ ਦਿਲਾਸਾ ਦੇਣ ਕਿ ਮੁਰਦੇ ਦੁਬਾਰਾ ਜ਼ਿੰਦਾ ਹੋਣਗੇ। ਫਿਰ ਉਸ ਨੇ ਕਿਹਾ: “ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ।” ਉਸ ਨੇ ਉਨ੍ਹਾਂ ਨੂੰ ‘ਜਾਗਦੇ ਅਤੇ ਸੁਚੇਤ ਰਹਿਣ’ ਲਈ ਵੀ ਕਿਹਾ।​—1 ਥੱਸ. 4:16-18; 5:2, 6.

ਕੁਝ ਸਵਾਲਾਂ ਦੇ ਜਵਾਬ:

4:15-17​—ਉਹ ਕੌਣ ਹਨ ਜੋ “ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਣਕ ਉਠਾਏ” ਜਾਂਦੇ ਹਨ ਅਤੇ ਇਹ ਕਿਵੇਂ ਹੁੰਦਾ ਹੈ? ਇਹ 1914 ਤੋਂ ਬਾਅਦ ਧਰਤੀ ਉੱਤੇ ਰਹਿਣ ਵਾਲੇ ਮਸਹ ਕੀਤੇ ਹੋਏ ਮਸੀਹੀ ਹਨ। ਆਪਣੀ ਮੌਤ ਤੋਂ ਬਾਅਦ ਉਹ ਸਵਰਗ ਨੂੰ ਜਾਂਦੇ ਹਨ ਜਿੱਥੇ ਉਹ ‘ਪ੍ਰਭੂ ਯਿਸੂ ਨੂੰ ਮਿਲਦੇ’ ਹਨ। (ਰੋਮੀ. 6:3-5; 1 ਕੁਰਿੰ. 15:35, 44) 1914 ਵਿਚ ਯਿਸੂ ਰਾਜਾ ਬਣ ਗਿਆ ਸੀ। ਉਸ ਸਮੇਂ ਤੋਂ ਜਿਹੜੇ ਵੀ ਮਸਹ ਕੀਤੇ ਹੋਏ ਮਸੀਹੀ ਮਰ ਜਾਂਦੇ ਹਨ ਉਹ “ਅਚਾਣਕ ਉਠਾਏ” ਜਾਂਦੇ ਹਨ।​—1 ਕੁਰਿੰ. 15:51, 52.

5:23​—ਪੌਲੁਸ ਦੀ ਦੁਆ ਦਾ ਕੀ ਮਤਲਬ ਸੀ ਕਿ ‘ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਬਚਿਆ ਰਹੇ’? ਪੌਲੁਸ ਥੱਸਲੁਨੀਕਾ ਵਿਚ ਸਾਰੇ ਮਸਹ ਕੀਤੇ ਹੋਏ ਭੈਣ-ਭਰਾਵਾਂ ਦੀ ਬਣੀ ਹੋਈ ਕਲੀਸਿਯਾ ਦੀ ਗੱਲ ਕਰ ਰਿਹਾ ਸੀ। ਕਲੀਸਿਯਾ ਦੇ ਬਚਾਅ ਦੀ ਗੱਲ ਕਰਨ ਦੀ ਬਜਾਇ ਪੌਲੁਸ ਨੇ ਉਸ ਦੀ “ਆਤਮਾ” ਯਾਨੀ ਉਸ ਦੀ ਮਨੋਬਿਰਤੀ ਦੇ ਬਚਾਏ ਜਾਣ ਦੀ ਗੱਲ ਕੀਤੀ ਸੀ। ਉਸ ਨੇ ਕਲੀਸਿਯਾ ਦੇ “ਜੀਵ” ਦੀ ਵੀ ਗੱਲ ਕੀਤੀ ਤਾਂਕਿ ਕਲੀਸਿਯਾ ਆਬਾਦ ਰਹੇ। “ਸਰੀਰ” ਸਾਰੇ ਮਸਹ ਕੀਤੇ ਹੋਇਆਂ ਦੇ ਸਮੂਹ ਨੂੰ ਦਰਸਾਉਂਦਾ ਸੀ। (1 ਕੁਰਿੰ. 12:12, 13) ਇਸ ਦੁਆ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੂੰ ਇਸ ਕਲੀਸਿਯਾ ਦੀ ਕਿੰਨੀ ਚਿੰਤਾ ਸੀ।

