ਰੱਬ ਕੌਣ ਹੈ?
ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦੇਵੋਗੇ? ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹ ਰੱਬ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਇਕ ਦੋਸਤ ਦੀ ਤਰ੍ਹਾਂ ਹੈ। ਦੂਸਰੇ ਉਸ ਨੂੰ ਇਕ ਦੂਰ ਦੇ ਰਿਸ਼ਤੇਦਾਰ ਵਾਂਗ ਵਿਚਾਰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਕ ਰੱਬ ਹੈ, ਪਰ ਉਹ ਉਸ ਬਾਰੇ ਥੋੜ੍ਹਾ ਹੀ ਜਾਣਦੇ ਹਨ। ਜੇ ਤੁਸੀਂ ਰੱਬ ਉੱਤੇ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਹੇਠ ਦਿੱਤੇ ਸਵਾਲਾਂ ਦਾ ਕੀ ਜਵਾਬ ਦਿਓਗੇ?
1. ਰੱਬ ਕਿਹੋ ਜਿਹਾ ਹੈ?
2. ਕੀ ਰੱਬ ਦਾ ਕੋਈ ਨਾਂ ਹੈ?
3. ਕੀ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੈ?
4. ਕੀ ਰੱਬ ਨੂੰ ਮੇਰੀ ਚਿੰਤਾ ਹੈ?
5. ਕੀ ਰੱਬ ਨੂੰ ਹਰ ਤਰ੍ਹਾਂ ਦੀ ਭਗਤੀ ਮਨਜ਼ੂਰ ਹੈ?
ਜੇ ਤੁਸੀਂ ਸੌ ਜਣਿਆਂ ਨੂੰ ਇਹ ਸਵਾਲ ਪੁੱਛੋ, ਤਾਂ ਤੁਹਾਨੂੰ ਸੌ ਜਵਾਬ ਮਿਲਣਗੇ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਰੱਬ ਬਾਰੇ ਬਹੁਤ ਸਾਰੀਆਂ ਕਥਾ-ਕਹਾਣੀਆਂ ਅਤੇ ਗ਼ਲਤਫ਼ਹਿਮੀਆਂ ਹਨ।
ਸਹੀ ਜਵਾਬ ਲੱਭਣੇ ਜ਼ਰੂਰੀ ਹਨ
ਇਕ ਵਾਰ ਯਿਸੂ ਇਕ ਔਰਤ ਨੂੰ ਕਿਸੇ ਖੂਹ ਦੇ ਕੋਲ ਮਿਲਿਆ। ਇਹ ਔਰਤ ਪਹਿਲਾਂ ਹੀ ਰੱਬ ਨੂੰ ਮੰਨਦੀ ਸੀ, ਪਰ ਯਿਸੂ ਨੇ ਰੱਬ ਬਾਰੇ ਸੱਚਾਈ ਜਾਣਨ ਉੱਤੇ ਜ਼ੋਰ ਦਿੱਤਾ। ਇਹ ਔਰਤ ਸਾਮਰੀ ਸੀ ਅਤੇ ਉਸ ਨੇ ਕਬੂਲ ਕੀਤਾ ਕਿ ਯਿਸੂ ਇਕ ਨਬੀ ਸੀ। ਪਰ ਉਸ ਦਾ ਧਰਮ ਯਿਸੂ ਦੇ ਧਰਮ ਤੋਂ ਵੱਖਰਾ ਸੀ। ਜਦ ਔਰਤ ਨੇ ਇਸ ਬਾਰੇ ਯਿਸੂ ਨਾਲ ਗੱਲ ਕੀਤੀ, ਤਾਂ ਯਿਸੂ ਨੇ ਉਸ ਨੂੰ ਸਾਫ਼-ਸਾਫ਼ ਕਿਹਾ: “ਤੁਸੀਂ ਜਿਹ ਨੂੰ ਨਹੀਂ ਜਾਣਦੇ ਉਹ ਦੀ ਭਗਤੀ ਕਰਦੇ ਹੋ।” (ਯੂਹੰਨਾ 4:19-22) ਯਿਸੂ ਦੀਆਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਭਾਵੇਂ ਲੋਕ ਰੱਬ ਨੂੰ ਮੰਨਦੇ ਹਨ ਇਸ ਦਾ ਇਹ ਮਤਲਬ ਨਹੀਂ ਕਿ ਉਹ ਰੱਬ ਨੂੰ ਜਾਣਦੇ ਹਨ।
ਕੀ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਕੋਈ ਵੀ ਰੱਬ ਨੂੰ ਨਹੀਂ ਜਾਣ ਸਕਦਾ? ਨਹੀਂ ਕਿਉਂਕਿ ਯਿਸੂ ਨੇ ਔਰਤ ਨੂੰ ਇਹ ਵੀ ਕਿਹਾ: “ਸੱਚੇ ਭਗਤ . . . ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ।” (ਯੂਹੰਨਾ 4:23) ਕੀ ਤੁਸੀਂ ਵੀ “ਸਚਿਆਈ ਨਾਲ” ਰੱਬ ਦੀ ਭਗਤੀ ਕਰਦੇ ਹੋ?
ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਸਵਾਲ ਦਾ ਜਵਾਬ ਦੇ ਸਕੋ। ਕਿਉਂ? ਕਿਉਂਕਿ ਯਿਸੂ ਨੇ ਸਹੀ ਗਿਆਨ ਲੈਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਪ੍ਰਾਰਥਨਾ ਕੀਤੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਜੀ ਹਾਂ, ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ! ਜੇ ਤੁਸੀਂ ਰੱਬ ਬਾਰੇ ਸੱਚਾਈ ਜਾਣੋਗੇ, ਤਾਂ ਹੀ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੋਗੇ।
ਕੀ ਤੁਸੀਂ ਰੱਬ ਬਾਰੇ ਸੱਚਾਈ ਜਾਣ ਸਕਦੇ ਹੋ? ਹਾਂ ਬਿਲਕੁਲ! ਤੁਸੀਂ ਸੱਚਾਈ ਕਿਵੇਂ ਜਾਣ ਸਕਦੇ ਹੋ? ਯਿਸੂ ਨੇ ਆਪਣੇ ਬਾਰੇ ਕਿਹਾ ਸੀ ਕਿ “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰਨਾ 14:6) ਉਸ ਨੇ ਇਹ ਵੀ ਕਿਹਾ ਸੀ ਕਿ “ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ ਜਾਂ ਉਹ ਆਦਮੀ ਜਿਸ ਉਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਦਾ ਹੈ।”—ਲੂਕਾ 10:22, CL.
ਜੇ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਦੇ ਪੁੱਤਰ ਯਿਸੂ ਦੀਆਂ ਸਿੱਖਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਦਰਅਸਲ ਯਿਸੂ ਨੇ ਵਾਅਦਾ ਕੀਤਾ: “ਜੇਕਰ ਤੁਸੀਂ ਮੇਰੇ ਉਪਦੇਸ਼ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਅਸਲੀ ਚੇਲੇ ਹੋ। ਤੱਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਉਹੀ ਸੱਚ ਤੁਹਾਨੂੰ ਮੁਕਤ ਕਰ ਦੇਵੇਗਾ।”—ਯੂਹੰਨਾ 8:31, 32, ERV.
ਯਿਸੂ ਨੇ ਪਿਛਲੇ ਸਫ਼ੇ ʼਤੇ ਸਵਾਲਾਂ ਦੇ ਜਵਾਬ ਕਿਵੇਂ ਦਿੱਤੇ ਸਨ? (w09 2/1)
[ਸਫ਼ਾ 4 ਉੱਤੇ ਤਸਵੀਰ]
ਕੀ ਤੁਸੀਂ ਰੱਬ ਨੂੰ ਜਾਣੇ ਬਿਨਾਂ ਉਸ ਦੀ ਭਗਤੀ ਕਰਦੇ ਹੋ?