ਸਾਡੇ ਲਈ ਸਬਕ:

1:3, 7; 2:13; 4:1-12; 5:15. ਤਾੜਨਾ ਦੇਣ ਸਮੇਂ ਸਾਨੂੰ ਸਿਫ਼ਤ ਵੀ ਕਰਨੀ ਚਾਹੀਦੀ ਹੈ।

4:1, 9, 10. ਯਹੋਵਾਹ ਦੇ ਸੇਵਕਾਂ ਨੂੰ ਸੱਚਾਈ ਵਿਚ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ।

5:1-3, 8, 20, 21. ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਸਾਨੂੰ “ਨਿਹਚਾ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ ਸੁਚੇਤ” ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ।

“ਕਾਇਮ ਰਹੋ”

(2 ਥੱਸ. 1:1–3:18)

ਪੌਲੁਸ ਦੀ ਪਹਿਲੀ ਚਿੱਠੀ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਕੁਝ ਭੈਣ-ਭਰਾ ਕਹਿਣ ਲੱਗੇ ਕਿ ਯਿਸੂ ਮਸੀਹ ਰਾਜੇ ਵਜੋਂ ਆ ਚੁੱਕਾ ਸੀ। ਉਨ੍ਹਾਂ ਦੀ ਸੋਚਣੀ ਸੁਧਾਰਨ ਲਈ ਪੌਲੁਸ ਨੇ ਸਮਝਾਇਆ ਕਿ ਯਿਸੂ ਦੇ ਆਉਣ ਤੋਂ “ਪਹਿਲਾਂ” ਕੀ ਹੋਣਾ ਜ਼ਰੂਰੀ ਸੀ।​—2 ਥੱਸ. 2:1-3.

ਪੌਲੁਸ ਨੇ ਤਾਕੀਦ ਕੀਤੀ: “ਕਾਇਮ ਰਹੋ ਅਤੇ ਉਨ੍ਹਾਂ ਰਵਾਇਤਾਂ ਨੂੰ ਜਿਹੜੀਆਂ ਤੁਸਾਂ . . . ਸਿੱਖੀਆਂ ਫੜੀ ਰੱਖੋ।” ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ‘ਹਰ ਇੱਕ ਭਰਾ ਤੋਂ ਜੋ ਕਸੂਤਾ ਚੱਲਦਾ ਹੈ ਨਿਆਰੇ ਰਹਿਣ।’​—2 ਥੱਸ. 2:15; 3:6.

ਕੁਝ ਸਵਾਲਾਂ ਦੇ ਜਵਾਬ:

2:3, 8​—“ਕੁਧਰਮ ਦਾ ਪੁਰਖ” ਕੌਣ ਹੈ ਅਤੇ ਉਸ ਦਾ ਨਾਮੋ-ਨਿਸ਼ਾਨ ਕਿਵੇਂ ਮਿਟਾਇਆ ਜਾਵੇਗਾ? “ਕੁਧਰਮ ਦਾ ਪੁਰਖ” ਈਸਾਈਆਂ ਦੇ ਪਾਦਰੀਆਂ ਨੂੰ ਦਰਸਾਉਂਦਾ ਹੈ। ਯਹੋਵਾਹ ਨੇ ਮੁੱਖ ਤੌਰ ਤੇ ਯਿਸੂ ਰਾਹੀਂ ਇਨਸਾਨਾਂ ਨਾਲ ਗੱਲ ਕੀਤੀ ਹੈ। “ਸ਼ਬਦ” ਹੋਣ ਦੇ ਨਾਤੇ ਸਿਰਫ਼ ਉਸ ਨੂੰ ਹੀ ਦੁਸ਼ਟ ਲੋਕਾਂ ਨੂੰ ਸਜ਼ਾ ਸੁਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ। (ਯੂਹੰ. 1:1) ਇਸ ਲਈ ਕਿਹਾ ਜਾ ਸਕਦਾ ਹੈ ਕਿ ਯਿਸੂ ਆਪਣੇ “ਮੁਖ ਦੇ ਸਾਹ ਨਾਲ” ਕੁਧਰਮ ਦੇ ਪੁਰਖ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।

2:13, 14​—ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਆਦ ਤੋਂ ਹੀ ਮੁਕਤੀ ਲਈ ਕਿਵੇਂ ਚੁਣਿਆ ਗਿਆ’ ਸੀ? ਮਸਹ ਕੀਤੇ ਹੋਇਆਂ ਦਾ ਸਮੂਹ ਉਦੋਂ ਚੁਣਿਆ ਗਿਆ ਸੀ ਜਦੋਂ ਯਹੋਵਾਹ ਨੇ ਠਾਣਿਆ ਕਿ ਤੀਵੀਂ ਦੀ ਸੰਤਾਨ ਸ਼ਤਾਨ ਦੇ ਸਿਰ ਨੂੰ ਫੇਵੇਗੀ। (ਉਤ. 3:15) ਯਹੋਵਾਹ ਨੇ ਇਹ ਵੀ ਦੱਸਿਆ ਸੀ ਕਿ ਉਹ ਮਸਹ ਕੀਤੇ ਹੋਇਆਂ ਤੋਂ ਕੀ ਚਾਹੁੰਦਾ ਸੀ, ਉਹ ਕਿਹੜਾ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਕਿਵੇਂ ਪਰਖਿਆ ਜਾਵੇਗਾ। ਇਸ ਲਈ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਨੂੰ ਮੁਕਤੀ ਲਈ ਚੁਣਿਆ ਸੀ।

ਸਾਡੇ ਲਈ ਸਬਕ:

1:6-9. ਯਹੋਵਾਹ ਸਿਰਫ਼ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਜੋ ਸਜ਼ਾ ਦੇ ਲਾਇਕ ਹਨ।

3:8-12. ਸਾਨੂੰ ਇਹ ਬਹਾਨਾ ਨਹੀਂ ਬਣਾਉਣਾ ਚਾਹੀਦਾ ਕਿ ਯਹੋਵਾਹ ਦਾ ਦਿਨ ਨੇੜੇ ਹੋਣ ਕਰਕੇ ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ। ਪਰ ਲੋੜ ਹੈ ਕਿਉਂਕਿ ਆਪਣੀ ਰੋਜ਼ੀ-ਰੋਟੀ ਲਈ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਕੁਝ ਪੈਸਾ-ਧੇਲਾ ਤਾਂ ਹੱਥ ਹੋਣਾ ਹੀ ਚਾਹੀਦਾ ਹੈ। ਜੇ ਅਸੀਂ ਮਿਹਨਤ ਨਾ ਕਰੀਏ, ਤਾਂ ਅਸੀਂ “ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ” ਵਾਲੇ ਬਣ ਸਕਦੇ ਹਾਂ।​—1 ਪਤ. 4:15.

“ਅਮਾਨਤ ਦੀ ਰਖਵਾਲੀ ਕਰ”

(1 ਤਿਮੋ. 1:1–6:21)

ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਕਿ “ਅੱਛੀ ਲੜਾਈ ਲੜੀਂ ਅਤੇ ਨਿਹਚਾ ਅਤੇ ਸ਼ੁੱਧ ਅੰਤਹਕਰਨ ਨੂੰ ਤਕੜਿਆਂ ਰੱਖੀਂ।” ਫਿਰ ਉਸ ਨੇ ਦੱਸਿਆ ਕਿ ਉਨ੍ਹਾਂ ਭਰਾਵਾਂ ਵਿਚ ਕੀ ਦੇਖਿਆ ਜਾਣਾ ਚਾਹੀਦਾ ਹੈ ਜੋ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣਗੇ। ਪੌਲੁਸ ਨੇ ਤਿਮੋਥਿਉਸ ਨੂੰ ਝੂਠੀਆਂ ਅਤੇ ਅਪਵਿੱਤਰ “ਕਹਾਣੀਆਂ ਵੱਲੋਂ ਮੂੰਹ ਮੋੜ” ਲੈਣ ਬਾਰੇ ਵੀ ਲਿਖਿਆ।​—1 ਤਿਮੋ. 1:18, 19; 3:1-10, 12, 13; 4:7.

ਪੌਲੁਸ ਨੇ ਲਿਖਿਆ: “ਕਿਸੇ ਬੁੱਢੇ ਨੂੰ ਨਾ ਝਿੜਕੀਂ।” ਉਸ ਨੇ ਅੱਗੇ ਤਿਮੋਥਿਉਸ ਨੂੰ ਕਿਹਾ: “ਉਸ ਅਮਾਨਤ ਦੀ ਰਖਵਾਲੀ ਕਰ ਅਤੇ ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ।”​—1 ਤਿਮੋ. 5:1; 6:20.

ਕੁਝ ਸਵਾਲਾਂ ਦੇ ਜਵਾਬ:

1:18; 4:14​—ਤਿਮੋਥਿਉਸ ਬਾਰੇ ਕਿਹੜੇ “ਅਗੰਮ ਵਾਕ” ਕੀਤੇ ਗਏ ਸਨ? ਹੋ ਸਕਦਾ ਹੈ ਕਿ ਜਦ ਪੌਲੁਸ ਆਪਣੇ ਦੂਸਰੇ ਮਿਸ਼ਨਰੀ ਦੌਰੇ ਦੌਰਾਨ ਲੁਸਤ੍ਰਾ ਗਿਆ ਸੀ, ਤਾਂ ਤਿਮੋਥਿਉਸ ਬਾਰੇ ਅਗੰਮ ਵਾਕ ਕੀਤੇ ਗਏ ਸਨ ਕਿ ਉਹ ਕਲੀਸਿਯਾ ਵਿਚ ਕੀ-ਕੀ ਕੰਮ ਕਰ ਪਾਏਗਾ। (ਰਸੂ. 16:1, 2) ਉਨ੍ਹਾਂ “ਅਗੰਮ ਵਾਕਾਂ” ਦੇ ਅਨੁਸਾਰ ਕਲੀਸਿਯਾ ਦੇ ਬਜ਼ੁਰਗਾਂ ਨੇ ਤਿਮੋਥਿਉਸ ਉੱਤੇ ‘ਹੱਥ ਰੱਖੇ’ ਯਾਨੀ ਉਸ ਨੂੰ ਖ਼ਾਸ ਸੇਵਾ ਕਰਨ ਲਈ ਚੁਣਿਆ।

2:15​—ਇਕ ਤੀਵੀਂ “ਬਾਲ ਜਣਨ ਦੇ ਵਸੀਲੇ ਨਾਲ” ਕਿਵੇਂ ਬਚਾਈ ਜਾਂਦੀ ਹੈ? ਬੱਚੇ ਜਣਨ, ਉਨ੍ਹਾਂ ਦੀ ਦੇਖ-ਰੇਖ ਕਰਨ ਅਤੇ ਘਰ ਦੇ ਕੰਮ ਕਰ ਕੇ ਇਕ ਤੀਵੀਂ ‘ਆਲਸੀ ਬਣਨ, ਬੁੜ ਬੁੜ ਕਰਨ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀ’ ਬਣਨ ਤੋਂ ਬਚ ਸਕਦੀ ਹੈ।​—1 ਤਿਮੋ. 5:11-15.

3:16​—ਭਗਤੀ ਦਾ ਭੇਤ ਕੀ ਹੈ? ਇਹ ਭੇਤ ਲੰਮੇ ਸਮੇਂ ਤੋਂ ਲੁਕਿਆ ਰਿਹਾ ਸੀ ਕਿ ਕੋਈ ਯਹੋਵਾਹ ਦੇ ਪੂਰੀ ਤਰ੍ਹਾਂ ਵਫ਼ਾਦਾਰ ਰਹਿ ਸਕਦਾ ਸੀ ਕਿ ਨਹੀਂ। ਯਿਸੂ ਨੇ ਮੌਤ ਤਕ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਇਹ ਮੁਮਕਿਨ ਹੈ।

6:15, 16​—ਕੀ ਇਹ ਸ਼ਬਦ ਯਿਸੂ ਉੱਤੇ ਜਾਂ ਯਹੋਵਾਹ ਪਰਮੇਸ਼ੁਰ ਉੱਤੇ ਲਾਗੂ ਹੁੰਦੇ ਹਨ? ਇਹ ਸ਼ਬਦ ਯਿਸੂ ਮਸੀਹ ਉੱਤੇ ਲਾਗੂ ਹੁੰਦੇ ਹਨ। (1 ਤਿਮੋ. 6:14) ਮਨੁੱਖੀ ਹਾਕਮਾਂ ਦੀ ਤੁਲਨਾ ਵਿਚ ਯਿਸੂ ਮਸੀਹ “ਅਦੁਤੀ ਸਰਬ ਸ਼ਕਤੀਮਾਨ” ਹੈ ਅਤੇ ਸਿਰਫ਼ ਉਹ ਹੀ ਅਮਰ ਹੈ। (ਦਾਨੀ. 7:14; ਰੋਮੀ. 6:9) ਜਦ ਦਾ ਉਹ ਸਵਰਗ ਨੂੰ ਗਿਆ ਹੈ ਕਿਸੇ ਇਨਸਾਨ ਨੇ ਉਸ ਨੂੰ “ਨਹੀਂ ਵੇਖਿਆ।”

ਸਾਡੇ ਲਈ ਸਬਕ:

4:15. ਭਾਵੇਂ ਅਸੀਂ ਲੰਮੇ ਸਮੇਂ ਤੋਂ ਸੱਚਾਈ ਵਿਚ ਹਾਂ, ਜਾਂ ਨਵੀਂ-ਨਵੀਂ ਸੱਚਾਈ ਸਿੱਖੀ ਹੈ, ਫਿਰ ਵੀ ਸਾਨੂੰ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ।

6:2. ਜੇ ਅਸੀਂ ਕਿਸੇ ਭਰਾ ਜਾਂ ਭੈਣ ਲਈ ਕੰਮ ਕਰਦੇ ਹਾਂ, ਤਾਂ ਉਸ ਦਾ ਫ਼ਾਇਦਾ ਉਠਾਉਣ ਦੀ ਬਜਾਇ ਸਾਨੂੰ ਪੂਰੇ ਦਿਲ ਨਾਲ ਉਸ ਲਈ ਕੰਮ ਕਰਨਾ ਚਾਹੀਦਾ ਹੈ, ਉਸ ਤੋਂ ਵੀ ਜ਼ਿਆਦਾ ਜੇ ਅਸੀਂ ਕਿਸੇ ਅਜਿਹੇ ਲਈ ਕੰਮ ਕਰਦੇ ਹੋਈਏ ਜੋ ਸਾਡਾ ਭਾਈ-ਭੈਣ ਨਹੀਂ ਹੈ।

“ਬਚਨ ਦਾ ਪਰਚਾਰ ਕਰ”

(2 ਤਿਮੋ. 1:1–4:22)

ਪੌਲੁਸ ਤਿਮੋਥਿਉਸ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਕਿਹਾ: “ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ।” ਉਸ ਨੇ ਅੱਗੇ ਕਿਹਾ: “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ।”​—2 ਤਿਮੋ. 1:7; 2:24.

ਪੌਲੁਸ ਨੇ ਤਿਮੋਥਿਉਸ ਨੂੰ ਇਹ ਸਲਾਹ ਵੀ ਦਿੱਤੀ: “ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ।” ਕਈ ਭਰਾ ਸੱਚਾਈ ਛੱਡ ਕੇ ਝੂਠੀ ਸਿੱਖਿਆ ਦੇ ਰਹੇ ਸਨ ਜਿਸ ਕਰਕੇ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: ‘ਤੂੰ ਬਚਨ ਦਾ ਪਰਚਾਰ ਕਰ। ਉਸ ਵਿੱਚ ਲੱਗਿਆ ਰਹੁ। ਝਿੜਕ ਦਿਹ, ਤਾੜਨਾ ਅਤੇ ਤਗੀਦ ਕਰ।’​—2 ਤਿਮੋ. 3:14; 4:2.

ਕੁਝ ਸਵਾਲਾਂ ਦੇ ਜਵਾਬ:

1:13​—‘ਖਰੀਆਂ ਗੱਲਾਂ ਦਾ ਨਮੂਨਾ’ ਕੀ ਹੈ? ‘ਖਰੀਆਂ ਗੱਲਾਂ ਸਾਡੇ ਪ੍ਰਭੁ ਯਿਸੂ ਮਸੀਹ ਦੀਆਂ ਸਿੱਖਿਆਵਾਂ’ ਹਨ। (1 ਤਿਮੋ. 6:3) ਯਿਸੂ ਨੇ ਜੋ ਕੁਝ ਵੀ ਸਿਖਾਇਆ ਸੀ ਉਹ ਪਰਮੇਸ਼ੁਰ ਦੇ ਬਚਨ ਤੋਂ ਸੀ ਜਿਸ ਕਰਕੇ ਕਿਹਾ ਜਾ ਸਕਦਾ ਹੈ ਕਿ ਬਾਈਬਲ ਦੀ ਸਾਰੀ ਸਿੱਖਿਆ “ਖਰੀਆਂ ਗੱਲਾਂ” ਹਨ। ਇਸ ਸਿੱਖਿਆ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਬਾਈਬਲ ਤੋਂ ਅਸੀਂ ਜੋ ਸਿੱਖਦੇ ਹਾਂ ਉਸ ਉੱਤੇ ਅਮਲ ਕਰ ਕੇ ਅਸੀਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖਦੇ ਹਾਂ।

4:13​—“ਚਮੜੇ ਦੇ ਪੱਤ੍ਰੇ” ਕੀ ਸਨ? ਹੋ ਸਕਦਾ ਹੈ ਕਿ ਪੌਲੁਸ ਕੁਝ ਇਬਰਾਨੀ ਲਿਖਤਾਂ ਦੀ ਗੱਲ ਕਰ ਰਿਹਾ ਸੀ ਤਾਂਕਿ ਕੈਦ ਵਿਚ ਹੁੰਦੇ ਹੋਏ ਉਹ ਉਨ੍ਹਾਂ ਨੂੰ ਸਟੱਡੀ ਕਰ ਸਕੇ। ਕੁਝ ਪੋਥੀਆਂ ਪਪਾਇਰਸ ਦੀਆਂ ਬਣੀਆਂ ਸਨ ਤੇ ਕੁਝ ਚਮੜੇ ਦੀਆਂ ਸਨ।

ਸਾਡੇ ਲਈ ਸਬਕ:

1:5; 3:15. ਤਿਮੋਥਿਉਸ ਨੂੰ ਘਰ ਵਿਚ ਬਚਪਨ ਤੋਂ ਹੀ ਬਾਈਬਲ ਦੀ ਸਿੱਖਿਆ ਮਿਲੀ ਸੀ ਜਿਸ ਕਰਕੇ ਯਿਸੂ ਮਸੀਹ ਉੱਤੇ ਉਸ ਦੀ ਨਿਹਚਾ ਇੰਨੀ ਪੱਕੀ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਆਪਣੇ ਬੱਚਿਆਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਅਤੇ ਪਰਮੇਸ਼ੁਰ ਤੋਂ ਮਿਲੀ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਕਿੰਨੀ ਜ਼ਰੂਰੀ ਹੈ।

1:16-18. ਜਦੋਂ ਸਾਡੇ ਭਾਈ-ਭੈਣ ਅਜ਼ਮਾਇਸ਼ਾਂ ਤੇ ਵਿਰੋਧਤਾ ਦਾ ਸਾਮ੍ਹਣਾ ਕਰਦੇ ਹਨ ਜਾਂ ਕੈਦ ਵਿਚ ਹੁੰਦੇ ਹਨ, ਤਾਂ ਸਾਨੂੰ ਉਨ੍ਹਾਂ ਲਈ ਪ੍ਰਾਰਥਨਾ ਕਰਨ ਤੋਂ ਇਲਾਵਾ ਉਹ ਕਰਨਾ ਚਾਹੀਦਾ ਹੈ ਜੋ ਅਸੀਂ ਕਰ ਸਕਦੇ ਹਾਂ।​—ਕਹਾ. 3:27; 1 ਥੱਸ. 5:25.

2:22. ਖ਼ਾਸਕਰ ਨੌਜਵਾਨ ਭੈਣ-ਭਰਾਵਾਂ ਨੂੰ ਕਸਰਤ, ਖੇਡਾਂ, ਸੰਗੀਤ, ਮਨੋਰੰਜਨ, ਦਿਲਪਰਚਾਵੇ, ਸੈਰ-ਸਪਾਟੇ, ਗੱਪਾਂ-ਛੱਪਾਂ, ਵਗੈਰਾ-ਵਗੈਰਾ ਵੱਲ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ ਕਿ ਉਨ੍ਹਾਂ ਕੋਲ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਮਾਂ ਨਾ ਰਹੇ।

[ਸਫ਼ਾ 31 ਉੱਤੇ ਤਸਵੀਰ]

ਬਾਈਬਲ ਵਿਚ ਪੌਲੁਸ ਰਸੂਲ ਦੁਆਰਾ ਲਿਖੀਆਂ ਚਿੱਠੀਆਂ ਵਿੱਚੋਂ ਆਖ਼ਰੀ ਕਿਹੜੀ ਸੀ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